Skip to content

Skip to table of contents

ਦੇਣ ਵਿਚ ਖ਼ੁਸ਼ੀ ਮਨਾਓ!

ਦੇਣ ਵਿਚ ਖ਼ੁਸ਼ੀ ਮਨਾਓ!

ਦੇਣ ਵਿਚ ਖ਼ੁਸ਼ੀ ਮਨਾਓ!

“ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”​—ਰਸੂਲਾਂ ਦੇ ਕਰਤੱਬ 20:35.

1. ਯਹੋਵਾਹ ਕਿਵੇਂ ਦਿਖਾਉਂਦਾ ਹੈ ਕਿ ਉਸ ਨੂੰ ਦੇਣ ਨਾਲ ਖ਼ੁਸ਼ੀ ਮਿਲਦੀ ਹੈ?

ਸੱਚਾਈ ਜਾਣਨ ਨਾਲ ਮਿਲਣ ਵਾਲੀ ਖ਼ੁਸ਼ੀ ਅਤੇ ਬਰਕਤਾਂ ਪਰਮੇਸ਼ੁਰ ਵੱਲੋਂ ਅਨਮੋਲ ਤੋਹਫ਼ੇ ਹਨ। ਜਿਨ੍ਹਾਂ ਨੇ ਯਹੋਵਾਹ ਨੂੰ ਜਾਣਿਆ ਹੈ, ਉਨ੍ਹਾਂ ਕੋਲ ਆਨੰਦ ਕਰਨ ਦੇ ਬਹੁਤ ਸਾਰੇ ਕਾਰਨ ਹਨ। ਪਰ ਜਿਵੇਂ ਕੋਈ ਤੋਹਫ਼ਾ ਮਿਲਣ ਨਾਲ ਖ਼ੁਸ਼ੀ ਹੁੰਦੀ ਹੈ, ਉਸੇ ਤਰ੍ਹਾਂ ਦੇਣ ਨਾਲ ਵੀ ਖ਼ੁਸ਼ੀ ਮਿਲਦੀ ਹੈ। “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ” ਯਹੋਵਾਹ ਨੇ ਦਿੱਤੀ ਹੈ ਅਤੇ ਉਹ ਇਕ “ਪਰਮਧੰਨ” ਜਾਂ ਖ਼ੁਸ਼ਦਿਲ ਪਰਮੇਸ਼ੁਰ ਹੈ। (ਯਾਕੂਬ 1:17; 1 ਤਿਮੋਥਿਉਸ 1:11) ਉਹ ਉਨ੍ਹਾਂ ਲੋਕਾਂ ਨੂੰ ਲਾਭਦਾਇਕ ਸਿੱਖਿਆਵਾਂ ਦਿੰਦਾ ਹੈ ਜਿਹੜੇ ਉਸ ਦੀ ਗੱਲ ਸੁਣਦੇ ਹਨ। ਉਸ ਨੂੰ ਉਨ੍ਹਾਂ ਲੋਕਾਂ ਦੀ ਆਗਿਆਕਾਰੀ ਦੇਖ ਕੇ ਬੜੀ ਖ਼ੁਸ਼ੀ ਹੁੰਦੀ ਹੈ ਜਿਨ੍ਹਾਂ ਨੂੰ ਉਹ ਸਿਖਾਉਂਦਾ ਹੈ, ਠੀਕ ਜਿਵੇਂ ਮਾਤਾ-ਪਿਤਾ ਨੂੰ ਉਦੋਂ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਪਿਆਰ-ਭਰੀ ਸਿੱਖਿਆ ਉੱਤੇ ਚੱਲਦੇ ਹਨ।​—ਕਹਾਉਤਾਂ 27:11.

2. (ੳ) ਯਿਸੂ ਨੇ ਦੇਣ ਬਾਰੇ ਕੀ ਕਿਹਾ ਸੀ? (ਅ) ਜਦੋਂ ਅਸੀਂ ਦੂਸਰਿਆਂ ਨੂੰ ਬਾਈਬਲ ਸੱਚਾਈ ਸਿਖਾਉਂਦੇ ਹਾਂ, ਤਾਂ ਸਾਨੂੰ ਕਿਹੜੀ ਖ਼ੁਸ਼ੀ ਮਿਲਦੀ ਹੈ?

2 ਇਸੇ ਤਰ੍ਹਾਂ ਧਰਤੀ ਉੱਤੇ ਯਿਸੂ ਨੂੰ ਉਦੋਂ ਬਹੁਤ ਖ਼ੁਸ਼ੀ ਹੁੰਦੀ ਸੀ ਜਦੋਂ ਲੋਕ ਉਸ ਦੀਆਂ ਸਿੱਖਿਆਵਾਂ ਪ੍ਰਤੀ ਚੰਗਾ ਹੁੰਗਾਰਾ ਭਰਦੇ ਸਨ। ਪੌਲੁਸ ਰਸੂਲ ਨੇ ਯਿਸੂ ਦੀ ਇਸ ਗੱਲ ਦਾ ਹਵਾਲਾ ਦਿੱਤਾ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਦੂਸਰਿਆਂ ਨੂੰ ਬਾਈਬਲ ਸੱਚਾਈ ਸਿਖਾ ਕੇ ਮਿਲੀ ਖ਼ੁਸ਼ੀ ਸਿਰਫ਼ ਇਸ ਗੱਲ ਦੀ ਸੰਤੁਸ਼ਟੀ ਨਹੀਂ ਹੈ ਕਿ ਉਹ ਸਾਡੇ ਧਾਰਮਿਕ ਵਿਸ਼ਵਾਸਾਂ ਨਾਲ ਸਹਿਮਤ ਹੋ ਗਏ ਹਨ। ਇਸ ਤੋਂ ਜ਼ਿਆਦਾ, ਸਾਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਕਿਸੇ ਨੂੰ ਅਸਲੀ ਤੇ ਸਥਾਈ ਲਾਭ ਪਹੁੰਚਾਉਣ ਵਾਲੀ ਕੋਈ ਚੀਜ਼ ਦੇ ਰਹੇ ਹਾਂ। ਅਧਿਆਤਮਿਕ ਤੋਹਫ਼ੇ ਦੇਣ ਦੁਆਰਾ ਅਸੀਂ ਲੋਕਾਂ ਦੀ ਹੁਣ ਅਤੇ ਹਮੇਸ਼ਾ ਲਈ ਫ਼ਾਇਦਾ ਪ੍ਰਾਪਤ ਕਰਨ ਵਿਚ ਮਦਦ ਕਰ ਸਕਦੇ ਹਾਂ।​—1 ਤਿਮੋਥਿਉਸ 4:8.

ਦੇਣ ਨਾਲ ਖ਼ੁਸ਼ੀ ਮਿਲਦੀ ਹੈ

3. (ੳ) ਪੌਲੁਸ ਰਸੂਲ ਅਤੇ ਯੂਹੰਨਾ ਨੇ ਅਧਿਆਤਮਿਕ ਤੌਰ ਤੇ ਦੂਸਰਿਆਂ ਦੀ ਮਦਦ ਕਰਨ ਨਾਲ ਮਿਲੀ ਖ਼ੁਸ਼ੀ ਨੂੰ ਕਿਵੇਂ ਜ਼ਾਹਰ ਕੀਤਾ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਆਪਣੇ ਬੱਚਿਆਂ ਨੂੰ ਬਾਈਬਲ ਸੱਚਾਈ ਸਿਖਾਉਣੀ ਸਾਡੇ ਪਿਆਰ ਦਾ ਇਜ਼ਹਾਰ ਹੈ?

3 ਜੀ ਹਾਂ, ਜਿਵੇਂ ਅਧਿਆਤਮਿਕ ਤੋਹਫ਼ੇ ਦੇਣ ਵਿਚ ਯਹੋਵਾਹ ਅਤੇ ਯਿਸੂ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ, ਉਸੇ ਤਰ੍ਹਾਂ ਮਸੀਹੀਆਂ ਨੂੰ ਵੀ ਖ਼ੁਸ਼ੀ ਹੁੰਦੀ ਹੈ। ਪੌਲੁਸ ਰਸੂਲ ਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਕਿ ਉਸ ਨੇ ਦੂਸਰਿਆਂ ਨੂੰ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਸਿਖਾਈ। ਥੱਸਲੁਨੀਕਿਯਾ ਦੀ ਕਲੀਸਿਯਾ ਨੂੰ ਉਸ ਨੇ ਲਿਖਿਆ: “ਸਾਡੀ ਆਸ ਯਾ ਅਨੰਦ ਯਾ ਅਭਮਾਨ ਦਾ ਮੁਕਟ ਕੌਣ ਹੈ? ਭਲਾ, ਸਾਡੇ ਪ੍ਰਭੁ ਯਿਸੂ ਅੱਗੇ ਉਹ ਦੇ ਆਉਣ ਦੇ ਵੇਲੇ ਤੁਸੀਂ ਨਹੀਂ ਹੋਵੋਗੇ? ਕਿਉਂ ਜੋ ਤੁਸੀਂ ਸਾਡੇ ਪਰਤਾਪ ਅਤੇ ਅਨੰਦ ਦਾ ਕਾਰਨ ਹੋ।” (1 ਥੱਸਲੁਨੀਕੀਆਂ 2:19, 20) ਇਸੇ ਤਰ੍ਹਾਂ ਯੂਹੰਨਾ ਰਸੂਲ ਨੇ ਵੀ ਆਪਣੇ ਅਧਿਆਤਮਿਕ ਬੱਚਿਆਂ ਬਾਰੇ ਗੱਲ ਕਰਦੇ ਹੋਏ ਲਿਖਿਆ ਸੀ: “ਇਸ ਨਾਲੋਂ ਮੈਨੂੰ ਵੱਡਾ ਅਨੰਦ ਕੋਈ ਨਹੀਂ ਜੋ ਮੈਂ ਸੁਣਾਂ ਭਈ ਮੇਰੇ ਬਾਲਕ ਸਚਿਆਈ ਉੱਤੇ ਚੱਲਦੇ ਹਨ।” (3 ਯੂਹੰਨਾ 4) ਆਪਣੇ ਖ਼ੁਦ ਦੇ ਬੱਚਿਆਂ ਨੂੰ ਅਧਿਆਤਮਿਕ ਬੱਚੇ ਬਣਾਉਣ ਵਿਚ ਜੋ ਖ਼ੁਸ਼ੀ ਮਿਲਦੀ ਹੈ, ਜ਼ਰਾ ਉਸ ਬਾਰੇ ਵੀ ਸੋਚੋ। “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ” ਬੱਚਿਆਂ ਦੀ ਪਾਲਣਾ ਕਰਨੀ ਮਾਤਾ-ਪਿਤਾ ਦੇ ਪਿਆਰ ਦਾ ਇਜ਼ਹਾਰ ਹੈ। (ਅਫ਼ਸੀਆਂ 6:4) ਇਸ ਤਰ੍ਹਾਂ ਕਰ ਕੇ ਮਾਤਾ-ਪਿਤਾ ਦਿਖਾਉਂਦੇ ਹਨ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਸਦੀਪਕ ਭਵਿੱਖ ਦੀ ਚਿੰਤਾ ਹੈ। ਜਦੋਂ ਬੱਚੇ ਉਨ੍ਹਾਂ ਦੀ ਸਿੱਖਿਆ ਉੱਤੇ ਚੱਲਦੇ ਹਨ, ਤਾਂ ਇਸ ਨਾਲ ਮਾਤਾ-ਪਿਤਾ ਨੂੰ ਬਹੁਤ ਹੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ।

4. ਕਿਹੜਾ ਤਜਰਬਾ ਦਿਖਾਉਂਦਾ ਹੈ ਕਿ ਅਧਿਆਤਮਿਕ ਤੌਰ ਤੇ ਦੇਣ ਨਾਲ ਖ਼ੁਸ਼ੀ ਮਿਲਦੀ ਹੈ?

4 ਡੈੱਲ ਇਕ ਪੂਰੇ ਸਮੇਂ ਦੀ ਪਾਇਨੀਅਰ ਅਤੇ ਪੰਜ ਬੱਚਿਆਂ ਦੀ ਮਾਂ ਹੈ। ਉਹ ਕਹਿੰਦੀ ਹੈ: “ਮੈਂ ਯੂਹੰਨਾ ਰਸੂਲ ਦੇ ਜਜ਼ਬਾਤਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੀ ਹਾਂ ਕਿਉਂਕਿ ਮੈਂ ਵੀ ਬਹੁਤ ਹੀ ਖ਼ੁਸ਼ ਹਾਂ ਕਿ ਮੇਰੇ ਚਾਰ ਬੱਚੇ ‘ਸਚਿਆਈ ਉੱਤੇ ਚੱਲ ਰਹੇ ਹਨ।’ ਮੈਂ ਜਾਣਦੀ ਹਾਂ ਕਿ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਮਿਲ ਕੇ ਸੱਚੀ ਭਗਤੀ ਕਰਦੇ ਹਨ, ਤਾਂ ਇਸ ਨਾਲ ਯਹੋਵਾਹ ਦੀ ਮਹਿਮਾ ਅਤੇ ਵਡਿਆਈ ਹੁੰਦੀ ਹੈ, ਇਸ ਲਈ ਮੈਨੂੰ ਇਹ ਦੇਖ ਕੇ ਬਹੁਤ ਸੰਤੁਸ਼ਟੀ ਮਿਲਦੀ ਹੈ ਕਿ ਆਪਣੇ ਬੱਚਿਆਂ ਦੇ ਦਿਲਾਂ ਅੰਦਰ ਸੱਚਾਈ ਬਿਠਾਉਣ ਦੇ ਮੇਰੇ ਜਤਨਾਂ ਉੱਤੇ ਯਹੋਵਾਹ ਬਰਕਤ ਪਾ ਰਿਹਾ ਹੈ। ਆਪਣੇ ਪਰਿਵਾਰ ਨਾਲ ਫਿਰਦੌਸ ਵਿਚ ਹਮੇਸ਼ਾ ਦੀ ਜ਼ਿੰਦਗੀ ਜੀਉਣ ਦੇ ਸੁੰਦਰ ਭਵਿੱਖ ਦੀ ਆਸ਼ਾ ਤੋਂ ਮੈਨੂੰ ਮੁਸ਼ਕਲਾਂ ਤੇ ਸਮੱਸਿਆਵਾਂ ਦੇ ਬਾਵਜੂਦ ਧੀਰਜ ਰੱਖਣ ਦੀ ਪ੍ਰੇਰਣਾ ਮਿਲਦੀ ਹੈ।” ਪਰ ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਡੈੱਲ ਦੀ ਇਕ ਧੀ ਨੂੰ ਮਸੀਹੀ ਸਿੱਖਿਆ ਦੇ ਉਲਟ ਜ਼ਿੰਦਗੀ ਜੀਉਣ ਕਰਕੇ ਕਲੀਸਿਯਾ ਵਿੱਚੋਂ ਛੇਕ ਦਿੱਤਾ ਗਿਆ। ਫਿਰ ਵੀ ਡੈੱਲ ਇਸ ਸੰਬੰਧੀ ਸਹੀ ਰਵੱਈਆ ਰੱਖਣ ਲਈ ਸਖ਼ਤ ਮਿਹਨਤ ਕਰਦੀ ਹੈ। “ਮੈਂ ਇਹੀ ਉਮੀਦ ਕਰਦੀ ਹਾਂ ਕਿ ਇਕ ਦਿਨ ਮੇਰੀ ਧੀ ਪਛਤਾਵਾ ਕਰ ਕੇ ਨਿਮਰਤਾ ਨਾਲ ਯਹੋਵਾਹ ਵੱਲ ਮੁੜ ਆਵੇਗੀ,” ਉਹ ਕਹਿੰਦੀ ਹੈ। “ਪਰ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦੀ ਹਾਂ ਕਿ ਮੇਰੇ ਜ਼ਿਆਦਾ ਬੱਚੇ ਅਜੇ ਵੀ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰ ਰਹੇ ਹਨ। ਇਸ ਕਰਕੇ ਮੈਨੂੰ ਜੋ ਖ਼ੁਸ਼ੀ ਮਿਲਦੀ ਹੈ ਉਸ ਤੋਂ ਮੈਨੂੰ ਤਾਕਤ ਵੀ ਮਿਲਦੀ ਹੈ।”​—ਨਹਮਯਾਹ 8:10.

ਸਦੀਵੀ ਦੋਸਤੀ ਕਾਇਮ ਕਰਨੀ

5. ਜਦੋਂ ਅਸੀਂ ਚੇਲੇ ਬਣਾਉਣ ਦੇ ਕੰਮ ਵਿਚ ਮਿਹਨਤ ਕਰਦੇ ਹਾਂ, ਤਾਂ ਕਿਹੜੀ ਗੱਲ ਜਾਣ ਕੇ ਸਾਨੂੰ ਸੰਤੁਸ਼ਟੀ ਮਿਲਦੀ ਹੈ?

5 ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਦੂਸਰਿਆਂ ਨੂੰ ਮਸੀਹੀ ਚੇਲੇ ਬਣਾਉਣ ਅਤੇ ਉਨ੍ਹਾਂ ਨੂੰ ਯਹੋਵਾਹ ਅਤੇ ਉਸ ਦੀਆਂ ਮੰਗਾਂ ਬਾਰੇ ਸਿਖਾਉਣ। (ਮੱਤੀ 28:19, 20) ਯਹੋਵਾਹ ਅਤੇ ਯਿਸੂ ਦੋਹਾਂ ਨੇ ਸੱਚਾਈ ਦੇ ਰਾਹ ਬਾਰੇ ਸਿੱਖਣ ਵਿਚ ਲੋਕਾਂ ਦੀ ਨਿਰਸੁਆਰਥ ਤਰੀਕੇ ਨਾਲ ਮਦਦ ਕੀਤੀ ਹੈ। ਇਸ ਲਈ ਜਦੋਂ ਅਸੀਂ ਚੇਲੇ ਬਣਾਉਣ ਦੇ ਕੰਮ ਵਿਚ ਮਿਹਨਤ ਕਰਦੇ ਹਾਂ, ਤਾਂ ਸਾਨੂੰ ਇਹ ਜਾਣ ਕੇ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਯਹੋਵਾਹ ਅਤੇ ਯਿਸੂ ਦੀ ਮਿਸਾਲ ਉੱਤੇ ਚੱਲ ਰਹੇ ਹਾਂ। (1 ਕੁਰਿੰਥੀਆਂ 11:1) ਇਸ ਲਈ ਜਦੋਂ ਅਸੀਂ ਸਰਬਸ਼ਕਤੀਮਾਨ ਪਰਮੇਸ਼ੁਰ ਅਤੇ ਉਸ ਦੇ ਪਿਆਰੇ ਪੁੱਤਰ ਨੂੰ ਸਹਿਯੋਗ ਦਿੰਦੇ ਹਾਂ, ਤਾਂ ਸਾਡੀ ਜ਼ਿੰਦਗੀ ਮਕਸਦ ਭਰੀ ਬਣਦੀ ਹੈ। “ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ” ਬਣਨਾ ਕਿੰਨਾ ਵੱਡਾ ਸਨਮਾਨ ਹੈ! (1 ਕੁਰਿੰਥੀਆਂ 3:9) ਅਤੇ ਕੀ ਇਹ ਜਾਣ ਕੇ ਵੀ ਸਾਨੂੰ ਖ਼ੁਸ਼ੀ ਨਹੀਂ ਹੁੰਦੀ ਕਿ ਦੂਤ ਵੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਰਹੇ ਹਨ?​—ਪਰਕਾਸ਼ ਦੀ ਪੋਥੀ 14:6, 7.

6. ਜਦੋਂ ਅਸੀਂ ਦੂਸਰਿਆਂ ਨੂੰ ਅਧਿਆਤਮਿਕ ਤੋਹਫ਼ਾ ਦਿੰਦੇ ਹਾਂ, ਤਾਂ ਕੌਣ ਸਾਡੇ ਦੋਸਤ ਬਣ ਜਾਂਦੇ ਹਨ?

6 ਅਸਲ ਵਿਚ ਅਧਿਆਤਮਿਕ ਤੋਹਫ਼ਾ ਦੇਣ ਦੇ ਇਸ ਕੰਮ ਵਿਚ ਹਿੱਸਾ ਲੈਣ ਨਾਲ ਅਸੀਂ ਸਿਰਫ਼ ਯਹੋਵਾਹ ਦੇ ਸਹਿਕਰਮੀ ਹੀ ਨਹੀਂ ਬਣਦੇ ਹਾਂ, ਸਗੋਂ ਅਸੀਂ ਉਸ ਦੇ ਨਾਲ ਸਦੀਵੀ ਦੋਸਤੀ ਵੀ ਕਾਇਮ ਕਰ ਸਕਦੇ ਹਾਂ। ਆਪਣੀ ਨਿਹਚਾ ਕਰਕੇ ਅਬਰਾਹਾਮ ਨੂੰ ਯਹੋਵਾਹ ਦਾ ਦੋਸਤ ਕਿਹਾ ਗਿਆ। (ਯਾਕੂਬ 2:23) ਜਦੋਂ ਅਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਵੀ ਪਰਮੇਸ਼ੁਰ ਦੇ ਦੋਸਤ ਬਣ ਸਕਦੇ ਹਾਂ। ਅਤੇ ਜੇ ਅਸੀਂ ਪਰਮੇਸ਼ੁਰ ਦੇ ਦੋਸਤ ਬਣਦੇ ਹਾਂ, ਤਾਂ ਅਸੀਂ ਯਿਸੂ ਦੇ ਦੋਸਤ ਵੀ ਬਣ ਜਾਂਦੇ ਹਾਂ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਮੈਂ ਤੁਹਾਨੂੰ ਮਿੱਤ੍ਰ ਕਰਕੇ ਆਖਿਆ ਹੈ ਕਿਉਂਕਿ ਮੈਂ ਜੋ ਕੁਝ ਆਪਣੇ ਪਿਤਾ ਕੋਲੋਂ ਸੁਣਿਆ ਸੋ ਸਭ ਤੁਹਾਨੂੰ ਦੱਸ ਦਿੱਤਾ।” (ਯੂਹੰਨਾ 15:15) ਬਹੁਤ ਸਾਰੇ ਲੋਕ ਬੜੇ ਖ਼ੁਸ਼ ਹੁੰਦੇ ਹਨ ਕਿ ਉਨ੍ਹਾਂ ਦੀ ਅਸਰ-ਰਸੂਖ ਰੱਖਣ ਵਾਲੇ ਲੋਕਾਂ ਨਾਲ ਜਾਂ ਵੱਡੇ-ਵੱਡੇ ਅਫ਼ਸਰਾਂ ਨਾਲ ਦੋਸਤੀ ਹੈ, ਪਰ ਅਸੀਂ ਤਾਂ ਪੂਰੇ ਵਿਸ਼ਵ ਦੀਆਂ ਦੋ ਸਭ ਤੋਂ ਮਹਾਨ ਹਸਤੀਆਂ ਨੂੰ ਆਪਣੇ ਦੋਸਤ ਕਹਿ ਸਕਦੇ ਹਾਂ!

7. (ੳ) ਇਕ ਤੀਵੀਂ ਨੇ ਇਕ ਸੱਚੀ ਸਹੇਲੀ ਕਿਵੇਂ ਬਣਾਈ? (ਅ) ਕੀ ਤੁਹਾਨੂੰ ਵੀ ਇਸ ਤਰ੍ਹਾਂ ਦਾ ਕੋਈ ਤਜਰਬਾ ਹੋਇਆ ਹੈ?

7 ਇਸ ਤੋਂ ਇਲਾਵਾ, ਜਦੋਂ ਅਸੀਂ ਪਰਮੇਸ਼ੁਰ ਦਾ ਗਿਆਨ ਲੈਣ ਵਿਚ ਦੂਸਰਿਆਂ ਦੀ ਮਦਦ ਕਰਦੇ ਹਾਂ, ਤਾਂ ਉਹ ਲੋਕ ਵੀ ਸਾਡੇ ਦੋਸਤ ਬਣ ਜਾਂਦੇ ਹਨ ਜਿਸ ਤੋਂ ਸਾਨੂੰ ਖ਼ਾਸ ਤੌਰ ਤੇ ਖ਼ੁਸ਼ੀ ਹੁੰਦੀ ਹੈ। ਅਮਰੀਕਾ ਵਿਚ ਰਹਿਣ ਵਾਲੀ ਜੋਨ ਨੇ ਥੈਲਮਾ ਨਾਮਕ ਇਕ ਤੀਵੀਂ ਨੂੰ ਬਾਈਬਲ ਦਾ ਅਧਿਐਨ ਕਰਾਉਣਾ ਸ਼ੁਰੂ ਕੀਤਾ। ਭਾਵੇਂ ਕਿ ਥੈਲਮਾ ਨੂੰ ਆਪਣੇ ਪਰਿਵਾਰ ਤੋਂ ਬਹੁਤ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ, ਪਰ ਉਸ ਨੇ ਅਧਿਐਨ ਕਰਨਾ ਨਹੀਂ ਛੱਡਿਆ ਅਤੇ ਇਕ ਸਾਲ ਬਾਅਦ ਬਪਤਿਸਮਾ ਲੈ ਲਿਆ। ਜੋਨ ਨੇ ਲਿਖਿਆ: “ਸਾਡੀ ਸੰਗਤੀ ਇੱਥੇ ਹੀ ਖ਼ਤਮ ਨਹੀਂ ਹੋਈ, ਪਰ ਇਹ ਦੋਸਤੀ ਵਿਚ ਬਦਲ ਗਈ ਜੋ 35 ਸਾਲਾਂ ਤੋਂ ਹੁਣ ਤਕ ਚੱਲ ਰਹੀ ਹੈ। ਅਸੀਂ ਅਕਸਰ ਇਕੱਠੀਆਂ ਸੇਵਕਾਈ ਅਤੇ ਸੰਮੇਲਨਾਂ ਵਿਚ ਜਾਂਦੀਆਂ ਸੀ। ਬਾਅਦ ਵਿਚ ਮੈਂ 800 ਕਿਲੋਮੀਟਰ ਦੂਰ ਇਕ ਨਵੇਂ ਘਰ ਵਿਚ ਚਲੀ ਗਈ। ਪਰ ਥੈਲਮਾ ਲਗਾਤਾਰ ਮੈਨੂੰ ਪਿਆਰ ਭਰੀਆਂ ਚਿੱਠੀਆਂ ਲਿਖਦੀ ਹੈ ਤੇ ਦੱਸਦੀ ਹੈ ਕਿ ਉਹ ਮੈਨੂੰ ਬਹੁਤ ਯਾਦ ਕਰਦੀ ਹੈ। ਉਹ ਕਹਿੰਦੀ ਹੈ ਕਿ ਉਹ ਮੇਰੀ ਦੋਸਤੀ ਤੇ ਚੰਗੀ ਮਿਸਾਲ ਲਈ ਬੜੀ ਸ਼ੁਕਰਗੁਜ਼ਾਰ ਹੈ। ਬਾਈਬਲ ਦੀ ਸੱਚਾਈ ਸਿੱਖਣ ਵਿਚ ਉਸ ਦੀ ਮਦਦ ਕਰਨ ਲਈ ਉਹ ਮੇਰਾ ਧੰਨਵਾਦ ਕਰਦੀ ਹੈ। ਯਹੋਵਾਹ ਬਾਰੇ ਸਿਖਾਉਣ ਦੇ ਜਤਨ ਕਰਨ ਕਰਕੇ ਮਿਲੀ ਅਜਿਹੀ ਪਿਆਰੀ ਸਹੇਲੀ ਸੱਚ-ਮੁੱਚ ਇਕ ਵਰਦਾਨ ਹੈ।”

8. ਕਿਸ ਤਰ੍ਹਾਂ ਦਾ ਸਹੀ ਨਜ਼ਰੀਆ ਸੇਵਕਾਈ ਵਿਚ ਸਾਡੀ ਮਦਦ ਕਰੇਗਾ?

8 ਭਾਵੇਂ ਜ਼ਿਆਦਾਤਰ ਲੋਕ ਯਹੋਵਾਹ ਦੇ ਬਚਨ ਵਿਚ ਬਹੁਤ ਘੱਟ ਜਾਂ ਬਿਲਕੁਲ ਦਿਲਚਸਪੀ ਨਹੀਂ ਦਿਖਾਉਂਦੇ, ਫਿਰ ਵੀ ਸੱਚਾਈ ਸਿੱਖਣ ਦੀ ਇੱਛਾ ਰੱਖਣ ਵਾਲੇ ਕਿਸੇ ਵਿਅਕਤੀ ਨੂੰ ਲੱਭਣ ਦੀ ਆਸ, ਪ੍ਰਚਾਰ ਕਰਦੇ ਰਹਿਣ ਵਿਚ ਸਾਡੀ ਮਦਦ ਕਰ ਸਕਦੀ ਹੈ। ਲੋਕਾਂ ਦੀ ਲਾਪਰਵਾਹੀ ਕਰਕੇ ਨਿਹਚਾ ਅਤੇ ਧੀਰਜ ਰੱਖਣਾ ਸਾਡੇ ਲਈ ਇਕ ਚੁਣੌਤੀ ਬਣ ਸਕਦਾ ਹੈ। ਪਰ ਸਹੀ ਨਜ਼ਰੀਆ ਸਾਡੀ ਮਦਦ ਕਰ ਸਕਦਾ ਹੈ। ਗੁਆਤੇਮਾਲਾ ਦੇ ਰਹਿਣ ਵਾਲੇ ਫਾਊਸਟੋ ਨੇ ਕਿਹਾ: “ਜਦੋਂ ਮੈਂ ਦੂਸਰਿਆਂ ਨੂੰ ਗਵਾਹੀ ਦਿੰਦਾ ਹਾਂ, ਤਾਂ ਮੈਂ ਸੋਚਦਾ ਹਾਂ ਕਿ ਕਿੰਨਾ ਚੰਗਾ ਹੋਵੇਗਾ ਜੇ ਇਹ ਵਿਅਕਤੀ ਮੇਰਾ ਅਧਿਆਤਮਿਕ ਭਰਾ ਜਾਂ ਭੈਣ ਬਣ ਜਾਵੇ। ਮੈਂ ਹਮੇਸ਼ਾ ਸੋਚਦਾ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਮੈਂ ਮਿਲਦਾ ਹਾਂ, ਉਨ੍ਹਾਂ ਵਿੱਚੋਂ ਘੱਟੋ-ਘੱਟ ਇਕ ਵਿਅਕਤੀ ਤਾਂ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਨੂੰ ਸਵੀਕਾਰ ਕਰੇਗਾ। ਇਹ ਵਿਚਾਰ ਹਮੇਸ਼ਾ ਪ੍ਰਚਾਰ ਕਰਦੇ ਰਹਿਣ ਵਿਚ ਮੇਰੀ ਮਦਦ ਕਰਦਾ ਹੈ ਅਤੇ ਮੈਨੂੰ ਸੱਚੀ ਖ਼ੁਸ਼ੀ ਦਿੰਦਾ ਹੈ।”

ਸਵਰਗ ਵਿਚ ਧਨ ਜੋੜਨਾ

9. ਯਿਸੂ ਨੇ ਸਵਰਗ ਵਿਚ ਧਨ ਜੋੜਨ ਬਾਰੇ ਕੀ ਕਿਹਾ ਸੀ ਅਤੇ ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

9 ਆਪਣੇ ਬੱਚਿਆਂ ਨੂੰ ਜਾਂ ਦੂਸਰਿਆਂ ਨੂੰ ਚੇਲੇ ਬਣਾਉਣਾ ਹਮੇਸ਼ਾ ਆਸਾਨ ਨਹੀਂ ਹੁੰਦਾ। ਇਸ ਦੇ ਲਈ ਸਮੇਂ, ਧੀਰਜ ਅਤੇ ਲਗਨ ਦੀ ਲੋੜ ਹੈ। ਪਰ ਯਾਦ ਰੱਖੋ ਕਿ ਬਹੁਤ ਸਾਰੇ ਲੋਕ ਨਾਸ਼ ਹੋਣ ਵਾਲੀਆਂ ਭੌਤਿਕ ਚੀਜ਼ਾਂ ਇਕੱਠੀਆਂ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ, ਜਿਨ੍ਹਾਂ ਤੋਂ ਅਕਸਰ ਉਨ੍ਹਾਂ ਨੂੰ ਸੱਚੀ ਖ਼ੁਸ਼ੀ ਨਹੀਂ ਮਿਲਦੀ। ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਕਿਹਾ ਸੀ ਕਿ ਭੌਤਿਕ ਚੀਜ਼ਾਂ ਨਾਲੋਂ ਅਧਿਆਤਮਿਕ ਚੀਜ਼ਾਂ ਲਈ ਮਿਹਨਤ ਕਰਨੀ ਜ਼ਿਆਦਾ ਚੰਗੀ ਗੱਲ ਹੈ। ਉਸ ਨੇ ਕਿਹਾ: “ਆਪਣੇ ਲਈ ਧਰਤੀ ਉੱਤੇ ਧਨ ਨਾ ਜੋੜੋ ਜਿੱਥੇ ਕੀੜਾ ਅਤੇ ਜੰਗਾਲ ਵਿਗਾੜਦਾ ਹੈ ਅਰ ਜਿੱਥੇ ਚੋਰ ਸੰਨ੍ਹ ਮਾਰਦੇ ਅਤੇ ਚੁਰਾਉਂਦੇ ਹਨ। ਪਰ ਸੁਰਗ ਵਿੱਚ ਆਪਣੇ ਲਈ ਧਨ ਜੋੜੋ ਜਿੱਥੇ ਨਾ ਕੀੜਾ ਨਾ ਜੰਗਾਲ ਵਿਗਾੜਦਾ ਹੈ ਅਰ ਜਿੱਥੇ ਚੋਰ ਨਾ ਸੰਨ੍ਹ ਮਾਰਦੇ ਨਾ ਚੁਰਾਉਂਦੇ ਹਨ।” (ਮੱਤੀ 6:19, 20) ਅਧਿਆਤਮਿਕ ਟੀਚਿਆਂ ਲਈ—ਜਿਸ ਵਿਚ ਚੇਲੇ ਬਣਾਉਣ ਦਾ ਮਹੱਤਵਪੂਰਣ ਕੰਮ ਵੀ ਸ਼ਾਮਲ ਹੈ—ਮਿਹਨਤ ਕਰਨ ਨਾਲ ਸਾਨੂੰ ਇਹ ਜਾਣ ਕੇ ਸੰਤੁਸ਼ਟੀ ਮਿਲੇਗੀ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਰਹੇ ਹਾਂ ਅਤੇ ਉਹ ਸਾਨੂੰ ਇਨਾਮ ਦੇਵੇਗਾ। ਪੌਲੁਸ ਰਸੂਲ ਨੇ ਲਿਖਿਆ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।”​—ਇਬਰਾਨੀਆਂ 6:10.

10. (ੳ) ਯਿਸੂ ਨੇ ਸਵਰਗ ਵਿਚ ਧਨ ਕਿਵੇਂ ਜੋੜਿਆ ਸੀ? (ਅ) ਯਿਸੂ ਨੇ ਦੂਸਰਿਆਂ ਲਈ ਆਪਣੇ ਆਪ ਨੂੰ ਕਿਵੇਂ ਦੇ ਦਿੱਤਾ ਅਤੇ ਇਸ ਨਾਲ ਉਨ੍ਹਾਂ ਨੂੰ ਕੀ ਵੱਡਾ ਫ਼ਾਇਦਾ ਹੋਇਆ?

10 ਜੇ ਅਸੀਂ ਚੇਲੇ ਬਣਾਉਣ ਦਾ ਕੰਮ ਪੂਰਾ ਦਿਲ ਲਾ ਕੇ ਕਰਦੇ ਹਾਂ, ਤਾਂ ਅਸੀਂ ਯਿਸੂ ਦੇ ਕਹੇ ਅਨੁਸਾਰ ਆਪਣੇ ਲਈ ‘ਸੁਰਗ ਵਿੱਚ ਧਨ ਜੋੜਦੇ ਹਾਂ।’ ਇਸ ਨਾਲ ਸਾਨੂੰ ਅਧਿਆਤਮਿਕ ਧਨ ਹਾਸਲ ਕਰਨ ਦੀ ਖ਼ੁਸ਼ੀ ਮਿਲੇਗੀ। ਜੇ ਅਸੀਂ ਨਿਰਸੁਆਰਥ ਭਾਵਨਾ ਨਾਲ ਦਿੰਦੇ ਹਾਂ, ਤਾਂ ਅਸੀਂ ਆਪ ਵੀ ਮਾਲਾ-ਮਾਲ ਹੋਵਾਂਗੇ। ਯਿਸੂ ਨੇ ਵਫ਼ਾਦਾਰੀ ਨਾਲ ਅਰਬਾਂ ਸਾਲ ਯਹੋਵਾਹ ਦੀ ਸੇਵਾ ਕੀਤੀ ਸੀ। ਉਸ ਨੇ ਸਵਰਗ ਵਿਚ ਜੋ ਧਨ ਜੋੜਿਆ ਸੀ, ਜ਼ਰਾ ਉਸ ਬਾਰੇ ਸੋਚੋ! ਪੌਲੁਸ ਰਸੂਲ ਨੇ ਲਿਖਿਆ: “[ਯਿਸੂ] ਨੇ ਸਾਡਿਆਂ ਪਾਪਾਂ ਦੇ ਕਾਰਨ ਆਪਣੇ ਆਪ ਨੂੰ ਦੇ ਦਿੱਤਾ ਭਈ ਸਾਡੇ ਪਰਮੇਸ਼ੁਰ ਅਤੇ ਪਿਤਾ ਦੀ ਇੱਛਿਆ ਦੇ ਅਨੁਸਾਰ ਸਾਨੂੰ ਇਸ ਵਰਤਮਾਨ ਬੁਰੇ ਜੁੱਗ ਤੋਂ ਬਚਾ ਲਵੇ।” (ਟੇਢੇ ਟਾਈਪ ਸਾਡੇ।) (ਗਲਾਤੀਆਂ 1:4) ਯਿਸੂ ਨੇ ਕਦੀ ਆਪਣੇ ਫ਼ਾਇਦੇ ਦੀ ਨਹੀਂ ਸੋਚੀ। ਉਸ ਨੇ ਨਿਰਸੁਆਰਥ ਭਾਵਨਾ ਨਾਲ ਸਿਰਫ਼ ਸੇਵਕਾਈ ਵਿਚ ਹੀ ਮਿਹਨਤ ਨਹੀਂ ਕੀਤੀ, ਸਗੋਂ ਉਸ ਨੇ ਰਿਹਾਈ-ਕੀਮਤ ਦੇ ਤੌਰ ਤੇ ਆਪਣੀ ਜ਼ਿੰਦਗੀ ਵੀ ਦੇ ਦਿੱਤੀ ਤਾਂਕਿ ਦੂਸਰਿਆਂ ਨੂੰ ਸਵਰਗ ਵਿਚ ਧਨ ਜੋੜਨ ਦਾ ਮੌਕਾ ਮਿਲੇ।

11. ਅਧਿਆਤਮਿਕ ਤੋਹਫ਼ਾ ਭੌਤਿਕ ਤੋਹਫ਼ੇ ਨਾਲੋਂ ਕਿਵੇਂ ਬਿਹਤਰ ਹੈ?

11 ਲੋਕਾਂ ਨੂੰ ਪਰਮੇਸ਼ੁਰ ਦਾ ਗਿਆਨ ਦੇਣ ਨਾਲ ਅਸੀਂ ਉਨ੍ਹਾਂ ਦੀ ਇਹ ਦੇਖਣ ਵਿਚ ਮਦਦ ਕਰਦੇ ਹਾਂ ਕਿ ਉਹ ਵੀ ਹਮੇਸ਼ਾ ਰਹਿਣ ਵਾਲਾ ਅਧਿਆਤਮਿਕ ਧਨ ਕਿਵੇਂ ਜੋੜ ਸਕਦੇ ਹਨ। ਇਸ ਤੋਂ ਹੋਰ ਕੀਮਤੀ ਤੋਹਫ਼ਾ ਤੁਸੀਂ ਦੂਸਰਿਆਂ ਨੂੰ ਕੀ ਦੇ ਸਕਦੇ ਹੋ? ਜੇ ਤੁਸੀਂ ਆਪਣੇ ਦੋਸਤ ਨੂੰ ਇਕ ਮਹਿੰਗੀ ਘੜੀ, ਇਕ ਕਾਰ ਜਾਂ ਇਕ ਘਰ ਦਿੰਦੇ ਹੋ, ਤਾਂ ਤੁਹਾਡਾ ਦੋਸਤ ਬਹੁਤ ਹੀ ਸ਼ੁਕਰਗੁਜ਼ਾਰ ਤੇ ਖ਼ੁਸ਼ ਹੋਵੇਗਾ ਅਤੇ ਤੁਹਾਨੂੰ ਤੋਹਫ਼ਾ ਦੇਣ ਨਾਲ ਖ਼ੁਸ਼ੀ ਮਿਲੇਗੀ। ਪਰ 20 ਸਾਲ ਬਾਅਦ, 200 ਸਾਲ ਬਾਅਦ ਜਾਂ 2,000 ਸਾਲ ਬਾਅਦ ਇਸ ਤੋਹਫ਼ੇ ਦੀ ਹਾਲਤ ਕੀ ਹੋਵੇਗੀ? ਦੂਸਰੇ ਪਾਸੇ, ਜੇ ਤੁਸੀਂ ਯਹੋਵਾਹ ਦੀ ਉਪਾਸਨਾ ਕਰਨ ਵਿਚ ਕਿਸੇ ਦੀ ਮਦਦ ਕਰਦੇ ਹੋ, ਤਾਂ ਉਹ ਹਮੇਸ਼ਾ-ਹਮੇਸ਼ਾ ਲਈ ਇਸ ਤੋਹਫ਼ੇ ਤੋਂ ਫ਼ਾਇਦਾ ਉਠਾ ਸਕਦਾ ਹੈ।

ਸੱਚਾਈ ਸਿੱਖਣ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਭਾਲ

12. ਬਹੁਤ ਸਾਰੇ ਲੋਕਾਂ ਨੇ ਦੂਸਰਿਆਂ ਦੀ ਅਧਿਆਤਮਿਕ ਤੌਰ ਤੇ ਮਦਦ ਕਰਨ ਲਈ ਕਿਵੇਂ ਮਿਹਨਤ ਕੀਤੀ ਹੈ?

12 ਅਧਿਆਤਮਿਕ ਤੌਰ ਤੇ ਕੁਝ ਦੇਣ ਦੀ ਖ਼ੁਸ਼ੀ ਪ੍ਰਾਪਤ ਕਰਨ ਲਈ ਯਹੋਵਾਹ ਦੇ ਲੋਕ ਧਰਤੀ ਦੇ ਕੋਨਿਆਂ ਤਕ ਗਏ ਹਨ। ਹਜ਼ਾਰਾਂ ਗਵਾਹ ਆਪਣਾ ਘਰ-ਪਰਿਵਾਰ ਛੱਡ ਕੇ ਦੂਸਰੇ ਦੇਸ਼ਾਂ ਵਿਚ ਮਿਸ਼ਨਰੀ ਸੇਵਾ ਕਰਦੇ ਹਨ ਜਿੱਥੇ ਉਨ੍ਹਾਂ ਨੂੰ ਨਵੀਆਂ ਭਾਸ਼ਾਵਾਂ ਤੇ ਨਵੇਂ ਤੌਰ-ਤਰੀਕੇ ਸਿੱਖਣੇ ਪਏ ਹਨ। ਬਹੁਤ ਸਾਰੇ ਮਸੀਹੀ ਆਪਣੇ ਹੀ ਦੇਸ਼ ਵਿਚ ਉਨ੍ਹਾਂ ਥਾਵਾਂ ਤੇ ਗਏ ਹਨ ਜਿੱਥੇ ਰਾਜ ਦੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਤੇ ਕਈਆਂ ਨੇ ਵਿਦੇਸ਼ੀ ਭਾਸ਼ਾਵਾਂ ਸਿੱਖੀਆਂ ਹਨ ਤਾਂਕਿ ਉਹ ਆਪਣੇ ਇਲਾਕੇ ਵਿਚ ਆ ਕੇ ਵਸੇ ਪਰਵਾਸੀ ਲੋਕਾਂ ਨੂੰ ਪ੍ਰਚਾਰ ਕਰ ਸਕਣ। ਉਦਾਹਰਣ ਲਈ ਦੋ ਬੱਚਿਆਂ ਦੀ ਪਰਵਰਿਸ਼ ਕਰਨ ਤੋਂ ਬਾਅਦ, ਜਿਹੜੇ ਹੁਣ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਵਿਚ ਕੰਮ ਕਰਦੇ ਹਨ, ਇਕ ਜੋੜੇ ਨੇ ਨਿਊ ਜਰਸੀ, ਅਮਰੀਕਾ ਵਿਚ ਪਾਇਨੀਅਰੀ ਕਰਨੀ ਸ਼ੁਰੂ ਕੀਤੀ ਤੇ ਚੀਨੀ ਭਾਸ਼ਾ ਸਿੱਖੀ। ਤਿੰਨ ਸਾਲਾਂ ਦੌਰਾਨ ਉਨ੍ਹਾਂ ਨੇ ਇਕ ਨੇੜਲੇ ਕਾਲਜ ਵਿਚ ਪੜ੍ਹਦੇ 74 ਚੀਨੀ ਲੋਕਾਂ ਨਾਲ ਬਾਈਬਲ ਅਧਿਐਨ ਕੀਤਾ। ਕੀ ਤੁਸੀਂ ਵੀ ਚੇਲੇ ਬਣਾਉਣ ਦੇ ਕੰਮ ਵਿਚ ਜ਼ਿਆਦਾ ਖ਼ੁਸ਼ੀ ਪ੍ਰਾਪਤ ਕਰਨ ਲਈ ਕਿਸੇ ਤਰੀਕੇ ਨਾਲ ਆਪਣੀ ਸੇਵਕਾਈ ਨੂੰ ਵਧਾ ਸਕਦੇ ਹੋ?

13. ਜੇ ਤੁਸੀਂ ਆਪਣੀ ਸੇਵਕਾਈ ਵਿਚ ਹੋਰ ਜ਼ਿਆਦਾ ਕਾਮਯਾਬ ਹੋਣਾ ਚਾਹੁੰਦੇ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ?

13 ਸ਼ਾਇਦ ਤੁਸੀਂ ਇਕ ਬਾਈਬਲ ਅਧਿਐਨ ਕਰਾਉਣ ਲਈ ਲੋਚਦੇ ਹੋ, ਪਰ ਤੁਹਾਨੂੰ ਅਜੇ ਤਕ ਕੋਈ ਨਹੀਂ ਮਿਲਿਆ ਜੋ ਅਧਿਐਨ ਕਰਨ ਲਈ ਰਾਜ਼ੀ ਹੈ। ਕੁਝ ਦੇਸ਼ਾਂ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਲੱਭਣਾ ਬਹੁਤ ਮੁਸ਼ਕਲ ਹੈ। ਸ਼ਾਇਦ ਜਿਨ੍ਹਾਂ ਲੋਕਾਂ ਨੂੰ ਤੁਸੀਂ ਮਿਲਦੇ ਹੋ, ਉਹ ਬਾਈਬਲ ਵਿਚ ਕੋਈ ਦਿਲਚਸਪੀ ਨਹੀਂ ਦਿਖਾਉਂਦੇ। ਜੇ ਇਸ ਤਰ੍ਹਾਂ ਹੈ, ਤਾਂ ਤੁਸੀਂ ਆਪਣੀ ਇੱਛਾ ਬਾਰੇ ਵਾਰ-ਵਾਰ ਪ੍ਰਾਰਥਨਾ ਕਰ ਸਕਦੇ ਹੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਯਹੋਵਾਹ ਅਤੇ ਯਿਸੂ ਮਸੀਹ ਇਸ ਕੰਮ ਵਿਚ ਬਹੁਤ ਦਿਲਚਸਪੀ ਲੈਂਦੇ ਹਨ ਅਤੇ ਭੇਡ-ਸਮਾਨ ਵਿਅਕਤੀ ਲੱਭਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਆਪਣੀ ਕਲੀਸਿਯਾ ਵਿਚ ਉਨ੍ਹਾਂ ਲੋਕਾਂ ਕੋਲੋਂ ਸੁਝਾਅ ਮੰਗੋ ਜਿਨ੍ਹਾਂ ਨੂੰ ਜ਼ਿਆਦਾ ਤਜਰਬਾ ਹੈ ਜਾਂ ਜਿਨ੍ਹਾਂ ਨੂੰ ਸੇਵਕਾਈ ਵਿਚ ਕਾਮਯਾਬੀ ਮਿਲੀ ਹੈ। ਮਸੀਹੀ ਸਭਾਵਾਂ ਵਿਚ ਦਿੱਤੀ ਜਾਂਦੀ ਸਿਖਲਾਈ ਅਤੇ ਸੁਝਾਵਾਂ ਤੋਂ ਪੂਰਾ ਲਾਭ ਉਠਾਓ। ਸਫ਼ਰੀ ਨਿਗਾਹਬਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਦੀਆਂ ਸਲਾਹਾਂ ਤੋਂ ਫ਼ਾਇਦਾ ਲਓ। ਪਰ ਸਭ ਤੋਂ ਜ਼ਰੂਰੀ ਗੱਲ ਹੈ ਕਿ ਤੁਸੀਂ ਹਾਰ ਨਾ ਮੰਨੋ। ਇਕ ਬੁੱਧੀਮਾਨ ਆਦਮੀ ਨੇ ਲਿਖਿਆ: “ਸਵੇਰ ਨੂੰ ਆਪਣਾ ਬੀ ਬੀਜ, ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇਹ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਏਹਨਾਂ ਵਿੱਚੋਂ ਕਿਹੜਾ ਸਵਰੇਗਾ।” (ਉਪਦੇਸ਼ਕ ਦੀ ਪੋਥੀ 11:6) ਇਸ ਦੇ ਨਾਲ-ਨਾਲ ਨੂਹ ਅਤੇ ਯਿਰਮਿਯਾਹ ਵਰਗੇ ਵਫ਼ਾਦਾਰ ਆਦਮੀਆਂ ਨੂੰ ਵੀ ਯਾਦ ਰੱਖੋ। ਭਾਵੇਂ ਕਿ ਕੁਝ ਲੋਕਾਂ ਨੇ ਹੀ ਉਨ੍ਹਾਂ ਦੇ ਪ੍ਰਚਾਰ ਨੂੰ ਸੁਣਿਆ, ਫਿਰ ਵੀ ਉਨ੍ਹਾਂ ਦੀ ਸੇਵਕਾਈ ਕਾਮਯਾਬ ਹੋਈ। ਸਭ ਤੋਂ ਜ਼ਿਆਦਾ, ਇਸ ਤੋਂ ਯਹੋਵਾਹ ਨੂੰ ਖ਼ੁਸ਼ੀ ਮਿਲੀ।

ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੋ

14. ਯਹੋਵਾਹ ਉਨ੍ਹਾਂ ਲੋਕਾਂ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਉਸ ਦੀ ਸੇਵਾ ਵਿਚ ਲਗਾ ਦਿੱਤੀ ਹੈ?

14 ਹੋ ਸਕਦਾ ਹੈ ਕਿ ਤੁਸੀਂ ਸੇਵਕਾਈ ਵਿਚ ਜਿੰਨਾ ਕੰਮ ਕਰਨਾ ਚਾਹੁੰਦੇ ਹੋ, ਸ਼ਾਇਦ ਤੁਹਾਡੇ ਹਾਲਾਤ ਉੱਨਾ ਕਰਨ ਦੀ ਇਜਾਜ਼ਤ ਨਾ ਦੇਣ। ਉਦਾਹਰਣ ਲਈ ਤੁਸੀਂ ਸ਼ਾਇਦ ਬੁਢਾਪੇ ਕਰਕੇ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਕੰਮ ਨਹੀਂ ਕਰ ਸਕਦੇ। ਪਰ ਯਾਦ ਰੱਖੋ ਕਿ ਇਕ ਬੁੱਧੀਮਾਨ ਆਦਮੀ ਨੇ ਕੀ ਲਿਖਿਆ ਸੀ: “ਧੌਲਾ ਸਿਰ ਸਜਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।” (ਕਹਾਉਤਾਂ 16:31) ਯਹੋਵਾਹ ਦੀ ਸੇਵਾ ਕਰਦੇ ਹੋਏ ਗੁਜ਼ਾਰੀ ਜ਼ਿੰਦਗੀ ਉਸ ਦੀਆਂ ਨਜ਼ਰਾਂ ਵਿਚ ਬਹੁਤ ਕੀਮਤੀ ਹੈ। ਇਸ ਤੋਂ ਇਲਾਵਾ ਬਾਈਬਲ ਕਹਿੰਦੀ ਹੈ: “ਬੁਢੇਪੇ ਤੀਕ ਮੈਂ [ਯਹੋਵਾਹ] ਉਹੀ ਹਾਂ, ਅਤੇ ਧੌਲਿਆਂ ਤੀਕ ਮੈਂ ਤੈਨੂੰ ਉਠਾਵਾਂਗਾ, ਮੈਂ ਬਣਾਇਆ ਤੇ ਮੈਂ ਚੁੱਕਾਂਗਾ, ਮੈਂ ਉਠਾਵਾਂਗਾ ਤੇ ਮੈਂ ਛੁਡਾਵਾਂਗਾ।” (ਯਸਾਯਾਹ 46:4) ਸਾਡਾ ਸਵਰਗੀ ਪਿਤਾ ਵਾਅਦਾ ਕਰਦਾ ਹੈ ਕਿ ਉਹ ਆਪਣੇ ਵਫ਼ਾਦਾਰ ਲੋਕਾਂ ਦੀ ਦੇਖ-ਭਾਲ ਕਰੇਗਾ ਅਤੇ ਉਨ੍ਹਾਂ ਨੂੰ ਸੰਭਾਲੇਗਾ।

15. ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਯਹੋਵਾਹ ਤੁਹਾਡੇ ਹਾਲਾਤਾਂ ਨੂੰ ਸਮਝਦਾ ਹੈ? ਤੁਸੀਂ ਇਹ ਵਿਸ਼ਵਾਸ ਕਿਉਂ ਕਰਦੇ ਹੋ?

15 ਸ਼ਾਇਦ ਤੁਹਾਡੇ ਉੱਤੇ ਪਰਿਵਾਰ ਦੀ ਭਾਰੀ ਜ਼ਿੰਮੇਵਾਰੀ ਹੈ ਜਾਂ ਤੁਸੀਂ ਕਿਸੇ ਬੀਮਾਰੀ, ਆਪਣੇ ਅਵਿਸ਼ਵਾਸੀ ਜੀਵਨ-ਸਾਥੀ ਦੇ ਵਿਰੋਧ ਜਾਂ ਕਿਸੇ ਹੋਰ ਸਮੱਸਿਆ ਦਾ ਸਾਮ੍ਹਣਾ ਕਰ ਰਹੇ ਹੋ। ਯਹੋਵਾਹ ਸਾਡੀਆਂ ਕਮਜ਼ੋਰੀਆਂ ਤੇ ਹਾਲਾਤਾਂ ਨੂੰ ਜਾਣਦਾ ਹੈ ਅਤੇ ਉਹ ਸਾਨੂੰ ਪਿਆਰ ਕਰਦਾ ਹੈ ਕਿਉਂਕਿ ਅਸੀਂ ਉਸ ਦੀ ਸੇਵਾ ਕਰਨ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ। ਯਹੋਵਾਹ ਉਦੋਂ ਵੀ ਸਾਨੂੰ ਪਿਆਰ ਕਰਦਾ ਹੈ ਜਦੋਂ ਅਸੀਂ ਉਸ ਦੀ ਸੇਵਾ ਵਿਚ ਦੂਸਰਿਆਂ ਜਿੰਨਾ ਕੰਮ ਨਹੀਂ ਕਰ ਪਾਉਂਦੇ। (ਗਲਾਤੀਆਂ 6:4) ਯਹੋਵਾਹ ਜਾਣਦਾ ਹੈ ਕਿ ਅਸੀਂ ਅਪੂਰਣ ਹਾਂ ਅਤੇ ਉਹ ਸਾਡੀ ਸਮਰਥਾ ਤੋਂ ਵੱਧ ਸਾਡੇ ਤੋਂ ਆਸ ਨਹੀਂ ਰੱਖਦਾ। (ਜ਼ਬੂਰ 147:11) ਜੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਇਹ ਭਰੋਸਾ ਰੱਖ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕੀਮਤੀ ਹਾਂ ਅਤੇ ਉਹ ਸਾਡੇ ਕੰਮਾਂ ਨੂੰ ਨਹੀਂ ਭੁੱਲੇਗਾ ਜੋ ਅਸੀਂ ਉਸ ਵਿਚ ਨਿਹਚਾ ਰੱਖਦੇ ਹੋਏ ਕਰਦੇ ਹਾਂ।​—ਲੂਕਾ 21:1-4.

16. ਪੂਰੀ ਕਲੀਸਿਯਾ ਇਕ ਵਿਅਕਤੀ ਨੂੰ ਚੇਲਾ ਬਣਾਉਣ ਵਿਚ ਕਿਵੇਂ ਹਿੱਸਾ ਲੈਂਦੀ ਹੈ?

16 ਇਹ ਵੀ ਯਾਦ ਰੱਖੋ ਕਿ ਚੇਲੇ ਬਣਾਉਣ ਦਾ ਕੰਮ ਇਕੱਠੇ ਮਿਲ ਕੇ ਕੀਤਾ ਜਾਣ ਵਾਲਾ ਕੰਮ ਹੈ। ਸਿਰਫ਼ ਇਕ ਜਣਾ ਕਿਸੇ ਨੂੰ ਚੇਲਾ ਨਹੀਂ ਬਣਾ ਸਕਦਾ, ਠੀਕ ਜਿਵੇਂ ਮੀਂਹ ਦੀ ਇਕ ਬੂੰਦ ਇਕ ਬੂਟੇ ਨੂੰ ਸਿੰਜ ਨਹੀਂ ਸਕਦੀ। ਇਹ ਠੀਕ ਹੈ ਕਿ ਇਕ ਗਵਾਹ ਕਿਸੇ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਲੱਭਦਾ ਹੈ ਤੇ ਉਸ ਨਾਲ ਬਾਈਬਲ ਦਾ ਅਧਿਐਨ ਕਰਦਾ ਹੈ। ਪਰ ਜਦੋਂ ਉਹ ਵਿਅਕਤੀ ਕਿੰਗਡਮ ਹਾਲ ਵਿਚ ਆਉਣਾ ਸ਼ੁਰੂ ਕਰ ਦਿੰਦਾ ਹੈ, ਤਾਂ ਪੂਰੀ ਕਲੀਸਿਯਾ ਸੱਚਾਈ ਜਾਣਨ ਵਿਚ ਉਸ ਦੀ ਮਦਦ ਕਰਦੀ ਹੈ। ਸਾਡੇ ਭਾਈਚਾਰੇ ਦਾ ਨਿੱਘਾ ਪਿਆਰ ਇਸ ਗੱਲ ਦਾ ਸਬੂਤ ਹੈ ਕਿ ਪਰਮੇਸ਼ੁਰ ਦੀ ਆਤਮਾ ਸਾਡੇ ਉੱਤੇ ਕੰਮ ਕਰ ਰਹੀ ਹੈ। (1 ਕੁਰਿੰਥੀਆਂ 14:24, 25) ਬੱਚੇ ਅਤੇ ਨੌਜਵਾਨ ਉਤਸ਼ਾਹ ਦੇਣ ਵਾਲੀਆਂ ਟਿੱਪਣੀਆਂ ਕਰਦੇ ਹਨ ਜਿਸ ਤੋਂ ਨਵੇਂ ਵਿਅਕਤੀ ਨੂੰ ਪਤਾ ਚੱਲਦਾ ਹੈ ਕਿ ਸਾਡੇ ਨੌਜਵਾਨ ਦੁਨੀਆਂ ਦੇ ਨੌਜਵਾਨਾਂ ਨਾਲੋਂ ਵੱਖਰੇ ਹਨ। ਕਲੀਸਿਯਾ ਵਿਚ ਬੀਮਾਰ, ਸਰੀਰਕ ਪੱਖੋਂ ਕਮਜ਼ੋਰ ਅਤੇ ਬਿਰਧ ਲੋਕ ਨਵੇਂ ਵਿਅਕਤੀ ਨੂੰ ਸਿਖਾਉਂਦੇ ਹਨ ਕਿ ਧੀਰਜ ਰੱਖਣ ਦਾ ਕੀ ਮਤਲਬ ਹੈ। ਸਾਡੀ ਉਮਰ ਜਾਂ ਕਮਜ਼ੋਰੀਆਂ ਦੇ ਬਾਵਜੂਦ, ਅਸੀਂ ਸਾਰੇ ਨਵੇਂ ਵਿਅਕਤੀਆਂ ਦੀ ਮਦਦ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਾਂ, ਜਿਉਂ-ਜਿਉਂ ਬਾਈਬਲ ਸੱਚਾਈ ਲਈ ਉਨ੍ਹਾਂ ਦਾ ਪ੍ਰੇਮ ਵਧਦਾ ਹੈ ਅਤੇ ਉਹ ਬਪਤਿਸਮੇ ਵੱਲ ਵਧਦੇ ਹਨ। ਸੇਵਕਾਈ ਵਿਚ ਬਿਤਾਇਆ ਹਰ ਘੰਟਾ, ਹਰ ਪੁਨਰ-ਮੁਲਾਕਾਤ, ਕਿੰਗਡਮ ਹਾਲ ਵਿਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨਾਲ ਕੀਤੀ ਹਰ ਗੱਲ ਸ਼ਾਇਦ ਸਾਨੂੰ ਇੰਨੀ ਅਹਿਮ ਨਾ ਲੱਗੇ, ਪਰ ਇਹ ਉਸ ਵੱਡੇ ਕੰਮ ਦਾ ਹਿੱਸਾ ਹੈ ਜੋ ਯਹੋਵਾਹ ਕਰ ਰਿਹਾ ਹੈ।

17, 18. (ੳ) ਚੇਲੇ ਬਣਾਉਣ ਦਾ ਕੰਮ ਕਰਨ ਦੇ ਨਾਲ-ਨਾਲ, ਅਸੀਂ ਹੋਰ ਕਿਨ੍ਹਾਂ ਤਰੀਕਿਆਂ ਨਾਲ ਦੂਸਰਿਆਂ ਨੂੰ ਦੇਣ ਦੀ ਖ਼ੁਸ਼ੀ ਪ੍ਰਾਪਤ ਕਰ ਸਕਦੇ ਹਾਂ? (ਅ) ਦੂਜਿਆਂ ਨੂੰ ਦੇਣ ਦੁਆਰਾ ਅਸੀਂ ਕਿਸ ਦੀ ਨਕਲ ਕਰਦੇ ਹਾਂ?

17 ਚੇਲੇ ਬਣਾਉਣ ਦਾ ਮਹੱਤਵਪੂਰਣ ਕੰਮ ਕਰਨ ਤੋਂ ਇਲਾਵਾ, ਅਸੀਂ ਮਸੀਹੀ ਹੋਣ ਦੇ ਨਾਤੇ ਦੂਸਰਿਆਂ ਨੂੰ ਹੋਰ ਤਰੀਕਿਆਂ ਨਾਲ ਦੇਣ ਦੀ ਵੀ ਖ਼ੁਸ਼ੀ ਪ੍ਰਾਪਤ ਕਰ ਸਕਦੇ ਹਾਂ। ਅਸੀਂ ਸੱਚੀ ਭਗਤੀ ਨੂੰ ਸਮਰਥਨ ਦੇਣ ਲਈ ਅਤੇ ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਕੁਝ ਪੈਸਾ ਅਲੱਗ ਰੱਖ ਸਕਦੇ ਹਾਂ। (ਲੂਕਾ 16:9; 1 ਕੁਰਿੰਥੀਆਂ 16:1, 2) ਅਸੀਂ ਦੂਸਰਿਆਂ ਦੀ ਪਰਾਹੁਣਚਾਰੀ ਕਰਨ ਦੇ ਮੌਕਿਆਂ ਦੀ ਭਾਲ ਕਰ ਸਕਦੇ ਹਾਂ। (ਰੋਮੀਆਂ 12:13) ਅਸੀਂ ‘ਸਭਨਾਂ ਨਾਲ ਭਲਾ ਕਰਨ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ’ ਭਲਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। (ਗਲਾਤੀਆਂ 6:10) ਅਤੇ ਸੌਖੇ ਪਰ ਮਹੱਤਵਪੂਰਣ ਤਰੀਕਿਆਂ ਰਾਹੀਂ ਅਸੀਂ ਦੂਸਰਿਆਂ ਨੂੰ ਕੁਝ ਨਾ ਕੁਝ ਦੇ ਸਕਦੇ ਹਾਂ—ਚਿੱਠੀ ਲਿਖ ਕੇ, ਫ਼ੋਨ ਕਰ ਕੇ, ਤੋਹਫ਼ਾ ਦੇ ਕੇ, ਮਦਦ ਕਰ ਕੇ ਜਾਂ ਹੌਸਲੇ ਭਰੀਆਂ ਕੁਝ ਗੱਲਾਂ ਕਰ ਕੇ।

18 ਦੂਸਰਿਆਂ ਨੂੰ ਕੁਝ ਦੇਣ ਦੁਆਰਾ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਸਵਰਗੀ ਪਿਤਾ ਦੀ ਨਕਲ ਕਰਦੇ ਹਾਂ। ਅਸੀਂ ਆਪਣੇ ਭਰੱਪਣ ਦੇ ਪ੍ਰੇਮ ਦਾ ਇਜ਼ਹਾਰ ਵੀ ਕਰਦੇ ਹਾਂ ਜੋ ਕਿ ਸੱਚੇ ਮਸੀਹੀਆਂ ਦਾ ਪਛਾਣ ਚਿੰਨ੍ਹ ਹੈ। (ਯੂਹੰਨਾ 13:35) ਇਨ੍ਹਾਂ ਗੱਲਾਂ ਨੂੰ ਯਾਦ ਰੱਖ ਕੇ ਅਸੀਂ ਦੂਸਰਿਆਂ ਨੂੰ ਦੇਣ ਦੀ ਖ਼ੁਸ਼ੀ ਪ੍ਰਾਪਤ ਕਰ ਸਕਦੇ ਹਾਂ।

ਕੀ ਤੁਸੀਂ ਸਮਝਾ ਸਕਦੇ ਹੋ?

• ਯਹੋਵਾਹ ਅਤੇ ਯਿਸੂ ਨੇ ਅਧਿਆਤਮਿਕ ਤੌਰ ਤੇ ਦੂਸਰਿਆਂ ਨੂੰ ਦੇਣ ਵਿਚ ਇਕ ਮਿਸਾਲ ਕਿਵੇਂ ਕਾਇਮ ਕੀਤੀ ਹੈ?

• ਅਸੀਂ ਸਦੀਵੀ ਦੋਸਤੀ ਕਿਵੇਂ ਕਾਇਮ ਕਰ ਸਕਦੇ ਹਾਂ?

• ਆਪਣੀ ਸੇਵਕਾਈ ਵਿਚ ਹੋਰ ਜ਼ਿਆਦਾ ਕਾਮਯਾਬ ਹੋਣ ਲਈ ਅਸੀਂ ਕਿਹੜੇ ਕਦਮ ਚੁੱਕ ਸਕਦੇ ਹਾਂ?

• ਕਲੀਸਿਯਾ ਵਿਚ ਸਾਰੇ ਜਣੇ ਦੂਸਰਿਆਂ ਨੂੰ ਕੁਝ ਦੇਣ ਦੀ ਖ਼ੁਸ਼ੀ ਕਿਵੇਂ ਪ੍ਰਾਪਤ ਕਰ ਸਕਦੇ ਹਨ?

[ਸਵਾਲ]

[ਸਫ਼ੇ 13 ਉੱਤੇ ਤਸਵੀਰਾਂ]

ਜਦੋਂ ਬੱਚੇ ਆਪਣੇ ਮਾਤਾ-ਪਿਤਾ ਦੀ ਸਿੱਖਿਆ ਉ ਤੇ ਚੱਲਦੇ ਹਨ, ਤਾਂ ਮਾਤਾ-ਪਿਤਾ ਨੂੰ ਬਹੁਤ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ

[ਸਫ਼ੇ 15 ਉੱਤੇ ਤਸਵੀਰ]

ਚੇਲੇ ਬਣਾਉਣ ਦੁਆਰਾ ਅਸੀਂ ਸੱਚੇ ਦੋਸਤ ਬਣਾ ਸਕਦੇ ਹਾਂ

[ਸਫ਼ੇ 16 ਉੱਤੇ ਤਸਵੀਰ]

ਯਹੋਵਾਹ ਬੁਢਾਪੇ ਵਿਚ ਸਾਨੂੰ ਸੰਭਾਲਦਾ ਹੈ

[ਸਫ਼ੇ 17 ਉੱਤੇ ਤਸਵੀਰਾਂ]

ਅਸੀਂ ਸੌਖੇ ਪਰ ਮਹੱਤਵਪੂਰਣ ਤਰੀਕਿਆਂ ਰਾਹੀਂ ਦੂਸਰਿਆਂ ਨੂੰ ਕੁਝ ਦੇ ਕੇ ਖ਼ੁਸ਼ੀ ਪ੍ਰਾਪਤ ਕਰਦੇ ਹਾਂ