Skip to content

Skip to table of contents

ਔਰਿਜੇਨ ਦੀਆਂ ਸਿੱਖਿਆਵਾਂ ਨੇ ਈਸਾਈ ਧਰਮ ਉੱਤੇ ਕੀ ਪ੍ਰਭਾਵ ਪਾਇਆ?

ਔਰਿਜੇਨ ਦੀਆਂ ਸਿੱਖਿਆਵਾਂ ਨੇ ਈਸਾਈ ਧਰਮ ਉੱਤੇ ਕੀ ਪ੍ਰਭਾਵ ਪਾਇਆ?

ਔਰਿਜੇਨ ਦੀਆਂ ਸਿੱਖਿਆਵਾਂ ਨੇ ਈਸਾਈ ਧਰਮ ਉੱਤੇ ਕੀ ਪ੍ਰਭਾਵ ਪਾਇਆ?

“ਰਸੂਲਾਂ ਤੋਂ ਬਾਅਦ ਇਹ ਚਰਚ ਦਾ ਸਭ ਤੋਂ ਵੱਡਾ ਗੁਰੂ ਹੈ।” ਬਾਈਬਲ ਦੇ ਲੈਟਿਨ ਵਲਗੇਟ ਤਰਜਮੇ ਦੇ ਅਨੁਵਾਦਕ ਜਰੋਮ ਨੇ ਤੀਜੀ ਸਦੀ ਦੇ ਧਰਮ-ਗ੍ਰੰਥੀ ਔਰਿਜੇਨ ਦੀ ਇਸ ਤਰ੍ਹਾਂ ਤਾਰੀਫ਼ ਕੀਤੀ। ਪਰ ਔਰਿਜੇਨ ਬਾਰੇ ਸਾਰਿਆਂ ਦਾ ਇਹ ਖ਼ਿਆਲ ਨਹੀਂ ਸੀ। ਕੁਝ ਲੋਕ ਉਸ ਨੂੰ ਬੁਰਾਈ ਦੀ ਉਹ ਜੜ੍ਹ ਸਮਝਦੇ ਸਨ ਜਿਸ ਤੋਂ ਧਰਮ-ਧਰੋਹ ਸ਼ੁਰੂ ਹੋਇਆ। ਸਤਾਰ੍ਹਵੀਂ ਸਦੀ ਦੇ ਇਕ ਲੇਖਕ ਦੇ ਮੁਤਾਬਕ, ਔਰਿਜੇਨ ਦੇ ਆਲੋਚਕ ਉਸ ਬਾਰੇ ਕਹਿੰਦੇ ਸਨ ਕਿ “ਆਮ ਤੌਰ ਤੇ ਉਸ ਦੀਆਂ ਸਿੱਖਿਆਵਾਂ ਗ਼ਲਤ ਅਤੇ ਜ਼ਹਿਰੀਲੀਆਂ ਹਨ ਜਿਨ੍ਹਾਂ ਨੂੰ ਉਸ ਨੇ ਸੰਸਾਰ ਵਿਚ ਸੱਪ ਦੇ ਜ਼ਹਿਰ ਵਾਂਗ ਫੈਲਾਇਆ।” ਔਰਿਜੇਨ ਦੀ ਮੌਤ ਤੋਂ 400 ਸਾਲ ਬਾਅਦ, ਉਹ ਧਰਮ-ਵਿਦਰੋਹੀਆਂ ਵਿਚ ਗਿਣਿਆ ਜਾਣ ਲੱਗਾ।

ਔਰਿਜੇਨ ਨੇ ਲੋਕਾਂ ਦੇ ਦਿਲਾਂ ਵਿਚ ਇੰਨੀ ਨਫ਼ਰਤ ਜਾਂ ਇੰਨੀ ਤਾਰੀਫ਼ ਕਿਉਂ ਪੈਦਾ ਕੀਤੀ? ਈਸਾਈ ਧਰਮ ਦੀਆਂ ਸਿੱਖਿਆਵਾਂ ਉੱਤੇ ਉਸ ਨੇ ਕੀ ਅਸਰ ਪਾਇਆ ਸੀ?

ਚਰਚ ਲਈ ਜੋਸ਼

ਔਰਿਜੇਨ ਦਾ ਜਨਮ ਲਗਭਗ ਸੰਨ 185 ਵਿਚ ਮਿਸਰ ਦੇ ਸਿਕੰਦਰੀਆ ਸ਼ਹਿਰ ਵਿਚ ਹੋਇਆ ਸੀ। ਉਸ ਨੂੰ ਯੂਨਾਨੀ ਸਾਹਿੱਤ ਦੀ ਚੰਗੀ ਤਰ੍ਹਾਂ ਤਾਲੀਮ ਮਿਲੀ ਸੀ। ਉਸ ਦੇ ਪਿਤਾ ਲਿਓਨੀਡਸ ਨੇ ਉਸ ਉੱਤੇ ਬਾਈਬਲ ਦੀ ਸਟੱਡੀ ਕਰਨ ਲਈ ਵੀ ਜ਼ੋਰ ਪਾਇਆ। ਜਦ ਔਰਿਜੇਨ 17 ਸਾਲਾਂ ਦਾ ਸੀ ਤਾਂ ਰੋਮ ਦੇ ਸਮਰਾਟ ਨੇ ਫ਼ਰਮਾਨ ਦਿੱਤਾ ਕਿ ਧਰਮ ਬਦਲਣਾ ਇਕ ਜੁਰਮ ਸੀ। ਔਰਿਜੇਨ ਦਾ ਪਿਤਾ ਮਸੀਹੀ ਬਣਨ ਕਰਕੇ ਕੈਦ ਕੀਤਾ ਗਿਆ ਸੀ। ਜੋਸ਼ ਨਾਲ ਭਰਿਆ ਹੋਇਆ ਨੌਜਵਾਨ ਔਰਿਜੇਨ ਉਸ ਨਾਲ ਜੇਲ੍ਹ ਜਾਣ ਅਤੇ ਸ਼ਹੀਦ ਹੋਣ ਲਈ ਤਿਆਰ ਸੀ। ਡਰ ਦੇ ਮਾਰੇ ਉਸ ਦੀ ਮਾਂ ਨੇ ਔਰਿਜੇਨ ਦੇ ਕੱਪੜੇ ਲੁਕੋ ਦਿੱਤੇ ਤਾਂਕਿ ਉਹ ਬਾਹਰ ਨਾ ਨਿਕਲ ਸਕੇ। ਚਿੱਠੀ ਰਾਹੀਂ ਔਰਿਜੇਨ ਨੇ ਆਪਣੇ ਪਿਤਾ ਦੀਆਂ ਮਿੰਨਤਾਂ ਕੀਤੀਆਂ ਕਿ “ਸਾਡੇ ਕਰਕੇ ਆਪਣਾ ਇਰਾਦਾ ਨਾ ਬਦਲਿਓ।” ਆਪਣੇ ਧਰਮ ਵਿਚ ਪੱਕੇ ਰਹਿਣ ਕਰਕੇ ਲਿਓਨੀਡਸ ਨੂੰ ਸਜ਼ਾ-ਏ-ਮੌਤ ਦਿੱਤੀ ਗਈ ਅਤੇ ਉਸ ਦਾ ਪਰਿਵਾਰ ਆਸਰੇ ਤੋਂ ਬਿਨਾਂ ਰਹਿ ਗਿਆ। ਪਰ ਔਰਿਜੇਨ ਨੇ ਪੜ੍ਹਾਈ ਵਿਚ ਕਾਫ਼ੀ ਤਰੱਕੀ ਕੀਤੀ ਹੋਈ ਸੀ ਅਤੇ ਉਹ ਨੌਕਰੀ ਵਜੋਂ ਯੂਨਾਨੀ ਸਾਹਿੱਤ ਸਿਖਾਉਣ ਲੱਗ ਪਿਆ। ਇਸ ਤਰ੍ਹਾਂ ਉਹ ਆਪਣੀ ਮਾਂ ਅਤੇ ਛੇ ਛੋਟਿਆਂ ਭਰਾਵਾਂ ਦੀ ਦੇਖ-ਭਾਲ ਕਰ ਸਕਿਆ।

ਰੋਮ ਦਾ ਸਮਰਾਟ ਈਸਾਈ ਧਰਮ ਦੇ ਫੈਲਾਅ ਨੂੰ ਰੋਕਣਾ ਚਾਹੁੰਦਾ ਸੀ। ਉਸ ਦਾ ਫ਼ਰਮਾਨ ਸਿਰਫ਼ ਵਿਦਿਆਰਥੀਆਂ ਤੇ ਹੀ ਨਹੀਂ ਪਰ ਅਧਿਆਪਕਾਂ ਤੇ ਵੀ ਲਾਗੂ ਹੁੰਦਾ ਸੀ, ਇਸ ਲਈ ਸਿਕੰਦਰੀਆ ਤੋਂ ਈਸਾਈ ਧਰਮ ਦੇ ਸਾਰੇ ਅਧਿਆਪਕ ਭੱਜ ਗਏ। ਜਦੋਂ ਦੂਜਿਆਂ ਧਰਮਾਂ ਦੇ ਲੋਕਾਂ ਨੇ ਨੌਜਵਾਨ ਔਰਿਜੇਨ ਤੋਂ ਬਾਈਬਲ ਸਿੱਖਣ ਲਈ ਮਦਦ ਮੰਗੀ, ਤਾਂ ਉਸ ਨੇ ਇਸ ਗੱਲ ਨੂੰ ਰੱਬ ਤੋਂ ਆਦੇਸ਼ ਸਮਝ ਕੇ ਕਬੂਲ ਕਰ ਲਿਆ। ਉਸ ਦੇ ਕਈ ਵਿਦਿਆਰਥੀ ਸ਼ਹੀਦ ਹੋ ਗਏ, ਕੁਝ ਆਪਣੀ ਪੜ੍ਹਾਈ ਖ਼ਤਮ ਕਰਨ ਤੋਂ ਪਹਿਲਾਂ। ਔਰਿਜੇਨ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਆਪਣੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ, ਭਾਵੇਂ ਉਹ ਕਚਹਿਰੀਆਂ ਜਾਂ ਕੈਦਾਂ ਵਿਚ ਸਨ, ਜਾਂ ਉਨ੍ਹਾਂ ਨੂੰ ਫਾਂਸੀ ਹੋਣ ਵਾਲੀ ਸੀ। ਚੌਥੀ ਸਦੀ ਦੇ ਇਤਿਹਾਸਕਾਰ ਯੂਸੀਬੀਅਸ ਨੇ ਰਿਪੋਰਟ ਕੀਤਾ ਕਿ ਜਦੋਂ ਉਹ ਮੌਤ ਦੀ ਸਜ਼ਾ ਲਈ ਲਿਜਾਏ ਜਾ ਰਹੇ ਸਨ ਤਾਂ ਔਰਿਜੇਨ ਨੇ “ਬੜੀ ਦਲੇਰੀ ਨਾਲ ਉਨ੍ਹਾਂ ਨੂੰ ਚੁੰਮ ਕੇ ਸਲਾਮ ਕੀਤਾ।”

ਕਈ ਗ਼ੈਰ-ਮਸੀਹੀ ਲੋਕ ਔਰਿਜੇਨ ਨਾਲ ਬਹੁਤ ਨਾਰਾਜ਼ ਹੋਏ ਕਿਉਂਕਿ ਉਨ੍ਹਾਂ ਦੇ ਭਾਣੇ ਔਰਿਜੇਨ ਕਰਕੇ ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਨੇ ਆਪਣਾ ਧਰਮ ਬਦਲਿਆ ਸੀ ਅਤੇ ਇਸੇ ਵਜ੍ਹਾ ਉਨ੍ਹਾਂ ਨੂੰ ਮੌਤ ਦੀ ਸਜ਼ਾ ਮਿਲੀ ਸੀ। ਉਹ ਕਈ ਵਾਰ ਉਨ੍ਹਾਂ ਭੀੜਾਂ ਵਿੱਚੋਂ ਮਸੀਂ-ਮਸੀਂ ਬਚਿਆ ਸੀ ਜੋ ਉਸ ਨੂੰ ਜਾਨੋਂ ਮਾਰਨ ਲਈ ਇਕੱਠੀਆਂ ਹੋਈਆਂ ਸਨ। ਆਪਣੇ ਵੈਰੀਆਂ ਕਰਕੇ ਥਾਂ-ਤੋਂ-ਥਾਂ ਲੁਕ-ਛਿਪ ਕੇ ਭੱਜਦੇ ਰਹਿਣ ਦੇ ਬਾਵਜੂਦ ਔਰਿਜੇਨ ਆਪਣੀ ਸਿੱਖਿਆ ਦਿੰਦਾ ਰਿਹਾ। ਇਸ ਤਰ੍ਹਾਂ ਦੀ ਨਿਡਰਤਾ ਅਤੇ ਭਗਤੀ ਨੇ ਸਿਕੰਦਰੀਆ ਦੇ ਬਿਸ਼ਪ ਦੇਮੇਤ੍ਰਿਯੁਸ ਦਾ ਜੀਅ ਖ਼ੁਸ਼ ਕੀਤਾ। ਇਸ ਲਈ ਜਦੋਂ ਔਰਿਜੇਨ ਸਿਰਫ਼ 18 ਸਾਲਾਂ ਦਾ ਸੀ, ਦੇਮੇਤ੍ਰਿਯੁਸ ਨੇ ਉਸ ਨੂੰ ਸਿਕੰਦਰੀਆ ਦੇ ਧਾਰਮਿਕ ਸਕੂਲ ਦਾ ਮੁਖੀਆ ਬਣਾ ਦਿੱਤਾ।

ਸਮੇਂ ਦੇ ਬੀਤਣ ਨਾਲ ਔਰਿਜੇਨ ਇਕ ਜਾਣਿਆ-ਪਛਾਣਿਆ ਵਿਦਵਾਨ ਬਣ ਗਿਆ ਅਤੇ ਉਸ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਕੁਝ ਲੋਕ ਕਹਿੰਦੇ ਹਨ ਕਿ ਉਸ ਨੇ 6,000 ਕਿਤਾਬਾਂ ਲਿਖੀਆਂ ਪਰ ਇਹ ਸ਼ਾਇਦ ਵਧਾਇਆ-ਚੜ੍ਹਾਇਆ ਅੰਦਾਜ਼ਾ ਹੈ। ਉਸ ਦੇ ਸਭ ਤੋਂ ਮਸ਼ਹੂਰ ਕੰਮ ਦਾ ਨਾਮ ਹੈਕਸਾਪਲਾ ਹੈ, ਜੋ ਕਿ 50 ਪੁਸਤਕਾਂ ਵਾਲਾ ਇਬਰਾਨੀ ਸ਼ਾਸਤਰ ਦਾ ਸੰਸਕਰਣ ਹੈ। ਔਰਿਜੇਨ ਨੇ ਹੈਕਸਾਪਲਾ ਦੇ ਪਾਠ ਛੇ ਕਾਲਮਾਂ ਵਿਚ ਲਿਖੇ: (1) ਇਬਰਾਨੀ ਅਤੇ ਅਰਾਮੀ ਪਾਠ, (2) ਉਸ ਪਾਠ ਦਾ ਯੂਨਾਨੀ ਲਿਪੀਅੰਤਰਣ, (3) ਅਕੂਲਾ ਦਾ ਯੂਨਾਨੀ ਤਰਜਮਾ, (4) ਸਿਮਾਕਸ ਦਾ ਯੂਨਾਨੀ ਤਰਜਮਾ, (5) ਯੂਨਾਨੀ ਸੈਪਟੁਜਿੰਟ, ਜਿਸ ਨੂੰ ਔਰਿਜੇਨ ਨੇ ਇਬਰਾਨੀ ਪਾਠ ਨਾਲ ਚੰਗੀ ਤਰ੍ਹਾਂ ਮਿਲਾਉਣ ਲਈ ਸੁਧਾਰਿਆ ਸੀ, ਅਤੇ (6) ਥੀਅਡੋਸ਼ਨ ਦਾ ਯੂਨਾਨੀ ਤਰਜਮਾ। ਬਾਈਬਲ ਦੇ ਵਿਦਵਾਨ, ਜੌਨ ਹੌਟ ਨੇ ਲਿਖਿਆ ਕਿ “ਔਰਿਜੇਨ ਦੀ ਉਮੀਦ ਸੀ ਕਿ ਪਾਠ ਦਿਆਂ ਇਨ੍ਹਾਂ ਤਰਜਮਿਆਂ ਨਾਲ ਯੂਨਾਨੀ ਪਾਠਕ ਲਈ ਬਾਈਬਲ ਪੜ੍ਹਨੀ ਆਸਾਨ ਬਣ ਜਾਵੇਗੀ ਤਾਂਕਿ ਉਹ ਸਿਰਫ਼ ਸੈਪਟੁਜਿੰਟ ਪੜ੍ਹਨ ਨਾਲ ਭੁਲੇਖਾ ਨਾ ਖਾਵੇ।”

‘ਲਿਖੀਆਂ ਹੋਈਆਂ ਗੱਲਾਂ ਤੋਂ ਪਰੇ ਜਾਣਾ’

ਫਿਰ ਵੀ, ਤੀਜੀ ਸਦੀ ਦੇ ਰਲੇ-ਮਿਲੇ ਧਾਰਮਿਕ ਮਾਹੌਲ ਕਰਕੇ ਔਰਿਜੇਨ ਦੇ ਬਾਈਬਲ ਸਿਖਾਉਣ ਦੇ ਢੰਗ ਉੱਤੇ ਪ੍ਰਭਾਵ ਪਿਆ। ਭਾਵੇਂ ਈਸਾਈ-ਜਗਤ ਅਜੇ ਨਵਾਂ-ਨਵਾਂ ਹੀ ਸ਼ੁਰੂ ਹੋਇਆ ਸੀ, ਉਸ ਦੇ ਬਿਖ਼ਰੇ ਹੋਏ ਚਰਚਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਸਿੱਖਿਆਵਾਂ ਪਾਈਆਂ ਜਾਣ ਲੱਗ ਪਈਆਂ ਜੋ ਬਾਈਬਲ ਦੇ ਅਨੁਸਾਰ ਨਹੀਂ ਸਨ।

ਔਰਿਜੇਨ ਨੇ ਇਨ੍ਹਾਂ ਗ਼ੈਰ-ਬਾਈਬਲੀ ਸਿੱਖਿਆਵਾਂ ਵਿੱਚੋਂ ਕੁਝ ਨੂੰ ਅਪਣਾ ਲਿਆ ਅਤੇ ਉਹ ਇਨ੍ਹਾਂ ਨੂੰ ਰਸੂਲਾਂ ਦੀਆਂ ਸਿੱਖਿਆਵਾਂ ਸੱਦਣ ਲੱਗ ਪਿਆ। ਪਰ ਦੂਜੇ ਪਾਸੇ ਉਹ ਦੂਸਰੀਆਂ ਸਿੱਖਿਆਵਾਂ ਬਾਰੇ ਆਪਣਾ ਅਨੁਮਾਨ ਲਗਾਉਣ ਤੋਂ ਨਹੀਂ ਝਿਜਕਿਆ। ਉਸ ਦੇ ਕਈ ਵਿਦਿਆਰਥੀ ਉਸ ਸਮੇਂ ਦੀਆਂ ਫ਼ਿਲਾਸਫ਼ੀਆਂ ਕਰਕੇ ਉਲਝਣ ਵਿਚ ਸਨ। ਉਸ ਨੇ ਆਪਣੇ ਵਿਦਿਆਰਥੀਆਂ ਦੇ ਸਵਾਲਾਂ ਦਾ ਚੰਗਾ ਜਵਾਬ ਦੇਣਾ ਚਾਹਿਆ। ਉਨ੍ਹਾਂ ਦੀ ਮਦਦ ਕਰਨ ਲਈ ਔਰਿਜੇਨ ਨੇ ਕਈਆਂ ਕਿਸਮਾਂ ਦੀਆਂ ਫ਼ਿਲਾਸਫ਼ੀਆਂ ਦਾ ਧਿਆਨ ਲਾ ਕੇ ਅਧਿਐਨ ਕੀਤਾ।

ਬਾਈਬਲ ਨੂੰ ਫ਼ਿਲਾਸਫ਼ੀਆਂ ਨਾਲ ਮਿਲਾਉਣ ਲਈ ਔਰਿਜੇਨ ਨੇ ਬਾਈਬਲ ਵਿੱਚੋਂ ਗੁਪਤ ਮਤਲਬ ਕੱਢਣ ਦੀ ਕੋਸ਼ਿਸ਼ ਕੀਤੀ। ਉਹ ਮੰਨਦਾ ਸੀ ਕਿ ਬਾਈਬਲ ਦੇ ਪਾਠ ਦੇ ਰੂਹਾਨੀ ਮਤਲਬ ਤਾਂ ਹਮੇਸ਼ਾ ਕੱਢੇ ਜਾ ਸਕਦੇ ਸਨ ਪਰ ਉਹ ਅਸਲੀ ਚੀਜ਼ਾਂ ਬਾਰੇ ਜ਼ਿਕਰ ਨਹੀਂ ਕਰਦੇ ਹਨ। ਇਕ ਵਿਦਵਾਨ ਨੇ ਕਿਹਾ ਕਿ ਇਸ ਤਰ੍ਹਾਂ ਔਰਿਜੇਨ “ਬਾਈਬਲ ਵਿਚ ਆਪਣੇ ਮਨ ਦੇ ਧਾਰਮਿਕ ਅਸੂਲਾਂ ਅਨੁਸਾਰ ਗ਼ੈਰ-ਬਾਈਬਲੀ ਮਤਲਬ ਪਾ ਸਕਦਾ ਸੀ, ਅਤੇ ਨਾਲੋਂ ਨਾਲ ਕਹਿ ਸਕਦਾ ਸੀ (ਅਤੇ ਇਸ ਵਿਚ ਕੋਈ ਸ਼ੱਕ ਨਹੀਂ ਉਹ ਸੱਚੇ ਦਿਲੋਂ ਇਹ ਮੰਨਦਾ ਵੀ ਸੀ) ਕਿ ਉਹ ਬਾਈਬਲ ਦੀ ਸੱਚਾਈ ਦਾ ਜੋਸ਼ੀਲਾ ਅਤੇ ਵਫ਼ਾਦਾਰ ਅਨੁਵਾਦਕ ਸੀ।”

ਇਕ ਵਿਦਿਆਰਥੀ ਨੂੰ ਲਿਖੀ ਹੋਈ ਔਰਿਜੇਨ ਦੀ ਇਕ ਚਿੱਠੀ ਤੋਂ ਉਸ ਦੀ ਸੋਚਣੀ ਜ਼ਾਹਰ ਹੁੰਦੀ ਹੈ। ਉਸ ਨੇ ਲਿਖਿਆ ਕਿ ਇਸਰਾਏਲੀਆਂ ਨੇ ਮਿਸਰ ਤੋਂ ਲਿਆਂਦੇ ਸੋਨੇ ਨਾਲ ਯਹੋਵਾਹ ਦੇ ਭਵਨ ਲਈ ਭਾਂਡੇ ਬਣਾਏ ਸਨ। ਇਸ ਤੋਂ ਗੁਪਤ ਰੂਹਾਨੀ ਮਤਲਬ ਕੱਢਦੇ ਹੋਏ ਉਸ ਨੇ ਯੂਨਾਨੀ ਫ਼ਿਲਾਸਫ਼ੀ ਇਸਤੇਮਾਲ ਕਰ ਕੇ ਮਸੀਹੀਅਤ ਸਿਖਾਉਣੀ ਚਾਹੀ। ਉਸ ਨੇ ਲਿਖਿਆ: “ਇਸਰਾਏਲ ਦੀ ਔਲਾਦ ਲਈ ਮਿਸਰ ਤੋਂ ਲਿਆਂਦੀਆਂ ਚੀਜ਼ਾਂ ਕਿੰਨੀਆਂ ਫ਼ਾਇਦੇਮੰਦ ਸਾਬਤ ਹੋਈਆਂ। ਜਿਨ੍ਹਾਂ ਚੀਜ਼ਾਂ ਨੂੰ ਮਿਸਰੀ ਚੰਗੀ ਤਰ੍ਹਾਂ ਨਹੀਂ ਵਰਤ ਰਹੇ ਸਨ, ਇਬਰਾਨੀ ਲੋਕ ਪਰਮੇਸ਼ੁਰ ਦੀ ਬੁੱਧ ਇਸਤੇਮਾਲ ਕਰ ਕੇ ਉਨ੍ਹਾਂ ਚੀਜ਼ਾਂ ਨੂੰ ਪਰਮੇਸ਼ੁਰ ਦੀ ਸੇਵਾ ਲਈ ਵਰਤ ਸਕੇ ਸਨ।” ਇਸ ਤਰ੍ਹਾਂ ਔਰਿਜੇਨ ਨੇ ਆਪਣੇ ਵਿਦਿਆਰਥੀਆਂ ਨੂੰ ਸਿਖਾਇਆ ਕਿ ਉਹ “ਯੂਨਾਨੀ ਫ਼ਿਲਾਸਫ਼ੀਆਂ ਤੋਂ ਉਹ ਚੀਜ਼ਾਂ ਲੈ ਲੈਣ ਜਿਨ੍ਹਾਂ ਨਾਲ ਉਹ ਮਸੀਹੀਅਤ ਦਾ ਚੰਗੀ ਤਰ੍ਹਾਂ ਅਧਿਐਨ ਕਰ ਸਕਦੇ ਸਨ।”

ਇਸ ਤਰ੍ਹਾਂ ਦੇ ਖੁੱਲ੍ਹੇ-ਡੁੱਲ੍ਹੇ ਤਰੀਕੇ ਨਾਲ ਬਾਈਬਲ ਦੇ ਮਤਲਬ ਸਮਝਾ ਕੇ ਮਸੀਹੀ ਸਿੱਖਿਆ ਅਤੇ ਯੂਨਾਨੀ ਫ਼ਿਲਾਸਫ਼ੀ ਇੱਕੋ-ਜਿਹੀਆਂ ਲੱਗਣ ਲੱਗ ਪਈਆਂ। ਮਿਸਾਲ ਲਈ, ਔਰਿਜੇਨ ਨੇ ਲਾਤੀਨੀ ਭਾਸ਼ਾ ਵਿਚ ਆਪਣੀ ਕਿਤਾਬ ਮੂਲ ਸਿਧਾਂਤ ਵਿਚ ਯਿਸੂ ਬਾਰੇ ਇਸ ਤਰ੍ਹਾਂ ਲਿਖਿਆ ਕਿ ਉਸ “ਇਕਲੌਤੇ ਪੁੱਤਰ ਨੇ ਜਨਮ ਤਾਂ ਲਿਆ ਪਰ ਉਸ ਦੀ ਸ਼ੁਰੂਆਤ ਨਹੀਂ ਹੋਈ ਸੀ।” ਉਸ ਨੇ ਅੱਗੇ ਕਿਹਾ: “ਉਸ ਦੀ ਪੈਦਾਇਸ਼ ਸਦੀਵੀ ਹੈ। ਉਹ ਜੀਵਨ ਦਾ ਸੁਆਸ ਲੈ ਕੇ ਪੁੱਤਰ ਨਹੀਂ ਬਣਿਆ, ਪਰ ਉਹ ਪਰਮੇਸ਼ੁਰ ਦਾ ਇਕ ਹਿੱਸਾ ਹੀ ਹੈ।”

ਔਰਿਜੇਨ ਨੂੰ ਇਹ ਖ਼ਿਆਲ ਬਾਈਬਲ ਵਿੱਚੋਂ ਨਹੀਂ ਮਿਲਿਆ ਸੀ ਕਿਉਂਕਿ ਬਾਈਬਲ ਤਾਂ ਸਿਖਾਉਂਦੀ ਹੈ ਕਿ ਯਹੋਵਾਹ ਦਾ ਇਕਲੌਤਾ ਪੁੱਤਰ “ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ” ਅਤੇ ਕਿ ਉਹ “ਪਰਮੇਸ਼ੁਰ ਦੀ ਸਰਿਸ਼ਟ ਦਾ ਮੁੱਢ ਹੈ।” (ਕੁਲੁੱਸੀਆਂ 1:15; ਪਰਕਾਸ਼ ਦੀ ਪੋਥੀ 3:14) ਧਾਰਮਿਕ ਇਤਿਹਾਸਕਾਰ ਅਗਸਟਸ ਨੀਐਂਡਰ ਦੇ ਮੁਤਾਬਕ, ਔਰਿਜੇਨ “ਅਫਲਾਤੂਨੀ ਸਿਧਾਂਤ ਸੰਬੰਧੀ ਫ਼ਿਲਾਸਫ਼ੀਆਂ” ਦੁਆਰਾ “ਸਦੀਵੀ ਪੈਦਾਇਸ਼” ਦੇ ਖ਼ਿਆਲ ਤੇ ਪਹੁੰਚਿਆ ਸੀ। ਇਸ ਤਰ੍ਹਾਂ, ਔਰਿਜੇਨ ਬਾਈਬਲ ਦੇ ਮੂਲ ਸਿਧਾਂਤ ਖ਼ਿਲਾਫ਼ ਗਿਆ ਕਿ “ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਨ੍ਹਾਂ ਤੋਂ ਪਰੇ ਨਾ ਵਧੋ।”—1 ਕੁਰਿੰਥੀਆਂ 4:6.

ਧਰਮ-ਧਰੋਹ ਦਾ ਦੋਸ਼

ਅਧਿਆਪਕ ਬਣਨ ਦੇ ਮੁਢਲੇ ਸਾਲਾਂ ਦੌਰਾਨ ਸਿਕੰਦਰੀਆ ਦੀ ਇਕ ਧਰਮ-ਸਭਾ ਨੇ ਔਰਿਜੇਨ ਨੂੰ ਪਾਦਰੀ ਦੇ ਅਹੁਦੇ ਤੋਂ ਲਾਹ ਦਿੱਤਾ ਸੀ। ਇਸ ਦੀ ਵਜ੍ਹਾ ਸ਼ਾਇਦ ਬਿਸ਼ਪ ਦੇਮੇਤ੍ਰਿਯੁਸ ਦੀ ਈਰਖਾ ਸੀ ਕਿਉਂਕਿ ਔਰਿਜੇਨ ਬਹੁਤ ਮਸ਼ਹੂਰ ਹੋਈ ਜਾ ਰਿਹਾ ਸੀ। ਇਸ ਕਰਕੇ ਉਹ ਫਲਸਤੀਨ ਵਿਚ ਜਾ ਕੇ ਰਹਿਣ ਲੱਗ ਪਿਆ ਜਿੱਥੇ ਉਹ ਮਸੀਹੀ ਸਿਧਾਂਤਾਂ ਦੇ ਮੰਨੇ-ਪ੍ਰਮੰਨੇ ਰਾਖੇ ਵਜੋਂ ਮਸ਼ਹੂਰ ਸੀ ਅਤੇ ਉੱਥੇ ਉਹ ਇਕ ਪਾਦਰੀ ਵਜੋਂ ਕੰਮ ਕਰਦਾ ਰਿਹਾ। ਅਸਲ ਵਿਚ ਜਦੋਂ ਪੂਰਬ ਵਿਚ “ਧਰਮ-ਧਰੋਹ” ਸ਼ੁਰੂ ਹੋਇਆ ਤਾਂ ਔਰਿਜੇਨ ਨੂੰ ਬੁਲਾਇਆ ਗਿਆ ਤਾਂਕਿ ਉਹ ਗੁਮਰਾਹ ਬਿਸ਼ਪਾਂ ਨੂੰ ਆਰਥੋਡਾਕਸ ਚਰਚ ਵੱਲ ਵਾਪਸ ਮੋੜੇ। ਔਰਿਜੇਨ ਦੀ ਮੌਤ ਸੰਨ 254 ਵਿਚ ਹੋਈ, ਜਿਸ ਤੋਂ ਬਾਅਦ ਉਹ ਹੋਰ ਵੀ ਬਦਨਾਮ ਹੋਇਆ। ਇਸ ਤਰ੍ਹਾਂ ਕਿਉਂ ਹੋਇਆ?

ਈਸਾਈ ਧਰਮ ਫੈਲਣ ਤੋਂ ਬਾਅਦ, ਚਰਚਾਂ ਨੇ ਆਪਣੀਆਂ ਕੱਟੜ ਸਿੱਖਿਆਵਾਂ ਨੂੰ ਹੋਰ ਵੀ ਸਪੱਸ਼ਟ ਤੌਰ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਲਈ ਬਾਅਦ ਦੇ ਧਰਮ ਸ਼ਾਸਤਰੀਆਂ ਨੇ ਔਰਿਜੇਨ ਦੀਆਂ ਖ਼ਿਆਲੀ ਅਤੇ ਕਈ ਵਾਰ ਅਸਪੱਸ਼ਟ ਫ਼ਿਲਾਸਫ਼ੀਆਂ ਨੂੰ ਕਬੂਲ ਨਹੀਂ ਕੀਤਾ। ਤਾਹੀਓਂ ਉਸ ਦੀਆਂ ਸਿੱਖਿਆਵਾਂ ਨੇ ਚਰਚਾਂ ਵਿਚ ਸਖ਼ਤ ਵਾਦ-ਵਿਵਾਦ ਸ਼ੁਰੂ ਕੀਤੇ। ਚਰਚਾਂ ਨੇ ਇਨ੍ਹਾਂ ਵਾਦ-ਵਿਵਾਦਾਂ ਨਾਲ ਨਜਿੱਠਣ ਲਈ ਅਤੇ ਆਪਸੀ ਏਕਤਾ ਬਣਾਈ ਰੱਖਣ ਲਈ ਔਰਿਜੇਨ ਨੂੰ ਧਰਮ-ਧਰੋਹੀ ਵਜੋਂ ਦੋਸ਼ੀ ਠਹਿਰਾਇਆ।

ਗ਼ਲਤੀਆਂ ਸਿਰਫ਼ ਔਰਿਜੇਨ ਨੇ ਹੀ ਨਹੀਂ ਕੀਤੀਆਂ ਸਨ। ਅਸਲ ਵਿਚ ਬਾਈਬਲ ਨੇ ਪਹਿਲਾਂ ਹੀ ਦੱਸਿਆ ਸੀ ਕਿ ਲੋਕ ਮਸੀਹ ਦੀ ਸ਼ੁੱਧ ਸਿੱਖਿਆ ਤੋਂ ਭਟਕ ਜਾਣਗੇ। ਪਹਿਲੀ ਸਦੀ ਦੇ ਅੰਤ ਤਕ, ਯਿਸੂ ਦੇ ਰਸੂਲਾਂ ਦੀ ਮੌਤ ਤੋਂ ਬਾਅਦ ਧਰਮ ਤਿਆਗ ਬਹੁਤ ਫੈਲ ਰਿਹਾ ਸੀ। (2 ਥੱਸਲੁਨੀਕੀਆਂ 2:6, 7) ਅਖ਼ੀਰ ਵਿਚ ਕੁਝ ਈਸਾਈਆਂ ਨੇ ਆਪਣੇ ਆਪ ਨੂੰ “ਆਰਥੋਡਾਕਸ” ਜਾਂ ਸਨਾਤਨੀ ਸੱਦਣਾ ਸ਼ੁਰੂ ਕਰ ਦਿੱਤਾ ਅਤੇ ਦੂਸਰਿਆਂ ਨੂੰ “ਧਰਮ-ਧਰੋਹੀ।” ਪਰ ਅਸਲ ਵਿਚ ਈਸਾਈ-ਜਗਤ ਸੱਚੀ ਮਸੀਹੀਅਤ ਤੋਂ ਬਹੁਤ ਦੂਰ ਹੋ ਗਿਆ ਸੀ।

‘ਝੂਠ ਮੂਠ ਦਾ ਗਿਆਨ’

ਔਰਿਜੇਨ ਦਿਆਂ ਕਈਆਂ ਗ਼ਲਤ ਖ਼ਿਆਲਾਂ ਦੇ ਬਾਵਜੂਦ ਉਸ ਦੀਆਂ ਕਿਤਾਬਾਂ ਵਿਚ ਕੁਝ ਫ਼ਾਇਦੇਮੰਦ ਗੱਲਾਂ ਹਨ। ਮਿਸਾਲ ਵਜੋਂ, ਹੈਕਸਾਪਲਾ ਵਿਚ ਪਰਮੇਸ਼ੁਰ ਦਾ ਨਾਂ ਮੁਢਲੇ ਇਬਰਾਨੀ ਤਰੀਕੇ ਵਿਚ ਲਿਖਿਆ ਹੋਇਆ ਹੈ, ਜਿਸ ਨੂੰ ਚੌ-ਵਰਣੀ ਸ਼ਬਦ ਕਿਹਾ ਜਾਂਦਾ ਹੈ। ਇਸ ਗੱਲ ਤੋਂ ਜ਼ਰੂਰੀ ਸਬੂਤ ਮਿਲਦਾ ਹੈ ਕਿ ਮੁਢਲੇ ਮਸੀਹੀ ਪਰਮੇਸ਼ੁਰ ਦਾ ਨਾਂ ਯਹੋਵਾਹ ਜਾਣਦੇ ਹੀ ਨਹੀਂ ਸਨ ਪਰ ਲੈਂਦੇ ਵੀ ਸਨ। ਫਿਰ ਵੀ, ਪੰਜਵੀਂ ਸਦੀ ਦੇ ਥੀਓਫਲਿਸ ਨਾਂ ਦੇ ਬਿਸ਼ਪ ਨੇ ਚੇਤਾਵਨੀ ਦਿੱਤੀ ਕਿ “ਔਰਿਜੇਨ ਦੀਆਂ ਲਿਖਤਾਂ ਇਕ ਬਾਗ਼ ਵਰਗੀਆਂ ਹਨ ਜਿਸ ਵਿਚ ਵੰਨ-ਸੁਵੰਨੇ ਫੁੱਲ ਲੱਗੇ ਹੋਏ ਹਨ। ਜੇ ਮੈਨੂੰ ਕੋਈ ਸੋਹਣਾ ਜਿਹਾ ਫੁੱਲ ਦਿਸਦਾ ਹੈ ਤਾਂ ਮੈਂ ਉਸ ਨੂੰ ਤੋੜ ਲੈਂਦਾ ਹਾਂ, ਪਰ ਜੇ ਕੋਈ ਕੰਡੇਦਾਰ ਨਜ਼ਰ ਆਉਂਦਾ ਹੈ ਤਾਂ ਮੈਂ ਚੋਭ ਤੋਂ ਬਚਣ ਲਈ ਉਸ ਤੋ ਪਰੇ ਹੋ ਜਾਂਦਾ ਹਾਂ।”

ਬਾਈਬਲ ਦੀ ਸਿੱਖਿਆ ਅਤੇ ਯੂਨਾਨੀ ਫ਼ਿਲਾਸਫ਼ੀਆਂ ਨੂੰ ਰਲਾਉਣ-ਮਿਲਾਉਣ ਨਾਲ ਔਰਿਜੇਨ ਦੀ ਸਿੱਖਿਆ ਗ਼ਲਤੀਆਂ ਨਾਲ ਭਰ ਗਈ ਅਤੇ ਇਸ ਦੇ ਨਤੀਜੇ ਈਸਾਈ-ਜਗਤ ਲਈ ਬਹੁਤ ਖ਼ਰਾਬ ਨਿਕਲੇ। ਮਿਸਾਲ ਵਜੋਂ, ਭਾਵੇਂ ਕਿ ਬਾਅਦ ਵਿਚ ਔਰਿਜੇਨ ਦੇ ਕੁਝ ਗ਼ਲਤ ਖ਼ਿਆਲ ਰੱਦ ਕੀਤੇ ਗਏ ਸਨ, ਮਸੀਹ ਦੀ “ਸਦੀਵੀ ਪੈਦਾਇਸ਼” ਬਾਰੇ ਉਸ ਦੇ ਖ਼ਿਆਲ ਨੇ ਤ੍ਰਿਏਕ ਦੀ ਗ਼ੈਰ-ਬਾਈਬਲੀ ਸਿੱਖਿਆ ਦੀ ਨੀਂਹ ਧਰੀ। ਪਹਿਲੀਆਂ ਤਿੰਨ ਸਦੀਆਂ ਦਾ ਚਰਚ (ਅੰਗ੍ਰੇਜ਼ੀ) ਕਿਤਾਬ ਕਹਿੰਦੀ ਹੈ ਕਿ ਔਰਿਜੇਨ ਦੁਆਰਾ ਦਾਖ਼ਲ ਕੀਤੀ ਹੋਈ “ਫ਼ਿਲਾਸਫ਼ੀਆਂ ਦੀ ਪਸੰਦ ਜਲਦੀ ਕਿਤੇ ਖ਼ਤਮ ਨਹੀਂ ਹੋਣ ਵਾਲੀ ਸੀ।” ਇਸ ਦੇ ਨਤੀਜੇ ਕੀ ਹੋਏ ਸਨ? “ਮਸੀਹੀ ਮੱਤ ਦੀ ਸਾਦਗੀ ਵਿਗਾੜੀ ਗਈ, ਅਤੇ ਚਰਚ ਵਿਚ ਬੇਸ਼ੁਮਾਰ ਗ਼ਲਤੀਆਂ ਦਾਖ਼ਲ ਹੋ ਗਈਆਂ।”

ਔਰਿਜੇਨ ਪੌਲੁਸ ਰਸੂਲ ਦੀ ਗੱਲ ਉੱਤੇ ਗੌਰ ਕਰ ਕੇ ਧਰਮ ਤਿਆਗ ਦੇ ਫੈਲਾਅ ਵਿਚ ਹਿੱਸਾ ਲੈਣ ਤੋਂ ਹੱਟ ਸਕਦਾ ਸੀ ਕਿਉਂਕਿ ਪੌਲੁਸ ਨੇ ਕਿਹਾ ਸੀ ਕਿ “ਜਿਹੜਾ ਝੂਠ ਮੂਠ ਗਿਆਨ ਕਹਾਉਂਦਾ ਹੈ ਉਹ ਦੀ ਗੰਦੀ ਬੁੜ ਬੁੜ ਅਤੇ ਵਿਰੋਧਤਾਈਆਂ ਵੱਲੋਂ ਮੂੰਹ ਭੁਆ ਲੈ।” ਪਰ ਇਸ ਤਰ੍ਹਾਂ ਕਰਨ ਦੀ ਬਜਾਇ ਔਰਿਜੇਨ ਅਜਿਹੇ “ਗਿਆਨ ਨੂੰ ਮੰਨ ਕੇ ਨਿਹਚਾ ਦੇ ਨਿਸ਼ਾਨੇ ਤੋਂ ਖੁੰਝ” ਗਿਆ ਸੀ।—1 ਤਿਮੋਥਿਉਸ 6:20, 21; ਕੁਲੁੱਸੀਆਂ 2:8.

[ਸਫ਼ੇ 31 ਉੱਤੇ ਤਸਵੀਰ]

ਔਰੀਜੇਨ ਦਾ “ਹੈਕਸਾਪਲਾ” ਦਿਖਾਉਂਦਾ ਹੈ ਕਿ ਮਸੀਹੀ ਯੂਨਾਨੀ ਸ਼ਾਸਤਰ ਵਿਚ ਯਹੋਵਾਹ ਦਾ ਨਾਂ ਵਰਤਿਆ ਗਿਆ ਸੀ

[ਕ੍ਰੈਡਿਟ ਲਾਈਨ]

Published by permission of the Syndics of Cambridge University Library, T-S 12.182

[ਸਫ਼ੇ 29 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Culver Pictures