Skip to content

Skip to table of contents

“ਜਦੋਂ ਪਰਮੇਸ਼ੁਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ?”

“ਜਦੋਂ ਪਰਮੇਸ਼ੁਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ?”

“ਜਦੋਂ ਪਰਮੇਸ਼ੁਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ?”

“ਉਪਰੰਤ ਅਸੀਂ ਏਹਨਾਂ ਗੱਲਾਂ ਉੱਤੇ ਕੀ ਆਖੀਏ? ਜਦੋਂ ਪਰਮੇਸ਼ੁਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ?”​—ਰੋਮੀਆਂ 8:31.

1. ਇਸਰਾਏਲੀਆਂ ਦੇ ਨਾਲ ਮਿਸਰ ਵਿੱਚੋਂ ਹੋਰ ਕੌਣ ਨਿਕਲੇ ਸਨ ਤੇ ਕਿਉਂ?

ਜਦੋਂ ਇਸਰਾਏਲੀ 215 ਸਾਲ ਬਾਅਦ ਗ਼ੁਲਾਮੀ ਤੋਂ ਛੁੱਟ ਕੇ ਮਿਸਰ ਵਿੱਚੋਂ ਨਿਕਲੇ ਸਨ, ਤਾਂ “ਉਨ੍ਹਾਂ ਦੇ ਨਾਲ ਮਿਲੀ ਜੁਲੀ ਭੀੜ ਵੀ ਗਈ।” (ਕੂਚ 12:38) ਉਹ ਭੀੜ ਗ਼ੈਰ-ਇਸਰਾਏਲੀਆਂ ਦੀ ਸੀ ਜਿਨ੍ਹਾਂ ਨੇ ਦਸ ਭਿਆਨਕ ਮਰੀਆਂ ਨੂੰ ਸਹਿਆ ਸੀ। ਇਨ੍ਹਾਂ ਮਰੀਆਂ ਨੇ ਮਿਸਰ ਦੇਸ਼ ਵਿਚ ਵੱਡੀ ਤਬਾਹੀ ਮਚਾਈ ਤੇ ਮਿਸਰ ਦੇ ਝੂਠੇ ਦੇਵੀ-ਦੇਵਤਿਆਂ ਨੂੰ ਮਖੌਲ ਦਾ ਪਾਤਰ ਬਣਾ ਦਿੱਤਾ ਸੀ। ਉਨ੍ਹਾਂ ਗ਼ੈਰ-ਇਸਰਾਏਲੀਆਂ ਨੇ ਇਹ ਵੀ ਦੇਖਿਆ ਸੀ ਕਿ ਤੀਜੀ ਮਰੀ ਤੋਂ ਬਾਅਦ ਆਈਆਂ ਮਰੀਆਂ ਤੋਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾਇਆ ਸੀ। (ਕੂਚ 8:23, 24) ਚਾਹੇ ਉਨ੍ਹਾਂ ਨੂੰ ਯਹੋਵਾਹ ਦੇ ਮਕਸਦਾਂ ਦੀ ਜ਼ਿਆਦਾ ਜਾਣਕਾਰੀ ਨਹੀਂ ਸੀ, ਪਰ ਉਨ੍ਹਾਂ ਨੂੰ ਇਕ ਗੱਲ ਤਾਂ ਸਾਫ਼ ਪਤਾ ਲੱਗ ਗਈ ਸੀ: ਮਿਸਰ ਦੇ ਦੇਵੀ-ਦੇਵਤੇ ਮਿਸਰੀਆਂ ਨੂੰ ਨਹੀਂ ਬਚਾ ਸਕੇ ਪਰ ਯਹੋਵਾਹ ਨੇ ਇਸਰਾਏਲੀਆਂ ਨੂੰ ਬਚਾ ਕੇ ਆਪਣੇ ਆਪ ਨੂੰ ਤਾਕਤਵਰ ਸਾਬਤ ਕੀਤਾ ਸੀ।

2. ਰਾਹਾਬ ਨੇ ਇਸਰਾਏਲੀ ਜਾਸੂਸਾਂ ਦੀ ਮਦਦ ਕਿਉਂ ਕੀਤੀ ਸੀ ਅਤੇ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਉਸ ਨੇ ਉਨ੍ਹਾਂ ਦੇ ਪਰਮੇਸ਼ੁਰ ਵਿਚ ਭਰੋਸਾ ਰੱਖ ਕੇ ਕੋਈ ਗ਼ਲਤੀ ਨਹੀਂ ਕੀਤੀ ਸੀ?

2 ਚਾਲੀ ਸਾਲ ਬਾਅਦ, ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਣ ਤੋਂ ਕੁਝ ਸਮਾਂ ਪਹਿਲਾਂ ਮੂਸਾ ਤੋਂ ਬਾਅਦ ਬਣੇ ਆਗੂ ਯਹੋਸ਼ੁਆ ਨੇ ਉਸ ਦੇਸ਼ ਦੀ ਸੂਹ ਕੱਢਣ ਲਈ ਦੋ ਜਾਸੂਸ ਘੱਲੇ। ਉੱਥੇ ਉਹ ਯਰੀਹੋ ਦੀ ਰਹਿਣ ਵਾਲੀ ਇਕ ਤੀਵੀਂ, ਰਾਹਾਬ ਨੂੰ ਮਿਲੇ। ਰਾਹਾਬ ਨੇ ਸੁਣਿਆ ਹੋਇਆ ਸੀ ਕਿ ਮਿਸਰ ਛੱਡਣ ਤੋਂ ਬਾਅਦ 40 ਸਾਲਾਂ ਦੌਰਾਨ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਕਿਹੜੇ ਸ਼ਕਤੀਸ਼ਾਲੀ ਕੰਮ ਕੀਤੇ ਸਨ। ਇਸ ਕਰਕੇ ਉਹ ਜਾਣਦੀ ਸੀ ਕਿ ਜੇ ਉਹ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਕਰਨੀ ਚਾਹੁੰਦੀ ਹੈ, ਤਾਂ ਉਸ ਨੂੰ ਉਸ ਦੇ ਲੋਕਾਂ ਦੀ ਮਦਦ ਕਰਨੀ ਪਵੇਗੀ। ਰਾਹਾਬ ਦੇ ਇਸ ਸਹੀ ਫ਼ੈਸਲੇ ਕਰਕੇ, ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਨਹੀਂ ਮਾਰਿਆ ਗਿਆ ਜਦੋਂ ਇਸਰਾਏਲੀਆਂ ਨੇ ਯਰੀਹੋ ਸ਼ਹਿਰ ਉੱਤੇ ਕਬਜ਼ਾ ਕੀਤਾ ਸੀ। ਜਿਸ ਚਮਤਕਾਰੀ ਤਰੀਕੇ ਨਾਲ ਉਨ੍ਹਾਂ ਨੂੰ ਬਚਾਇਆ ਗਿਆ ਸੀ ਉਹ ਇਸ ਗੱਲ ਦਾ ਪੱਕਾ ਸਬੂਤ ਸੀ ਕਿ ਪਰਮੇਸ਼ੁਰ ਇਸਰਾਏਲੀਆਂ ਦੇ ਨਾਲ ਸੀ। ਇਸ ਤਰ੍ਹਾਂ ਰਾਹਾਬ ਨੇ ਇਸਰਾਏਲੀਆਂ ਦੇ ਪਰਮੇਸ਼ੁਰ ਉੱਤੇ ਭਰੋਸਾ ਰੱਖ ਕੇ ਕੋਈ ਗ਼ਲਤੀ ਨਹੀਂ ਕੀਤੀ ਸੀ।​—ਯਹੋਸ਼ੁਆ 2:1, 9-13; 6:15-17, 25.

3. (ੳ) ਮੁੜ ਉਸਾਰੇ ਗਏ ਯਰੀਹੋ ਸ਼ਹਿਰ ਦੇ ਲਾਗੇ ਯਿਸੂ ਨੇ ਕਿਹੜਾ ਚਮਤਕਾਰ ਕੀਤਾ ਸੀ ਅਤੇ ਇਸ ਤੇ ਯਹੂਦੀ ਆਗੂਆਂ ਨੇ ਕੀ ਪ੍ਰਤਿਕ੍ਰਿਆ ਦਿਖਾਈ ਸੀ? (ਅ) ਕੁਝ ਯਹੂਦੀਆਂ ਨੂੰ ਅਤੇ ਬਾਅਦ ਵਿਚ ਬਹੁਤ ਸਾਰੇ ਗ਼ੈਰ-ਯਹੂਦੀਆਂ ਨੂੰ ਕਿਹੜੀ ਗੱਲ ਦਾ ਅਹਿਸਾਸ ਹੋਇਆ?

3 ਪੰਦਰਾਂ ਸਦੀਆਂ ਬਾਅਦ ਯਿਸੂ ਨੇ ਮੁੜ ਉਸਾਰੇ ਗਏ ਯਰੀਹੋ ਸ਼ਹਿਰ ਦੇ ਨੇੜੇ ਇਕ ਅੰਨ੍ਹੇ ਬੰਦੇ ਨੂੰ ਸੁਜਾਖ਼ਾ ਕੀਤਾ ਸੀ। (ਮਰਕੁਸ 10:46-52; ਲੂਕਾ 18:35-43) ਇਸ ਆਦਮੀ ਨੇ ਯਿਸੂ ਨੂੰ ਦਇਆ ਲਈ ਬੇਨਤੀ ਕਰ ਕੇ ਇਸ ਗੱਲ ਵਿਚ ਆਪਣਾ ਭਰੋਸਾ ਦਿਖਾਇਆ ਕਿ ਯਿਸੂ ਉੱਤੇ ਪਰਮੇਸ਼ੁਰ ਦੀ ਮਿਹਰ ਸੀ। ਦੂਸਰੇ ਪਾਸੇ ਆਮ ਤੌਰ ਤੇ ਯਹੂਦੀ ਧਾਰਮਿਕ ਆਗੂਆਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਯਿਸੂ ਦੇ ਚਮਤਕਾਰਾਂ ਨੂੰ ਪਰਮੇਸ਼ੁਰ ਦੀ ਕਰਨੀ ਮੰਨਣ ਤੋਂ ਇਨਕਾਰ ਕੀਤਾ। ਇਸ ਦੀ ਬਜਾਇ ਉਨ੍ਹਾਂ ਨੇ ਯਿਸੂ ਦੀ ਨੁਕਤਾਚੀਨੀ ਕੀਤੀ। (ਮਰਕੁਸ 2:15, 16; 3:1-6; ਲੂਕਾ 7:31-35) ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੁਆਰਾ ਯਿਸੂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਉਸ ਨੂੰ ਮੁੜ ਜੀਉਂਦਾ ਕੀਤਾ ਗਿਆ ਸੀ, ਤਾਂ ਵੀ ਉਨ੍ਹਾਂ ਨੇ ਇਹ ਨਹੀਂ ਮੰਨਿਆ ਕਿ ਪਰਮੇਸ਼ੁਰ ਨੇ ਯਿਸੂ ਨੂੰ ਜੀ ਉਠਾਇਆ ਸੀ। ਇਸ ਦੀ ਬਜਾਇ ਉਨ੍ਹਾਂ ਨੇ ਯਿਸੂ ਦੇ ਪੈਰੋਕਾਰਾਂ ਨੂੰ ਸਤਾਉਣ ਵਿਚ ਅਗਵਾਈ ਕੀਤੀ ਤੇ ਉਨ੍ਹਾਂ ਨੂੰ “ਪ੍ਰਭੁ ਯਿਸੂ ਦੀ ਖੁਸ਼ ਖਬਰੀ” ਦਾ ਐਲਾਨ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਕੁਝ ਯਹੂਦੀਆਂ ਅਤੇ ਬਾਅਦ ਵਿਚ ਕੁਝ ਗ਼ੈਰ-ਯਹੂਦੀਆਂ ਨੇ ਇਨ੍ਹਾਂ ਘਟਨਾਵਾਂ ਵੱਲ ਧਿਆਨ ਦਿੱਤਾ ਤੇ ਉਹ ਸਹੀ ਸਿੱਟੇ ਤੇ ਪਹੁੰਚੇ। ਉਨ੍ਹਾਂ ਨੇ ਸਾਫ਼-ਸਾਫ਼ ਦੇਖਿਆ ਕਿ ਆਪਣੇ ਆਪ ਨੂੰ ਧਰਮੀ ਕਹਿਣ ਵਾਲੇ ਯਹੂਦੀ ਆਗੂਆਂ ਨੂੰ ਪਰਮੇਸ਼ੁਰ ਨੇ ਤਿਆਗ ਦਿੱਤਾ ਸੀ ਤੇ ਹੁਣ ਪਰਮੇਸ਼ੁਰ ਦੀ ਮਿਹਰ ਯਿਸੂ ਮਸੀਹ ਦੇ ਨਿਮਰ ਪੈਰੋਕਾਰਾਂ ਉੱਤੇ ਸੀ।​—ਰਸੂਲਾਂ ਦੇ ਕਰਤੱਬ 11:19-21.

ਅੱਜ ਪਰਮੇਸ਼ੁਰ ਦੀ ਮਿਹਰ ਕਿਨ੍ਹਾਂ ਉੱਤੇ ਹੈ?

4, 5. (ੳ) ਕੁਝ ਲੋਕ ਧਰਮ ਦੀ ਚੋਣ ਕਰਨ ਬਾਰੇ ਕਿੱਦਾਂ ਮਹਿਸੂਸ ਕਰਦੇ ਹਨ? (ਅ) ਸੱਚੇ ਧਰਮ ਦੀ ਪਛਾਣ ਕਰਨ ਸੰਬੰਧੀ ਕਿਹੜਾ ਇਕ ਅਤਿ-ਮਹੱਤਵਪੂਰਣ ਸਵਾਲ ਪੈਦਾ ਹੁੰਦਾ ਹੈ?

4 ਹਾਲ ਹੀ ਵਿਚ ਜਦੋਂ ਇਕ ਧਾਰਮਿਕ ਆਗੂ ਨੂੰ ਇਕ ਟੈਲੀਵਿਯਨ ਤੇ ਇੰਟਰਵਿਊ ਵਿਚ ਸੱਚੇ ਧਰਮ ਬਾਰੇ ਸਵਾਲ ਪੁੱਛਿਆ ਗਿਆ, ਤਾਂ ਉਸ ਨੇ ਕਿਹਾ: “ਮੇਰਾ ਵਿਸ਼ਵਾਸ ਹੈ ਕਿ ਉਹੀ ਧਰਮ ਸੱਚਾ ਹੈ ਜਿਸ ਉੱਤੇ ਚੱਲਣ ਨਾਲ ਲੋਕ ਚੰਗੇ ਇਨਸਾਨ ਬਣਦੇ ਹਨ।” ਇਹ ਸਹੀ ਹੈ ਕਿ ਸੱਚਾ ਧਰਮ ਲੋਕਾਂ ਨੂੰ ਚੰਗੇ ਇਨਸਾਨ ਬਣਾਉਂਦਾ ਹੈ। ਪਰ ਕੀ ਇਹ ਕਹਿਣਾ ਠੀਕ ਹੈ ਕਿ ਜਿਹੜਾ ਵੀ ਧਰਮ ਲੋਕਾਂ ਨੂੰ ਚੰਗੇ ਇਨਸਾਨ ਬਣਾਉਂਦਾ ਹੈ, ਉਸ ਉੱਤੇ ਪਰਮੇਸ਼ੁਰ ਦੀ ਮਿਹਰ ਹੈ? ਕੀ ਸੱਚੇ ਧਰਮ ਦੀ ਪਛਾਣ ਕਰਨ ਦਾ ਇਹੋ ਇੱਕੋ-ਇਕ ਤਰੀਕਾ ਹੈ?

5 ਹਰ ਕੋਈ ਆਪਣੀ ਮਨ-ਮਰਜ਼ੀ ਨਾਲ ਚੋਣ ਕਰਨੀ ਚਾਹੁੰਦਾ ਹੈ, ਇੱਥੋਂ ਤਕ ਕਿ ਉਹ ਆਪਣਾ ਧਰਮ ਵੀ ਖ਼ੁਦ ਚੁਣਨਾ ਚਾਹੁੰਦਾ ਹੈ। ਪਰ ਚੋਣ ਕਰਨ ਦੀ ਆਜ਼ਾਦੀ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਇਕ ਵਿਅਕਤੀ ਸਹੀ ਚੋਣ ਕਰੇਗਾ। ਉਦਾਹਰਣ ਲਈ ਕੁਝ ਲੋਕ ਉਸ ਧਰਮ ਨੂੰ ਚੁਣਦੇ ਹਨ ਜਿਸ ਨੂੰ ਵੱਡੀ ਗਿਣਤੀ ਵਿਚ ਲੋਕ ਮੰਨਦੇ ਹਨ, ਜੋ ਬਹੁਤ ਜ਼ਿਆਦਾ ਅਮੀਰ ਹੈ, ਜਿਸ ਵਿਚ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਏ ਜਾਂਦੇ ਹਨ ਜਾਂ ਜਿਸ ਨੂੰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਮੰਨਦੇ ਹਨ। ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਸਾਡੀ ਇਹ ਜਾਣਨ ਵਿਚ ਮਦਦ ਨਹੀਂ ਕਰ ਸਕਦੀ ਕਿ ਸਾਡਾ ਧਰਮ ਸੱਚਾ ਹੈ ਜਾਂ ਨਹੀਂ। ਇਸ ਸੰਬੰਧੀ ਇਕ ਅਤਿ-ਮਹੱਤਵਪੂਰਣ ਸਵਾਲ ਪੈਦਾ ਹੁੰਦਾ ਹੈ: ਕਿਹੜਾ ਧਰਮ ਆਪਣੇ ਪੈਰੋਕਾਰਾਂ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਪ੍ਰੇਰਿਤ ਕਰਦਾ ਹੈ ਅਤੇ ਪਰਮੇਸ਼ੁਰ ਦੀ ਮਿਹਰ ਦਾ ਠੋਸ ਸਬੂਤ ਦਿੰਦਾ ਹੈ ਤਾਂਕਿ ਇਸ ਨੂੰ ਮੰਨਣ ਵਾਲੇ ਲੋਕ ਪੂਰੇ ਵਿਸ਼ਵਾਸ ਨਾਲ ਕਹਿ ਸਕਣ ਕਿ “ਪਰਮੇਸ਼ੁਰ ਸਾਡੀ ਵੱਲ ਹੈ”?

6. ਯਿਸੂ ਦੇ ਕਿਹੜੇ ਸ਼ਬਦ ਸੱਚੇ ਅਤੇ ਝੂਠੇ ਧਰਮ ਦੇ ਮਸਲੇ ਤੇ ਚਾਨਣਾ ਪਾਉਂਦੇ ਹਨ?

6 ਯਿਸੂ ਨੇ ਸੱਚੀ ਤੇ ਝੂਠੀ ਭਗਤੀ ਵਿਚ ਫ਼ਰਕ ਦੇਖਣ ਦਾ ਇਕ ਤਰੀਕਾ ਦੱਸਿਆ ਸੀ: “ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਓਹ ਪਾੜਨ ਵਾਲੇ ਬਘਿਆੜ ਹਨ। ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ।” (ਟੇਢੇ ਟਾਈਪ ਸਾਡੇ।) (ਮੱਤੀ 7:15, 16; ਮਲਾਕੀ 3:18) ਆਓ ਆਪਾਂ ਸੱਚੇ ਧਰਮ ਦੇ ਕੁਝ “ਫਲਾਂ” ਜਾਂ ਪਛਾਣ ਚਿੰਨ੍ਹਾਂ ਉੱਤੇ ਵਿਚਾਰ ਕਰੀਏ ਤਾਂਕਿ ਅਸੀਂ ਸਹੀ ਤਰੀਕੇ ਨਾਲ ਇਹ ਜਾਣ ਸਕੀਏ ਕਿ ਅੱਜ ਪਰਮੇਸ਼ੁਰ ਦੀ ਮਿਹਰ ਕਿਨ੍ਹਾਂ ਉੱਤੇ ਹੈ?

ਉਨ੍ਹਾਂ ਲੋਕਾਂ ਦੇ ਪਛਾਣ ਚਿੰਨ੍ਹ ਜਿਨ੍ਹਾਂ ਉੱਤੇ ਪਰਮੇਸ਼ੁਰ ਦੀ ਮਿਹਰ ਹੈ

7. ਸਿਰਫ਼ ਬਾਈਬਲ ਤੇ ਆਧਾਰਿਤ ਸਿੱਖਿਆਵਾਂ ਦੇਣ ਦਾ ਕੀ ਮਤਲਬ ਹੈ?

7ਉਨ੍ਹਾਂ ਦੀਆਂ ਸਿੱਖਿਆਵਾਂ ਦਾ ਆਧਾਰ ਬਾਈਬਲ ਹੈ। ਯਿਸੂ ਨੇ ਕਿਹਾ ਸੀ: “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ। ਜੇ ਕੋਈ ਉਹ ਦੀ ਮਰਜ਼ੀ ਪੂਰੀ ਕਰਨੀ ਚਾਹੇ ਤਾਂ ਉਹ ਇਸ ਸਿੱਖਿਆ ਦੇ ਵਿਖੇ ਜਾਣੇਗਾ ਭਈ ਇਹ ਪਰਮੇਸ਼ੁਰ ਤੋਂ ਹੈ ਯਾ ਮੈਂ ਆਪਣੀ ਵੱਲੋਂ ਬੋਲਦਾ ਹਾਂ।” ਅਤੇ ਉਸ ਨੇ ਇਹ ਵੀ ਕਿਹਾ: “ਜੋ ਪਰਮੇਸ਼ੁਰ ਤੋਂ ਹੈ ਸੋ ਪਰਮੇਸ਼ੁਰ ਦੇ ਬਚਨ ਸੁਣਦਾ ਹੈ।” (ਯੂਹੰਨਾ 7:16, 17; 8:47) ਇਸ ਲਈ, ਪਰਮੇਸ਼ੁਰ ਦੀ ਮਿਹਰ ਪ੍ਰਾਪਤ ਕਰਨ ਲਈ ਇਕ ਵਿਅਕਤੀ ਸਿਰਫ਼ ਉਹੀ ਸਿੱਖਿਆਵਾਂ ਦੇਵੇਗਾ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਆਪਣੇ ਬਚਨ ਵਿਚ ਪ੍ਰਗਟ ਕੀਤਾ ਹੈ ਅਤੇ ਉਹ ਮਨੁੱਖੀ ਬੁੱਧ ਜਾਂ ਪਰੰਪਰਾ ਉੱਤੇ ਆਧਾਰਿਤ ਸਿੱਖਿਆਵਾਂ ਨੂੰ ਰੱਦ ਕਰੇਗਾ।​—ਯਸਾਯਾਹ 29:13; ਮੱਤੀ 15:3-9; ਕੁਲੁੱਸੀਆਂ 2:8.

8. ਉਪਾਸਨਾ ਵਿਚ ਪਰਮੇਸ਼ੁਰ ਦਾ ਨਾਂ ਇਸਤੇਮਾਲ ਕਰਨਾ ਕਿਉਂ ਜ਼ਰੂਰੀ ਹੈ?

8ਉਹ ਪਰਮੇਸ਼ੁਰ ਦੇ ਨਾਂ, ਯਹੋਵਾਹ ਨੂੰ ਇਸਤੇਮਾਲ ਕਰਦੇ ਹਨ ਤੇ ਇਸ ਦਾ ਐਲਾਨ ਕਰਦੇ ਹਨ। ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ: “ਓਸ ਦਿਨ ਤੁਸੀਂ ਆਖੋਗੇ, ਯਹੋਵਾਹ ਦਾ ਧੰਨਵਾਦ ਕਰੋ, ਉਹ ਦੇ ਨਾਮ ਉੱਤੇ ਪੁਕਾਰੋ, ਲੋਕਾਂ ਵਿੱਚ ਉਹ ਦੀਆਂ ਕਰਨੀਆਂ ਦੱਸੋ, ਪਰਚਾਰ ਕਰੋ ਕਿ ਉਹ ਦਾ ਨਾਮ ਉੱਤਮ ਹੈ। ਯਹੋਵਾਹ ਨੂੰ ਗਾਓ, ਉਸ ਨੇ ਸ਼ਾਨਦਾਰ ਕੰਮ ਜੋ ਕੀਤੇ, ਇਹ ਸਾਰੀ ਧਰਤੀ ਵਿੱਚ ਜਾਣਿਆ ਜਾਵੇ।” (ਯਸਾਯਾਹ 12:4, 5) ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ।” (ਮੱਤੀ 6:9) ਇਸ ਲਈ ਚਾਹੇ ਉਸ ਸਮੇਂ ਦੇ ਮਸੀਹੀ ਯਹੂਦੀ ਸਨ ਜਾਂ ਗ਼ੈਰ-ਯਹੂਦੀ, ਉਨ੍ਹਾਂ ਨੇ “[ਪਰਮੇਸ਼ੁਰ ਦੇ] ਨਾਮ ਦੇ ਲਈ ਚੁਣੇ” ਗਏ ਲੋਕਾਂ ਦੇ ਤੌਰ ਤੇ ਸੇਵਾ ਕਰਨੀ ਸੀ। (ਰਸੂਲਾਂ ਦੇ ਕਰਤੱਬ 15:14) ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਮਦਦ ਕਰ ਕੇ ਖ਼ੁਸ਼ ਹੁੰਦਾ ਹੈ ਜਿਹੜੇ ‘ਉਸ ਦੇ ਨਾਮ ਦੇ ਲਈ ਚੁਣੀ ਗਈ ਇੱਕ ਪਰਜਾ’ ਹੋਣ ਵਿਚ ਮਾਣ ਮਹਿਸੂਸ ਕਰਦੇ ਹਨ।

9. (ੳ) ਖ਼ੁਸ਼ੀ ਸੱਚੇ ਧਰਮ ਦੇ ਮੈਂਬਰਾਂ ਦੀ ਖ਼ਾਸੀਅਤ ਕਿਉਂ ਹੈ? (ਅ) ਯਸਾਯਾਹ ਨੇ ਸੱਚੇ ਧਰਮ ਤੇ ਝੂਠੇ ਧਰਮ ਵਿਚ ਕੀ ਫ਼ਰਕ ਦੱਸਿਆ?

9ਉਹ ਵੀ ਪਰਮੇਸ਼ੁਰ ਵਾਂਗ ਖ਼ੁਸ਼ਦਿਲੀ ਦਿਖਾਉਂਦੇ। “ਖੁਸ਼ ਖਬਰੀ” ਦਾ ਲੇਖਕ ਹੋਣ ਕਰਕੇ ਯਹੋਵਾਹ ਇਕ “ਪਰਮਧੰਨ” ਜਾਂ ਖ਼ੁਸ਼ਦਿਲ ਪਰਮੇਸ਼ੁਰ ਹੈ। (1 ਤਿਮੋਥਿਉਸ 1:11) ਇਸ ਲਈ ਉਸ ਦੇ ਉਪਾਸਕ ਕਿਉਂ ਦੁਖੀ ਜਾਂ ਹਮੇਸ਼ਾ ਨਿਰਾਸ਼ਾਵਾਦੀ ਹੋਣ? ਚਾਹੇ ਕਿ ਦੁਨੀਆਂ ਵਿਚ ਬਹੁਤ ਗੜਬੜੀ ਹੈ ਤੇ ਸੱਚੇ ਮਸੀਹੀਆਂ ਨੂੰ ਨਿੱਜੀ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਫਿਰ ਵੀ ਉਹ ਖ਼ੁਸ਼ ਰਹਿੰਦੇ ਹਨ ਕਿਉਂਕਿ ਉਹ ਲਗਾਤਾਰ ਭਰਪੂਰ ਅਧਿਆਤਮਿਕ ਭੋਜਨ ਦਾ ਆਨੰਦ ਮਾਣਦੇ ਹਨ। ਯਸਾਯਾਹ ਨੇ ਉਨ੍ਹਾਂ ਵਿਚ ਅਤੇ ਝੂਠੇ ਧਰਮ ਤੇ ਚੱਲਣ ਵਾਲਿਆਂ ਵਿਚ ਫ਼ਰਕ ਦੱਸਿਆ: “ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, ਵੇਖੋ, ਮੇਰੇ ਦਾਸ ਖਾਣਗੇ ਪਰ ਤੁਸੀਂ ਭੁੱਖੇ ਰਹੋਗੇ, ਵੇਖੋ, ਮੇਰੇ ਦਾਸ ਪੀਣਗੇ ਪਰ ਤੁਸੀਂ ਤਿਹਾਏ ਰਹੋਗੇ, ਵੇਖੋ, ਮੇਰੇ ਦਾਸ ਖੁਸ਼ੀ ਮਨਾਉਣਗੇ ਪਰ ਤੁਸੀਂ ਸ਼ਰਮ ਖਾਓਗੇ, ਵੇਖੋ, ਮੇਰੇ ਦਾਸ ਖੁਸ਼ ਦਿਲੀ ਨਾਲ ਜੈਕਾਰੇ ਗਜਾਉਣਗੇ, ਪਰ ਤੁਸੀਂ ਦੁਖ ਦਿਲੀ ਨਾਲ ਚਿੱਲਾਓਗੇ, ਅਤੇ ਟੁੱਟੇ ਹੋਏ ਆਤਮਾ ਨਾਲ ਚੀਕਾਂ ਮਾਰੋਗੇ!”​—ਯਸਾਯਾਹ 65:13, 14.

10. ਜਿਹੜੇ ਲੋਕ ਸੱਚੇ ਧਰਮ ਉੱਤੇ ਚੱਲਦੇ ਹਨ, ਉਹ ਕਿੱਦਾਂ ਗ਼ਲਤੀਆਂ ਕਰਨ ਤੋਂ ਬਚੇ ਰਹਿੰਦੇ ਹਨ?

10ਉਹ ਬਾਈਬਲ ਦੇ ਅਸੂਲਾਂ ਉੱਤੇ ਚੱਲਦੇ ਹਨ ਅਤੇ ਉਨ੍ਹਾਂ ਅਨੁਸਾਰ ਫ਼ੈਸਲੇ ਕਰਦੇ ਹਨ। ਕਹਾਉਤਾਂ ਦਾ ਲਿਖਾਰੀ ਸਾਨੂੰ ਸਲਾਹ ਦਿੰਦਾ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾਉਤਾਂ 3:5, 6) ਪਰਮੇਸ਼ੁਰ ਦੀ ਮਿਹਰ ਉਨ੍ਹਾਂ ਲੋਕਾਂ ਉੱਤੇ ਰਹਿੰਦੀ ਹੈ ਜਿਹੜੇ ਉਸ ਤੋਂ ਨਿਰਦੇਸ਼ਨ ਮੰਗਦੇ ਹਨ ਅਤੇ ਪਰਮੇਸ਼ੁਰੀ ਬੁੱਧ ਦੇ ਉਲਟ ਚੱਲਣ ਵਾਲੇ ਲੋਕਾਂ ਦੇ ਵਿਰੋਧੀ ਵਿਚਾਰਾਂ ਨੂੰ ਨਹੀਂ ਸੁਣਦੇ। ਇਕ ਵਿਅਕਤੀ ਜਿਸ ਹੱਦ ਤਕ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦਾ ਹੈ, ਉਸ ਹੱਦ ਤਕ ਉਹ ਗ਼ਲਤੀਆਂ ਕਰਨ ਤੋਂ ਬਚਿਆ ਰਹੇਗਾ।​—ਜ਼ਬੂਰ 119:33; 1 ਕੁਰਿੰਥੀਆਂ 1:19-21.

11. (ੳ) ਸੱਚੇ ਧਰਮ ਦੇ ਮੈਂਬਰ ਪਾਦਰੀ ਵਰਗ ਅਤੇ ਆਮ ਲੋਕਾਂ ਵਿਚ ਕਿਉਂ ਨਹੀਂ ਵੰਡੇ ਹੋਏ ਹੋ ਸਕਦੇ? (ਅ) ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਰਨ ਵਾਲੇ ਵਿਅਕਤੀਆਂ ਨੂੰ ਝੁੰਡ ਲਈ ਕਿਹੜੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ?

11ਉਹ ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਦੇ ਨਮੂਨੇ ਉੱਤੇ ਚੱਲਦੇ ਹਨ। ਯਿਸੂ ਨੇ ਇਕ ਸਿਧਾਂਤ ਦੱਸਿਆ ਸੀ: “ਤੁਸੀਂ ਸੁਆਮੀ ਨਾ ਕਹਾਓ ਕਿਉਂ ਜੋ ਤੁਹਾਡਾ ਗੁਰੂ ਇੱਕੋ ਹੈ ਅਰ ਤੁਸੀਂ ਸੱਭੋ ਭਾਈ ਹੋ। ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ ਨਾ ਆਖੋ ਕਿਉਂ ਜੋ ਤੁਹਾਡਾ ਪਿਤਾ ਇੱਕੋ ਹੈ ਜਿਹੜਾ ਅਕਾਸ਼ ਉੱਤੇ ਹੈ। ਅਰ ਨਾ ਤੁਸੀਂ ਮਾਲਕ ਕਹਾਓ ਕਿਉਂ ਜੋ ਤੁਹਾਡਾ ਮਾਲਕ ਇੱਕੋ ਹੈ ਅਰਥਾਤ ਮਸੀਹ। ਪਰ ਉਹ ਜਿਹੜਾ ਤੁਹਾਡੇ ਵਿੱਚੋਂ ਹੋਰਨਾਂ ਨਾਲੋਂ ਵੱਡਾ ਹੈ ਸੋ ਤੁਹਾਡਾ ਟਹਿਲੂਆ ਹੋਵੇ।” (ਮੱਤੀ 23:8-11) ਭਰਾਵਾਂ ਦੀ ਕਲੀਸਿਯਾ ਵਿਚ ਘਮੰਡੀ ਪਾਦਰੀਆਂ ਲਈ ਕੋਈ ਥਾਂ ਨਹੀਂ ਹੈ ਜਿਹੜੇ ਆਪਣੇ ਲਈ ਵੱਡੇ-ਵੱਡੇ ਖ਼ਿਤਾਬ ਰੱਖਦੇ ਹਨ ਤੇ ਆਮ ਲੋਕਾਂ ਨੂੰ ਆਪਣੇ ਨਾਲੋਂ ਨੀਵਾਂ ਸਮਝਦੇ ਹਨ। (ਅੱਯੂਬ 32:21, 22) ਜਿਹੜੇ ਪਰਮੇਸ਼ੁਰ ਦੇ ਝੁੰਡ ਦੀ ਚਰਵਾਹੀ ਕਰਦੇ ਹਨ, ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਇਹ ਕੰਮ “ਲਚਾਰੀ ਨਾਲ ਨਹੀਂ ਸਗੋਂ ਖੁਸ਼ੀ ਨਾਲ ਪਰਮੇਸ਼ੁਰ ਦੀ ਇੱਛਿਆ ਅਨੁਸਾਰ ਅਤੇ ਨਾ ਝੂਠੇ ਨਫ਼ੇ ਦੇ ਕਾਰਨ ਸਗੋਂ ਮਨ ਦੀ ਚਾਹ” ਨਾਲ ਕਰਨ ‘ਅਤੇ ਓਹਨਾਂ ਉੱਤੇ ਜਿਹੜੇ ਉਨ੍ਹਾਂ ਦੇ ਸਪੁਰਦ ਹਨ ਹੁਕਮ ਨਾ ਚਲਾਉਣ ਸਗੋਂ ਇੱਜੜ ਦੇ ਲਈ ਨਮੂਨਾ ਬਣਨ।’ (1 ਪਤਰਸ 5:2, 3) ਸੱਚੇ ਮਸੀਹੀ ਚਰਵਾਹੇ ਦੂਸਰਿਆਂ ਦੀ ਨਿਹਚਾ ਉੱਤੇ ਹੁਕਮ ਚਲਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਪਰਮੇਸ਼ੁਰ ਦੀ ਸੇਵਾ ਵਿਚ ਇਕ-ਦੂਜੇ ਦੇ ਸਹਿਕਰਮੀ ਹੋਣ ਦੇ ਨਾਤੇ ਉਹ ਇਕ ਚੰਗੀ ਮਿਸਾਲ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਹਨ।​—2 ਕੁਰਿੰਥੀਆਂ 1:24.

12. ਜਿਹੜੇ ਲੋਕ ਪਰਮੇਸ਼ੁਰ ਦੀ ਮਿਹਰ ਚਾਹੁੰਦੇ ਹਨ, ਪਰਮੇਸ਼ੁਰ ਉਨ੍ਹਾਂ ਤੋਂ ਮਨੁੱਖੀ ਹਕੂਮਤਾਂ ਪ੍ਰਤੀ ਕਿਹੜਾ ਸੰਤੁਲਿਤ ਨਜ਼ਰੀਆ ਰੱਖਣ ਦੀ ਮੰਗ ਕਰਦਾ ਹੈ?

12ਉਹ ਇਨਸਾਨੀ ਹਕੂਮਤਾਂ ਦੇ ਅਧੀਨ ਰਹਿੰਦੇ ਹਨ ਪਰ ਕਿਸੇ ਦੇ ਪੱਖ ਵਿਚ ਨਹੀਂ ਖੜ੍ਹਦੇ। ਜਿਹੜਾ ਵਿਅਕਤੀ “ਹਕੂਮਤਾਂ ਦੇ ਅਧੀਨ” ਨਹੀਂ ਰਹਿੰਦਾ, ਪਰਮੇਸ਼ੁਰ ਉਸ ਦੀ ਮਦਦ ਨਹੀਂ ਕਰਦਾ। ਕਿਉਂ? ਕਿਉਂਕਿ “ਜਿੰਨੀਆਂ ਹਕੂਮਤਾਂ ਹਨ ਓਹ ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ। ਇਸ ਲਈ ਜਿਹੜਾ ਹਕੂਮਤ ਦਾ ਸਾਹਮਣਾ ਕਰਦਾ ਹੈ ਉਹ ਪਰਮੇਸ਼ੁਰ ਦੇ ਇੰਤਜ਼ਾਮ ਦਾ ਸਾਹਮਣਾ ਕਰਦਾ ਹੈ।” (ਰੋਮੀਆਂ 13:1, 2) ਪਰ ਯਿਸੂ ਨੇ ਕਿਹਾ ਸੀ: “ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਸੋ ਕੈਸਰ ਨੂੰ ਦਿਓ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਸੋ ਪਰਮੇਸ਼ੁਰ ਨੂੰ ਦਿਓ।” (ਮਰਕੁਸ 12:17) ਯਿਸੂ ਦੇ ਇਹ ਸ਼ਬਦ ਦਿਖਾਉਂਦੇ ਹਨ ਕਿ ਕਦੇ-ਕਦਾਈਂ ਹਕੂਮਤਾਂ ਦੀਆਂ ਮੰਗਾਂ ਪਰਮੇਸ਼ੁਰ ਦੀਆਂ ਮੰਗਾਂ ਦੇ ਉਲਟ ਹੋ ਸਕਦੀਆਂ ਹਨ। ਜਿਹੜੇ ਲੋਕ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਕਰਨੀ ਚਾਹੁੰਦੇ ਹਨ, ‘ਉਨ੍ਹਾਂ ਨੂੰ [ਪਰਮੇਸ਼ੁਰ] ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲਦੇ’ ਰਹਿਣਾ ਚਾਹੀਦਾ ਹੈ ਤੇ ਇਸ ਦੇ ਨਾਲ-ਨਾਲ ਆਪਣੇ ਦੇਸ਼ ਦੇ ਉਨ੍ਹਾਂ ਸਾਰੇ ਕਾਨੂੰਨਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ ਜਿਹੜੇ ਪਰਮੇਸ਼ੁਰ ਦੇ ਕਾਨੂੰਨਾਂ ਤੋਂ ਉਲਟ ਨਹੀਂ ਹਨ। (ਮੱਤੀ 6:33; ਰਸੂਲਾਂ ਦੇ ਕਰਤੱਬ 5:29) ਯਿਸੂ ਨੇ ਨਿਰਪੱਖ ਰਹਿਣ ਤੇ ਜ਼ੋਰ ਦਿੱਤਾ ਜਦੋਂ ਉਸ ਨੇ ਆਪਣੇ ਚੇਲਿਆਂ ਬਾਰੇ ਕਿਹਾ ਸੀ: “ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।” ਬਾਅਦ ਵਿਚ ਉਸ ਨੇ ਕਿਹਾ: “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ।”​—ਯੂਹੰਨਾ 17:16; 18:36.

13. ਪਰਮੇਸ਼ੁਰ ਦੇ ਲੋਕਾਂ ਦੀ ਪਛਾਣ ਕਰਨ ਵਿਚ ਪਿਆਰ ਦੀ ਕੀ ਭੂਮਿਕਾ ਹੈ?

13ਉਹ ‘ਸਭਨਾਂ ਨਾਲ ਭਲਾ ਕਰਨ’ ਵਿਚ ਕਿਸੇ ਨਾਲ ਪੱਖਪਾਤ ਨਹੀਂ ਕਰਦੇ। (ਗਲਾਤੀਆਂ 6:10) ਮਸੀਹੀ ਪਿਆਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਇਹ ਕਿਸੇ ਦੀ ਚਮੜੀ ਦੇ ਰੰਗ, ਅਮੀਰੀ-ਗ਼ਰੀਬੀ, ਪੜ੍ਹਾਈ-ਲਿਖਾਈ, ਕੌਮੀਅਤ ਜਾਂ ਭਾਸ਼ਾ ਦੀ ਪਰਵਾਹ ਨਹੀਂ ਕਰਦਾ। ਸਾਰਿਆਂ ਦਾ ਭਲਾ ਕਰਨ, ਖ਼ਾਸ ਕਰਕੇ ਆਪਣੇ ਸੰਗੀ-ਵਿਸ਼ਵਾਸੀਆਂ ਦਾ ਭਲਾ ਕਰਨ ਨਾਲ ਪਤਾ ਚੱਲਦਾ ਹੈ ਕਿ ਪਰਮੇਸ਼ੁਰ ਦੀ ਮਿਹਰ ਕਿਨ੍ਹਾਂ ਉੱਤੇ ਹੈ। ਯਿਸੂ ਨੇ ਕਿਹਾ ਸੀ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”​—ਯੂਹੰਨਾ 13:35; ਰਸੂਲਾਂ ਦੇ ਕਰਤੱਬ 10:34, 35.

14. ਕੀ ਲੋਕ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਪਸੰਦ ਕਰਦੇ ਹਨ ਜਿਨ੍ਹਾਂ ਉੱਤੇ ਪਰਮੇਸ਼ੁਰ ਦੀ ਮਿਹਰ ਹੈ? ਸਮਝਾਓ।

14ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਅਤਿਆਚਾਰ ਸਹਿਣ ਵਾਸਤੇ ਵੀ ਤਿਆਰ ਰਹਿੰਦੇ ਹਨ। ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ: “ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਓਹ ਤੁਹਾਨੂੰ ਵੀ ਸਤਾਉਣਗੇ। ਜੇ ਉਨ੍ਹਾਂ ਮੇਰੇ ਬਚਨ ਦੀ ਪਾਲਨਾ ਕੀਤੀ ਤਾਂ ਤੁਹਾਡੇ ਦੀ ਵੀ ਪਾਲਨਾ ਕਰਨਗੇ।” (ਯੂਹੰਨਾ 15:20; ਮੱਤੀ 5:11, 12; 2 ਤਿਮੋਥਿਉਸ 3:12) ਜਿਨ੍ਹਾਂ ਲੋਕਾਂ ਉੱਤੇ ਪਰਮੇਸ਼ੁਰ ਦੀ ਮਿਹਰ ਹੁੰਦੀ ਹੈ, ਦੂਸਰੇ ਲੋਕ ਅਕਸਰ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਹਨ। ਲੋਕਾਂ ਨੇ ਨੂਹ ਨਾਲ ਵੀ ਨਫ਼ਰਤ ਕੀਤੀ ਸੀ ਜਿਸ ਨੇ ਆਪਣੀ ਨਿਹਚਾ ਰਾਹੀਂ ਸੰਸਾਰ ਨੂੰ ਦੋਸ਼ੀ ਠਹਿਰਾਇਆ। (ਇਬਰਾਨੀਆਂ 11:7) ਅੱਜ ਜਿਹੜੇ ਲੋਕ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਕਰਨੀ ਚਾਹੁੰਦੇ ਹਨ, ਉਹ ਪਰਮੇਸ਼ੁਰ ਦੇ ਬਚਨ ਦੇ ਅਸਰ ਨੂੰ ਘੱਟ ਕਰਨ ਜਾਂ ਅਤਿਆਚਾਰ ਤੋਂ ਬਚਣ ਲਈ ਉਸ ਦੇ ਅਸੂਲਾਂ ਨੂੰ ਤੋੜਨ ਬਾਰੇ ਸੋਚ ਵੀ ਨਹੀਂ ਸਕਦੇ। ਉਹ ਜਾਣਦੇ ਹਨ ਕਿ ਜਦੋਂ ਤਕ ਉਹ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣਗੇ, ਲੋਕ ‘ਇਸ ਨੂੰ ਅਚਰਜ ਮੰਨਣਗੇ ਅਤੇ ਉਨ੍ਹਾਂ ਦੀ ਨਿੰਦਿਆ ਕਰਦੇ ਰਹਿਣਗੇ।’​—1 ਪਤਰਸ 2:12; 3:16; 4:4.

ਤੱਥਾਂ ਦੀ ਜਾਂਚ ਕਰਨ ਦਾ ਸਮਾਂ

15, 16. (ੳ) ਜਿਸ ਧਾਰਮਿਕ ਸਮੂਹ ਨੂੰ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਹੈ, ਉਸ ਨੂੰ ਪਛਾਣਨ ਵਿਚ ਕਿਹੜੇ ਸਵਾਲ ਸਾਡੀ ਮਦਦ ਕਰਨਗੇ? (ਅ) ਲੱਖਾਂ ਲੋਕ ਕਿਸ ਸਿੱਟੇ ਤੇ ਪੁੱਜੇ ਹਨ ਅਤੇ ਕਿਉਂ?

15 ਆਪਣੇ ਆਪ ਨੂੰ ਪੁੱਛੋ, ‘ਕਿਹੜਾ ਧਾਰਮਿਕ ਸਮੂਹ ਪਰਮੇਸ਼ੁਰ ਦੇ ਬਚਨ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਲਈ ਜਾਣਿਆ ਜਾਂਦਾ ਹੈ, ਉਦੋਂ ਵੀ ਜਦੋਂ ਇਸ ਦੀਆਂ ਸਿੱਖਿਆਵਾਂ ਜ਼ਿਆਦਾਤਰ ਲੋਕਾਂ ਦੇ ਵਿਸ਼ਵਾਸਾਂ ਨਾਲ ਮੇਲ ਨਹੀਂ ਖਾਂਦੀਆਂ? ਕੌਣ ਪਰਮੇਸ਼ੁਰ ਦੇ ਨਿੱਜੀ ਨਾਂ ਦੀ ਅਹਿਮੀਅਤ ਤੇ ਜ਼ੋਰ ਦਿੰਦੇ ਹਨ ਤੇ ਇਸ ਨਾਂ ਨਾਲ ਆਪਣੀ ਪਛਾਣ ਵੀ ਕਰਾਉਂਦੇ ਹਨ? ਕੌਣ ਪੂਰੇ ਵਿਸ਼ਵਾਸ ਨਾਲ ਐਲਾਨ ਕਰਦੇ ਹਨ ਕਿ ਪਰਮੇਸ਼ੁਰ ਦਾ ਰਾਜ ਹੀ ਇਨਸਾਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਇੱਕੋ-ਇਕ ਹੱਲ ਹੈ? ਕੌਣ ਬਾਈਬਲ ਦੇ ਮਿਆਰਾਂ ਉੱਤੇ ਚੱਲ ਕੇ ਆਪਣੇ ਚਾਲ-ਚਲਣ ਨੂੰ ਸ਼ੁੱਧ ਰੱਖਦੇ ਹਨ, ਚਾਹੇ ਕਿ ਦੂਸਰੇ ਉਨ੍ਹਾਂ ਨੂੰ ਪੁਰਾਣੇ ਖ਼ਿਆਲਾਂ ਦੇ ਲੋਕ ਕਹਿੰਦੇ ਹਨ? ਕਿਹੜੇ ਧਰਮ ਵਿਚ ਤਨਖ਼ਾਹ ਲੈਣ ਵਾਲੇ ਪਾਦਰੀ ਨਹੀਂ ਹਨ ਪਰ ਜਿਸ ਦੇ ਸਾਰੇ ਮੈਂਬਰ ਪ੍ਰਚਾਰਕ ਹਨ? ਕਾਨੂੰਨ ਦੀ ਪਾਲਣਾ ਕਰਨ ਕਰਕੇ ਕਿਨ੍ਹਾਂ ਲੋਕਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ, ਚਾਹੇ ਕਿ ਉਹ ਰਾਜਨੀਤੀ ਵਿਚ ਹਿੱਸਾ ਨਹੀਂ ਲੈਂਦੇ? ਕੌਣ ਬੜੇ ਪਿਆਰ ਨਾਲ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਸਿੱਖਣ ਵਿਚ ਦੂਸਰਿਆਂ ਦੀ ਮਦਦ ਕਰਨ ਲਈ ਆਪਣਾ ਸਮਾਂ ਅਤੇ ਪੈਸਾ ਲਗਾਉਂਦੇ ਹਨ? ਅਤੇ ਇਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਦੇ ਬਾਵਜੂਦ ਵੀ ਕਿਨ੍ਹਾਂ ਲੋਕਾਂ ਨੂੰ ਘਟੀਆ ਸਮਝਿਆ ਜਾਂਦਾ ਹੈ, ਕਿਨ੍ਹਾਂ ਦਾ ਮਖੌਲ ਉਡਾਇਆ ਜਾਂਦਾ ਹੈ ਅਤੇ ਕਿਨ੍ਹਾਂ ਉੱਤੇ ਅਤਿਆਚਾਰ ਕੀਤਾ ਜਾਂਦਾ ਹੈ?’

16 ਪੂਰੀ ਦੁਨੀਆਂ ਵਿਚ ਲੱਖਾਂ ਲੋਕਾਂ ਨੇ ਇਨ੍ਹਾਂ ਸਵਾਲਾਂ ਦੇ ਜਵਾਬਾਂ ਦੀ ਜਾਂਚ ਕੀਤੀ ਹੈ ਅਤੇ ਉਨ੍ਹਾਂ ਨੂੰ ਪੱਕਾ ਯਕੀਨ ਹੋ ਗਿਆ ਹੈ ਕਿ ਯਹੋਵਾਹ ਦੇ ਗਵਾਹ ਹੀ ਸੱਚੇ ਧਰਮ ਉੱਤੇ ਚੱਲ ਰਹੇ ਹਨ। ਯਹੋਵਾਹ ਦੇ ਗਵਾਹ ਕੀ ਸਿਖਾਉਂਦੇ ਹਨ, ਦੂਸਰਿਆਂ ਨਾਲ ਕਿੱਦਾਂ ਪੇਸ਼ ਆਉਂਦੇ ਹਨ ਅਤੇ ਉਨ੍ਹਾਂ ਦੇ ਧਰਮ ਦੇ ਕੀ ਫ਼ਾਇਦੇ ਹੋਏ ਹਨ, ਇਨ੍ਹਾਂ ਸਭ ਗੱਲਾਂ ਦੇ ਆਧਾਰ ਤੇ ਲੋਕ ਇਸ ਸਿੱਟੇ ਤੇ ਪੁੱਜੇ ਹਨ। (ਯਸਾਯਾਹ 48:17) ਜਿਵੇਂ ਕਿ ਜ਼ਕਰਯਾਹ 8:23 ਵਿਚ ਭਵਿੱਖਬਾਣੀ ਕੀਤੀ ਗਈ ਸੀ, ਲੱਖਾਂ ਲੋਕ ਕਹਿ ਰਹੇ ਹਨ: “ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!”

17. ਯਹੋਵਾਹ ਦੇ ਗਵਾਹਾਂ ਦਾ ਇਹ ਕਹਿਣਾ ਕਿਉਂ ਜਾਇਜ਼ ਹੈ ਕਿ ਸਿਰਫ਼ ਉਹੀ ਸੱਚੇ ਧਰਮ ਉੱਤੇ ਚੱਲ ਰਹੇ ਹਨ?

17 ਕੀ ਯਹੋਵਾਹ ਦੇ ਗਵਾਹਾਂ ਦਾ ਇਹ ਦਾਅਵਾ ਜਾਇਜ਼ ਹੈ ਕਿ ਪਰਮੇਸ਼ੁਰ ਦੀ ਮਿਹਰ ਸਿਰਫ਼ ਉਨ੍ਹਾਂ ਉੱਤੇ ਹੀ ਹੈ? ਦਰਅਸਲ ਮਿਸਰ ਵਿਚ ਰਹਿੰਦੇ ਇਸਰਾਏਲੀਆਂ ਨੇ ਵੀ ਮਿਸਰੀਆਂ ਦੇ ਵਿਸ਼ਵਾਸ ਦੇ ਉਲਟ ਇਹੀ ਦਾਅਵਾ ਕੀਤਾ ਸੀ। ਅਤੇ ਪਹਿਲੀ ਸਦੀ ਦੇ ਮਸੀਹੀਆਂ ਨੇ ਵੀ ਦਾਅਵਾ ਕੀਤਾ ਸੀ ਕਿ ਪਰਮੇਸ਼ੁਰ ਦੀ ਮਿਹਰ ਯਹੂਦੀ ਧਾਰਮਿਕ ਆਗੂਆਂ ਉੱਤੇ ਨਹੀਂ ਸਗੋਂ ਉਨ੍ਹਾਂ ਉੱਤੇ ਸੀ। ਤੱਥ ਇਸ ਦਾਅਵੇ ਨੂੰ ਸਹੀ ਸਿੱਧ ਕਰਦੇ ਹਨ। ਯਹੋਵਾਹ ਦੇ ਗਵਾਹ 235 ਦੇਸ਼ਾਂ ਵਿਚ ਉਹੀ ਕੰਮ ਕਰ ਰਹੇ ਹਨ ਜਿਸ ਬਾਰੇ ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਉਸ ਦੇ ਚੇਲੇ ਅੰਤ ਦੇ ਦਿਨਾਂ ਵਿਚ ਇਹ ਕੰਮ ਕਰਨਗੇ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।”​—ਮੱਤੀ 24:14.

18, 19. (ੳ) ਚਾਹੇ ਕਿ ਯਹੋਵਾਹ ਦੇ ਗਵਾਹਾਂ ਦਾ ਵਿਰੋਧ ਕੀਤਾ ਜਾਂਦਾ ਹੈ, ਪਰ ਫਿਰ ਵੀ ਉਹ ਆਪਣਾ ਕੰਮ ਕਰਨ ਤੋਂ ਪਿੱਛੇ ਕਿਉਂ ਨਹੀਂ ਹਟਦੇ? (ਅ) ਜ਼ਬੂਰ 41:11 ਕਿੱਦਾਂ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਪਰਮੇਸ਼ੁਰ ਦੀ ਮਿਹਰ ਉਸ ਦੇ ਗਵਾਹਾਂ ਉੱਤੇ ਹੈ?

18 ਯਹੋਵਾਹ ਦੇ ਗਵਾਹ ਆਪਣਾ ਇਹ ਕੰਮ ਕਰਦੇ ਰਹਿਣਗੇ ਅਤੇ ਅਤਿਆਚਾਰ ਜਾਂ ਵਿਰੋਧ ਨੂੰ ਇਸ ਕੰਮ ਵਿਚ ਰੁਕਾਵਟ ਨਹੀਂ ਬਣਨ ਦੇਣਗੇ। ਯਹੋਵਾਹ ਦਾ ਕੰਮ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਪੂਰਾ ਹੋ ਕੇ ਰਹੇਗਾ। ਪਿਛਲੀ ਸਦੀ ਵਿਚ ਯਹੋਵਾਹ ਦੇ ਗਵਾਹਾਂ ਨੂੰ ਪਰਮੇਸ਼ੁਰ ਦਾ ਇਹ ਕੰਮ ਕਰਨ ਤੋਂ ਰੋਕਣ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਪਰ ਇਹ ਕਾਮਯਾਬ ਨਹੀਂ ਹੋਈਆਂ ਕਿਉਂਕਿ ਯਹੋਵਾਹ ਨੇ ਵਾਅਦਾ ਕੀਤਾ ਸੀ: “ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰ ਜੀਭ ਨੂੰ ਜੋ ਤੇਰੇ ਵਿਰੁੱਧ ਨਿਆਉਂ ਲਈ ਉੱਠੇ, ਤੂੰ ਦੋਸ਼ੀ ਠਹਿਰਾਵੇਂਗੀ,—ਏਹ ਯਹੋਵਾਹ ਦੇ ਦਾਸਾਂ ਦਾ ਅਧਿਕਾਰ ਹੈ, ਅਤੇ ਉਨ੍ਹਾਂ ਦਾ ਧਰਮ ਮੈਥੋਂ ਹੈ, ਯਹੋਵਾਹ ਦਾ ਵਾਕ ਹੈ।”​—ਯਸਾਯਾਹ 54:17.

19 ਦੁਨੀਆਂ ਭਰ ਵਿਚ ਵਿਰੋਧ ਦੇ ਬਾਵਜੂਦ ਅੱਜ ਯਹੋਵਾਹ ਦੇ ਗਵਾਹ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹਨ ਅਤੇ ਜ਼ਿਆਦਾ ਕੰਮ ਕਰ ਰਹੇ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ ਜੋ ਕੰਮ ਉਹ ਕਰ ਰਹੇ ਹਨ, ਉਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। ਰਾਜਾ ਦਾਊਦ ਨੇ ਕਿਹਾ ਸੀ: “ਇਸ ਤੋਂ ਮੈਂ ਜਾਣਦਾ ਹਾਂ ਭਈ ਤੂੰ ਮੈਥੋਂ ਪਰਸੰਨ ਹੈਂ, ਜੋ ਮੇਰਾ ਵੈਰੀ ਮੇਰੇ ਉੱਤੇ ਜੈ ਕਾਰ ਨਹੀਂ ਗਜਾਉਂਦਾ।” (ਜ਼ਬੂਰ 41:11; 56:9, 11) ਯਹੋਵਾਹ ਦੇ ਵੈਰੀ ਕਦੀ ਵੀ ਪਰਮੇਸ਼ੁਰ ਦੇ ਲੋਕਾਂ ਨੂੰ ਜਿੱਤ ਨਹੀਂ ਸਕਣਗੇ ਕਿਉਂਕਿ ਉਨ੍ਹਾਂ ਦਾ ਆਗੂ, ਯਿਸੂ ਮਸੀਹ ਆਖ਼ਰੀ ਫਤਹਿ ਪ੍ਰਾਪਤ ਕਰਨ ਲਈ ਅੱਗੇ ਵਧਦਾ ਜਾ ਰਿਹਾ ਹੈ!

ਕੀ ਤੁਸੀਂ ਜਵਾਬ ਦੇ ਸਕਦੇ ਹੋ?

• ਪੁਰਾਣੇ ਸਮੇਂ ਦੇ ਕੁਝ ਲੋਕਾਂ ਦੀਆਂ ਉਦਾਹਰਣਾਂ ਦਿਓ ਜਿਨ੍ਹਾਂ ਉੱਤੇ ਪਰਮੇਸ਼ੁਰ ਦੀ ਮਿਹਰ ਸੀ।

• ਸੱਚੇ ਧਰਮ ਦੇ ਕੁਝ ਪਛਾਣ ਚਿੰਨ੍ਹ ਕੀ ਹਨ?

• ਤੁਸੀਂ ਨਿੱਜੀ ਤੌਰ ਤੇ ਕਿਉਂ ਯਕੀਨ ਕਰਦੇ ਹੋ ਕਿ ਯਹੋਵਾਹ ਦੇ ਗਵਾਹਾਂ ਉੱਤੇ ਪਰਮੇਸ਼ੁਰ ਦੀ ਮਿਹਰ ਹੈ?

[ਸਵਾਲ]

[ਸਫ਼ੇ 13 ਉੱਤੇ ਤਸਵੀਰ]

ਜਿਹੜੇ ਲੋਕ ਪਰਮੇਸ਼ੁਰ ਦੀ ਮਿਹਰ ਚਾਹੁੰਦੇ ਹਨ, ਉਨ੍ਹਾਂ ਨੂੰ ਸਿਰਫ਼ ਬਾਈਬਲ ਉ ਤੇ ਆਧਾਰਿਤ ਸਿੱਖਿਆਵਾਂ ਦੇਣੀਆਂ ਚਾਹੀਦੀਆਂ ਹਨ

[ਸਫ਼ੇ 15 ਉੱਤੇ ਤਸਵੀਰ]

ਮਸੀਹੀ ਬਜ਼ੁਰਗ ਝੁੰਡ ਲਈ ਇਕ ਮਿਸਾਲ ਹਨ