Skip to content

Skip to table of contents

ਰੁੱਖ ਜੋ ਬਹੁਤਾ ਚਿਰ ਜੀਉਂਦੇ ਰਹਿੰਦੇ ਹਨ

ਰੁੱਖ ਜੋ ਬਹੁਤਾ ਚਿਰ ਜੀਉਂਦੇ ਰਹਿੰਦੇ ਹਨ

ਰੁੱਖ ਜੋ ਬਹੁਤਾ ਚਿਰ ਜੀਉਂਦੇ ਰਹਿੰਦੇ ਹਨ

ਆਪਣਾ ਘਰ ਬਣਾਉਣ ਲਈ ਤੁਹਾਨੂੰ ਸ਼ਾਇਦ ਇਕ ਚਟਾਨ ਵਧੀਆ ਜਗ੍ਹਾ ਨਾ ਲੱਗੇ, ਖ਼ਾਸਕਰ ਜੇ ਇਹ ਪਹਾੜੀਆਂ ਵਿਚ ਬਹੁਤ ਜ਼ਿਆਦਾ ਉਚਾਈ ਉੱਤੇ ਸਥਿਤ ਹੋਵੇ। ਪਰ ਕੁਝ ਪਹਾੜੀ ਦਰਖ਼ਤ ਕੜਾਕੇ ਦੀ ਠੰਢ ਅਤੇ ਗਰਮੀਆਂ ਵਿਚ ਸੋਕੇ ਵਰਗੇ ਅਸੁਖਾਵੇਂ ਹਾਲਾਤਾਂ ਦੇ ਬਾਵਜੂਦ ਵੀ ਅਜਿਹੀਆਂ ਚਟਾਨਾਂ ਉੱਤੇ ਮਜ਼ਬੂਤੀ ਨਾਲ ਖੜ੍ਹੇ ਰਹਿੰਦੇ ਹਨ।

ਆਮ ਤੌਰ ਤੇ ਇਹ ਮਜ਼ਬੂਤ ਰੁੱਖ ਉੱਨੇ ਸ਼ਾਨਦਾਰ ਨਹੀਂ ਦਿੱਸਦੇ ਜਿੰਨੇ ਕਿ ਪਹਾੜਾਂ ਦੀਆਂ ਨੀਵੀਆਂ ਢਲਾਣਾਂ ਉੱਤੇ ਉੱਗਣ ਵਾਲੇ ਇਸੇ ਕਿਸਮ ਦੇ ਹੋਰ ਰੁੱਖ ਦਿੱਸਦੇ ਹਨ। ਉਨ੍ਹਾਂ ਦੇ ਤਣੇ ਗੱਠਵੇਂ ਅਤੇ ਵਿੰਗੇ-ਤੜਿੰਗੇ ਹੁੰਦੇ ਹਨ ਤੇ ਉਨ੍ਹਾਂ ਦੀ ਉਚਾਈ ਵੀ ਘੱਟ ਹੁੰਦੀ ਹੈ। ਅਸੁਖਾਵੇਂ ਮੌਸਮ ਦੁਆਰਾ ਛਾਂਗੇ ਤੇ ਉਸ ਮੁਤਾਬਕ ਢਲ਼ ਜਾਣ ਕਰਕੇ ਅਤੇ ਘੱਟ ਮਿੱਟੀ ਵਿਚ ਉੱਗਣ ਕਾਰਨ ਉਨ੍ਹਾਂ ਦਾ ਆਕਾਰ ਛੋਟਾ ਰਹਿ ਜਾਂਦਾ ਹੈ। ਇਨ੍ਹਾਂ ਵਿੱਚੋਂ ਕੁਝ ਤਾਂ ਕਦਰਤੀ ਬੋਨਸਾਈ ਦਰਖ਼ਤ ਵਾਂਗ ਦਿਖਾਈ ਦਿੰਦੇ ਹਨ।

ਕਿਉਂਕਿ ਅਜਿਹੇ ਰੁੱਖ ਧਰਤੀ ਉੱਤੇ ਸਭ ਤੋਂ ਖ਼ੁਸ਼ਕ ਮੌਸਮ ਨੂੰ ਸਹਿੰਦੇ ਹਨ, ਇਸ ਕਰਕੇ ਤੁਸੀਂ ਸ਼ਾਇਦ ਸੋਚੋ ਕਿ ਉਹ ਬਹੁਤੀ ਦੇਰ ਜੀਉਂਦੇ ਨਹੀਂ ਰਹਿੰਦੇ ਹੋਣੇ। ਪਰ ਸੱਚਾਈ ਇਸ ਦੇ ਬਿਲਕੁਲ ਉਲਟ ਹੈ। ਕੁਝ ਲੋਕ ਦਾਅਵਾ ਕਰਦੇ ਹਨ ਕਿ ਕੈਲੇਫ਼ੋਰਨੀਆ ਵਿਚ ਵਾਈਟ ਮਾਊਂਟਨਸ ਵਿਚ 3,000 ਮੀਟਰ ਦੀ ਉਚਾਈ ਉੱਤੇ ਇਕ ਬ੍ਰਿਸਲਕੋਨ ਪਾਈਨ ਰੁੱਖ 4,700 ਸਾਲ ਪੁਰਾਣਾ ਹੈ। ਉਸ ਦਾ ਨਾਂ ਮੇਥੁਸੇਲਾਹ ਹੈ। ਗਿਨਿਸ ਬੁੱਕ ਆਫ਼ ਰੈਕੋਡਸ 1997 ਵਿਚ ਇਸ ਅਨੋਖੇ ਰੁੱਖ ਨੂੰ ਧਰਤੀ ਉੱਤੇ ਸਭ ਤੋਂ ਪੁਰਾਣੇ ਰੁੱਖ ਵਜੋਂ ਦਰਜ ਕੀਤਾ ਗਿਆ ਹੈ। ਇਨ੍ਹਾਂ ਪੁਰਾਣੇ ਰੁੱਖਾਂ ਦਾ ਅਧਿਐਨ ਕਰਨ ਵਾਲੇ ਐਡਮੰਡ ਸ਼ੂਲਮਨ ਨੇ ਕਿਹਾ: “ਲੱਗਦਾ ਹੈ ਕਿ . . . ਬ੍ਰਿਸਲਕੋਨ ਪਾਈਨ . . . ਅਸੁਖਾਵੇਂ ਮੌਸਮ ਕਾਰਨ ਹੀ ਜ਼ਿੰਦਾ ਰਹਿੰਦਾ ਹੈ। ਵਾਈਟ ਮਾਊਂਟਨਸ ਵਿਚ ਸਾਰੇ ਪੁਰਾਣੇ [ਪਾਈਨ] ਰੁੱਖ ਤਕਰੀਬਨ 3,000 ਮੀਟਰ ਦੀ ਉਚਾਈ ਉੱਤੇ ਖ਼ੁਸ਼ਕ ਤੇ ਚਟਾਨੀ ਥਾਵਾਂ ਤੇ ਪਾਏ ਜਾਂਦੇ ਹਨ।” ਸ਼ੂਲਮਨ ਨੇ ਇਹ ਵੀ ਦੇਖਿਆ ਕਿ ਹੋਰ ਕਿਸਮਾਂ ਦੇ ਪਾਈਨ ਰੁੱਖਾਂ ਦੇ ਸਭ ਤੋਂ ਪੁਰਾਣੇ ਰੁੱਖ ਵੀ ਉਸੇ ਤਰ੍ਹਾਂ ਦੇ ਸਖ਼ਤ ਹਾਲਾਤਾਂ ਵਿਚ ਉੱਗਦੇ ਹਨ।

ਹਾਲਾਂਕਿ ਉਨ੍ਹਾਂ ਨੂੰ ਸਖ਼ਤ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਸਹਿਣਸ਼ੀਲਤਾ ਦੀਆਂ ਇਹ ਮਿਸਾਲਾਂ ਦੋ ਚੀਜ਼ਾਂ ਦਾ ਪੂਰਾ-ਪੂਰਾ ਫ਼ਾਇਦਾ ਉਠਾਉਂਦੀਆਂ ਹਨ। ਇਕ ਤਾਂ ਹੈ, ਉਨ੍ਹਾਂ ਦੀ ਸੁੰਨਸਾਨ ਜਗ੍ਹਾ ਜਿੱਥੇ ਬਹੁਤ ਘੱਟ ਪੇੜ-ਪੌਦੇ ਉੱਗਦੇ ਹਨ ਤੇ ਇਸ ਕਾਰਨ ਉਹ ਜੰਗਲ ਦੀ ਅੱਗ ਤੋਂ ਬਚੇ ਰਹਿੰਦੇ ਹਨ ਜਿਸ ਤੋਂ ਪੁਰਾਣੇ ਰੁੱਖਾਂ ਲਈ ਸਭ ਤੋਂ ਵੱਡਾ ਖ਼ਤਰਾ ਪੇਸ਼ ਹੁੰਦਾ ਹੈ। ਅਤੇ ਦੂਜਾ ਹੈ, ਉਨ੍ਹਾਂ ਦੀਆਂ ਜੜ੍ਹਾਂ ਜੋ ਉਨ੍ਹਾਂ ਨੂੰ ਚਟਾਨਾਂ ਵਿਚ ਐਨੀ ਮਜ਼ਬੂਤੀ ਨਾਲ ਜਕੜ ਕੇ ਰੱਖਦੀਆਂ ਹਨ ਕਿ ਸਿਰਫ਼ ਭੁਚਾਲ ਹੀ ਉਨ੍ਹਾਂ ਰੁੱਖਾਂ ਨੂੰ ਹਿਲਾ ਸਕਦਾ ਹੈ।

ਬਾਈਬਲ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀ ਤੁਲਨਾ ਰੁੱਖਾਂ ਨਾਲ ਕੀਤੀ ਗਈ ਹੈ। (ਜ਼ਬੂਰ 1:1-3; ਯਿਰਮਿਯਾਹ 17:7, 8) ਜਿਹੜੇ ਹਾਲਾਤਾਂ ਵਿਚ ਉਹ ਰਹਿੰਦੇ ਹਨ, ਉਨ੍ਹਾਂ ਕਾਰਨ ਉਨ੍ਹਾਂ ਨੂੰ ਵੀ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਸਤਾਹਟ, ਖ਼ਰਾਬ ਸਿਹਤ, ਜਾਂ ਘੋਰ ਗ਼ਰੀਬੀ ਵਰਗੇ ਹਾਲਾਤ ਉਨ੍ਹਾਂ ਦੀ ਨਿਹਚਾ ਨੂੰ ਸਖ਼ਤੀ ਨਾਲ ਪਰਖ ਸਕਦੇ ਹਨ, ਖ਼ਾਸਕਰ ਉਦੋਂ ਜਦੋਂ ਉਨ੍ਹਾਂ ਨੂੰ ਸਾਲ-ਬ-ਸਾਲ ਇਨ੍ਹਾਂ ਅਜ਼ਮਾਇਸ਼ਾਂ ਨੂੰ ਸਹਿਣਾ ਪੈਂਦਾ ਹੈ। ਪਰ ਫਿਰ ਵੀ ਉਨ੍ਹਾਂ ਦਾ ਸਿਰਜਣਹਾਰ ਜਿਸ ਨੇ ਪਹਾੜੀ ਰੁੱਖਾਂ ਨੂੰ ਸਖ਼ਤ ਹਾਲਾਤਾਂ ਦਾ ਸਾਮ੍ਹਣਾ ਕਰਨ ਦੇ ਯੋਗ ਬਣਾਇਆ ਹੈ, ਉਹੀ ਆਪਣੇ ਉਪਾਸਕਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਉਨ੍ਹਾਂ ਨੂੰ ਸੰਭਾਲੀ ਰੱਖੇਗਾ। ਬਾਈਬਲ ਡਟੇ ਰਹਿਣ ਵਾਲੇ ਉਪਾਸਕਾਂ ਨਾਲ ਵਾਅਦਾ ਕਰਦੀ ਹੈ: “[ਪਰਮੇਸ਼ੁਰ] ਤੁਹਾਨੂੰ ਕਾਮਿਲ, ਕਾਇਮ ਅਤੇ ਤਕੜਿਆਂ ਕਰੇਗਾ।”​—1 ਪਤਰਸ 5:9, 10.

ਬਾਈਬਲ ਵਿਚ “ਸਹਿਣ ਕਰਨਾ” ਅਨੁਵਾਦ ਕੀਤੀ ਗਈ ਯੂਨਾਨੀ ਕਿਰਿਆ ਦਾ ਮਤਲਬ ਹੈ ‘ਡਟੇ ਰਹਿਣਾ, ਦ੍ਰਿੜ੍ਹ ਰਹਿਣਾ, ਜਾਂ ਜੁਟੇ ਰਹਿਣਾ।’ ਪਹਾੜੀ ਰੁੱਖਾਂ ਵਾਂਗ ਸਹਿਣਸ਼ੀਲਤਾ ਪੈਦਾ ਕਰਨ ਲਈ ਮਜ਼ਬੂਤ ਜੜ੍ਹਾਂ ਦੀ ਲੋੜ ਹੈ। ਜਿੱਥੋਂ ਤਕ ਮਸੀਹੀਆਂ ਦਾ ਸਵਾਲ ਹੈ ਉਨ੍ਹਾਂ ਨੂੰ ਦ੍ਰਿੜ੍ਹ ਰਹਿਣ ਲਈ ਯਿਸੂ ਮਸੀਹ ਵਿਚ ਮਜ਼ਬੂਤੀ ਨਾਲ ਜੜ੍ਹ ਫੜਨੀ ਚਾਹੀਦੀ ਹੈ। ਪੌਲੁਸ ਨੇ ਲਿਖਿਆ: “ਜਿਵੇਂ ਤੁਸਾਂ ਮਸੀਹ ਯਿਸੂ ਪ੍ਰਭੁ ਨੂੰ ਕਬੂਲ ਕੀਤਾ ਤਿਵੇਂ ਤੁਸੀਂ ਉਹ ਦੇ ਵਿੱਚ ਚੱਲਦੇ ਜਾਓ। ਅਤੇ ਜੜ੍ਹ ਫੜ ਕੇ ਅਤੇ ਉਹ ਦੇ ਉੱਤੇ ਉਸਰ ਕੇ ਅਤੇ ਆਪਣੀ ਨਿਹਚਾ ਵਿੱਚ ਦ੍ਰਿੜ੍ਹ ਹੋ ਕੇ ਜਿਵੇਂ ਤੁਹਾਨੂੰ ਉਪਦੇਸ਼ ਹੋਇਆ ਸੀ ਧੰਨਵਾਦ ਬਾਹਲਾ ਕਰਦੇ ਜਾਓ।”​—ਕੁਲੁੱਸੀਆਂ 2:6, 7.

ਪੌਲੁਸ ਮਜ਼ਬੂਤ ਅਧਿਆਤਮਿਕ ਜੜ੍ਹਾਂ ਦੀ ਅਹਿਮੀਅਤ ਨੂੰ ਜਾਣਦਾ ਸੀ। ਉਸ ਨੇ ਖ਼ੁਦ ਆਪਣੇ ‘ਸਰੀਰ ਵਿਚ ਇੱਕ ਕੰਡੇ’ ਦਾ ਦੁੱਖ ਭੋਗਿਆ ਅਤੇ ਆਪਣੀ ਪੂਰੀ ਸੇਵਕਾਈ ਵਿਚ ਸਖ਼ਤ ਅਜ਼ਮਾਇਸ਼ਾਂ ਸਹੀਆਂ। (2 ਕੁਰਿੰਥੀਆਂ 11:23-27; 12:7) ਪਰ ਉਸ ਨੇ ਜਾਣਿਆ ਕਿ ਪਰਮੇਸ਼ੁਰ ਦੀ ਤਾਕਤ ਨਾਲ ਉਹ ਸਭ ਕੁਝ ਸਹਿ ਸਕਦਾ ਸੀ। ਉਸ ਨੇ ਕਿਹਾ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।”​—ਫ਼ਿਲਿੱਪੀਆਂ 4:13.

ਪੌਲੁਸ ਦੀ ਮਿਸਾਲ ਦਿਖਾਉਂਦੀ ਹੈ ਕਿ ਅਜ਼ਮਾਇਸ਼ਾਂ ਸਹਿਣ ਵਿਚ ਮਸੀਹੀ ਕਾਮਯਾਬੀ ਚੰਗੇ ਹਾਲਾਤਾਂ ਉੱਤੇ ਨਿਰਭਰ ਨਹੀਂ ਕਰਦੀ। ਪਹਾੜੀ ਰੁੱਖਾਂ ਵਾਂਗ ਜੋ ਸਦੀਆਂ ਤੋਂ ਤੂਫ਼ਾਨਾਂ ਦਾ ਸਾਮ੍ਹਣਾ ਕਰਦੇ ਆਏ ਹਨ, ਅਸੀਂ ਵੀ ਅਜ਼ਮਾਇਸ਼ਾਂ ਦੇ ਬਾਵਜੂਦ ਦ੍ਰਿੜ੍ਹ ਰਹਿ ਸਕਦੇ ਹਾਂ ਜੇ ਅਸੀਂ ਮਸੀਹ ਵਿਚ ਜੜ੍ਹ ਫੜੀਏ ਅਤੇ ਉਸ ਤਾਕਤ ਉੱਤੇ ਨਿਰਭਰ ਰਹੀਏ ਜੋ ਪਰਮੇਸ਼ੁਰ ਦਿੰਦਾ ਹੈ। ਇਸ ਤੋਂ ਇਲਾਵਾ, ਜੇ ਅਸੀਂ ਅੰਤ ਤਕ ਧੀਰਜ ਧਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੇ ਇਕ ਹੋਰ ਵਾਅਦੇ ਦੀ ਪੂਰਤੀ ਦੇਖਣ ਦੀ ਆਸ ਰੱਖ ਸਕਦੇ ਹਾਂ: “ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ।”​—ਯਸਾਯਾਹ 65:22; ਮੱਤੀ 24:13.