Skip to content

Skip to table of contents

ਉਨ੍ਹਾਂ ਨੇ ‘ਅੰਤ ਤੋੜੀ ਸਹਿਆ’

ਉਨ੍ਹਾਂ ਨੇ ‘ਅੰਤ ਤੋੜੀ ਸਹਿਆ’

ਉਨ੍ਹਾਂ ਨੇ ‘ਅੰਤ ਤੋੜੀ ਸਹਿਆ’

ਸਾਲ 1993 ਵਿਚ ਤਿਆਰ ਕੀਤਾ ਗਿਆ ਵਿਡਿਓ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਵਿਚ ਕੰਮ ਕਰਨ ਵਾਲੇ ਨਵੇਂ ਮੈਂਬਰਾਂ ਨੂੰ ਦਿਖਾਇਆ ਜਾਂਦਾ ਹੈ। ਇਸ ਵਿਚ ਲਾਇਮਨ ਐਲੇਗਜ਼ੈਂਡਰ ਸਵਿੰਗਲ ਨੇ ਯਹੋਵਾਹ ਦੀ ਸੇਵਾ ਕਰਨ ਸੰਬੰਧੀ ਆਪਣੇ ਜਜ਼ਬਾਤਾਂ ਨੂੰ ਇਨ੍ਹਾਂ ਸ਼ਬਦਾਂ ਵਿਚ ਬਿਆਨ ਕੀਤਾ: “ਆਖ਼ਰੀ ਦਮ ਤਕ ਸੇਵਾ ਕਰਦੇ ਰਹੋ!”

ਨੱਬੇ ਸਾਲਾਂ ਦੇ ਭਰਾ ਸਵਿੰਗਲ ਨੇ ਉਹੀ ਕੀਤਾ ਜੋ ਉਹ ਦੂਜਿਆਂ ਨੂੰ ਕਰਨ ਦੀ ਹੱਲਾਸ਼ੇਰੀ ਦਿੰਦੇ ਸਨ। ਉਨ੍ਹਾਂ ਨੇ ‘ਅੰਤ ਤੋੜੀ ਸਹਿਆ।’ (ਮੱਤੀ 24:13) ਭਾਵੇਂ ਉਨ੍ਹਾਂ ਦੀ ਸਿਹਤ ਬਹੁਤ ਖ਼ਰਾਬ ਸੀ, ਫਿਰ ਵੀ ਉਹ ਬੁੱਧਵਾਰ, 7 ਮਾਰਚ ਨੂੰ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੀ ਇਕ ਮੀਟਿੰਗ ਵਿਚ ਹਾਜ਼ਰ ਹੋਏ ਜਿਸ ਦੇ ਉਹ ਮੈਂਬਰ ਸਨ। ਅਗਲੇ ਮੰਗਲਵਾਰ ਉਨ੍ਹਾਂ ਦੀ ਸਿਹਤ ਹੋਰ ਜ਼ਿਆਦਾ ਖ਼ਰਾਬ ਹੋ ਗਈ ਅਤੇ 14 ਮਾਰਚ ਨੂੰ ਸਵੇਰੇ 4:26 ਤੇ ਉਨ੍ਹਾਂ ਦੇ ਡਾਕਟਰ ਨੇ ਉਨ੍ਹਾਂ ਦੀ ਮੌਤ ਦਾ ਐਲਾਨ ਕਰ ਦਿੱਤਾ।

ਲਾਇਮਨ ਸਵਿੰਗਲ ਨੇ ਬਰੁਕਲਿਨ, ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਵਿਚ 5 ਅਪ੍ਰੈਲ 1930 ਨੂੰ ਸੇਵਾ ਕਰਨੀ ਸ਼ੁਰੂ ਕੀਤੀ ਸੀ। ਉੱਥੇ ਉਨ੍ਹਾਂ ਨੇ ਲਗਭਗ 71 ਸਾਲ ਤਕ ਸੇਵਾ ਕੀਤੀ। ਭਰਾ ਲਾਇਮਨ ਨੂੰ ਪਹਿਲਾਂ ਬਾਈਡਿੰਗ ਵਿਭਾਗ ਵਿਚ ਅਤੇ ਬਾਅਦ ਵਿਚ ਪ੍ਰੈੱਸਰੂਮ ਵਿਚ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ ਛਪਾਈ ਵਾਸਤੇ ਸਿਆਹੀ ਬਣਾਉਣ ਦਾ ਕੰਮ ਵੀ ਕੀਤਾ। ਦਰਅਸਲ ਭਰਾ ਸਵਿੰਗਲ ਨੇ ਕਰੀਬ 25 ਸਾਲ ਤਕ ਸਿਆਹੀ ਬਣਾਉਣ ਵਾਲੇ ਵਿਭਾਗ ਵਿਚ ਕੰਮ ਕੀਤਾ। ਉਨ੍ਹਾਂ ਨੇ ਮੁੱਖ ਦਫ਼ਤਰ ਦੇ ਲੇਖ ਵਿਭਾਗ ਵਿਚ ਵੀ ਤਕਰੀਬਨ 20 ਸਾਲ ਤਕ ਸੇਵਾ ਕੀਤੀ। ਆਪਣੀ ਜ਼ਿੰਦਗੀ ਦੇ ਅਖ਼ੀਰਲੇ 17 ਸਾਲਾਂ ਵਿਚ ਉਨ੍ਹਾਂ ਨੇ ਖ਼ਜ਼ਾਨਚੀ ਦੇ ਦਫ਼ਤਰ ਵਿਚ ਕੰਮ ਕੀਤਾ।

ਭਰਾ ਲਾਇਮਨ ਨੇ ਪਰਮੇਸ਼ੁਰ ਦੇ ਰਾਜ ਦਾ ਦਲੇਰੀ ਨਾਲ ਐਲਾਨ ਕੀਤਾ। ਬਰੁਕਲਿਨ ਵਿਚ ਆਪਣੇ ਮੁਢਲੇ ਸਾਲਾਂ ਦੌਰਾਨ ਉਹ ਤੇ ਉਨ੍ਹਾਂ ਦਾ ਰੂਮਮੇਟ ਆਰਥਰ ਵੌਰਜ਼ਲੀ ਗਵਾਹਾਂ ਦੀ ਇਕ ਕਿਸ਼ਤੀ ਲੈ ਕੇ ਹਡਸਨ ਦਰਿਆ ਵਿਚ ਸਫ਼ਰ ਕਰਿਆ ਕਰਦੇ ਸਨ। ਬਹੁਤ ਵਾਰ ਉਹ ਸ਼ਨੀਵਾਰ-ਐਤਵਾਰ ਨੂੰ ਦਰਿਆ ਦੇ ਕਿਨਾਰੇ ਤੇ ਰਹਿੰਦੇ ਲੋਕਾਂ ਨੂੰ ਲਾਉਡ ਸਪੀਕਰਾਂ ਦੀ ਮਦਦ ਨਾਲ ਰਾਜ ਦਾ ਸੰਦੇਸ਼ ਸੁਣਾਉਂਦੇ ਹੁੰਦੇ ਸਨ।

ਭਰਾ ਸਵਿੰਗਲ 6 ਨਵੰਬਰ 1910 ਨੂੰ ਲਿੰਕਨ, ਨੈਬਰਾਸਕਾ ਵਿਚ ਪੈਦਾ ਹੋਏ ਸਨ, ਪਰ ਇਸ ਤੋਂ ਜਲਦੀ ਬਾਅਦ ਉਨ੍ਹਾਂ ਦਾ ਪਰਿਵਾਰ ਸਾਲਟ ਲੇਕ ਸਿਟੀ, ਯੂਟਾਹ ਚਲਾ ਗਿਆ। ਫਿਰ 1913 ਵਿਚ ਉਨ੍ਹਾਂ ਦੇ ਮਾਤਾ-ਪਿਤਾ ਬਾਈਬਲ ਸਟੂਡੈਂਟਸ, ਜਿਨ੍ਹਾਂ ਨੂੰ ਹੁਣ ਯਹੋਵਾਹ ਦੇ ਗਵਾਹ ਕਿਹਾ ਜਾਂਦਾ ਹੈ, ਬਣ ਗਏ। ਕਈ ਸਾਲ ਸਵਿੰਗਲ ਪਰਿਵਾਰ ਨੇ ਬਰੁਕਲਿਨ ਵਿਚ ਸਥਿਤ ਗਵਾਹਾਂ ਦੇ ਮੁੱਖ ਦਫ਼ਤਰ ਤੋਂ ਆਏ ਮਹਿਮਾਨ ਭਾਸ਼ਣਕਾਰਾਂ ਦੀ ਆਉਭਗਤ ਕੀਤੀ ਤੇ ਇਨ੍ਹਾਂ ਵਿਅਕਤੀਆਂ ਦਾ ਲਾਇਮਨ ਉੱਤੇ ਬਹੁਤ ਚੰਗਾ ਪ੍ਰਭਾਵ ਪਿਆ। ਸਾਲ 1923 ਵਿਚ 12 ਸਾਲ ਦੀ ਉਮਰ ਤੇ ਉਨ੍ਹਾਂ ਨੇ ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਬਪਤਿਸਮਾ ਲੈ ਲਿਆ।

ਬਰੁਕਲਿਨ ਵਿਚ 26 ਸਾਲਾਂ ਤਕ ਕੁਆਰੇ ਰਹਿ ਕੇ ਸੇਵਾ ਕਰਨ ਤੋਂ ਬਾਅਦ, ਲਾਇਮਨ ਦੀ ਜ਼ਿੰਦਗੀ ਵਿਚ ਬਹਾਰ ਆ ਗਈ ਜਦੋਂ ਉਨ੍ਹਾਂ ਨੇ 8 ਜੂਨ 1956 ਵਿਚ ਕ੍ਰਿਸਟਲ ਜ਼ਰਚਰ ਨਾਲ ਵਿਆਹ ਕਰਾ ਲਿਆ। ਉਹ ਦੋਵੇਂ ਇਕ-ਦੂਜੇ ਦੀ ਜਾਨ ਸਨ। ਸਾਲ 1998 ਵਿਚ ਕ੍ਰਿਸਟਲ ਦੀ ਮੌਤ ਹੋਣ ਤਕ ਉਨ੍ਹਾਂ ਨੇ ਇਕੱਠਿਆਂ ਸੇਵਕਾਈ ਕੀਤੀ। ਲਗਭਗ ਤਿੰਨ ਸਾਲ ਪਹਿਲਾਂ, ਕ੍ਰਿਸਟਲ ਨੂੰ ਅਧਰੰਗ (ਸਟ੍ਰੋਕ) ਦਾ ਦੌਰਾ ਪਿਆ ਜਿਸ ਕਰਕੇ ਉਹ ਗੰਭੀਰ ਰੂਪ ਨਾਲ ਅਪਾਹਜ ਹੋ ਗਈ ਸੀ। ਭਰਾ ਲਾਇਮਨ ਉਸ ਦਾ ਬੜਾ ਧਿਆਨ ਰੱਖਦੇ ਸਨ ਜੋ ਕਿ ਉਨ੍ਹਾਂ ਦੇ ਪ੍ਰੇਮ ਦੀ ਇਕ ਮਿਸਾਲ ਸੀ। ਇਸ ਤੋਂ ਦੂਜਿਆਂ ਨੂੰ ਪ੍ਰੇਰਣਾ ਮਿਲਦੀ ਸੀ, ਖ਼ਾਸ ਕਰਕੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਭਰਾ ਲਾਇਮਨ ਨੂੰ ਕ੍ਰਿਸਟਲ ਨੂੰ ਵੀਲ-ਚੇਅਰ ਉੱਤੇ ਲੈ ਕੇ ਜਾਂਦੇ ਹੋਏ ਦੇਖਿਆ ਸੀ ਜਦੋਂ ਕ੍ਰਿਸਟਲ ਰਾਹਗੀਰਾਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਵੰਡਣ ਜਾਂਦੀ ਸੀ।

ਭਰਾ ਸਵਿੰਗਲ ਬਹੁਤ ਹੀ ਸਾਫ਼ ਦਿਲ ਅਤੇ ਪਿਆਰ ਕਰਨ ਵਾਲੇ ਇਨਸਾਨ ਸਨ ਤੇ ਜਿਨ੍ਹਾਂ ਨੇ ਵੀ ਉਨ੍ਹਾਂ ਨੂੰ ਜਾਣਿਆ ਉਹ ਉਨ੍ਹਾਂ ਦੇ ਅਜ਼ੀਜ਼ ਬਣ ਗਏ। ਆਪਣੇ ਮਾਤਾ-ਪਿਤਾ ਵਾਂਗ ਉਨ੍ਹਾਂ ਨੂੰ ਵੀ ਸਵਰਗੀ ਰਾਜ ਵਿਚ ਯਿਸੂ ਮਸੀਹ ਦੇ ਨਾਲ ਰਹਿਣ ਦੀ ਬਾਈਬਲ ਆਧਾਰਿਤ ਆਸ਼ਾ ਸੀ ਤੇ ਸਾਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੀ ਇਹ ਆਸ਼ਾ ਹੁਣ ਪੂਰੀ ਹੋ ਗਈ ਹੈ।—1 ਥੱਸਲੁਨੀਕੀਆਂ 4:15-18; ਪਰਕਾਸ਼ ਦੀ ਪੋਥੀ 14:13.

[ਸਫ਼ੇ 31 ਉੱਤੇ ਤਸਵੀਰ]

ਭਰਾ ਸਵਿੰਗਲ ਨੇ ਕਰੀਬ 25 ਸਾਲ ਤਕ ਸਿਆਹੀ ਬਣਾਉਣ ਵਾਲੇ ਵਿਭਾਗ ਵਿਚ ਕੰਮ ਕੀਤਾ

[ਸਫ਼ੇ 31 ਉੱਤੇ ਤਸਵੀਰ]

ਲਾਇਮਨ ਤੇ ਕ੍ਰਿਸਟਲ ਦੋਵੇਂ ਇਕ-ਦੂਜੇ ਦੀ ਜਾਨ ਸਨ