Skip to content

Skip to table of contents

ਗਹਿਰਾ ਸਦਮਾ ਪਹੁੰਚਣ ਦੇ ਬਾਵਜੂਦ ਵੀ ਖ਼ੁਸ਼ ਤੇ ਸ਼ੁਕਰਗੁਜ਼ਾਰ

ਗਹਿਰਾ ਸਦਮਾ ਪਹੁੰਚਣ ਦੇ ਬਾਵਜੂਦ ਵੀ ਖ਼ੁਸ਼ ਤੇ ਸ਼ੁਕਰਗੁਜ਼ਾਰ

ਜੀਵਨੀ

ਗਹਿਰਾ ਸਦਮਾ ਪਹੁੰਚਣ ਦੇ ਬਾਵਜੂਦ ਵੀ ਖ਼ੁਸ਼ ਤੇ ਸ਼ੁਕਰਗੁਜ਼ਾਰ

ਨੈਨਸੀ ਈ. ਪੋਰਟਰ ਦੀ ਜ਼ਬਾਨੀ

ਸੰਯੁਕਤ ਰਾਜ ਅਮਰੀਕਾ ਦੇ ਦੱਖਣ-ਪੂਰਬੀ ਤਟ ਦੇ ਨੇੜੇ ਬਹਾਮਾ ਨਾਮਕ ਦੀਪ-ਸਮੂਹ ਵਿਚ 5 ਜੂਨ 1947 ਦੀ ਸ਼ਾਮ ਦੀ ਗੱਲ ਹੈ। ਅਚਾਨਕ ਇਕ ਇਮੀਗ੍ਰੇਸ਼ਨ ਅਫ਼ਸਰ ਮੈਨੂੰ ਤੇ ਮੇਰੇ ਪਤੀ ਜਾਰਜ ਨੂੰ ਮਿਲਣ ਆਇਆ। ਉਸ ਨੇ ਸਾਨੂੰ ਇਕ ਚਿੱਠੀ ਦਿੱਤੀ ਜਿਸ ਵਿਚ ਲਿਖਿਆ ਹੋਇਆ ਸੀ ਕਿ ਅਸੀਂ ਦੀਪ-ਸਮੂਹ ਵਿਚ ਹੋਰ ਸਮਾਂ ਨਹੀਂ ਰਹਿ ਸਕਦੇ ਤੇ ਸਾਨੂੰ “ਤੁਰੰਤ ਸ਼ਹਿਰ ਛੱਡ ਕੇ ਜਾਣਾ” ਪੈਣਾ ਹੈ!

ਜਾਰਜ ਤੇ ਮੈਂ ਯਹੋਵਾਹ ਦੇ ਗਵਾਹਾਂ ਵਿੱਚੋਂ ਪਹਿਲੇ ਮਿਸ਼ਨਰੀ ਸਾਂ ਜੋ ਬਹਾਮਾ ਦੇ ਸਭ ਤੋਂ ਵੱਡੇ ਸ਼ਹਿਰ ਨਸੌ ਵਿਚ ਆਏ ਸੀ। ਉੱਤਰੀ ਨਿਊਯਾਰਕ ਵਿਚ ਮਿਸ਼ਨਰੀ ਸਕੂਲ ਦੀ ਅੱਠਵੀਂ ਗਿਲਿਅਡ ਕਲਾਸ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਸਾਨੂੰ ਬਹਾਮਾ ਭੇਜਿਆ ਗਿਆ ਸੀ। ਪਰ ਅਸੀਂ ਇੱਦਾਂ ਦਾ ਕਿਹੜਾ ਕੰਮ ਕੀਤਾ ਸੀ ਜਿਸ ਕਰਕੇ ਸਾਨੂੰ ਤਿੰਨਾਂ ਮਹੀਨਿਆਂ ਬਾਅਦ ਹੀ ਉੱਥੋਂ ਚਲੇ ਜਾਣ ਦਾ ਸਖ਼ਤ ਆਦੇਸ਼ ਦਿੱਤਾ ਗਿਆ? ਅਤੇ ਇਹ ਕਿੱਦਾਂ ਹੋ ਸਕਦਾ ਹੈ ਕਿ 50 ਨਾਲੋਂ ਜ਼ਿਆਦਾ ਸਾਲਾਂ ਬਾਅਦ ਵੀ ਮੈਂ ਹਾਲੇ ਇਸੇ ਟਾਪੂ ਵਿਚ ਹਾਂ?

ਸੇਵਕਾਈ ਲਈ ਸਿਖਲਾਈ

ਜਿਸ ਤਰ੍ਹਾਂ ਦੀ ਜ਼ਿੰਦਗੀ ਮੈਂ ਜੀ ਰਹੀ ਹਾਂ, ਇਸ ਉੱਤੇ ਮੇਰੇ ਪਿਤਾ ਜੀ ਹੈਰੀ ਕਿਲਨਰ ਦਾ ਬੜਾ ਗਹਿਰਾ ਪ੍ਰਭਾਵ ਪਿਆ ਹੈ। ਉਨ੍ਹਾਂ ਨੇ ਮੇਰੇ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ ਤੇ ਯਹੋਵਾਹ ਦਾ ਇਕ ਗਵਾਹ ਬਣਨ ਲਈ ਉਨ੍ਹਾਂ ਨੂੰ ਕਈ ਕੁਰਬਾਨੀਆਂ ਕਰਨੀਆਂ ਪਈਆਂ। ਹਾਲਾਂਕਿ ਉਨ੍ਹਾਂ ਦੀ ਸਿਹਤ ਚੰਗੀ ਨਹੀਂ ਰਹਿੰਦੀ ਸੀ, ਫਿਰ ਵੀ ਉਹ ਤਕਰੀਬਨ ਹਰ ਸ਼ਨੀਵਾਰ ਤੇ ਐਤਵਾਰ ਪ੍ਰਚਾਰ ਤੇ ਜਾਂਦੇ ਸਨ ਤੇ ਜੋਸ਼ ਨਾਲ ਰਾਜ ਦੇ ਕੰਮਾਂ ਨੂੰ ਪਹਿਲ ਦਿੰਦੇ ਸਨ। (ਮੱਤੀ 6:33) ਸਾਲ 1930 ਤੋਂ ਬਾਅਦ ਸਾਡੀ ਆਰਥਿਕ ਹਾਲਤ ਐਨੀ ਚੰਗੀ ਨਹੀਂ ਸੀ, ਪਰ ਕੈਨੇਡਾ ਵਿਚ ਅਲਬਰਟਾ ਦੇ ਸ਼ਹਿਰ ਲੇਥਬ੍ਰਿਜ ਵਿਚ ਮੇਰੇ ਪਿਤਾ ਜੀ ਦੀ ਜੁੱਤੀਆਂ ਦੀ ਦੁਕਾਨ ਹੁੰਦੀ ਸੀ ਜੋ ਅਧਿਆਤਮਿਕ ਕੰਮਾਂ-ਕਾਰਾਂ ਦਾ ਕੇਂਦਰ ਸੀ। ਮੈਨੂੰ ਬਚਪਨ ਦੇ ਉਹ ਦਿਨ ਵੀ ਯਾਦ ਹਨ ਜਦੋਂ ਯਹੋਵਾਹ ਦੇ ਗਵਾਹਾਂ ਦੇ ਪੂਰਣ-ਕਾਲੀ ਸੇਵਕ ਜਿਨ੍ਹਾਂ ਨੂੰ ਪਾਇਨੀਅਰ ਕਹਿੰਦੇ ਹਨ ਸਾਡੇ ਘਰ ਆਉਂਦੇ ਹੁੰਦੇ ਸਨ ਤੇ ਸਾਨੂੰ ਆਪਣੇ ਤਜਰਬੇ ਸੁਣਾਉਂਦੇ ਹੁੰਦੇ ਸਨ।

ਮੈਂ 1943 ਵਿਚ ਅਲਬਰਟਾ ਦੇ ਫੋਰਟ ਮੈਕਲੇਡ ਅਤੇ ਕਲੇਅਰਸਹੋਮ ਕਸਬੇ ਦੇ ਨੇੜੇ ਪਾਇਨੀਅਰੀ ਕਰਨ ਲੱਗ ਪਈ। ਦੂਜੇ ਵਿਸ਼ਵ ਯੁੱਧ ਦੌਰਾਨ ਵਿਰੋਧੀਆਂ ਨੇ ਗਵਾਹਾਂ ਬਾਰੇ ਝੂਠੀਆਂ ਅਫ਼ਵਾਹਾਂ ਫੈਲਾ ਦਿੱਤੀਆਂ ਜਿਸ ਕਰਕੇ ਕੈਨੇਡਾ ਵਿਚ ਸਾਡੇ ਪ੍ਰਚਾਰ ਦੇ ਕੰਮ ਤੇ ਪਾਬੰਦੀ ਲਾ ਦਿੱਤੀ ਗਈ। ਸਾਨੂੰ ਜਿਨ੍ਹਾਂ ਖੇਤਰਾਂ ਵਿਚ ਪ੍ਰਚਾਰ ਕਰਨ ਜਾਣਾ ਪੈਂਦਾ ਸੀ ਉਨ੍ਹਾਂ ਵਿਚ 50-50 ਕਿਲੋਮੀਟਰਾਂ ਦੀ ਦੂਰੀ ਸੀ। ਪਰ ਜਵਾਨ ਤੇ ਸਿਹਤਮੰਦ ਹੋਣ ਕਰਕੇ ਅਸੀਂ ਇਸ ਗੱਲ ਦੀ ਕੋਈ ਚਿੰਤਾ ਨਹੀਂ ਕੀਤੀ। ਅਸੀਂ ਉਸ ਖੇਤਰ ਦੇ ਛੋਟੇ-ਛੋਟੇ ਕਸਬਿਆਂ ਤੇ ਫਾਰਮਾਂ ਵਿਚ ਸਾਈਕਲਾਂ ਦੁਆਰਾ ਜਾਂ ਪੈਦਲ ਚੱਲ ਕੇ ਜਾਂਦੇ ਹੁੰਦੇ ਸਾਂ। ਇਸ ਸਮੇਂ ਦੌਰਾਨ ਮੈਨੂੰ ਗਿਲਿਅਡ ਦੇ ਕੁਝ ਗ੍ਰੈਜੂਏਟ ਵਿਦਿਆਰਥੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਨ੍ਹਾਂ ਦੇ ਤਜਰਬੇ ਸੁਣ ਕੇ ਮੇਰੇ ਅੰਦਰ ਵੀ ਮਿਸ਼ਨਰੀ ਬਣਨ ਦੀ ਇੱਛਾ ਜਾਗ ਉੱਠੀ।

ਸਾਲ 1945 ਵਿਚ ਮੇਰਾ ਵਿਆਹ ਜਾਰਜ ਪੋਰਟਰ ਨਾਲ ਹੋ ਗਿਆ ਜੋ ਕੈਨੇਡਾ ਦੇ ਸਸਕੈਚਵਾਨ ਇਲਾਕੇ ਵਿਚ ਰਹਿੰਦਾ ਸੀ। ਉਸ ਦੇ ਮਾਪੇ 1916 ਤੋਂ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਸਨ ਅਤੇ ਉਸ ਨੇ ਵੀ ਆਪਣੇ ਕੈਰੀਅਰ ਵਜੋਂ ਪੂਰੇ ਸਮੇਂ ਦੀ ਸੇਵਕਾਈ ਨੂੰ ਚੁਣਿਆ। ਸਭ ਤੋਂ ਪਹਿਲਾਂ ਅਸੀਂ ਕੈਨੇਡਾ ਦੇ ਉੱਤਰੀ ਵੈਨਕੂਵਰ ਸ਼ਹਿਰ ਦੇ ਸੋਹਣੇ ਕਸਬੇ ਲਿਨ ਵੈਲੀ ਵਿਚ ਪ੍ਰਚਾਰ ਕਰਨ ਗਏ। ਉਸ ਤੋਂ ਥੋੜ੍ਹੀ ਹੀ ਦੇਰ ਬਾਅਦ ਸਾਨੂੰ ਗਿਲਿਅਡ ਜਾਣ ਦਾ ਸੱਦਾ ਮਿਲਿਆ।

ਪਿਛਲੇ ਕਈ ਸਾਲਾਂ ਦੌਰਾਨ ਮੈਂ ਵੱਖੋ-ਵੱਖਰੇ ਧਾਰਮਿਕ ਕਾਲਜਾਂ ਦੇ ਗ੍ਰੈਜੂਏਟ ਲੋਕਾਂ ਨੂੰ ਮਿਲੀ ਅਤੇ ਮੈਂ ਦੇਖਿਆ ਕਿ ਉਨ੍ਹਾਂ ਦੀ ਧਾਰਮਿਕ ਸਿੱਖਿਆ ਨੇ ਕਿੱਦਾਂ ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਉਨ੍ਹਾਂ ਦੇ ਵਿਸ਼ਵਾਸ ਨੂੰ ਘਟਾ ਦਿੱਤਾ ਹੈ। ਇਸ ਦੇ ਉਲਟ, ਗਿਲਿਅਡ ਵਿਚ ਜੋ ਗੱਲਾਂ ਅਸੀਂ ਸਿੱਖੀਆਂ ਸਨ ਉਨ੍ਹਾਂ ਨੇ ਸਾਡੀ ਸੋਚਣ ਦੀ ਕਾਬਲੀਅਤ ਨੂੰ ਤੇਜ਼ ਕੀਤਾ ਤੇ ਸਭ ਤੋਂ ਜ਼ਿਆਦਾ ਯਹੋਵਾਹ ਪਰਮੇਸ਼ੁਰ ਤੇ ਉਸ ਦੇ ਬਚਨ ਵਿਚ ਸਾਡੀ ਨਿਹਚਾ ਵੀ ਵਧੀ। ਸਾਡੀ ਕਲਾਸ ਦੇ ਬਾਕੀ ਭੈਣ-ਭਰਾਵਾਂ ਨੂੰ ਚੀਨ, ਸਿੰਗਾਪੁਰ, ਭਾਰਤ, ਅਫ਼ਰੀਕੀ ਦੇਸ਼ਾਂ, ਦੱਖਣੀ ਅਮਰੀਕਾ ਤੇ ਹੋਰਨਾਂ ਦੇਸ਼ਾਂ ਵਿਚ ਭੇਜਿਆ ਗਿਆ। ਮੈਨੂੰ ਅਜੇ ਵੀ ਯਾਦ ਹੈ ਜਦੋਂ ਸਾਨੂੰ ਬਹਾਮਾ ਦੇ ਤਪਤ-ਖੰਡੀ ਟਾਪੂਆਂ ਵਿਚ ਨਿਯੁਕਤੀ ਮਿਲੀ ਸੀ, ਤਾਂ ਅਸੀਂ ਉੱਥੇ ਜਾਣ ਲਈ ਕਿੰਨੇ ਬੇਕਰਾਰ ਸਾਂ।

ਅਸੀਂ ਉੱਥੇ ਕਿੱਦਾਂ ਰਹਿ ਸਕੇ

ਜਿੰਨਾ ਸਫ਼ਰ ਸਾਡੇ ਨਾਲ ਦੇ ਮਿਸ਼ਨਰੀਆਂ ਨੂੰ ਤੈ ਕਰਨਾ ਪਿਆ, ਉਸ ਦੀ ਤੁਲਨਾ ਵਿਚ ਬਹਾਮਾ ਤਕ ਜਾਣ ਦਾ ਸਾਡਾ ਸਫ਼ਰ ਛੋਟਾ ਸੀ। ਉੱਥੇ ਪਹੁੰਚ ਕੇ ਅਸੀਂ ਸੁਹਾਵਣੇ ਮੌਸਮ ਜਿੱਦਾਂ ਕਿ ਨੀਲੇ-ਨੀਲੇ ਅਕਾਸ਼, ਫਿਰੋਜ਼ੀ ਰੰਗੇ ਸਮੁੰਦਰ ਦਾ ਆਨੰਦ ਮਾਣਿਆ। ਹਰ ਪਾਸੇ ਫਿੱਕੇ ਰੰਗਾਂ ਦੀਆਂ ਰੰਗ-ਬਿਰੰਗੀਆਂ ਇਮਾਰਤਾਂ ਅਤੇ ਅਸੀਂ ਸੜਕਾਂ ਤੇ ਚੱਲ ਰਹੇ ਅਣਗਿਣਤ ਸਾਈਕਲ ਦੇਖੇ। ਪਰ ਮੈਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਉਦੋਂ ਹੋਈ ਜਦੋਂ ਅਸੀਂ ਪੰਜ ਗਵਾਹਾਂ ਦੇ ਛੋਟੇ ਜਿਹੇ ਗਰੁੱਪ ਨੂੰ ਦੇਖਿਆ। ਉਹ ਸਾਡੀ ਕਿਸ਼ਤੀ ਦੇ ਪਹੁੰਚਣ ਦਾ ਇੰਤਜ਼ਾਰ ਕਰ ਰਿਹਾ ਸੀ। ਜਲਦੀ ਹੀ ਸਾਨੂੰ ਪਤਾ ਲੱਗ ਗਿਆ ਕਿ ਇੱਥੇ ਦਾ ਸਭਿਆਚਾਰ ਸਾਡੇ ਸਭਿਆਚਾਰ ਨਾਲੋਂ ਬਿਲਕੁਲ ਵੱਖਰਾ ਸੀ। ਮਿਸਾਲ ਵਜੋਂ, ਮੇਰੇ ਪਤੀ ਨੂੰ ਕਿਹਾ ਗਿਆ ਕਿ ਉਹ ਲੋਕਾਂ ਵਿਚ ਮੈਨੂੰ ਸਵੀਟਹਾਰਟ ਕਹਿ ਕੇ ਨਾ ਬੁਲਾਇਆ ਕਰੇ ਕਿਉਂਕਿ ਬਹਾਮਾ ਵਿਚ ਆਮ ਤੌਰ ਤੇ ਆਦਮੀ ਉਨ੍ਹਾਂ ਔਰਤਾਂ ਨੂੰ ਇਸ ਨਾਂ ਤੋਂ ਬੁਲਾਉਂਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੇ ਨਾਜਾਇਜ਼ ਸੰਬੰਧ ਹੋਣ।

ਜਦੋਂ ਉੱਥੇ ਦੇ ਪਾਦਰੀਆਂ ਨੇ ਦੇਖਿਆ ਕਿ ਅਸੀਂ ਲੋਕਾਂ ਵਿਚ ਘੁਲ-ਮਿਲ ਗਏ ਹਾਂ, ਤਾਂ ਉਨ੍ਹਾਂ ਨੂੰ ਖ਼ਤਰਾ ਮਹਿਸੂਸ ਹੋਇਆ ਜਿਸ ਕਰਕੇ ਉਨ੍ਹਾਂ ਨੇ ਸਾਡੇ ਉੱਤੇ ਕਮਿਊਨਿਸਟ ਹੋਣ ਦਾ ਇਲਜ਼ਾਮ ਲਗਾ ਦਿੱਤਾ। ਇਸ ਕਰਕੇ ਸਾਨੂੰ ਦੇਸ਼ ਛੱਡਣ ਦਾ ਆਦੇਸ਼ ਮਿਲਿਆ। ਪਰ ਉਨ੍ਹੀਂ ਦਿਨੀਂ ਉਨ੍ਹਾਂ ਟਾਪੂਆਂ ਵਿਚ 20 ਨਾਲੋਂ ਵੀ ਘੱਟ ਗਵਾਹ ਸਨ ਜਿਨ੍ਹਾਂ ਨੇ ਫ਼ੌਰਨ ਇਕ ਅਰਜ਼ੀ ਉੱਤੇ ਹਜ਼ਾਰਾਂ ਹੀ ਦਸਤਖਤ ਕਰਵਾ ਲਏ ਤਾਂਕਿ ਸਾਨੂੰ ਉੱਥੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਤਰ੍ਹਾਂ ਉਸ ਦੇਸ਼ ਨੂੰ ਛੱਡਣ ਦਾ ਆਦੇਸ਼ ਰੱਦ ਕਰ ਦਿੱਤਾ ਗਿਆ।

ਨਵੀਂ ਜਗ੍ਹਾ

ਬਹਾਮਾ ਵਿਚ ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਦਿਲਾਂ ਵਿਚ ਸੱਚਾਈ ਦਾ ਬੀਜ ਤੇਜ਼ੀ ਨਾਲ ਪੁੰਗਰਿਆ ਜਿਸ ਕਰਕੇ ਉੱਥੇ ਹੋਰ ਗਿਲਿਅਡ ਮਿਸ਼ਨਰੀਆਂ ਨੂੰ ਭੇਜਿਆ ਗਿਆ। ਫਿਰ 1950 ਵਿਚ ਇਕ ਸ਼ਾਖ਼ਾ ਦਫ਼ਤਰ ਸਥਾਪਿਤ ਕੀਤਾ ਗਿਆ। ਦਸ ਸਾਲਾਂ ਬਾਅਦ, ਬਰੁਕਲਿਨ, ਨਿਊਯਾਰਕ ਦੇ ਮੁੱਖ ਦਫ਼ਤਰ ਦੇ ਇਕ ਮੈਂਬਰ ਮਿਲਟਨ ਹੈੱਨਸ਼ਲ ਬਹਾਮਾ ਆਏ ਤੇ ਉਨ੍ਹਾਂ ਨੇ ਮਿਸ਼ਨਰੀਆਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਵਿੱਚੋਂ ਕੋਈ ਬਹਾਮਾ ਦੇ ਦੂਜੇ ਟਾਪੂ ਉੱਤੇ ਜਾ ਕੇ ਪ੍ਰਚਾਰ ਕਰਨਾ ਚਾਹੁੰਦਾ ਹੈ। ਮੈਂ ਤੇ ਜਾਰਜ ਨੇ ਉੱਥੇ ਜਾਣ ਦੀ ਇੱਛਾ ਜ਼ਾਹਰ ਕੀਤੀ। ਇਸ ਤਰ੍ਹਾਂ ਅਸੀਂ 11 ਸਾਲਾਂ ਤਕ ਲਾਂਗ ਟਾਪੂ ਵਿਚ ਹੀ ਰਹੇ।

ਇਹ ਟਾਪੂ ਬਹਾਮਾ ਦੇ ਅਨੇਕ ਟਾਪੂਆਂ ਵਿੱਚੋਂ ਇਕ ਹੈ ਜਿਸ ਦੀ ਲੰਬਾਈ 140 ਕਿਲੋਮੀਟਰ ਤੇ ਚੌੜਾਈ 6 ਕਿਲੋਮੀਟਰ ਹੈ ਅਤੇ ਉਨ੍ਹੀਂ ਦਿਨੀਂ ਸ਼ਹਿਰ ਵੀ ਪਿੰਡਾਂ ਵਰਗੇ ਲੱਗਦੇ ਸਨ। ਇਸ ਟਾਪੂ ਦੀ ਰਾਜਧਾਨੀ ਕਲੈਰੰਸ ਵਿਚ ਤਕਰੀਬਨ 50 ਘਰ ਸਨ। ਉੱਥੇ ਦੀ ਜ਼ਿੰਦਗੀ ਬੜੀ ਸਾਦੀ ਸੀ। ਉੱਥੇ ਨਾ ਤਾਂ ਬਿਜਲੀ, ਨਾ ਪਾਣੀ ਅਤੇ ਨਾ ਹੀ ਅੰਦਰ ਖਾਣਾ ਬਣਾਉਣ ਲਈ ਰਸੋਈ ਜਾਂ ਨਲਸਾਜ਼ੀ ਦੀਆਂ ਸਹੂਲਤਾਂ ਸਨ। ਇਸ ਲਈ ਸਾਨੂੰ ਉਸ ਟਾਪੂ ਦੀ ਜ਼ਿੰਦਗੀ ਮੁਤਾਬਕ ਢਲ਼ਣਾ ਪਿਆ। ਉੱਥੇ ਦੇ ਲੋਕ ਹਮੇਸ਼ਾ ਆਪਣੀ ਸਿਹਤ ਬਾਰੇ ਗੱਲਬਾਤ ਕਰਦੇ ਰਹਿੰਦੇ ਸਨ। ਇਸ ਲਈ ਸਾਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਮਿਲਣ ਸਮੇਂ ਇਹ ਸਵਾਲ ਨਾ ਪੁੱਛੀਏ ਤਾਂ ਚੰਗਾ ਹੋਵੇਗਾ: “ਤੁਹਾਡਾ ਕੀ ਹਾਲ ਹੈ?” ਕਿਉਂਕਿ ਜਵਾਬ ਵਿਚ ਉਹ ਆਪਣੀ ਬੀਮਾਰੀ ਦਾ ਪੂਰਾ ਕਿੱਸਾ ਖੋਲ੍ਹ ਕੇ ਦੱਸਣ ਲੱਗ ਪੈਂਦੇ ਹਨ।

ਜ਼ਿਆਦਾਤਰ ਅਸੀਂ ਰਸੋਈ ਤੋਂ ਰਸੋਈ ਜਾ ਕੇ ਪ੍ਰਚਾਰ ਕਰਦੇ ਸਾਂ ਕਿਉਂਕਿ ਆਮ ਕਰਕੇ ਲੋਕ ਬਾਹਰ ਘਾਹ-ਫੂਸ ਜਾਂ ਪੱਤਿਆਂ ਦੇ ਛੱਪਰ ਥੱਲੇ ਲੱਕੜਾਂ ਨਾਲ ਬਲ ਰਹੇ ਚੁੱਲ੍ਹੇ ਤੇ ਖਾਣਾ ਬਣਾਉਂਦੇ ਮਿਲਦੇ ਸਨ। ਜ਼ਿਆਦਾਤਰ ਲੋਕ ਗ਼ਰੀਬ ਸਨ ਜੋ ਖੇਤੀਬਾੜੀ ਜਾਂ ਮੱਛੀਆਂ ਫੜਨ ਦਾ ਕੰਮ ਕਰਦੇ ਸਨ, ਪਰ ਉਹ ਦਿਲ ਦੇ ਬੜੇ ਚੰਗੇ ਸਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਨਾ ਸਿਰਫ਼ ਧਰਮ ਨੂੰ ਮੰਨਦੇ ਸਨ ਸਗੋਂ ਬੜੇ ਅੰਧਵਿਸ਼ਵਾਸੀ ਵੀ ਸਨ। ਜੇ ਕੋਈ ਅਜੀਬ ਘਟਨਾ ਵਾਪਰਦੀ ਸੀ, ਤਾਂ ਉਹ ਉਸ ਨੂੰ ਕੋਈ ਅਪਸ਼ਗਨ ਸਮਝਣ ਲੱਗ ਪੈਂਦੇ ਸਨ।

ਉੱਥੇ ਦੇ ਪਾਦਰੀ ਆਮ ਤੌਰ ਤੇ ਲੋਕਾਂ ਦੇ ਘਰਾਂ ਵਿਚ ਬਿਨ-ਬੁਲਾਏ ਜ਼ਬਰਦਸਤੀ ਘੁੱਸ ਜਾਂਦੇ ਸਨ ਤੇ ਜਿਹੜੇ ਰਸਾਲੇ ਜਾਂ ਕਿਤਾਬਾਂ ਅਸੀਂ ਲੋਕਾਂ ਨੂੰ ਦੇ ਕੇ ਆਉਂਦੇ ਸਾਂ, ਉਹ ਪਾੜ ਦਿੰਦੇ ਸਨ। ਇਸ ਤਰ੍ਹਾਂ ਉਨ੍ਹਾਂ ਨੇ ਲੋਕਾਂ ਨੂੰ ਡਰਾ ਕੇ ਰੱਖਿਆ ਹੋਇਆ ਸੀ, ਪਰ ਸਾਰੇ ਲੋਕ ਉਨ੍ਹਾਂ ਕੋਲੋਂ ਨਹੀਂ ਡਰਦੇ ਸਨ। ਮਿਸਾਲ ਵਜੋਂ, 70 ਸਾਲਾਂ ਦੀ ਇਕ ਜ਼ਿੰਦਾਦਿਲ ਬਜ਼ੁਰਗ ਤੀਵੀਂ ਉਨ੍ਹਾਂ ਦੀਆਂ ਧਮਕੀਆਂ ਤੋਂ ਨਹੀਂ ਡਰੀ। ਉਹ ਬਾਈਬਲ ਦੀ ਸਮਝ ਹਾਸਲ ਕਰਨਾ ਚਾਹੁੰਦੀ ਸੀ ਤੇ ਆਖ਼ਰਕਾਰ ਉਹ ਅਤੇ ਕਈ ਹੋਰ ਲੋਕ ਗਵਾਹ ਬਣ ਗਏ। ਜਦੋਂ ਸਾਨੂੰ ਦਿਲਚਸਪੀ ਰੱਖਣ ਵਾਲੇ ਹੋਰ ਲੋਕ ਮਿਲਦੇ ਸਨ, ਤਾਂ ਕਦੀ-ਕਦੀ ਉਨ੍ਹਾਂ ਦੀ ਐਤਵਾਰ ਸਭਾਵਾਂ ਵਿਚ ਆਉਣ ਵਿਚ ਮਦਦ ਕਰਨ ਲਈ ਜਾਰਜ ਨੂੰ 300 ਕਿਲੋਮੀਟਰ ਤਕ ਕਾਰ ਚਲਾਉਣੀ ਪੈਂਦੀ ਸੀ।

ਸ਼ੁਰੂ ਦੇ ਮਹੀਨਿਆਂ ਦੌਰਾਨ ਸਾਡੇ ਤੋਂ ਇਲਾਵਾ ਉੱਥੇ ਕੋਈ ਹੋਰ ਗਵਾਹ ਨਹੀਂ ਸੀ, ਪਰ ਮੈਂ ਤੇ ਜਾਰਜ ਨੇ ਬਾਕਾਇਦਾ ਸਾਰੀਆਂ ਮਸੀਹੀ ਸਭਾਵਾਂ ਕਰਕੇ ਆਪਣੀ ਅਧਿਆਤਮਿਕਤਾ ਨੂੰ ਬਣਾਈ ਰੱਖਿਆ। ਇਸ ਤੋਂ ਇਲਾਵਾ, ਅਸੀਂ ਹਰ ਸੋਮਵਾਰ ਰਾਤ ਨੂੰ ਪਹਿਰਾਬੁਰਜ ਰਸਾਲੇ ਦਾ ਅਧਿਐਨ ਲੇਖ ਅਤੇ ਬਾਈਬਲ ਨੂੰ ਲਗਨ ਨਾਲ ਪੜ੍ਹਦੇ ਸਾਂ। ਜਿਉਂ ਹੀ ਸਾਨੂੰ ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲੇ ਮਿਲਦੇ ਸਨ, ਅਸੀਂ ਉਨ੍ਹਾਂ ਦੇ ਸਾਰੇ ਲੇਖ ਪੜ੍ਹਦੇ ਸਾਂ।

ਜਦੋਂ ਅਸੀਂ ਲਾਂਗ ਟਾਪੂ ਵਿਚ ਸਾਂ, ਤਾਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ। ਅਗਲੇ ਸਾਲ 1963 ਦੀ ਗਰਮੀਆਂ ਦੀ ਰੁੱਤੇ ਅਸੀਂ ਮਾਤਾ ਜੀ ਨੂੰ ਆਪਣੇ ਕੋਲ ਬੁਲਾ ਲਿਆ ਤੇ ਆਪਣੇ ਨੇੜੇ ਹੀ ਉਨ੍ਹਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ। ਹਾਲਾਂਕਿ ਉਹ ਬਜ਼ੁਰਗ ਸਨ, ਪਰ ਉਨ੍ਹਾਂ ਨੇ ਉੱਥੋਂ ਦੇ ਮਾਹੌਲ ਮੁਤਾਬਕ ਆਪਣੇ ਆਪ ਨੂੰ ਚੰਗੀ ਤਰ੍ਹਾਂ ਢਾਲ਼ ਲਿਆ ਸੀ ਤੇ ਉਹ ਲਾਂਗ ਟਾਪੂ ਵਿਚ 1971 ਵਿਚ ਆਪਣੀ ਮੌਤ ਤਕ ਰਹੇ। ਅੱਜ ਲਾਂਗ ਟਾਪੂ ਵਿਚ ਇਕ ਕਲੀਸਿਯਾ ਹੈ ਤੇ ਉਨ੍ਹਾਂ ਕੋਲ ਆਪਣਾ ਇਕ ਨਵਾਂ ਕਿੰਗਡਮ ਹਾਲ ਵੀ ਹੈ।

ਦਿਲ ਤੋੜ ਦੇਣ ਵਾਲੀ ਚੁਣੌਤੀ

ਸਾਲ 1980 ਵਿਚ ਜਾਰਜ ਨੂੰ ਅਹਿਸਾਸ ਹੋਇਆ ਕਿ ਉਸ ਦੀ ਸਿਹਤ ਵਿਗੜਦੀ ਜਾ ਰਹੀ ਹੈ। ਇੱਥੋਂ ਹੀ ਮੇਰੀ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਦਰਦਨਾਕ ਤਜਰਬਾ ਸ਼ੁਰੂ ਹੋਇਆ—ਆਪਣੇ ਪਿਆਰੇ ਪਤੀ, ਦੋਸਤ ਤੇ ਜੀਵਨ-ਸਾਥੀ ਨੂੰ ਅਲਜ਼ਹਾਏਮੀਰ ਦੀ ਬੀਮਾਰੀ ਦਾ ਸ਼ਿਕਾਰ ਹੁੰਦੇ ਦੇਖਣਾ। ਉਨ੍ਹਾਂ ਦੀ ਸ਼ਖ਼ਸੀਅਤ ਪੂਰੀ ਤਰ੍ਹਾਂ ਬਦਲ ਗਈ। ਸਾਲ 1987 ਵਿਚ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਦੇ ਚਾਰ ਸਾਲ ਬੜੇ ਦੁੱਖਾਂ ਭਰੇ ਸਨ। ਉਨ੍ਹਾਂ ਕੋਲੋਂ ਜਿੰਨਾ ਹੋ ਸਕਦਾ ਸੀ, ਉਹ ਮੇਰੇ ਨਾਲ ਪ੍ਰਚਾਰ ਕਰਨ ਤੇ ਸਭਾਵਾਂ ਵਿਚ ਜਾਂਦੇ ਸਨ ਤੇ ਕਈ ਵਾਰੀ ਉਨ੍ਹਾਂ ਦੇ ਇਨ੍ਹਾਂ ਜਤਨਾਂ ਨੂੰ ਦੇਖ ਕੇ ਮੇਰਾ ਰੋਣਾ ਨਿਕਲ ਜਾਂਦਾ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਆਪਣੇ ਮਸੀਹੀ ਭੈਣ-ਭਰਾਵਾਂ ਦੇ ਪਿਆਰ ਤੋਂ ਮੈਨੂੰ ਬੜਾ ਦਿਲਾਸਾ ਮਿਲਿਆ ਹੈ, ਫਿਰ ਵੀ ਮੈਨੂੰ ਜਾਰਜ ਦੀ ਬੜੀ ਕਮੀ ਮਹਿਸੂਸ ਹੁੰਦੀ ਹੈ।

ਸਾਡੀ ਵਿਆਹੁਤਾ ਜ਼ਿੰਦਗੀ ਦੀ ਇਕ ਖ਼ਾਸੀਅਤ ਇਹ ਸੀ ਕਿ ਅਸੀਂ ਇਕ-ਦੂਜੇ ਨਾਲ ਅਕਸਰ ਗੱਲਾਂ ਕਰ ਕੇ ਬੜੇ ਖ਼ੁਸ਼ ਹੁੰਦੇ ਸਾਂ। ਹੁਣ ਜਾਰਜ ਨਹੀਂ ਰਿਹਾ, ਫਿਰ ਵੀ ਮੈਂ ਪਹਿਲਾਂ ਨਾਲੋਂ ਜ਼ਿਆਦਾ ਯਹੋਵਾਹ ਦਾ ਧੰਨਵਾਦ ਕਰਦੀ ਹਾਂ ਕਿ ਉਹ ਆਪਣੇ ਸੇਵਕਾਂ ਨੂੰ ‘ਨਿੱਤ ਪ੍ਰਾਰਥਨਾ ਕਰਨ’, ‘ਪ੍ਰਾਰਥਨਾ ਲਗਾਤਾਰ ਕਰਦੇ ਰਹਿਣ’ ਅਤੇ ‘ਹਰ ਸਮੇਂ ਆਤਮਾ ਵਿਚ ਪ੍ਰਾਰਥਨਾ ਕਰਦੇ ਰਹਿਣ’ ਦਾ ਸੱਦਾ ਦਿੰਦਾ ਹੈ। (1 ਥੱਸਲੁਨੀਕੀਆਂ 5:17; ਰੋਮੀਆਂ 12:12; ਅਫ਼ਸੀਆਂ 6:18) ਇਹ ਜਾਣ ਕੇ ਮੈਨੂੰ ਬੜਾ ਹੌਸਲਾ ਮਿਲਦਾ ਹੈ ਕਿ ਯਹੋਵਾਹ ਸਾਡੀ ਭਲਾਈ ਬਾਰੇ ਫ਼ਿਕਰਮੰਦ ਹੈ। ਮੈਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਦੀ ਹਾਂ ਜਿਸ ਨੇ ਇਹ ਭਜਨ ਗਾਇਆ: “ਪ੍ਰਭੁ ਮੁਬਾਰਕ ਹੋਵੇ ਜਿਹੜਾ ਰੋਜ ਦਿਹਾੜੇ ਸਾਡਾ ਭਾਰ ਚੁੱਕ ਲੈਂਦਾ ਹੈ।” (ਜ਼ਬੂਰ 68:19) ਯਿਸੂ ਦੀ ਸਲਾਹ ਮੁਤਾਬਕ ਮੈਂ ਅਗਲੇ ਦਿਨ ਦੀ ਚਿੰਤਾ ਨਹੀਂ ਕਰਦੀ, ਆਪਣੀਆਂ ਕਮੀਆਂ ਨੂੰ ਪਛਾਣਦੀ ਹਾਂ ਅਤੇ ਹਰ ਰੋਜ਼ ਮਿਲੀਆਂ ਬਰਕਤਾਂ ਲਈ ਮੈਂ ਯਹੋਵਾਹ ਦਾ ਧੰਨਵਾਦ ਕਰਦੀ ਹਾਂ। ਇਸ ਤਰ੍ਹਾਂ ਜੀਉਣ ਦਾ ਵਾਕਈ ਇਹ ਬਿਹਤਰ ਤਰੀਕਾ ਹੈ!​—ਮੱਤੀ 6:34.

ਸੇਵਕਾਈ ਵਿੱਚੋਂ ਮਿਲੀਆਂ ਬਰਕਤਾਂ

ਮਸੀਹੀ ਸੇਵਕਾਈ ਵਿਚ ਲੱਗੇ ਰਹਿਣ ਨਾਲ ਮੈਨੂੰ ਪਿਛਲੀਆਂ ਗੱਲਾਂ ਬਾਰੇ ਨਾ ਸੋਚਣ ਵਿਚ ਮਦਦ ਮਿਲੀ ਹੈ। ਇਸ ਤਰ੍ਹਾਂ ਮੈਂ ਨਿਰਾਸ਼ਾਵਾਦੀ ਭਾਵਨਾਵਾਂ ਨੂੰ ਕਾਬੂ ਕਰ ਪਾਈ ਹਾਂ। ਦੂਜਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਉਣ ਨਾਲ ਮੈਨੂੰ ਬੜੀ ਖ਼ੁਸ਼ੀ ਮਿਲਦੀ ਹੈ। ਸੇਵਕਾਈ ਵਿਚ ਲੱਗੇ ਰਹਿਣ ਨਾਲ ਮੈਨੂੰ ਆਪਣੀ ਜ਼ਿੰਦਗੀ ਮਕਸਦ ਭਰੀ ਲੱਗਦੀ ਹੈ।​—ਫ਼ਿਲਿੱਪੀਆਂ 3:16.

ਇਕ ਵਾਰ ਇਕ ਤੀਵੀਂ ਨੇ ਮੈਨੂੰ ਫ਼ੋਨ ਕੀਤਾ ਜਿਸ ਨੂੰ ਕੁਝ 47 ਸਾਲ ਪਹਿਲਾਂ ਮੈਂ ਰਾਜ ਦਾ ਸੰਦੇਸ਼ ਸੁਣਾਇਆ ਸੀ। ਸਾਲ 1947 ਵਿਚ ਬਹਾਮਾ ਪਹੁੰਚਣ ਤੇ ਜੋ ਸਾਡੇ ਪਹਿਲੇ ਬਾਈਬਲ ਵਿਦਿਆਰਥੀ ਬਣੇ ਸਨ, ਉਨ੍ਹਾਂ ਵਿੱਚੋਂ ਉਹ ਇਕ ਵਿਦਿਆਰਥੀ ਦੀ ਕੁੜੀ ਸੀ। ਉਸ ਦੇ ਮਾਤਾ-ਪਿਤਾ ਤੇ ਭੈਣ-ਭਰਾ, ਉਨ੍ਹਾਂ ਦੇ ਬੱਚੇ ਅਤੇ ਉਨ੍ਹਾਂ ਦੇ ਜ਼ਿਆਦਾਤਰ ਪੋਤੇ-ਪੋਤੀਆਂ ਵੀ ਯਹੋਵਾਹ ਦੇ ਗਵਾਹ ਬਣ ਗਏ ਸਨ। ਦਰਅਸਲ ਇਸ ਤੀਵੀਂ ਦੇ ਪਰਿਵਾਰ ਵਿੱਚੋਂ 60 ਨਾਲੋਂ ਜ਼ਿਆਦਾ ਮੈਂਬਰ ਗਵਾਹ ਬਣ ਚੁੱਕੇ ਹਨ। ਪਰ ਉਸ ਨੇ ਆਪ ਕਦੇ ਵੀ ਬਾਈਬਲ ਸਟੱਡੀ ਕਰਨੀ ਸਵੀਕਾਰ ਨਹੀਂ ਕੀਤੀ। ਆਖ਼ਰਕਾਰ ਹੁਣ ਉਹ ਯਹੋਵਾਹ ਪਰਮੇਸ਼ੁਰ ਦੀ ਸੇਵਕਾ ਬਣਨ ਲਈ ਤਿਆਰ ਸੀ। ਜਦੋਂ ਮੈਂ ਤੇ ਜਾਰਜ ਬਹਾਮਾ ਪਹੁੰਚੇ ਸਾਂ, ਤਾਂ ਉੱਥੇ ਸਿਰਫ਼ ਮੁੱਠੀ ਭਰ ਗਵਾਹ ਸਨ, ਪਰ ਹੁਣ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਉਨ੍ਹਾਂ ਦੀ ਗਿਣਤੀ 1,400 ਤੋਂ ਵੀ ਜ਼ਿਆਦਾ ਹੋ ਗਈ ਹੈ!

ਕਈ ਵਾਰੀ ਲੋਕ ਮੈਨੂੰ ਪੁੱਛਦੇ ਹਨ ਕਿ ਤੁਹਾਨੂੰ ਕਦੇ ਇੱਦਾਂ ਮਹਿਸੂਸ ਨਹੀਂ ਹੁੰਦਾ ਕਿ ਤੁਹਾਡੇ ਵੀ ਆਪਣੇ ਬੱਚੇ ਹੁੰਦੇ। ਬੇਸ਼ੱਕ ਆਪਣੇ ਬੱਚੇ ਹੋਣਾ ਇਕ ਬਰਕਤ ਹੈ। ਪਰ ਜਿਹੜਾ ਪਿਆਰ ਮੇਰੇ ਅਧਿਆਤਮਿਕ ਬੱਚੇ, ਪੋਤੇ-ਪੋਤੀਆਂ ਤੇ ਪੜਪੋਤੇ ਮੈਨੂੰ ਦੇ ਰਹੇ ਹਨ, ਉਹ ਪਿਆਰ ਸ਼ਾਇਦ ਹੀ ਸਾਰੇ ਕੁਦਰਤੀ ਮਾਪਿਆਂ ਨੂੰ ਮਿਲਿਆ ਹੋਵੇ। ਸੱਚ-ਮੁੱਚ ਜਿਹੜੇ ਲੋਕ “ਪਰਉਪਕਾਰੀ” ਤੇ “ਸ਼ੁਭ ਕਰਮਾਂ ਵਿਚ ਧਨੀ” ਹਨ, ਉਹ ਸਭ ਤੋਂ ਜ਼ਿਆਦਾ ਖ਼ੁਸ਼ ਲੋਕ ਹਨ। (1 ਤਿਮੋਥਿਉਸ 6:18) ਇਸੇ ਕਰਕੇ ਮੇਰੀ ਸਿਹਤ ਜਿੰਨੀ ਮੈਨੂੰ ਇਜਾਜ਼ਤ ਦਿੰਦੀ ਹੈ, ਮੈਂ ਉਸ ਮੁਤਾਬਕ ਸੇਵਕਾਈ ਵਿਚ ਰੁੱਝੀ ਰਹਿੰਦੀ ਹਾਂ।

ਇਕ ਦਿਨ ਦੰਦਾਂ ਦੇ ਡਾਕਟਰ ਦੇ ਕਲੀਨਿਕ ਵਿਚ ਇਕ ਜਵਾਨ ਤੀਵੀਂ ਮੇਰੇ ਕੋਲ ਆ ਕੇ ਕਹਿਣ ਲੱਗੀ: “ਤੁਸੀਂ ਮੈਨੂੰ ਨਹੀਂ ਜਾਣਦੇ, ਪਰ ਮੈਂ ਤੁਹਾਨੂੰ ਜਾਣਦੀ ਹਾਂ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਤੁਹਾਡੀ ਬੜੀ ਕਦਰ ਕਰਦੀ ਹਾਂ।” ਫਿਰ ਉਹ ਦੱਸਣ ਲੱਗੀ ਕਿ ਕਿੱਦਾਂ ਉਸ ਨੇ ਬਾਈਬਲ ਤੋਂ ਸੱਚਾਈ ਸਿੱਖੀ ਤੇ ਉਹ ਸਾਡੀ ਬੜੀ ਸ਼ੁਕਰਗੁਜ਼ਾਰ ਸੀ ਕਿ ਅਸੀਂ ਮਿਸ਼ਨਰੀ ਬਣ ਕੇ ਬਹਾਮਾ ਵਿਚ ਗਏ।

ਹੁਣ ਮੈਂ ਨਸੌ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ ਵਿਚ ਰਹਿੰਦੀ ਹਾਂ। ਇਕ ਵਾਰ ਜਦੋਂ ਮੈਂ ਛੁੱਟੀਆਂ ਤੋਂ ਵਾਪਸ ਆਈ, ਤਾਂ ਮੇਰੇ ਦਰਵਾਜ਼ੇ ਦੇ ਬਾਹਰ ਗੁਲਾਬ ਦਾ ਇਕ ਫੁੱਲ ਪਿਆ ਸੀ। ਇਸ ਦੇ ਨਾਲ ਇਕ ਨੋਟ ਲਿਖਿਆ ਸੀ: “ਸਾਨੂੰ ਬੜੀ ਖ਼ੁਸ਼ੀ ਹੈ ਕਿ ਤੁਸੀਂ ਆਪਣੇ ਘਰ ਵਾਪਸ ਆ ਗਏ।” ਜਦੋਂ ਮੈਂ ਯਹੋਵਾਹ ਦੇ ਬਚਨ, ਸੰਗਠਨ ਤੇ ਪਵਿੱਤਰ ਆਤਮਾ ਦੀ ਸੇਧ ਵਿਚ ਚੱਲਣ ਵਾਲੇ ਲੋਕਾਂ ਨੂੰ ਦੇਖਦੀ ਹਾਂ ਕਿ ਉਹ ਕਿੱਦਾਂ ਇਕ-ਦੂਜੇ ਦਾ ਧਿਆਨ ਰੱਖਦੇ ਹਨ, ਤਾਂ ਮੇਰਾ ਦਿਲ ਯਹੋਵਾਹ ਲਈ ਸ਼ੁਕਰਗੁਜ਼ਾਰੀ ਨਾਲ ਭਰ ਜਾਂਦਾ ਹੈ ਤੇ ਉਸ ਨਾਲ ਮੇਰਾ ਪਿਆਰ ਹੋਰ ਵੀ ਵਧ ਜਾਂਦਾ ਹੈ! ਸੱਚ-ਮੁੱਚ ਯਹੋਵਾਹ ਅਕਸਰ ਸਾਨੂੰ ਭੈਣ-ਭਰਾਵਾਂ ਦੇ ਜ਼ਰੀਏ ਸੰਭਾਲਦਾ ਹੈ।

ਦਿਲੋਂ ਸ਼ੁਕਰਗੁਜ਼ਾਰ ਹੋਣਾ

ਮੇਰੀ ਜ਼ਿੰਦਗੀ ਵਿਚ ਹਮੇਸ਼ਾ ਸੁੱਖ ਹੀ ਨਹੀਂ ਸਨ, ਉਸ ਵਿਚ ਦੁੱਖ ਵੀ ਸਨ ਤੇ ਹੁਣ ਵੀ ਹਨ। ਪਰ ਮੇਰੇ ਕੋਲ ਯਹੋਵਾਹ ਦਾ ਸ਼ੁਕਰੀਆ ਅਦਾ ਕਰਨ ਦੇ ਕਈ ਕਾਰਨ ਹਨ ਜਿਵੇਂ ਸੇਵਕਾਈ ਕਰਨ ਨਾਲ ਮਿਲਦੀ ਖ਼ੁਸ਼ੀ, ਐਨੇ ਸਾਰੇ ਮਸੀਹੀ ਭੈਣ-ਭਰਾਵਾਂ ਦਾ ਪਿਆਰ ਤੇ ਸਨੇਹ, ਯਹੋਵਾਹ ਦੇ ਸੰਗਠਨ ਦੁਆਰਾ ਪਿਆਰ ਭਰੀ ਦੇਖ-ਭਾਲ, ਬਾਈਬਲ ਦੀਆਂ ਵਧੀਆ ਸੱਚਾਈਆਂ, ਆਪਣੇ ਮਰੇ ਹੋਏ ਪਿਆਰਿਆਂ ਨੂੰ ਮੁੜ ਮਿਲਣ ਦੀ ਉਮੀਦ ਅਤੇ ਯਹੋਵਾਹ ਦੇ ਇਕ ਵਫ਼ਾਦਾਰ ਸੇਵਕ ਨਾਲ ਵਿਆਹ ਦੀਆਂ 42 ਸਾਲਾਂ ਦੀਆਂ ਮਿੱਠੀਆਂ ਯਾਦਾਂ। ਵਿਆਹ ਤੋਂ ਪਹਿਲਾਂ ਮੈਂ ਪ੍ਰਾਰਥਨਾ ਕਰਦੀ ਸੀ ਕਿ ਪੂਰਣ-ਕਾਲੀ ਸੇਵਕਾਈ ਕਰਦੇ ਰਹਿਣ ਵਿਚ ਮੈਂ ਹਮੇਸ਼ਾ ਆਪਣੇ ਪਤੀ ਦੀ ਮਦਦਗਾਰ ਹੋ ਸਕਾਂ ਅਤੇ ਉਹ ਵੀ ਪੂਰਣ-ਕਾਲੀ ਸੇਵਕਾਈ ਨੂੰ ਬਹੁਤ ਪਿਆਰ ਕਰਦੇ ਸਨ। ਯਹੋਵਾਹ ਨੇ ਮੇਰੇ ਉੱਤੇ ਮਿਹਰ ਕੀਤੀ ਤੇ ਮੇਰੀ ਪ੍ਰਾਰਥਨਾ ਦਾ ਜਵਾਬ ਦਿੱਤਾ। ਇਸ ਲਈ ਮੈਂ ਯਹੋਵਾਹ ਦੀ ਸੇਵਾ ਵਿਚ ਹਮੇਸ਼ਾ ਵਫ਼ਾਦਾਰ ਰਹਿਣ ਨਾਲ ਉਸ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ।

ਬਹਾਮਾ ਦੀਪ-ਸਮੂਹ ਸੈਲਾਨੀਆਂ ਲਈ ਇਕ ਮਸ਼ਹੂਰ ਥਾਂ ਹੈ ਜੋ ਕਿ ਹਜ਼ਾਰਾਂ ਡਾਲਰ ਖ਼ਰਚ ਕੇ ਇੱਥੇ ਆਉਂਦੇ ਹਨ ਤੇ ਤਪਤ-ਖੰਡੀ ਨਜ਼ਾਰਿਆਂ ਦਾ ਆਨੰਦ ਮਾਣਦੇ ਹਨ। ਜਿੱਥੇ ਕਿਤੇ ਯਹੋਵਾਹ ਦਾ ਸੰਗਠਨ ਭੇਜਦਾ ਹੈ ਉਨ੍ਹਾਂ ਥਾਵਾਂ ਤੇ ਯਹੋਵਾਹ ਦੀ ਸੇਵਾ ਕਰਨ ਦੀ ਚੋਣ ਕਰ ਕੇ ਮੈਂ ਇਨ੍ਹਾਂ ਟਾਪੂਆਂ ਉੱਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਦੁਆਰਾ ਟਾਪੂਆਂ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ ਸਫ਼ਰ ਕਰਨ ਦਾ ਆਨੰਦ ਮਾਣਿਆ ਹੈ। ਪਰ ਸਭ ਤੋਂ ਜ਼ਿਆਦਾ ਮਹੱਤਵਪੂਰਣ ਇਹ ਹੈ ਕਿ ਮੈਨੂੰ ਬਹਾਮਾ ਦੇ ਦੋਸਤਾਨਾ ਭੈਣ-ਭਰਾਵਾਂ ਨੂੰ ਜਾਣਨ ਤੇ ਉਨ੍ਹਾਂ ਦੇ ਪਿਆਰ ਦੀ ਕਦਰ ਕਰਨ ਦਾ ਮੌਕਾ ਮਿਲਿਆ।

ਮੈਂ ਉਨ੍ਹਾਂ ਭੈਣ-ਭਰਾਵਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਮਾਪਿਆਂ ਨੂੰ ਸੱਚਾਈ ਬਾਰੇ ਦੱਸਿਆ ਤੇ ਮੇਰੇ ਮਾਪਿਆਂ ਨੇ ਬਚਪਨ ਵਿਚ ਹੀ ਮੇਰੇ ਦਿਲੋ-ਦਿਮਾਗ਼ ਵਿਚ ਪਰਮੇਸ਼ੁਰ ਦੇ ਰਾਜ ਨੂੰ ਪਹਿਲਾਂ ਭਾਲਣ ਦੀ ਡੂੰਘੀ ਇੱਛਾ ਪੈਦਾ ਕੀਤੀ। ਉਸੇ ਤਰ੍ਹਾਂ ਅੱਜ ਯਹੋਵਾਹ ਦੇ ਜਵਾਨ ਸੇਵਕ ਵੀ ਬਹੁਤ ਸਾਰੀਆਂ ਬਰਕਤਾਂ ਹਾਸਲ ਕਰ ਸਕਦੇ ਹਨ ਜੇ ਉਹ ‘ਵੱਡੇ ਦਰਵੱਜੇ’ ਵਿਚ ਦਾਖ਼ਲ ਹੋਣ ਯਾਨੀ ਸੇਵਕਾਈ ਨੂੰ ਵਧਾਉਣ ਦੇ ਵੱਡੇ ਮੌਕਿਆਂ ਦਾ ਇਸਤੇਮਾਲ ਕਰਨ। (1 ਕੁਰਿੰਥੀਆਂ 16:9) ਤੁਹਾਡਾ ਦਿਲ ਵੀ ਸ਼ੁਕਰਗੁਜ਼ਾਰੀ ਨਾਲ ਭਰ ਜਾਵੇਗਾ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ‘ਪਰਮੇਸ਼ੁਰਾਂ ਦੇ ਪਰਮੇਸ਼ੁਰ’ ਯਹੋਵਾਹ ਦਾ ਆਦਰ ਕਰਨ ਲਈ ਵਰਤੋ।​—ਬਿਵਸਥਾ ਸਾਰ 10:17; ਦਾਨੀਏਲ 2:47.

[ਸਫ਼ੇ 24 ਉੱਤੇ ਤਸਵੀਰ]

ਸੰਨ 1944 ਵਿਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵਿਕਟੋਰੀਆ ਵਿਚ ਸੜਕ ਉੱਤੇ ਗਵਾਹੀ ਦਿੰਦੇ ਹੋਏ

[ਸਫ਼ੇ 24 ਉੱਤੇ ਤਸਵੀਰ]

ਜਾਰਜ ਤੇ ਮੈਂ 1946 ਵਿਚ ਗਿਲਿਅਡ ਸਕੂਲ ਗਏ

[ਸਫ਼ੇ 25 ਉੱਤੇ ਤਸਵੀਰ]

ਸੰਨ 1955 ਵਿਚ ਬਹਾਮਾ ਦੇ ਨਸੌ ਸ਼ਹਿਰ ਵਿਚ ਮਿਸ਼ਨਰੀ ਘਰ ਦੇ ਸਾਮ੍ਹਣੇ

[ਸਫ਼ੇ 26 ਉੱਤੇ ਤਸਵੀਰ]

ਡੈਡਮੈਂਜ਼ ਕੇ ਵਿਚ ਮਿਸ਼ਨਰੀ ਘਰ ਜਿੱਥੇ ਅਸੀਂ 1961 ਤੋਂ ਲੈ ਕੇ 1972 ਤਕ ਰਹੇ