Skip to content

Skip to table of contents

ਤੁਸੀਂ ਕਿਹਦੇ ਮਿਆਰਾਂ ਉੱਤੇ ਭਰੋਸਾ ਰੱਖ ਸਕਦੇ ਹੋ?

ਤੁਸੀਂ ਕਿਹਦੇ ਮਿਆਰਾਂ ਉੱਤੇ ਭਰੋਸਾ ਰੱਖ ਸਕਦੇ ਹੋ?

ਤੁਸੀਂ ਕਿਹਦੇ ਮਿਆਰਾਂ ਉੱਤੇ ਭਰੋਸਾ ਰੱਖ ਸਕਦੇ ਹੋ?

ਇਕ ਯਾਤਰੀ ਪਹਿਲੀ ਵਾਰ ਅਫ਼ਰੀਕਾ ਗਿਆ ਤੇ ਇਕ ਆਦਮੀ ਨੂੰ ਦੇਖ ਕੇ ਹੈਰਾਨ ਰਹਿ ਗਿਆ ਜੋ ਸੜਕ ਦੇ ਇਕ ਪਾਸੇ ਸਿੱਧਾ ਖੜ੍ਹਾ ਸੀ। ਉਸ ਨੇ ਦੇਖਿਆ ਕਿ ਉਹ ਆਦਮੀ ਸਿੱਧਾ ਖੜ੍ਹਾ-ਖੜ੍ਹਾ ਹੀ ਕੁਝ-ਕੁਝ ਮਿੰਟਾਂ ਬਾਅਦ ਹੌਲੀ-ਹੌਲੀ ਆਪਣੇ ਪੈਰ ਘੜੀਸ ਕੇ ਥੋੜ੍ਹਾ ਜਿਹਾ ਇਕ ਪਾਸੇ ਨੂੰ ਖਿਸਕ ਜਾਂਦਾ ਸੀ। ਬਾਅਦ ਵਿਚ ਉਸ ਯਾਤਰੀ ਨੂੰ ਪਤਾ ਲੱਗਾ ਕਿ ਉਹ ਆਦਮੀ ਕਿਉਂ ਇੱਦਾਂ ਕਰ ਰਿਹਾ ਸੀ। ਦਰਅਸਲ ਉਹ ਆਪਣੇ ਆਪ ਨੂੰ ਟੈਲੀਗ੍ਰਾਫ਼ ਦੇ ਇਕ ਖੰਭੇ ਦੀ ਛਾਂਵੇਂ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੁਪਹਿਰ ਤੋਂ ਬਾਅਦ ਜਿੱਦਾਂ-ਜਿੱਦਾਂ ਸੂਰਜ ਆਪਣੀ ਦਿਸ਼ਾ ਬਦਲਦਾ ਜਾ ਰਿਹਾ ਸੀ, ਛਾਂ ਵੀ ਹੌਲੀ-ਹੌਲੀ ਘੁੰਮਦੀ ਜਾ ਰਹੀ ਸੀ।

ਸੂਰਜ ਦੇ ਉਸ ਪਰਛਾਵੇਂ ਦੀ ਤਰ੍ਹਾਂ ਮਨੁੱਖੀ ਕੰਮ-ਕਾਜ ਅਤੇ ਨੈਤਿਕ ਮਿਆਰ ਵੀ ਬਦਲਦੇ ਰਹਿੰਦੇ ਹਨ। ਦੂਜੇ ਪਾਸੇ, ਯਹੋਵਾਹ ਪਰਮੇਸ਼ੁਰ ਯਾਨੀ ‘ਜੋਤਾਂ ਦਾ ਪਿਤਾ’ ਕਦੇ ਨਹੀਂ ਬਦਲਦਾ। ਚੇਲੇ ਯਾਕੂਬ ਨੇ ਲਿਖਿਆ ਕਿ ‘ਉਹ ਦੇ ਵਿਚ ਨਾ ਬਦਲ ਅਤੇ ਨਾ ਉਹ ਪਰਛਾਵਾਂ ਹੋ ਸੱਕਦਾ ਜਿਹੜਾ ਘੁੰਮਣ ਨਾਲ ਪੈਂਦਾ ਹੈ।’ (ਯਾਕੂਬ 1:17) ਇਬਰਾਨੀ ਨਬੀ ਮਲਾਕੀ ਨੇ ਪਰਮੇਸ਼ੁਰ ਦੇ ਇਹ ਸ਼ਬਦ ਦਰਜ ਕੀਤੇ: “ਮੈਂ ਯਹੋਵਾਹ ਅਟੱਲ ਹਾਂ।” (ਮਲਾਕੀ 3:6) ਯਸਾਯਾਹ ਦੇ ਦਿਨਾਂ ਵਿਚ ਇਸਰਾਏਲ ਕੌਮ ਨੂੰ ਪਰਮੇਸ਼ੁਰ ਨੇ ਕਿਹਾ: “ਬੁਢੇਪੇ ਤੀਕ ਮੈਂ ਉਹੀ ਹਾਂ, ਅਤੇ ਧੌਲਿਆਂ ਤੀਕ ਮੈਂ ਤੈਨੂੰ ਉਠਾਵਾਂਗਾ।” (ਯਸਾਯਾਹ 46:4) ਇਸ ਤੋਂ ਜ਼ਾਹਰ ਹੁੰਦਾ ਹੈ ਕਿ ਸਮਾਂ ਬੀਤਣ ਦੇ ਬਾਵਜੂਦ ਅਸੀਂ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਵਾਅਦਿਆਂ ਵਿਚ ਪੂਰਾ ਵਿਸ਼ਵਾਸ ਰੱਖ ਸਕਦੇ ਹਾਂ।

ਸ਼ਰਾ ਤੋਂ ਸਬਕ

ਜਿੱਦਾਂ ਯਹੋਵਾਹ ਦੇ ਵਾਅਦੇ ਭਰੋਸੇਯੋਗ ਹਨ ਤੇ ਬਦਲਦੇ ਨਹੀਂ ਹਨ, ਉੱਦਾਂ ਹੀ ਉਸ ਦੇ ਸਹੀ ਅਤੇ ਗ਼ਲਤ ਦਾ ਫ਼ਰਕ ਦੱਸਣ ਵਾਲੇ ਮਿਆਰ ਭਰੋਸੇਯੋਗ ਹਨ ਜੋ ਕਦੇ ਨਹੀਂ ਬਦਲਦੇ। ਕੀ ਤੁਸੀਂ ਉਸ ਵਪਾਰੀ ਵਿਚ ਭਰੋਸਾ ਕਰੋਗੇ ਜੋ ਭਾਰ ਤੋਲਣ ਲਈ ਦੋ ਤਰ੍ਹਾਂ ਦੇ ਵੱਟਿਆਂ ਦੀ ਵਰਤੋਂ ਕਰਦਾ ਹੈ ਜਿਨ੍ਹਾਂ ਵਿੱਚੋਂ ਸਿਰਫ਼ ਇੱਕੋ ਹੀ ਸਹੀ ਹੈ? ਬਿਲਕੁਲ ਨਹੀਂ। ਇਸੇ ਤਰ੍ਹਾਂ “ਛਲ ਵਾਲੀ ਤੱਕੜੀ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰੰਤੂ ਪੂਰੇ ਤੋਲ ਤੋਂ ਉਹ ਪਰਸੰਨ ਹੁੰਦਾ ਹੈ।” (ਕਹਾਉਤਾਂ 11:1; 20:10) ਇਸਰਾਏਲੀਆਂ ਨੂੰ ਦਿੱਤੀ ਸ਼ਰਾ ਵਿਚ ਯਹੋਵਾਹ ਨੇ ਇਹ ਹੁਕਮ ਵੀ ਦਿੱਤਾ ਸੀ: “ਤੁਸਾਂ ਨਿਆਉਂ ਕਰਨ ਵਿੱਚ, ਨਾਪਣ ਵਿੱਚ, ਤੋਲਣ ਵਿੱਚ, ਯਾ ਮਿਣਨ ਵਿੱਚ ਅਨਿਆਉਂ ਨਾ ਕਰਨਾ। ਸੱਚੀ ਤੱਕੜੀ, ਸੱਚੇ ਵੱਟੇ, ਸੱਚਾ ਟੋਪਾ ਅਤੇ ਸੱਚਾ ਕੁੱਪਾ ਤੁਹਾਡੇ ਕੋਲ ਹੋਵੇ। ਮੈਂ ਉਹ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਨੂੰ ਮਿਸਰ ਦੇਸੋਂ ਲਿਆਇਆ।”​—ਲੇਵੀਆਂ 19:35, 36.

ਇਸ ਹੁਕਮ ਨੂੰ ਮੰਨਣ ਨਾਲ ਇਸਰਾਏਲੀਆਂ ਉੱਤੇ ਪਰਮੇਸ਼ੁਰ ਦੀ ਮਿਹਰ ਹੋਈ ਤੇ ਨਾਲੇ ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ। ਇਸੇ ਤਰ੍ਹਾਂ ਅੱਜ ਵੀ ਯਹੋਵਾਹ ਵਿਚ ਭਰੋਸਾ ਰੱਖਣ ਵਾਲੇ ਉਸ ਦੇ ਭਗਤ ਉਸ ਦੇ ਅਟੱਲ ਮਿਆਰਾਂ ਨੂੰ ਨਾ ਸਿਰਫ਼ ਮਾਪ-ਤੋਲ ਦੇ ਮਾਮਲੇ ਵਿਚ, ਸਗੋਂ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਲਾਗੂ ਕਰ ਕੇ ਬਰਕਤਾਂ ਹਾਸਲ ਕਰਦੇ ਹਨ। ਪਰਮੇਸ਼ੁਰ ਐਲਾਨ ਕਰਦਾ ਹੈ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।”​—ਯਸਾਯਾਹ 48:17.

ਅੱਜ ਮਿਆਰ ਕਿਉਂ ਡਿੱਗ ਰਹੇ ਹਨ?

ਬਾਈਬਲ ਅੱਜ ਡਿੱਗ ਰਹੇ ਮਿਆਰਾਂ ਦਾ ਕਾਰਨ ਦੱਸਦੀ ਹੈ। ਬਾਈਬਲ ਦੀ ਆਖ਼ਰੀ ਕਿਤਾਬ ਪਰਕਾਸ਼ ਦੀ ਪੋਥੀ ਸਵਰਗ ਵਿਚ ਹੋਏ ਇਕ ਯੁੱਧ ਬਾਰੇ ਦੱਸਦੀ ਹੈ ਜਿਸ ਦੇ ਨਤੀਜੇ ਦਾ ਅਸਰ ਅੱਜ ਸਾਰੇ ਇਨਸਾਨ ਭੁਗਤ ਰਹੇ ਹਨ। ਯੂਹੰਨਾ ਰਸੂਲ ਨੇ ਲਿਖਿਆ: “ਸੁਰਗ ਵਿੱਚ ਜੁੱਧ ਹੋਇਆ। ਮਿਕਾਏਲ ਅਤੇ ਉਹ ਦੇ ਦੂਤ ਅਜਗਰ ਨਾਲ ਲੜਨ ਨੂੰ ਨਿੱਕਲੇ ਅਤੇ ਅਜਗਰ ਲੜਿਆ ਨਾਲੇ ਉਹ ਦੇ ਦੂਤ। ਪਰ ਏਹ ਪਰਬਲ ਨਾ ਹੋਏ ਅਤੇ ਨਾ ਸੁਰਗ ਵਿੱਚ ਏਹਨਾਂ ਨੂੰ ਥਾਂ ਫੇਰ ਮਿਲਿਆ। ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹ ਦੇ ਦੂਤ ਉਹ ਦੇ ਨਾਲ ਸੁੱਟੇ ਗਏ।”​—ਪਰਕਾਸ਼ ਦੀ ਪੋਥੀ 12:7-9.

ਉਸ ਯੁੱਧ ਦਾ ਸਿੱਧਾ ਅਸਰ ਕੀ ਹੋਇਆ? ਯੂਹੰਨਾ ਨੇ ਅੱਗੇ ਕਿਹਾ: “ਇਸ ਕਰਕੇ ਹੇ ਅਕਾਸ਼ੋ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ! ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।”​—ਪਰਕਾਸ਼ ਦੀ ਪੋਥੀ 12:12.

‘ਧਰਤੀ ਤੇ ਹਾਇ’ ਉਦੋਂ ਆਈ ਜਦੋਂ 1914 ਵਿਚ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ। ਇਸ ਯੁੱਧ ਨੇ ਉਸ ਸਮੇਂ ਦੇ ਮਿਆਰਾਂ ਦਾ ਖ਼ੂਨ ਕਰ ਕੇ ਅਜਿਹੇ ਮਿਆਰਾਂ ਨੂੰ ਜਨਮ ਦਿੱਤਾ ਜੋ ਅਸੀਂ ਅੱਜ ਦੇਖਦੇ ਹਾਂ। ਇਤਿਹਾਸਕਾਰ ਬਾਰਬਰਾ ਟਕਮਨ ਕਹਿੰਦੀ ਹੈ: “1914-18 ਦੇ ਮਹਾਂ-ਯੁੱਧ ਦੀ ਤਬਾਹੀ ਨੇ ਯੁੱਧ ਤੋਂ ਪਹਿਲਾਂ ਦੇ ਸਮੇਂ ਅਤੇ ਸਾਡੇ ਸਮੇਂ ਵਿਚਕਾਰ ਜ਼ਮੀਨ ਆਸਮਾਨ ਦਾ ਫ਼ਰਕ ਪਾ ਦਿੱਤਾ ਹੈ। ਇੰਨੇ ਲੋਕਾਂ ਦੀਆਂ ਜਾਨਾਂ ਲੈ ਕੇ ਜੋ ਆਉਣ ਵਾਲੇ ਸਾਲਾਂ ਵਿਚ ਕਿਸੇ ਕੰਮ ਆ ਸਕਦੀਆਂ ਸਨ, ਵਿਸ਼ਵਾਸਾਂ ਦਾ ਖ਼ੂਨ ਕਰ ਕੇ, ਵਿਚਾਰਾਂ ਨੂੰ ਬਦਲ ਕੇ ਅਤੇ ਲੋਕਾਂ ਦੇ ਸੁਪਨਿਆਂ ਨੂੰ ਚੂਰ-ਚੂਰ ਕਰ ਕੇ ਇਸ ਯੁੱਧ ਨੇ ਇਨ੍ਹਾਂ ਦੋ ਯੁਗਾਂ ਵਿਚ ਪਾੜ ਤਾਂ ਪਾ ਹੀ ਦਿੱਤਾ ਹੈ, ਪਰ ਨਾਲ ਹੀ ਨਾਲ ਇਸ ਨੇ ਲੋਕਾਂ ਦੀ ਸੋਚਣੀ ਤੇ ਰਵੱਈਏ ਨੂੰ ਵੀ ਬਦਲ ਦਿੱਤਾ ਹੈ।” ਇਕ ਹੋਰ ਇਤਿਹਾਸਕਾਰ ਐਰਿਕ ਹੌਬਸਬੌਮ ਵੀ ਇਸ ਗੱਲ ਨਾਲ ਸਹਿਮਤ ਹੁੰਦਾ ਹੈ: “ਅਮੀਰ ਦੇਸ਼ਾਂ ਵਿਚ ਪਹਿਲਾਂ ਜਿਨ੍ਹਾਂ ਮਿਆਰਾਂ ਨੂੰ ਸਹੀ ਸਮਝਿਆ ਜਾਂਦਾ ਸੀ, ਉਨ੍ਹਾਂ ਵਿਚ 1914 ਤੋਂ ਕਾਫ਼ੀ ਗਿਰਾਵਟ ਆਈ ਹੈ . . . ਸਾਡੇ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਸਾਡਾ ਜ਼ਮਾਨਾ ਕਿੱਦਾਂ ਇੰਨੀ ਤੇਜ਼ੀ ਨਾਲ ਉਨ੍ਹਾਂ ਮਿਆਰਾਂ ਨੂੰ ਫਿਰ ਤੋਂ ਅਪਣਾ ਰਿਹਾ ਹੈ ਜਿਨ੍ਹਾਂ ਨੂੰ ਸਾਡੇ ਉੱਨੀਵੀਂ ਸਦੀ ਦੇ ਪੂਰਵਜ ਵੀ ਜੰਗਲੀਪੁਣਾ ਕਹਿੰਦੇ।”

ਆਪਣੀ ਕਿਤਾਬ ਮਨੁੱਖਜਾਤੀ—ਵੀਹਵੀਂ ਸਦੀ ਦਾ ਨੈਤਿਕ ਇਤਿਹਾਸ (ਅੰਗ੍ਰੇਜ਼ੀ) ਵਿਚ ਲੇਖਕ ਜੌਨਾਥਨ ਗਲੋਵਰ ਲਿਖਦਾ ਹੈ: “ਸਾਡੇ ਸਮੇਂ ਦੀ ਇਕ ਖ਼ਾਸੀਅਤ ਇਹ ਹੈ ਕਿ ਸਾਡੇ ਨੈਤਿਕ ਨਿਯਮ ਅਲੋਪ ਹੁੰਦੇ ਜਾ ਰਹੇ ਹਨ।” ਪੱਛਮੀ ਦੇਸ਼ਾਂ ਵਿਚ ਲੋਕਾਂ ਦੀ ਧਰਮਾਂ ਵਿਚ ਰੁਚੀ ਘੱਟਦੀ ਜਾ ਰਹੀ ਹੈ ਜਿਸ ਕਰਕੇ ਗਲੋਵਰ ਵੀ ਇਸ ਗੱਲ ਨੂੰ ਨਹੀਂ ਮੰਨਦਾ ਹੈ ਕਿ ਕਿਸੇ ਅਲੌਕਿਕ ਸੋਮੇ ਤੋਂ ਸਾਨੂੰ ਨੈਤਿਕ ਨਿਯਮ ਮਿਲੇ ਹਨ, ਪਰ ਫਿਰ ਵੀ ਉਹ ਚੇਤਾਵਨੀ ਦਿੰਦਾ ਹੈ: “ਭਾਵੇਂ ਕਿ ਅਸੀਂ ਧਾਰਮਿਕ ਨੈਤਿਕ ਨਿਯਮਾਂ ਵਿਚ ਵਿਸ਼ਵਾਸ ਨਹੀਂ ਰੱਖਦੇ ਹਾਂ, ਤਾਂ ਵੀ ਸਾਨੂੰ ਇਨ੍ਹਾਂ ਅਲੋਪ ਹੁੰਦੇ ਜਾ ਰਹੇ ਨਿਯਮਾਂ ਬਾਰੇ ਚਿੰਤਾ ਕਰਨੀ ਚਾਹੀਦੀ ਹੈ।”

ਅੱਜ ਦੇ ਜ਼ਮਾਨੇ ਵਿਚ ਵਪਾਰ, ਰਾਜਨੀਤੀ, ਧਰਮ ਜਾਂ ਇੱਥੋਂ ਤਕ ਕਿ ਨਿੱਜੀ ਤੇ ਪਰਿਵਾਰਕ ਰਿਸ਼ਤਿਆਂ ਵਿਚ ਵੀ ਹੋ ਰਿਹਾ ਵਿਸ਼ਵਾਸਘਾਤ ਅਤੇ ਇਸ ਦੇ ਦੁਖਦਾਈ ਸਿੱਟੇ ਦੋਵੇਂ ਹੀ ਸ਼ਤਾਨ ਦੀ ਦੁਸ਼ਟ ਸਾਜ਼ਸ਼ ਦਾ ਹਿੱਸਾ ਹਨ ਜਿਸ ਦੁਆਰਾ ਉਹ ਧਰਤੀ ਦੇ ਲੋਕਾਂ ਉੱਤੇ ਆਫ਼ਤਾਂ ਲਿਆਉਂਦਾ ਹੈ। ਸ਼ਤਾਨ ਨੇ ਆਪਣੇ ਆਖ਼ਰੀ ਦਮ ਤਕ ਲੜਾਈ ਲੜਨ ਲਈ ਲੱਕ ਬੱਧਾ ਹੋਇਆ ਹੈ ਜਿਸ ਵਿਚ ਉਸ ਦਾ ਆਪਣਾ ਤਾਂ ਨਾਸ਼ ਹੋਣਾ ਹੀ ਹੈ, ਪਰ ਉਹ ਆਪਣੇ ਨਾਲ-ਨਾਲ ਉਨ੍ਹਾਂ ਲੋਕਾਂ ਦਾ ਵੀ ਨਾਸ਼ ਕਰਾਉਣਾ ਚਾਹੁੰਦਾ ਹੈ ਜਿਹੜੇ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦੇ ਹਨ।—ਪਰਕਾਸ਼ ਦੀ ਪੋਥੀ 12:17.

ਕੀ ਹਰ ਜਗ੍ਹਾ ਫੈਲੇ ਇਸ ਵਿਸ਼ਵਾਸਘਾਤ ਤੋਂ ਬਚਣ ਦਾ ਕੋਈ ਰਾਹ ਹੈ? ਪੌਲੁਸ ਰਸੂਲ ਇਸ ਦਾ ਜਵਾਬ ਦਿੰਦਾ ਹੈ: “[ਪਰਮੇਸ਼ੁਰ] ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” (2 ਪਤਰਸ 3:13) ਇਸ ਵਾਅਦੇ ਉੱਤੇ ਅਸੀਂ ਭਰੋਸਾ ਕਰ ਸਕਦੇ ਹਾਂ ਕਿਉਂਕਿ ਪਰਮੇਸ਼ੁਰ ਨਾ ਸਿਰਫ਼ ਆਪਣੇ ਮਕਸਦ ਨੂੰ ਪੂਰਾ ਕਰਨ ਦੀ ਤਾਕਤ ਰੱਖਦਾ ਹੈ, ਸਗੋਂ ਉਹ ਇਸ ਨੂੰ ਪੂਰਾ ਕਰਨ ਦੀ ਗਾਰੰਟੀ ਵੀ ਦਿੰਦਾ ਹੈ। ਕੋਈ ਵੀ ‘ਬਚਨ ਜੋ ਉਸ ਦੇ ਮੂੰਹੋਂ ਨਿਕਲਦਾ ਹੈ’ ਉਸ ਬਾਰੇ ਯਹੋਵਾਹ ਐਲਾਨ ਕਰਦਾ ਹੈ: “ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।” ਸੱਚ-ਮੁੱਚ ਇਹ ਕਿੰਨਾ ਭਰੋਸੇਯੋਗ ਵਾਅਦਾ ਹੈ!​—ਯਸਾਯਾਹ 55:11; ਪਰਕਾਸ਼ ਦੀ ਪੋਥੀ 21:4, 5.

ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਜੀਉਣਾ

ਡਾਵਾਂ-ਡੋਲ ਹੁੰਦੇ ਤੇ ਵਿਗੜਦੇ ਜਾ ਰਹੇ ਮਿਆਰਾਂ ਦੀ ਦੁਨੀਆਂ ਵਿਚ ਯਹੋਵਾਹ ਦੇ ਗਵਾਹ ਬਾਈਬਲ ਵਿਚ ਚਾਲ-ਚਲਣ ਸੰਬੰਧੀ ਦਿੱਤੇ ਗਏ ਮਿਆਰਾਂ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਸਿੱਟੇ ਵਜੋਂ, ਉਹ ਦੂਜੇ ਲੋਕਾਂ ਨਾਲੋਂ ਬਿਲਕੁਲ ਅਲੱਗ ਨਜ਼ਰ ਆਉਂਦੇ ਹਨ ਜਿਸ ਦਾ ਦੂਜਿਆਂ ਉੱਤੇ ਅਕਸਰ ਚੰਗਾ ਪ੍ਰਭਾਵ ਪੈਂਦਾ ਹੈ, ਪਰ ਕਈ ਲੋਕ ਉਨ੍ਹਾਂ ਦਾ ਮਜ਼ਾਕ ਵੀ ਉਡਾਉਂਦੇ ਹਨ।

ਲੰਡਨ ਵਿਚ ਯਹੋਵਾਹ ਦੇ ਗਵਾਹਾਂ ਦੇ ਜ਼ਿਲ੍ਹਾ ਸੰਮੇਲਨ ਵਿਚ ਇਕ ਟੈਲੀਵਿਯਨ ਦੇ ਰਿਪੋਰਟਰ ਨੇ ਇਕ ਭਰਾ ਨੂੰ ਪੁੱਛਿਆ ਕਿ ਕੀ ਯਹੋਵਾਹ ਦੇ ਗਵਾਹ ਸੱਚ-ਮੁੱਚ ਮਸੀਹੀ ਹਨ। ਉਸ ਨੇ ਜਵਾਬ ਦਿੱਤਾ: “ਜੀ ਹਾਂ, ਯਹੋਵਾਹ ਦੇ ਗਵਾਹ ਮਸੀਹੀ ਹਨ ਕਿਉਂਕਿ ਯਿਸੂ ਸਾਡਾ ਆਦਰਸ਼ ਹੈ। ਦੁਨੀਆਂ ਵਿਚ ਜਦ ਕਿ ਜ਼ਿਆਦਾਤਰ ਲੋਕ ਮਤਲਬੀ ਬਣ ਚੁੱਕੇ ਹਨ, ਪਰ ਅਸੀਂ ਯਿਸੂ ਨੂੰ ਹੀ ਆਪਣਾ ਰਾਹ, ਸੱਚਾਈ ਅਤੇ ਜੀਵਨ ਮੰਨ ਕੇ ਚੱਲਦੇ ਹਾਂ। ਅਸੀਂ ਉਸ ਨੂੰ ਪਰਮੇਸ਼ੁਰ ਦਾ ਪੁੱਤਰ ਮੰਨਦੇ ਹਾਂ, ਨਾ ਕਿ ਤ੍ਰਿਏਕ ਦਾ ਇਕ ਹਿੱਸਾ, ਇਸ ਲਈ ਬਾਈਬਲ ਬਾਰੇ ਸਾਡੀ ਸਮਝ ਦੂਜਿਆਂ ਧਰਮਾਂ ਤੋਂ ਬਿਲਕੁਲ ਵੱਖਰੀ ਹੈ।”

ਜਦੋਂ ਬੀ.ਬੀ.ਸੀ. ਟੈਲੀਵਿਯਨ ਤੇ ਇੰਟਰਵਿਊ ਪ੍ਰਸਾਰਿਤ ਕੀਤੀ ਜਾ ਰਹੀ ਸੀ, ਤਾਂ ਰਿਪੋਰਟਰ ਨੇ ਇਹ ਕਹਿੰਦੇ ਹੋਏ ਪ੍ਰੋਗ੍ਰਾਮ ਸਮਾਪਤ ਕੀਤਾ: “ਮੈਂ ਇਸ ਬਾਰੇ ਕਾਫ਼ੀ ਕੁਝ ਸਿੱਖਿਆ ਹੈ ਕਿ ਯਹੋਵਾਹ ਦੇ ਗਵਾਹ ਸਾਡੇ ਘਰ ਕਿਉਂ ਆਉਂਦੇ ਹਨ। ਮੈਨੂੰ ਨਹੀਂ ਲੱਗਦਾ ਕਿ ਮੈਂ ਕਦੇ ਇੱਕੋ ਥਾਂ ਤੇ ਇੱਕੋ ਸਮੇਂ ਇਕੱਠੇ ਹੋਏ 25,000 ਲੋਕਾਂ ਦਾ ਅਜਿਹਾ ਗਰੁੱਪ ਦੇਖਿਆ ਹੋਵੇ ਜਿਨ੍ਹਾਂ ਨੇ ਐਨੇ ਵਧੀਆ ਢੰਗ ਨਾਲ ਕੱਪੜੇ ਪਾਏ ਹੋਏ ਸਨ ਤੇ ਜਿਹੜੇ ਇਕ ਦੂਸਰੇ ਨਾਲ ਇੰਨੀ ਚੰਗੀ ਤਰ੍ਹਾਂ ਪੇਸ਼ ਆਉਂਦੇ ਸਨ।” ਪਰਮੇਸ਼ੁਰ ਦੇ ਅਟੱਲ ਮਿਆਰਾਂ ਉੱਤੇ ਚੱਲਣ ਦੀ ਬੁੱਧੀਮਤਾ ਬਾਰੇ ਇਕ ਬਾਹਰਲੇ ਬੰਦੇ ਵੱਲੋਂ ਕਿੰਨੀ ਵੱਡੀ ਗਵਾਹੀ!

ਭਾਵੇਂ ਕੁਝ ਲੋਕ ਦੂਜਿਆਂ ਦੇ ਬਣਾਏ ਹੋਏ ਮਿਆਰਾਂ ਮੁਤਾਬਕ ਨਹੀਂ ਜੀਉਣਾ ਚਾਹੁੰਦੇ, ਪਰ ਅਸੀਂ ਤੁਹਾਨੂੰ ਉਤਸ਼ਾਹਿਤ ਕਰਦੇ ਹਾਂ ਕਿ ਤੁਸੀਂ ਆਪਣੀ ਬਾਈਬਲ ਦੀ ਜਾਂਚ ਕਰੋ ਤੇ ਪਰਮੇਸ਼ੁਰ ਦੇ ਮਿਆਰਾਂ ਬਾਰੇ ਸਿੱਖੋ। ਪਰ ਸਿਰਫ਼ ਸਰਸਰੀ ਨਜ਼ਰ ਮਾਰ ਕੇ ਹੀ ਖ਼ੁਸ਼ ਨਾ ਹੋਵੋ। ਪੌਲੁਸ ਰਸੂਲ ਦੀ ਇਸ ਸਲਾਹ ਨੂੰ ਮੰਨੋ: “ਇਸ ਜੁੱਗ ਦੇ ਰੂਪ ਜੇਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” (ਰੋਮੀਆਂ 12:2) ਆਪਣੇ ਨੇੜਲੇ ਕਿੰਗਡਮ ਹਾਲ ਵਿਚ ਜਾਓ ਤੇ ਉੱਥੇ ਗਵਾਹਾਂ ਬਾਰੇ ਹੋਰ ਜਾਣਕਾਰੀ ਲਓ। ਤੁਸੀਂ ਦੇਖੋਗੇ ਕਿ ਉਹ ਸਾਧਾਰਣ ਲੋਕ ਹਨ ਜੋ ਬਾਈਬਲ ਦੇ ਵਾਅਦਿਆਂ ਵਿਚ ਭਰੋਸਾ ਰੱਖਦੇ ਹਨ ਅਤੇ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲਣ ਦੁਆਰਾ ਉਸ ਵਿਚ ਆਪਣਾ ਵਿਸ਼ਵਾਸ ਦਿਖਾਉਂਦੇ ਹਨ।

ਆਪਣੀ ਨਿੱਜੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਅਟੱਲ ਤੇ ਭਰੋਸੇਯੋਗ ਮਿਆਰਾਂ ਦੀ ਪਾਲਣਾ ਕਰਨ ਨਾਲ ਤੁਹਾਨੂੰ ਯਕੀਨਨ ਬਰਕਤਾਂ ਮਿਲਣਗੀਆਂ। ਪਰਮੇਸ਼ੁਰ ਦੇ ਇਸ ਸੱਦੇ ਨੂੰ ਸਵੀਕਾਰ ਕਰੋ: “ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।”​—ਯਸਾਯਾਹ 48:18.

[ਸਫ਼ੇ 5 ਉੱਤੇ ਤਸਵੀਰ]

ਅੱਜ ਵਪਾਰ, ਰਾਜਨੀਤੀ, ਧਰਮ ਅਤੇ ਪਰਿਵਾਰਕ ਰਿਸ਼ਤਿਆਂ ਵਿਚ ਵਿਸ਼ਵਾਸਘਾਤ ਹੁੰਦਾ ਹੈ