Skip to content

Skip to table of contents

ਗੱਲ ਸੁਣ ਕੇ ਭੁੱਲਣ ਵਾਲੇ ਨਾ ਬਣੋ

ਗੱਲ ਸੁਣ ਕੇ ਭੁੱਲਣ ਵਾਲੇ ਨਾ ਬਣੋ

ਗੱਲ ਸੁਣ ਕੇ ਭੁੱਲਣ ਵਾਲੇ ਨਾ ਬਣੋ

“ਬਚਨ ਉੱਤੇ ਅਮਲ ਕਰਨ ਵਾਲੇ ਹੋਵੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਨਿਰੇ ਸੁਣਨ ਵਾਲੇ ਹੀ ਨਾ ਹੋਵੋ।”​—ਯਾਕੂਬ 1:22.

1. ਪ੍ਰਾਚੀਨ ਇਸਰਾਏਲੀਆਂ ਨੂੰ ਕਿਹੜੇ ਚਮਤਕਾਰ ਦੇਖਣ ਦਾ ਸਨਮਾਨ ਮਿਲਿਆ ਸੀ?

ਪ੍ਰਾਚੀਨ ਮਿਸਰ ਵਿਚ ਯਹੋਵਾਹ ਦੇ ਚਮਤਕਾਰਾਂ ਨੂੰ “ਯਾਦ ਰੱਖਣ ਯੋਗ” ਕਿਹਾ ਜਾ ਸਕਦਾ ਹੈ। ਦਸ ਮਰੀਆਂ ਵਿੱਚੋਂ ਹਰੇਕ ਅਸਚਰਜ ਸੀ। ਉਨ੍ਹਾਂ ਆਫ਼ਤਾਂ ਤੋਂ ਬਾਅਦ ਯਹੋਵਾਹ ਨੇ ਅਦਭੁਤ ਤਰੀਕੇ ਵਿਚ ਲਾਲ ਸਮੁੰਦਰ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਇਸਰਾਏਲੀਆਂ ਨੂੰ ਉਸ ਤੋਂ ਪਾਰ ਕਰਵਾਇਆ ਸੀ। (ਬਿਵਸਥਾ ਸਾਰ 34:10-12) ਜੇਕਰ ਤੁਸੀਂ ਇਨ੍ਹਾਂ ਘਟਨਾਵਾਂ ਨੂੰ ਆਪਣੀ ਅੱਖੀਂ ਦੇਖਿਆ ਹੁੰਦਾ ਤਾਂ ਉਮੀਦ ਹੈ ਕਿ ਤੁਸੀਂ ਕਦੀ ਵੀ ਨਾ ਭੁੱਲਦੇ ਕੇ ਇਨ੍ਹਾਂ ਪਿੱਛੇ ਕਿਸ ਦਾ ਹੱਥ ਸੀ। ਪਰ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਕਿ ਇਸਰਾਏਲੀ “ਆਪਣੇ ਬਚਾਉਣ ਵਾਲੇ ਪਰਮੇਸ਼ੁਰ ਨੂੰ ਭੁੱਲ ਗਏ, ਜਿਹ ਨੇ ਮਿਸਰ ਵਿੱਚ ਵੱਡੇ ਵੱਡੇ ਕੰਮ ਕੀਤੇ, ਹਾਮ ਦੇ ਦੇਸ ਵਿੱਚ ਅਚਰਜ, ਅਤੇ ਲਾਲ ਸਮੁੰਦਰ ਉੱਤੇ ਭਿਆਣਕ ਕੰਮ!”​—ਜ਼ਬੂਰ 106:21, 22.

2. ਕਿਹੜੀ ਗੱਲ ਦਿਖਾਉਂਦੀ ਹੈ ਕਿ ਪਰਮੇਸ਼ੁਰ ਦੇ ਅਸਚਰਜ ਕੰਮਾਂ ਲਈ ਇਸਰਾਏਲੀਆਂ ਦੀ ਕਦਰ ਬਹੁਤਾ ਚਿਰ ਕਾਇਮ ਨਹੀਂ ਰਹੀ?

2 ਲਾਲ ਸਮੁੰਦਰ ਪਾਰ ਕਰਨ ਤੋਂ ਬਾਅਦ ਇਸਰਾਏਲੀ ‘ਯਹੋਵਾਹ ਕੋਲੋਂ ਡਰਨ ਲੱਗੇ ਅਰ ਉਨ੍ਹਾਂ ਨੇ ਯਹੋਵਾਹ ਉੱਤੇ ਪਰਤੀਤ ਕੀਤੀ।’ (ਕੂਚ 14:31) ਇਸਰਾਏਲ ਦੇ ਬੰਦਿਆਂ ਨੇ ਮੂਸਾ ਨਾਲ ਮਿਲ ਕੇ ਯਹੋਵਾਹ ਨੂੰ ਫਤਹਿ ਦਾ ਗੀਤ ਗਾਇਆ ਅਤੇ ਮਿਰਯਮ ਤੇ ਦੂਸਰੀਆਂ ਤੀਵੀਆਂ ਡੱਫਲੀਆਂ ਵਜਾ ਕੇ ਨੱਚੀਆਂ। (ਕੂਚ 15:1, 20) ਜੀ ਹਾਂ, ਯਹੋਵਾਹ ਦੇ ਲੋਕ ਉਸ ਦੇ ਸ਼ਕਤੀਸ਼ਾਲੀ ਕੰਮਾਂ ਤੋਂ ਪ੍ਰਭਾਵਿਤ ਹੋਏ ਸਨ। ਪਰ ਉਨ੍ਹਾਂ ਦੀ ਕਦਰ ਅਜਿਹੇ ਅਸਚਰਜ ਕੰਮ ਕਰਨ ਵਾਲੇ ਲਈ ਬਹੁਤਾ ਚਿਰ ਨਹੀਂ ਰਹੀ। ਕੁਝ ਹੀ ਦੇਰ ਬਾਅਦ ਉਨ੍ਹਾਂ ਵਿੱਚੋਂ ਕਈਆਂ ਨੇ ਅਜਿਹਾ ਕੁਝ ਕੀਤਾ ਜਿਸ ਤੋਂ ਲੱਗਦਾ ਸੀ ਕਿ ਉਹ ਆਪਣੀ ਯਾਦਾਸ਼ਤ ਬਿਲਕੁਲ ਗੁਆ ਬੈਠੇ ਸਨ। ਉਹ ਯਹੋਵਾਹ ਵਿਰੁੱਧ ਬੁੜ ਬੁੜਾ ਕੇ ਸ਼ਿਕਾਇਤ ਕਰਨ ਲੱਗ ਪਏ ਸਨ। ਉਨ੍ਹਾਂ ਵਿੱਚੋਂ ਕੁਝ ਲੋਕ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਅਤੇ ਜ਼ਨਾਹ ਕਰਨ ਲੱਗ ਪਏ ਸਨ।​—ਗਿਣਤੀ 14:27; 25:1-9.

ਅਸੀਂ ਪਰਮੇਸ਼ੁਰ ਦੇ ਕੰਮ ਕਿਵੇਂ ਭੁੱਲ ਸਕਦੇ ਹਾਂ?

3. ਸਾਡੀ ਅਪੂਰਣਤਾ ਕਾਰਨ ਅਸੀਂ ਕੀ ਭੁੱਲ ਸਕਦੇ ਹਾਂ?

3 ਅਸੀਂ ਹੈਰਾਨ ਹੁੰਦੇ ਹਾਂ ਕਿ ਇਸਰਾਏਲੀਆਂ ਨੇ ਇੰਨੀ ਬੇਕਦਰੀ ਦਿਖਾਈ। ਲੇਕਿਨ ਸਾਡੇ ਨਾਲ ਵੀ ਇਸੇ ਤਰ੍ਹਾਂ ਹੋ ਸਕਦਾ ਹੈ। ਇਹ ਸੱਚ ਹੈ ਕਿ ਅਸੀਂ ਪਰਮੇਸ਼ੁਰ ਦੇ ਅਜਿਹੇ ਚਮਤਕਾਰ ਨਹੀਂ ਦੇਖੇ ਹਨ। ਪਰ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਵਿਚ ਅਜਿਹੀਆਂ ਕਈ ਗੱਲਾਂ ਜ਼ਰੂਰ ਵਾਪਰੀਆਂ ਹੋਣੀਆਂ ਜਿਨ੍ਹਾਂ ਨੂੰ ਅਸੀਂ ਨਹੀਂ ਭੁਲਾ ਸਕਦੇ। ਸਾਡੇ ਵਿੱਚੋਂ ਕੁਝ ਸ਼ਾਇਦ ਉਸ ਸਮੇਂ ਨੂੰ ਯਾਦ ਕਰ ਸਕਦੇ ਹਨ ਜਦੋਂ ਅਸੀਂ ਪਹਿਲਾਂ-ਪਹਿਲਾਂ ਬਾਈਬਲ ਦੀ ਸੱਚਾਈ ਕਬੂਲ ਕੀਤੀ ਸੀ। ਉਹ ਵੀ ਖ਼ੁਸ਼ੀ ਭਰਿਆ ਸਮਾਂ ਸੀ ਜਦੋਂ ਅਸੀਂ ਪ੍ਰਾਰਥਨਾ ਰਾਹੀਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸੌਂਪੀ ਸੀ ਅਤੇ ਇਕ ਸੱਚੇ ਮਸੀਹੀ ਵਜੋਂ ਪਾਣੀ ਵਿਚ ਬਪਤਿਸਮਾ ਲਿਆ ਸੀ। ਸਾਡੇ ਵਿੱਚੋਂ ਕਈਆਂ ਨੂੰ ਜ਼ਿੰਦਗੀ ਦੇ ਵੱਖੋ-ਵੱਖਰੇ ਸਮਿਆਂ ਦੌਰਾਨ ਯਹੋਵਾਹ ਦੀ ਮਦਦ ਦਾ ਅਹਿਸਾਸ ਹੋਇਆ ਹੈ। (ਜ਼ਬੂਰ 118:15) ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪਰਮੇਸ਼ੁਰ ਦੇ ਪੁੱਤਰ, ਯਿਸੂ ਮਸੀਹ ਦੀ ਬਲੀਦਾਨੀ ਮੌਤ ਰਾਹੀਂ ਸਾਨੂੰ ਮੁਕਤੀ ਦੀ ਉਮੀਦ ਮਿਲੀ ਹੈ। (ਯੂਹੰਨਾ 3:16) ਫਿਰ ਵੀ, ਅਪੂਰਣ ਹੋਣ ਕਰਕੇ ਗ਼ਲਤ ਇੱਛਾਵਾਂ ਅਤੇ ਜ਼ਿੰਦਗੀ ਦੀਆਂ ਚਿੰਤਾਵਾਂ ਦਾ ਸਾਮ੍ਹਣਾ ਕਰਦੇ ਹੋਏ ਅਸੀਂ ਵੀ ਸ਼ਾਇਦ ਬਹੁਤ ਹੀ ਜਲਦੀ ਉਨ੍ਹਾਂ ਚੰਗੀਆਂ ਚੀਜ਼ਾਂ ਨੂੰ ਭੁੱਲ ਜਾਈਏ ਜੋ ਯਹੋਵਾਹ ਨੇ ਸਾਡੇ ਲਈ ਕੀਤੀਆਂ ਹਨ।

4, 5. (ੳ) ਯਾਕੂਬ ਨੇ ਗੱਲ ਸੁਣ ਕੇ ਭੁੱਲਣ ਵਾਲੇ ਬਣਨ ਦੇ ਖ਼ਤਰੇ ਬਾਰੇ ਕਿਹੜੀ ਚੇਤਾਵਨੀ ਦਿੱਤੀ ਸੀ? (ਅ) ਮਨੁੱਖ ਅਤੇ ਸ਼ੀਸ਼ੇ ਬਾਰੇ ਯਾਕੂਬ ਦੇ ਦ੍ਰਿਸ਼ਟਾਂਤ ਨੂੰ ਅਸੀਂ ਕਿਵੇਂ ਲਾਗੂ ਕਰ ਸਕਦੇ ਹਾਂ?

4 ਆਪਣੇ ਸੰਗੀ ਮਸੀਹੀਆਂ ਨੂੰ ਪੱਤਰੀ ਲਿਖਦੇ ਹੋਏ, ਯਿਸੂ ਦੇ ਭਰਾ ਯਾਕੂਬ ਨੇ ਉਨ੍ਹਾਂ ਨੂੰ ਸੁਣ ਕੇ ਭੁੱਲਣ ਵਾਲੇ ਬਣਨ ਦੇ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਸੀ। ਉਸ ਨੇ ਲਿਖਿਆ: “ਪਰ ਬਚਨ ਉੱਤੇ ਅਮਲ ਕਰਨ ਵਾਲੇ ਹੋਵੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਨਿਰੇ ਸੁਣਨ ਵਾਲੇ ਹੀ ਨਾ ਹੋਵੋ। ਕਿਉਂਕਿ ਜੇ ਕੋਈ ਬਚਨ ਦਾ ਸੁਣਨ ਵਾਲਾ ਹੈ ਅਤੇ ਓਸ ਉੱਤੇ ਅਮਲ ਕਰਨ ਵਾਲਾ ਨਹੀਂ ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਆਪਣੇ ਅਸਲੀ ਸਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ। ਕਿਉਂ ਜੋ ਉਹ ਆਪਣੇ ਆਪ ਨੂੰ ਵੇਖ ਕੇ ਚਲਿਆ ਗਿਆ ਅਤੇ ਓਸੇ ਵੇਲੇ ਭੁੱਲ ਗਿਆ ਜੋ ਮੈਂ ਕਿਹੋ ਜਿਹਾ ਸਾਂ।” (ਯਾਕੂਬ 1:22-24) ਯਾਕੂਬ ਦੇ ਸ਼ਬਦਾਂ ਦਾ ਕੀ ਮਤਲਬ ਸੀ?

5 ਜਦੋਂ ਅਸੀਂ ਸਵੇਰ ਨੂੰ ਉੱਠਦੇ ਹਾਂ, ਤਾਂ ਆਮ ਤੌਰ ਤੇ ਅਸੀਂ ਆਪਣੀ ਸ਼ਕਲ-ਸੂਰਤ ਨੂੰ ਸੁਆਰਨ ਲਈ ਸ਼ੀਸ਼ੇ ਵਿਚ ਦੇਖਦੇ ਹਾਂ। ਲੇਕਿਨ ਜਿਉਂ-ਜਿਉਂ ਅਸੀਂ ਦੂਸਰਿਆਂ ਕੰਮਾਂ ਵਿਚ ਲੱਗ ਜਾਂਦੇ ਹਾਂ, ਤਾਂ ਸਾਡਾ ਮਨ ਹੋਰ ਗੱਲਾਂ ਉੱਤੇ ਲੱਗ ਜਾਂਦਾ ਹੈ ਅਤੇ ਅਸੀਂ ਸ਼ੀਸ਼ੇ ਵਿਚ ਦੇਖੀ ਗਈ ਸੂਰਤ ਬਾਰੇ ਸੋਚਣਾ ਬੰਦ ਕਰ ਦਿੰਦੇ ਹਾਂ। ਇਸ ਤਰ੍ਹਾਂ ਰੂਹਾਨੀ ਗੱਲਾਂ ਬਾਰੇ ਵੀ ਸੱਚ ਹੋ ਸਕਦਾ ਹੈ। ਬਾਈਬਲ ਪੜ੍ਹਦੇ ਸਮੇਂ ਅਸੀਂ ਆਪਣੀ ਤੁਲਨਾ ਉਸ ਨਾਲ ਕਰ ਸਕਦੇ ਹਾਂ ਜੋ ਯਹੋਵਾਹ ਸਾਡੇ ਤੋਂ ਚਾਹੁੰਦਾ ਹੈ। ਇਸ ਤਰ੍ਹਾਂ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਪਛਾਣ ਸਕਦੇ ਹਾਂ। ਇਹ ਜਾਣ ਕੇ ਸਾਨੂੰ ਆਪਣਾ ਸੁਭਾਅ ਬਦਲਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਪਰ ਜਿਉਂ-ਜਿਉਂ ਅਸੀਂ ਆਪਣੇ ਰੋਜ਼ਾਨਾ ਕੰਮਾਂ ਵਿਚ ਲੱਗ ਜਾਂਦੇ ਹਾਂ ਅਤੇ ਆਪਣੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਆਸਾਨੀ ਨਾਲ ਰੂਹਾਨੀ ਗੱਲਾਂ ਬਾਰੇ ਸੋਚਣਾ ਛੱਡ ਸਕਦੇ ਹਾਂ। (ਮੱਤੀ 5:3; ਲੂਕਾ 21:34) ਇਸ ਤਰ੍ਹਾਂ ਹੁੰਦਾ ਹੈ ਜਿਵੇਂ ਅਸੀਂ ਉਨ੍ਹਾਂ ਪ੍ਰੇਮ-ਭਰੇ ਕੰਮਾਂ ਨੂੰ ਭੁੱਲ ਜਾਂਦੇ ਹਾਂ ਜੋ ਪਰਮੇਸ਼ੁਰ ਨੇ ਸਾਡੇ ਵਾਸਤੇ ਕੀਤੇ ਹਨ। ਜੇਕਰ ਇਸ ਤਰ੍ਹਾਂ ਹੋ ਜਾਵੇ, ਤਾਂ ਅਸੀਂ ਪਾਪੀ ਝੁਕਾਅ ਦੇ ਸ਼ਿਕਾਰ ਬਣ ਸਕਦੇ ਹਾਂ।

6. ਯਹੋਵਾਹ ਦੇ ਬਚਨ ਨੂੰ ਯਾਦ ਰੱਖਣ ਵਿਚ ਬਾਈਬਲ ਦੇ ਕਿਹੜੇ ਹਿੱਸੇ ਦੀ ਜਾਂਚ ਸਾਡੀ ਮਦਦ ਕਰ ਸਕਦੀ ਹੈ?

6 ਪੌਲੁਸ ਰਸੂਲ ਨੇ ਕੁਰਿੰਥੀਆਂ ਨੂੰ ਆਪਣੀ ਪਹਿਲੀ ਪੱਤਰੀ ਵਿਚ ਉਨ੍ਹਾਂ ਇਸਰਾਏਲੀਆਂ ਬਾਰੇ ਦੱਸਿਆ ਸੀ ਜੋ ਉਜਾੜ ਵਿਚ ਭੁੱਲਣ ਵਾਲੇ ਬਣ ਗਏ ਸਨ। ਜਿਵੇਂ ਪਹਿਲੀ ਸਦੀ ਦੇ ਮਸੀਹੀਆਂ ਨੇ ਪੌਲੁਸ ਦੇ ਸ਼ਬਦਾਂ ਤੋਂ ਲਾਭ ਉਠਾਇਆ ਸੀ, ਉਸੇ ਤਰ੍ਹਾਂ ਅਸੀਂ ਵੀ ਉਨ੍ਹਾਂ ਉੱਤੇ ਵਿਚਾਰ ਕਰਨ ਦੁਆਰਾ ਯਹੋਵਾਹ ਦੇ ਬਚਨ ਨੂੰ ਯਾਦ ਰੱਖ ਸਕਦੇ ਹਾਂ। ਤਾਂ ਫਿਰ ਆਓ ਆਪਾਂ 1 ਕੁਰਿੰਥੀਆਂ 10:1-12 ਵਿਚ ਪੌਲੁਸ ਦੇ ਸ਼ਬਦਾਂ ਵੱਲ ਧਿਆਨ ਦੇਈਏ।

ਦੁਨਿਆਵੀ ਇੱਛਾਵਾਂ ਤੋਂ ਮਨ ਫੇਰੋ

7. ਇਸਰਾਏਲੀਆਂ ਨੇ ਯਹੋਵਾਹ ਦੇ ਪ੍ਰੇਮ ਦਾ ਕਿਹੜਾ ਪੱਕਾ ਸਬੂਤ ਦੇਖਿਆ ਸੀ?

7 ਇਸਰਾਏਲੀਆਂ ਬਾਰੇ ਲਿਖੇ ਗਏ ਪੌਲੁਸ ਦੇ ਸ਼ਬਦਾਂ ਤੋਂ ਮਸੀਹੀਆਂ ਨੂੰ ਚੇਤਾਵਨੀ ਮਿਲਦੀ ਹੈ। ਉਸ ਨੇ ਲਿਖਿਆ: “ਹੇ ਭਰਾਵੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਇਸ ਤੋਂ ਅਣਜਾਣ ਰਹੋ ਭਈ ਸਾਡੇ ਪਿਉ ਦਾਦੇ ਬੱਦਲ ਦੇ ਹੇਠ ਸਨ ਅਤੇ ਓਹ ਸੱਭੇ ਸਮੁੰਦਰ ਦੇ ਵਿੱਚੋਂ ਦੀ ਲੰਘ ਗਏ। ਅਤੇ ਸਭਨਾਂ ਨੂੰ ਉਸ ਬੱਦਲ ਅਤੇ ਉਸ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਮਿਲਿਆ।” (1 ਕੁਰਿੰਥੀਆਂ 10:1-4) ਮੂਸਾ ਦੇ ਦਿਨਾਂ ਵਿਚ ਇਸਰਾਏਲੀਆਂ ਨੇ ਪਰਮੇਸ਼ੁਰ ਦੀ ਸ਼ਕਤੀ ਦੇ ਵੱਡੇ-ਵੱਡੇ ਪ੍ਰਗਟਾਵੇ ਦੇਖੇ ਸਨ, ਜਿਵੇਂ ਕਿ ਬੱਦਲ ਦਾ ਥੰਮ੍ਹ ਜੋ ਦਿਨੇ ਰਾਹ ਦਿਖਾਉਂਦਾ ਸੀ ਅਤੇ ਜਿਸ ਕਰਕੇ ਉਹ ਲਾਲ ਸਮੁੰਦਰ ਪਾਰ ਕਰ ਕੇ ਬੱਚ ਨਿਕਲੇ ਸਨ। (ਕੂਚ 13:21; 14:21, 22) ਜੀ ਹਾਂ, ਉਨ੍ਹਾਂ ਇਸਰਾਏਲੀਆਂ ਨੇ ਯਹੋਵਾਹ ਦੇ ਪ੍ਰੇਮ ਦਾ ਪੱਕਾ ਸਬੂਤ ਦੇਖਿਆ ਸੀ।

8. ਇਸਰਾਏਲੀਆਂ ਦੀ ਬੇਪਰਤੀਤੀ ਦੇ ਕੀ ਨਤੀਜੇ ਸਨ?

8 “ਪਰੰਤੂ,” ਪੌਲੁਸ ਨੇ ਅੱਗੇ ਲਿਖਿਆ ਕਿ “ਪਰਮੇਸ਼ੁਰ ਓਹਨਾਂ ਵਿੱਚੋਂ ਬਾਹਲਿਆਂ ਨਾਲ ਪਰਸੰਨ ਨਹੀਂ ਸੀ ਸੋ ਓਹ ਉਜਾੜ ਵਿੱਚ ਢਹਿ ਪਏ।” (1 ਕੁਰਿੰਥੀਆਂ 10:5) ਇਹ ਕਿੰਨੇ ਅਫ਼ਸੋਸ ਦੀ ਗੱਲ ਹੈ! ਮਿਸਰ ਵਿੱਚੋਂ ਨਿਕਲਣ ਵਾਲੇ ਬਹੁਤ ਸਾਰੇ ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਣ ਦੇ ਆਪਣੇ ਹੱਕ ਨੂੰ ਗੁਆ ਬੈਠੇ ਸਨ। ਬੇਪਰਤੀਤੀ ਦੇ ਕਾਰਨ ਉਨ੍ਹਾਂ ਨੇ ਪਰਮੇਸ਼ੁਰ ਦੀ ਮਨਜ਼ੂਰੀ ਨਹੀਂ ਪਾਈ ਅਤੇ ਉਹ ਉਜਾੜ ਵਿਚ ਮਰ ਗਏ। (ਇਬਰਾਨੀਆਂ 3:16-19) ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਪੌਲੁਸ ਨੇ ਦੱਸਿਆ: “ਏਹ ਗੱਲਾਂ ਸਾਡੇ ਲਈ ਨਸੀਹਤ ਬਣੀਆਂ ਭਈ ਅਸੀਂ ਮਾੜੀਆਂ ਗੱਲਾਂ ਦੀਆਂ ਕਾਮਨਾਂ ਨਾ ਕਰੀਏ ਜਿਵੇਂ ਓਹਨਾਂ ਨੇ ਕਾਮਨਾਂ ਕੀਤੀਆਂ ਸਨ।”​—1 ਕੁਰਿੰਥੀਆਂ 10:6.

9. ਯਹੋਵਾਹ ਨੇ ਆਪਣੇ ਲੋਕਾਂ ਲਈ ਕਿਹੜੇ ਪ੍ਰਬੰਧ ਕੀਤੇ ਸਨ, ਅਤੇ ਕੀ ਇਸਰਾਏਲੀਆਂ ਨੇ ਇਨ੍ਹਾਂ ਦੀ ਕਦਰ ਕੀਤੀ ਸੀ?

9 ਉਜਾੜ ਵਿਚ ਇਸਰਾਏਲੀਆਂ ਨੂੰ ਰੂਹਾਨੀ ਤੌਰ ਤੇ ਮਜ਼ਬੂਤ ਰੱਖਣ ਲਈ ਬਹੁਤ ਕੁਝ ਦਿੱਤਾ ਗਿਆ ਸੀ। ਉਨ੍ਹਾਂ ਨੇ ਯਹੋਵਾਹ ਨਾਲ ਇਕ ਨੇਮ ਬੰਨ੍ਹਿਆ ਸੀ ਅਤੇ ਉਹ ਉਸ ਦੀ ਸਮਰਪਿਤ ਕੌਮ ਬਣ ਗਏ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਭਗਤੀ ਕਰਨ ਲਈ ਇਕ ਡੇਹਰਾ ਅਤੇ ਜਾਜਕਾਈ ਵੀ ਦਿੱਤੇ ਗਏ ਸਨ, ਅਤੇ ਉਨ੍ਹਾਂ ਵਾਸਤੇ ਯਹੋਵਾਹ ਨੂੰ ਬਲੀਦਾਨ ਚੜ੍ਹਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਪਰ ਇਨ੍ਹਾਂ ਰੂਹਾਨੀ ਦਾਤਾਂ ਕਾਰਨ ਖ਼ੁਸ਼ੀ ਮਨਾਉਣ ਦੀ ਬਜਾਇ ਉਹ ਪਰਮੇਸ਼ੁਰ ਵੱਲੋਂ ਮਿਲੀਆਂ ਚੀਜ਼ਾਂ ਬਾਰੇ ਬੁੜ-ਬੁੜ ਕਰਨ ਲੱਗ ਪਏ।​—ਗਿਣਤੀ 11:4-6.

10. ਸਾਨੂੰ ਹਮੇਸ਼ਾ ਪਰਮੇਸ਼ੁਰ ਬਾਰੇ ਕਿਉਂ ਸੋਚਦੇ ਰਹਿਣਾ ਚਾਹੀਦਾ ਹੈ?

10 ਉਜਾੜ ਵਿਚ ਇਸਰਾਏਲੀਆਂ ਤੋਂ ਉਲਟ, ਯਹੋਵਾਹ ਦੇ ਲੋਕ ਅੱਜ ਪਰਮੇਸ਼ੁਰ ਦੀ ਮਨਜ਼ੂਰੀ ਦਾ ਆਨੰਦ ਮਾਣਦੇ ਹਨ। ਪਰ ਇਕ ਗੱਲ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਨਿੱਜੀ ਤੌਰ ਤੇ ਪਰਮੇਸ਼ੁਰ ਬਾਰੇ ਸੋਚਦੇ ਰਹੀਏ। ਇਸ ਤਰ੍ਹਾਂ ਕਰਨ ਦੁਆਰਾ ਅਸੀਂ ਸਵਾਰਥੀ ਇੱਛਾਵਾਂ ਨੂੰ ਰੱਦ ਕਰ ਸਕਾਂਗੇ ਜੋ ਸਾਡੀ ਰੂਹਾਨੀ ਦ੍ਰਿਸ਼ਟੀ ਨੂੰ ਧੁੰਦਲਾ ਕਰ ਸਕਦੀਆਂ ਹਨ। ਸਾਨੂੰ ਪੱਕਾ ਇਰਾਦਾ ਕਰਨਾ ਚਾਹੀਦਾ ਹੈ “ਭਈ ਅਸੀਂ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਇਸ ਵਰਤਮਾਨ ਜੁੱਗ ਵਿੱਚ ਸੁਰਤ, ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰੀਏ।” (ਤੀਤੁਸ 2:12) ਸਾਡੇ ਵਿੱਚੋਂ ਜਿਹੜੇ ਛੋਟੀ ਉਮਰ ਤੋਂ ਹੀ ਮਸੀਹੀ ਕਲੀਸਿਯਾ ਨਾਲ ਮੇਲ-ਜੋਲ ਰੱਖਦੇ ਆਏ ਹਨ, ਉਨ੍ਹਾਂ ਨੂੰ ਇਹ ਕਦੀ ਵੀ ਨਹੀਂ ਸੋਚਣਾ ਚਾਹੀਦਾ ਕਿ ਉਨ੍ਹਾਂ ਦੇ ਜੀਵਨ ਵਿਚ ਕਿਸੇ ਚੰਗੀ ਚੀਜ਼ ਦੀ ਕਮੀ ਹੈ। ਜੇਕਰ ਅਜਿਹੇ ਖ਼ਿਆਲ ਕਦੀ ਸਾਡੇ ਮਨ ਵਿਚ ਉੱਠਣ ਤਾਂ ਸਾਡੇ ਲਈ ਚੰਗਾ ਹੋਵੇਗਾ ਜੇ ਅਸੀਂ ਯਹੋਵਾਹ ਨੂੰ ਯਾਦ ਕਰੀਏ ਅਤੇ ਉਨ੍ਹਾਂ ਬਰਕਤਾਂ ਬਾਰੇ ਸੋਚੀਏ ਜੋ ਯਹੋਵਾਹ ਨੇ ਸਾਡੇ ਲਈ ਤਿਆਰ ਕੀਤੀਆਂ ਹਨ।​—ਇਬਰਾਨੀਆਂ 12:2, 3.

ਹਰ ਗੱਲ ਵਿਚ ਯਹੋਵਾਹ ਦੇ ਆਖੇ ਲੱਗੋ

11, 12. ਇਕ ਵਿਅਕਤੀ ਮੂਰਤੀਆਂ ਦੀ ਪੂਜਾ ਕਰਨ ਤੋਂ ਬਗੈਰ ਮੂਰਤੀ ਪੂਜਕ ਕਿਵੇਂ ਬਣ ਸਕਦਾ ਹੈ?

11 ਪੌਲੁਸ ਨੇ ਇਹ ਲਿਖ ਕੇ ਇਕ ਹੋਰ ਚੇਤਾਵਨੀ ਦਿੱਤੀ: “ਨਾ ਤੁਸੀਂ ਮੂਰਤੀ ਪੂਜਕ ਹੋਵੋ ਜਿਵੇਂ ਓਹਨਾਂ ਵਿੱਚੋਂ ਕਈਕੁ ਹੋਏ ਸਨ। ਜਿਸ ਪਰਕਾਰ ਲਿਖਿਆ ਹੋਇਆ ਹੈ ਜੋ ਓਹ ਲੋਕ ਖਾਣ ਪੀਣ ਬੈਠੇ ਅਤੇ ਹੱਸਣ ਖੇਡਣ ਨੂੰ ਉੱਠੇ।” (1 ਕੁਰਿੰਥੀਆਂ 10:7) ਪੌਲੁਸ ਉਸ ਸਮੇਂ ਬਾਰੇ ਗੱਲ ਕਰ ਰਿਹਾ ਸੀ ਜਦੋਂ ਇਸਰਾਏਲੀਆਂ ਨੇ ਹਾਰੂਨ ਨੂੰ ਸੋਨੇ ਦਾ ਬੱਛਾ ਬਣਵਾਉਣ ਲਈ ਮਨਾਇਆ ਸੀ। (ਕੂਚ 32:1-4) ਭਾਵੇਂ ਕਿ ਅਸੀਂ ਅਸਲੀ ਮੂਰਤੀਆਂ ਦੀ ਪੂਜਾ ਨਾ ਵੀ ਕਰੀਏ, ਫਿਰ ਵੀ ਹੋ ਸਕਦਾ ਹੈ ਕਿ ਅਸੀਂ ਆਪਣੀਆਂ ਸਵਾਰਥੀ ਇੱਛਾਵਾਂ ਕਰਕੇ ਯਹੋਵਾਹ ਦੀ ਭਗਤੀ ਪੂਰੇ ਦਿਲ ਨਾਲ ਕਰਨ ਤੋਂ ਹਟ ਜਾਈਏ, ਅਤੇ ਇਸ ਤਰ੍ਹਾਂ ਇਕ ਕਿਸਮ ਦੇ ਮੂਰਤੀ ਪੂਜਕ ਬਣ ਜਾਈਏ।​—ਕੁਲੁੱਸੀਆਂ 3:5.

12 ਇਕ ਹੋਰ ਮੌਕੇ ਤੇ ਪੌਲੁਸ ਨੇ ਉਨ੍ਹਾਂ ਲੋਕਾਂ ਬਾਰੇ ਲਿਖਿਆ ਸੀ ਜੋ ਰੱਬ ਦੀਆਂ ਗੱਲਾਂ ਵੱਲ ਧਿਆਨ ਦੇਣ ਦੀ ਬਜਾਇ ਚੀਜ਼ਾਂ ਵੱਲ ਜ਼ਿਆਦਾ ਧਿਆਨ ਦੇ ਰਹੇ ਸਨ। ‘ਮਸੀਹ ਦੀ ਸਲੀਬ ਦੇ ਵੈਰੀਆਂ’ ਬਾਰੇ ਉਸ ਨੇ ਲਿਖਿਆ ਕਿ ‘ਉਨ੍ਹਾਂ ਦਾ ਅੰਤ ਬਿਨਾਸ ਹੈ, ਉਨ੍ਹਾਂ ਦਾ ਈਸ਼ੁਰ ਢਿੱਡ ਹੈ।’ (ਫ਼ਿਲਿੱਪੀਆਂ 3:18, 19) ਉਹ ਕੋਈ ਅਸਲੀ ਮੂਰਤੀ ਦੀ ਪੂਜਾ ਨਹੀਂ ਕਰ ਰਹੇ ਸਨ। ਉਹ ਚੀਜ਼ਾਂ ਦੀ ਇੱਛਾ ਕਰ ਰਹੇ ਸਨ। ਲੇਕਿਨ ਸਾਰੀਆਂ ਇੱਛਾਵਾਂ ਗ਼ਲਤ ਨਹੀਂ ਹਨ। ਯਹੋਵਾਹ ਨੇ ਸਾਨੂੰ ਇਨਸਾਨੀ ਜ਼ਰੂਰਤਾਂ ਅਤੇ ਵੱਖੋ-ਵੱਖਰੇ ਮਜ਼ਿਆਂ ਦਾ ਆਨੰਦ ਮਾਣਨ ਦੀ ਯੋਗਤਾ ਨਾਲ ਬਣਾਇਆ ਹੈ। ਪਰ ਜੋ ਲੋਕ ਮਜ਼ਿਆਂ ਨੂੰ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਤੋਂ ਜ਼ਿਆਦਾ ਮਹੱਤਵਪੂਰਣ ਸਮਝਦੇ ਹਨ, ਉਹ ਸੱਚ-ਮੁੱਚ ਮੂਰਤੀ ਪੂਜਕ ਬਣ ਜਾਂਦੇ ਹਨ।​—2 ਤਿਮੋਥਿਉਸ 3:1-5.

13. ਸੋਨੇ ਦੇ ਬੱਛੇ ਦੇ ਬਿਰਤਾਂਤ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

13 ਮਿਸਰ ਨੂੰ ਛੱਡਣ ਤੋਂ ਬਾਅਦ ਇਸਰਾਏਲੀਆਂ ਨੇ ਪੂਜਾ ਕਰਨ ਵਾਸਤੇ ਸੋਨੇ ਦਾ ਬੱਛਾ ਬਣਾਇਆ ਸੀ। ਇਸ ਘਟਨਾ ਤੋਂ ਸਾਨੂੰ ਸਿਰਫ਼ ਮੂਰਤੀ ਪੂਜਾ ਖ਼ਿਲਾਫ਼ ਇਕ ਚੇਤਾਵਨੀ ਹੀ ਨਹੀਂ ਮਿਲਦੀ ਪਰ ਅਸੀਂ ਇਸ ਤੋਂ ਇਕ ਹੋਰ ਮਹੱਤਵਪੂਰਣ ਸਬਕ ਵੀ ਸਿੱਖਦੇ ਹਾਂ। ਇਸਰਾਏਲੀਆਂ ਨੇ ਯਹੋਵਾਹ ਦੀ ਸਪੱਸ਼ਟ ਅਗਵਾਈ ਦੀ ਉਲੰਘਣਾ ਕੀਤੀ ਸੀ। (ਕੂਚ 20:4-6) ਪਰ ਉਹ ਯਹੋਵਾਹ ਨੂੰ ਆਪਣੇ ਪਰਮੇਸ਼ੁਰ ਵਜੋਂ ਰੱਦ ਕਰਨਾ ਨਹੀਂ ਸੀ ਚਾਹੁੰਦੇ। ਇਸ ਲਈ ਉਨ੍ਹਾਂ ਨੇ ਬੱਛੇ ਨੂੰ ਚੜ੍ਹਾਵੇ ਚੜ੍ਹਾਏ ਅਤੇ ਇਸ ਮੌਕੇ ਨੂੰ “ਯਹੋਵਾਹ ਦਾ ਪਰਬ” ਸੱਦਿਆ। ਕਿਸੇ-ਨ-ਕਿਸੇ ਤਰ੍ਹਾਂ ਉਹ ਇਸ ਬਹਿਕਾਵੇ ਵਿਚ ਆ ਗਏ ਸਨ ਕਿ ਪਰਮੇਸ਼ੁਰ ਉਨ੍ਹਾਂ ਦੇ ਪਾਪ ਨੂੰ ਨਹੀਂ ਦੇਖੇਗਾ। ਇਸ ਤਰ੍ਹਾਂ ਉਨ੍ਹਾਂ ਨੇ ਯਹੋਵਾਹ ਦਾ ਅਪਮਾਨ ਕੀਤਾ ਅਤੇ ਇਸ ਤੋਂ ਉਸ ਨੂੰ ਬਹੁਤ ਹੀ ਗੁੱਸਾ ਆਇਆ।​—ਕੂਚ 32:5, 7-10; ਜ਼ਬੂਰ 106:19, 20.

14, 15. (ੳ) ਇਸਰਾਏਲੀਆਂ ਕੋਲ ਸੁਣ ਕੇ ਭੁੱਲਣ ਵਾਲੇ ਬਣਨ ਦਾ ਕੋਈ ਜਾਇਜ਼ ਕਾਰਨ ਕਿਉਂ ਨਹੀਂ ਸੀ? (ਅ) ਜੇਕਰ ਅਸੀਂ ਪੱਕਾ ਇਰਾਦਾ ਕੀਤਾ ਹੈ ਕਿ ਅਸੀਂ ਸੁਣ ਕੇ ਭੁੱਲਣ ਵਾਲੇ ਨਹੀਂ ਬਣਾਂਗੇ, ਤਾਂ ਅਸੀਂ ਪਰਮੇਸ਼ੁਰ ਦੇ ਹੁਕਮਾਂ ਦੇ ਸੰਬੰਧ ਵਿਚ ਕੀ ਕਰਾਂਗੇ?

14 ਇਸ ਤਰ੍ਹਾਂ ਬਹੁਤ ਹੀ ਘੱਟ ਹੁੰਦਾ ਹੈ ਕਿ ਯਹੋਵਾਹ ਦਾ ਇਕ ਗਵਾਹ ਕਿਸੇ ਝੂਠੇ ਧਰਮ ਨਾਲ ਜਾ ਰਲੇ। ਪਰ ਕੁਝ ਮਸੀਹੀ ਕਲੀਸਿਯਾ ਦਾ ਹਿੱਸਾ ਹੁੰਦੇ ਹੋਏ ਵੀ ਸ਼ਾਇਦ ਹੋਰ ਤਰੀਕਿਆਂ ਵਿਚ ਯਹੋਵਾਹ ਦੇ ਨਿਰਦੇਸ਼ਨ ਨੂੰ ਰੱਦ ਕਰਨ। ਇਸਰਾਏਲੀਆਂ ਕੋਲ ਸੁਣ ਕੇ ਭੁੱਲਣ ਵਾਲੇ ਬਣਨ ਦਾ ਕੋਈ ਜਾਇਜ਼ ਕਾਰਨ ਨਹੀਂ ਸੀ। ਉਨ੍ਹਾਂ ਨੇ ਦਸ ਹੁਕਮ ਸੁਣੇ ਸਨ ਅਤੇ ਉਹ ਉੱਥੇ ਮੌਜੂਦ ਸਨ ਜਦੋਂ ਮੂਸਾ ਨੇ ਉਨ੍ਹਾਂ ਨੂੰ ਪਰਮੇਸ਼ੁਰ ਦਾ ਹੁਕਮ ਦਿੱਤਾ ਸੀ ਕਿ “ਤੁਸੀਂ ਮੇਰੇ ਸ਼ਰੀਕ ਨਾ ਬਣਾਓ, ਨਾ ਚਾਂਦੀ ਦੇ ਦੇਵਤੇ, ਨਾ ਸੋਨੇ ਦੇ ਦੇਵਤੇ ਆਪਣੇ ਲਈ ਬਣਾਓ।” (ਕੂਚ 20:18, 19, 22, 23) ਇਸ ਦੇ ਬਾਵਜੂਦ ਇਸਰਾਏਲੀਆਂ ਨੇ ਸੋਨੇ ਦੇ ਬੱਛੇ ਦੀ ਪੂਜਾ ਕੀਤੀ ਸੀ।

15 ਸਾਡੇ ਕੋਲ ਵੀ ਸੁਣ ਕੇ ਭੁੱਲਣ ਵਾਲੇ ਬਣਨ ਦਾ ਕੋਈ ਜਾਇਜ਼ ਕਾਰਨ ਨਹੀਂ ਹੈ। ਬਾਈਬਲ ਵਿੱਚੋਂ ਸਾਨੂੰ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਦੇ ਸੰਬੰਧ ਵਿਚ ਪਰਮੇਸ਼ੁਰ ਤੋਂ ਸਲਾਹ ਮਿਲਦੀ ਹੈ। ਮਿਸਾਲ ਲਈ, ਯਹੋਵਾਹ ਦਾ ਬਚਨ ਕਿਸੇ ਤੋਂ ਉਧਾਰ ਲੈ ਕੇ ਪੈਸੇ ਵਾਪਸ ਨਾ ਕਰਨ ਦੀ ਗੱਲ ਨੂੰ ਬਿਲਕੁਲ ਨਿੰਦਦਾ ਹੈ। (ਜ਼ਬੂਰ 37:21) ਬੱਚਿਆਂ ਨੂੰ ਮਾਪਿਆਂ ਦੇ ਆਖੇ ਲੱਗਣ ਦਾ ਹੁਕਮ ਦਿੱਤਾ ਗਿਆ ਹੈ, ਅਤੇ ਪਿਤਾਵਾਂ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ” ਕੇ ਪਾਲਣਗੇ। (ਅਫ਼ਸੀਆਂ 6:1-4) ਅਣਵਿਆਹੇ ਮਸੀਹੀਆਂ ਨੂੰ ਹਿਦਾਇਤ ਦਿੱਤੀ ਜਾਂਦੀ ਹੈ ਕਿ ਉਹ “ਕੇਵਲ ਪ੍ਰਭੁ ਵਿੱਚ” ਵਿਆਹ ਕਰਵਾਉਣ, ਅਤੇ ਪਰਮੇਸ਼ੁਰ ਦੇ ਸ਼ਾਦੀ-ਸ਼ੁਦਾ ਸੇਵਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ “ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ ਅਤੇ ਵਿਛਾਉਣਾ ਬੇਦਾਗ ਰਹੇ ਕਿਉਂ ਜੋ ਪਰਮੇਸ਼ੁਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਉਂ ਕਰੇਗਾ।” (1 ਕੁਰਿੰਥੀਆਂ 7:39; ਇਬਰਾਨੀਆਂ 13:4) ਜੇਕਰ ਅਸੀਂ ਪੱਕਾ ਇਰਾਦਾ ਕੀਤਾ ਹੈ ਕਿ ਅਸੀਂ ਸੁਣ ਕੇ ਭੁੱਲਣ ਵਾਲੇ ਨਹੀਂ ਬਣਾਂਗੇ, ਤਾਂ ਅਸੀਂ ਪਰਮੇਸ਼ੁਰ ਦੀਆਂ ਇਨ੍ਹਾਂ ਅਤੇ ਹੋਰ ਹਿਦਾਇਤਾਂ ਬਾਰੇ ਗੰਭੀਰਤਾ ਨਾਲ ਸੋਚਾਂਗੇ ਅਤੇ ਇਨ੍ਹਾਂ ਉੱਤੇ ਅਮਲ ਕਰਾਂਗੇ।

16. ਸੋਨੇ ਦੇ ਬੱਛੇ ਦੀ ਪੂਜਾ ਕਰਨ ਦੇ ਕੀ ਨਤੀਜੇ ਨਿਕਲੇ ਸਨ?

16 ਇਸਰਾਏਲੀ ਆਪਣੀਆਂ ਸ਼ਰਤਾਂ ਤੇ ਯਹੋਵਾਹ ਦੀ ਭਗਤੀ ਕਰਨੀ ਚਾਹੁੰਦੇ ਸਨ ਪਰ ਯਹੋਵਾਹ ਨੂੰ ਅਜਿਹੀ ਭਗਤੀ ਮਨਜ਼ੂਰ ਨਹੀਂ ਸੀ। ਸੋਨੇ ਦੇ ਬੱਛੇ ਦੀ ਪੂਜਾ ਕਰਨ ਕਰਕੇ 3,000 ਲੋਕ ਮਾਰੇ ਗਏ ਸਨ। ਦੂਸਰੇ ਅਪਰਾਧੀਆਂ ਉੱਤੇ ਯਹੋਵਾਹ ਨੇ ਮਹਾਂਮਾਰੀ ਲਿਆਂਦੀ। (ਕੂਚ 32:28, 35) ਉਨ੍ਹਾਂ ਲਈ ਇਹ ਕਿੱਡਾ ਵੱਡਾ ਸਬਕ ਹੈ ਜੋ ਪਰਮੇਸ਼ੁਰ ਦਾ ਬਚਨ ਤਾਂ ਪੜ੍ਹਦੇ ਹਨ ਪਰ ਉਸ ਵਿੱਚੋਂ ਉਹੀ ਗੱਲਾਂ ਮੰਨਦੇ ਹਨ ਜੋ ਉਨ੍ਹਾਂ ਨੂੰ ਪਸੰਦ ਹਨ!

“ਹਰਾਮਕਾਰੀ ਤੋਂ ਭੱਜੋ”

17. ਕੁਰਿੰਥੀਆਂ ਦੀ ਪਹਿਲੀ ਪੱਤਰੀ 10:8 ਵਿਚ ਕਿਸ ਘਟਨਾ ਦੀ ਗੱਲ ਕੀਤੀ ਜਾ ਰਹੀ ਹੈ?

17 ਪੌਲੁਸ ਨੇ ਇਕ ਹੋਰ ਗੱਲ ਦਾ ਜ਼ਿਕਰ ਕੀਤਾ ਸੀ, ਜਿਸ ਕਰਕੇ ਅਸੀਂ ਰੂਹਾਨੀ ਗੱਲਾਂ ਨੂੰ ਭੁੱਲ ਸਕਦੇ ਹਾਂ। ਉਸ ਨੇ ਕਿਹਾ: ‘ਨਾ ਅਸੀਂ ਹਰਾਮਕਾਰੀ ਕਰੀਏ ਜਿਵੇਂ ਓਹਨਾਂ ਵਿੱਚੋਂ ਕਈਆਂ ਨੇ ਕੀਤੀ ਅਤੇ ਇੱਕੋ ਦਿਨ ਵਿੱਚ ਤੇਈ ਹਜ਼ਾਰ ਮੌਤ ਦੇ ਮੂੰਹ ਵਿਚ ਚਲੇ ਗਏ।’ (1 ਕੁਰਿੰਥੀਆਂ 10:8) ਇੱਥੇ ਪੌਲੁਸ ਉਸ ਘਟਨਾ ਬਾਰੇ ਗੱਲ ਕਰ ਰਿਹਾ ਸੀ ਜੋ ਉਜਾੜ ਵਿਚ ਇਸਰਾਏਲੀਆਂ ਦੀ 40 ਸਾਲਾਂ ਦੀ ਯਾਤਰਾ ਦੇ ਅੰਤ ਨੇੜੇ ਮੋਆਬ ਦੇ ਮਦਾਨ ਵਿਚ ਹੋਈ ਸੀ। ਇਸਰਾਏਲੀਆਂ ਨੇ ਥੋੜ੍ਹਾ ਚਿਰ ਪਹਿਲਾਂ ਯਹੋਵਾਹ ਦੀ ਮਦਦ ਨਾਲ ਯਰਦਨ ਦੇ ਪੂਰਬ ਵੱਲ ਦੇ ਦੇਸ਼ਾਂ ਉੱਤੇ ਜਿੱਤ ਪ੍ਰਾਪਤ ਕੀਤੀ ਸੀ, ਪਰ ਫਿਰ ਵੀ ਉਨ੍ਹਾਂ ਵਿੱਚੋਂ ਕਈ ਭੁਲੱਣਹਾਰ ਅਤੇ ਨਾਸ਼ੁਕਰੇ ਬਣ ਗਏ। ਵਾਅਦਾ ਕੀਤੇ ਹੋਏ ਦੇਸ਼ ਦੀ ਸਰਹੱਦ ਤੇ, ਉਹ ਲਿੰਗੀ ਗੰਦ-ਮੰਦ ਵਿਚ ਹਿੱਸਾ ਲੈਣ ਲਈ ਅਤੇ ਪਓਰ ਦੇ ਬਆਲ ਦੀ ਪੂਜਾ ਕਰਨ ਲਈ ਭਰਮਾਏ ਗਏ ਸਨ। ਇਨ੍ਹਾਂ ਗ਼ਲਤ ਕੰਮਾਂ ਕਰਕੇ ਕੁਝ 24,000 ਇਸਰਾਏਲੀ ਨਾਸ ਕੀਤੇ ਗਏ ਸਨ, ਜਿਨ੍ਹਾਂ ਵਿਚ 1,000 ਮੋਹਰੀ ਵੀ ਸਨ।​—ਗਿਣਤੀ 25:9.

18. ਕਿਸ ਤਰ੍ਹਾਂ ਦਾ ਚਾਲ-ਚੱਲਣ ਲਿੰਗੀ ਗੰਦ-ਮੰਦ ਵੱਲ ਲੈ ਜਾ ਸਕਦਾ ਹੈ?

18 ਅੱਜ-ਕੱਲ੍ਹ ਯਹੋਵਾਹ ਦੇ ਲੋਕ ਆਪਣੇ ਉੱਚ ਨੈਤਿਕ ਮਿਆਰਾਂ ਲਈ ਮਸ਼ਹੂਰ ਹਨ। ਪਰ ਲਿੰਗੀ ਗੰਦ-ਮੰਦ ਲਈ ਭਰਮਾਏ ਜਾਣ ਕਰਕੇ ਕੁਝ ਮਸੀਹੀਆਂ ਨੇ ਪਰਮੇਸ਼ੁਰ ਅਤੇ ਉਸ ਦੇ ਸਿਧਾਂਤਾਂ ਬਾਰੇ ਸੋਚਣਾ ਛੱਡ ਦਿੱਤਾ ਹੈ। ਉਹ ਸੁਣ ਕੇ ਭੁੱਲਣ ਵਾਲੇ ਬਣ ਗਏ ਹਨ। ਹੋ ਸਕਦਾ ਹੈ ਕਿ ਪਰਤਾਇਆ ਗਿਆ ਵਿਅਕਤੀ ਪਹਿਲਾਂ-ਪਹਿਲਾਂ ਵਿਭਚਾਰ ਨਾ ਕਰੇ। ਪਰ ਉਹ ਸ਼ਾਇਦ ਗੰਦੀਆਂ ਤਸਵੀਰਾਂ ਦੇਖਣ ਵਿਚ ਦਿਲਚਸਪੀ ਰੱਖੇ, ਜਾਂ ਗ਼ਲਤ ਇਰਾਦੇ ਨਾਲ ਕਿਸੇ ਮੁੰਡੇ-ਕੁੜੀ ਨਾਲ ਹਾਸਾ-ਮਜ਼ਾਕ ਕਰੇ, ਜਾਂ ਕਿਸੇ ਵਿਚ ਰੋਮਾਂਟਿਕ ਦਿਲਚਸਪੀ ਰੱਖੇ, ਜਾਂ ਉਨ੍ਹਾਂ ਲੋਕਾਂ ਨਾਲ ਉੱਠਣੀ-ਬੈਠਣੀ ਰੱਖੇ ਜੋ ਨੈਤਿਕ ਮਿਆਰਾਂ ਨੂੰ ਇੰਨਾ ਗੰਭੀਰ ਨਹੀਂ ਸਮਝਦੇ। ਇਨ੍ਹਾਂ ਸਾਰੀਆਂ ਗੱਲਾਂ ਕਾਰਨ ਕੁਝ ਮਸੀਹੀ ਗ਼ਲਤ ਰਾਹ ਪੈ ਗਏ ਹਨ।​—1 ਕੁਰਿੰਥੀਆਂ 15:33; ਯਾਕੂਬ 4:4.

19. ‘ਹਰਾਮਕਾਰੀ ਤੋਂ ਭੱਜਣ’ ਵਿਚ ਬਾਈਬਲ ਤੋਂ ਕਿਹੜੀ ਸਲਾਹ ਸਾਡੀ ਮਦਦ ਕਰਦੀ ਹੈ?

19 ਜੇਕਰ ਅਸੀਂ ਗ਼ਲਤ ਰਾਹ ਪੈਣ ਲਈ ਪਰਤਾਏ ਜਾਈਏ, ਤਾਂ ਸਾਨੂੰ ਯਹੋਵਾਹ ਬਾਰੇ ਸੋਚਣਾ ਛੱਡਣਾ ਨਹੀਂ ਚਾਹੀਦਾ। ਇਸ ਦੀ ਬਜਾਇ ਸਾਨੂੰ ਉਸ ਦੇ ਬਚਨ ਦੀਆਂ ਯਾਦ-ਦਹਾਨੀਆਂ ਉੱਤੇ ਅਮਲ ਕਰਨਾ ਚਾਹੀਦਾ ਹੈ। (ਜ਼ਬੂਰ 119:1, 2) ਸਾਡੇ ਵਿੱਚੋਂ ਜ਼ਿਆਦਾਤਰ ਮਸੀਹੀ ਨੈਤਿਕ ਤੌਰ ਤੇ ਸ਼ੁੱਧ ਰਹਿਣ ਦੀ ਪੂਰੀ ਕੋਸ਼ਿਸ਼ ਕਰਦੇ ਹਨ, ਪਰ ਪਰਮੇਸ਼ੁਰ ਦੀ ਨਿਗਾਹ ਵਿਚ ਸ਼ੁੱਧ ਰਹਿਣ ਵਾਸਤੇ ਲਗਾਤਾਰ ਜਤਨ ਕਰਨ ਦੀ ਜ਼ਰੂਰਤ ਹੈ। (1 ਕੁਰਿੰਥੀਆਂ 9:27) ਪੌਲੁਸ ਨੇ ਰੋਮੀ ਮਸੀਹੀਆਂ ਨੂੰ ਲਿਖਿਆ: “ਤੁਹਾਡੀ ਆਗਿਆਕਾਰੀ ਦਾ ਜਸ ਤਾਂ ਸਭਨਾਂ ਤੋੜੀ ਅੱਪੜ ਪਿਆ ਹੈ ਇਸ ਕਰਕੇ ਮੈਂ ਤੁਹਾਡੇ ਉੱਤੇ ਪਰਸੰਨ ਹਾਂ ਪਰ ਇਹ ਚਾਹੁੰਦਾ ਹਾਂ ਜੋ ਤੁਸੀਂ ਨੇਕੀ ਵਿੱਚ ਸਿਆਣੇ ਅਤੇ ਬਦੀ ਵਿੱਚ ਨਿਆਣੇ ਬਣੇ ਰਹੋ।” (ਰੋਮੀਆਂ 16:19) ਜਿਸ ਤਰ੍ਹਾਂ 24,000 ਇਸਰਾਏਲੀ ਆਪਣਿਆਂ ਪਾਪਾਂ ਲਈ ਨਾਸ ਕੀਤੇ ਗਏ ਸਨ, ਉਸੇ ਤਰ੍ਹਾਂ ਹਰਾਮਕਾਰ ਅਤੇ ਦੂਸਰੇ ਪਾਪੀਆਂ ਨੂੰ ਵੀ ਯਹੋਵਾਹ ਸਜ਼ਾ ਦੇਵੇਗਾ। (ਅਫ਼ਸੀਆਂ 5:3-6) ਤਾਂ ਫਿਰ ਸੁਣ ਕੇ ਭੁੱਲਣ ਵਾਲੇ ਬਣਨ ਦੀ ਬਜਾਇ ਸਾਨੂੰ ‘ਹਰਾਮਕਾਰੀ ਤੋਂ ਭੱਜਣ’ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।​—1 ਕੁਰਿੰਥੀਆਂ 6:18.

ਯਹੋਵਾਹ ਦੇ ਪ੍ਰਬੰਧਾਂ ਦੀ ਹਮੇਸ਼ਾ ਕਦਰ ਕਰਦੇ ਰਹੋ

20. ਇਸਰਾਏਲੀਆਂ ਨੇ ਯਹੋਵਾਹ ਨੂੰ ਕਿਸ ਤਰ੍ਹਾਂ ਪਰਖਿਆ ਸੀ, ਅਤੇ ਇਸ ਦਾ ਨਤੀਜਾ ਕੀ ਸੀ?

20 ਬਹੁਤ ਸਾਰੇ ਮਸੀਹੀ ਕਦੀ ਵੀ ਲਿੰਗੀ ਗੰਦ-ਮੰਦ ਦੇ ਸ਼ਿਕਾਰ ਨਹੀਂ ਬਣਦੇ। ਲੇਕਿਨ ਫਿਰ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਦੀ ਵੀ ਬੁੜ ਬੁੜਾਉਣ ਦੀ ਆਦਤ ਨਾ ਪਾਈਏ ਜਿਸ ਕਰਕੇ ਅਸੀਂ ਪਰਮੇਸ਼ੁਰ ਦੀ ਕਿਰਪਾ ਗੁਆ ਸਕਦੇ ਹਾਂ। ਪੌਲੁਸ ਨੇ ਸਾਨੂੰ ਚੇਤਾਵਨੀ ਦਿੱਤੀ ਸੀ ਕਿ “ਨਾ ਅਸੀਂ ਪ੍ਰਭੁ ਨੂੰ ਪਰਤਾਈਏ ਜਿਵੇਂ ਓਹਨਾਂ ਵਿੱਚੋਂ ਕਈਆਂ [ਇਸਰਾਏਲੀਆਂ] ਨੇ ਪਰਤਾਇਆ ਸੀ ਅਤੇ ਸੱਪਾਂ ਤੋਂ ਨਾਸ ਹੋਏ। ਅਤੇ ਨਾ ਤੁਸੀਂ ਬੁੜ ਬੁੜ ਕਰੋ ਜਿਵੇਂ ਓਹਨਾਂ ਵਿੱਚੋਂ ਕਈਆਂ ਨੇ ਬੁੜ ਬੁੜ ਕੀਤੀ ਅਤੇ ਨਾਸ ਕਰਨ ਵਾਲੇ ਤੋਂ ਨਾਸ ਹੋਏ।” (1 ਕੁਰਿੰਥੀਆਂ 10:9, 10) ਇਸਰਾਏਲੀ ਚਮਤਕਾਰੀ ਤਰੀਕੇ ਵਿਚ ਦਿੱਤੀ ਗਈ ਰੋਟੀ, ਯਾਨੀ ਮੰਨ ਬਾਰੇ ਸ਼ਿਕਾਇਤ ਕਰਦੇ ਹੋਏ, ਮੂਸਾ ਅਤੇ ਹਾਰੂਨ ਦੇ ਵਿਰੁੱਧ ਬੁੜ ਬੁੜਾਏ ਸਨ। ਉਹ ਤਾਂ ਖ਼ੁਦ ਪਰਮੇਸ਼ੁਰ ਵਿਰੁੱਧ ਵੀ ਬੁੜ ਬੁੜਾਏ ਸਨ। (ਗਿਣਤੀ 16:41; 21:5) ਕੀ ਯਹੋਵਾਹ ਬੁੜ ਬੁੜਾਉਣ ਨੂੰ ਹਰਾਮਕਾਰੀ ਨਾਲੋਂ ਘੱਟ ਗੰਭੀਰ ਸਮਝਦਾ ਸੀ? ਬਾਈਬਲ ਦੱਸਦੀ ਹੈ ਕਿ ਬਹੁਤ ਸਾਰੇ ਬੁੜ ਬੁੜਾਉਣ ਵਾਲੇ ਇਸਰਾਏਲੀ ਸੱਪਾਂ ਦੁਆਰਾ ਮਾਰੇ ਗਏ ਸਨ। (ਗਿਣਤੀ 21:6) ਇਸ ਤੋਂ ਵੀ ਪਹਿਲਾਂ ਇਕ ਮੌਕੇ ਤੇ 14,700 ਤੋਂ ਜ਼ਿਆਦਾ ਬੁੜ ਬੁੜਾਉਣ ਵਾਲੇ ਇਸਰਾਏਲੀ ਨਾਸ ਕੀਤੇ ਗਏ ਸਨ। (ਗਿਣਤੀ 16:49) ਤਾਂ ਫਿਰ ਆਓ ਆਪਾਂ ਯਹੋਵਾਹ ਦੇ ਪ੍ਰਬੰਧਾਂ ਦਾ ਨਿਰਾਦਰ ਕਰ ਕੇ ਉਸ ਦੇ ਧੀਰਜ ਨੂੰ ਨਾ ਪਰਖੀਏ।

21. (ੳ) ਪੌਲੁਸ ਕਿਹੜੀ ਚੇਤਾਵਨੀ ਲਿਖਣ ਲਈ ਪ੍ਰੇਰਿਤ ਹੋਇਆ ਸੀ? (ਅ) ਯਾਕੂਬ 1:25 ਦੇ ਅਨੁਸਾਰ, ਅਸੀਂ ਅਸਲੀ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ?

21 ਪੌਲੁਸ ਨੇ ਸੰਗੀ ਮਸੀਹੀਆਂ ਨੂੰ ਲਿਖਦੇ ਹੋਏ ਚੇਤਾਵਨੀਆਂ ਦੀ ਸੂਚੀ ਨੂੰ ਇਸ ਗੱਲ ਨਾਲ ਸਮਾਪਤ ਕੀਤਾ: “ਸੋ ਏਹ ਗੱਲਾਂ ਓਹਨਾਂ ਉੱਤੇ ਨਸੀਹਤ ਦੇ ਲਈ ਹੋਈਆਂ ਅਤੇ ਸਾਨੂੰ ਮੱਤ ਦੇਣ ਲਈ ਲਿਖੀਆਂ ਹੋਈਆਂ ਹਨ ਜਿਨ੍ਹਾਂ ਉੱਤੇ ਜੁੱਗਾਂ ਦੇ ਅੰਤ ਆਣ ਪਹੁੰਚੇ ਹਨ। ਗੱਲ ਕਾਹਦੀ ਜੋ ਕੋਈ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਹੈ ਸੋ ਸੁਚੇਤ ਰਹੇ ਭਈ ਕਿਤੇ ਡਿੱਗ ਨਾ ਪਵੇ।” (1 ਕੁਰਿੰਥੀਆਂ 10:11, 12) ਇਸਰਾਏਲੀਆਂ ਵਾਂਗ, ਸਾਨੂੰ ਵੀ ਯਹੋਵਾਹ ਤੋਂ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਹਨ। ਪਰ ਉਨ੍ਹਾਂ ਤੋਂ ਉਲਟ, ਆਓ ਆਪਾਂ ਕਦੀ ਵੀ ਉਨ੍ਹਾਂ ਚੰਗੀਆਂ ਚੀਜ਼ਾਂ ਨੂੰ ਨਾ ਭੁੱਲੀਏ ਜੋ ਪਰਮੇਸ਼ੁਰ ਸਾਡੇ ਲਈ ਕਰਦਾ ਹੈ, ਅਤੇ ਹਮੇਸ਼ਾ ਉਨ੍ਹਾਂ ਦੀ ਕਦਰ ਕਰੀਏ। ਜਦੋਂ ਜ਼ਿੰਦਗੀ ਦੀਆਂ ਚਿੰਤਾਵਾਂ ਸਾਡੇ ਉੱਤੇ ਬੋਝ ਬਣ ਜਾਂਦੀਆਂ ਹਨ ਤਾਂ ਆਓ ਆਪਾਂ ਬਾਈਬਲ ਦੇ ਸ਼ਾਨਦਾਰ ਵਾਅਦਿਆਂ ਵੱਲ ਧਿਆਨ ਦੇਈਏ। ਆਓ ਆਪਾਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਯਾਦ ਰੱਖੀਏ ਅਤੇ ਰਾਜ ਦਾ ਪ੍ਰਚਾਰ ਕਰਨ ਦੇ ਉਸ ਕੰਮ ਵਿਚ ਹਿੱਸਾ ਲੈਂਦੇ ਰਹੀਏ ਜੋ ਸਾਨੂੰ ਦਿੱਤਾ ਗਿਆ ਹੈ। (ਮੱਤੀ 24:14; 28:19, 20) ਜੀਵਨ ਦੇ ਅਜਿਹੇ ਰਾਹ ਤੋਂ ਸਾਨੂੰ ਸੱਚ-ਮੁੱਚ ਖ਼ੁਸ਼ੀ ਮਿਲੇਗੀ, ਕਿਉਂ ਜੋ ਬਾਈਬਲ ਵਾਅਦਾ ਕਰਦੀ ਹੈ: “ਪਰ ਜਿਹ ਨੇ ਪੂਰੀ ਸ਼ਰਾ ਨੂੰ ਅਰਥਾਤ ਅਜ਼ਾਦੀ ਦੀ ਸ਼ਰਾ ਨੂੰ ਗੌਹ ਨਾਲ ਵੇਖਿਆ ਅਤੇ ਵੇਖਦਾ ਰਹਿੰਦਾ ਹੈ ਉਹ ਇਹੋ ਜਿਹਾ ਸੁਣਨ ਵਾਲਾ ਨਹੀਂ ਜਿਹੜਾ ਭੁੱਲ ਜਾਵੇ ਸਗੋਂ ਕਰਮ ਦਾ ਕਰਤਾ ਹੋ ਕੇ ਆਪਣੇ ਕੰਮ ਵਿੱਚ ਧੰਨ ਹੋਵੇਗਾ।”​—ਯਾਕੂਬ 1:25.

ਤੁਸੀਂ ਕਿਵੇਂ ਜਵਾਬ ਦਿਓਗੇ?

• ਸਾਨੂੰ ਕਿਹੜੀ ਗੱਲ ਸੁਣ ਕੇ ਭੁੱਲਣ ਵਾਲੇ ਬਣਾ ਸਕਦੀ ਹੈ?

• ਹਰ ਗੱਲ ਵਿਚ ਪਰਮੇਸ਼ੁਰ ਦੇ ਆਖੇ ਲੱਗਣਾ ਜ਼ਰੂਰੀ ਕਿਉਂ ਹੈ?

• ਅਸੀਂ ਹਰਾਮਕਾਰੀ ਤੋਂ ਕਿਵੇਂ ਭੱਜ ਸਕਦੇ ਹਾਂ?

• ਯਹੋਵਾਹ ਦੇ ਪ੍ਰਬੰਧਾਂ ਬਾਰੇ ਸਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

ਇਸਰਾਏਲੀ ਯਹੋਵਾਹ ਦੇ ਉਨ੍ਹਾਂ ਮਹਾਨ ਕੰਮਾਂ ਨੂੰ ਭੁੱਲ ਗਏ ਜੋ ਉਸ ਨੇ ਉਨ੍ਹਾਂ ਲਈ ਕੀਤੇ ਸਨ

[ਸਫ਼ੇ 16 ਉੱਤੇ ਤਸਵੀਰ]

ਯਹੋਵਾਹ ਦੇ ਲੋਕਾਂ ਨੇ ਉ ਚ ਨੈਤਿਕ ਮਿਆਰ ਕਾਇਮ ਰੱਖਣ ਦਾ ਪੱਕਾ ਇਰਾਦਾ ਕੀਤਾ ਹੈ