ਬਦਲਦੇ ਮਿਆਰਾਂ ਕਾਰਨ ਵਿਸ਼ਵਾਸਘਾਤ
ਬਦਲਦੇ ਮਿਆਰਾਂ ਕਾਰਨ ਵਿਸ਼ਵਾਸਘਾਤ
ਇੰਗਲੈਂਡ ਦੇ ਰਾਜਾ ਹੈਨਰੀ ਪਹਿਲੇ (1100-1135) ਦੇ ਦਿਨਾਂ ਵਿਚ ਇਕ ਗਜ਼ ਦੀ ਲੰਬਾਈ ਪਤਾ ਕਰਨ ਲਈ “ਰਾਜੇ ਦੇ ਨੱਕ ਦੀ ਨੋਕ ਤੋਂ ਲੈ ਕੇ ਸਾਮ੍ਹਣੇ ਵਧਾਏ ਹੋਏ ਹੱਥ ਦੇ ਅੰਗੂਠੇ ਦੇ ਪੋਟੇ ਤਕ ਦੀ ਦੂਰੀ” ਮਾਪੀ ਜਾਂਦੀ ਸੀ। ਰਾਜਾ ਹੈਨਰੀ ਦੇ ਰਾਜ ਵਿਚ ਗਜ਼ ਮਾਪਣ ਵਾਲੇ ਮਾਪਦੰਡ ਕਿੰਨੇ ਕੁ ਸਹੀ ਸਨ? ਇਹ ਪਤਾ ਕਰਨ ਦਾ ਇੱਕੋ-ਇਕ ਜ਼ਰੀਆ ਸੀ ਰਾਜੇ ਨੂੰ ਮਿਲਣਾ।
ਅੱਜ ਮਾਪ-ਤੋਲ ਲਈ ਜ਼ਿਆਦਾ ਭਰੋਸੇਯੋਗ ਮਿਆਰ ਤੈਅ ਕੀਤੇ ਗਏ ਹਨ। ਮਿਸਾਲ ਵਜੋਂ, ਖਲਾਅ ਵਿਚ ਪ੍ਰਕਾਸ਼ ਇਕ ਸਕਿੰਟ ਦੇ 29,97,92,458ਵੇਂ ਹਿੱਸੇ ਵਿਚ ਜਿੰਨੀ ਦੂਰੀ ਤੈਅ ਕਰਦਾ ਹੈ, ਉਸ ਨੂੰ ਇਕ ਮੀਟਰ ਕਹਿੰਦੇ ਹਨ। ਬਿਲਕੁਲ ਸਹੀ ਮਾਪ ਹੋਣ ਲਈ, ਇਹ ਪ੍ਰਕਾਸ਼ ਇਕ ਖ਼ਾਸ ਕਿਸਮ ਦੇ ਲੇਜ਼ਰ ਤੋਂ ਨਿਕਲਣਾ ਚਾਹੀਦਾ ਹੈ ਅਤੇ ਪ੍ਰਕਾਸ਼ ਦੀ ਤਰੰਗ ਇਕ ਨਿਸ਼ਚਿਤ ਲੰਬਾਈ ਦੀ ਹੋਣੀ ਚਾਹੀਦੀ ਹੈ। ਜੇ ਲੋਕਾਂ ਕੋਲ ਇਸ ਤਰੀਕੇ ਨਾਲ ਮਾਪ ਪਤਾ ਕਰਨ ਦਾ ਸਾਮਾਨ ਹੈ, ਤਾਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਲੋਕ ਪਤਾ ਲਗਾ ਸਕਦੇ ਹਨ ਕਿ ਉਨ੍ਹਾਂ ਦਾ ਲੰਬਾਈ ਦਾ ਨਾਪ ਦੂਜਿਆਂ ਦੇ ਨਾਪ ਦੇ ਬਰਾਬਰ ਹੈ ਜਾਂ ਨਹੀਂ।
ਨਾਪ-ਤੋਲ ਦੇ ਮਿਆਰਾਂ ਵਿਚ ਥੋੜ੍ਹਾ ਜਿਹਾ ਫ਼ਰਕ ਵੀ ਕਾਫ਼ੀ ਗੜਬੜ ਪੈਦਾ ਕਰ ਸਕਦਾ ਹੈ, ਇਸੇ ਕਰਕੇ ਇਨ੍ਹਾਂ ਮਿਆਰਾਂ ਦੀ ਰੱਖਿਆ ਕਰਨ ਲਈ ਵੱਡੇ ਕਦਮ ਚੁੱਕੇ ਜਾਂਦੇ ਹਨ। ਮਿਸਾਲ ਵਜੋਂ, ਬ੍ਰਿਟੇਨ ਵਿਚ ਪੁੰਜ ਨੂੰ ਨਾਪਣ ਦਾ ਮਿਆਰ, ਪਲੈਟੀਨਮ ਤੇ ਇਰੀਡੀਅਮ ਧਾਤਾਂ ਦੇ ਮਿਸ਼ਰਣ ਤੋਂ ਬਣਿਆ ਇਕ ਬੇਲਨ-ਰੂਪੀ ਬਾਰ ਹੈ ਜਿਸ ਦਾ ਭਾਰ ਇਕ ਕਿਲੋਗ੍ਰਾਮ ਹੈ। ਇਹ ਬਾਰ ਨੈਸ਼ਨਲ ਫ਼ਿਜ਼ਿਕਲ ਲੈਬਾਰਟਰੀ ਵਿਚ ਰੱਖਿਆ ਗਿਆ ਹੈ। ਹਰ ਰੋਜ਼ ਮੋਟਰ-ਗੱਡੀਆਂ ਅਤੇ ਹਵਾਈ ਜਹਾਜ਼ਾਂ ਦੇ ਪ੍ਰਦੂਸ਼ਣ ਕਰਕੇ ਕਿਲੋਗ੍ਰਾਮ ਦੇ ਇਸ ਬਾਰ ਦਾ ਭਾਰ ਵੱਧ ਜਾਂਦਾ ਹੈ। ਪਰ ਇਹ ਬਾਰ ਜਾਂ ਸਲਿੰਡਰ ਉਸ ਅੰਤਰਰਾਸ਼ਟਰੀ ਮਿਆਰੀ ਬਾਰ ਦੀ ਕੇਵਲ ਇਕ ਕਾਪੀ ਹੀ ਹੈ ਜਿਸ ਨੂੰ ਫ਼ਰਾਂਸ ਦੇ ਸੈਵਰੇ ਨਾਮਕ ਸ਼ਹਿਰ ਵਿਚ ਅੰਤਰਰਾਸ਼ਟਰੀ ਮਾਪ-ਤੋਲ ਵਿਭਾਗ ਦੇ ਇਕ ਭੋਰੇ ਵਿਚ ਸੰਭਾਲ ਕੇ ਰੱਖਿਆ ਹੋਇਆ ਹੈ। ਹਾਲਾਂਕਿ ਇਹ ਬਾਰ ਤਿੰਨ ਘੰਟੀ-ਰੂਪੀ ਮਰਤਬਾਨਾਂ ਥੱਲੇ ਰੱਖਿਆ ਗਿਆ ਹੈ, ਫਿਰ ਵੀ ਬਾਰੀਕ ਕਣਾਂ ਕਰਕੇ ਇਸ ਮਿਆਰ ਦਾ ਭਾਰ ਬਦਲਦਾ ਰਹਿੰਦਾ ਹੈ। ਹੁਣ ਤਕ ਦੁਨੀਆਂ ਦੇ ਮਾਪ-ਤੋਲ ਵਿਗਿਆਨੀ ਕੋਈ ਹੋਰ ਪੱਕਾ ਮਿਆਰ ਨਹੀਂ ਲੱਭ ਸਕੇ ਹਨ।
ਹਾਲਾਂਕਿ ਇਕ ਆਮ ਇਨਸਾਨ ਨੂੰ ਮਾਪ-ਤੋਲ ਦੇ ਮਿਆਰਾਂ ਵਿਚ ਛੋਟੀਆਂ-ਛੋਟੀਆਂ ਤਬਦੀਲੀਆਂ ਮਾਮੂਲੀ ਲੱਗਦੀਆਂ ਹਨ, ਪਰ ਪੂਰੇ ਮਿਆਰ ਦੇ ਬਦਲ ਜਾਣ ਨਾਲ ਉਲਝਣ ਪੈਦਾ ਹੋ ਸਕਦੀ ਹੈ। ਬ੍ਰਿਟੇਨ ਵਿਚ ਜਦੋਂ ਭਾਰ ਦੀ ਇੰਪੀਰੀਅਲ ਮਾਪ-ਵਿਧੀ (ਪੌਂਡ ਤੇ ਔਂਸ) ਦੀ ਥਾਂ ਤੇ ਮੈਟਰਿਕ ਮਾਪ-ਵਿਧੀ (ਕਿਲੋਗ੍ਰਾਮ ਤੇ ਗ੍ਰਾਮ) ਨੂੰ ਇਸਤੇਮਾਲ ਕੀਤਾ ਜਾਣ ਲੱਗਾ, ਤਾਂ ਲੋਕਾਂ ਦਾ ਦੁਕਾਨਦਾਰਾਂ ਉੱਤੋਂ ਵਿਸ਼ਵਾਸ ਉੱਠ ਗਿਆ। ਕਿਉਂ? ਇਸ ਦਾ ਇਕ ਜਾਇਜ਼ ਕਾਰਨ ਸੀ। ਕੁਝ ਬੇਈਮਾਨ ਦੁਕਾਨਦਾਰ ਆਪਣੇ ਗਾਹਕਾਂ ਨੂੰ ਠੱਗਣ ਲੱਗ ਪਏ ਕਿਉਂਕਿ ਉਦੋਂ ਜ਼ਿਆਦਾਤਰ ਲੋਕ ਮੈਟਰਿਕ ਮਾਪ ਪ੍ਰਣਾਲੀ ਤੋਂ ਚੰਗੀ ਤਰ੍ਹਾਂ ਵਾਕਫ਼ ਨਹੀਂ ਸਨ।
ਪਰਿਵਾਰ ਤੇ ਨੈਤਿਕ ਮਿਆਰ
ਪਰਿਵਾਰ ਤੇ ਨੈਤਿਕ ਮਿਆਰਾਂ ਵਿਚ ਆਈਆਂ ਤਬਦੀਲੀਆਂ ਬਾਰੇ ਕੀ ਕਿਹਾ ਜਾ ਸਕਦਾ ਹੈ? ਇਨ੍ਹਾਂ ਤਬਦੀਲੀਆਂ ਦਾ ਪ੍ਰਭਾਵ ਕਿਤੇ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਪਰਿਵਾਰਾਂ ਦੇ ਟੁੱਟਣ, ਨਾਜਾਇਜ਼ ਸੰਬੰਧਾਂ ਤੇ ਬੱਚਿਆਂ ਨਾਲ ਬਦਸਲੂਕੀ ਵਿਚ ਵਾਧੇ ਬਾਰੇ ਹਾਲ ਦੀਆਂ ਰਿਪੋਰਟਾਂ ਸੁਣ ਕੇ ਕਈਆਂ ਨੂੰ ਧੱਕਾ ਲੱਗਾ ਹੈ। ਇਹ ਰਿਪੋਰਟਾਂ ਇਸ ਗੱਲ ਦਾ ਸਬੂਤ ਦਿੰਦੀਆਂ ਹਨ ਕਿ ਅਸੀਂ ਡਿੱਗ ਰਹੇ ਮਿਆਰਾਂ ਦੇ ਸਮੇਂ ਵਿਚ ਜੀ ਰਹੇ ਹਾਂ। ਲੋਕ ਸਹੀ ਮੰਨੇ ਜਾਂਦੇ ਮਿਆਰਾਂ ਉੱਤੇ ਨਹੀਂ ਚੱਲਦੇ ਜਿਸ ਕਰਕੇ ਅੱਜ-ਕੱਲ੍ਹ ਅਜਿਹੇ ਪਰਿਵਾਰ ਦੇਖਣ ਵਿਚ ਮਿਲਦੇ ਹਨ ਜਿਨ੍ਹਾਂ ਵਿਚ ਸਿਰਫ਼ ਇਕੱਲੀ ਮਾਤਾ ਜਾਂ ਪਿਤਾ ਆਪਣੇ ਬੱਚਿਆਂ ਦੀ ਪਾਲਣਾ ਕਰਦੇ ਹਨ ਜਾਂ ਸਮਲਿੰਗੀ “ਮਾਪੇ” ਬੱਚੇ ਗੋਦ ਲੈਂਦੇ ਹਨ ਜਾਂ ਸਥਾਨਕ ਅਧਿਕਾਰੀਆਂ ਦੀ ਦੇਖ-ਭਾਲ ਅਧੀਨ ਰਹਿੰਦੇ ਬੱਚਿਆਂ ਦਾ ਸਰੀਰਕ ਸ਼ੋਸ਼ਣ ਕੀਤਾ 2 ਤਿਮੋਥਿਉਸ 3:1-4.
ਜਾਂਦਾ ਹੈ। ਕੁਝ ਦੋ ਹਜ਼ਾਰ ਸਾਲ ਪਹਿਲਾਂ ਜਿੱਦਾਂ ਬਾਈਬਲ ਨੇ ਕਿਹਾ ਸੀ, ਅੱਜ ਲੋਕ ਜ਼ਿਆਦਾ ਤੋਂ ਜ਼ਿਆਦਾ ‘ਸੁਆਰਥੀ, ਨਿਰਮੋਹ, ਨੇਕੀ ਦੇ ਵੈਰੀ, ਅਤੇ ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ’ ਬਣਦੇ ਜਾ ਰਹੇ ਹਨ।—ਨੈਤਿਕ ਮਿਆਰਾਂ ਦੇ ਡਿੱਗਣ ਕਾਰਨ ਅੱਜ ਬੇਦਰਦੀ ਨਾਲ ਵਿਸ਼ਵਾਸਘਾਤ ਕੀਤਾ ਜਾ ਰਿਹਾ ਹੈ। ਹਾਲ ਹੀ ਵਿਚ ਉੱਤਰੀ ਇੰਗਲੈਂਡ ਦੇ ਹਾਈਡ ਸ਼ਹਿਰ ਵਿਚ ਡਾਕਟਰੀ ਪੇਸ਼ੇ ਦੇ ਉੱਚੇ ਨੈਤਿਕ ਮਿਆਰਾਂ ਦੀ ਘੋਰ ਉਲੰਘਣਾ ਕੀਤੇ ਜਾਣ ਦੀ ਇਕ ਖ਼ਬਰ ਸੁਣਨ ਨੂੰ ਮਿਲੀ ਹੈ। ਉੱਥੇ ਲੋਕ ਆਪਣੇ ਫੈਮਿਲੀ ਡਾਕਟਰਾਂ ਨੂੰ “ਆਦਰਯੋਗ ਤੇ ਭਰੋਸੇਮੰਦ” ਮੰਨਦੇ ਹੋਏ ਉਨ੍ਹਾਂ ਨੂੰ ਆਪਣੀਆਂ ਨਿੱਜੀ ਸਮੱਸਿਆਵਾਂ ਦੱਸਦੇ ਹੁੰਦੇ ਸਨ। ਪਰ ਬੜੇ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ। ਕਿੱਦਾਂ? ਰਿਪੋਰਟਾਂ ਤੋਂ ਜ਼ਾਹਰ ਹੋਇਆ ਹੈ ਕਿ ਇਕ ਡਾਕਟਰ ਨੇ ਘੱਟੋ-ਘੱਟ 15 ਔਰਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦਰਅਸਲ ਪੁਲਸ ਨੇ ਇਸ ਡਾਕਟਰ ਨਾਲ ਸੰਬੰਧਿਤ 130 ਤੋਂ ਵੀ ਜ਼ਿਆਦਾ ਹੋਰ ਮੌਤਾਂ ਦੀ ਦੁਬਾਰਾ ਜਾਂਚ ਕੀਤੀ। ਇਸ ਘੋਰ ਵਿਸ਼ਵਾਸਘਾਤ ਦੀ ਹੱਦ ਦਾ ਉਦੋਂ ਪਤਾ ਚੱਲਿਆ ਜਦੋਂ ਡਾਕਟਰ ਇਨ੍ਹਾਂ ਮੌਤਾਂ ਦਾ ਦੋਸ਼ੀ ਪਾਇਆ ਗਿਆ ਤੇ ਉਸ ਨੂੰ ਜੇਲ੍ਹ ਵਿਚ ਬੰਦ ਕੀਤਾ ਗਿਆ। ਜੇਲ੍ਹ ਦੇ ਜਿਨ੍ਹਾਂ ਦੋ ਅਫ਼ਸਰਾਂ ਦੀ ਮਾਂ ਨੂੰ ਸ਼ਾਇਦ ਇਸ ਡਾਕਟਰ ਨੇ ਮਾਰ ਦਿੱਤਾ ਸੀ ਉਨ੍ਹਾਂ ਨੂੰ ਹੋਰ ਡਿਊਟੀਆਂ ਉੱਤੇ ਲਗਾ ਦਿੱਤਾ ਗਿਆ ਤਾਂਕਿ ਉਨ੍ਹਾਂ ਨੂੰ ਇਸ ਬਦਨਾਮ ਕੈਦੀ ਦੀ ਨਿਗਰਾਨੀ ਨਾ ਕਰਨੀ ਪਵੇ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਦ ਡੇਲੀ ਟੈਲੀਗ੍ਰਾਫ਼ ਅਖ਼ਬਾਰ ਵਿਚ ਇਸ ਕੇਸ ਦੀ ਰਿਪੋਰਟ ਨੇ ਇਸ ਮੁਜਰਮ ਡਾਕਟਰ ਨੂੰ “‘ਸ਼ਤਾਨ’ ਡਾਕਟਰ” ਕਿਹਾ।
ਜ਼ਿੰਦਗੀ ਦੇ ਐਨੇ ਸਾਰੇ ਪਹਿਲੂਆਂ ਵਿਚ ਬਦਲਦੇ ਅਤੇ ਵਿਗੜਦੇ ਜਾ ਰਹੇ ਮਿਆਰਾਂ ਨੂੰ ਦੇਖਦੇ ਹੋਏ, ਤੁਸੀਂ ਕਿਸ ਉੱਤੇ ਆਪਣਾ ਪੂਰਾ ਭਰੋਸਾ ਰੱਖ ਸਕਦੇ ਹੋ? ਤੁਹਾਨੂੰ ਪੱਕੇ ਮਿਆਰ ਕਿੱਥੋਂ ਮਿਲ ਸਕਦੇ ਹਨ ਜਿਸ ਦੇ ਪਿੱਛੇ ਇਕ ਅਜਿਹਾ ਅਧਿਕਾਰੀ ਹੋਵੇ ਜਿਸ ਕੋਲ ਇਨ੍ਹਾਂ ਮਿਆਰਾਂ ਨੂੰ ਕਾਇਮ ਰੱਖਣ ਦੀ ਤਾਕਤ ਹੈ? ਅਗਲਾ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ।