Skip to content

Skip to table of contents

ਉਸ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕੀਤੀਆਂ ਗਈਆਂ

ਉਸ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕੀਤੀਆਂ ਗਈਆਂ

ਰਾਜ ਘੋਸ਼ਕ ਰਿਪੋਰਟ ਕਰਦੇ ਹਨ

ਉਸ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕੀਤੀਆਂ ਗਈਆਂ

ਭੂਮੱਧ ਸਾਗਰ ਦੇ ਉੱਤਰ-ਪੂਰਬੀ ਕੋਨੇ ਵਿਚ ਸਾਈਪ੍ਰਸ ਨਾਮਕ ਇਕ ਟਾਪੂ ਹੈ। ਬਾਈਬਲ ਦੇ ਸਮਿਆਂ ਵਿਚ, ਸਾਈਪ੍ਰਸ ਤਾਂਬੇ ਅਤੇ ਵਧੀਆ ਕਿਸਮ ਦੀ ਲੱਕੜੀ ਲਈ ਮਸ਼ਹੂਰ ਹੁੰਦਾ ਸੀ। ਪੌਲੁਸ ਤੇ ਬਰਨਬਾਸ ਨੇ ਆਪਣੇ ਪਹਿਲੇ ਮਿਸ਼ਨਰੀ ਦੌਰੇ ਦੌਰਾਨ ਇਸੇ ਟਾਪੂ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਸੀ। (ਰਸੂਲਾਂ ਦੇ ਕਰਤੱਬ 13:4-12) ਸਾਈ­ਪ੍ਰਸ ਦੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਅੱਜ ਵੀ ਖ਼ੁਸ਼ ਖ਼ਬਰੀ ਦਾ ਚੰਗਾ ਅਸਰ ਪੈਂਦਾ ਹੈ। ਯਕੀਨਨ, ਚਾਲੀਆਂ ਕੁ ਸਾਲਾਂ ਦੇ ਲੂਕਸ ਉੱਤੇ ਵੀ ਇਸ ਦਾ ਚੰਗਾ ਪ੍ਰਭਾਵ ਪਿਆ ਹੈ। ਉਹ ਕਹਿੰਦਾ ਹੈ:

“ਮੇਰਾ ਜਨਮ ਸੱਤ ਬੱਚਿਆਂ ਵਾਲੇ ਇਕ ਪਰਿਵਾਰ ਵਿਚ ਹੋਇਆ ਅਤੇ ਅਸੀਂ ਇਕ ਪਸ਼ੂ ਪਾਲਣ ਵਾਲੇ ਫਾਰਮ ਤੇ ਰਹਿੰਦੇ ਸੀ। ਬਚਪਨ ਤੋਂ ਹੀ ਮੈਨੂੰ ਪੜ੍ਹਨ ਦਾ ਬੜਾ ਸ਼ੌਕ ਸੀ। ਮੇਰੇ ਕੋਲ ਬਾਈਬਲ ਦੇ ਮਸੀਹੀ ਯੂਨਾਨੀ ਸ਼ਾਸਤਰ ਦਾ ਇਕ ਪਾਕਿਟ-ਸਾਈਜ਼ ਐਡੀਸ਼ਨ ਸੀ ਜੋ ਕਿ ਮੇਰੀ ਮਨ-ਪਸੰਦ ਕਿਤਾਬ ਸੀ। ਜਦੋਂ ਮੈਂ ਅਜੇ ਦਸਾਂ ਸਾਲਾਂ ਦਾ ਹੀ ਸੀ, ਤਾਂ ਮੈਂ ਤੇ ਮੇਰੇ ਦੋਸਤਾਂ ਨੇ ਮਿਲ ਕੇ ਇਕ ਛੋਟਾ ਜਿਹਾ ਬਾਈਬਲ ਸਟੱਡੀ ਗਰੁੱਪ ਬਣਾਇਆ। ਪਰ ਇਹ ਗਰੁੱਪ ਜ਼ਿਆਦਾ ਦੇਰ ਤਕ ਨਹੀਂ ਚੱਲਿਆ ਕਿਉਂਕਿ ਪਿੰਡ ਦੇ ਕੁਝ ਬਜ਼ੁਰਗ ਲੋਕ ਸਾਨੂੰ ਧਰਮ-ਵਿਰੋਧੀ ਕਹਿਣ ਲੱਗ ਪਏ ਸਨ।

“ਬਾਅਦ ਵਿਚ ਜਦੋਂ ਮੈਂ ਅਮਰੀਕਾ ਦੀ ਇਕ ਯੂਨੀਵਰਸਿਟੀ ਵਿਚ ਪੜ੍ਹਨਾ ਸ਼ੁਰੂ ਕੀਤਾ, ਤਾਂ ਮੈਂ ਕਈ ਧਰਮਾਂ ਦੇ ਲੋਕਾਂ ਨੂੰ ਮਿਲਿਆ। ਇਸ ਨਾਲ ਮੇਰੀ ਅਧਿਆਤਮਿਕ ਗੱਲਾਂ ਵਿਚ ਰੁਚੀ ਫਿਰ ਤੋਂ ਜਾਗ ਉੱਠੀ। ਮੈਂ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਵੱਖ-ਵੱਖ ਧਰਮਾਂ ਦੀ ਸਟੱਡੀ ਕਰਨ ਵਿਚ ਕਾਫ਼ੀ ਸਮਾਂ ਗੁਜ਼ਾਰ ਦਿੰਦਾ ਸੀ। ਮੈਂ ਕਈ ਗਿਰਜਿਆਂ ਵਿਚ ਵੀ ਗਿਆ, ਪਰ ਮੇਰੇ ਐਨੇ ਜਤਨ ਕਰਨ ਦੇ ਬਾਵਜੂਦ ਵੀ ਮੈਨੂੰ ਅਧਿਆਤਮਿਕ ਸੰਤੁਸ਼ਟੀ ਨਹੀਂ ਮਿਲੀ।

“ਆਪਣੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ, ਮੈਂ ਸਾਈਪ੍ਰਸ ਵਾਪਸ ਆ ਗਿਆ ਤੇ ਮੈਡੀਕਲ ਲੇਬਾਰਟਰੀ ਦੇ ਡਾਇਰੈਕਟਰ ਵਜੋਂ ਨੌਕਰੀ ਕਰਨ ਲੱਗ ਪਿਆ। ਐਨਟੋਨੀਸ ਨਾਮਕ ਇਕ ਬਜ਼ੁਰਗ ਆਦਮੀ ਮੇਰੇ ਆਫ਼ਿਸ ਵਿਚ ਮੈਨੂੰ ਮਿਲਣ ਆਉਂਦਾ ਹੁੰਦਾ ਸੀ ਜੋ ਯਹੋਵਾਹ ਦਾ ਇਕ ਗਵਾਹ ਸੀ। ਪਰ ਗ੍ਰੀਕ ਆਰਥੋਡਾਕਸ ਚਰਚ ਨੂੰ ਇਸ ਬਾਰੇ ਪਤਾ ਲੱਗ ਗਿਆ।

“ਜਲਦੀ ਹੀ ਇਕ ਧਰਮ-ਸ਼ਾਸਤਰੀ ਮੈਨੂੰ ਮਿਲਣ ਆਇਆ ਤੇ ਉਸ ਨੇ ਮੈਨੂੰ ਯਹੋਵਾਹ ਦੇ ਗਵਾਹਾਂ ਨਾਲ ਗੱਲ ਕਰਨ ਤੋਂ ਮਨ੍ਹਾ ਕੀਤਾ। ਮੈਨੂੰ ਬਚਪਨ ਤੋਂ ਹੀ ਸਿਖਾਇਆ ਗਿਆ ਸੀ ਕਿ ਸਿਰਫ਼ ਗ੍ਰੀਕ ਆਰਥੋਡਾਕਸ ਚਰਚ ਹੀ ਸੱਚਾਈ ਸਿਖਾਉਂਦਾ ਹੈ, ਇਸ ਲਈ ਮੈਂ ਉਸ ਦੀ ਗੱਲ ਮੰਨੀ ਤੇ ਐਨਟੋਨੀਸ ਨੂੰ ਮਿਲਣਾ ਛੱਡ ਦਿੱਤਾ ਅਤੇ ਉਸ ਧਰਮ-ਸ਼ਾਸਤਰੀ ਨਾਲ ਬਾਈਬਲ ਬਾਰੇ ਚਰਚਾ ਕਰਨ ਲੱਗ ਪਿਆ। ਮੈਂ ਸਾਈਪ੍ਰਸ ਵਿਚ ਕਈ ਈਸਾਈ ਮੱਠਾਂ ਵਿਚ ਵੀ ਗਿਆ। ਮੈਂ ਉੱਤਰੀ ਯੂਨਾਨ ਗਿਆ ਤੇ ਏਥੋਸ ਪਹਾੜ ਦੀ ਵੀ ਯਾਤਰਾ ਕੀਤੀ ਜਿਸ ਨੂੰ ਆਰਥੋਡਾਕਸ ਈਸਾਈ-ਜਗਤ ਦਾ ਅੱਤ ਪਵਿੱਤਰ ਪਹਾੜ ਮੰਨਿਆ ਜਾਂਦਾ ਹੈ। ਤਾਂ ਵੀ ਮੈਨੂੰ ਬਾਈਬਲ ਬਾਰੇ ਮੇਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਮਿਲਿਆ।

“ਫਿਰ ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਕਿ ਉਹ ਸੱਚਾਈ ਲੱਭਣ ਵਿਚ ਮੇਰੀ ਮਦਦ ਕਰੇ। ਉਸ ਤੋਂ ਜਲਦੀ ਬਾਅਦ, ਐਨਟੋਨੀਸ ਫਿਰ ਮੈਨੂੰ ਆਫ਼ਿਸ ਵਿਚ ਮਿਲਣ ਆਇਆ ਤੇ ਮੈਨੂੰ ਲੱਗਾ ਕਿ ਇਹੀ ਮੇਰੀ ਪ੍ਰਾਰਥਨਾ ਦਾ ਜਵਾਬ ਸੀ। ਇਸ ਲਈ ਮੈਂ ਧਰਮ-ਸ਼ਾਸਤਰੀ ਨੂੰ ਮਿਲਣਾ ਛੱਡ ਦਿੱਤਾ ਤੇ ਐਨਟੋਨੀਸ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਮੈਂ ਲਗਾਤਾਰ ਤਰੱਕੀ ਕਰਦਾ ਗਿਆ ਤੇ ਅਕਤੂਬਰ 1997 ਵਿਚ ਮੈਂ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਪਾਣੀ ਦਾ ਬਪਤਿਸਮਾ ਲਿਆ।

“ਸ਼ੁਰੂ-ਸ਼ੁਰੂ ਵਿਚ ਮੇਰੀ ਪਤਨੀ ਤੇ ਮੇਰੀਆਂ ਦੋ ਵੱਡੀਆਂ ਕੁੜੀਆਂ ਨੇ ਮੇਰਾ ਵਿਰੋਧ ਕੀਤਾ ਜਿਨ੍ਹਾਂ ਦੀ ਉਮਰ 14 ਤੇ 10 ਸਾਲਾਂ ਦੀ ਸੀ। ਪਰ ਮੇਰੇ ਚੰਗੇ ਚਾਲ-ਚਲਣ ਨੂੰ ਦੇਖ ਕੇ ਮੇਰੀ ਪਤਨੀ ਨੇ ਕਿੰਗਡਮ ਹਾਲ ਵਿਚ ਸਭਾ ਵਿਚ ਆਉਣ ਦਾ ਫ਼ੈਸਲਾ ਕੀਤਾ। ਗਵਾਹਾਂ ਨੇ ਉਸ ਵਿਚ ਨਿੱਜੀ ਦਿਲਚਸਪੀ ਲਈ ਅਤੇ ਉਸ ਨੂੰ ਬੜਾ ਸਨੇਹ ਦਿਖਾਇਆ। ਇਸ ਤੋਂ ਉਹ ਬੜੀ ਪ੍ਰਭਾਵਿਤ ਹੋਈ। ਉਹ ਖ਼ਾਸ ਕਰਕੇ ਉਨ੍ਹਾਂ ਨੂੰ ਬਾਈਬਲ ਵਰਤਦੇ ਦੇਖ ਕੇ ਬੜੀ ਪ੍ਰਭਾਵਿਤ ਹੋਈ। ਇਸ ਦੇ ਨਤੀਜੇ ਵਜੋਂ, ਮੇਰੀ ਪਤਨੀ ਤੇ ਦੋਵੇਂ ਵੱਡੀਆਂ ਕੁੜੀਆਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਈਆਂ। ਮੇਰੀ ਖ਼ੁਸ਼ੀ ਦਾ ਉਦੋਂ ਕੋਈ ਟਿਕਾਣਾ ਨਾ ਰਿਹਾ ਜਦੋਂ ਇਨ੍ਹਾਂ ਤਿੰਨਾਂ ਜਣੀਆਂ ਨੇ 1999 ਵਿਚ “ਪਰਮੇਸ਼ੁਰ ਦਾ ਅਗੰਮ ਵਾਕ” ਨਾਮਕ ਜ਼ਿਲ੍ਹਾ ਸੰਮੇਲਨ ਵਿਚ ਬਪਤਿਸਮਾ ਲਿਆ!

“ਜੀ ਹਾਂ, ਸੱਚਾਈ ਲਈ ਮੇਰੀ ਖੋਜ ਪੂਰੀ ਹੋ ਗਈ। ਹੁਣ ਮੇਰਾ ਸਾਰਾ ਪਰਿਵਾਰ ਯਾਨੀ ਮੇਰੀ ਪਤਨੀ ਤੇ ਚਾਰ ਬੱਚੇ ਮਿਲ ਕੇ ਯਹੋਵਾਹ ਦੀ ਪਵਿੱਤਰ ਸੇਵਾ ਕਰ ਰਹੇ ਹਨ।”