Skip to content

Skip to table of contents

ਬਿਪਤਾ ਦੇ ਵੇਲੇ ਅਨਾਥਾਂ ਅਤੇ ਵਿਧਵਾਵਾਂ ਦੀ ਮਦਦ ਕਰੋ

ਬਿਪਤਾ ਦੇ ਵੇਲੇ ਅਨਾਥਾਂ ਅਤੇ ਵਿਧਵਾਵਾਂ ਦੀ ਮਦਦ ਕਰੋ

ਬਿਪਤਾ ਦੇ ਵੇਲੇ ਅਨਾਥਾਂ ਅਤੇ ਵਿਧਵਾਵਾਂ ਦੀ ਮਦਦ ਕਰੋ

ਇਹ ਸੱਚਾਈ ਕਬੂਲ ਕਰਨੀ ਔਖੀ ਨਹੀਂ ਹੈ ਕਿ ਦੁਨੀਆਂ ਵਿਚ ਪਿਆਰ ਦੀ ਕਮੀ ਹੈ। ਪੌਲੁਸ ਰਸੂਲ ਨੇ “ਅੰਤ ਦਿਆਂ ਦਿਨਾਂ” ਦੀ ਗੱਲ ਕਰਦੇ ਹੋਏ ਲਿਖਿਆ ਸੀ ਕਿ “ਭੈੜੇ ਸਮੇਂ ਆ ਜਾਣਗੇ। ਕਿਉਂ ਜੋ ਮਨੁੱਖ ਆਪ ਸੁਆਰਥੀ, . . . ਨਿਰਮੋਹ” ਹੋਣਗੇ। (2 ਤਿਮੋਥਿਉਸ 3:1-3) ਇਹ ਗੱਲਾਂ ਕਿੰਨੀਆਂ ਸੱਚੀਆਂ ਹਨ!

ਸਾਡੇ ਜ਼ਮਾਨੇ ਦੇ ਭੈੜੇ ਮਾਹੌਲ ਨੇ ਕਈਆਂ ਲੋਕਾਂ ਦੇ ਦਿਲਾਂ ਵਿੱਚੋਂ ਰਹਿਮ ਮਿਟਾ ਦਿੱਤਾ ਹੈ। ਲੋਕਾਂ ਨੂੰ ਦੂਸਰਿਆਂ ਦੀ ਕੋਈ ਪਰਵਾਹ ਨਹੀਂ ਅਤੇ ਕਈ ਵਾਰ ਉਨ੍ਹਾਂ ਨੂੰ ਆਪਣੇ ਹੀ ਘਰ ਦੇ ਜੀਆਂ ਦੀ ਕੋਈ ਪਰਵਾਹ ਨਹੀਂ ਹੁੰਦੀ।

ਇਸ ਤਰ੍ਹਾਂ ਦੀ ਲਾਪਰਵਾਹੀ ਉਨ੍ਹਾਂ ਲੋਕਾਂ ਉੱਤੇ ਅਸਰ ਪਾਉਂਦੀ ਹੈ ਜੋ ਅਨੇਕਾਂ ਕਾਰਨਾਂ ਕਰਕੇ ਲੋੜਵੰਦ ਬਣ ਜਾਂਦੇ ਹਨ। ਯੁੱਧਾਂ ਅਤੇ ਕੁਦਰਤੀ ਆਫ਼ਤਾਂ ਕਰਕੇ ਅਨਾਥਾਂ ਅਤੇ ਵਿਧਵਾਵਾਂ ਦੀ ਗਿਣਤੀ ਵਧਦੀ ਜਾ ਰਹੀ ਹੈ। (ਉਪਦੇਸ਼ਕ ਦੀ ਪੋਥੀ 3:19) ਸੰਯੁਕਤ ਰਾਸ਼ਟਰ-ਸੰਘ ਬਾਲ ਫ਼ੰਡ ਦੀ ਇਕ ਰਿਪੋਰਟ ਕਹਿੰਦੀ ਹੈ ਕਿ “ਯੁੱਧ ਦੇ ਨਤੀਜੇ ਵਜੋਂ 10 ਲੱਖ ਤੋਂ ਜ਼ਿਆਦਾ [ਬੱਚੇ] ਜਾਂ ਤਾਂ ਆਪਣੇ ਪਰਿਵਾਰ ਤੋਂ ਵੱਖ ਹੋ ਗਏ ਹਨ ਜਾਂ ਯਤੀਮ ਬਣ ਗਏ ਹਨ।” ਤੁਸੀਂ ਅਜਿਹੀਆਂ ਤੀਵੀਆਂ ਬਾਰੇ ਵੀ ਜਾਣਦੇ ਹੋ ਜਿਨ੍ਹਾਂ ਦਾ ਜਾਂ ਤਾਂ ਤਲਾਕ ਹੋਇਆ ਹੈ ਜਾਂ ਉਨ੍ਹਾਂ ਦੇ ਪਤੀਆਂ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ, ਅਤੇ ਹੁਣ ਆਦਮੀ ਤੋਂ ਬਿਨਾਂ ਉਨ੍ਹਾਂ ਲਈ ਬੱਚੇ ਪਾਲਣੇ ਬੜਾ ਔਖਾ ਹੈ। ਮਾਮਲਾ ਹੋਰ ਵੀ ਖ਼ਰਾਬ ਹੋ ਜਾਂਦਾ ਹੈ ਜਦੋਂ ਕਈਆਂ ਦੇਸ਼ਾਂ ਦੀ ਆਰਥਿਕ ਸਥਿਤੀ ਠੀਕ ਨਹੀਂ ਹੁੰਦੀ ਜਿਸ ਕਰਕੇ ਦੇਸ਼ ਦੇ ਵਾਸੀਆਂ ਨੂੰ ਗ਼ਰੀਬੀ ਸਹਿਣੀ ਪੈਂਦੀ ਹੈ।

ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ, ਕੀ ਇਨ੍ਹਾਂ ਦੁਖੀ ਲੋਕਾਂ ਲਈ ਕੋਈ ਉਮੀਦ ਹੈ? ਵਿਧਵਾਵਾਂ ਅਤੇ ਅਨਾਥਾਂ ਦੀ ਮੁਸੀਬਤ ਕਿਸ ਤਰ੍ਹਾਂ ਦੂਰ ਕੀਤੀ ਜਾ ਸਕਦੀ ਹੈ? ਕੀ ਇਸ ਸਮੱਸਿਆ ਦਾ ਅੰਤ ਕਦੇ ਹੋਵੇਗਾ?

ਬਾਈਬਲ ਦੇ ਜ਼ਮਾਨੇ ਵਿਚ ਪਿਆਰ-ਭਰੀ ਦੇਖ-ਭਾਲ

ਬਾਈਬਲ ਦੇ ਜ਼ਮਾਨੇ ਵਿਚ ਵਿਧਵਾਵਾਂ ਅਤੇ ਅਨਾਥਾਂ ਦੀਆਂ ਰੂਹਾਨੀ ਅਤੇ ਜਿਸਮਾਨੀ ਲੋੜਾਂ ਪੂਰੀਆਂ ਕਰਨੀਆਂ ਹਮੇਸ਼ਾ ਪਰਮੇਸ਼ੁਰ ਦੀ ਭਗਤੀ ਕਰਨ ਦਾ ਹਿੱਸਾ ਰਿਹਾ ਸੀ। ਫਲ-ਫਰੂਟ ਜਾਂ ਫ਼ਸਲ ਦੀ ਵਾਢੀ ਦੇ ਵੇਲੇ ਇਸਰਾਏਲੀਆਂ ਨੂੰ ਕਿਹਾ ਗਿਆ ਸੀ ਕਿ ਉਹ ਖੇਤ ਵਿੱਚੋਂ ਬਚਿਆ-ਖੁਚਿਆ ਇਕੱਠਾ ਨਾ ਕਰਨ। ਇਸ ਨੂੰ “ਪਰਦੇਸੀ, ਯਤੀਮ ਅਤੇ ਵਿਧਵਾ” ਦੇ ਚੁਗਣ ਲਈ ਛੱਡਿਆ ਜਾਣਾ ਚਾਹੀਦਾ ਸੀ। (ਬਿਵਸਥਾ ਸਾਰ 24:19-21) ਮੂਸਾ ਦੀ ਬਿਵਸਥਾ ਵਿਚ ਸਾਫ਼-ਸਾਫ਼ ਦੱਸਿਆ ਗਿਆ ਸੀ ਕਿ “ਵਿਧਵਾ ਅਤੇ ਯਤੀਮ ਨੂੰ ਤੰਗ ਨਾ ਕਰੋ।” (ਕੂਚ 22:22, 23) ਬਾਈਬਲ ਵਿਚ ਵਿਧਵਾਵਾਂ ਅਤੇ ਯਤੀਮਾਂ ਦਾ ਜ਼ਿਕਰ ਸਾਰਿਆਂ ਗ਼ਰੀਬ ਲੋਕਾਂ ਨੂੰ ਦਰਸਾਉਣ ਲਈ ਕੀਤਾ ਗਿਆ ਹੈ ਕਿਉਂਕਿ ਜਦੋਂ ਕਿਸੇ ਦਾ ਪਤੀ ਜਾਂ ਬਾਪ ਜਾਂ ਦੋਨੋ ਮਾਪੇ ਮਰ ਜਾਂਦੇ ਸਨ ਤਾਂ ਪਰਿਵਾਰ ਦੇ ਬਾਕੀ ਜੀਅ ਗ਼ਰੀਬੀ ਦਾ ਸਾਮ੍ਹਣਾ ਇਕੱਲੇ ਕਰਦੇ ਸਨ। ਅੱਯੂਬ ਨੇ ਕਿਹਾ: “ਮੈਂ ਮਸਕੀਨ ਨੂੰ ਛੁਡਾਉਂਦਾ ਸਾਂ ਜਦ ਉਹ ਦੁਹਾਈ ਦਿੰਦਾ, ਅਤੇ ਯਤੀਮ ਨੂੰ ਜਦ ਉਹ ਦਾ ਕੋਈ ਸਹਾਇਕ ਨਹੀਂ ਸੀ।”​—ਅੱਯੂਬ 29:12.

ਮਸੀਹੀ ਕਲੀਸਿਯਾ ਦੇ ਮੁਢਲੇ ਸਮੇਂ ਵਿਚ ਅਜਿਹੇ ਦੁਖੀ ਅਤੇ ਗ਼ਰੀਬ ਲੋਕਾਂ ਦੀ ਦੇਖ-ਭਾਲ ਕਰਨੀ ਸੱਚੀ ਭਗਤੀ ਦਾ ਖ਼ਾਸ ਹਿੱਸਾ ਸੀ ਜਿਨ੍ਹਾਂ ਦੇ ਮਾਂ-ਬਾਪ ਜਾਂ ਪਤੀ ਮਰ ਗਏ ਸਨ। ਅਜਿਹੇ ਲੋਕਾਂ ਬਾਰੇ ਸੋਚਦੇ ਹੋਏ ਯਿਸੂ ਦੇ ਚੇਲੇ ਯਾਕੂਬ ਨੇ ਲਿਖਿਆ: “ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਭਈ ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ ਸੁੱਧ ਲੈਣੀ ਅਤੇ ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ ਰੱਖਣਾ।”​—ਯਾਕੂਬ 1:27.

ਵਿਧਵਾਵਾਂ ਅਤੇ ਅਨਾਥਾਂ ਦੀ ਗੱਲ ਕਰਨ ਤੋਂ ਇਲਾਵਾ ਯਾਕੂਬ ਨੇ ਹੋਰਨਾਂ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਸੀ ਜੋ ਗ਼ਰੀਬ ਅਤੇ ਕੰਗਾਲ ਸਨ। (ਯਾਕੂਬ 2:5, 6, 15, 16) ਪੌਲੁਸ ਰਸੂਲ ਨੇ ਵੀ ਅਜਿਹੀ ਚਿੰਤਾ ਪ੍ਰਗਟ ਕੀਤੀ ਸੀ। ਜਦੋਂ ਉਸ ਨੂੰ ਬਰਨਬਾਸ ਨਾਲ ਪ੍ਰਚਾਰ ਦੇ ਕੰਮ ਲਈ ਭੇਜਿਆ ਗਿਆ ਸੀ ਤਾਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ‘ਗਰੀਬਾਂ ਨੂੰ ਚੇਤੇ ਰੱਖੀਓ।’ ਪੌਲੁਸ ਸ਼ੁੱਧ ਜ਼ਮੀਰ ਨਾਲ ਕਹਿ ਸਕਿਆ ਸੀ ਕਿ ਇਸ “ਕੰਮ ਲਈ ਮੈਂ ਵੀ ਲੱਕ ਬੱਧਾ ਸੀ।” (ਗਲਾਤੀਆਂ 2:9, 10) ਮਸੀਹੀ ਕਲੀਸਿਯਾ ਦੀ ਸਥਾਪਨਾ ਤੋਂ ਥੋੜ੍ਹੀ ਦੇਰ ਬਾਅਦ ਉਸ ਬਾਰੇ ਲਿਖਿਆ ਗਿਆ ਕਿ “ਉਨ੍ਹਾਂ ਵਿੱਚੋਂ ਕਿਸੇ ਨੂੰ ਘਾਟਾ ਨਾ ਸੀ . . . ਹਰੇਕ ਨੂੰ ਉਹ ਦੀ ਲੋੜ ਅਨੁਸਾਰ ਵੰਡ ਦਿੰਦੇ ਸਨ।” (ਰਸੂਲਾਂ ਦੇ ਕਰਤੱਬ 4:34, 35) ਜੀ ਹਾਂ, ਜਿਸ ਤਰ੍ਹਾਂ ਪ੍ਰਾਚੀਨ ਇਸਰਾਏਲ ਵਿਚ ਅਨਾਥਾਂ, ਵਿਧਵਾਵਾਂ ਅਤੇ ਕੰਗਾਲਾਂ ਦੀ ਦੇਖ-ਭਾਲ ਕਰਨ ਦਾ ਇੰਤਜ਼ਾਮ ਸੀ ਉਸੇ ਤਰ੍ਹਾਂ ਮਸੀਹੀ ਕਲੀਸਿਯਾ ਵਿਚ ਵੀ ਕੀਤਾ ਜਾਂਦਾ ਸੀ।

ਵੈਸੇ ਹਰ ਕਲੀਸਿਯਾ ਆਪਣੀ ਹਿੰਮਤ ਅਨੁਸਾਰ ਮਦਦ ਕਰਦੀ ਸੀ, ਕੋਈ ਜ਼ਿਆਦਾ ਤਾਂ ਕੋਈ ਘੱਟ। ਪੈਸਾ ਬਰਬਾਦ ਨਹੀਂ ਕੀਤਾ ਜਾਂਦਾ ਸੀ ਅਤੇ ਜਿਨ੍ਹਾਂ ਦੀ ਮਦਦ ਕੀਤੀ ਜਾਂਦੀ ਸੀ ਉਨ੍ਹਾਂ ਨੂੰ ਇਸ ਦੀ ਬਹੁਤ ਜ਼ਰੂਰਤ ਸੀ। ਕਿਸੇ ਵੀ ਮਸੀਹੀ ਨੂੰ ਇਸ ਇੰਤਜ਼ਾਮ ਦਾ ਗ਼ਲਤ ਤਰੀਕੇ ਵਿਚ ਫ਼ਾਇਦਾ ਨਹੀਂ ਉਠਾਉਣਾ ਚਾਹੀਦਾ ਸੀ ਅਤੇ ਨਾ ਹੀ ਇਸ ਇੰਤਜ਼ਾਮ ਨੂੰ ਕਲੀਸਿਯਾ ਉੱਤੇ ਭਾਰ ਪਾਉਣਾ ਚਾਹੀਦਾ ਸੀ। ਇਹ ਅਸੀਂ 1 ਤਿਮੋਥਿਉਸ 5:3-16 ਵਿਚ ਪੌਲੁਸ ਦੀਆਂ ਲਿਖੀਆਂ ਗਈਆਂ ਹਿਦਾਇਤਾਂ ਪੜ੍ਹ ਕੇ ਦੇਖ ਸਕਦੇ ਹਾਂ। ਉੱਥੇ ਅਸੀਂ ਦੇਖਦੇ ਹਾਂ ਕਿ ਜੇਕਰ ਗ਼ਰੀਬਾਂ ਦੇ ਰਿਸ਼ਤੇਦਾਰ ਉਨ੍ਹਾਂ ਦੀ ਮਦਦ ਕਰ ਸਕਦੇ ਸਨ ਤਾਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਸੀ। ਗ਼ਰੀਬ ਵਿਧਵਾਵਾਂ ਨੂੰ ਮਦਦ ਹਾਸਲ ਕਰਨ ਵਾਸਤੇ ਖ਼ਾਸ ਮੰਗਾਂ ਪੂਰੀਆਂ ਕਰਨ ਦੀ ਜ਼ਰੂਰਤ ਸੀ। ਇਸ ਸਾਰੇ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਲੋੜਵੰਦ ਲੋਕਾਂ ਦੀ ਦੇਖ-ਭਾਲ ਕਰਨ ਲਈ ਬੁੱਧੀਮਾਨ ਇੰਤਜ਼ਾਮ ਕਰਦਾ ਹੈ। ਪਰ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਧਿਆਨ ਰੱਖਣ ਦੀ ਲੋੜ ਹੈ ਤਾਂਕਿ ਕੋਈ ਵੀ ਇਸ ਦਇਆ ਦਾ ਗ਼ਲਤ ਤਰੀਕੇ ਵਿਚ ਫ਼ਾਇਦਾ ਨਾ ਉਠਾਵੇ।​—2 ਥੱਸਲੁਨੀਕੀਆਂ 3:10-12.

ਸਾਡੇ ਜ਼ਮਾਨੇ ਵਿਚ ਅਨਾਥਾਂ ਅਤੇ ਵਿਧਵਾਵਾਂ ਦੀ ਦੇਖ-ਭਾਲ

ਦੁੱਖ ਝੱਲ ਰਹੇ ਲੋਕਾਂ ਦੀ ਮਦਦ ਕਰਨ ਲਈ ਯਹੋਵਾਹ ਦੇ ਗਵਾਹ ਉਹੀ ਸਿਧਾਂਤ ਲਾਗੂ ਕਰ ਰਹੇ ਹਨ ਜਿਨ੍ਹਾਂ ਅਨੁਸਾਰ ਪਰਮੇਸ਼ੁਰ ਦੇ ਸੇਵਕ ਪੁਰਾਣੇ ਜ਼ਮਾਨੇ ਵਿਚ ਚੱਲਦੇ ਸਨ। ਭਰਾਵਾਂ ਲਈ ਪਿਆਰ ਇਕ ਖ਼ਾਸ ਨਿਸ਼ਾਨ ਹੈ ਜਿਵੇਂ ਯਿਸੂ ਨੇ ਕਿਹਾ ਸੀ ਕਿ “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਜੇਕਰ ਕੁਝ ਭੈਣ-ਭਰਾ ਗ਼ਰੀਬੀ ਸਹਿ ਰਹੇ ਹਨ ਜਾਂ ਕਿਸੇ ਬਿਪਤਾ, ਜੰਗ, ਜਾਂ ਘਰੇਲੂ ਲੜਾਈ ਦਾ ਸ਼ਿਕਾਰ ਬਣ ਗਏ ਹਨ, ਤਾਂ ਸਾਡਾ ਅੰਤਰਰਾਸ਼ਟਰੀ ਭਾਈਚਾਰਾ ਉਨ੍ਹਾਂ ਦੀ ਹਰ ਤਰੀਕੇ ਵਿਚ ਮਦਦ ਕਰਨ ਲਈ ਤਿਆਰ ਹੈ। ਚਲੋ ਆਪਾਂ ਇਸ ਪਿਆਰ ਦੀਆਂ ਕੁਝ ਮਿਸਾਲਾਂ ਵੱਲ ਧਿਆਨ ਦੇਈਏ।

ਡੇਢ ਸਾਲਾਂ ਦੀ ਉਮਰ ਤੇ ਪੇਡਰੋ ਦੀ ਮਾਂ ਮਰ ਗਈ ਸੀ ਅਤੇ ਉਸ ਨੂੰ ਆਪਣੀ ਮਾਂ ਬਹੁਤੀ ਯਾਦ ਨਹੀਂ ਹੈ। ਜਦੋਂ ਪੇਡਰੋ ਪੰਜਾਂ ਸਾਲਾਂ ਦਾ ਸੀ ਤਾਂ ਉਸ ਦਾ ਬਾਪ ਵੀ ਗੁਜ਼ਰ ਗਿਆ। ਇਸ ਕਰਕੇ ਪੇਡਰੋ ਆਪਣੇ ਭਰਾਵਾਂ ਨਾਲ ਇਕੱਲਾ ਰਹਿ ਗਿਆ ਸੀ। ਯਹੋਵਾਹ ਦੇ ਗਵਾਹ ਪੇਡਰੋ ਦੇ ਪਿਤਾ ਨਾਲ ਗੱਲਬਾਤ ਕਰਨ ਆਇਆ ਕਰਦੇ ਸਨ ਇਸ ਲਈ ਪੇਡਰੋ ਅਤੇ ਉਸ ਦੇ ਵੱਡੇ ਭਰਾਵਾਂ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ।

ਪੇਡਰੋ ਕਹਿੰਦਾ ਹੈ: “ਅਗਲੇ ਹਫ਼ਤੇ ਹੀ ਅਸੀਂ ਮੀਟਿੰਗਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਉੱਥੇ ਭੈਣ-ਭਰਾਵਾਂ ਨਾਲ ਸੰਗਤ ਕਰ ਕੇ ਅਸੀਂ ਬੜਾ ਪਿਆਰ ਮਹਿਸੂਸ ਕੀਤਾ। ਮੈਨੂੰ ਕਲੀਸਿਯਾ ਤੋਂ ਬਹੁਤ ਆਸਰਾ ਮਿਲਿਆ ਕਿਉਂਕਿ ਭੈਣ-ਭਰਾ ਮੇਰੇ ਨਾਲ ਮਾਪਿਆਂ ਵਰਗਾ ਪਿਆਰ ਕਰਦੇ ਸਨ।” ਪੇਡਰੋ ਯਾਦ ਕਰਦਾ ਹੈ ਕਿ ਇਕ ਮਸੀਹੀ ਬਜ਼ੁਰਗ ਉਸ ਨੂੰ ਆਪਣੇ ਘਰ ਲੈ ਜਾਂਦਾ ਸੀ ਜਿੱਥੇ ਉਹ ਉਸ ਬਜ਼ੁਰਗ ਦੇ ਪਰਿਵਾਰ ਨਾਲ ਆਰਾਮ ਵਿਚ ਗੱਲਾਂ-ਬਾਤਾਂ ਕਰ ਸਕਦਾ ਸੀ। ਉਹ ਕਹਿੰਦਾ ਹੈ: “ਇਨ੍ਹਾਂ ਗੱਲਾਂ ਨੂੰ ਮੈਂ ਕਦੀ ਨਹੀਂ ਭੁੱਲ ਸਕਦਾ।” ਪੇਡਰੋ ਨੇ ਗਿਆਰਾਂ ਸਾਲਾਂ ਦੀ ਉਮਰ ਵਿਚ ਪ੍ਰਚਾਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੰਦਰਾਂ ਸਾਲਾਂ ਦੀ ਉਮਰ ਤੇ ਉਸ ਨੇ ਬਪਤਿਸਮਾ ਲੈ ਲਿਆ। ਉਸ ਦੇ ਵੱਡੇ ਭਰਾਵਾਂ ਨੇ ਵੀ ਕਲੀਸਿਯਾ ਦੀ ਮਦਦ ਨਾਲ ਕਾਫ਼ੀ ਤਰੱਕੀ ਕੀਤੀ।

ਡਾਵੀਡ ਦੀ ਗੱਲ ਵੀ ਮਨ ਵਿਚ ਆਉਂਦੀ ਹੈ। ਜਦੋਂ ਉਸ ਦੇ ਮਾਂ-ਬਾਪ ਇਕ ਦੂਸਰੇ ਤੋਂ ਵੱਖ ਹੋ ਗਏ ਤਾਂ ਡਾਵੀਡ ਅਤੇ ਉਸ ਦੀ ਜੌੜੀ ਭੈਣ ਤਿਆਗੇ ਗਏ ਸਨ। ਉਨ੍ਹਾਂ ਦੇ ਨਾਨਾ-ਨਾਨੀ ਅਤੇ ਮਾਸੀ ਨੇ ਉਨ੍ਹਾਂ ਨੂੰ ਪਾਲਿਆ ਸੀ। “ਜਦੋਂ ਕੁਝ ਵੱਡੇ ਹੋ ਕੇ ਸਾਨੂੰ ਪਤਾ ਲੱਗਾ ਕਿ ਸਾਡੇ ਨਾਲ ਕੀ ਹੋਇਆ, ਤਾਂ ਅਸੀਂ ਬਹੁਤ ਹੀ ਉਦਾਸ ਹੋਏ। ਸਾਨੂੰ ਆਸਰੇ ਦੀ ਬਹੁਤ ਜ਼ਰੂਰਤ ਸੀ। ਮੇਰੀ ਮਾਸੀ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਕਰਕੇ ਸਾਨੂੰ ਵੀ ਬਾਈਬਲ ਦੀ ਸੱਚਾਈ ਸਿੱਖਣ ਦਾ ਮੌਕਾ ਮਿਲਿਆ। ਭੈਣਾਂ-ਭਰਾਵਾਂ ਨੇ ਸਾਡੇ ਵੱਲ ਦੋਸਤੀ ਅਤੇ ਪਿਆਰ ਦਾ ਹੱਥ ਵਧਾਇਆ। ਉਨ੍ਹਾਂ ਨੇ ਸਾਡੇ ਨਾਲ ਬਹੁਤ ਹੀ ਪਿਆਰ ਕੀਤਾ ਅਤੇ ਸਾਨੂੰ ਜਤਨ ਕਰਦੇ ਰਹਿਣ ਅਤੇ ਯਹੋਵਾਹ ਲਈ ਕੰਮ ਕਰੀ ਜਾਣ ਲਈ ਉਤਸ਼ਾਹ ਦਿੱਤਾ। ਜਦੋਂ ਮੈਂ ਦਸਾਂ ਕੁ ਸਾਲਾਂ ਦਾ ਸੀ ਤਾਂ ਕਲੀਸਿਯਾ ਤੋਂ ਇਕ ਸਹਾਇਕ ਸੇਵਕ ਮੈਨੂੰ ਪ੍ਰਚਾਰ ਕਰਨ ਲਈ ਨਾਲ ਲੈ ਜਾਂਦਾ ਸੀ। ਜਦੋਂ ਮੈਂ ਕਿਸੇ ਸੰਮੇਲਨ ਵਿਚ ਜਾਂਦਾ ਸੀ ਤਾਂ ਇਕ ਹੋਰ ਭਰਾ ਮੇਰਾ ਖ਼ਰਚਾ ਭਰਦਾ ਸੀ। ਇਕ ਹੋਰ ਭਰਾ ਨੇ ਵੀ ਮੈਨੂੰ ਪੈਸੇ ਦਿੱਤੇ ਤਾਂਕਿ ਮੈਂ ਕਿੰਗਡਮ ਹਾਲ ਵਿਚ ਚੰਦਾ ਦੇਣ ਵਿਚ ਹਿੱਸਾ ਲੈ ਸਕਾਂ।”

ਡਾਵੀਡ ਨੇ 17 ਸਾਲ ਦੀ ਉਮਰ ਤੇ ਬਪਤਿਸਮਾ ਲਿਆ ਸੀ, ਅਤੇ ਬਾਅਦ ਵਿਚ ਯਹੋਵਾਹ ਦੇ ਗਵਾਹਾਂ ਦੇ ਮੈਕਸੀਕੋ ਸ਼ਾਖਾ ਦਫ਼ਤਰ ਵਿਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ। ਹੁਣ ਵੀ ਉਹ ਕਹਿੰਦਾ ਹੈ: “ਕਈ ਬਜ਼ੁਰਗ ਮੈਨੂੰ ਸਿੱਖਿਆ ਅਤੇ ਚੰਗੀ ਸਲਾਹ ਦਿੰਦੇ ਹਨ। ਇਸ ਤਰ੍ਹਾਂ ਮੈਂ ਇੱਕਲਾਪਣ ਅਤੇ ਡਾਢੀ ਉਦਾਸੀ ਮਹਿਸੂਸ ਨਹੀਂ ਕਰਦਾ।”

ਆਬਲ ਨਾਂ ਦਾ ਇਕ ਭਰਾ ਮੈਕਸੀਕੋ ਦੀ ਇਕ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕਰਦਾ ਹੈ। ਉਸ ਕਲੀਸਿਯਾ ਵਿਚ ਕਈ ਵਿਧਵਾਵਾਂ ਹਨ ਜਿਨ੍ਹਾਂ ਨੂੰ ਸਹਾਇਤਾ ਦੀ ਜ਼ਰੂਰਤ ਹੈ। ਉਹ ਦੱਸਦਾ ਹੈ: “ਮੈਨੂੰ ਪੂਰਾ ਯਕੀਨ ਹੈ ਕਿ ਵਿਧਵਾਵਾਂ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਕੋਈ ਉਨ੍ਹਾਂ ਦੇ ਦਿਲ ਦੀ ਗੱਲ ਸੁਣੇ। ਕਦੀ-ਕਦੀ ਉਹ ਬਹੁਤ ਉਦਾਸ ਅਤੇ ਕੱਲਮ-ਕੱਲੀਆਂ ਮਹਿਸੂਸ ਕਰਦੀਆਂ ਹਨ। ਇਸ ਲਈ ਉਨ੍ਹਾਂ ਦੀ ਸੁਣ ਕੇ ਉਨ੍ਹਾਂ ਨੂੰ ਸਹਾਰਾ ਦੇਣਾ ਬਹੁਤ ਹੀ ਜ਼ਰੂਰੀ ਹੈ। ਅਸੀਂ [ਕਲੀਸਿਯਾ ਦੇ ਬਜ਼ੁਰਗ] ਅਕਸਰ ਉਨ੍ਹਾਂ ਨੂੰ ਮਿਲਣ ਜਾਂਦੇ ਹਾਂ। ਸਮਾਂ ਕੱਢ ਕੇ ਧਿਆਨ ਨਾਲ ਉਨ੍ਹਾਂ ਦੇ ਦੁੱਖ-ਤਕਲੀਫ਼ ਸੁਣਨੇ ਬਹੁਤ ਹੀ ਚੰਗਾ ਹੈ। ਇਸ ਤੋਂ ਉਨ੍ਹਾਂ ਨੂੰ ਰੂਹਾਨੀ ਤੌਰ ਤੇ ਦਿਲਾਸਾ ਮਿਲਦਾ ਹੈ।” ਪਰ ਕਈ ਵਾਰ ਮਾਲੀ ਜ਼ਰੂਰਤਾਂ ਵੀ ਹੁੰਦੀਆਂ ਹਨ। ਕੁਝ ਸਮਾਂ ਪਹਿਲਾਂ ਆਬਲ ਨੇ ਦੱਸਿਆ ਕਿ “ਅਸੀਂ ਇਕ ਵਿਧਵਾ ਭੈਣ ਵਾਸਤੇ ਇਕ ਘਰ ਬਣਾ ਰਹੇ ਹਾਂ। ਕਦੀ-ਕਦੀ ਸਿਨੱਚਰਵਾਰ ਜਾਂ ਹਫ਼ਤੇ ਦੌਰਾਨ ਦੁਪਹਿਰ ਤੋਂ ਬਾਅਦ ਅਸੀਂ ਇਸ ਕੰਮ ਵਿਚ ਸਮਾਂ ਲਾਉਂਦੇ ਹਾਂ।”

ਕਲੀਸਿਯਾ ਦਾ ਇਕ ਹੋਰ ਬਜ਼ੁਰਗ ਕਹਿੰਦਾ ਹੈ ਕਿ ਅਨਾਥਾਂ ਅਤੇ ਵਿਧਵਾਵਾਂ ਦੀ ਮਦਦ ਕਰਦੇ ਹੋਏ ਉਸ ਨੇ ਦੇਖਿਆ ਹੈ ਕਿ “ਅਨਾਥਾਂ ਨੂੰ ਵਿਧਵਾਵਾਂ ਨਾਲੋਂ ਮਸੀਹੀ ਪਿਆਰ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ। ਮਾਂ-ਬਾਪ ਵਾਲੇ ਬੱਚਿਆਂ ਨਾਲੋਂ ਅਨਾਥ ਬੱਚੇ ਜ਼ਿਆਦਾ ਨਿਕੰਮੇ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਭਰਾਵਾਂ ਦੇ ਪਿਆਰ ਦੀ ਜ਼ਰੂਰਤ ਹੈ। ਚੰਗਾ ਹੋਵੇਗਾ ਜੇਕਰ ਤੁਸੀਂ ਮੀਟਿੰਗਾਂ ਤੇ ਉਨ੍ਹਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦਾ ਹਾਲ ਜਾਣੋ। ਸਾਡੀ ਕਲੀਸਿਯਾ ਵਿਚ ਇਕ ਸ਼ਾਦੀ-ਸ਼ੁਦਾ ਭਰਾ ਹੈ ਜੋ ਛੋਟੀ ਉਮਰ ਵਿਚ ਹੀ ਯਤੀਮ ਬਣ ਗਿਆ ਸੀ। ਮੈਂ ਹਮੇਸ਼ਾ ਮੀਟਿੰਗ ਤੇ ਉਸ ਦਾ ਨਿੱਘਾ ਸੁਆਗਤ ਕਰਦਾ ਹਾਂ ਅਤੇ ਉਹ ਜਦ ਵੀ ਮੈਨੂੰ ਦੇਖਦਾ ਹੈ ਗਲੇ ਲੱਗ ਕੇ ਮਿਲਦਾ ਹੈ। ਇਸ ਤਰ੍ਹਾਂ ਸਾਡੇ ਪਿਆਰ ਦਾ ਬੰਧਨ ਮਜ਼ਬੂਤ ਹੁੰਦਾ ਹੈ।”

ਯਹੋਵਾਹ ‘ਕੰਗਾਲ ਨੂੰ ਬਚਾਵੇਗਾ’

ਵਿਧਵਾਵਾਂ ਅਤੇ ਅਨਾਥਾਂ ਲਈ ਸਮੱਸਿਆਵਾਂ ਦਾ ਸਫ਼ਲਤਾ ਨਾਲ ਸਾਮ੍ਹਣਾ ਕਰਨ ਵਾਸਤੇ ਯਹੋਵਾਹ ਉੱਤੇ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈ। ਉਸ ਬਾਰੇ ਲਿਖਿਆ ਹੈ: “ਯਹੋਵਾਹ ਪਰਦੇਸੀਆਂ ਦੀ ਪਾਲਨਾ ਕਰਦਾ ਹੈ, ਯਤੀਮਾਂ ਤੇ ਵਿਧਵਾਂ ਨੂੰ ਉਹ ਸੰਭਾਲਦਾ ਹੈ।” (ਜ਼ਬੂਰ 146:9) ਅਜਿਹੀਆਂ ਸਮੱਸਿਆਵਾਂ ਦਾ ਪੂਰਾ ਹੱਲ ਪਰਮੇਸ਼ੁਰ ਦੇ ਰਾਜ ਰਾਹੀਂ ਹੋਵੇਗਾ, ਜਿਸ ਦਾ ਰਾਜਾ ਯਿਸੂ ਮਸੀਹ ਹੈ। ਜ਼ਬੂਰਾਂ ਦੇ ਲਿਖਾਰੀ ਨੇ ਭਵਿੱਖਬਾਣੀ ਵਿਚ ਮਸੀਹਾ ਦੇ ਰਾਜ ਬਾਰੇ ਕਿਹਾ: “ਉਹ ਤਾਂ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ।”​—ਜ਼ਬੂਰ 72:12, 13.

ਜਿਉਂ-ਜਿਉਂ ਦੁਨੀਆਂ ਦਾ ਅੰਤ ਨੇੜੇ ਆਉਂਦਾ ਹੈ, ਮਸੀਹੀਆਂ ਨੂੰ ਹੋਰ ਤੋਂ ਹੋਰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। (ਮੱਤੀ 24:9-13) ਮਸੀਹੀਆਂ ਲਈ ਹਰ ਰੋਜ਼ ਇਕ ਦੂਜੇ ਦੀ ਪਰਵਾਹ ਕਰਨੀ ਅਤੇ ‘ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖਣਾ’ ਜ਼ਰੂਰੀ ਹੈ। (1 ਪਤਰਸ 4:7-10) ਮਸੀਹੀ ਆਦਮੀਆਂ, ਖ਼ਾਸ ਕਰਕੇ ਬਜ਼ੁਰਗਾਂ ਨੂੰ ਯਤੀਮਾਂ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਦਇਆ ਦਿਖਾਉਣੀ ਚਾਹੀਦੀ ਹੈ। ਅਤੇ ਕਲੀਸਿਯਾ ਵਿਚ ਸਿਆਣੀਆਂ ਔਰਤਾਂ ਵੀ ਵਿਧਵਾਵਾਂ ਨੂੰ ਹੌਸਲਾ ਅਤੇ ਆਸਰਾ ਦੇਣ ਲਈ ਬਹੁਤ ਕੁਝ ਕਰ ਸਕਦੀਆਂ ਹਨ। (ਤੀਤੁਸ 2:3-5) ਦਰਅਸਲ ਸਾਰੇ ਜਣੇ ਦੁੱਖ ਝੱਲਣ ਵਾਲੇ ਭੈਣਾਂ-ਭਰਾਵਾਂ ਵਿਚ ਦਿਲਚਸਪੀ ਲੈ ਕੇ ਉਨ੍ਹਾਂ ਦੀ ਸਹਾਇਤਾ ਕਰ ਸਕਦੇ ਹਨ।

ਸੱਚੇ ਮਸੀਹੀ ‘ਆਪਣੇ ਭਰਾ ਨੂੰ ਲੋੜਵੰਦ ਵੇਖ ਕੇ ਓਸ ਉੱਤੇ ਤਰਸ ਖਾਂਦੇ ਹਨ।’ ਉਹ ਯੂਹੰਨਾ ਰਸੂਲ ਦੀ ਗੱਲ ਸੁਣਨ ਨੂੰ ਐਨ ਰਾਜ਼ੀ ਹਨ: “ਹੇ ਬੱਚਿਓ, ਅਸੀਂ ਗੱਲੀਂ ਅਤੇ ਜਬਾਨੀ ਨਹੀਂ ਸਗੋਂ ਕਰਨੀ ਅਤੇ ਸਚਿਆਈ ਤੋਂ ਪ੍ਰੇਮ ਕਰੀਏ।” (1 ਯੂਹੰਨਾ 3:17, 18) ਤਾਂ ਫਿਰ ਆਓ ਆਪਾਂ ‘ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ ਸੁੱਧ ਲਈਏ।’​—ਯਾਕੂਬ 1:27.

[ਸਫ਼ੇ 11 ਉੱਤੇ ਸੁਰਖੀ]

“ਅਸੀਂ ਗੱਲੀਂ ਅਤੇ ਜਬਾਨੀ ਨਹੀਂ ਸਗੋਂ ਕਰਨੀ ਅਤੇ ਸਚਿਆਈ ਤੋਂ ਪ੍ਰੇਮ ਕਰੀਏ।”​—1 ਯੂਹੰਨਾ 3:18

[ਸਫ਼ੇ 10 ਉੱਤੇ ਤਸਵੀਰਾਂ]

ਸੱਚੇ ਮਸੀਹੀ ਅਨਾਥਾਂ ਅਤੇ ਵਿਧਵਾਵਾਂ ਦੀ ਮਾਲੀ ਤੌਰ ਤੇ, ਰੂਹਾਨੀ ਤੌਰ ਤੇ, ਅਤੇ ਜਜ਼ਬਾਤੀ ਤੌਰ ਤੇ ਦੇਖ-ਭਾਲ ਕਰਦੇ ਹਨ