Skip to content

Skip to table of contents

ਅਸੀਂ ਯਹੋਵਾਹ ਨੂੰ ਪਰਤਾਇਆ

ਅਸੀਂ ਯਹੋਵਾਹ ਨੂੰ ਪਰਤਾਇਆ

ਜੀਵਨੀ

ਅਸੀਂ ਯਹੋਵਾਹ ਨੂੰ ਪਰਤਾਇਆ

ਪੌਲ ਸਕ੍ਰਿਬਨਰ ਦੀ ਜ਼ਬਾਨੀ

ਨਮਸਕਾਰ, ਸ਼੍ਰੀਮਤੀ ਸਟੈਕਹਾਊਸ। ਮੈਂ ਅੱਜ ਸਵੇਰੇ ਈਸਟਰ ਵਾਸਤੇ ਕੇਕ ਬਣਾਉਣ ਦੇ ਆਰਡਰ ਲੈ ਰਿਹਾ ਹਾਂ ਤੇ ਮੈਨੂੰ ਯਕੀਨ ਹੈ ਕਿ ਤੁਸੀਂ ਵੀ ਆਪਣੇ ਪਰਿਵਾਰ ਦੇ ਲਈ ਕੇਕ ਆਰਡਰ ਕਰਨਾ ਚਾਹੋਗੇ।” ਇਹ 1938 ਦੀ ਬਸੰਤ ਦੀ ਗੱਲ ਹੈ। ਮੈਂ ਐਟਕੋ, ਨਿਊ ਜਰਸੀ, ਅਮਰੀਕਾ ਵਿਚ ਜੈਨਰਲ ਬੇਕਿੰਗ ਕੰਪਨੀ ਲਈ ਕੰਮ ਕਰਦਾ ਸੀ। ਉਸ ਵੇਲੇ ਮੈਂ ਕੰਪਨੀ ਦੀ ਇਕ ਵਧੀਆ ਗਾਹਕ ਨਾਲ ਗੱਲ ਕਰ ਰਿਹਾ ਸੀ। ਪਰ ਮੈਨੂੰ ਸ਼੍ਰੀਮਤੀ ਸਟੈਕਹਾਊਸ ਦਾ ਜਵਾਬ ਸੁਣ ਕੇ ਬਹੁਤ ਹੈਰਾਨੀ ਹੋਈ ਕਿ ਉਨ੍ਹਾਂ ਨੂੰ ਕੇਕ ਨਹੀਂ ਚਾਹੀਦਾ।

“ਨਹੀਂ, ਸਾਨੂੰ ਕੇਕ ਦੀ ਲੋੜ ਨਹੀਂ ਹੈ,” ਉਸ ਨੇ ਕਿਹਾ। “ਅਸੀਂ ਈਸਟਰ ਨਹੀਂ ਮਨਾਉਂਦੇ।”

ਮੈਨੂੰ ਉਸ ਦਾ ਜਵਾਬ ਸੁਣ ਕੇ ਕੁਝ ਨਹੀਂ ਸੁੱਝਿਆ। ਈਸਟਰ ਨਹੀਂ ਮਨਾਉਂਦੇ? ਬੇਸ਼ੱਕ ਵਪਾਰ ਦਾ ਪਹਿਲਾ ਅਸੂਲ ਹੈ ਕਿ ਗਾਹਕ ਹਮੇਸ਼ਾ ਸਹੀ ਹੁੰਦਾ ਹੈ। ਮੈਂ ਹੁਣ ਕੀ ਕਰਾਂ? “ਖ਼ੈਰ,” ਮੈਂ ਕੋਸ਼ਿਸ਼ ਕੀਤੀ, “ਇਹ ਕੇਕ ਬੜਾ ਸੁਆਦੀ ਹੈ ਅਤੇ ਮੈਂ ਜਾਣਦਾ ਹਾਂ ਕਿ ਤੁਹਾਨੂੰ ਸਾਡੀਆਂ ਚੀਜ਼ਾਂ ਬੜੀਆਂ ਪਸੰਦ ਹਨ। ਕੀ ਤੁਸੀਂ ਨਹੀਂ ਸੋਚਦੇ ਕਿ ਤੁਹਾਡੇ ਪਰਿਵਾਰ ਨੂੰ ਇਹ ਕੇਕ ਖਾ ਕੇ ਬਹੁਤ ਮਜ਼ਾ ਆਏਗਾ, ਭਾਵੇਂ, ਤੁਸੀਂ ਈਸਟਰ ਨਹੀਂ ਮਨਾਉਂਦੇ?”

“ਨਹੀਂ ਸ਼੍ਰੀਮਾਨ ਸਕ੍ਰਿਬਨਰ,” ਉਸ ਨੇ ਫਿਰ ਕਿਹਾ, “ਪਰ ਮੈਂ ਤੁਹਾਡੇ ਨਾਲ ਇਕ ਗੱਲ ਕਰਨੀ ਚਾਹੁੰਦੀ ਸੀ, ਅਤੇ ਸ਼ਾਇਦ ਹੁਣ ਗੱਲ ਕਰਨ ਦਾ ਚੰਗਾ ਮੌਕਾ ਹੈ।” ਉਸ ਗੱਲ ਨੇ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ! ਸ਼੍ਰੀਮਤੀ ਸਟੈਕਹਾਊਸ ਬਰਲਿਨ, ਨਿਊ ਜਰਸੀ ਵਿਚ ਯਹੋਵਾਹ ਦੇ ਗਵਾਹਾਂ ਦੀ ਕੰਪਨੀ (ਜਾਂ ਕਲੀਸਿਯਾ) ਦੀ ਇਕ ਮੈਂਬਰ ਸੀ। ਉਸ ਨੇ ਮੈਨੂੰ ਸਮਝਾਇਆ ਕਿ ਈਸਟਰ ਦਾ ਤਿਉਹਾਰ ਕਿੱਥੋਂ ਸ਼ੁਰੂ ਹੋਇਆ ਅਤੇ ਮੈਨੂੰ ਅੰਗ੍ਰੇਜ਼ੀ ਵਿਚ ਤਿੰਨ ਪੁਸਤਿਕਾਵਾਂ ਦਿੱਤੀਆਂ। ਉਨ੍ਹਾਂ ਦੇ ਨਾਂ ਸਨ ਸੁਰੱਖਿਆ, ਬੇਨਕਾਬ ਅਤੇ ਰਾਖੀ। ਮੈਂ ਉਹ ਪੁਸਤਿਕਾਵਾਂ ਘਰ ਲੈ ਗਿਆ। ਮੈਂ ਉਨ੍ਹਾਂ ਨੂੰ ਪੜ੍ਹਨ ਲਈ ਉਤਾਵਲਾ ਸੀ ਪਰ ਥੋੜ੍ਹਾ ਪਰੇਸ਼ਾਨ ਵੀ ਸੀ। ਮੈਨੂੰ ਲੱਗਿਆ ਕਿ ਸ਼੍ਰੀਮਤੀ ਸਟੈਕਹਾਊਸ ਨੇ ਜੋ ਗੱਲਾਂ ਦੱਸੀਆਂ ਸਨ ਮੈਂ ਉਹ ਸ਼ਾਇਦ ਬਚਪਨ ਵਿਚ ਵੀ ਸੁਣੀਆਂ ਸਨ।

ਬਾਈਬਲ ਸਟੂਡੈਂਟਸ ਨਾਲ ਪਹਿਲਾ ਸੰਪਰਕ

ਮੇਰਾ ਜਨਮ 31 ਜਨਵਰੀ 1907 ਨੂੰ ਹੋਇਆ ਸੀ ਤੇ 1915 ਵਿਚ ਜਦੋਂ ਮੈਂ ਅੱਠਾਂ ਸਾਲਾਂ ਦਾ ਸੀ, ਤਾਂ ਮੇਰੇ ਪਿਤਾ ਜੀ ਦੀ ਕੈਂਸਰ ਨਾਲ ਮੌਤ ਹੋ ਗਈ। ਇਸ ਕਰਕੇ ਮੈਂ ਤੇ ਮੇਰੇ ਮਾਤਾ ਜੀ ਮੋਲਡਨ, ਮੈਸੇਚਿਉਸੇਟਸ ਵਿਚ ਨਾਨਾ-ਨਾਨੀ ਜੀ ਨਾਲ ਉਨ੍ਹਾਂ ਦੇ ਵੱਡੇ ਸਾਰੇ ਘਰ ਵਿਚ ਰਹਿਣ ਚਲੇ ਗਏ। ਮੇਰੇ ਮਾਮਾ ਜੀ ਬੈਨਜਮਿਨ ਰੈਨਸਮ ਤੇ ਉਨ੍ਹਾਂ ਦੀ ਪਤਨੀ ਉਸੇ ਘਰ ਦੀ ਤੀਜੀ ਮੰਜ਼ਲ ਤੇ ਰਹਿੰਦੇ ਸਨ। ਬੈਨ ਮਾਮਾ ਜੀ 20ਵੀਂ ਸਦੀ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਹੀ ਇੰਟਰਨੈਸ਼ਨਲ ਬਾਈਬਲ ਸਟੂਡੈਂਟਸ, ਜੋ ਹੁਣ ਯਹੋਵਾਹ ਦੇ ਗਵਾਹਾਂ ਵਜੋਂ ਜਾਣੇ ਜਾਂਦੇ ਹਨ, ਨਾਲ ਸੰਗਤੀ ਕਰ ਰਹੇ ਸਨ। ਮੈਂ ਬੈਨ ਮਾਮਾ ਜੀ ਨਾਲ ਬਹੁਤ ਪਿਆਰ ਕਰਦਾ ਸੀ, ਪਰ ਘਰ ਦੇ ਬਾਕੀ ਮੈਂਬਰ, ਜਿਹੜੇ ਮੈਥੋਡਿਸਟ ਧਰਮ ਨੂੰ ਮੰਨਦੇ ਸਨ, ਸੋਚਦੇ ਸਨ ਕਿ ਮਾਮਾ ਜੀ ਦਿਮਾਗ਼ੀ ਤੌਰ ਤੇ ਥੋੜ੍ਹੇ ਹਿੱਲ ਗਏ ਸਨ। ਇੱਥੋਂ ਤਕ ਕਿ ਕਈ ਸਾਲਾਂ ਬਾਅਦ, ਮਾਮਾ ਜੀ ਨੂੰ ਤਲਾਕ ਦੇਣ ਤੋਂ ਪਹਿਲਾਂ, ਮਾਮੀ ਜੀ ਨੇ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਕਰਕੇ ਉਨ੍ਹਾਂ ਨੂੰ ਇਕ ਮਾਨਸਿਕ ਰੋਗੀਆਂ ਦੇ ਹਸਪਤਾਲ ਵਿਚ ਥੋੜ੍ਹੇ ਸਮੇਂ ਲਈ ਇਲਾਜ ਵਾਸਤੇ ਭਰਤੀ ਕਰਾ ਦਿੱਤਾ ਸੀ! ਪਰ ਉੱਥੇ ਡਾਕਟਰਾਂ ਨੂੰ ਮਾਮਾ ਜੀ ਵਿਚ ਕੋਈ ਦਿਮਾਗ਼ੀ ਨੁਕਸ ਨਹੀਂ ਲੱਭਿਆ, ਇਸ ਲਈ ਉਨ੍ਹਾਂ ਨੇ ਮਾਮਾ ਜੀ ਕੋਲੋਂ ਮਾਫ਼ੀ ਮੰਗਦੇ ਹੋਏ ਹਸਪਤਾਲ ਤੋਂ ਛੁੱਟੀ ਦੇ ਦਿੱਤੀ।

ਮਾਮਾ ਜੀ ਮੈਨੂੰ ਬੋਸਟਨ ਵਿਚ ਇੰਟਰਨੈਸ਼ਨਲ ਬਾਈਬਲ ਸਟੂਡੈਂਟਸ ਦੀਆਂ ਸਭਾਵਾਂ ਵਿਚ ਲੈ ਕੇ ਜਾਇਆ ਕਰਦੇ ਸਨ, ਖ਼ਾਸ ਕਰਕੇ ਜਦੋਂ ਮਹਿਮਾਨ ਭਾਸ਼ਣਕਾਰ ਆਉਂਦੇ ਸਨ ਜਾਂ ਕੋਈ ਖ਼ਾਸ ਮੌਕਾ ਹੁੰਦਾ ਸੀ। ਇਕ ਵਾਰ ਚਾਰਲਜ਼ ਟੇਜ਼ ਰਸਲ ਮਹਿਮਾਨ ਭਾਸ਼ਣਕਾਰ ਵਜੋਂ ਆਏ ਸਨ ਜਿਹੜੇ ਉਨ੍ਹਾਂ ਦਿਨਾਂ ਵਿਚ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰ ਰਹੇ ਸਨ। ਜਦੋਂ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਦਿਖਾਇਆ ਗਿਆ ਸੀ, ਤਾਂ ਉਸ ਖ਼ਾਸ ਮੌਕੇ ਤੇ ਵੀ ਮੈਂ ਗਿਆ ਸੀ। ਭਾਵੇਂ ਇਹ 1915 ਦੀ ਗੱਲ ਸੀ, ਫਿਰ ਵੀ ਮੈਨੂੰ ਉਹ ਫੋਟੋ ਚੰਗੀ ਤਰ੍ਹਾਂ ਯਾਦ ਹੈ ਜਿਸ ਵਿਚ ਅਬਰਾਹਾਮ ਇਸਹਾਕ ਦੀ ਬਲੀ ਚੜ੍ਹਾਉਣ ਲਈ ਉਸ ਨੂੰ ਪਹਾੜ ਉੱਤੇ ਲੈ ਜਾ ਰਿਹਾ ਸੀ। (ਉਤਪਤ ਅਧਿਆਇ 22) ਮੈਂ ਅੱਜ ਵੀ ਅਬਰਾਹਾਮ ਅਤੇ ਇਸਹਾਕ ਨੂੰ ਯਹੋਵਾਹ ਵਿਚ ਪੂਰਾ ਭਰੋਸਾ ਦਿਖਾਉਂਦਿਆਂ ਲੱਕੜੀਆਂ ਲੈ ਕੇ ਪਹਾੜ ਉੱਤੇ ਚੜ੍ਹਦਿਆਂ ਦੇਖ ਸਕਦਾ ਹਾਂ। ਕਿਉਂਕਿ ਮੇਰੇ ਪਿਤਾ ਜੀ ਨਹੀਂ ਸਨ, ਇਸ ਲਈ ਇਹ ਫੋਟੋ ਮੇਰੇ ਦਿਲ ਵਿਚ ਵਸ ਗਈ।

ਫਿਰ ਮਾਮਾ-ਮਾਮੀ ਜੀ ਮੇਨ ਸ਼ਹਿਰ ਵਿਚ ਰਹਿਣ ਲਈ ਚਲੇ ਗਏ ਅਤੇ ਮੇਰੇ ਮਾਤਾ ਜੀ ਨੇ ਦੁਬਾਰਾ ਵਿਆਹ ਕਰਾ ਲਿਆ ਤੇ ਅਸੀਂ ਨਿਊ ਜਰਸੀ ਚਲੇ ਗਏ। ਇਸ ਲਈ ਮੈਂ ਮਾਮਾ ਜੀ ਨੂੰ ਕਾਫ਼ੀ ਲੰਬੇ ਸਮੇਂ ਤਕ ਨਹੀਂ ਮਿਲਿਆ। ਆਪਣੇ ਕਿਸ਼ੋਰ ਸਾਲਾਂ ਦੌਰਾਨ ਮੈਂ ਨਿਊ ਜਰਸੀ ਵਿਚ ਮੈਰੀਅਨ ਨੈੱਫ ਨੂੰ ਮਿਲਿਆ ਜਿਸ ਦਾ ਪਰਿਵਾਰ ਪ੍ਰੈਸਬੀਟੀਰੀਅਨ ਸੀ ਤੇ ਉਹ ਅੱਠ ਭੈਣ-ਭਰਾ ਸਨ। ਮੈਨੂੰ ਉਨ੍ਹਾਂ ਦੇ ਘਰ ਜਾਣਾ ਬਹੁਤ ਚੰਗਾ ਲੱਗਦਾ ਸੀ। ਮੈਂ ਅਕਸਰ ਐਤਵਾਰ ਦੀ ਸ਼ਾਮ ਉਸ ਪਰਿਵਾਰ ਨਾਲ ਅਤੇ ਉਨ੍ਹਾਂ ਦੇ ਗਿਰਜੇ ਦੀ ਨੌਜਵਾਨ ਸਭਾ ਨਾਲ ਬਿਤਾਉਂਦਾ ਸੀ। ਇਸ ਕਰਕੇ ਮੈਂ ਵੀ ਪ੍ਰੈਸਬੀਟੀਰੀਅਨ ਬਣ ਗਿਆ। ਪਰ ਬਾਈਬਲ ਸਟੂਡੈਂਟਸ ਦੀਆਂ ਸਭਾਵਾਂ ਵਿਚ ਮੈਂ ਜੋ ਕੁਝ ਸਿੱਖਿਆ ਸੀ, ਉਨ੍ਹਾਂ ਵਿੱਚੋਂ ਕੁਝ ਗੱਲਾਂ ਮੈਨੂੰ ਅਜੇ ਵੀ ਯਾਦ ਸਨ। ਮੈਂ ਅਤੇ ਮੈਰੀਅਨ ਨੇ 1928 ਵਿਚ ਵਿਆਹ ਕਰਾ ਲਿਆ ਤੇ ਸਾਡੇ ਦੋ ਕੁੜੀਆਂ, ਡੌਰਿਸ ਤੇ ਲੁਈਜ਼ ਨੇ 1935 ਤੇ 1938 ਵਿਚ ਜਨਮ ਲਿਆ। ਆਪਣੀਆਂ ਦੋ ਬੱਚੀਆਂ ਦੀ ਸਹੀ ਢੰਗ ਨਾਲ ਪਰਵਰਿਸ਼ ਕਰਨ ਲਈ ਸਾਨੂੰ ਦੋਵਾਂ ਨੂੰ ਅਧਿਆਤਮਿਕ ਸੇਧ ਦੀ ਬੜੀ ਲੋੜ ਮਹਿਸੂਸ ਹੋਈ।

ਉਨ੍ਹਾਂ ਪੁਸਤਿਕਾਵਾਂ ਵਿੱਚੋਂ ਸੱਚਾਈ ਲੱਭੀ

ਮੈਂ ਤੇ ਮੈਰੀਅਨ ਕਿਸੇ ਗਿਰਜੇ ਦੇ ਮੈਂਬਰ ਬਣਨਾ ਚਾਹੁੰਦੇ ਸੀ, ਇਸ ਲਈ ਅਸੀਂ ਵੱਖ-ਵੱਖ ਗਿਰਜਿਆਂ ਦੀ ਜਾਂਚ ਕਰਨੀ ਸ਼ੁਰੂ ਕੀਤੀ। ਇਸ ਦੇ ਲਈ ਅਸੀਂ ਇਕ ਤਰਕੀਬ ਬਣਾਈ। ਹਰ ਐਤਵਾਰ ਸਾਡੇ ਵਿੱਚੋਂ ਇਕ ਜਣਾ ਬੱਚਿਆਂ ਨਾਲ ਘਰ ਰਹਿੰਦਾ ਤੇ ਦੂਸਰਾ ਜਣਾ ਕਿਸੇ ਇਕ ਗਿਰਜੇ ਵਿਚ ਜਾਂਦਾ। ਇਕ ਐਤਵਾਰ ਘਰ ਰਹਿਣ ਦੀ ਵਾਰੀ ਮੈਰੀਅਨ ਦੀ ਸੀ, ਪਰ ਮੈਂ ਬੱਚਿਆਂ ਕੋਲ ਰਿਹਾ ਤਾਂਕਿ ਮੈਂ ਸ਼੍ਰੀਮਤੀ ਸਟੈਕਹਾਊਸ ਵੱਲੋਂ ਦਿੱਤੀਆਂ ਤਿੰਨ ਪੁਸਤਿਕਾਵਾਂ ਵਿੱਚੋਂ ਪਹਿਲੀ ਪੁਸਤਿਕਾ ਸੁਰੱਖਿਆ ਪੜ੍ਹ ਸਕਾਂ। ਇਕ ਵਾਰ ਜਦੋਂ ਮੈਂ ਉਸ ਨੂੰ ਪੜ੍ਹਨਾ ਸ਼ੁਰੂ ਕੀਤਾ, ਤਾਂ ਮੈਂ ਉਸ ਨੂੰ ਪੂਰਾ ਕਰ ਕੇ ਹੀ ਛੱਡਿਆ! ਮੈਨੂੰ ਯਕੀਨ ਹੋ ਗਿਆ ਕਿ ਮੈਨੂੰ ਇਸ ਪੁਸਤਿਕਾ ਵਿੱਚੋਂ ਉਹ ਜਾਣਕਾਰੀ ਮਿਲ ਗਈ ਸੀ ਜੋ ਕਿਸੇ ਵੀ ਗਿਰਜੇ ਵਿੱਚੋਂ ਨਹੀਂ ਮਿਲ ਸਕਦੀ। ਅਗਲੇ ਹਫ਼ਤੇ ਵੀ ਇਸੇ ਤਰ੍ਹਾਂ ਹੋਇਆ, ਮੈਂ ਖ਼ੁਸ਼ੀ-ਖ਼ੁਸ਼ੀ ਬੱਚਿਆਂ ਦੀ ਦੇਖ-ਭਾਲ ਕਰਨ ਲਈ ਮੰਨ ਗਿਆ ਤੇ ਮੈਂ ਦੂਸਰੀ ਪੁਸਤਿਕਾ ਬੇਨਕਾਬ ਪੜ੍ਹੀ। ਜੋ ਮੈਂ ਪੜ੍ਹ ਰਿਹਾ ਸੀ, ਉਹ ਮੈਨੂੰ ਕੁਝ ਜਾਣਿਆ-ਪਛਾਣਿਆ ਲੱਗਿਆ। ਕੀ ਬੈਨ ਮਾਮਾ ਜੀ ਵੀ ਇਨ੍ਹਾਂ ਗੱਲਾਂ ਵਿਚ ਵਿਸ਼ਵਾਸ ਕਰਦੇ ਸਨ? ਸਾਡਾ ਪਰਿਵਾਰ ਸੋਚਦਾ ਸੀ ਕਿ ਮਾਮਾ ਜੀ ਦਾ ਧਰਮ ਪਾਗਲਪੁਣਾ ਸੀ। ਮੈਰੀਅਨ ਕੀ ਸੋਚੇਗੀ? ਪਰ ਮੈਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਸੀ। ਬੇਨਕਾਬ ਪੁਸਤਿਕਾ ਪੜ੍ਹਨ ਤੋਂ ਕੁਝ ਦਿਨਾਂ ਬਾਅਦ, ਜਦੋਂ ਇਕ ਦਿਨ ਮੈਂ ਕੰਮ ਤੋਂ ਘਰ ਵਾਪਸ ਆਇਆ, ਤਾਂ ਮੈਰੀਅਨ ਨੇ ਮੈਨੂੰ ਦੱਸਿਆ: “ਤੁਸੀਂ ਜਿਹੜੀਆਂ ਪੁਸਤਿਕਾਵਾਂ ਲੈ ਕੇ ਆਏ ਸੀ, ਉਹ ਮੈਂ ਪੜ੍ਹੀਆਂ। ਉਹ ਕਾਫ਼ੀ ਦਿਲਚਸਪ ਹਨ।” ਇਹ ਸੁਣ ਕੇ ਮੇਰੀ ਸਾਰੀ ਚਿੰਤਾ ਦੂਰ ਹੋ ਗਈ!

ਪੁਸਤਿਕਾਵਾਂ ਦੇ ਅਖ਼ੀਰਲੇ ਸਫ਼ੇ ਉੱਤੇ ਹਾਲ ਹੀ ਵਿਚ ਰਿਲੀਸ ਹੋਈ ਅੰਗ੍ਰੇਜ਼ੀ ਕਿਤਾਬ ਵੈਰੀ ਬਾਰੇ ਜਾਣਕਾਰੀ ਦਿੱਤੀ ਗਈ ਸੀ ਜਿਸ ਵਿਚ ਝੂਠੇ ਧਰਮ ਦਾ ਬਹੁਤ ਹੀ ਜ਼ੋਰਦਾਰ ਢੰਗ ਨਾਲ ਪਰਦਾ ਫਾਸ਼ ਕੀਤਾ ਗਿਆ ਸੀ। ਅਸੀਂ ਉਹ ਕਿਤਾਬ ਲੈਣ ਦਾ ਫ਼ੈਸਲਾ ਕੀਤਾ। ਇਸ ਤੋਂ ਪਹਿਲਾਂ ਕਿ ਅਸੀਂ ਇਹ ਕਿਤਾਬ ਮੰਗਵਾਉਣ ਲਈ ਚਿੱਠੀ ਲਿਖਦੇ, ਇਕ ਗਵਾਹ ਨੇ ਸਾਡੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਸਾਨੂੰ ਇਹ ਕਿਤਾਬ ਪੇਸ਼ ਕੀਤੀ। ਬਸ ਇਹ ਕਿਤਾਬ ਮਿਲਣ ਦੀ ਦੇਰ ਸੀ ਕਿ ਅਸੀਂ ਗਿਰਜਿਆਂ ਵਿਚ ਜਾਣਾ ਛੱਡ ਕੇ ਕੈਮਡਨ, ਨਿਊ ਜਰਸੀ ਵਿਚ ਯਹੋਵਾਹ ਦੇ ਗਵਾਹਾਂ ਦੀ ਕੰਪਨੀ ਦੀਆਂ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਕੁਝ ਮਹੀਨਿਆਂ ਬਾਅਦ ਹੀ, 31 ਜੁਲਾਈ 1938 ਨੂੰ ਐਤਵਾਰ ਦੇ ਦਿਨ ਅਸੀਂ ਤਕਰੀਬਨ 50 ਜਣੇ ਭੈਣ ਸਟੈਕਹਾਊਸ ਦੇ ਘਰ ਦੇ ਬਗੀਚੇ ਵਿਚ ਮਿਲੇ। ਇਹ ਉਹੀ ਘਰ ਸੀ ਜਿੱਥੇ ਮੈਂ ਈਸਟਰ ਕੇਕ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਉੱਥੇ ਅਸੀਂ ਜੱਜ ਰਦਰਫ਼ਰਡ ਦਾ ਰਿਕਾਰਡ ਕੀਤਾ ਹੋਇਆ ਬਪਤਿਸਮੇ ਦਾ ਭਾਸ਼ਣ ਸੁਣਿਆ। ਫਿਰ ਅਸੀਂ ਘਰ ਵਿਚ ਕੱਪੜੇ ਬਦਲੇ ਤੇ ਲਾਗੇ ਇਕ ਨਦੀ ਵਿਚ 19 ਜਣਿਆਂ ਨੇ ਬਪਤਿਸਮਾ ਲਿਆ।

ਪਾਇਨੀਅਰ ਬਣਨ ਦਾ ਦ੍ਰਿੜ੍ਹ ਇਰਾਦਾ

ਮੇਰੇ ਬਪਤਿਸਮੇ ਤੋਂ ਕੁਝ ਸਮੇਂ ਬਾਅਦ ਕੰਪਨੀ (ਜਿਸ ਨੂੰ ਹੁਣ ਕਲੀਸਿਯਾ ਕਿਹਾ ਜਾਂਦਾ ਹੈ) ਦੀ ਇਕ ਭੈਣ ਨੇ ਮੈਨੂੰ ਪਾਇਨੀਅਰਾਂ ਬਾਰੇ ਦੱਸਿਆ ਜੋ ਆਪਣਾ ਜ਼ਿਆਦਾ ਸਮਾਂ ਪ੍ਰਚਾਰ ਦੇ ਕੰਮ ਵਿਚ ਲਗਾਉਂਦੇ ਸਨ। ਮੇਰੇ ਵਿਚ ਬਹੁਤ ਉਤਸੁਕਤਾ ਪੈਦਾ ਹੋਈ ਤੇ ਜਲਦੀ ਹੀ ਮੇਰੀ ਇਕ ਪਰਿਵਾਰ ਨਾਲ ਜਾਣ-ਪਛਾਣ ਹੋਈ ਜਿਸ ਦੇ ਸਾਰੇ ਮੈਂਬਰ ਪਾਇਨੀਅਰ ਸਨ। ਉਸ ਪਰਿਵਾਰ ਵਿਚ ਬਜ਼ੁਰਗ ਭਰਾ ਕੋਨਿਗ, ਉਨ੍ਹਾਂ ਦੀ ਪਤਨੀ ਤੇ ਉਨ੍ਹਾਂ ਦੀ ਜਵਾਨ ਧੀ ਸਾਰੇ ਲਾਗੇ ਦੀ ਇਕ ਕਲੀਸਿਯਾ ਵਿਚ ਪਾਇਨੀਅਰ ਸਨ। ਛੋਟੀਆਂ ਬੱਚੀਆਂ ਦਾ ਪਿਤਾ ਹੋਣ ਕਰਕੇ ਮੈਂ ਇਹ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਕਿ ਕੋਨਿਗ ਪਰਿਵਾਰ ਨੂੰ ਖੇਤਰ ਸੇਵਾ ਵਿਚ ਹਿੱਸਾ ਲੈ ਕੇ ਬਹੁਤ ਖ਼ੁਸ਼ੀ ਮਿਲਦੀ ਸੀ। ਮੈਂ ਅਕਸਰ ਉਨ੍ਹਾਂ ਦੇ ਘਰ ਜਾਂਦਾ, ਲਾਗੇ ਕਿਧਰੇ ਆਪਣਾ ਬੇਕਰੀ ਟਰੱਕ ਖੜ੍ਹਾ ਕਰਦਾ ਅਤੇ ਉਨ੍ਹਾਂ ਨਾਲ ਘਰ-ਘਰ ਦੀ ਸੇਵਕਾਈ ਕਰਦਾ ਸੀ। ਜਲਦੀ ਹੀ ਮੇਰੇ ਅੰਦਰ ਵੀ ਪਾਇਨੀਅਰ ਬਣਨ ਦੀ ਇੱਛਾ ਪੈਦਾ ਹੋ ਗਈ। ਪਰ ਮੈਂ ਪਾਇਨੀਅਰੀ ਕਰਦਾ ਕਿਵੇਂ? ਸਾਡੀਆਂ ਦੋਵੇਂ ਬੱਚੀਆਂ ਅਜੇ ਛੋਟੀਆਂ ਸਨ ਅਤੇ ਕੰਮ ਵਿਚ ਮੇਰਾ ਕਾਫ਼ੀ ਸਮਾਂ ਤੇ ਤਾਕਤ ਚਲੀ ਜਾਂਦੀ ਸੀ। ਅਸਲ ਵਿਚ ਜਦੋਂ ਯੂਰਪ ਵਿਚ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਇਆ, ਤਾਂ ਅਮਰੀਕਾ ਵਿਚ ਬਹੁਤ ਸਾਰੇ ਨੌਜਵਾਨ ਫ਼ੌਜ ਵਿਚ ਭਰਤੀ ਹੋ ਗਏ ਜਿਸ ਕਰਕੇ ਗ਼ੈਰ-ਫ਼ੌਜੀ ਨੌਕਰੀਆਂ ਕਰਨ ਵਾਲੇ ਲੋਕਾਂ ਲਈ ਕੰਮ ਬਹੁਤ ਵਧ ਗਿਆ। ਮੈਨੂੰ ਚੀਜ਼ਾਂ ਵੇਚਣ ਲਈ ਹੋਰ ਨਵੀਆਂ ਥਾਵਾਂ ਤੇ ਜਾਣ ਲਈ ਪ੍ਰੇਰਿਆ ਗਿਆ ਅਤੇ ਮੈਂ ਜਾਣਦਾ ਸੀ ਕਿ ਜੇ ਮੈਂ ਇਸ ਤਰ੍ਹਾਂ ਕੀਤਾ, ਤਾਂ ਮੈਂ ਕਦੀ ਵੀ ਪਾਇਨੀਅਰੀ ਨਹੀਂ ਕਰ ਸਕਾਂਗਾ।

ਜਦੋਂ ਮੈਂ ਪਾਇਨੀਅਰ ਬਣਨ ਦੀ ਆਪਣੀ ਇੱਛਾ ਬਾਰੇ ਭਰਾ ਕੋਨਿਗ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਕਿਹਾ: “ਯਹੋਵਾਹ ਦੀ ਸੇਵਾ ਮਨ ਲਾ ਕੇ ਕਰਦਾ ਰਹਿ ਤੇ ਪ੍ਰਾਰਥਨਾ ਵਿਚ ਉਸ ਨੂੰ ਆਪਣੇ ਇਸ ਟੀਚੇ ਬਾਰੇ ਦੱਸ। ਉਹ ਇਸ ਤੇ ਪਹੁੰਚਣ ਵਿਚ ਤੇਰੀ ਮਦਦ ਕਰੇਗਾ।” ਤਕਰੀਬਨ ਇਕ ਸਾਲ ਤਕ ਮੈਂ ਇਹੀ ਕਰਦਾ ਰਿਹਾ। ਮੈਂ ਅਕਸਰ ਮੱਤੀ 6:8 ਵਰਗੀਆਂ ਆਇਤਾਂ ਉੱਤੇ ਵਿਚਾਰ ਕਰਦਾ ਸੀ ਜਿਨ੍ਹਾਂ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਸਾਡੇ ਮੰਗਣ ਤੋਂ ਪਹਿਲਾਂ ਹੀ ਯਹੋਵਾਹ ਸਾਡੀਆਂ ਲੋੜਾਂ ਨੂੰ ਜਾਣਦਾ ਹੈ। ਤੇ ਮੈਂ ਮੱਤੀ 6:33 ਵਿਚ ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਨੂੰ ਪਹਿਲਾਂ ਭਾਲਣ ਬਾਰੇ ਦਿੱਤੀ ਸਲਾਹ ਉੱਤੇ ਚੱਲਣ ਦੀ ਲਗਾਤਾਰ ਕੋਸ਼ਿਸ਼ ਕਰਦਾ ਰਿਹਾ। ਮੈਨੂੰ ਭਰਾ ਮੈਲਵਿਨ ਵਿਨਚੈਸਟਰ ਤੋਂ ਵੀ ਹੌਸਲਾ ਮਿਲਿਆ ਜੋ ਜ਼ੋਨ ਸੇਵਕ ਸਨ (ਜਿਸ ਨੂੰ ਹੁਣ ਸਰਕਟ ਨਿਗਾਹਬਾਨ ਕਿਹਾ ਜਾਂਦਾ ਹੈ)।

ਮੈਂ ਮੈਰੀਅਨ ਨਾਲ ਆਪਣੇ ਟੀਚਿਆਂ ਬਾਰੇ ਗੱਲ ਕੀਤੀ। ਅਸੀਂ ਮਲਾਕੀ 3:10 ਦੇ ਸ਼ਬਦਾਂ ਉੱਤੇ ਚਰਚਾ ਕੀਤੀ ਜਿਸ ਵਿਚ ਹੌਸਲਾ ਦਿੱਤਾ ਗਿਆ ਹੈ ਕਿ ਅਸੀਂ ਯਹੋਵਾਹ ਨੂੰ ਪਰਤਾ ਕੇ ਦੇਖੀਏ ਕਿ ਉਹ ਸਾਡੇ ਉੱਤੇ ਆਪਣੀ ਬਰਕਤ ਵਰਾਉਂਦਾ ਹੈ ਜਾਂ ਨਹੀਂ। ਮੈਨੂੰ ਮੈਰੀਅਨ ਦਾ ਜਵਾਬ ਸੁਣ ਕੇ ਬਹੁਤ ਹੌਸਲਾ ਮਿਲਿਆ: “ਜੇ ਤੁਸੀਂ ਪਾਇਨੀਅਰ ਬਣਨਾ ਚਾਹੁੰਦੇ ਹੋ, ਤਾਂ ਮੇਰੇ ਕਰਕੇ ਤੁਸੀਂ ਪਿੱਛੇ ਨਾ ਹੱਟੋ। ਮੈਂ ਕੁੜੀਆਂ ਨੂੰ ਸੰਭਾਲ ਸਕਦੀ ਹਾਂ ਤੇ ਤੁਸੀਂ ਪਾਇਨੀਅਰੀ ਕਰ ਸਕਦੇ ਹੋ। ਤੇ ਸਾਡੀਆਂ ਭੌਤਿਕ ਲੋੜਾਂ ਵੀ ਜ਼ਿਆਦਾ ਨਹੀਂ ਹਨ।” ਬਾਰਾਂ ਸਾਲਾਂ ਤੋਂ ਮੈਂ ਮੈਰੀਅਨ ਨਾਲ ਵਿਆਹਿਆ ਹੋਇਆ ਸੀ ਇਸ ਲਈ ਮੈਨੂੰ ਪਤਾ ਸੀ ਕਿ ਮੈਰੀਅਨ ਸਰਫ਼ਾ ਕਰਨ ਵਾਲੀ ਤੇ ਸੁਘੜ ਸੁਆਣੀ ਤੀਵੀਂ ਸੀ। ਕਈ ਸਾਲਾਂ ਤੋਂ ਉਹ ਮੇਰੀ ਇਕ ਚੰਗੀ ਪਾਇਨੀਅਰ ਸਾਥਣ ਰਹੀ ਅਤੇ ਤਕਰੀਬਨ 60 ਸਾਲ ਤਕ ਕਾਮਯਾਬੀ ਨਾਲ ਪੂਰੇ ਸਮੇਂ ਦੀ ਸੇਵਕਾਈ ਕਰਨ ਦਾ ਇਕ ਰਾਜ਼ ਇਹੋ ਹੈ ਕਿ ਉਹ ਥੋੜ੍ਹੇ ਵਿਚ ਹੀ ਸੰਤੁਸ਼ਟ ਰਹਿੰਦੀ ਹੈ ਤੇ ਥੋੜ੍ਹੇ ਨੂੰ ਵੀ ਇਸ ਤਰ੍ਹਾਂ ਦਿਖਾਉਂਦੀ ਹੈ ਕਿ ਸਾਡੇ ਕੋਲ ਬਹੁਤ ਕੁਝ ਹੈ।

ਕਈ ਮਹੀਨਿਆਂ ਤਕ ਪ੍ਰਾਰਥਨਾਪੂਰਵਕ ਯੋਜਨਾ ਬਣਾਉਣ ਤੋਂ ਬਾਅਦ ਸਾਲ, 1941 ਦੀਆਂ ਗਰਮੀਆਂ ਤਕ ਮੈਂ ਤੇ ਮੈਰੀਅਨ ਨੇ ਕੁਝ ਪੈਸਾ ਜਮ੍ਹਾ ਕਰ ਲਿਆ ਸੀ ਤੇ ਅਸੀਂ 18 ਫੁੱਟ ਲੰਬਾ ਘਰਨੁਮਾ ਟ੍ਰੈਵਲ ਟ੍ਰੇਲਰ ਖ਼ਰੀਦ ਲਿਆ ਜਿਸ ਵਿਚ ਸਾਡਾ ਪਰਿਵਾਰ ਰਹਿ ਸਕਦਾ ਸੀ। ਮੈਂ ਆਪਣੀ ਨੌਕਰੀ ਛੱਡ ਦਿੱਤੀ ਅਤੇ ਜੁਲਾਈ 1941 ਵਿਚ ਨਿਯਮਿਤ ਪਾਇਨੀਅਰ ਬਣ ਗਿਆ ਅਤੇ ਉਸ ਸਮੇਂ ਤੋਂ ਮੈਂ ਲਗਾਤਾਰ ਪੂਰੇ ਸਮੇਂ ਦੀ ਸੇਵਕਾਈ ਕਰਦਾ ਆ ਰਿਹਾ ਹਾਂ। ਮੇਰੀ ਪਹਿਲੀ ਨਿਯੁਕਤੀ ਨਿਊ ਜਰਸੀ ਤੋਂ ਸੇਂਟ ਲੁਅਸ, ਮਿਸੂਰੀ ਜਾਂਦੇ ਹੋਏ ਰੂਟ 50 ਉੱਤੇ ਸੀ। ਮੈਂ ਦਸ ਜਗ੍ਹਾ ਰੁਕਣਾ ਸੀ। ਸੇਂਟ ਲੁਅਸ ਵਿਚ ਅਗਸਤ ਦੇ ਸ਼ੁਰੂ ਵਿਚ ਸੰਮੇਲਨ ਹੋਣਾ ਸੀ। ਰਾਹ ਵਿਚ ਪੈਂਦੇ ਭਰਾਵਾਂ ਦੇ ਨਾਂ ਤੇ ਪਤੇ ਮੈਨੂੰ ਪਹਿਲਾਂ ਹੀ ਘੱਲ ਦਿੱਤੇ ਗਏ ਸਨ ਅਤੇ ਮੈਂ ਉਨ੍ਹਾਂ ਨੂੰ ਅਗਾਊਂ ਚਿੱਠੀਆਂ ਲਿਖ ਦਿੱਤੀਆਂ ਸਨ ਕਿ ਮੈਂ ਉਨ੍ਹਾਂ ਕੋਲ ਕਦੋਂ ਪਹੁੰਚਾਂਗਾ। ਸੰਮੇਲਨ ਵਿਚ ਪਹੁੰਚ ਕੇ ਮੈਂ ਪਾਇਨੀਅਰ ਵਿਭਾਗ ਕੋਲੋਂ ਆਪਣੀ ਨਵੀਂ ਨਿਯੁਕਤੀ ਹਾਸਲ ਕਰਨੀ ਸੀ।

“ਮੈਂ ਯਹੋਵਾਹ ਨੂੰ ਪਰਤਾਉਣ ਜਾ ਰਿਹਾ ਹਾਂ”

ਅਸੀਂ ਆਪਣੇ ਛੋਟੇ ਜਿਹੇ ਟ੍ਰੇਲਰ ਵਿਚ ਬਹੁਤ ਸਾਰਾ ਸਾਹਿੱਤ ਰੱਖਿਆ ਤੇ ਭੈਣ-ਭਰਾਵਾਂ ਤੋਂ ਵਿਦਾਇਗੀ ਲੈਣ ਲਈ ਕੈਮਡਨ ਵਿਚ ਆਪਣੀ ਆਖ਼ਰੀ ਸਭਾ ਵਿਚ ਗਏ। ਸਾਡੀਆਂ ਧੀਆਂ ਛੋਟੀਆਂ ਸਨ ਤੇ ਸਾਨੂੰ ਪਤਾ ਨਹੀਂ ਸੀ ਕਿ ਅਸੀਂ ਸੰਮੇਲਨ ਤੋਂ ਬਾਅਦ ਕਿੱਥੇ ਜਾਣਾ ਸੀ, ਕੁਝ ਭਰਾਵਾਂ ਨੂੰ ਲੱਗਦਾ ਸੀ ਕਿ ਅਸੀਂ ਜਲਦਬਾਜ਼ੀ ਕਰ ਰਹੇ ਸਾਂ ਤੇ ਉਨ੍ਹਾਂ ਵਿੱਚੋਂ ਕਈਆਂ ਨੇ ਕਿਹਾ: “ਦੇਖੀਂ, ਤੂੰ ਜਲਦੀ ਹੀ ਵਾਪਸ ਮੁੜ ਆਉਣਾ।” ਮੈਨੂੰ ਅਜੇ ਵੀ ਯਾਦ ਹੈ ਕਿ ਮੈਂ ਉਨ੍ਹਾਂ ਨੂੰ ਕਿਹਾ ਸੀ: “ਖ਼ੈਰ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਵਾਪਸ ਨਹੀਂ ਆਵਾਂਗਾ। ਪਰ ਯਹੋਵਾਹ ਨੇ ਕਿਹਾ ਕਿ ਉਹ ਮੇਰੀ ਦੇਖ-ਭਾਲ ਕਰੇਗਾ ਅਤੇ ਮੈਂ ਉਸ ਨੂੰ ਪਰਤਾਉਣ ਜਾ ਰਿਹਾ ਹਾਂ।”

ਮੈਸੇਚਿਉਸੇਟਸ ਤੋਂ ਮਿਸਿਸਿਪੀ ਤਕ ਦੇ 20 ਸ਼ਹਿਰਾਂ ਵਿਚ ਸੱਠ ਸਾਲ ਤਕ ਪਾਇਨੀਅਰੀ ਕਰਨ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਨੇ ਆਪਣਾ ਵਾਅਦਾ ਨਿਭਾਇਆ ਹੈ, ਸਗੋਂ ਉਸ ਨਾਲੋਂ ਵੀ ਵੱਧ ਸਾਡੇ ਲਈ ਕੀਤਾ ਹੈ। ਉਸ ਨੇ ਮੈਨੂੰ, ਮੈਰੀਅਨ ਤੇ ਸਾਡੀਆਂ ਦੋਵੇਂ ਧੀਆਂ ਨੂੰ ਜੋ ਬਰਕਤਾਂ ਦਿੱਤੀਆਂ ਹਨ, ਉਨ੍ਹਾਂ ਬਾਰੇ ਅਸੀਂ 1941 ਵਿਚ ਸੋਚਿਆ ਵੀ ਨਹੀਂ ਸੀ। ਇਹ ਯਹੋਵਾਹ ਦੀ ਹੀ ਬਰਕਤ ਹੈ ਕਿ ਸਾਡੀਆਂ ਦੋਵੇਂ ਧੀਆਂ ਲਾਗੇ ਦੀਆਂ ਕਲੀਸਿਯਾਵਾਂ ਵਿਚ ਵਫ਼ਾਦਾਰੀ ਨਾਲ ਪਾਇਨੀਅਰੀ ਕਰ ਰਹੀਆਂ ਹਨ। ਅਤੇ ਆਖ਼ਰੀ ਵਾਰ ਜਦੋਂ ਅਸੀਂ ਗਿਣਿਆ ਸੀ, ਤਾਂ ਅਮਰੀਕਾ ਦੇ ਪੂਰੇ ਪੂਰਬੀ ਤੱਟ ਉੱਤੇ ਸਾਡੇ ਤਕਰੀਬਨ ਇਕ ਸੌ ਅਧਿਆਤਮਿਕ ਧੀਆਂ-ਪੁੱਤਰ ਹਨ। ਮੈਂ ਤਕਰੀਬਨ 52 ਲੋਕਾਂ ਨਾਲ ਅਤੇ ਮੈਰੀਅਨ ਨੇ 48 ਲੋਕਾਂ ਨਾਲ ਅਧਿਐਨ ਕੀਤਾ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਯਹੋਵਾਹ ਨੂੰ ਸਮਰਪਿਤ ਕੀਤੀਆਂ।

ਅਗਸਤ 1941 ਵਿਚ ਅਸੀਂ ਸੇਂਟ ਲੁਅਸ ਗਏ ਤੇ ਉੱਥੇ ਮੈਂ ਬੈਥਲ ਦੇ ਇਕ ਭਰਾ ਟੀ. ਜੇ. ਸਲਵਨ ਨੂੰ ਮਿਲਿਆ। ਉਨ੍ਹਾਂ ਕੋਲ ਮੇਰਾ ਧਰਮ-ਸੇਵਕ ਵਜੋਂ ਥਾਪੇ ਜਾਣ ਦੀ ਨਿਯੁਕਤੀ ਪੱਤਰ ਸੀ। ਇਸ ਦੀ ਮੈਨੂੰ ਬੜੀ ਲੋੜ ਸੀ ਕਿਉਂਕਿ ਲੜਾਈ ਦੇ ਕਾਲੇ ਬੱਦਲ ਛਾ ਰਹੇ ਸਨ ਤੇ ਆਦਮੀਆਂ ਨੂੰ ਫ਼ੌਜ ਵਿਚ ਭਰਤੀ ਕੀਤਾ ਜਾ ਰਿਹਾ ਸੀ। ਮੈਂ ਭਰਾ ਸਲਵਨ ਨੂੰ ਦੱਸਿਆ ਕਿ ਮੇਰੀ ਪਤਨੀ ਵੀ ਸੇਵਕਾਈ ਵਿਚ ਮੇਰੇ ਜਿੰਨਾ ਹੀ ਸਮਾਂ ਲਗਾ ਰਹੀ ਸੀ ਤੇ ਉਹ ਵੀ ਮੇਰੇ ਨਾਲ ਪਾਇਨੀਅਰੀ ਕਰਨੀ ਚਾਹੁੰਦੀ ਸੀ। ਭਾਵੇਂ ਕਿ ਸੰਮੇਲਨ ਵਿਚ ਅਜੇ ਪਾਇਨੀਅਰ ਵਿਭਾਗ ਨਹੀਂ ਖੁੱਲ੍ਹਿਆ ਸੀ, ਪਰ ਭਰਾ ਸਲਵਨ ਨੇ ਉਸੇ ਵੇਲੇ ਮੈਰੀਅਨ ਨੂੰ ਵੀ ਪਾਇਨੀਅਰ ਦਾ ਨਿਯੁਕਤੀ ਪੱਤਰ ਦੇ ਦਿੱਤਾ ਤੇ ਸਾਨੂੰ ਪੁੱਛਿਆ: “ਤੁਸੀਂ ਸੰਮੇਲਨ ਤੋਂ ਬਾਅਦ ਕਿੱਥੇ ਪਾਇਨੀਅਰੀ ਕਰੋਗੇ?” ਇਸ ਬਾਰੇ ਸਾਨੂੰ ਪਤਾ ਨਹੀਂ ਸੀ। “ਚਿੰਤਾ ਕਰਨ ਦੀ ਲੋੜ ਨਹੀਂ ਹੈ,” ਉਸ ਨੇ ਕਿਹਾ, “ਤੁਸੀਂ ਸੰਮੇਲਨ ਵਿਚ ਅਜਿਹੇ ਇਲਾਕੇ ਦੇ ਕਿਸੇ ਨਾ ਕਿਸੇ ਗਵਾਹ ਨੂੰ ਮਿਲੋਗੇ ਜਿੱਥੇ ਪਾਇਨੀਅਰਾਂ ਦੀ ਲੋੜ ਹੈ ਤੇ ਤੁਹਾਡੀ ਸਮੱਸਿਆ ਹੱਲ ਹੋ ਜਾਵੇਗੀ। ਸਾਨੂੰ ਸਿਰਫ਼ ਲਿਖ ਦਿਓ ਕਿ ਤੁਸੀਂ ਕਿੱਥੇ ਜਾ ਰਹੇ ਹੋ ਤੇ ਅਸੀਂ ਤੁਹਾਨੂੰ ਉਸ ਥਾਂ ਨਿਯੁਕਤ ਕਰ ਦੇਵਾਂਗੇ।” ਤੇ ਇਸੇ ਤਰ੍ਹਾਂ ਹੀ ਹੋਇਆ। ਸੰਮੇਲਨ ਵਿਚ ਅਸੀਂ ਭਰਾ ਜੈਕ ਡੇਵਿਡ ਨੂੰ ਮਿਲੇ ਜੋ ਪਹਿਲਾਂ ਜ਼ੋਨ ਸੇਵਕ ਸਨ। ਉਹ ਨਿਊ ਮਾਰਕਿਟ, ਵਰਜੀਨੀਆ ਵਿਚ ਕੁਝ ਭਰਾਵਾਂ ਨੂੰ ਜਾਣਦੇ ਸਨ ਜਿਨ੍ਹਾਂ ਦੇ ਪਾਇਨੀਅਰ ਘਰ ਵਿਚ ਕੁਝ ਹੋਰ ਪਾਇਨੀਅਰਾਂ ਦੀ ਲੋੜ ਸੀ। ਇਸ ਲਈ ਸੰਮੇਲਨ ਤੋਂ ਬਾਅਦ ਅਸੀਂ ਨਿਊ ਮਾਰਕਿਟ ਚਲੇ ਗਏ।

ਨਿਊ ਮਾਰਕਿਟ ਵਿਚ ਸਾਨੂੰ ਅਜਿਹੀ ਖ਼ੁਸ਼ੀ ਮਿਲੀ ਜਿਸ ਬਾਰੇ ਅਸੀਂ ਸੋਚਿਆ ਵੀ ਨਹੀਂ ਸੀ। ਤੁਹਾਨੂੰ ਪਤਾ ਹੈ ਕਿ ਸਾਡੇ ਨਾਲ ਪਾਇਨੀਅਰੀ ਕਰਨ ਲਈ ਫ਼ਿਲਾਡੈਲਫ਼ੀਆ ਤੋਂ ਕੌਣ ਆਇਆ? ਬੈਨਜਮਿਨ ਰੈਨਸਮ! ਜੀ ਹਾਂ, ਬੈਨ ਮਾਮਾ ਜੀ! ਬੋਸਟਨ ਵਿਚ ਮੇਰੇ ਦਿਲ ਵਿਚ ਸੱਚਾਈ ਦੇ ਬੀ ਬੀਜਣ ਤੋਂ ਪੱਚੀ ਸਾਲਾਂ ਬਾਅਦ ਉਨ੍ਹਾਂ ਨਾਲ ਘਰ-ਘਰ ਦੀ ਸੇਵਕਾਈ ਕਰਨ ਤੇ ਮੈਨੂੰ ਕਿੰਨੀ ਖ਼ੁਸ਼ੀ ਹੋਈ! ਕਈ ਸਾਲਾਂ ਤਕ ਪਰਿਵਾਰ ਦੇ ਰੁੱਖੇਪਣ, ਮਖੌਲ ਅਤੇ ਇੱਥੋਂ ਤਕ ਕਿ ਅਤਿਆਚਾਰ ਸਹਿਣ ਤੋਂ ਬਾਅਦ ਵੀ ਬੈਨ ਮਾਮਾ ਜੀ ਦਾ ਯਹੋਵਾਹ ਅਤੇ ਸੇਵਕਾਈ ਲਈ ਪਿਆਰ ਕਦੀ ਵੀ ਘੱਟ ਨਹੀਂ ਹੋਇਆ।

ਅਸੀਂ ਨਿਊ ਮਾਰਕਿਟ ਦੇ ਪਾਇਨੀਅਰ ਘਰ ਵਿਚ ਅੱਠ ਮਹੀਨੇ ਤਕ ਰਹਿਣ ਦਾ ਆਨੰਦ ਮਾਣਿਆ। ਉਸ ਸਮੇਂ ਦੌਰਾਨ ਅਸੀਂ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਜਿਵੇਂ ਕਿ ਸਾਹਿੱਤ ਦੇ ਬਦਲੇ ਚਿਕਨ ਜਾਂ ਆਂਡੇ ਸਵੀਕਾਰ ਕਰਨੇ। ਫਿਰ ਬੈਨ ਮਾਮਾ ਜੀ ਨੂੰ, ਮੈਨੂੰ ਤੇ ਮੈਰੀਅਨ ਨੂੰ ਦੂਸਰੇ ਤਿੰਨ ਵਿਅਕਤੀਆਂ ਨਾਲ ਪੈਨਸਿਲਵੇਨੀਆ ਦੇ ਹੈਨੋਵਰ ਸ਼ਹਿਰ ਵਿਚ ਖ਼ਾਸ ਪਾਇਨੀਅਰਾਂ ਦੇ ਤੌਰ ਤੇ ਸੇਵਾ ਕਰਨ ਲਈ ਭੇਜਿਆ ਗਿਆ। ਸਾਲ 1942 ਤੋਂ 1945 ਤਕ ਸਾਡੀ ਨਿਯੁਕਤੀ ਛੇ ਵਾਰ ਬਦਲੀ ਤੇ ਪੈਨਸਿਲਵੇਨੀਆ ਵਿਚ ਇਹ ਸਾਡੀ ਪਹਿਲੀ ਨਿਯੁਕਤੀ ਸੀ।

ਦੂਸਰੇ ਵਿਸ਼ਵ ਯੁੱਧ ਦੌਰਾਨ ਖ਼ਾਸ ਪਾਇਨੀਅਰੀ

ਦੂਸਰੇ ਵਿਸ਼ਵ ਯੁੱਧ ਦੌਰਾਨ ਸਾਨੂੰ ਕਈ ਵਾਰ ਲੋਕਾਂ ਦੇ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ ਕਿਉਂਕਿ ਅਸੀਂ ਯੁੱਧ ਵਿਚ ਹਿੱਸਾ ਨਹੀਂ ਲੈਂਦੇ ਸੀ, ਪਰ ਯਹੋਵਾਹ ਨੇ ਸਾਨੂੰ ਕਦੀ ਨਹੀਂ ਛੱਡਿਆ। ਇਕ ਵਾਰ ਪ੍ਰੋਵਿੰਸਟਾਊਨ, ਮੈਸੇਚਿਉਸੇਟਸ ਵਿਚ ਸਾਡੀ ਪੁਰਾਣੀ ਬੁਇਕ ਕਾਰ ਖ਼ਰਾਬ ਹੋ ਗਈ। ਇਸ ਕਰਕੇ ਮੈਨੂੰ ਦਿਲਚਸਪੀ ਦਿਖਾਉਣ ਵਾਲੇ ਇਕ ਆਦਮੀ ਨੂੰ ਮਿਲਣ ਲਈ ਇਕ ਕੈਥੋਲਿਕ ਇਲਾਕੇ ਵਿੱਚੋਂ ਦੀ ਕਈ ਕਿਲੋਮੀਟਰ ਤੁਰ ਕੇ ਜਾਣਾ ਪਿਆ। ਇੱਥੇ ਦੇ ਲੋਕ ਯਹੋਵਾਹ ਦੇ ਗਵਾਹਾਂ ਦੇ ਬੜੇ ਖ਼ਿਲਾਫ਼ ਸਨ। ਮੈਂ ਗੁੰਡਿਆਂ ਦੇ ਇਕ ਗਿਰੋਹ ਕੋਲੋਂ ਦੀ ਲੰਘਿਆ ਜਿਨ੍ਹਾਂ ਨੇ ਮੈਨੂੰ ਪਛਾਣ ਲਿਆ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮੈਨੂੰ ਵੱਟੇ ਵੀ ਮਾਰਨੇ ਸ਼ੁਰੂ ਕਰ ਦਿੱਤੇ। ਮੈਂ ਫਟਾਫਟ ਉੱਥੋਂ ਲੰਘ ਗਿਆ ਤੇ ਇਹੀ ਆਸ ਕਰਦਾ ਰਿਹਾ ਕਿ ਉਹ ਮੇਰਾ ਪਿੱਛਾ ਨਾ ਕਰਨ। ਮੈਂ ਬਿਨਾਂ ਕੋਈ ਸੱਟ-ਚੋਟ ਖਾਧੇ ਉਸ ਆਦਮੀ ਦੇ ਘਰ ਪਹੁੰਚ ਗਿਆ। ਪਰ ਉਸ ਆਦਮੀ ਨੇ, ਜਿਹੜਾ ਅਮਰੀਕਨ ਲੀਜਨ ਸੰਸਥਾ ਦਾ ਇਕ ਇੱਜ਼ਤਦਾਰ ਮੈਂਬਰ ਸੀ, ਇਹ ਕਹਿੰਦੇ ਹੋਏ ਮਾਫ਼ੀ ਮੰਗੀ: “ਮੈਂ ਅੱਜ ਤੁਹਾਨੂੰ ਸਮਾਂ ਨਹੀਂ ਦੇ ਸਕਦਾ ਕਿਉਂਕਿ ਮੈਂ ਭੁੱਲ ਗਿਆ ਸੀ ਕਿ ਅੱਜ ਅਸੀਂ ਫ਼ਿਲਮ ਦੇਖਣ ਜਾ ਰਹੇ ਹਾਂ।” ਮੈਂ ਇਹ ਸੋਚ ਕੇ ਬਹੁਤ ਡਰ ਗਿਆ ਕਿ ਗੁੰਡੇ ਗਲੀ ਵਿਚ ਮੇਰੀ ਉਡੀਕ ਕਰ ਰਹੇ ਹੋਣਗੇ। ਪਰ ਮੈਨੂੰ ਬਹੁਤ ਖ਼ੁਸ਼ੀ ਹੋਈ ਜਦੋਂ ਉਸ ਆਦਮੀ ਨੇ ਕਿਹਾ: “ਕਿਉਂ ਨਾ ਤੁਸੀਂ ਵੀ ਸਾਡੇ ਨਾਲ ਆਓ? ਆਪਾਂ ਤੁਰਦੇ-ਤੁਰਦੇ ਗੱਲ ਕਰ ਸਕਦੇ ਹਾਂ।” ਇਸ ਤਰ੍ਹਾਂ ਮੈਨੂੰ ਉਸ ਨੂੰ ਗਵਾਹੀ ਦੇਣ ਦਾ ਮੌਕਾ ਵੀ ਮਿਲ ਗਿਆ ਅਤੇ ਉਨ੍ਹਾਂ ਗੁੰਡਿਆਂ ਕੋਲੋਂ ਵੀ ਸਹੀ-ਸਲਾਮਤ ਬਚ ਨਿਕਲਿਆ।

ਆਪਣੇ ਪਰਿਵਾਰ ਅਤੇ ਸੇਵਕਾਈ ਵਿਚ ਸੰਤੁਲਨ ਕਾਇਮ ਕਰਨਾ

ਯੁੱਧ ਤੋਂ ਬਾਅਦ, ਅਸੀਂ ਵਰਜੀਨੀਆ ਵਿਚ ਵੱਖਰੀ-ਵੱਖਰੀ ਜਗ੍ਹਾ ਤੇ ਪਾਇਨੀਅਰੀ ਕੀਤੀ ਜਿਨ੍ਹਾਂ ਵਿੱਚੋਂ ਇਕ ਸੀ ਸ਼ਾਰਲਟਸਵਿਲ ਜਿੱਥੇ ਅਸੀਂ ਅੱਠ ਸਾਲ ਤਕ ਖ਼ਾਸ ਅਤੇ ਨਿਯਮਿਤ ਪਾਇਨੀਅਰਾਂ ਦੇ ਤੌਰ ਤੇ ਸੇਵਾ ਕੀਤੀ। ਸਾਲ 1956 ਤਕ ਸਾਡੀਆਂ ਧੀਆਂ ਵੱਡੀਆਂ ਹੋ ਚੁੱਕੀਆਂ ਸਨ ਤੇ ਉਨ੍ਹਾਂ ਨੇ ਵਿਆਹ ਕਰਾ ਲਏ ਸਨ। ਇਸ ਲਈ ਮੈਂ ਤੇ ਮੈਰੀਅਨ ਨੇ ਪਹਿਲਾਂ ਹੈਰੀਸਨਬਰਗ, ਵਰਜੀਨੀਆ ਵਿਚ ਨਿਯਮਿਤ ਪਾਇਨੀਅਰੀ ਕੀਤੀ ਅਤੇ ਫਿਰ ਲਿੰਕਨਟਨ, ਉੱਤਰੀ ਕੈਰੋਲਾਈਨਾ ਵਿਚ ਖ਼ਾਸ ਪਾਇਨੀਅਰਾਂ ਦੇ ਤੌਰ ਤੇ ਸੇਵਾ ਕੀਤੀ।

ਸਾਲ 1966 ਵਿਚ ਮੈਨੂੰ ਸਰਕਟ ਨਿਗਾਹਬਾਨ ਨਿਯੁਕਤ ਕੀਤਾ ਗਿਆ ਅਤੇ ਅਸੀਂ ਕਲੀਸਿਯਾਵਾਂ ਦਾ ਦੌਰਾ ਕਰਦੇ ਹੋਏ ਭਰਾਵਾਂ ਨੂੰ ਹੌਸਲਾ ਦਿੱਤਾ, ਠੀਕ ਜਿਵੇਂ ਨਿਊ ਜਰਸੀ ਵਿਚ ਭਰਾ ਵਿਨਚੈਸਟਰ ਨੇ 1930 ਦੇ ਦਹਾਕੇ ਵਿਚ ਮੈਨੂੰ ਕਰਨ ਦਾ ਹੌਸਲਾ ਦਿੱਤਾ ਸੀ। ਦੋ ਸਾਲਾਂ ਤਕ ਮੈਂ ਟੈਨਿਸੀ ਦੇ ਇਕ ਸਰਕਟ ਦੀਆਂ ਕਲੀਸਿਯਾਵਾਂ ਦਾ ਦੌਰਾ ਕੀਤਾ। ਫਿਰ ਮੈਰੀਅਨ ਤੇ ਮੈਨੂੰ ਸਾਡੇ ਸਭ ਤੋਂ ਮਨਪਸੰਦ ਕੰਮ ਯਾਨੀ ਖ਼ਾਸ ਪਾਇਨੀਅਰੀ ਦੁਬਾਰਾ ਕਰਨ ਲਈ ਕਿਹਾ ਗਿਆ। ਸਾਲ 1968 ਤੋਂ 1977 ਤਕ ਅਸੀਂ ਦੱਖਣ ਵਿਚ ਜਾਰਜੀਆ ਅਤੇ ਮਿਸਿਸਿਪੀ ਦੇ ਇਲਾਕਿਆਂ ਵਿਚ ਖ਼ਾਸ ਪਾਇਨੀਅਰਾਂ ਦੇ ਤੌਰ ਤੇ ਸੇਵਾ ਕੀਤੀ।

ਈਸਟਮੈਨ, ਜਾਰਜੀਆ ਵਿਚ ਮੈਨੂੰ ਭਰਾ ਪੋਵਲ ਕਰਕਲੈਂਡ ਦੀ ਜਗ੍ਹਾ ਕਲੀਸਿਯਾ ਨਿਗਾਹਬਾਨ (ਜਿਸ ਨੂੰ ਹੁਣ ਪ੍ਰਧਾਨ ਨਿਗਾਹਬਾਨ ਕਿਹਾ ਜਾਂਦਾ ਹੈ) ਨਿਯੁਕਤ ਕੀਤਾ ਗਿਆ। ਇਸ ਪਿਆਰੇ ਬਿਰਧ ਭਰਾ ਨੇ ਕਈ ਸਾਲਾਂ ਤਕ ਸਰਕਟ ਨਿਗਾਹਬਾਨ ਦੇ ਤੌਰ ਤੇ ਵੀ ਸੇਵਾ ਕੀਤੀ ਸੀ, ਪਰ ਹੁਣ ਉਸ ਦੀ ਸਿਹਤ ਖ਼ਰਾਬ ਰਹਿੰਦੀ ਸੀ। ਉਸ ਨੇ ਮੇਰੀ ਬਹੁਤ ਕਦਰ ਕੀਤੀ ਅਤੇ ਮੈਨੂੰ ਪੂਰਾ ਸਹਿਯੋਗ ਦਿੱਤਾ। ਉਸ ਦੀ ਮਦਦ ਦੀ ਮੈਨੂੰ ਬਹੁਤ ਲੋੜ ਸੀ ਕਿਉਂਕਿ ਕਲੀਸਿਯਾ ਦੇ ਭਰਾਵਾਂ ਵਿਚ ਅਣਬਣ ਸੀ ਤੇ ਕੁਝ ਪ੍ਰਮੁੱਖ ਭਰਾ ਇਸ ਵਿਚ ਸ਼ਾਮਲ ਸਨ। ਇਸ ਅਣਬਣ ਨੇ ਝਗੜੇ ਦਾ ਰੂਪ ਧਾਰ ਲਿਆ ਤੇ ਮੈਂ ਅਕਸਰ ਯਹੋਵਾਹ ਨੂੰ ਇਸ ਬਾਰੇ ਪ੍ਰਾਰਥਨਾ ਕਰਿਆ ਕਰਦਾ ਸੀ। ਕਹਾਉਤਾਂ 3:5, 6 ਵਰਗੀਆਂ ਆਇਤਾਂ ਮੈਨੂੰ ਯਾਦ ਆਈਆਂ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” ਲਗਾਤਾਰ ਭਰਾਵਾਂ ਨਾਲ ਗੱਲਬਾਤ ਕਰਦੇ ਰਹਿਣ ਦੀ ਕੋਸ਼ਿਸ਼ ਕਰਨ ਨਾਲ ਅਸੀਂ ਕਲੀਸਿਯਾ ਵਿਚ ਏਕਤਾ ਮੁੜ ਕਾਇਮ ਕਰ ਸਕੇ ਤੇ ਇਸ ਦਾ ਸਾਰਿਆਂ ਨੂੰ ਫ਼ਾਇਦਾ ਹੋਇਆ।

ਸਾਲ 1977 ਵਿਚ ਸਾਨੂੰ ਆਪਣੀ ਵਧਦੀ ਉਮਰ ਦਾ ਅਹਿਸਾਸ ਹੋਣ ਲੱਗ ਪਿਆ ਤੇ ਸਾਨੂੰ ਦੁਬਾਰਾ ਸ਼ਾਰਲਟਸਵਿਲ ਵਿਚ ਭੇਜ ਦਿੱਤਾ ਗਿਆ ਜਿੱਥੇ ਸਾਡੀਆਂ ਦੋਵੇਂ ਧੀਆਂ ਆਪਣੇ ਪਰਿਵਾਰਾਂ ਨਾਲ ਰਹਿ ਰਹੀਆਂ ਸਨ। ਪਿਛਲੇ 23 ਸਾਲਾਂ ਤੋਂ ਇਸ ਖੇਤਰ ਵਿਚ ਸੇਵਾ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਹੋਈ ਹੈ। ਅਸੀਂ ਰਕਰਸਵਿਲ, ਵਰਜੀਨੀਆ ਵਿਚ ਕਲੀਸਿਯਾ ਸ਼ੁਰੂ ਕਰਨ ਵਿਚ ਮਦਦ ਕੀਤੀ ਅਤੇ ਆਪਣੇ ਪਹਿਲੇ ਬਾਈਬਲ ਵਿਦਿਆਰਥੀਆਂ ਦੇ ਬੱਚਿਆਂ, ਪੋਤੇ-ਪੋਤੀਆਂ ਨੂੰ ਵੱਡੇ ਹੋ ਕੇ ਕਲੀਸਿਯਾ ਵਿਚ ਬਜ਼ੁਰਗਾਂ ਵਜੋਂ, ਪਾਇਨੀਅਰਾਂ ਵਜੋਂ ਅਤੇ ਬੈਥਲ ਵਿਚ ਸੇਵਾ ਕਰਦੇ ਹੋਏ ਦੇਖਿਆ ਹੈ। ਮੈਂ ਤੇ ਮੈਰੀਅਨ ਅਜੇ ਵੀ ਖੇਤਰ ਸੇਵਾ ਦੀ ਇਕ ਚੰਗੀ ਸਮਾਂ-ਸੂਚੀ ਮੁਤਾਬਕ ਪ੍ਰਚਾਰ ਕਰਦੇ ਹਾਂ ਅਤੇ ਮੈਨੂੰ ਸ਼ਾਰਲਟਸਵਿਲ ਦੀ ਈਸਟ ਕਲੀਸਿਯਾ ਵਿਚ ਇਕ ਬਜ਼ੁਰਗ ਦੇ ਤੌਰ ਸੇਵਾ ਕਰਨ, ਪੁਸਤਕ ਅਧਿਐਨ ਕਰਾਉਣ ਅਤੇ ਜਨਤਕ ਭਾਸ਼ਣ ਦੇਣ ਦਾ ਵਿਸ਼ੇਸ਼ ਸਨਮਾਨ ਮਿਲਿਆ ਹੈ।

ਇਨ੍ਹਾਂ ਸਾਲਾਂ ਦੌਰਾਨ ਸਾਨੂੰ ਵੀ ਦੂਜਿਆਂ ਵਾਂਗ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਿਆ। ਜਿਵੇਂ ਕਿ ਡੌਰਿਸ ਜਦੋਂ ਆਪਣੀ ਕਿਸ਼ੋਰ ਉਮਰ ਵਿਚ ਸੀ, ਤਾਂ ਉਹ ਕੁਝ ਸਮੇਂ ਲਈ ਅਧਿਆਤਮਿਕ ਤੌਰ ਤੇ ਕਮਜ਼ੋਰ ਹੋ ਗਈ ਤੇ ਉਸ ਨੇ ਇਕ ਆਦਮੀ ਨਾਲ ਵਿਆਹ ਕਰਾ ਲਿਆ ਜੋ ਗਵਾਹ ਨਹੀਂ ਸੀ। ਪਰ ਉਸ ਨੇ ਯਹੋਵਾਹ ਨੂੰ ਪਿਆਰ ਕਰਨਾ ਪੂਰੀ ਤਰ੍ਹਾਂ ਨਹੀਂ ਛੱਡਿਆ ਅਤੇ ਹੁਣ ਉਸ ਦਾ ਮੁੰਡਾ ਬਿਲ 15 ਸਾਲਾਂ ਤੋਂ ਵਾਲਕਿਲ, ਨਿਊ ਯਾਰਕ ਵਿਚ ਸਥਿਤ ਬੈਥਲ ਵਿਚ ਸੇਵਾ ਕਰ ਰਿਹਾ ਹੈ। ਡੌਰਿਸ ਤੇ ਲੁਈਜ਼ ਦੋਵੇਂ ਹੁਣ ਵਿਧਵਾ ਹਨ, ਪਰ ਉਹ ਖ਼ੁਸ਼ੀ-ਖ਼ੁਸ਼ੀ ਨਿਯਮਿਤ ਪਾਇਨੀਅਰਾਂ ਦੇ ਤੌਰ ਤੇ ਸੇਵਾ ਕਰਦੀਆਂ ਹਨ।

ਸਬਕ ਜੋ ਮੈਂ ਸਿੱਖੇ

ਇਨ੍ਹਾਂ ਸਾਲਾਂ ਦੌਰਾਨ ਮੈਂ ਯਹੋਵਾਹ ਦੀ ਸੇਵਾ ਕਾਮਯਾਬੀ ਨਾਲ ਕਰਨ ਲਈ ਕੁਝ ਸਾਧਾਰਣ ਅਸੂਲਾਂ ਉੱਤੇ ਚੱਲਣਾ ਸਿੱਖਿਆ ਹੈ: ਸਾਦੀ ਜ਼ਿੰਦਗੀ ਜੀਉਣੀ। ਦੂਸਰਿਆਂ ਨਾਲ ਮਿਲਣ-ਵਰਤਣ ਵਿਚ ਤੇ ਆਪਣੀ ਨਿੱਜੀ ਜ਼ਿੰਦਗੀ ਵਿਚ ਇਕ ਮਿਸਾਲ ਬਣੋ। ਹਰ ਗੱਲ ਵਿਚ “ਮਾਤਬਰ ਅਤੇ ਬੁੱਧਵਾਨ ਨੌਕਰ” ਦੀ ਸਲਾਹ ਨੂੰ ਲਾਗੂ ਕਰੋ।—ਮੱਤੀ 24:45.

ਬੱਚਿਆਂ ਦੀ ਪਾਲਣਾ ਕਰਨ ਦੇ ਨਾਲ-ਨਾਲ ਪਾਇਨੀਅਰੀ ਕਰਨ ਵਿਚ ਕਾਮਯਾਬ ਹੋਣ ਲਈ ਮੈਰੀਅਨ ਨੇ ਸੁਝਾਵਾਂ ਦੀ ਇਕ ਛੋਟੀ ਪਰ ਅਸਰਦਾਰ ਸੂਚੀ ਤਿਆਰ ਕੀਤੀ ਹੈ: ਇਕ ਕਾਰਗਰ ਸਮਾਂ-ਸੂਚੀ ਬਣਾਓ ਤੇ ਉਸ ਅਨੁਸਾਰ ਚੱਲੋ। ਜ਼ਿੰਦਗੀ ਵਿਚ ਪਾਇਨੀਅਰੀ ਨੂੰ ਪਹਿਲ ਦਿਓ। ਚੰਗਾ ਭੋਜਨ ਖਾਓ। ਆਰਾਮ ਕਰੋ। ਹੱਦੋਂ ਵੱਧ ਦਿਲਪਰਚਾਵਾ ਨਾ ਕਰੋ। ਸੱਚਾਈ ਦੇ ਰਾਹ ਉੱਤੇ ਚੱਲ ਕੇ ਅਤੇ ਵੱਖ-ਵੱਖ ਤਰੀਕਿਆਂ ਨਾਲ ਸੇਵਕਾਈ ਕਰ ਕੇ ਖ਼ੁਸ਼ੀ ਪ੍ਰਾਪਤ ਕਰਨ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ। ਸੇਵਕਾਈ ਨੂੰ ਹਰ ਸਮੇਂ ਉਨ੍ਹਾਂ ਲਈ ਇਕ ਦਿਲਚਸਪ ਕੰਮ ਬਣਾਓ।

ਹੁਣ ਸਾਡੀ ਉਮਰ 90 ਸਾਲ ਤੋਂ ਉੱਪਰ ਹੈ। ਬਾਹਠ ਸਾਲ ਪਹਿਲਾਂ ਅਸੀਂ ਭੈਣ ਸਟੈਕਹਾਊਸ ਦੇ ਘਰ ਦੇ ਬਗੀਚੇ ਵਿਚ ਬਪਤਿਸਮੇ ਦਾ ਭਾਸ਼ਣ ਸੁਣਿਆ ਸੀ ਅਤੇ ਅਸੀਂ 60 ਸਾਲ ਤੋਂ ਪੂਰੇ ਸਮੇਂ ਦੀ ਸੇਵਕਾਈ ਕਰ ਰਹੇ ਹਾਂ। ਮੈਂ ਤੇ ਮੈਰੀਅਨ ਪੂਰੀ ਈਮਾਨਦਾਰੀ ਨਾਲ ਕਹਿ ਸਕਦੇ ਹਾਂ ਕਿ ਸਾਨੂੰ ਆਪਣੀ ਜ਼ਿੰਦਗੀ ਵਿਚ ਬਹੁਤ ਸੰਤੁਸ਼ਟੀ ਮਿਲੀ ਹੈ। ਇਕ ਜਵਾਨ ਪਿਤਾ ਹੋਣ ਦੇ ਨਾਤੇ, ਮੈਨੂੰ ਅਧਿਆਤਮਿਕ ਟੀਚਿਆਂ ਨੂੰ ਅੱਗੇ ਰੱਖਣ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਮਿਹਨਤ ਕਰਦੇ ਰਹਿਣ ਵਾਸਤੇ ਜੋ ਹੌਸਲਾ ਮਿਲਿਆ ਸੀ, ਉਸ ਲਈ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਮੈਂ ਆਪਣੀ ਪਿਆਰੀ ਪਤਨੀ ਮੈਰੀਅਨ ਤੇ ਦੋਵਾਂ ਧੀਆਂ ਦਾ ਵੀ ਅਹਿਸਾਨਮੰਦ ਹਾਂ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਸਹਿਯੋਗ ਦਿੱਤਾ। ਭਾਵੇਂ ਕਿ ਸਾਡੇ ਕੋਲ ਧਨ-ਦੌਲਤ ਨਹੀਂ ਹੈ, ਪਰ ਮੈਂ ਹਮੇਸ਼ਾ ਉਪਦੇਸ਼ਕ ਦੀ ਪੋਥੀ 2:25 ਦੇ ਸ਼ਬਦਾਂ ਨੂੰ ਆਪਣੇ ਉੱਤੇ ਲਾਗੂ ਕਰਦਾ ਹਾਂ: ‘ਮੇਰੇ ਤੋਂ ਵਖਰਾ [“ਚੰਗਾ,” ਨਿ ਵ] ਕੌਣ ਖਾ ਸੱਕਦਾ ਤੇ ਕੌਣ ਅਨੰਦ ਭੋਗ ਸੱਕਦਾ ਹੈ?’

ਸੱਚ-ਮੁੱਚ ਯਹੋਵਾਹ ਨੇ ਮਲਾਕੀ 3:10 ਵਿਚ ਕੀਤਾ ਵਾਅਦਾ ਸਾਡੇ ਨਾਲ ਪੂਰਾ ਕੀਤਾ ਹੈ। ਉਸ ਨੇ ਸੱਚ-ਮੁੱਚ ‘ਸਾਡੇ ਲਈ ਬਰਕਤਾਂ ਵਰ੍ਹਾਈਆਂ ਏਥੋਂ ਤੀਕ ਕਿ ਉਨ੍ਹਾਂ ਦੇ ਲਈ ਥਾਂ ਨਹੀਂ ਹੈ!’

[ਸਫ਼ੇ 29 ਉੱਤੇ ਡੱਬੀ/​ਤਸਵੀਰ]

ਯੁੱਧ ਦੇ ਸਮੇਂ ਦੀਆਂ ਯਾਦਾਂ

ਯੁੱਧ ਤੋਂ ਤਕਰੀਬਨ 60 ਸਾਲ ਬਾਅਦ ਵੀ ਪੂਰੇ ਪਰਿਵਾਰ ਨੂੰ ਯੁੱਧ ਦਾ ਸਮਾਂ ਚੰਗੀ ਤਰ੍ਹਾਂ ਯਾਦ ਹੈ।

“ਪੈਨਸਿਲਵੇਨੀਆ ਵਿਚ ਬਹੁਤ ਠੰਢ ਪੈਂਦੀ ਸੀ,” ਡੌਰਿਸ ਯਾਦ ਕਰਦੀ ਹੈ। “ਇਕ ਰਾਤ ਤਾਪਮਾਨ ਸਿਫ਼ਰ ਤੋਂ 35 ਡਿਗਰੀ ਸੈਲਸੀਅਸ ਥੱਲੇ ਸੀ।” ਲੁਈਜ਼ ਇਸ ਬਾਰੇ ਦੱਸਦੀ ਹੈ: “ਡੌਰਿਸ ਤੇ ਮੈਂ ਆਪਣੇ ਪੈਰਾਂ ਨੂੰ ਠੰਢੇ ਹੋਣ ਤੋਂ ਬਚਾਉਣ ਲਈ ਆਪਣੀ ਪੁਰਾਣੀ ਕਾਰ ਦੀ ਪਿਛਲੀ ਸੀਟ ਉੱਤੇ ਇਕ-ਦੂਜੇ ਦੇ ਪੈਰਾਂ ਉੱਤੇ ਬੈਠ ਜਾਂਦੀਆਂ ਸੀ।”

“ਪਰ ਅਸੀਂ ਕਦੀ ਵੀ ਆਪਣੇ ਆਪ ਨੂੰ ਗ਼ਰੀਬ ਜਾਂ ਕੰਗਾਲ ਮਹਿਸੂਸ ਨਹੀਂ ਕੀਤਾ,” ਡੌਰਿਸ ਕਹਿੰਦੀ ਹੈ। “ਅਸੀਂ ਜਾਣਦੇ ਸੀ ਕਿ ਸਾਡਾ ਦੂਜੇ ਲੋਕਾਂ ਵਾਂਗ ਰਹਿਣ ਦਾ ਕੋਈ ਪੱਕਾ ਠਿਕਾਣਾ ਨਹੀਂ ਸੀ, ਪਰ ਅਸੀਂ ਹਮੇਸ਼ਾ ਰੱਜ ਕੇ ਖਾਂਦੇ ਅਤੇ ਕੱਪੜੇ ਵੀ ਚੰਗੇ ਪਾਉਂਦੇ ਸੀ ਜੋ ਸਾਨੂੰ ਓਹੀਓ ਵਿਚ ਰਹਿੰਦੇ ਕੁਝ ਦੋਸਤ ਦਿੰਦੇ ਸਨ। ਉਨ੍ਹਾਂ ਦੀਆਂ ਕੁੜੀਆਂ ਸਾਡੇ ਨਾਲੋਂ ਉਮਰ ਵਿਚ ਥੋੜ੍ਹੀਆਂ ਵੱਡੀਆਂ ਸਨ ਤੇ ਇਹ ਕੱਪੜੇ ਲਗਭਗ ਨਵੇਂ ਹੀ ਹੁੰਦੇ ਸਨ।”

“ਸਾਡੇ ਮਾਤਾ-ਪਿਤਾ ਨੇ ਹਮੇਸ਼ਾ ਸਾਨੂੰ ਇਹ ਮਹਿਸੂਸ ਕਰਾਇਆ ਕਿ ਉਹ ਸਾਨੂੰ ਬਹੁਤ ਪਿਆਰ ਕਰਦੇ ਹਨ ਤੇ ਸਾਡੀ ਕਦਰ ਕਰਦੇ ਹਨ,” ਲੁਈਜ਼ ਦੱਸਦੀ ਹੈ, “ਅਤੇ ਸੇਵਕਾਈ ਵਿਚ ਅਸੀਂ ਉਨ੍ਹਾਂ ਨਾਲ ਕਾਫ਼ੀ ਸਮਾਂ ਬਿਤਾਉਂਦੇ ਸੀ। ਇਸ ਕਰਕੇ ਅਸੀਂ ਆਪਣੇ ਆਪ ਨੂੰ ਬਹੁਤ ਹੀ ਖ਼ਾਸ ਮਹਿਸੂਸ ਕਰਦੇ ਸੀ ਤੇ ਅਸੀਂ ਉਨ੍ਹਾਂ ਦੇ ਬਹੁਤ ਨੇੜੇ ਸੀ।”

“ਮੇਰੇ ਕੋਲ 1936 ਮਾਡਲ ਦੀ ਬੁਇਕ ਸਪੈਸ਼ਲ ਕਾਰ ਸੀ,” ਪੌਲ ਯਾਦ ਕਰਦਾ ਹੈ, “ਅਤੇ ਇਨ੍ਹਾਂ ਕਾਰਾਂ ਦੇ ਐਕਸਲ ਛੇਤੀ ਟੁੱਟ ਜਾਂਦੇ ਸਨ। ਮੈਂ ਸੋਚਦਾ ਹਾਂ ਕਿ ਇਸ ਦਾ ਇੰਜਣ ਕੁਝ ਜ਼ਿਆਦਾ ਹੀ ਸ਼ਕਤੀਸ਼ਾਲੀ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਮਹੀਨੇ ਦੀ ਉਸੇ ਰਾਤ ਨੂੰ ਐਕਸਲ ਟੁੱਟਦਾ ਸੀ ਜਿਸ ਰਾਤ ਬਹੁਤ ਜ਼ਿਆਦਾ ਠੰਢ ਪੈਂਦੀ ਸੀ। ਮੈਨੂੰ ਜੰਕਯਾਡ (ਜਿੱਥੇ ਪੁਰਾਣੀਆਂ ਕਾਰਾਂ ਸੁੱਟੀਆਂ ਜਾਂਦੀਆਂ ਹਨ) ਜਾ ਕੇ ਐਕਸਲ ਲਿਆਉਣਾ ਪੈਂਦਾ ਸੀ। ਐਕਸਲ ਬਦਲਣ ਵਿਚ ਮੈਂ ਕਾਫ਼ੀ ਮਾਹਰ ਹੋ ਗਿਆ ਸੀ।”

“ਅਤੇ ਰਾਸ਼ਨ ਕਾਰਡ ਦਾ ਕਿੱਸਾ ਵੀ ਨਿਰਾਲਾ ਸੀ,” ਮੈਰੀਅਨ ਦੱਸਦੀ ਹੈ। “ਹਰ ਚੀਜ਼ ਰਾਸ਼ਨ ਕਾਰਡ ਤੇ ਮਿਲਦੀ ਸੀ—ਮੀਟ, ਪਟਰੋਲ, ਕਾਰ ਦੇ ਟਾਇਰ ਤੇ ਹੋਰ ਚੀਜ਼ਾਂ। ਜਦੋਂ ਵੀ ਅਸੀਂ ਕਿਸੇ ਨਵੀਂ ਜਗ੍ਹਾ ਪਾਇਨੀਅਰੀ ਕਰਨ ਲਈ ਜਾਂਦੇ, ਤਾਂ ਸਾਨੂੰ ਸਥਾਨਕ ਸਰਕਾਰੀ ਦਫ਼ਤਰ ਵਿਚ ਰਾਸ਼ਨ ਕਾਰਡ ਲਈ ਅਰਜ਼ੀ ਦੇਣੀ ਪੈਂਦੀ ਸੀ। ਕਾਰਡ ਬਣਨ ਵਿਚ ਕਈ ਮਹੀਨੇ ਲੱਗ ਜਾਂਦੇ ਸਨ ਤੇ ਇਸ ਤਰ੍ਹਾਂ ਲੱਗਦਾ ਸੀ ਕਿ ਅਖ਼ੀਰ ਜਦੋਂ ਸਾਨੂੰ ਕਾਰਡ ਮਿਲਦਾ ਸੀ, ਤਾਂ ਸਾਨੂੰ ਦੂਸਰੀ ਜਗ੍ਹਾ ਘੱਲ ਦਿੱਤਾ ਜਾਂਦਾ ਸੀ ਤੇ ਇਸ ਤਰ੍ਹਾਂ ਸਾਨੂੰ ਫਿਰ ਤੋਂ ਕਾਰਡ ਬਣਵਾਉਣਾ ਪੈਂਦਾ ਸੀ। ਪਰ ਯਹੋਵਾਹ ਨੇ ਹਮੇਸ਼ਾ ਸਾਨੂੰ ਸੰਭਾਲਿਆ।”

[ਤਸਵੀਰ]

ਮੈਂ ਅਤੇ ਮੈਰੀਅਨ ਸਾਲ 2000 ਵਿਚ ਡੌਰਿਸ (ਖੱਬੇ) ਅਤੇ ਲੁਈਜ਼ ਨਾਲ

[ਸਫ਼ੇ 25 ਉੱਤੇ ਤਸਵੀਰ]

1918 ਵਿਚ ਆਪਣੇ ਮਾਤਾ ਜੀ ਨਾਲ ਜਦੋਂ ਮੈਂ 11 ਸਾਲ ਦਾ ਸੀ

[ਸਫ਼ੇ 26 ਉੱਤੇ ਤਸਵੀਰ]

1948 ਵਿਚ ਲੁਈਜ਼, ਮੈਰੀਅਨ ਤੇ ਡੌਰਿਸ ਨਾਲ ਜਦੋਂ ਕੁੜੀਆਂ ਨੇ ਬਪਤਿਸਮਾ ਲਿਆ ਸੀ

[ਸਫ਼ੇ 26 ਉੱਤੇ ਤਸਵੀਰ]

ਸਾਡੇ ਵਿਆਹ ਦੀ ਫੋਟੋ, ਅਕਤੂਬਰ 1928

[ਸਫ਼ੇ 26 ਉੱਤੇ ਤਸਵੀਰ]

ਸਾਲ 1955 ਵਿਚ ਯੈਂਕੀ ਸਟੇਡੀਅਮ ਵਿਚ ਮੈਂ ਤੇ ਮੇਰੀਆਂ ਕੁੜੀਆਂ (ਇਕਦਮ ਖੱਬੇ ਅਤੇ ਇਕਦਮ ਸੱਜੇ)