Skip to content

Skip to table of contents

ਯਹੋਵਾਹ ਦੇ ਗਿਆਨ ਵਿਚ ਖ਼ੁਸ਼ੀ ਮਨਾਓ

ਯਹੋਵਾਹ ਦੇ ਗਿਆਨ ਵਿਚ ਖ਼ੁਸ਼ੀ ਮਨਾਓ

ਯਹੋਵਾਹ ਦੇ ਗਿਆਨ ਵਿਚ ਖ਼ੁਸ਼ੀ ਮਨਾਓ

“ਧੰਨ ਹੋਣਗੇ ਓਹ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।”​—ਲੂਕਾ 11:28.

1. ਯਹੋਵਾਹ ਨੇ ਇਨਸਾਨਾਂ ਨਾਲ ਕਦੋਂ ਗੱਲ ਕਰਨੀ ਸ਼ੁਰੂ ਕੀਤੀ?

ਯਹੋਵਾਹ ਇਨਸਾਨਾਂ ਦੇ ਨਾਲ ਬਹੁਤ ਪਿਆਰ ਕਰਦਾ ਹੈ ਤੇ ਉਨ੍ਹਾਂ ਦੀ ਭਲਾਈ ਵਿਚ ਗਹਿਰੀ ਦਿਲਚਸਪੀ ਲੈਂਦਾ ਹੈ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਹ ਉਨ੍ਹਾਂ ਨੂੰ ਆਪਣਾ ਗਿਆਨ ਦਿੰਦਾ ਹੈ। ਉਸ ਨੇ ਅਦਨ ਦੇ ਬਾਗ਼ ਵਿਚ ਗਿਆਨ ਦੇਣਾ ਸ਼ੁਰੂ ਕੀਤਾ ਸੀ। ਉਤਪਤ 3:8 ਦੇ ਅਨੁਸਾਰ ਇਕ ਵਾਰ “ਠੰਡੇ ਵੇਲੇ” ਆਦਮ ਤੇ ਹੱਵਾਹ ਨੇ “ਯਹੋਵਾਹ ਪਰਮੇਸ਼ੁਰ ਦੀ ਅਵਾਜ਼ ਸੁਣੀ।” ਕੁਝ ਲੋਕ ਕਹਿੰਦੇ ਹਨ ਕਿ ਇਸ ਦਾ ਮਤਲਬ ਹੈ ਕਿ ਯਹੋਵਾਹ ਤਕਰੀਬਨ ਹਰ ਰੋਜ਼ ਇਸੇ ਵੇਲੇ ਆਦਮ ਨਾਲ ਗੱਲਾਂ ਕਰਦਾ ਸੀ। ਜੋ ਵੀ ਸੀ, ਬਾਈਬਲ ਵਿਚ ਇਹ ਸਪੱਸ਼ਟ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਨੇ ਪਹਿਲੇ ਆਦਮੀ ਨੂੰ ਸਿਰਫ਼ ਹਿਦਾਇਤਾਂ ਦੇਣ ਲਈ ਹੀ ਸਮਾਂ ਨਹੀਂ ਕੱਢਿਆ ਸਗੋਂ ਉਸ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੀ ਸਿਖਲਾਈ ਵੀ ਦਿੱਤੀ ਸੀ।​—ਉਤਪਤ 1:28-30.

2. ਪਹਿਲੇ ਜੋੜੇ ਨੇ ਯਹੋਵਾਹ ਦੀ ਅਗਵਾਈ ਨੂੰ ਕਿੱਦਾਂ ਠੁਕਰਾਇਆ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

2 ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਜ਼ਿੰਦਗੀ ਦਿੱਤੀ ਅਤੇ ਉਨ੍ਹਾਂ ਨੂੰ ਜਾਨਵਰਾਂ ਤੇ ਪੂਰੀ ਧਰਤੀ ਉੱਤੇ ਅਧਿਕਾਰ ਦਿੱਤਾ। ਉਨ੍ਹਾਂ ਉੱਤੇ ਸਿਰਫ਼ ਇਕ ਰੋਕ ਲਾਈ ਸੀ—ਉਨ੍ਹਾਂ ਨੇ ਭਲੇ ਬੁਰੇ ਦੀ ਸਿਆਣ ਦੇ ਦਰਖ਼ਤ ਦਾ ਫਲ ਨਹੀਂ ਖਾਣਾ ਸੀ। ਸ਼ਤਾਨ ਦੀਆਂ ਗੱਲਾਂ ਵਿਚ ਆ ਕੇ ਆਦਮ ਤੇ ਹੱਵਾਹ ਨੇ ਪਰਮੇਸ਼ੁਰ ਦੇ ਇਸ ਹੁਕਮ ਨੂੰ ਤੋੜ ਦਿੱਤਾ। (ਉਤਪਤ 2:16, 17; 3:1-6) ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜੀਉਣ ਅਤੇ ਆਪਣੇ ਭਲੇ-ਬੁਰੇ ਦਾ ਆਪ ਫ਼ੈਸਲਾ ਕਰਨ ਦੀ ਚੋਣ ਕੀਤੀ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਆਪਣੇ ਪਿਆਰ ਕਰਨ ਵਾਲੇ ਸਿਰਜਣਹਾਰ ਦੀ ਅਗਵਾਈ ਵਿਚ ਨਾ ਚੱਲਣ ਦੀ ਮੂਰਖਤਾ ਕੀਤੀ। ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਅਣਜੰਮੀ ਔਲਾਦ ਨੂੰ ਇਸ ਦੇ ਦੁਖਦਾਈ ਨਤੀਜੇ ਭੁਗਤਣੇ ਪਏ। ਆਦਮ ਤੇ ਹੱਵਾਹ ਬੁੱਢੇ ਹੋ ਕੇ ਮਰ ਗਏ ਅਤੇ ਉਨ੍ਹਾਂ ਲਈ ਪੁਨਰ-ਉਥਾਨ ਦੀ ਕੋਈ ਆਸ਼ਾ ਨਹੀਂ ਹੈ। ਉਨ੍ਹਾਂ ਦੀ ਔਲਾਦ ਨੂੰ ਵਿਰਸੇ ਵਿਚ ਪਾਪ ਮਿਲਿਆ ਜਿਸ ਕਰਕੇ ਉਹ ਮਰਦੇ ਹਨ।​—ਰੋਮੀਆਂ 5:12.

3. ਯਹੋਵਾਹ ਨੇ ਕਇਨ ਦੇ ਨਾਲ ਕਿਉਂ ਗੱਲ ਕੀਤੀ ਸੀ ਅਤੇ ਕਇਨ ਨੇ ਕਿਸ ਤਰ੍ਹਾਂ ਦਾ ਰਵੱਈਆ ਦਿਖਾਇਆ ਸੀ?

3 ਅਦਨ ਵਿਚ ਬਗਾਵਤ ਹੋਣ ਦੇ ਬਾਵਜੂਦ ਵੀ ਯਹੋਵਾਹ ਨੇ ਆਪਣੀ ਮਨੁੱਖੀ ਸ੍ਰਿਸ਼ਟੀ ਨੂੰ ਗਿਆਨ ਦੇਣਾ ਜਾਰੀ ਰੱਖਿਆ। ਇਕ ਵਾਰ ਆਦਮ ਤੇ ਹੱਵਾਹ ਦਾ ਜੇਠਾ ਪੁੱਤਰ ਕਇਨ ਪਾਪ ਕਰਨ ਜਾ ਰਿਹਾ ਸੀ। ਯਹੋਵਾਹ ਨੇ ਉਸ ਨੂੰ ਤਾੜਿਆ ਕਿ ਉਹ ਮੁਸੀਬਤ ਵੱਲ ਵਧ ਰਿਹਾ ਸੀ ਤੇ ਉਸ ਨੂੰ ਸਲਾਹ ਦਿੱਤੀ ਕਿ ਉਹ ਭੈੜੇ ਰਾਹ ਤੋਂ ਮੁੜ ਕੇ ‘ਭਲਾ ਕਰੇ।’ ਪਰ ਕਇਨ ਨੇ ਇਸ ਪਿਆਰ ਭਰੀ ਸਲਾਹ ਨੂੰ ਨਹੀਂ ਮੰਨਿਆ ਤੇ ਆਪਣੇ ਭਰਾ ਦਾ ਕਤਲ ਕਰ ਦਿੱਤਾ। (ਉਤਪਤ 4:3-8) ਇਸ ਤਰ੍ਹਾਂ ਧਰਤੀ ਉੱਤੇ ਪਹਿਲੇ ਤਿੰਨ ਇਨਸਾਨਾਂ ਨੇ ਆਪਣੇ ਜੀਵਨਦਾਤਾ ਅਤੇ ਪਰਮੇਸ਼ੁਰ ਦੀ ਅਗਵਾਈ ਨੂੰ ਠੁਕਰਾ ਦਿੱਤਾ ਜਿਹੜਾ ਆਪਣੇ ਲੋਕਾਂ ਦੇ ਹੀ ਫ਼ਾਇਦੇ ਲਈ ਸਿੱਖਿਆ ਦਿੰਦਾ ਹੈ। (ਯਸਾਯਾਹ 48:17) ਇਸ ਤੋਂ ਯਹੋਵਾਹ ਨੂੰ ਕਿੰਨੀ ਨਿਰਾਸ਼ਾ ਹੋਈ ਹੋਣੀ!

ਯਹੋਵਾਹ ਨੇ ਪੁਰਾਣੇ ਸਮੇਂ ਵਿਚ ਆਪਣੇ ਭਗਤਾਂ ਨੂੰ ਗਿਆਨ ਦਿੱਤਾ

4. ਆਦਮ ਦੀ ਔਲਾਦ ਦੇ ਸੰਬੰਧ ਵਿਚ ਯਹੋਵਾਹ ਨੂੰ ਕੀ ਭਰੋਸਾ ਸੀ ਅਤੇ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਨੇ ਆਸ਼ਾ ਦਾ ਕਿਹੜਾ ਸੰਦੇਸ਼ ਦਿੱਤਾ ਸੀ?

4 ਇਸ ਕਰਕੇ ਯਹੋਵਾਹ ਇਨਸਾਨਾਂ ਨੂੰ ਗਿਆਨ ਦੇਣਾ ਬੰਦ ਕਰ ਸਕਦਾ ਸੀ ਕਿਉਂਕਿ ਇਸ ਤਰ੍ਹਾਂ ਕਰਨ ਦਾ ਉਸ ਕੋਲ ਪੂਰਾ ਅਧਿਕਾਰ ਸੀ, ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ। ਉਸ ਨੂੰ ਪੂਰਾ ਭਰੋਸਾ ਸੀ ਕਿ ਆਦਮ ਦੀ ਔਲਾਦ ਵਿੱਚੋਂ ਕੁਝ ਲੋਕ ਉਸ ਦੀ ਅਗਵਾਈ ਵਿਚ ਚੱਲਣ ਦੀ ਸਮਝਦਾਰੀ ਦਿਖਾਉਣਗੇ। ਉਦਾਹਰਣ ਲਈ, ਆਦਮ ਅਤੇ ਹੱਵਾਹ ਨੂੰ ਸਜ਼ਾ ਸੁਣਾਉਂਦੇ ਹੋਏ ਯਹੋਵਾਹ ਨੇ ਇਕ “ਸੰਤਾਨ” ਬਾਰੇ ਵੀ ਭਵਿੱਖਬਾਣੀ ਕੀਤੀ ਸੀ ਜਿਹੜੀ ਸੱਪ ਯਾਨੀ ਸ਼ਤਾਨ ਦੇ ਵਿਰੋਧ ਵਿਚ ਖੜ੍ਹੇਗੀ। ਸਮਾਂ ਆਉਣ ਤੇ ਸ਼ਤਾਨ ਦਾ ਸਿਰ ਫੇਹ ਦਿੱਤਾ ਜਾਵੇਗਾ। (ਉਤਪਤ 3:15) ਇਹ ਭਵਿੱਖਬਾਣੀ ਉਨ੍ਹਾਂ ਲੋਕਾਂ ਲਈ ਆਸ਼ਾ ਦਾ ਖ਼ੁਸ਼ੀ ਭਰਿਆ ਸੰਦੇਸ਼ ਸੀ ‘ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਸਨ।’​—ਲੂਕਾ 11:28.

5, 6. ਯਹੋਵਾਹ ਨੇ ਪਹਿਲੀ ਸਦੀ ਸਾ.ਯੁ. ਤੋਂ ਪਹਿਲਾਂ ਆਪਣੇ ਲੋਕਾਂ ਨੂੰ ਕਿੱਦਾਂ ਗਿਆਨ ਦਿੱਤਾ ਸੀ ਅਤੇ ਇਸ ਤੋਂ ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ?

5 ਯਹੋਵਾਹ ਨੇ ਨੂਹ, ਅਬਰਾਹਾਮ, ਇਸਹਾਕ, ਯਾਕੂਬ ਅਤੇ ਅੱਯੂਬ ਵਰਗੇ ਪੁਰਾਣੇ ਸਮੇਂ ਦੇ ਵਫ਼ਾਦਾਰ ਕੁਲ-ਪਿਤਾਵਾਂ ਨੂੰ ਆਪਣੀ ਇੱਛਾ ਦੱਸੀ। (ਉਤਪਤ 6:13; ਕੂਚ 33:1; ਅੱਯੂਬ 38:1-3) ਬਾਅਦ ਵਿਚ ਮੂਸਾ ਦੇ ਜ਼ਰੀਏ ਉਸ ਨੇ ਇਸਰਾਏਲ ਕੌਮ ਨੂੰ ਬਿਵਸਥਾ ਦਿੱਤੀ। ਇਸਰਾਏਲੀਆਂ ਨੂੰ ਮੂਸਾ ਦੀ ਬਿਵਸਥਾ ਦੇ ਬਹੁਤ ਸਾਰੇ ਫ਼ਾਇਦੇ ਹੋਏ। ਇਸ ਉੱਤੇ ਚੱਲਣ ਨਾਲ ਇਸਰਾਏਲੀ ਪਰਮੇਸ਼ੁਰ ਦੇ ਖ਼ਾਸ ਲੋਕ ਬਣੇ ਅਤੇ ਦੂਸਰੀਆਂ ਕੌਮਾਂ ਤੋਂ ਵੱਖਰੇ ਹੋ ਗਏ। ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਯਕੀਨ ਦਿਵਾਇਆ ਸੀ ਕਿ ਜੇ ਉਹ ਬਿਵਸਥਾ ਉੱਤੇ ਚੱਲਣਗੇ, ਤਾਂ ਉਹ ਉਨ੍ਹਾਂ ਨੂੰ ਸਿਰਫ਼ ਭੌਤਿਕ ਬਰਕਤਾਂ ਹੀ ਨਹੀਂ, ਸਗੋਂ ਅਧਿਆਤਮਿਕ ਬਰਕਤਾਂ ਵੀ ਦੇਵੇਗਾ ਅਤੇ ਉਨ੍ਹਾਂ ਨੂੰ ਜਾਜਕਾਂ ਦੀ ਬਾਦਸ਼ਾਹੀ ਅਤੇ ਇਕ ਪਵਿੱਤਰ ਕੌਮ ਬਣਾਵੇਗਾ। ਬਿਵਸਥਾ ਵਿਚ ਖਾਣ-ਪੀਣ ਅਤੇ ਸਫ਼ਾਈ ਸੰਬੰਧੀ ਨਿਯਮ ਵੀ ਦਿੱਤੇ ਗਏ ਸਨ ਜਿਨ੍ਹਾਂ ਕਰਕੇ ਲੋਕਾਂ ਦੀ ਸਿਹਤ ਵਧੀਆ ਬਣੀ। ਪਰ ਯਹੋਵਾਹ ਨੇ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਜੇ ਉਹ ਉਸ ਦੀ ਅਣਆਗਿਆਕਾਰੀ ਕਰਨਗੇ, ਤਾਂ ਉਨ੍ਹਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣੇ ਸਨ।​—ਕੂਚ 19:5, 6; ਬਿਵਸਥਾ ਸਾਰ 28:1-68.

6 ਸਮੇਂ ਦੇ ਗੁਜ਼ਰਨ ਨਾਲ ਬਾਈਬਲ ਵਿਚ ਹੋਰ ਪ੍ਰੇਰਿਤ ਕਿਤਾਬਾਂ ਜੋੜੀਆਂ ਗਈਆਂ। ਇਤਿਹਾਸਕ ਬਿਰਤਾਂਤਾਂ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਕੌਮਾਂ ਨਾਲ ਕਿੱਦਾਂ ਪੇਸ਼ ਆਇਆ। ਕਵਿਤਾਵਾਂ ਦੇ ਰੂਪ ਵਿਚ ਲਿਖੀਆਂ ਕਿਤਾਬਾਂ ਵਿਚ ਉਸ ਦੇ ਗੁਣਾਂ ਬਾਰੇ ਬਹੁਤ ਹੀ ਸੋਹਣੇ ਢੰਗ ਨਾਲ ਦੱਸਿਆ ਗਿਆ ਹੈ। ਭਵਿੱਖ-ਸੂਚਕ ਕਿਤਾਬਾਂ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਭਵਿੱਖ ਵਿਚ ਆਪਣੀ ਇੱਛਾ ਕਿੱਦਾਂ ਪੂਰੀ ਕਰੇਗਾ। ਪੁਰਾਣੇ ਸਮੇਂ ਦੇ ਵਫ਼ਾਦਾਰ ਭਗਤ ਬਹੁਤ ਧਿਆਨ ਨਾਲ ਇਨ੍ਹਾਂ ਪ੍ਰੇਰਿਤ ਲਿਖਤਾਂ ਦਾ ਅਧਿਐਨ ਕਰ ਕੇ ਇਨ੍ਹਾਂ ਉੱਤੇ ਚੱਲੇ। ਇਕ ਭਗਤ ਨੇ ਲਿਖਿਆ: “ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।” (ਜ਼ਬੂਰ 119:105) ਜਿਹੜੇ ਲੋਕ ਯਹੋਵਾਹ ਦੀ ਗੱਲ ਸੁਣਨ ਲਈ ਤਿਆਰ ਸਨ, ਉਸ ਨੇ ਉਨ੍ਹਾਂ ਨੂੰ ਗਿਆਨ ਅਤੇ ਸਿਖਲਾਈ ਦਿੱਤੀ।

ਚਾਨਣ ਵਧਦਾ ਜਾਂਦਾ ਹੈ

7. ਭਾਵੇਂ ਯਿਸੂ ਨੇ ਬਹੁਤ ਸਾਰੇ ਚਮਤਕਾਰ ਕੀਤੇ ਸਨ, ਪਰ ਉਹ ਆਪਣੇ ਕਿਸ ਕੰਮ ਕਰਕੇ ਜਾਣਿਆ ਜਾਂਦਾ ਸੀ ਤੇ ਕਿਉਂ?

7 ਪਹਿਲੀ ਸਦੀ ਤਕ ਯਹੂਦੀ ਧਾਰਮਿਕ ਸਮੂਹਾਂ ਨੇ ਬਿਵਸਥਾ ਵਿਚ ਮਨੁੱਖੀ ਰੀਤਾਂ ਨੂੰ ਵੀ ਜੋੜ ਦਿੱਤਾ ਸੀ। ਬਿਵਸਥਾ ਦੇ ਗ਼ਲਤ ਅਰਥ ਕੱਢੇ ਜਾਂਦੇ ਸਨ ਅਤੇ ਇਹ ਗਿਆਨ ਦਾ ਸੋਮਾ ਹੋਣ ਦੀ ਬਜਾਇ ਮਨੁੱਖੀ ਰੀਤਾਂ ਕਰਕੇ ਬੋਝ ਬਣ ਗਈ ਸੀ। (ਮੱਤੀ 23:2-4) ਪਰ 29 ਸਾ.ਯੁ. ਵਿਚ ਯਿਸੂ ਮਸੀਹਾ ਬਣਿਆ। ਉਸ ਦਾ ਮਕਸਦ ਸਿਰਫ਼ ਮਨੁੱਖਜਾਤੀ ਲਈ ਆਪਣੀ ਜ਼ਿੰਦਗੀ ਦੇਣੀ ਹੀ ਨਹੀਂ ਸੀ, ਪਰ ‘ਸਚਿਆਈ ਉੱਤੇ ਸਾਖੀ ਦੇਣੀ’ ਵੀ ਸੀ। ਭਾਵੇਂ ਕਿ ਉਸ ਨੇ ਬਹੁਤ ਸਾਰੇ ਚਮਤਕਾਰ ਕੀਤੇ ਸਨ, ਪਰ ਉਹ ਲੋਕਾਂ ਵਿਚ ਜ਼ਿਆਦਾ ਕਰਕੇ “ਗੁਰੂ” ਦੇ ਤੌਰ ਤੇ ਜਾਣਿਆ ਜਾਂਦਾ ਸੀ। ਉਸ ਦੀ ਸਿੱਖਿਆ ਅਧਿਆਤਮਿਕ ਹਨੇਰੇ ਨਾਲ ਘਿਰੇ ਮਨੁੱਖੀ ਮਨਾਂ ਲਈ ਚਾਨਣ ਵਾਂਗ ਸੀ। ਯਿਸੂ ਨੇ ਬਿਲਕੁਲ ਠੀਕ ਕਿਹਾ ਸੀ: “ਜਗਤ ਦਾ ਚਾਨਣ ਮੈਂ ਹਾਂ।”​—ਯੂਹੰਨਾ 8:12; 11:28; 18:37.

8. ਪਹਿਲੀ ਸਦੀ ਸਾ.ਯੁ. ਵਿਚ ਕਿਹੜੀਆਂ ਪ੍ਰੇਰਿਤ ਕਿਤਾਬਾਂ ਲਿਖੀਆਂ ਗਈਆਂ ਸਨ ਅਤੇ ਉਦੋਂ ਮਸੀਹੀਆਂ ਨੂੰ ਇਨ੍ਹਾਂ ਤੋਂ ਕੀ ਫ਼ਾਇਦਾ ਹੋਇਆ?

8 ਬਾਅਦ ਵਿਚ ਬਾਈਬਲ ਵਿਚ ਚਾਰ ਇੰਜੀਲਾਂ ਸ਼ਾਮਲ ਕੀਤੀਆਂ ਗਈਆਂ ਜੋ ਕਿ ਯਿਸੂ ਦੀ ਜ਼ਿੰਦਗੀ ਦੇ ਲਿਖਤੀ ਬਿਰਤਾਂਤ ਹਨ। ਰਸੂਲਾਂ ਦੇ ਕਰਤੱਬ ਨਾਮਕ ਕਿਤਾਬ ਵੀ ਬਾਈਬਲ ਵਿਚ ਸ਼ਾਮਲ ਕੀਤੀ ਗਈ ਜਿਸ ਵਿਚ ਯਿਸੂ ਦੀ ਮੌਤ ਤੋਂ ਬਾਅਦ ਮਸੀਹੀਅਤ ਦੇ ਫੈਲਾਅ ਦਾ ਇਤਿਹਾਸ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਯਿਸੂ ਦੇ ਚੇਲਿਆਂ ਦੁਆਰਾ ਲਿਖੀਆਂ ਪ੍ਰੇਰਿਤ ਚਿੱਠੀਆਂ ਅਤੇ ਭਵਿੱਖ-ਸੂਚਕ ਪਰਕਾਸ਼ ਦੀ ਪੋਥੀ ਵੀ ਸ਼ਾਮਲ ਕੀਤੀਆਂ ਗਈਆਂ। ਇਹ ਕਿਤਾਬਾਂ ਅਤੇ ਇਬਰਾਨੀ ਸ਼ਾਸਤਰ ਮਿਲ ਕੇ ਪੂਰੀ ਬਾਈਬਲ ਬਣੀ। ਇਨ੍ਹਾਂ ਸਾਰੀਆਂ ਪ੍ਰੇਰਿਤ ਕਿਤਾਬਾਂ ਦੀ ਮਦਦ ਨਾਲ ਮਸੀਹੀ ‘ਸਾਰੇ ਸੰਤਾਂ ਸਣੇ ਇਸ ਗੱਲ ਨੂੰ ਚੰਗੀ ਤਰਾਂ ਸਮਝ ਸੱਕੇ’ ਕਿ ਸੱਚਾਈ ਦੀ ‘ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ’ ਕੀ ਸੀ। (ਅਫ਼ਸੀਆਂ 3:14-18) ਉਹ “ਮਸੀਹ ਦੀ ਬੁੱਧੀ” ਪ੍ਰਾਪਤ ਕਰ ਸਕਦੇ ਸਨ। (1 ਕੁਰਿੰਥੀਆਂ 2:16) ਪਰ ਪਹਿਲੀ ਸਦੀ ਦੇ ਇਹ ਮਸੀਹੀ ਯਹੋਵਾਹ ਦੇ ਮਕਸਦਾਂ ਦੇ ਹਰ ਪਹਿਲੂ ਨੂੰ ਪੂਰੀ ਤਰ੍ਹਾਂ ਨਹੀਂ ਸਮਝੇ। ਪੌਲੁਸ ਰਸੂਲ ਨੇ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਲਿਖਿਆ ਸੀ: “ਇਸ ਵੇਲੇ ਤਾਂ ਅਸੀਂ ਸ਼ੀਸ਼ੇ ਵਿੱਚ ਧੁੰਦਲਾ ਜਿਹਾ ਵੇਖਦੇ ਹਾਂ।” (1 ਕੁਰਿੰਥੀਆਂ 13:12) ਪੁਰਾਣੇ ਸਮੇਂ ਵਿਚ ਧਾਤ ਦੇ ਬਣੇ ਸ਼ੀਸ਼ੇ ਇਸਤੇਮਾਲ ਕੀਤੇ ਜਾਂਦੇ ਸਨ ਜਿਨ੍ਹਾਂ ਵਿਚ ਚਿਹਰਾ ਧੁੰਦਲਾ ਦਿਖਾਈ ਦਿੰਦਾ ਸੀ। ਪਰਮੇਸ਼ੁਰ ਦੇ ਬਚਨ ਦੀ ਜ਼ਿਆਦਾ ਸਮਝ ਬਾਅਦ ਵਿਚ ਮਿਲਣੀ ਸੀ।

9. “ਅੰਤ ਦਿਆਂ ਦਿਨਾਂ” ਵਿਚ ਲੋਕਾਂ ਨੂੰ ਕਿਹੜਾ ਗਿਆਨ ਦਿੱਤਾ ਜਾ ਰਿਹਾ ਹੈ?

9 ਅੱਜ ਅਸੀਂ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ ਜਿਨ੍ਹਾਂ ਵਿਚ ਸਾਨੂੰ ਬਹੁਤ “ਭੈੜੇ ਸਮੇਂ” ਦਾ ਸਾਮ੍ਹਣਾ ਕਰਨਾ ਪੈਂਦਾ ਹੈ। (2 ਤਿਮੋਥਿਉਸ 3:1) ਦਾਨੀਏਲ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ ਇਸ ਸਮੇਂ ਦੌਰਾਨ ਲੋਕਾਂ ਨੂੰ ਸਹੀ “ਵਿੱਦਿਆ” ਜਾਂ ਗਿਆਨ ਦਿੱਤਾ ਜਾਵੇਗਾ। (ਦਾਨੀਏਲ 12:4) ਇਸ ਲਈ ਮਹਾਨ ਸਿੱਖਿਅਕ ਯਹੋਵਾਹ ਨੇ ਆਪਣੇ ਬਚਨ ਨੂੰ ਸਮਝਣ ਵਿਚ ਨੇਕਦਿਲ ਲੋਕਾਂ ਦੀ ਮਦਦ ਕੀਤੀ ਹੈ। ਲੱਖਾਂ ਲੋਕ ਅੱਜ ਜਾਣਦੇ ਹਨ ਕਿ ਮਸੀਹ ਯਿਸੂ ਨੇ ਸਵਰਗ ਵਿਚ ਅਦਿੱਖ ਤੌਰ ਤੇ 1914 ਵਿਚ ਸ਼ਾਸਨ ਕਰਨਾ ਸ਼ੁਰੂ ਕਰ ਦਿੱਤਾ। ਉਹ ਇਹ ਵੀ ਜਾਣਦੇ ਹਨ ਕਿ ਮਸੀਹ ਜਲਦੀ ਹੀ ਦੁਸ਼ਟਤਾ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ ਅਤੇ ਧਰਤੀ ਨੂੰ ਫਿਰਦੌਸ ਵਿਚ ਬਦਲ ਦੇਵੇਗਾ। ਰਾਜ ਦੀ ਖ਼ੁਸ਼ ਖ਼ਬਰੀ ਦੇ ਇਸ ਮਹੱਤਵਪੂਰਣ ਪਹਿਲੂ ਦਾ ਅੱਜ ਪੂਰੀ ਧਰਤੀ ਉੱਤੇ ਪ੍ਰਚਾਰ ਕੀਤਾ ਜਾ ਰਿਹਾ ਹੈ।​—ਮੱਤੀ 24:14.

10. ਸਦੀਆਂ ਦੌਰਾਨ ਲੋਕਾਂ ਨੇ ਯਹੋਵਾਹ ਦੀ ਸਲਾਹ ਪ੍ਰਤੀ ਕਿਸ ਤਰ੍ਹਾਂ ਦਾ ਰਵੱਈਆ ਦਿਖਾਇਆ ਹੈ?

10 ਜੀ ਹਾਂ, ਯਹੋਵਾਹ ਨੇ ਪੂਰੇ ਮਨੁੱਖੀ ਇਤਿਹਾਸ ਦੌਰਾਨ ਧਰਤੀ ਉੱਤੇ ਆਪਣੇ ਲੋਕਾਂ ਨੂੰ ਆਪਣੀ ਇੱਛਾ ਅਤੇ ਮਕਸਦ ਬਾਰੇ ਦੱਸਿਆ ਹੈ। ਬਾਈਬਲ ਵਿਚ ਉਨ੍ਹਾਂ ਬਹੁਤ ਸਾਰੇ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਯਹੋਵਾਹ ਦੀ ਗੱਲ ਸੁਣੀ ਅਤੇ ਉਸ ਵੱਲੋਂ ਦਿੱਤੀ ਬੁੱਧ ਅਨੁਸਾਰ ਚੱਲ ਕੇ ਬਰਕਤਾਂ ਹਾਸਲ ਕੀਤੀਆਂ। ਇਹ ਉਨ੍ਹਾਂ ਲੋਕਾਂ ਬਾਰੇ ਵੀ ਦੱਸਦੀ ਹੈ ਜਿਹੜੇ ਪਰਮੇਸ਼ੁਰ ਦੀ ਪਿਆਰ ਭਰੀ ਸਲਾਹ ਨੂੰ ਠੁਕਰਾ ਕੇ ਆਦਮ ਤੇ ਹੱਵਾਹ ਵਾਂਗ ਬਰਬਾਦੀ ਦੇ ਰਾਹ ਤੇ ਚੱਲੇ। ਯਿਸੂ ਨੇ ਦੋ ਲਾਖਣਿਕ ਰਾਹਾਂ ਦਾ ਦ੍ਰਿਸ਼ਟਾਂਤ ਦੇ ਕੇ ਇਸ ਗੱਲ ਨੂੰ ਸਮਝਾਇਆ ਸੀ। ਇਕ ਰਾਹ ਨਾਸ਼ ਨੂੰ ਜਾਂਦਾ ਹੈ। ਇਹ ਰਾਹ ਬਹੁਤ ਖੁੱਲ੍ਹਾ ਹੈ ਅਤੇ ਪਰਮੇਸ਼ੁਰ ਦੇ ਬਚਨ ਨੂੰ ਨਾ ਮੰਨਣ ਵਾਲੇ ਬਹੁਤ ਸਾਰੇ ਲੋਕ ਇਸ ਉੱਤੇ ਚੱਲਦੇ ਹਨ। ਦੂਸਰਾ ਰਾਹ ਅਨੰਤ ਜੀਵਨ ਨੂੰ ਜਾਂਦਾ ਹੈ। ਚਾਹੇ ਇਹ ਰਾਹ ਭੀੜਾ ਹੈ, ਫਿਰ ਵੀ ਬਾਈਬਲ ਨੂੰ ਪਰਮੇਸ਼ੁਰ ਦਾ ਬਚਨ ਮੰਨ ਕੇ ਇਸ ਅਨੁਸਾਰ ਆਪਣੀ ਜ਼ਿੰਦਗੀ ਜੀਉਣ ਵਾਲੇ ਲੋਕ ਇਸ ਰਾਹ ਉੱਤੇ ਚੱਲਦੇ ਹਨ।​—ਮੱਤੀ 7:13, 14.

ਜੋ ਕੁਝ ਤੁਹਾਡੇ ਕੋਲ ਹੈ ਉਸ ਦੀ ਕਦਰ ਕਰੋ

11. ਬਾਈਬਲ ਸੰਬੰਧੀ ਸਾਡਾ ਗਿਆਨ ਅਤੇ ਵਿਸ਼ਵਾਸ ਕਿਸ ਗੱਲ ਦਾ ਸਬੂਤ ਹੈ?

11 ਕੀ ਤੁਸੀਂ ਉਨ੍ਹਾਂ ਲੋਕਾਂ ਵਿੱਚੋਂ ਹੋ ਜਿਨ੍ਹਾਂ ਨੇ ਜ਼ਿੰਦਗੀ ਦੇ ਰਾਹ ਉੱਤੇ ਚੱਲਣਾ ਚੁਣਿਆ ਹੈ? ਜੇ ਹਾਂ, ਤਾਂ ਤੁਸੀਂ ਇਸ ਰਾਹ ਉੱਤੇ ਹਮੇਸ਼ਾ ਚੱਲਦੇ ਰਹਿਣਾ ਚਾਹੋਗੇ। ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਬਾਈਬਲ ਦੀ ਸੱਚਾਈ ਜਾਣਨ ਨਾਲ ਤੁਹਾਨੂੰ ਜੋ ਬਰਕਤਾਂ ਮਿਲੀਆਂ ਹਨ, ਉਨ੍ਹਾਂ ਨੂੰ ਹਮੇਸ਼ਾ ਚੇਤੇ ਰੱਖੋ ਅਤੇ ਉਨ੍ਹਾਂ ਦੀ ਕਦਰ ਕਰਦੇ ਰਹੋ। ਅਸਲ ਵਿਚ ਤੁਸੀਂ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕੀਤਾ ਹੈ, ਇਹ ਪਰਮੇਸ਼ੁਰ ਦੀ ਬਰਕਤ ਦਾ ਸਬੂਤ ਹੈ। ਯਿਸੂ ਨੇ ਇਸ ਵੱਲ ਇਸ਼ਾਰਾ ਕੀਤਾ ਜਦੋਂ ਉਸ ਨੇ ਆਪਣੇ ਪਿਤਾ ਨੂੰ ਇਨ੍ਹਾਂ ਸ਼ਬਦਾਂ ਨਾਲ ਪ੍ਰਾਰਥਨਾ ਕੀਤੀ: “ਹੇ ਪਿਤਾ ਅਕਾਸ਼ ਅਤੇ ਧਰਤੀ ਦੇ ਮਾਲਕ ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੈਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਗੁਪਤ ਰੱਖਿਆ ਅਤੇ ਉਨ੍ਹਾਂ ਨੂੰ ਨਿਆਣਿਆਂ ਉੱਤੇ ਪਰਗਟ ਕੀਤਾ।” (ਮੱਤੀ 11:25) ਮਛੇਰੇ ਅਤੇ ਚੂੰਗੀ ਲੈਣ ਵਾਲੇ ਲੋਕ ਯਿਸੂ ਦੀ ਸਿੱਖਿਆ ਨੂੰ ਸਮਝ ਗਏ, ਪਰ ਬਹੁਤ ਪੜ੍ਹੇ-ਲਿਖੇ ਧਾਰਮਿਕ ਆਗੂ ਨਹੀਂ ਸਮਝ ਸਕੇ। ਯਿਸੂ ਨੇ ਅੱਗੇ ਕਿਹਾ: “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।” (ਯੂਹੰਨਾ 6:44) ਜੇ ਤੁਸੀਂ ਬਾਈਬਲ ਦਾ ਗਿਆਨ ਲਿਆ ਹੈ ਅਤੇ ਤੁਸੀਂ ਇਸ ਵਿਚ ਵਿਸ਼ਵਾਸ ਕਰਦੇ ਹੋ ਅਤੇ ਇਸ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਹੋ, ਤਾਂ ਇਹ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਨੇ ਤੁਹਾਨੂੰ ਖਿੱਚ ਲਿਆ ਹੈ। ਇਹ ਖ਼ੁਸ਼ੀ ਮਨਾਉਣ ਦਾ ਕਾਰਨ ਹੈ।

12. ਬਾਈਬਲ ਸਾਨੂੰ ਕਿਹੜਾ ਗਿਆਨ ਦਿੰਦੀ ਹੈ?

12 ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਸਾਨੂੰ ਆਜ਼ਾਦ ਕਰਦੀਆਂ ਹਨ ਤੇ ਗਿਆਨ ਦਿੰਦੀਆਂ ਹਨ। ਜਿਹੜੇ ਲੋਕ ਬਾਈਬਲ ਦੇ ਗਿਆਨ ਅਨੁਸਾਰ ਚੱਲਦੇ ਹਨ ਉਹ ਵਹਿਮਾਂ-ਭਰਮਾਂ, ਝੂਠੀਆਂ ਸਿੱਖਿਆਵਾਂ ਅਤੇ ਅਗਿਆਨਤਾ ਤੋਂ ਆਜ਼ਾਦ ਹੋ ਜਾਂਦੇ ਹਨ ਜੋ ਕਰੋੜਾਂ ਲੋਕਾਂ ਉੱਤੇ ਪ੍ਰਭਾਵ ਪਾਉਂਦੀਆਂ ਹਨ। ਉਦਾਹਰਣ ਲਈ ਮਰੇ ਹੋਏ ਲੋਕਾਂ ਬਾਰੇ ਸੱਚਾਈ ਜਾਣ ਕੇ ਅਸੀਂ ਇਸ ਡਰ ਤੋਂ ਮੁਕਤ ਹੋ ਜਾਂਦੇ ਹਾਂ ਕਿ ਮਰੇ ਹੋਏ ਲੋਕ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਜਾਂ ਸਾਡੇ ਮਰੇ ਹੋਏ ਪਿਆਰੇ ਦੁੱਖ ਝੱਲ ਰਹੇ ਹਨ। (ਹਿਜ਼ਕੀਏਲ 18:4) ਦੁਸ਼ਟ ਦੂਤਾਂ ਬਾਰੇ ਹਕੀਕਤ ਜਾਣ ਕੇ ਅਸੀਂ ਪ੍ਰੇਤਵਾਦ ਦੇ ਖ਼ਤਰੇ ਵਿਚ ਪੈਣ ਤੋਂ ਬਚਦੇ ਹਾਂ। ਪੁਨਰ-ਉਥਾਨ ਦੀ ਸਿੱਖਿਆ ਤੋਂ ਉਨ੍ਹਾਂ ਲੋਕਾਂ ਨੂੰ ਤਸੱਲੀ ਮਿਲਦੀ ਹੈ ਜਿਨ੍ਹਾਂ ਦੇ ਪਿਆਰੇ ਮਰ ਚੁੱਕੇ ਹਨ। (ਯੂਹੰਨਾ 11:25) ਬਾਈਬਲ ਦੀਆਂ ਭਵਿੱਖਬਾਣੀਆਂ ਦਿਖਾਉਂਦੀਆਂ ਹਨ ਕਿ ਅਸੀਂ ਸਮੇਂ ਦੀ ਧਾਰਾ ਵਿਚ ਅੱਜ ਕਿੱਥੇ ਪਹੁੰਚ ਚੁੱਕੇ ਹਾਂ ਅਤੇ ਇਹ ਸਾਨੂੰ ਯਕੀਨ ਦਿਵਾਉਂਦੀਆਂ ਹਨ ਕਿ ਭਵਿੱਖ ਬਾਰੇ ਪਰਮੇਸ਼ੁਰ ਦੇ ਵਾਅਦੇ ਪੂਰੇ ਹੋਣਗੇ। ਇਹ ਹਮੇਸ਼ਾ ਲਈ ਜੀਉਣ ਦੀ ਸਾਡੀ ਆਸ਼ਾ ਨੂੰ ਵੀ ਮਜ਼ਬੂਤ ਕਰਦੀਆਂ ਹਨ।

13. ਪਰਮੇਸ਼ੁਰ ਦੇ ਬਚਨ ਨੂੰ ਲਾਗੂ ਕਰ ਕੇ ਸਾਨੂੰ ਸਰੀਰਕ ਤੌਰ ਤੇ ਕਿਹੜੇ ਫ਼ਾਇਦੇ ਹੁੰਦੇ ਹਨ?

13 ਬਾਈਬਲ ਵਿਚ ਦੱਸੇ ਪਰਮੇਸ਼ੁਰੀ ਸਿਧਾਂਤ ਸਾਨੂੰ ਅਜਿਹੇ ਤਰੀਕੇ ਨਾਲ ਜ਼ਿੰਦਗੀ ਜੀਉਣੀ ਸਿਖਾਉਂਦੇ ਹਨ ਜਿਸ ਤੋਂ ਸਾਡੀ ਸਿਹਤ ਨੂੰ ਫ਼ਾਇਦਾ ਹੁੰਦਾ ਹੈ। ਉਦਾਹਰਣ ਲਈ ਅਸੀਂ ਅਜਿਹੇ ਕੰਮ ਕਰਨ ਤੋਂ ਦੂਰ ਰਹਿਣਾ ਸਿੱਖਦੇ ਹਾਂ ਜਿਹੜੇ ਸਾਡੇ ਸਰੀਰ ਨੂੰ ਮਲੀਨ ਕਰਦੇ ਹਨ ਜਿਵੇਂ ਕਿ ਤਮਾਖੂ ਦਾ ਇਸਤੇਮਾਲ ਅਤੇ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ। ਅਸੀਂ ਬਹੁਤ ਜ਼ਿਆਦਾ ਸ਼ਰਾਬ ਪੀਣ ਤੋਂ ਦੂਰ ਰਹਿੰਦੇ ਹਾਂ। (2 ਕੁਰਿੰਥੀਆਂ 7:1) ਪਰਮੇਸ਼ੁਰ ਦੇ ਨੈਤਿਕ ਨਿਯਮਾਂ ਉੱਤੇ ਚੱਲਣ ਨਾਲ ਅਸੀਂ ਲਿੰਗੀ ਬੀਮਾਰੀਆਂ ਤੋਂ ਬਚਦੇ ਹਾਂ। (1 ਕੁਰਿੰਥੀਆਂ 6:18) ਪੈਸੇ ਦਾ ਲੋਭ ਨਾ ਕਰਨ ਦੀ ਪਰਮੇਸ਼ੁਰ ਦੀ ਸਲਾਹ ਮੰਨਣ ਨਾਲ ਅਸੀਂ ਆਪਣੇ ਮਨ ਦੀ ਸ਼ਾਂਤੀ ਨਹੀਂ ਗੁਆਉਂਦੇ ਜਿਵੇਂ ਕਿ ਬਹੁਤ ਸਾਰੇ ਲੋਕਾਂ ਨੇ ਅਮੀਰ ਬਣਨ ਦੇ ਚੱਕਰ ਵਿਚ ਗੁਆ ਦਿੱਤੀ ਹੈ। (1 ਤਿਮੋਥਿਉਸ 6:10) ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਬਚਨ ਨੂੰ ਲਾਗੂ ਕਰ ਕੇ ਤੁਹਾਨੂੰ ਸਰੀਰਕ ਤੌਰ ਤੇ ਕਿਹੜੇ ਫ਼ਾਇਦੇ ਹੋਏ ਹਨ?

14. ਪਵਿੱਤਰ ਆਤਮਾ ਸਾਡੀਆਂ ਜ਼ਿੰਦਗੀਆਂ ਉੱਤੇ ਕੀ ਅਸਰ ਪਾਉਂਦੀ ਹੈ?

14 ਜੇ ਅਸੀਂ ਪਰਮੇਸ਼ੁਰ ਦੇ ਬਚਨ ਦੇ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਦੇ ਹਾਂ, ਤਾਂ ਸਾਨੂੰ ਯਹੋਵਾਹ ਦੀ ਪਵਿੱਤਰ ਆਤਮਾ ਮਿਲਦੀ ਹੈ। ਅਸੀਂ ਆਪਣੇ ਵਿਚ ਮਸੀਹ ਵਰਗੀ ਸ਼ਖ਼ਸੀਅਤ ਵਿਕਸਿਤ ਕਰਦੇ ਹਾਂ ਜਿਸ ਦੇ ਖ਼ਾਸ ਗੁਣ ਦਇਆ ਤੇ ਹਮਦਰਦੀ ਹਨ। (ਅਫ਼ਸੀਆਂ 4:24, 32) ਪਰਮੇਸ਼ੁਰ ਦੀ ਪਵਿੱਤਰ ਆਤਮਾ ਸਾਡੇ ਵਿਚ ਆਤਮਾ ਦੇ ਫਲ ਵੀ ਪੈਦਾ ਕਰਦੀ ਹੈ ਅਰਥਾਤ ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ ਅਤੇ ਸੰਜਮ। (ਗਲਾਤੀਆਂ 5:22, 23) ਇਨ੍ਹਾਂ ਗੁਣਾਂ ਨੂੰ ਪੈਦਾ ਕਰ ਕੇ ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਅਤੇ ਦੂਸਰਿਆਂ ਨਾਲ ਖ਼ੁਸ਼ੀਆਂ ਭਰਿਆ ਅਤੇ ਚੰਗਾ ਰਿਸ਼ਤਾ ਕਾਇਮ ਕਰਦੇ ਹਾਂ। ਸਾਨੂੰ ਅੰਦਰੂਨੀ ਤਾਕਤ ਮਿਲਦੀ ਹੈ ਜੋ ਸਾਡੀ ਹੌਸਲੇ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਰਦੀ ਹੈ। ਕੀ ਤੁਸੀਂ ਜਾਣਿਆ ਹੈ ਕਿ ਪਵਿੱਤਰ ਆਤਮਾ ਨੇ ਤੁਹਾਡੀ ਜ਼ਿੰਦਗੀ ਨੂੰ ਕਿੱਦਾਂ ਸੁਧਾਰਿਆ ਹੈ?

15. ਆਪਣੀਆਂ ਜ਼ਿੰਦਗੀਆਂ ਨੂੰ ਪਰਮੇਸ਼ੁਰ ਦੀ ਇੱਛਾ ਮੁਤਾਬਕ ਜੀਉਣ ਨਾਲ ਸਾਨੂੰ ਕਿਹੜੇ-ਕਿਹੜੇ ਫ਼ਾਇਦੇ ਹੁੰਦੇ ਹਨ?

15 ਜਦੋਂ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਪਰਮੇਸ਼ੁਰ ਦੀ ਇੱਛਾ ਮੁਤਾਬਕ ਜੀਉਂਦੇ ਹਾਂ, ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਸਾਡਾ ਵਿਸ਼ਵਾਸ ਹੋਰ ਜ਼ਿਆਦਾ ਪੱਕਾ ਹੁੰਦਾ ਹੈ ਕਿ ਯਹੋਵਾਹ ਸਾਨੂੰ ਸਮਝਦਾ ਹੈ ਅਤੇ ਸਾਨੂੰ ਪਿਆਰ ਕਰਦਾ ਹੈ। ਅਸੀਂ ਜ਼ਿੰਦਗੀ ਦੇ ਤਜਰਬੇ ਤੋਂ ਸਿੱਖਦੇ ਹਾਂ ਕਿ ਉਹ ਮੁਸ਼ਕਲ ਸਮਿਆਂ ਵਿਚ ਸਾਡੀ ਸਹਾਇਤਾ ਕਰਦਾ ਹੈ। (ਜ਼ਬੂਰ 18:18) ਅਸੀਂ ਜਾਣਦੇ ਹਾਂ ਕਿ ਉਹ ਸੱਚ-ਮੁੱਚ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ। (ਜ਼ਬੂਰ 65:2) ਅਸੀਂ ਉਸ ਦੀ ਅਗਵਾਈ ਵਿਚ ਚੱਲਦੇ ਹਾਂ ਤੇ ਸਾਨੂੰ ਭਰੋਸਾ ਹੈ ਕਿ ਇਸ ਨਾਲ ਸਾਨੂੰ ਫ਼ਾਇਦਾ ਹੋਵੇਗਾ। ਅਤੇ ਸਾਨੂੰ ਬਹੁਤ ਵਧੀਆ ਆਸ਼ਾ ਦਿੱਤੀ ਗਈ ਹੈ ਕਿ ਸਮਾਂ ਆਉਣ ਤੇ ਪਰਮੇਸ਼ੁਰ ਆਪਣੇ ਵਫ਼ਾਦਾਰ ਲੋਕਾਂ ਨੂੰ ਸੰਪੂਰਣ ਬਣਾਵੇਗਾ ਅਤੇ ਉਨ੍ਹਾਂ ਨੂੰ ਅਨੰਤ ਜ਼ਿੰਦਗੀ ਦਾ ਤੋਹਫ਼ਾ ਦੇਵੇਗਾ। (ਰੋਮੀਆਂ 6:23) ਚੇਲੇ ਯਾਕੂਬ ਨੇ ਲਿਖਿਆ ਸੀ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਕੀ ਤੁਸੀਂ ਮਹਿਸੂਸ ਕੀਤਾ ਹੈ ਕਿ ਜਿਉਂ-ਜਿਉਂ ਤੁਸੀਂ ਯਹੋਵਾਹ ਦੇ ਨੇੜੇ ਗਏ, ਤਾਂ ਇਸ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਇਆ ਹੈ?

ਅਨਮੋਲ ਖ਼ਜ਼ਾਨਾ

16. ਪਹਿਲੀ ਸਦੀ ਦੇ ਮਸੀਹੀਆਂ ਨੇ ਕਿਹੜੀਆਂ ਕੁਝ ਤਬਦੀਲੀਆਂ ਕੀਤੀਆਂ ਸਨ?

16 ਪਹਿਲੀ ਸਦੀ ਵਿਚ ਪੌਲੁਸ ਨੇ ਆਤਮਾ ਨਾਲ ਮਸਹ ਕੀਤੇ ਹੋਏ ਮਸੀਹੀਆਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਵਿੱਚੋਂ ਕੁਝ ਪਹਿਲਾਂ ਹਰਾਮਕਾਰ, ਜ਼ਨਾਹਕਾਰ, ਮੁੰਡੇਬਾਜ਼, ਚੋਰ, ਲੋਭੀ, ਸ਼ਰਾਬੀ, ਗਾਲਾਂ ਕੱਢਣ ਵਾਲੇ ਅਤੇ ਲੁਟੇਰੇ ਸਨ। (1 ਕੁਰਿੰਥੀਆਂ 6:9-11) ਬਾਈਬਲ ਦੀ ਸੱਚਾਈ ਜਾਣਨ ਨਾਲ ਉਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ; ਉਹ “ਧੋਤੇ ਗਏ” ਸਨ। ਜ਼ਰਾ ਇਸ ਗੱਲ ਦੀ ਕਲਪਨਾ ਕਰ ਕੇ ਦੇਖੋ ਕਿ ਬਾਈਬਲ ਦੀਆਂ ਆਜ਼ਾਦ ਕਰਨ ਵਾਲੀਆਂ ਸੱਚਾਈਆਂ ਸਿੱਖੇ ਬਿਨਾਂ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਹੁੰਦੀ। ਯਕੀਨਨ ਸੱਚਾਈ ਇਕ ਅਨਮੋਲ ਖ਼ਜ਼ਾਨਾ ਹੈ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਯਹੋਵਾਹ ਸਾਨੂੰ ਆਪਣਾ ਗਿਆਨ ਦਿੰਦਾ ਹੈ!

17. ਯਹੋਵਾਹ ਦੇ ਗਵਾਹਾਂ ਨੂੰ ਮਸੀਹੀ ਸਭਾਵਾਂ ਵਿਚ ਕਿਵੇਂ ਅਧਿਆਤਮਿਕ ਭੋਜਨ ਦਿੱਤਾ ਗਿਆ ਹੈ?

17 ਇਸ ਤੋਂ ਇਲਾਵਾ, ਆਪਣੇ ਬਹੁ-ਜਾਤੀ ਭਾਈਚਾਰੇ ਵਿਚ ਰਹਿ ਕੇ ਮਿਲਣ ਵਾਲੀਆਂ ਬਰਕਤਾਂ ਬਾਰੇ ਸੋਚੋ! “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਵੇਲੇ ਸਿਰ ਸਾਨੂੰ ਅਧਿਆਤਮਿਕ ਭੋਜਨ ਮਿਲਦਾ ਹੈ ਜਿਸ ਵਿਚ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਬਾਈਬਲਾਂ, ਰਸਾਲੇ ਅਤੇ ਦੂਸਰੇ ਪ੍ਰਕਾਸ਼ਨ ਸ਼ਾਮਲ ਹਨ। (ਮੱਤੀ 24:45-47) ਬਹੁਤ ਸਾਰੇ ਦੇਸ਼ਾਂ ਵਿਚ ਸਾਲ 2000 ਦੌਰਾਨ ਯਹੋਵਾਹ ਦੇ ਗਵਾਹਾਂ ਨੇ ਕਲੀਸਿਯਾ ਸਭਾਵਾਂ ਵਿਚ ਇਬਰਾਨੀ ਸ਼ਾਸਤਰ ਦੀਆਂ ਅੱਠ ਮੁੱਖ ਕਿਤਾਬਾਂ ਵਿੱਚੋਂ ਖ਼ਾਸ ਗੱਲਾਂ ਦੀ ਚਰਚਾ ਕੀਤੀ। ਉਨ੍ਹਾਂ ਨੇ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ) ਕਿਤਾਬ ਵਿੱਚੋਂ ਬਾਈਬਲ ਦੇ 40 ਵਿਅਕਤੀਆਂ ਦੀਆਂ ਜ਼ਿੰਦਗੀਆਂ ਉੱਤੇ ਵਿਚਾਰ ਕੀਤਾ। ਉਨ੍ਹਾਂ ਨੇ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਕਿਤਾਬ ਦੇ ਇਕ ਚੌਥਾਈ ਹਿੱਸੇ ਉੱਤੇ ਅਤੇ ਲਗਭਗ ਪੂਰੀ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ ਕਿਤਾਬ ਦਾ ਅਧਿਐਨ ਕੀਤਾ। ਪਹਿਰਾਬੁਰਜ ਦੇ 52 ਅਧਿਐਨ ਲੇਖਾਂ ਤੋਂ ਇਲਾਵਾ, 36 ਦੂਸਰੇ ਲੇਖਾਂ ਉੱਤੇ ਵੀ ਵਿਚਾਰ ਕੀਤਾ ਗਿਆ। ਇਸ ਤੋਂ ਇਲਾਵਾ ਯਹੋਵਾਹ ਦੇ ਗਵਾਹਾਂ ਨੂੰ ਸਾਡੀ ਰਾਜ ਸੇਵਕਾਈ ਦੇ 12 ਅੰਕਾਂ ਦੁਆਰਾ ਅਤੇ ਹਰ ਹਫ਼ਤੇ ਬਾਈਬਲ ਵਿੱਚੋਂ ਵੱਖਰੇ-ਵੱਖਰੇ ਵਿਸ਼ਿਆਂ ਉੱਤੇ ਜਨਤਕ ਭਾਸ਼ਣਾਂ ਦੁਆਰਾ ਅਧਿਆਤਮਿਕ ਭੋਜਨ ਦਿੱਤਾ ਗਿਆ ਸੀ। ਅਧਿਆਤਮਿਕ ਗਿਆਨ ਦਾ ਕਿੰਨਾ ਵੱਡਾ ਖ਼ਜ਼ਾਨਾ ਸਾਨੂੰ ਦਿੱਤਾ ਗਿਆ ਹੈ!

18. ਕਿਨ੍ਹਾਂ ਤਰੀਕਿਆਂ ਨਾਲ ਮਸੀਹੀ ਕਲੀਸਿਯਾ ਵਿਚ ਸਾਡੀ ਮਦਦ ਕੀਤੀ ਜਾਂਦੀ ਹੈ?

18 ਪੂਰੀ ਦੁਨੀਆਂ ਵਿਚ 91,000 ਤੋਂ ਜ਼ਿਆਦਾ ਕਲੀਸਿਯਾਵਾਂ ਵਿਚ ਸਭਾਵਾਂ ਅਤੇ ਸੰਗਤੀ ਦੁਆਰਾ ਮਦਦ ਅਤੇ ਹੌਸਲਾ ਮਿਲਦਾ ਹੈ। ਸਾਨੂੰ ਆਪਣੇ ਸੰਗੀ ਪਰਿਪੱਕ ਮਸੀਹੀਆਂ ਦਾ ਵੀ ਸਹਾਰਾ ਹੈ ਜੋ ਸਾਡੀ ਅਧਿਆਤਮਿਕ ਤੌਰ ਤੇ ਮਦਦ ਕਰਨ ਲਈ ਤਿਆਰ ਰਹਿੰਦੇ ਹਨ। (ਅਫ਼ਸੀਆਂ 4:11-13) ਜੀ ਹਾਂ, ਅਸੀਂ ਸੱਚਾਈ ਦਾ ਗਿਆਨ ਲੈ ਕੇ ਬਹੁਤ ਹੀ ਲਾਭ ਪ੍ਰਾਪਤ ਕੀਤਾ ਹੈ। ਯਹੋਵਾਹ ਨੂੰ ਜਾਣਨਾ ਤੇ ਉਸ ਦੀ ਸੇਵਾ ਕਰਨੀ ਬਹੁਤ ਖ਼ੁਸ਼ੀ ਦੀ ਗੱਲ ਹੈ। ਜ਼ਬੂਰਾਂ ਦੇ ਲਿਖਾਰੀ ਦੇ ਇਹ ਸ਼ਬਦ ਕਿੰਨੇ ਸਹੀ ਹਨ: “ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!”​—ਜ਼ਬੂਰ 144:15.

ਕੀ ਤੁਹਾਨੂੰ ਯਾਦ ਹੈ?

• ਯਹੋਵਾਹ ਨੇ ਮਸੀਹ-ਪੂਰਵ ਸਮਿਆਂ ਵਿਚ ਕਿਨ੍ਹਾਂ ਲੋਕਾਂ ਨੂੰ ਆਪਣਾ ਗਿਆਨ ਦਿੱਤਾ ਸੀ?

• ਪਹਿਲੀ ਸਦੀ ਵਿਚ ਤੇ ਫਿਰ ਅੱਜ ਦੇ ਸਮਿਆਂ ਵਿਚ ਅਧਿਆਤਮਿਕ ਚਾਨਣ ਕਿਵੇਂ ਵਧਿਆ ਹੈ?

• ਯਹੋਵਾਹ ਦੇ ਗਿਆਨ ਦੇ ਅਨੁਸਾਰ ਆਪਣੀ ਜ਼ਿੰਦਗੀ ਜੀਉਣ ਨਾਲ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?

• ਅਸੀਂ ਪਰਮੇਸ਼ੁਰ ਦੇ ਗਿਆਨ ਵਿਚ ਕਿਉਂ ਖ਼ੁਸ਼ੀ ਮਨਾਉਂਦੇ ਹਾਂ?

[ਸਵਾਲ]

[ਸਫ਼ੇ 8, 9 ਉੱਤੇ ਤਸਵੀਰਾਂ]

ਯਹੋਵਾਹ ਨੇ ਮੂਸਾ, ਨੂਹ ਅਤੇ ਅਬਰਾਹਾਮ ਨੂੰ ਆਪਣੀ ਇੱਛਾ ਬਾਰੇ ਦੱਸਿਆ

[ਸਫ਼ੇ 9 ਉੱਤੇ ਤਸਵੀਰ]

ਸਾਡੇ ਦਿਨਾਂ ਵਿਚ ਯਹੋਵਾਹ ਨੇ ਆਪਣੇ ਬਚਨ ਉ ਤੇ ਚਾਨਣਾ ਪਾਇਆ ਹੈ

[ਸਫ਼ੇ 10 ਉੱਤੇ ਤਸਵੀਰਾਂ]

ਜ਼ਰਾ ਉਨ੍ਹਾਂ ਬਰਕਤਾਂ ਬਾਰੇ ਸੋਚੋ ਜੋ ਸਾਨੂੰ ਆਪਣੇ ਬਹੁ-ਜਾਤੀ ਭਾਈਚਾਰੇ ਵਿਚ ਰਹਿ ਕੇ ਮਿਲਦੀਆਂ ਹਨ!