Skip to content

Skip to table of contents

ਬਾਈਬਲ ਨੂੰ ਸਮਝਣ ਲਈ ਮਦਦ

ਬਾਈਬਲ ਨੂੰ ਸਮਝਣ ਲਈ ਮਦਦ

ਬਾਈਬਲ ਨੂੰ ਸਮਝਣ ਲਈ ਮਦਦ

ਬਾਈਬਲ ਇਕ ਬੇਜੋੜ ਕਿਤਾਬ ਹੈ। ਇਸ ਦੇ ਲਿਖਾਰੀਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਇਸ ਨੂੰ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖਿਆ ਅਤੇ ਇਸ ਦਾਅਵੇ ਨੂੰ ਸਹੀ ਸਾਬਤ ਕਰਨ ਲਈ ਬਾਈਬਲ ਆਪ ਵੀ ਬਹੁਤ ਸਾਰੇ ਸਬੂਤ ਪੇਸ਼ ਕਰਦੀ ਹੈ। (2 ਤਿਮੋਥਿਉਸ 3:16) ਬਾਈਬਲ ਵਿਚ ਬਹੁਤ ਸਾਰੀ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਕਿ ਜੀਵਨ ਦੀ ਸ਼ੁਰੂਆਤ ਕਿੱਦਾਂ ਹੋਈ, ਸਾਡੇ ਜੀਵਨ ਦਾ ਮਕਸਦ ਕੀ ਹੈ ਅਤੇ ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ। ਯਕੀਨਨ ਸਾਨੂੰ ਇਸ ਕਿਤਾਬ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ!

ਸ਼ਾਇਦ ਤੁਸੀਂ ਬਾਈਬਲ ਪੜ੍ਹਨ ਦੀ ਕੋਸ਼ਿਸ਼ ਕੀਤੀ ਹੋਵੇ ਪਰ ਤੁਹਾਨੂੰ ਇਸ ਵਿਚ ਲਿਖੀਆਂ ਗੱਲਾਂ ਸਮਝ ਨਹੀਂ ਆਈਆਂ। ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ। ਘਬਰਾਓ ਨਾ। ਤੁਹਾਡੀ ਹਾਲਤ ਪਹਿਲੀ ਸਦੀ ਦੇ ਇਕ ਆਦਮੀ ਵਰਗੀ ਹੈ। ਉਹ ਆਪਣੇ ਰਥ ਵਿਚ ਯਰੂਸ਼ਲਮ ਤੋਂ ਆਪਣੇ ਜੱਦੀ ਦੇਸ਼ ਹਬਸ਼ ਜਾਂ ਇਥੋਪੀਆ ਜਾ ਰਿਹਾ ਸੀ। ਇਹ ਇਥੋਪੀਆਈ ਅਫ਼ਸਰ ਸੱਤ ਸੌ ਤੋਂ ਵੱਧ ਸਾਲ ਪਹਿਲਾਂ ਲਿਖੀ ਬਾਈਬਲ ਦੀ ਯਸਾਯਾਹ ਨਾਮਕ ਭਵਿੱਖ-ਸੂਚਕ ਕਿਤਾਬ ਉੱਚੀ ਆਵਾਜ਼ ਵਿਚ ਪੜ੍ਹ ਰਿਹਾ ਸੀ।

ਅਚਾਨਕ ਇਕ ਆਦਮੀ ਨੇ ਉਸ ਦੇ ਰਥ ਦੇ ਨਾਲ-ਨਾਲ ਭੱਜਦੇ ਹੋਏ ਉਸ ਨਾਲ ਗੱਲ ਕਰਨੀ ਸ਼ੁਰੂ ਕੀਤੀ। ਉਹ ਆਦਮੀ ਯਿਸੂ ਦਾ ਇਕ ਚੇਲਾ, ਫ਼ਿਲਿੱਪੁਸ ਸੀ ਅਤੇ ਉਸ ਨੇ ਇਥੋਪੀਆਈ ਆਦਮੀ ਨੂੰ ਪੁੱਛਿਆ: “ਜੋ ਕੁਝ ਤੁਸੀਂ ਵਾਚਦੇ ਹੋ ਸਮਝਦੇ ਭੀ ਹੋ?” ਉਸ ਇਥੋਪੀਆਈ ਆਦਮੀ ਨੇ ਜਵਾਬ ਦਿੱਤਾ: “ਜਦ ਤਾਈਂ ਕੋਈ ਮੈਨੂੰ ਰਾਹ ਨਾ ਦੱਸੇ ਇਹ ਮੈਥੋਂ ਕਿਕੂੰ ਹੋ ਸੱਕੇ?” ਫਿਰ ਉਸ ਨੇ ਫ਼ਿਲਿੱਪੁਸ ਨੂੰ ਆਪਣੇ ਰਥ ਵਿਚ ਬਿਠਾ ਲਿਆ। ਉਹ ਆਦਮੀ ਯਸਾਯਾਹ ਦੀ ਕਿਤਾਬ ਦਾ ਜਿਹੜਾ ਹਿੱਸਾ ਪੜ੍ਹ ਰਿਹਾ ਸੀ, ਫ਼ਿਲਿੱਪੁਸ ਨੇ ਉਸ ਨੂੰ ਉਹ ਹਿੱਸਾ ਸਮਝਾਇਆ ਅਤੇ ਉਸ ਨੂੰ ‘ਯਿਸੂ ਦੀ ਖੁਸ਼ ਖਬਰੀ ਸੁਣਾਈ।’​—ਰਸੂਲਾਂ ਦੇ ਕਰਤੱਬ 8:30-35.

ਜਿਵੇਂ ਬਹੁਤ ਸਾਲ ਪਹਿਲਾਂ ਫ਼ਿਲਿੱਪੁਸ ਨੇ ਪਰਮੇਸ਼ੁਰ ਦਾ ਬਚਨ ਸਮਝਣ ਵਿਚ ਉਸ ਇਥੋਪੀਆਈ ਆਦਮੀ ਦੀ ਮਦਦ ਕੀਤੀ ਸੀ, ਉਸੇ ਤਰ੍ਹਾਂ ਅੱਜ ਯਹੋਵਾਹ ਦੇ ਗਵਾਹ ਬਾਈਬਲ ਸਮਝਣ ਵਿਚ ਦੂਜਿਆਂ ਦੀ ਮਦਦ ਕਰਦੇ ਹਨ। ਉਹ ਤੁਹਾਡੀ ਵੀ ਮਦਦ ਕਰ ਕੇ ਖ਼ੁਸ਼ ਹੋਣਗੇ। ਆਮ ਤੌਰ ਤੇ, ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਤੋਂ ਸ਼ੁਰੂ ਕਰਦੇ ਹੋਏ ਇਸ ਦਾ ਤਰਤੀਬਵਾਰ ਅਧਿਐਨ ਕਰਨਾ ਸਭ ਤੋਂ ਵਧੀਆ ਹੁੰਦਾ ਹੈ। (ਇਬਰਾਨੀਆਂ 6:1) ਜਿੱਦਾਂ-ਜਿੱਦਾਂ ਤੁਸੀਂ ਤਰੱਕੀ ਕਰਦੇ ਜਾਓਗੇ, ਤੁਸੀਂ ਡੂੰਘੀਆਂ ਸੱਚਾਈਆਂ, ਜਿਨ੍ਹਾਂ ਨੂੰ ਪੌਲੁਸ ਰਸੂਲ ਨੇ “ਅੰਨ” ਕਿਹਾ ਸੀ, ਲੈਣ ਦੇ ਕਾਬਲ ਹੋ ਜਾਓਗੇ। (ਇਬਰਾਨੀਆਂ 5:14) ਭਾਵੇਂ ਕਿ ਤੁਸੀਂ ਆਪਣੀ ਬਾਈਬਲ ਦਾ ਅਧਿਐਨ ਕਰ ਰਹੇ ਹੋ, ਪਰ ਇਸ ਨੂੰ ਸਮਝਣ ਲਈ ਦੂਸਰੀਆਂ ਕਿਤਾਬਾਂ ਤੁਹਾਡੀ ਵੱਖਰੇ-ਵੱਖਰੇ ਵਿਸ਼ਿਆਂ ਉੱਤੇ ਆਇਤਾਂ ਲੱਭਣ ਅਤੇ ਉਨ੍ਹਾਂ ਨੂੰ ਸਮਝਣ ਵਿਚ ਮਦਦ ਕਰ ਸਕਦੀਆਂ ਹਨ।

ਅਧਿਐਨ ਕਰਨ ਵਾਸਤੇ ਤੁਹਾਡੀ ਸਹੂਲੀਅਤ ਅਨੁਸਾਰ ਸਮੇਂ ਅਤੇ ਜਗ੍ਹਾ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਕੁਝ ਲੋਕ ਟੈਲੀਫ਼ੋਨ ਉੱਤੇ ਅਧਿਐਨ ਕਰਦੇ ਹਨ। ਅਧਿਐਨ ਕਰਨ ਲਈ ਕਲਾਸਾਂ ਨਹੀਂ ਲਗਾਈਆਂ ਜਾਂਦੀਆਂ। ਸਗੋਂ ਤੁਹਾਡੇ ਨਿੱਜੀ ਹਾਲਾਤਾਂ, ਪਿਛੋਕੜ ਅਤੇ ਪੜ੍ਹਾਈ-ਲਿਖਾਈ ਦਾ ਧਿਆਨ ਰੱਖਦੇ ਹੋਏ ਤੁਹਾਡੇ ਲਈ ਨਿੱਜੀ ਪ੍ਰਬੰਧ ਕੀਤਾ ਜਾਂਦਾ ਹੈ। ਤੁਹਾਨੂੰ ਬਾਈਬਲ ਅਧਿਐਨ ਕਰਨ ਲਈ ਫ਼ੀਸ ਦੇਣ ਦੀ ਲੋੜ ਨਹੀਂ ਹੈ। (ਮੱਤੀ 10:8) ਕੋਈ ਇਮਤਿਹਾਨ ਨਹੀਂ ਲਏ ਜਾਂਦੇ ਅਤੇ ਤੁਹਾਨੂੰ ਸ਼ਰਮਿੰਦਾ ਮਹਿਸੂਸ ਨਹੀਂ ਕਰਵਾਇਆ ਜਾਵੇਗਾ। ਤੁਹਾਡੇ ਸਵਾਲਾਂ ਦਾ ਜਵਾਬ ਦਿੱਤਾ ਜਾਵੇਗਾ ਅਤੇ ਤੁਸੀਂ ਪਰਮੇਸ਼ੁਰ ਦੇ ਨੇੜੇ ਆਉਣਾ ਸਿੱਖੋਗੇ। ਪਰ ਤੁਹਾਨੂੰ ਬਾਈਬਲ ਦਾ ਅਧਿਐਨ ਕਿਉਂ ਕਰਨਾ ਚਾਹੀਦਾ ਹੈ? ਕੁਝ ਕਾਰਨਾਂ ਵੱਲ ਧਿਆਨ ਦਿਓ ਕਿ ਬਾਈਬਲ ਦਾ ਅਧਿਐਨ ਕਰਨ ਨਾਲ ਤੁਹਾਡੀ ਜ਼ਿੰਦਗੀ ਕਿਉਂ ਖ਼ੁਸ਼ੀਆਂ ਨਾਲ ਭਰ ਸਕਦੀ ਹੈ।