Skip to content

Skip to table of contents

ਤੁਸੀਂ ਪੈਸਿਆਂ ਬਾਰੇ ਸਹੀ ਵਿਚਾਰ ਕਿਸ ਤਰ੍ਹਾਂ ਰੱਖ ਸਕਦੇ ਹੋ?

ਤੁਸੀਂ ਪੈਸਿਆਂ ਬਾਰੇ ਸਹੀ ਵਿਚਾਰ ਕਿਸ ਤਰ੍ਹਾਂ ਰੱਖ ਸਕਦੇ ਹੋ?

ਤੁਸੀਂ ਪੈਸਿਆਂ ਬਾਰੇ ਸਹੀ ਵਿਚਾਰ ਕਿਸ ਤਰ੍ਹਾਂ ਰੱਖ ਸਕਦੇ ਹੋ?

ਪੈਸੇ ਅਤੇ ਚੀਜ਼ਾਂ ਦੀ ਇੱਛਾ ਕਰਨੀ ਅਤੇ ਇਨ੍ਹਾਂ ਦੇ ਮਗਰ ਲੱਗਣਾ ਕੋਈ ਨਵੀਂ ਗੱਲ ਨਹੀਂ ਹੈ। ਦਰਅਸਲ ਬਾਈਬਲ ਇਸ ਤਰ੍ਹਾਂ ਦੀ ਚਾਹਤ ਬਾਰੇ ਪਹਿਲਾਂ ਤੋਂ ਦੱਸਦੀ ਆਈ ਹੈ, ਕਿਉਂਕਿ ਇਹ ਚਾਹਤਾਂ ਬਹੁਤ ਪੁਰਾਣੀਆਂ ਹਨ। ਮੂਸਾ ਦੀ ਬਿਵਸਥਾ ਵਿਚ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਇਹ ਹਿਦਾਇਤ ਦਿੱਤੀ ਸੀ: “ਤੂੰ ਆਪਣੇ ਗਵਾਂਢੀ ਦੇ ਘਰ ਦਾ ਲਾਲਸਾ ਨਾ ਕਰ। . . . ਨਾ ਕਿਸੇ ਚੀਜ ਦਾ ਜਿਹੜੀ ਤੇਰੇ ਗਵਾਂਢੀ ਦੀ ਹੈ।”​—ਕੂਚ 20:17.

ਯਿਸੂ ਦੇ ਦਿਨਾਂ ਵਿਚ ਵੀ ਲੋਕ ਪੈਸਿਆਂ ਅਤੇ ਚੀਜ਼ਾਂ ਦੇ ਲੋਭੀ ਸਨ। ਇਕ ਵਾਰ ਯਿਸੂ ਦੀ ਗੱਲ-ਬਾਤ ਇਕ ‘ਵੱਡੇ ਧਨੀ’ ਆਦਮੀ ਨਾਲ ਹੋਈ: “ਯਿਸੂ ਨੇ . . . ਉਹ ਨੂੰ ਆਖਿਆ, ਅਜੇ ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ ਦੇਹ ਤਾਂ ਤੈਨੂੰ ਸੁਰਗ ਵਿੱਚ ਧਨ ਮਿਲੇਗਾ ਅਤੇ ਆ ਮੇਰੇ ਪਿੱਛੇ ਹੋ ਤੁਰ। ਪਰ ਉਹ ਇਹ ਸੁਣ ਕੇ ਬਹੁਤ ਉਦਾਸ ਹੋਇਆ ਕਿਉਂ ਜੋ ਉਹ ਵੱਡਾ ਧਨਵਾਨ ਸੀ।”​—ਲੂਕਾ 18:18-23.

ਪੈਸਿਆਂ ਬਾਰੇ ਸਹੀ ਵਿਚਾਰ

ਬਾਈਬਲ ਇਹ ਨਹੀਂ ਕਹਿੰਦੀ ਕਿ ਪੈਸਾ ਕੋਈ ਖ਼ਰਾਬ ਚੀਜ਼ ਹੈ ਜਾਂ ਪੈਸੇ ਵਰਤਣੇ ਗ਼ਲਤ ਹਨ। ਬਾਈਬਲ ਕਹਿੰਦੀ ਹੈ ਕਿ ਪੈਸਾ ਸਾਨੂੰ ਗ਼ਰੀਬੀ ਅਤੇ ਤੰਗੀ ਤੋਂ ਬਚਾਉਂਦਾ ਹੈ, ਕਿਉਂਕਿ ਇਸ ਨਾਲ ਜ਼ਰੂਰੀ ਚੀਜ਼ਾਂ ਖ਼ਰੀਦੀਆਂ ਜਾ ਸਕਦੀਆਂ ਹਨ। ਰਾਜਾ ਸੁਲੇਮਾਨ ਨੇ ਲਿਖਿਆ: “ਬੁੱਧ ਦਾ ਸਾਯਾ ਧਨ ਦੇ ਸਾਯੇ ਵਰਗਾ ਹੈ,” ਅਤੇ “ਰੋਟੀ ਹਾਸੀ ਲਈ ਬਣਾਈ ਜਾਂਦੀ ਹੈ, ਅਤੇ ਮੈ ਜੀ ਨੂੰ ਅਨੰਦ ਕਰਦੀ ਹੈ, ਪਰ ਰੋਕੜ ਸਭ ਕਾਸੇ ਦਾ ਉੱਤਰ ਹੈ।”​—ਉਪਦੇਸ਼ਕ ਦੀ ਪੋਥੀ 7:12; 10:19.

ਪੈਸਿਆਂ ਨੂੰ ਸਹੀ ਤਰ੍ਹਾਂ ਵਰਤਣਾ ਪਰਮੇਸ਼ੁਰ ਨੂੰ ਮਨਜ਼ੂਰ ਹੈ। ਉਦਾਹਰਣ ਲਈ ਯਿਸੂ ਨੇ ਕਿਹਾ ਸੀ: “ਕੁਧਰਮ ਦੀ ਮਾਯਾ ਨਾਲ ਆਪਣੇ ਲਈ ਮਿੱਤਰ ਬਣਾਓ।” (ਲੂਕਾ 16:9) ਇਸ ਦਾ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਦੀ ਭਗਤੀ ਨਾਲ ਜੁੜੇ ਕੰਮਾਂ ਲਈ ਦਾਨ ਕਰੀਏ ਕਿਉਂਕਿ ਅਸੀਂ ਪਰਮੇਸ਼ੁਰ ਨੂੰ ਤਾਂ ਜ਼ਰੂਰ ਆਪਣੇ ਮਿੱਤਰ ਵਜੋਂ ਚਾਹੁੰਦੇ ਹਾਂ। ਆਪਣੇ ਪਿਤਾ ਦਾਊਦ ਦੀ ਰੀਸ ਕਰਦੇ ਹੋਏ ਸੁਲੇਮਾਨ ਨੇ ਖ਼ੁਦ ਬਹੁਤ ਸਾਰਾ ਪੈਸਾ ਅਤੇ ਚੀਜ਼ਾਂ ਦਾਨ ਕੀਤੀਆਂ ਸਨ ਤਾਂਕਿ ਪਰਮੇਸ਼ੁਰ ਦੀ ਹੈਕਲ ਬਣਾਈ ਜਾ ਸਕੇ। ਮਸੀਹੀਆਂ ਨੂੰ ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਉਹ ਲੋੜਵੰਦਾਂ ਦੀ ਮਦਦ ਕਰਨ। ਪੌਲੁਸ ਰਸੂਲ ਦੀ ਸਲਾਹ ਸੀ ਕਿ “ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪਰਾਹੁਣਚਾਰੀ ਪੁੱਜ ਕੇ ਕਰੋ।” (ਰੋਮੀਆਂ 12:13) ਇਸ ਤਰ੍ਹਾਂ ਦੇ ਖ਼ਰਚ ਤੋਂ ਤਾਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ। ਪਰ ਮਾਇਆ ਦੇ ਲੋਭ ਬਾਰੇ ਕੀ?

‘ਚਾਂਦੀ ਨੂੰ ਲੋਚਣਾ’

ਜਦ ਪੌਲੁਸ ਸੰਗੀ ਮਸੀਹੀ ਤਿਮੋਥਿਉਸ ਨੂੰ ਲਿਖ ਰਿਹਾ ਸੀ ਤਾਂ ਉਸ ਨੇ ‘ਮਾਇਆ ਦੇ ਲੋਭ’ ਬਾਰੇ ਕਾਫ਼ੀ ਗੱਲ-ਬਾਤ ਕੀਤੀ ਸੀ, ਜਿਸ ਦਾ ਅਸਲੀ ਅਰਥ ਹੈ ‘ਚਾਂਦੀ ਨੂੰ ਲੋਚਣਾ।’ ਪੌਲੁਸ ਦੀ ਇਹ ਚੇਤਾਵਨੀ 1 ਤਿਮੋਥਿਉਸ 6:6-19 ਵਿਚ ਪਾਈ ਜਾਂਦੀ ਹੈ। ਚੀਜ਼ਾਂ ਬਾਰੇ ਗੱਲ-ਬਾਤ ਕਰਦੇ ਹੋਏ ਪੌਲੁਸ ਨੇ ‘ਮਾਇਆ ਦੇ ਲੋਭ’ ਬਾਰੇ ਦੱਸਿਆ। ਅੱਜ-ਕੱਲ੍ਹ ਦਾ ਸਮਾਜ ਚੀਜ਼ਾਂ ਉੱਤੇ ਬਹੁਤ ਜ਼ੋਰ ਪਾਉਂਦਾ ਹੈ। ਇਸ ਲਈ ਚੰਗਾ ਹੋਵੇਗਾ ਜੇਕਰ ਅਸੀਂ ਪੌਲੁਸ ਦੇ ਸ਼ਬਦਾਂ ਵੱਲ ਧਿਆਨ ਦੇਈਏ ਕਿਉਂਕਿ ਉਹ ਪਰਮੇਸ਼ੁਰ ਵੱਲੋਂ ਹਨ। ਇਸ ਤਰ੍ਹਾਂ ਦੀ ਖੋਜ ਬਹੁਤ ਫ਼ਾਇਦੇਮੰਦ ਹੋ ਸਕਦੀ ਹੈ ਕਿਉਂਕਿ ਇਹ ‘ਉਸ ਜੀਵਨ ਨੂੰ ਫੜ ਲੈਣ ਵਿਚ ਸਾਡੀ ਮਦਦ ਕਰੇਗੀ ਜਿਹੜਾ ਅਸਲ ਜੀਵਨ ਹੈ।’

ਪੌਲੁਸ ਨੇ ਚੇਤਾਵਨੀ ਦਿੱਤੀ: “ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਨਿਹਚਾ ਦੇ ਰਾਹੋਂ ਘੁੱਥ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।” (1 ਤਿਮੋਥਿਉਸ 6:10) ਇਹ ਹਵਾਲਾ ਇਹ ਨਹੀਂ ਕਹਿ ਰਿਹਾ ਕਿ ਪੈਸਾ ਬੁਰਾ ਹੈ। ਬਾਈਬਲ ਦਾ ਕੋਈ ਵੀ ਹਵਾਲਾ ਇਸ ਤਰ੍ਹਾਂ ਨਹੀਂ ਕਹਿੰਦਾ, ਅਤੇ ਨਾ ਹੀ ਪੌਲੁਸ ਰਸੂਲ ਇੱਥੇ ਇਹ ਕਹਿ ਰਿਹਾ ਸੀ ਕਿ ਪੈਸਾ “ਬੁਰਿਆਈਆਂ” ਦਾ ਮੁੱਖ ਕਾਰਨ ਹੈ ਜਾਂ ਪੈਸਾ ਹਰੇਕ ਸਮੱਸਿਆ ਦੀ ਜੜ੍ਹ ਹੈ। ਸਗੋਂ ਮਾਇਆ ਦਾ ਲੋਭ ਹਰ ਤਰ੍ਹਾਂ ਦੀਆਂ “ਬੁਰਿਆਈਆਂ” ਦਾ ਇਕ ਕਾਰਨ ਹੋ ਸਕਦਾ ਹੈ।

ਲਾਲਚ ਤੋਂ ਬੱਚੇ ਰਹੋ

ਬਾਈਬਲ ਧਨ-ਦੌਲਤ ਨੂੰ ਨਿੰਦਦੀ ਨਹੀਂ, ਪਰ ਇਸ ਦਾ ਇਹ ਮਤਲਬ ਨਹੀਂ ਕਿ ਪੌਲੁਸ ਦੀ ਚੇਤਾਵਨੀ ਘੱਟ ਅਰਥ ਰੱਖਦੀ ਹੈ। ਜਿਹੜੇ ਮਸੀਹੀ ਪੈਸਿਆਂ ਦਾ ਲੋਭ ਕਰਨ ਲੱਗਦੇ ਹਨ, ਉਹ ਜ਼ਿਆਦਾ ਮੁਸ਼ਕਲਾਂ ਦਾ ਸਾਮ੍ਹਣਾ ਵੀ ਕਰਨ ਲੱਗਦੇ ਹਨ, ਜਿਸ ਵਿਚ ਸਭ ਤੋਂ ਖ਼ਤਰਨਾਕ ਚੀਜ਼ ਨਿਹਚਾ ਨੂੰ ਛੱਡਣਾ ਹੈ। ਇਹ ਗੱਲ ਪੌਲੁਸ ਦੇ ਉਨ੍ਹਾਂ ਸ਼ਬਦਾਂ ਵਿਚ ਦੁਹਰਾਈ ਜਾਂਦੀ ਹੈ ਜੋ ਉਸ ਨੇ ਕੁਲੁੱਸੈ ਦੇ ਮਸੀਹੀਆਂ ਨੂੰ ਲਿਖੇ ਸਨ। ਉਸ ਨੇ ਕਿਹਾ: “ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ ਅਰਥਾਤ . . . ਬੁਰੀ ਇੱਛਿਆ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ।” (ਕੁਲੁੱਸੀਆਂ 3:5) ਲਾਲਚ ਜਾਂ “ਮਾਇਆ ਦਾ ਲੋਭ” ਮੂਰਤੀ ਪੂਜਾ ਕਿਸ ਤਰ੍ਹਾਂ ਬਣ ਸਕਦਾ ਹੈ? ਕੀ ਇਸ ਦਾ ਇਹ ਮਤਲਬ ਹੈ ਕਿ ਵੱਡਾ ਘਰ, ਨਵੀਂ ਕਾਰ, ਜਾਂ ਜ਼ਿਆਦਾ ਤਨਖ਼ਾਹ ਵਾਲੀ ਨੌਕਰੀ ਦੀ ਇੱਛਾ ਕਰਨੀ ਗ਼ਲਤ ਹੈ? ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਬੁਰੀ ਨਹੀਂ ਹੈ। ਪਰ ਸਵਾਲ ਇਹ ਹੈ ਕਿ ਮੈਂ ਇਨ੍ਹਾਂ ਚੀਜ਼ਾਂ ਨੂੰ ਕਿਉਂ ਚਾਹੁੰਦਾ ਹਾਂ, ਅਤੇ ਕੀ ਇਹ ਚੀਜ਼ਾਂ ਜ਼ਰੂਰੀ ਹਨ?

ਕਿਸੇ ਚੀਜ਼ ਦੀ ਆਮ ਇੱਛਾ ਅਤੇ ਕਿਸੇ ਚੀਜ਼ ਦੇ ਲਾਲਚ ਵਿਚ ਫ਼ਰਕ ਦੋ ਤਰ੍ਹਾਂ ਦੀਆਂ ਅੱਗਾਂ ਤੋਂ ਦੇਖਿਆ ਜਾ ਸਕਦਾ ਹੈ। ਇਕ ਤਾਂ ਛੋਟੀ ਜਿਹੀ ਚੁੱਲੇ ਦੀ ਅੱਗ ਹੈ ਜਿਸ ਉੱਤੇ ਖਾਣਾ ਪਕਾਇਆ ਜਾਂਦਾ ਹੈ, ਅਤੇ ਦੂਜੀ ਅੱਗ ਅਜਿਹਾ ਭਾਂਬੜ ਹੈ ਜੋ ਪੂਰੇ ਜੰਗਲ ਨੂੰ ਭਸਮ ਕਰ ਜਾਂਦਾ ਹੈ। ਸਹੀ ਅਤੇ ਜਾਇਜ਼ ਇੱਛਾ ਲਾਭਦਾਇਕ ਹੋ ਸਕਦੀ ਹੈ ਕਿਉਂਕਿ ਇਹ ਸਾਨੂੰ ਕੰਮ ਕਰਨ ਲਈ ਉਕਸਾਉਂਦੀ ਹੈ। ਕਹਾਉਤਾਂ 16:26 ਵਿਚ ਲਿਖਿਆ ਹੈ “ਮਜੂਰ ਦੀ ਭੁੱਖ ਉਸ ਤੋਂ ਮਜੂਰੀ ਕਰਾਉਂਦੀ ਹੈ, ਉਹ ਦਾ ਮੂੰਹ ਜੋ ਉਹ ਨੂੰ ਉਭਾਰਦਾ ਹੈ।” ਪਰ ਲਾਲਚ ਖ਼ਤਰਨਾਕ ਹੈ ਕਿਉਂਕਿ ਇਸ ਇੱਛਾ ਉੱਤੇ ਕੋਈ ਕਾਬੂ ਨਹੀਂ ਹੈ।

ਪੈਸਿਆਂ ਦੇ ਮਾਮਲੇ ਵਿਚ ਆਪਣੇ ਆਪ ਉੱਤੇ ਕਾਬੂ ਰੱਖਣਾ ਇਕ ਮੁੱਖ ਗੱਲ ਹੈ। ਕੀ ਪੈਸਾ ਜਾਂ ਚੀਜ਼ਾਂ ਸਾਡੀਆਂ ਲੋੜਾਂ ਪੂਰੀਆਂ ਕਰਨਗੀਆਂ ਜਾਂ ਕੀ ਇਹ ਲੋੜਾਂ ਸਾਨੂੰ ਪੈਸਿਆਂ ਦੇ ਗ਼ੁਲਾਮ ਬਣਾਉਣਗੀਆਂ? ਇਸ ਲਈ ਪੌਲੁਸ ਨੇ ਕਿਹਾ ਸੀ ਕਿ “ਲੋਭੀ ਮਨੁੱਖ . . . ਮੂਰਤੀ ਪੂਜਕ ਹੈ।” (ਅਫ਼ਸੀਆਂ 5:5) ਕਿਸੇ ਚੀਜ਼ ਦਾ ਲੋਭ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਚੀਜ਼ ਦੇ ਸਾਮ੍ਹਣੇ ਝੁਕ ਜਾਂਦੇ ਹਾਂ—ਉਹ ਚੀਜ਼ ਸਾਡਾ ਮਾਲਕ ਅਤੇ ਰੱਬ ਬਣ ਜਾਂਦੀ ਹੈ ਅਤੇ ਅਸੀਂ ਉਸ ਦੀ ਸੇਵਾ ਕਰਨ ਲੱਗ ਪੈਂਦੇ ਹਾਂ। ਇਸ ਦੇ ਉਲਟ ਪਰਮੇਸ਼ੁਰ ਦਾ ਕਹਿਣਾ ਹੈ: “ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ।”—ਕੂਚ 20:3.

ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ਉਹ ਸਾਨੂੰ ਸਾਰੀਆਂ ਜ਼ਰੂਰੀ ਚੀਜ਼ਾਂ ਦੇਵੇਗਾ, ਪਰ ਜੇਕਰ ਅਸੀਂ ਲਾਲਚੀ ਹਾਂ ਤਾਂ ਅਸੀਂ ਇਸ ਵਾਅਦੇ ਉੱਤੇ ਭਰੋਸਾ ਨਹੀਂ ਰੱਖ ਰਹੇ। (ਮੱਤੀ 6:33) ਅਸਲ ਵਿਚ ਲਾਲਚੀ ਹੋਣ ਦਾ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਤੋਂ ਦੂਰ ਜਾ ਰਹੇ ਹਾਂ। ਇਸ ਅਰਥ ਵਿਚ ਵੀ ਇਹ “ਮੂਰਤੀ ਪੂਜਾ” ਹੈ। ਤਾਹੀਓਂ ਪੌਲੁਸ ਨੇ ਇਸ ਬਾਰੇ ਚੇਤਾਵਨੀ ਦਿੱਤੀ ਸੀ!

ਯਿਸੂ ਨੇ ਵੀ ਲਾਲਚ ਬਾਰੇ ਚੇਤਾਵਨੀ ਦਿੱਤੀ ਸੀ। ਉਸ ਨੇ ਹੁਕਮ ਦਿੱਤਾ ਕਿ ਸਾਨੂੰ ਉਨ੍ਹਾਂ ਚੀਜ਼ਾਂ ਦੀ ਲਾਲਸਾ ਤੋਂ ਬਚਣਾ ਚਾਹੀਦਾ ਹੈ ਜੋ ਸਾਡੇ ਕੋਲ ਨਹੀਂ ਹਨ: “ਖਬਰਦਾਰ ਅਤੇ ਸਾਰੇ ਲੋਭ ਤੋਂ ਬਚੇ ਰਹੋ ਕਿਉਂ ਜੋ ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।” (ਲੂਕਾ 12:15) ਇਸ ਹਵਾਲੇ ਅਤੇ ਇਸ ਤੋਂ ਬਾਅਦ ਦੱਸੀ ਗਈ ਉਦਾਹਰਣ ਮੁਤਾਬਕ, ਲੋਕ ਮੰਨਦੇ ਹਨ ਕਿ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਹਾਡੇ ਕੋਲ ਕਿੰਨਾ ਕੁਝ ਹੈ ਅਤੇ ਇਸ ਲਈ ਉਹ ਲਾਲਚ ਕਰਦੇ ਹਨ। ਇਹ ਪੈਸਾ, ਪਦਵੀ, ਸ਼ਕਤੀ, ਜਾਂ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਦਾ ਲਾਲਚ ਹੋ ਸਕਦਾ ਹੈ। ਜੋ ਵੀ ਚੀਜ਼ ਹਾਸਲ ਕੀਤੀ ਜਾ ਸਕਦੀ ਹੈ ਉਸ ਦਾ ਲਾਲਚ ਕਰਨਾ ਵੀ ਸੰਭਵ ਹੁੰਦਾ ਹੈ। ਅਸੀਂ ਸ਼ਾਇਦ ਸੋਚੀਏ ਕਿ ਕੋਈ ਚੀਜ਼ ਹਾਸਲ ਕਰਨ ਨਾਲ ਅਸੀਂ ਸੰਤੁਸ਼ਟੀ ਪਾਵਾਂਗੇ। ਪਰ ਬਾਈਬਲ ਅਤੇ ਇਨਸਾਨਾਂ ਦਿਆਂ ਤਜਰਬਿਆਂ ਨੇ ਦਿਖਾਇਆ ਹੈ ਕਿ ਸਿਰਫ਼ ਪਰਮੇਸ਼ੁਰ ਹੀ ਸਾਡੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ ਅਤੇ ਜਿਵੇਂ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ ਉਹ ਸਾਡੀਆਂ ਲੋੜਾਂ ਜ਼ਰੂਰ ਪੂਰੀਆਂ ਕਰੇਗਾ।​—ਲੂਕਾ 12:22-31.

ਅੱਜ-ਕੱਲ੍ਹ ਦਾ ਸਮਾਜ ਨਵੀਆਂ ਤੋਂ ਨਵੀਆਂ ਚੀਜ਼ਾਂ ਖ਼ਰੀਦਣ ਲਈ ਉਤਸ਼ਾਹਿਤ ਕਰਦਾ ਰਹਿੰਦਾ ਹੈ ਅਤੇ ਇਵੇਂ ਲਾਲਚ ਦੀ ਅੱਗ ਬਲ਼ਦੀ ਰੱਖਦਾ ਹੈ। ਚਲਾਕੀ ਨਾਲ ਲੋਕਾਂ ਨੂੰ ਇਹ ਯਕੀਨ ਦਿਵਾਇਆ ਜਾਂਦਾ ਹੈ ਕਿ ਜੋ ਕੁਝ ਉਨ੍ਹਾਂ ਕੋਲ ਹੈ ਉਹ ਕਾਫ਼ੀ ਨਹੀਂ ਹੈ ਅਤੇ ਉਨ੍ਹਾਂ ਨੂੰ ਜ਼ਿਆਦਾ, ਵੱਡੀਆਂ, ਅਤੇ ਬਿਹਤਰ ਚੀਜ਼ਾਂ ਦੀ ਲੋੜ ਹੈ। ਅਸੀਂ ਦੁਨੀਆਂ ਨੂੰ ਤਾਂ ਨਹੀਂ ਬਦਲ ਸਕਦੇ, ਪਰ ਆਪਾਂ ਉਸ ਦੇ ਫੰਦੇ ਤੋਂ ਕਿਵੇਂ ਬੱਚ ਸਕਦੇ ਹਾਂ?

ਲਾਲਚ ਤੇ ਸੰਤੁਸ਼ਟੀ ਦਾ ਮੁਕਾਬਲਾ

ਲਾਲਚ ਦਾ ਉਲਟ ਸੰਤੁਸ਼ਟੀ ਹੈ, ਅਤੇ ਪੌਲੁਸ ਨੇ ਇਸ ਬਾਰੇ ਸਾਨੂੰ ਇਸ ਤਰ੍ਹਾਂ ਦੱਸਿਆ: “ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।” (1 ਤਿਮੋਥਿਉਸ 6:8) ਇਸ ਹਵਾਲੇ ਦੇ ਮੁਤਾਬਕ ਅਸਲੀ ਲੋੜਵੰਦ ਚੀਜ਼ਾਂ “ਭੋਜਨ ਬਸਤਰ” ਹਨ। ਪਰ ਸ਼ਾਇਦ ਇਹ ਕੁਝ ਲੋਕਾਂ ਨੂੰ ਬਹੁਤ ਹੀ ਸਾਧਾਰਣ ਲੱਗਣ। ਕਈ ਟੈਲੀਵਿਯਨ ਪ੍ਰੋਗ੍ਰਾਮਾਂ ਵਿਚ ਮਸ਼ਹੂਰ ਬੰਦਿਆਂ ਦੇ ਘਰ ਦਿਖਾਏ ਜਾਂਦੇ ਹਨ ਜੋ ਬਹੁਤ ਐਸ਼ੋ-ਆਰਾਮ ਵਿਚ ਰਹਿੰਦੇ ਹਨ। ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਪ੍ਰੋਗ੍ਰਾਮ ਦੇਖਣ ਵਿਚ ਆਨੰਦ ਮਾਣਦੇ ਹਨ। ਪਰ ਸੰਤੁਸ਼ਟੀ ਪਾਉਣ ਦਾ ਇਹ ਕੋਈ ਤਰੀਕਾ ਨਹੀਂ ਹੈ।

ਪਰ ਅਸੀਂ ਇਹ ਨਹੀਂ ਕਹਿ ਰਹੇ ਕਿ ਯਹੋਵਾਹ ਦੇ ਸੇਵਕਾਂ ਨੂੰ ਗ਼ਰੀਬੀ ਵਿਚ ਰਹਿਣਾ ਚਾਹੀਦਾ ਹੈ। (ਕਹਾਉਤਾਂ 30:8, 9) ਪੌਲੁਸ ਨੇ ਸਾਨੂੰ ਯਾਦ ਦਿਲਾਇਆ ਕਿ ਅਸਲੀ ਗ਼ਰੀਬੀ ਕੀ ਹੈ: ਰੋਟੀ, ਕੱਪੜੇ ਅਤੇ ਮਕਾਨ ਦੀ ਘਾਟ। ਦੂਜੇ ਪਾਸੇ ਜੇਕਰ ਸਾਡੇ ਕੋਲ ਇਹ ਚੀਜ਼ਾਂ ਹਨ ਤਾਂ ਸਾਨੂੰ ਸੰਤੁਸ਼ਟ ਹੋਣਾ ਚਾਹੀਦਾ ਹੈ।

ਕੀ ਪੌਲੁਸ ਸੱਚ-ਮੁੱਚ ਇਸ ਤਰ੍ਹਾਂ ਦੀ ਸੰਤੁਸ਼ਟੀ ਬਾਰੇ ਗੱਲ ਕਰ ਰਿਹਾ ਸੀ? ਕੀ ਅਸੀਂ ਸਿਰਫ਼ ਰੋਟੀ, ਕੱਪੜੇ ਤੇ ਮਕਾਨ ਨਾਲ ਸੰਤੁਸ਼ਟ ਹੋ ਸਕਦੇ ਹਾਂ? ਪੌਲੁਸ ਇਸ ਸਵਾਲ ਦਾ ਜਵਾਬ ਜ਼ਰੂਰ ਦੇ ਸਕਦਾ ਸੀ। ਇਕ ਸਮੇਂ ਤੇ ਉਹ ਧਨ-ਦੌਲਤ ਵਾਲਾ ਸੀ ਅਤੇ ਯਹੂਦੀ ਸਮਾਜ ਵਿਚ ਉੱਚੀ ਪਦਵੀ ਵੀ ਰੱਖਦਾ ਸੀ। ਇਸ ਦੇ ਨਾਲ-ਨਾਲ ਉਹ ਰੋਮੀ ਨਾਗਰਿਕ ਵੀ ਸੀ। (ਰਸੂਲਾਂ ਦੇ ਕਰਤੱਬ 22:28; 23:6; ਫ਼ਿਲਿੱਪੀਆਂ 3:5) ਪੌਲੁਸ ਨੇ ਆਪਣੇ ਪ੍ਰਚਾਰ ਦੇ ਕੰਮ ਵਿਚ ਵੀ ਕਈਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਸੀ। (2 ਕੁਰਿੰਥੀਆਂ 11:23-28) ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਝੱਲਦੇ ਹੋਏ ਉਸ ਨੇ ਸੰਤੁਸ਼ਟ ਰਹਿਣ ਦਾ ਭੇਤ ਵੀ ਪਾਇਆ। ਉਹ ਕਿਵੇਂ?

“ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ”

ਪੌਲੁਸ ਨੇ ਆਪਣੀ ਇਕ ਚਿੱਠੀ ਵਿਚ ਲਿਖਿਆ ਸੀ ਕਿ “ਮੈਂ ਘਟਣਾ ਜਾਣਦਾ ਹਾਂ, ਨਾਲੇ ਵਧਣਾ ਭੀ ਜਾਣਦਾ ਹਾਂ। ਹਰੇਕ ਗੱਲ ਵਿੱਚ, ਕੀ ਰੱਜਣਾ ਕੀ ਭੁੱਖਾ ਰਹਿਣਾ, ਕੀ ਵਧਣਾ ਕੀ ਥੁੜਨਾ, ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ।” (ਫ਼ਿਲਿੱਪੀਆਂ 4:12) ਪੌਲੁਸ ਦਿਆਂ ਇਨ੍ਹਾਂ ਸ਼ਬਦਾਂ ਤੋਂ ਸ਼ਾਇਦ ਇਵੇਂ ਵੀ ਲੱਗੇ ਕਿ ਉਸ ਦੀ ਜ਼ਿੰਦਗੀ ਬੜੀ ਖ਼ੁਸ਼ੀ ਨਾਲ ਭਰੀ ਹੋਈ ਸੀ ਜਦ ਉਸ ਨੇ ਇਹ ਲਿਖਿਆ। ਪਰ ਅਸਲੀਅਤ ਹੈ ਕਿ ਉਹ ਤਾਂ ਰੋਮ ਵਿਚ ਇਕ ਕੈਦੀ ਸੀ!​—ਫ਼ਿਲਿੱਪੀਆਂ 1:12-14.

ਇਸ ਗੱਲ ਨੂੰ ਮਨ ਵਿਚ ਰੱਖਦੇ ਹੋਏ, ਚੀਜ਼ਾਂ ਅਤੇ ਹਾਲਾਤਾਂ ਨਾਲ ਸੰਤੁਸ਼ਟ ਹੋਣ ਬਾਰੇ ਇਹ ਹਵਾਲਾ ਇਕ ਜ਼ਰੂਰੀ ਗੱਲ ਦੱਸਦਾ ਹੈ। ਜਦ ਸਾਡੇ ਕੋਲ ਬਹੁਤੀ ਧਨ-ਦੌਲਤ ਹੁੰਦੀ ਹੈ ਜਾਂ ਜਦ ਅਸੀਂ ਤੰਗੀ ਸਹਿ ਰਹੇ ਹੁੰਦੇ ਹਾਂ, ਤਾਂ ਇਹ ਸਾਨੂੰ ਅਜ਼ਮਾ ਸਕਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਕਿਨ੍ਹਾਂ ਚੀਜ਼ਾਂ ਨੂੰ ਪਹਿਲ ਦਿੰਦੇ ਹਾਂ। ਪੌਲੁਸ ਨੇ ਉਨ੍ਹਾਂ ਰੂਹਾਨੀ ਗੱਲਾਂ ਬਾਰੇ ਦੱਸਿਆ ਜੋ ਉਸ ਨੂੰ ਸੰਤੁਸ਼ਟ ਹੋਣ ਵਿਚ ਮਦਦ ਦਿੰਦੀਆਂ ਸਨ ਭਾਵੇਂ ਕਿ ਉਸ ਦੇ ਕੋਲ ਬਹੁਤਾ ਨਹੀਂ ਸੀ: “[ਪਰਮੇਸ਼ੁਰ] ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।” (ਫ਼ਿਲਿੱਪੀਆਂ 4:13) ਭਾਵੇਂ ਉਸ ਕੋਲ ਬਹੁਤ ਕੁਝ ਸੀ ਜਾਂ ਥੋੜ੍ਹਾ ਅਤੇ ਭਾਵੇਂ ਉਸ ਦੇ ਹਾਲਾਤ ਚੰਗੇ ਸਨ ਜਾਂ ਮਾੜੇ, ਪੌਲੁਸ ਨੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਿਰਫ਼ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ। ਨਤੀਜੇ ਵਜੋਂ ਉਸ ਨੂੰ ਸੰਤੁਸ਼ਟੀ ਮਿਲੀ।

ਪੌਲੁਸ ਦੀ ਚੰਗੀ ਮਿਸਾਲ ਤਿਮੋਥਿਉਸ ਲਈ ਬਹੁਤ ਮਹੱਤਵਪੂਰਣ ਸੀ। ਪੌਲੁਸ ਨੇ ਇਸ ਨੌਜਵਾਨ ਨੂੰ ਉਤੇਜਿਤ ਕੀਤਾ ਕਿ ਉਹ ਆਪਣੇ ਜੀਵਨ ਵਿਚ ਪਰਮੇਸ਼ੁਰ ਦੀ ਭਗਤੀ ਅਤੇ ਉਸ ਨਾਲ ਇਕ ਚੰਗੇ ਰਿਸ਼ਤੇ ਨੂੰ ਧਨ-ਦੌਲਤ ਨਾਲੋਂ ਪਹਿਲਾਂ ਰੱਖੇ। ਪੌਲੁਸ ਨੇ ਕਿਹਾ: “ਪਰ ਤੂੰ ਹੇ ਪਰਮੇਸ਼ੁਰ ਦਿਆ ਬੰਦਿਆ, ਇਨ੍ਹਾਂ ਗੱਲਾਂ ਤੋਂ ਭੱਜ ਅਤੇ ਧਰਮ, ਭਗਤੀ, ਨਿਹਚਾ, ਪ੍ਰੇਮ, ਧੀਰਜ, ਨਰਮਾਈ ਦੇ ਮਗਰ ਲੱਗਾ ਰਹੁ।” (1 ਤਿਮੋਥਿਉਸ 6:11) ਭਾਵੇਂ ਇਹ ਸ਼ਬਦ ਤਿਮੋਥਿਉਸ ਨੂੰ ਲਿਖੇ ਗਏ ਸਨ, ਇਹ ਉਨ੍ਹਾਂ ਸਾਰਿਆਂ ਇਨਸਾਨਾਂ ਤੇ ਲਾਗੂ ਹੁੰਦੇ ਹਨ ਜਿਹੜੇ ਪਰਮੇਸ਼ੁਰ ਦੀ ਵਡਿਆਈ ਕਰਨੀ ਅਤੇ ਸੁਖੀ ਜੀਵਨ ਚਾਹੁੰਦੇ ਹਨ।

ਤਿਮੋਥਿਉਸ ਨੂੰ ਵੀ ਹਰੇਕ ਮਸੀਹੀ ਵਾਂਗ ਲਾਲਚ ਤੋਂ ਬਚਣ ਦੀ ਜ਼ਰੂਰਤ ਸੀ। ਜਦ ਪੌਲੁਸ ਨੇ ਤਿਮੋਥਿਉਸ ਨੂੰ ਚਿੱਠੀ ਲਿਖੀ ਸੀ ਤਾਂ ਤਿਮੋਥਿਉਸ ਅਫ਼ਸੁਸ ਵਿਚ ਸੀ, ਅਤੇ ਉੱਥੇ ਦੀ ਕਲੀਸਿਯਾ ਵਿਚ ਕਈ ਅਮੀਰ ਭੈਣ-ਭਰਾ ਸਨ। (1 ਤਿਮੋਥਿਉਸ 1:3) ਪੌਲੁਸ ਨੇ ਇਸ ਵਪਾਰਕ ਇਲਾਕੇ ਵਿਚ ਯਿਸੂ ਬਾਰੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਸੀ ਅਤੇ ਕਈ ਲੋਕ ਚੇਲੇ ਬਣੇ ਸਨ। ਇਨ੍ਹਾਂ ਵਿੱਚੋਂ ਕਈ ਲੋਕ ਕਾਫ਼ੀ ਅਮੀਰ ਸਨ, ਜਿਵੇਂ ਕਿ ਅੱਜ ਦੀਆਂ ਕਲੀਸਿਯਾਵਾਂ ਵਿਚ ਵੀ ਅਮੀਰ ਭੈਣ-ਭਰਾ ਹਨ।

ਤਿਮੋਥਿਉਸ ਦੀ ਪਹਿਲੀ ਪੱਤਰੀ 6:6-10 ਵਿਚ ਪਾਈ ਗਈ ਸਿੱਖਿਆ ਦੇ ਅਨੁਸਾਰ ਸਵਾਲ ਇਹ ਉੱਠਦਾ ਹੈ ਕਿ ਜਿਨ੍ਹਾਂ ਲੋਕਾਂ ਕੋਲ ਜ਼ਿਆਦਾ ਪੈਸਾ ਹੈ ਉਹ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਕੀ ਕਰ ਸਕਦੇ ਹਨ? ਪੌਲੁਸ ਦੀ ਸਲਾਹ ਹੈ ਕਿ ਉਹ ਸਭ ਤੋਂ ਪਹਿਲਾਂ ਆਪਣੇ ਰਵੱਈਏ ਬਾਰੇ ਸੋਚਣ, ਕਿਉਂਕਿ ਜਿਨ੍ਹਾਂ ਲੋਕਾਂ ਕੋਲ ਪੈਸਾ ਹੈ ਉਹ ਕਈ ਵਾਰ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਕਿਸੇ ਉੱਤੇ ਇਤਬਾਰ ਕਰਨ ਦੀ ਲੋੜ ਨਹੀਂ ਹੈ। ਪੌਲੁਸ ਨੇ ਕਿਹਾ: “ਜਿਹੜੇ ਇਸ ਜੁੱਗ ਵਿੱਚ ਧਨਵਾਨ ਹਨ ਓਹਨਾਂ ਨੂੰ ਉਪਦੇਸ਼ ਕਰ ਭਈ ਗਰਬ ਨਾ ਕਰਨ ਅਤੇ ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖਣ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁਝ ਤਰਾਤਰੀ ਦਿੰਦਾ ਹੈ।” (1 ਤਿਮੋਥਿਉਸ 6:17) ਅਮੀਰ ਲੋਕਾਂ ਨੂੰ ਆਪਣੀ ਧਨ-ਦੌਲਤ ਉੱਤੇ ਨਹੀਂ ਪਰ ਪਰਮੇਸ਼ੁਰ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ, ਕਿਉਂਕਿ ਉਹ ਸਭ ਕੁਝ ਦਿੰਦਾ ਹੈ।

ਪਰ ਸੰਤੁਸ਼ਟੀ ਪਾਉਣ ਵਿਚ ਸਹੀ ਰਵੱਈਆ ਰੱਖਣਾ ਸਿਰਫ਼ ਇਕ ਗੱਲ ਹੈ। ਇਕ ਅਮੀਰ ਭੈਣ-ਭਰਾ ਨੂੰ ਆਪਣੀ ਧਨ-ਦੌਲਤ ਚੰਗੀ ਤਰ੍ਹਾਂ ਵਰਤਣ ਦੀ ਲੋੜ ਹੈ। ਪੌਲੁਸ ਨੇ ਇਹ ਹਿਦਾਇਤ ਦਿੱਤੀ: ‘ਪਰਉਪਕਾਰੀ ਅਤੇ ਸ਼ੁਭ ਕਰਮਾਂ ਵਿੱਚ ਧਨੀ ਅਤੇ ਦਾਨ ਕਰਨ ਵਿੱਚ ਸਖ਼ੀ ਅਤੇ ਵੰਡਣ ਨੂੰ ਤਿਆਰ ਹੋਵੋ।’​—1 ਤਿਮੋਥਿਉਸ 6:18.

“ਅਸਲ ਜੀਵਨ”

ਪੌਲੁਸ ਦੀ ਸਲਾਹ ਦਾ ਮੁੱਖ ਸੁਨੇਹਾ ਇਹ ਹੈ ਕਿ ਸਾਨੂੰ ਪੈਸਿਆਂ ਅਤੇ ਚੀਜ਼ਾਂ ਬਾਰੇ ਸਹੀ ਵਿਚਾਰ ਰੱਖਣ ਦੀ ਲੋੜ ਹੈ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਧਨਵਾਨ ਦੀ ਮਾਯਾ ਉਹ ਦੇ ਲੇਖੇ ਪੱਕਾ ਨਗਰ ਅਤੇ ਉੱਚੀ ਸ਼ਹਿਰ ਪਨਾਹ ਵਾਂਙੁ ਹੈ।” (ਕਹਾਉਤਾਂ 18:11) ਹਾਂ, ਅਸੀਂ ਸ਼ਾਇਦ ਸੋਚੀਏ ਕਿ ਪੈਸਾ ਸਾਡੀ ਸੁਰੱਖਿਆ ਕਰੇਗਾ ਪਰ ਇਸ ਤਰ੍ਹਾਂ ਸੋਚਣ ਨਾਲ ਅਸੀਂ ਸਿਰਫ਼ ਆਪਣੇ ਆਪ ਨੂੰ ਧੋਖਾ ਦੇ ਰਹੇ ਹੋਵਾਂਗੇ। ਪਰਮੇਸ਼ੁਰ ਦੀ ਮਨਜ਼ੂਰੀ ਪਾਉਣੀ ਪੈਸਿਆਂ ਨਾਲੋਂ ਕਿੱਤੇ ਹੀ ਜ਼ਿਆਦਾ ਜ਼ਰੂਰੀ ਹੈ।

ਧਨ-ਦੌਲਤ ਉੱਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਹੈ। ਅਸਲੀ ਆਸ ਕਿਸੇ ਪੱਕੀ ਅਤੇ ਭਰੋਸੇਯੋਗ ਚੀਜ਼ ਉੱਤੇ ਰੱਖੀ ਜਾਣੀ ਚਾਹੀਦੀ ਹੈ। ਮਸੀਹੀਆਂ ਨੂੰ ਆਪਣੇ ਸ੍ਰਿਸ਼ਟੀਕਰਤਾ ਯਹੋਵਾਹ ਪਰਮੇਸ਼ੁਰ ਉੱਤੇ ਆਸ ਰੱਖਣੀ ਚਾਹੀਦੀ ਹੈ ਅਤੇ ਉਸ ਦੇ ਵਾਅਦੇ ਉੱਤੇ ਕਿ ਉਹ ਸਾਨੂੰ ਸਦਾ ਦਾ ਜੀਵਨ ਦੇਵੇਗਾ। ਅਸੀਂ ਜਾਣਦੇ ਹਾਂ ਕਿ ਪੈਸਾ ਖ਼ੁਸ਼ੀ ਨਹੀਂ ਖ਼ਰੀਦ ਸਕਦਾ ਪਰ ਇਹ ਵੀ ਗੱਲ ਸੱਚ ਹੈ ਕਿ ਉਹ ਮੁਕਤੀ ਵੀ ਨਹੀਂ ਖ਼ਰੀਦ ਸਕਦਾ। ਇਸ ਤਰ੍ਹਾਂ ਦੀ ਆਸ ਸਿਰਫ਼ ਪਰਮੇਸ਼ੁਰ ਵਿਚ ਆਪਣੀ ਨਿਹਚਾ ਰਾਹੀਂ ਮਿਲ ਸਕਦੀ ਹੈ।

ਭਾਵੇਂ ਅਸੀਂ ਗ਼ਰੀਬ ਹੋਈਏ ਜਾਂ ਅਮੀਰ, ਆਓ ਆਪਾਂ ਉਸ ਤਰ੍ਹਾਂ ਦਾ ਜੀਵਨ ਜੀਏ ਜੋ ਸਾਨੂੰ “ਪਰਮੇਸ਼ੁਰ ਦੇ ਅੱਗੇ ਧਨਵਾਨ” ਬਣਾਵੇਗਾ। (ਲੂਕਾ 12:21) ਇਨਸਾਨਾਂ ਲਈ ਸਭ ਤੋਂ ਜ਼ਰੂਰੀ ਚੀਜ਼ ਆਪਣੇ ਸ੍ਰਿਸ਼ਟੀਕਰਤਾ ਦੀ ਮਨਜ਼ੂਰੀ ਹਾਸਲ ਕਰਨੀ ਹੈ। ਇਹ ਹਾਸਲ ਕਰਨ ਦੀ ਕੋਸ਼ਿਸ਼ ਵਿਚ ਆਓ ਆਪਾਂ ‘ਅਗਾਹਾਂ ਲਈ ਇੱਕ ਚੰਗੀ ਨੀਂਹ ਆਪਣੇ ਲਈ ਧਰੀਏ ਭਈ ਅਸੀਂ ਉਸ ਜੀਵਨ ਨੂੰ ਫੜ ਲਈਏ ਜਿਹੜਾ ਅਸਲ ਜੀਵਨ ਹੈ।’​—1 ਤਿਮੋਥਿਉਸ 6:19.

[ਸਫ਼ੇ 7 ਉੱਤੇ ਤਸਵੀਰ]

ਪੌਲੁਸ ਨੇ ਸੰਤੁਸ਼ਟੀ ਦਾ ਭੇਤ ਪਾਇਆ

[ਸਫ਼ੇ 8 ਉੱਤੇ ਤਸਵੀਰ]

ਅਸੀਂ ਆਪਣੀਆਂ ਚੀਜ਼ਾਂ ਨਾਲ ਖ਼ੁਸ਼ ਅਤੇ ਸੰਤੁਸ਼ਟ ਹੋ ਸਕਦੇ ਹਾਂ