Skip to content

Skip to table of contents

ਬਾਈਬਲ ਦਾ ਅਧਿਐਨ ਕਿਉਂ ਕਰਨਾ ਚਾਹੀਦਾ ਹੈ?

ਬਾਈਬਲ ਦਾ ਅਧਿਐਨ ਕਿਉਂ ਕਰਨਾ ਚਾਹੀਦਾ ਹੈ?

ਬਾਈਬਲ ਦਾ ਅਧਿਐਨ ਕਿਉਂ ਕਰਨਾ ਚਾਹੀਦਾ ਹੈ?

ਬਿਲ ਇਕ ਰਿਸ਼ਟ-ਪੁਸ਼ਟ, ਪੜ੍ਹਿਆ-ਲਿਖਿਆ ਤੇ ਰੱਜਿਆ-ਪੁੱਜਿਆ ਨੌਜਵਾਨ ਸੀ। ਪਰ ਉਹ ਸੰਤੁਸ਼ਟ ਨਹੀਂ ਸੀ। ਉਸ ਦੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਸੀ ਜਿਸ ਕਰਕੇ ਉਹ ਬਹੁਤ ਪਰੇਸ਼ਾਨ ਰਹਿੰਦਾ ਸੀ। ਜ਼ਿੰਦਗੀ ਦੇ ਮਕਸਦ ਬਾਰੇ ਜਾਣਨ ਲਈ ਉਸ ਨੇ ਵੱਖਰੇ-ਵੱਖਰੇ ਧਰਮਾਂ ਦੀ ਜਾਂਚ ਕੀਤੀ, ਪਰ ਉਸ ਨੂੰ ਉਹ ਧਰਮ ਨਾ ਲੱਭਿਆ ਜਿਸ ਦੀ ਉਸ ਨੂੰ ਤਲਾਸ਼ ਸੀ। ਸਾਲ 1991 ਵਿਚ ਉਹ ਯਹੋਵਾਹ ਦੇ ਇਕ ਗਵਾਹ ਨੂੰ ਮਿਲਿਆ ਜਿਸ ਨੇ ਉਸ ਨੂੰ ਇਕ ਕਿਤਾਬ ਦਿੱਤੀ। ਇਸ ਵਿਚ ਦੱਸਿਆ ਗਿਆ ਸੀ ਕਿ ਬਾਈਬਲ ਜ਼ਿੰਦਗੀ ਦੇ ਮਕਸਦ ਬਾਰੇ ਕੀ ਕਹਿੰਦੀ ਹੈ। ਬਿਲ ਦੇ ਨਾਲ ਬਾਈਬਲ ਅਧਿਐਨ ਸ਼ੁਰੂ ਕੀਤਾ ਗਿਆ ਤਾਂਕਿ ਉਹ ਇਸ ਵਿਸ਼ੇ ਉੱਤੇ ਅਤੇ ਦੂਸਰੇ ਵਿਸ਼ਿਆਂ ਉੱਤੇ ਚਰਚਾ ਕਰ ਸਕੇ।

ਬਿਲ ਯਾਦ ਕਰਦਾ ਹੈ: “ਜਦੋਂ ਮੈਂ ਪਹਿਲੀ ਵਾਰ ਅਧਿਐਨ ਕੀਤਾ, ਤਾਂ ਅਸੀਂ ਵਾਰ-ਵਾਰ ਬਾਈਬਲ ਖੋਲ੍ਹ ਕੇ ਆਇਤਾਂ ਪੜ੍ਹ ਰਹੇ ਸੀ ਜਿਸ ਕਰਕੇ ਮੈਂ ਜਾਣ ਗਿਆ ਕਿ ਮੈਨੂੰ ਇਸੇ ਚੀਜ਼ ਦੀ ਭਾਲ ਸੀ। ਬਾਈਬਲ ਵਿਚ ਦਿੱਤੇ ਗਏ ਜਵਾਬ ਪੜ੍ਹ ਕੇ ਮੈਨੂੰ ਬਹੁਤ ਹੀ ਖ਼ੁਸ਼ੀ ਹੋਈ। ਅਧਿਐਨ ਕਰਨ ਤੋਂ ਬਾਅਦ ਮੈਂ ਆਪਣਾ ਟਰੱਕ ਲੈ ਕੇ ਪਹਾੜ ਉੱਤੇ ਚਲਾ ਗਿਆ, ਟਰੱਕ ਵਿੱਚੋਂ ਉਤਰਿਆ ਤੇ ਖ਼ੁਸ਼ੀ ਦੇ ਮਾਰੇ ਚੀਕਾਂ ਮਾਰਨ ਲੱਗ ਪਿਆ। ਮੈਂ ਬਹੁਤ ਖ਼ੁਸ਼ ਸੀ ਕਿ ਅਖ਼ੀਰ ਮੈਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਰਹੇ ਸਨ।”

ਬੇਸ਼ੱਕ ਬਾਈਬਲ ਦੀ ਸੱਚਾਈ ਸਿੱਖਣ ਤੇ ਹਰ ਕੋਈ ਖ਼ੁਸ਼ੀ ਨਾਲ ਸੱਚ-ਮੁੱਚ ਚੀਕਾਂ ਨਹੀਂ ਮਾਰਦਾ। ਪਰ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਮਿਲਣੇ ਬਹੁਤ ਸਾਰੇ ਲੋਕਾਂ ਲਈ ਵੱਡੀ ਖ਼ੁਸ਼ੀ ਦਾ ਕਾਰਨ ਹੁੰਦੇ ਹਨ। ਉਹ ਯਿਸੂ ਦੇ ਦ੍ਰਿਸ਼ਟਾਂਤ ਵਿਚ ਦੱਸੇ ਗਏ ਉਸ ਆਦਮੀ ਵਾਂਗ ਮਹਿਸੂਸ ਕਰਦੇ ਹਨ ਜਿਸ ਨੂੰ ਇਕ ਖੇਤ ਵਿਚ ਗੁਪਤ ਧਨ ਲੱਭਿਆ। ਯਿਸੂ ਨੇ ਕਿਹਾ: “ਖ਼ੁਸ਼ੀ ਦੇ ਮਾਰੇ ਉਹ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਮੁੱਲ ਲੈ ਲਿਆ।”​—ਮੱਤੀ 13:44.

ਇਕ ਮਕਸਦ ਭਰੀ ਜ਼ਿੰਦਗੀ ਦਾ ਰਾਜ਼

ਬਿਲ ਇਕ ਬੁਨਿਆਦੀ ਸਵਾਲ ਦਾ ਜਵਾਬ ਜਾਣਨਾ ਚਾਹੁੰਦਾ ਸੀ ਕਿ ਜ਼ਿੰਦਗੀ ਦਾ ਮਕਸਦ ਕੀ ਹੈ? ਫ਼ਿਲਾਸਫ਼ਰ, ਧਰਮ-ਗਿਆਨੀ ਅਤੇ ਵਿਗਿਆਨੀ ਇਸ ਸਵਾਲ ਦਾ ਜਵਾਬ ਲੱਭਣ ਲਈ ਹਜ਼ਾਰਾਂ ਸਾਲਾਂ ਤੋਂ ਸੰਘਰਸ਼ ਕਰਦੇ ਆਏ ਹਨ। ਇਨਸਾਨਾਂ ਨੇ ਇਸ ਦੇ ਜਵਾਬ ਵਿਚ ਅਣਗਿਣਤ ਕਿਤਾਬਾਂ ਲਿਖੀਆਂ ਹਨ। ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿਅਰਥ ਹੀ ਗਈਆਂ ਹਨ ਅਤੇ ਬਹੁਤ ਸਾਰਿਆਂ ਨੇ ਇਹ ਸਿੱਟਾ ਕੱਢਿਆ ਹੈ ਕਿ ਇਸ ਸਵਾਲ ਦਾ ਜਵਾਬ ਦੇਣਾ ਨਾਮੁਮਕਿਨ ਹੈ। ਪਰ ਇਸ ਦਾ ਜਵਾਬ ਹੈ। ਭਾਵੇਂ ਇਸ ਦਾ ਜਵਾਬ ਡੂੰਘਾ ਅਰਥ ਰੱਖਦਾ ਹੈ, ਪਰ ਇਸ ਨੂੰ ਸਮਝਣਾ ਮੁਸ਼ਕਲ ਨਹੀਂ ਹੈ। ਇਸ ਨੂੰ ਬਾਈਬਲ ਵਿਚ ਸਮਝਾਇਆ ਗਿਆ ਹੈ। ਖ਼ੁਸ਼ੀਆਂ ਤੇ ਮਕਸਦ ਭਰੀ ਜ਼ਿੰਦਗੀ ਦਾ ਰਾਜ਼ ਹੈ: ਸਾਡਾ ਆਪਣੇ ਸਿਰਜਣਹਾਰ ਤੇ ਸਵਰਗੀ ਪਿਤਾ ਯਹੋਵਾਹ ਨਾਲ ਚੰਗਾ ਰਿਸ਼ਤਾ ਹੋਣਾ ਚਾਹੀਦਾ ਹੈ। ਪਰ ਅਸੀਂ ਇਹ ਰਿਸ਼ਤਾ ਕਿੱਦਾਂ ਕਾਇਮ ਕਰ ਸਕਦੇ ਹਾਂ?

ਪਰਮੇਸ਼ੁਰ ਦੇ ਨੇੜੇ ਜਾਣ ਦੇ ਦੋ ਪਹਿਲੂ ਹਨ ਜੋ ਇਕ-ਦੂਜੇ ਦੇ ਵਿਰੋਧੀ ਲੱਗਦੇ ਹਨ। ਪਰਮੇਸ਼ੁਰ ਦੇ ਨੇੜੇ ਜਾਣ ਵਾਲੇ ਲੋਕ ਉਸ ਤੋਂ ਡਰਦੇ ਵੀ ਹਨ ਤੇ ਉਸ ਨੂੰ ਪਿਆਰ ਵੀ ਕਰਦੇ ਹਨ। ਆਓ ਆਪਾਂ ਇਸ ਗੱਲ ਦੀ ਪੁਸ਼ਟੀ ਲਈ ਦੋ ਆਇਤਾਂ ਉੱਤੇ ਵਿਚਾਰ ਕਰੀਏ। ਬਹੁਤ ਸਮਾਂ ਪਹਿਲਾਂ, ਬੁੱਧੀਮਾਨ ਰਾਜਾ ਸੁਲੇਮਾਨ ਨੇ ਮਨੁੱਖਜਾਤੀ ਦਾ ਬਹੁਤ ਹੀ ਧਿਆਨ ਨਾਲ ਅਧਿਐਨ ਕੀਤਾ ਅਤੇ ਉਸ ਨੂੰ ਜੋ ਵੀ ਜਾਣਕਾਰੀ ਮਿਲੀ, ਉਸ ਨੇ ਉਸ ਨੂੰ ਬਾਈਬਲ ਦੀ ਉਪਦੇਸ਼ਕ ਦੀ ਪੋਥੀ ਵਿਚ ਲਿਖ ਲਿਆ। ਆਪਣੇ ਅਧਿਐਨ ਦਾ ਸਾਰ ਦਿੰਦੇ ਹੋਏ ਉਸ ਨੇ ਲਿਖਿਆ: “ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ,—ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।” (ਟੇਢੇ ਟਾਈਪ ਸਾਡੇ।) (ਉਪਦੇਸ਼ਕ ਦੀ ਪੋਥੀ 12:13) ਸਦੀਆਂ ਬਾਅਦ, ਜਦੋਂ ਯਿਸੂ ਨੂੰ ਪੁੱਛਿਆ ਗਿਆ ਕਿ ਮੂਸਾ ਨੂੰ ਦਿੱਤੀ ਬਿਵਸਥਾ ਵਿਚ ਸਾਰਿਆਂ ਤੋਂ ਵੱਡਾ ਹੁਕਮ ਕਿਹੜਾ ਸੀ, ਤਾਂ ਉਸ ਨੇ ਜਵਾਬ ਦਿੱਤਾ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।” (ਟੇਢੇ ਟਾਈਪ ਸਾਡੇ।) (ਮੱਤੀ 22:37) ਕੀ ਤੁਹਾਨੂੰ ਇਹ ਅਜੀਬ ਲੱਗਦਾ ਹੈ ਕਿ ਸਾਨੂੰ ਪਰਮੇਸ਼ੁਰ ਤੋਂ ਡਰਨਾ ਵੀ ਚਾਹੀਦਾ ਹੈ ਅਤੇ ਉਸ ਨੂੰ ਪਿਆਰ ਵੀ ਕਰਨਾ ਚਾਹੀਦਾ ਹੈ? ਆਓ ਆਪਾਂ ਡਰ ਤੇ ਪਿਆਰ ਦੀ ਅਹਿਮੀਅਤ ਅਤੇ ਪਰਮੇਸ਼ੁਰ ਨਾਲ ਇਕ ਖ਼ੁਸ਼ੀਆਂ ਭਰਿਆ ਰਿਸ਼ਤਾ ਕਾਇਮ ਕਰਨ ਲਈ ਦੋਵਾਂ ਦੀ ਭੂਮਿਕਾ ਦੀ ਜਾਂਚ ਕਰੀਏ।

ਪਰਮੇਸ਼ੁਰ ਤੋਂ ਡਰਨ ਦਾ ਮਤਲਬ

ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀ ਭਗਤੀ ਨੂੰ ਸਵੀਕਾਰ ਕਰੇ, ਤਾਂ ਸ਼ਰਧਾਮਈ ਡਰ ਰੱਖਣਾ ਬਹੁਤ ਜ਼ਰੂਰੀ ਹੈ। ਬਾਈਬਲ ਕਹਿੰਦੀ ਹੈ: “ਯਹੋਵਾਹ ਦਾ ਡਰ ਬੁੱਧ ਦਾ ਮੂਲ ਹੈ।” (ਜ਼ਬੂਰ 111:10) ਪੌਲੁਸ ਰਸੂਲ ਨੇ ਲਿਖਿਆ: “ਆਓ, ਅਸੀਂ ਧੰਨਵਾਦ ਕਰੀਏ ਜਿਸ ਕਰਕੇ ਅਸੀਂ ਭਗਤੀ ਅਤੇ ਭੈ ਨਾਲ ਪਰਮੇਸ਼ੁਰ ਦੀ ਉਹ ਉਪਾਸਨਾ ਕਰੀਏ ਜੋ ਉਹ ਦੇ ਮਨ ਭਾਵੇ।” (ਇਬਰਾਨੀਆਂ 12:28) ਇਸੇ ਤਰ੍ਹਾਂ ਯੂਹੰਨਾ ਰਸੂਲ ਦੁਆਰਾ ਦੇਖੇ ਦਰਸ਼ਣ ਵਿਚ ਆਕਾਸ਼ ਵਿਚ ਉੱਡਦੇ ਹੋਏ ਇਕ ਦੂਤ ਨੇ ਇਨ੍ਹਾਂ ਸ਼ਬਦਾਂ ਨਾਲ ਖ਼ੁਸ਼ ਖ਼ਬਰੀ ਦਾ ਐਲਾਨ ਕਰਨਾ ਸ਼ੁਰੂ ਕੀਤਾ: “ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ।”​—ਪਰਕਾਸ਼ ਦੀ ਪੋਥੀ 14:6, 7.

ਪਰਮੇਸ਼ੁਰ ਦਾ ਇਹ ਡਰ ਜੋ ਮਕਸਦ ਭਰੀ ਜ਼ਿੰਦਗੀ ਜੀਉਣ ਲਈ ਬਹੁਤ ਲਾਜ਼ਮੀ ਹੈ, ਕੋਈ ਖੌਫ਼ ਨਹੀਂ ਹੈ। ਜੇ ਸਾਨੂੰ ਕੋਈ ਨਿਰਦਈ ਅਤੇ ਖ਼ਤਰਨਾਕ ਅਪਰਾਧੀ ਧਮਕੀ ਦੇਵੇ, ਤਾਂ ਅਸੀਂ ਸ਼ਾਇਦ ਖੌਫ਼ ਖਾਈਏ। ਪਰ ਪਰਮੇਸ਼ੁਰ ਦਾ ਡਰ ਆਪਣੇ ਸਿਰਜਣਹਾਰ ਪ੍ਰਤੀ ਗਹਿਰੀ ਸ਼ਰਧਾ ਦੀ ਭਾਵਨਾ ਹੈ। ਪਰਮੇਸ਼ੁਰ ਤੋਂ ਡਰਨ ਦਾ ਇਹ ਵੀ ਮਤਲਬ ਹੈ ਕਿ ਅਸੀਂ ਉਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਸਭ ਤੋਂ ਵੱਡਾ ਨਿਆਂਕਾਰ ਤੇ ਸਰਬਸ਼ਕਤੀਮਾਨ ਹੈ ਅਤੇ ਉਸ ਕੋਲ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੀ ਤਾਕਤ ਤੇ ਅਧਿਕਾਰ ਹੈ।

ਡਰ ਅਤੇ ਪਿਆਰ ਦੋਵੇਂ ਜ਼ਰੂਰੀ ਹਨ

ਪਰ ਯਹੋਵਾਹ ਨਹੀਂ ਚਾਹੁੰਦਾ ਕਿ ਲੋਕ ਸਿਰਫ਼ ਇਸ ਕਰਕੇ ਉਸ ਦੀ ਉਪਾਸਨਾ ਕਰਨ ਕਿਉਂਕਿ ਉਹ ਉਸ ਤੋਂ ਡਰਦੇ ਹਨ। ਯਹੋਵਾਹ ਤਾਂ ਪਿਆਰ ਦੀ ਮੂਰਤ ਹੈ। ਯੂਹੰਨਾ ਇਹ ਲਿਖਣ ਲਈ ਪ੍ਰੇਰਿਤ ਹੋਇਆ: “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਯਹੋਵਾਹ ਇਨਸਾਨਾਂ ਨਾਲ ਬੜੇ ਪਿਆਰ ਨਾਲ ਪੇਸ਼ ਆਉਂਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਸ ਦੇ ਪਿਆਰ ਦੇ ਬਦਲੇ ਇਨਸਾਨ ਵੀ ਉਸ ਨੂੰ ਪਿਆਰ ਕਰਨ। ਪਰ ਪਰਮੇਸ਼ੁਰ ਤੋਂ ਡਰਨ ਦੇ ਨਾਲ-ਨਾਲ ਉਸ ਨੂੰ ਪਿਆਰ ਕਿਵੇਂ ਕੀਤਾ ਜਾ ਸਕਦਾ ਹੈ? ਅਸਲ ਵਿਚ ਇਨ੍ਹਾਂ ਦੋਵਾਂ ਦਾ ਆਪਸ ਵਿਚ ਡੂੰਘਾ ਸੰਬੰਧ ਹੈ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਯਹੋਵਾਹ ਦਾ ਭੇਤ ਉਸ ਦੇ ਭੈ ਮੰਨਣ ਵਾਲਿਆਂ ਦੇ ਲਈ ਹੈ।”​—ਜ਼ਬੂਰ 25:14.

ਇਕ ਬੱਚੇ ਦੇ ਦਿਲ ਵਿਚ ਆਪਣੇ ਤਕੜੇ ਅਤੇ ਬੁੱਧੀਮਾਨ ਪਿਤਾ ਲਈ ਜੋ ਆਦਰ ਅਤੇ ਡਰ ਹੁੰਦਾ ਹੈ, ਜ਼ਰਾ ਉਸ ਬਾਰੇ ਸੋਚੋ। ਇਸ ਦੇ ਨਾਲ-ਨਾਲ ਬੱਚਾ ਆਪਣੇ ਪਿਤਾ ਦੇ ਪਿਆਰ ਦਾ ਹੁੰਗਾਰਾ ਵੀ ਭਰਦਾ ਹੈ। ਬੱਚਾ ਆਪਣੇ ਪਿਤਾ ਤੇ ਭਰੋਸਾ ਰੱਖਦਾ ਹੈ ਅਤੇ ਉਸ ਤੋਂ ਅਗਵਾਈ ਮੰਗਦਾ ਹੈ ਕਿਉਂਕਿ ਬੱਚੇ ਨੂੰ ਪਤਾ ਹੈ ਕਿ ਆਪਣੇ ਪਿਤਾ ਦੀ ਅਗਵਾਈ ਤੋਂ ਉਸ ਨੂੰ ਫ਼ਾਇਦਾ ਹੋਵੇਗਾ। ਇਸੇ ਤਰ੍ਹਾਂ ਜੇ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਤੇ ਉਸ ਤੋਂ ਡਰਦੇ ਹਾਂ, ਤਾਂ ਅਸੀਂ ਉਸ ਦੀ ਅਗਵਾਈ ਵਿਚ ਚੱਲਾਂਗੇ ਜਿਸ ਤੋਂ ਸਾਨੂੰ ਫ਼ਾਇਦਾ ਹੋਵੇਗਾ। ਧਿਆਨ ਦਿਓ ਕਿ ਯਹੋਵਾਹ ਨੇ ਇਸਰਾਏਲੀਆਂ ਦੇ ਸੰਬੰਧ ਵਿਚ ਕੀ ਕਿਹਾ ਸੀ: “ਭਲਾ ਹੁੰਦਾ ਜੇ ਉਨ੍ਹਾਂ ਵਿੱਚ ਅਜੇਹਾ ਮਨ ਹੁੰਦਾ ਕਿ ਓਹ ਮੈਥੋਂ ਡਰਦੇ ਅਤੇ ਸਦਾ ਮੇਰੇ ਸਾਰੇ ਹੁਕਮਾਂ ਨੂੰ ਮੰਨਦੇ ਤਾਂ ਜੋ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਸਦਾ ਤੀਕ ਭਲਾ ਹੁੰਦਾ।”​—ਬਿਵਸਥਾ ਸਾਰ 5:29.

ਜੀ ਹਾਂ, ਪਰਮੇਸ਼ੁਰ ਦਾ ਡਰ ਸਾਨੂੰ ਗ਼ੁਲਾਮ ਨਹੀਂ ਬਣਾਉਂਦਾ, ਸਗੋਂ ਆਜ਼ਾਦ ਕਰਦਾ ਹੈ। ਇਸ ਨਾਲ ਅਸੀਂ ਦੁਖੀ ਨਹੀਂ ਹੁੰਦੇ, ਸਗੋਂ ਸਾਡੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਜਾਂਦੀ ਹੈ। ਯਸਾਯਾਹ ਨੇ ਯਿਸੂ ਬਾਰੇ ਭਵਿੱਖਬਾਣੀ ਕੀਤੀ ਸੀ: “ਯਹੋਵਾਹ ਦੇ ਭੈ ਵਿੱਚ ਉਹ ਮਗਨ ਰਹੇਗਾ।” (ਯਸਾਯਾਹ 11:3) ਅਤੇ ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਦਾ ਭੈ ਮੰਨਦਾ ਹੈ, ਉਹ ਉਸ ਦੇ ਹੁਕਮਾਂ ਵਿੱਚ ਬਹੁਤ ਮਗਨ ਰਹਿੰਦਾ ਹੈ।”​—ਜ਼ਬੂਰ 112:1.

ਪਰ ਜੇ ਅਸੀਂ ਪਰਮੇਸ਼ੁਰ ਨੂੰ ਜਾਣਦੇ ਹੀ ਨਹੀਂ, ਤਾਂ ਅਸੀਂ ਨਾ ਤਾਂ ਉਸ ਤੋਂ ਡਰ ਸਕਦੇ ਹਾਂ ਤੇ ਨਾ ਹੀ ਉਸ ਨੂੰ ਪਿਆਰ ਕਰ ਸਕਦੇ ਹਾਂ। ਇਸੇ ਲਈ ਬਾਈਬਲ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ। ਬਾਈਬਲ ਦਾ ਅਧਿਐਨ ਕਰਨ ਨਾਲ ਅਸੀਂ ਪਰਮੇਸ਼ੁਰ ਦੀ ਸ਼ਖ਼ਸੀਅਤ ਬਾਰੇ ਜਾਣ ਸਕਦੇ ਹਾਂ ਅਤੇ ਉਸ ਦੀ ਅਗਵਾਈ ਵਿਚ ਚੱਲਣ ਦੀ ਸਿਆਣਪ ਨੂੰ ਸਮਝ ਸਕਦੇ ਹਾਂ। ਜਿੱਦਾਂ-ਜਿੱਦਾਂ ਅਸੀਂ ਪਰਮੇਸ਼ੁਰ ਦੇ ਨੇੜੇ ਜਾਵਾਂਗੇ, ਅਸੀਂ ਉਸ ਦੀ ਇੱਛਾ ਪੂਰੀ ਕਰਨੀ ਚਾਹਾਂਗੇ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਹੋਵਾਂਗੇ ਕਿਉਂਕਿ ਸਾਨੂੰ ਪਤਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਸਾਡਾ ਹੀ ਫ਼ਾਇਦਾ ਹੋਵੇਗਾ।​—1 ਯੂਹੰਨਾ 5:3.

ਇਹ ਜਾਣ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਜ਼ਿੰਦਗੀ ਦੇ ਸਹੀ ਰਾਹ ਉੱਤੇ ਚੱਲ ਰਹੇ ਹਾਂ। ਬਿਲ, ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ, ਨੇ ਵੀ ਇਹੋ ਖ਼ੁਸ਼ੀ ਪ੍ਰਾਪਤ ਕੀਤੀ ਹੈ। ਹਾਲ ਹੀ ਵਿਚ ਉਸ ਨੇ ਕਿਹਾ: “ਪਹਿਲੀ ਵਾਰ ਬਾਈਬਲ ਦਾ ਅਧਿਐਨ ਕਰਨ ਤੋਂ ਲੈ ਕੇ ਹੁਣ ਤਕ ਨੌਂ ਸਾਲ ਗੁਜ਼ਰ ਚੁੱਕੇ ਹਨ ਤੇ ਇਨ੍ਹਾਂ ਸਾਲਾਂ ਦੌਰਾਨ ਯਹੋਵਾਹ ਨਾਲ ਮੇਰਾ ਰਿਸ਼ਤਾ ਮਜ਼ਬੂਤ ਹੋਇਆ ਹੈ। ਸ਼ੁਰੂ-ਸ਼ੁਰੂ ਵਿਚ ਮੈਨੂੰ ਜੋ ਬੇਹੱਦ ਖ਼ੁਸ਼ੀ ਮਿਲੀ ਸੀ, ਉਹ ਹੁਣ ਮੇਰੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕੀ ਹੈ। ਮੈਂ ਜ਼ਿੰਦਗੀ ਬਾਰੇ ਹਮੇਸ਼ਾ ਆਸ਼ਾਵਾਦੀ ਨਜ਼ਰੀਆ ਰੱਖਦਾ ਹਾਂ। ਮੈਂ ਐਸ਼ੋ-ਆਰਾਮ ਪਿੱਛੇ ਨਹੀਂ ਭੱਜਦਾ ਸਗੋਂ ਹਮੇਸ਼ਾ ਮਕਸਦ ਭਰੇ ਕੰਮਾਂ ਵਿਚ ਲੱਗਾ ਰਹਿੰਦਾ ਹਾਂ। ਯਹੋਵਾਹ ਮੇਰੇ ਲਈ ਇਕ ਅਸਲੀ ਵਿਅਕਤੀ ਹੈ ਅਤੇ ਮੈਂ ਜਾਣਦਾ ਹਾਂ ਕਿ ਉਹ ਮੇਰਾ ਭਲਾ ਹੀ ਚਾਹੁੰਦਾ ਹੈ।”

ਅਗਲੇ ਲੇਖ ਵਿਚ ਅਸੀਂ ਇਸ ਗੱਲ ਤੇ ਹੋਰ ਜ਼ਿਆਦਾ ਚਰਚਾ ਕਰਾਂਗੇ ਕਿ ਯਹੋਵਾਹ ਦਾ ਗਿਆਨ ਕਿਵੇਂ ਉਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ੁਸ਼ੀਆਂ ਨਾਲ ਭਰ ਦਿੰਦਾ ਹੈ ਜਿਹੜੇ ਇਸ ਅਨੁਸਾਰ ਆਪਣੀ ਜ਼ਿੰਦਗੀ ਜੀਉਂਦੇ ਹਨ ਤੇ ਉਨ੍ਹਾਂ ਨੂੰ ਇਸ ਤੋਂ ਕੀ ਫ਼ਾਇਦਾ ਹੁੰਦਾ ਹੈ।

[ਸਫ਼ੇ 5 ਉੱਤੇ ਸੁਰਖੀ]

ਪਰਮੇਸ਼ੁਰ ਦੇ ਨੇੜੇ ਜਾਣ ਦਾ ਮਤਲਬ ਹੈ ਕਿ ਅਸੀਂ ਉਸ ਨੂੰ ਪਿਆਰ ਵੀ ਕਰੀਏ ਤੇ ਉਸ ਤੋਂ ਡਰੀਏ ਵੀ

[ਸਫ਼ੇ 6 ਉੱਤੇ ਤਸਵੀਰ]

ਯਿਸੂ ਯਹੋਵਾਹ ਦਾ ਡਰ ਰੱਖ ਕੇ ਬਹੁਤ ਖ਼ੁਸ਼ ਸੀ