Skip to content

Skip to table of contents

ਕੀ ਇਨਸਾਨ ਦੀ ਆਤਮਾ ਅਮਰ ਹੈ?

ਕੀ ਇਨਸਾਨ ਦੀ ਆਤਮਾ ਅਮਰ ਹੈ?

ਕੀ ਇਨਸਾਨ ਦੀ ਆਤਮਾ ਅਮਰ ਹੈ?

ਪੌਲੁਸ ਰਸੂਲ ਨੇ ਲਿਖਿਆ ਸੀ ਕਿ “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।” (2 ਤਿਮੋਥਿਉਸ 3:16) ਜੀ ਹਾਂ, ਬਾਈਬਲ ਸੱਚਾਈ ਦੀ ਅਜਿਹੀ ਪੁਸਤਕ ਹੈ ਜੋ ਸੱਚੇ ਪਰਮੇਸ਼ੁਰ ਯਹੋਵਾਹ ਨੇ ਸਾਨੂੰ ਦਿੱਤੀ ਹੈ।​—ਜ਼ਬੂਰ 83:18.

ਯਹੋਵਾਹ ਨੇ ਸਾਰੀਆਂ ਚੀਜ਼ਾਂ ਬਣਾਈਆਂ ਹਨ। ਹਾਂ, ਉਸ ਨੇ ਇਨਸਾਨ ਨੂੰ ਵੀ ਬਣਾਇਆ ਹੈ, ਇਸ ਲਈ ਉਸ ਨੂੰ ਪਤਾ ਹੈ ਕਿ ਜਦੋਂ ਅਸੀਂ ਮਰਦੇ ਹਾਂ ਤਾਂ ਸਾਨੂੰ ਕੀ ਹੁੰਦਾ ਹੈ। (ਇਬਰਾਨੀਆਂ 3:4; ਪਰਕਾਸ਼ ਦੀ ਪੋਥੀ 4:11) ਅਤੇ ਇਸ ਬਾਰੇ ਉਸ ਨੇ ਆਪਣੇ ਪ੍ਰੇਰਿਤ ਬਚਨ, ਬਾਈਬਲ ਵਿਚ ਸਾਨੂੰ ਦੱਸਿਆ ਹੈ।

ਆਤਮਾ ਕੀ ਹੈ?

ਬਾਈਬਲ ਵਿਚ ਜਿਨ੍ਹਾਂ ਸ਼ਬਦਾਂ ਦਾ ਅਨੁਵਾਦ “ਆਤਮਾ” ਕੀਤਾ ਗਿਆ ਹੈ ਉਨ੍ਹਾਂ ਦਾ ਮੂਲ ਅਰਥ “ਸਾਹ” ਹੈ। ਪਰ ਇਨ੍ਹਾਂ ਦਾ ਮਤਲਬ ਸਿਰਫ਼ ਸਾਹ ਲੈਣਾ ਹੀ ਨਹੀਂ ਹੈ। ਮਿਸਾਲ ਲਈ, ਬਾਈਬਲ ਦੇ ਇਕ ਲਿਖਾਰੀ ਯਾਕੂਬ ਨੇ ਲਿਖਿਆ ਸੀ ਕਿ “ਆਤਮਾ ਬਾਝੋਂ ਸਰੀਰ ਮੁਰਦਾ ਹੈ।” (ਯਾਕੂਬ 2:26) ਤਾਂ ਫਿਰ ਆਤਮਾ ਉਹ ਸ਼ਕਤੀ ਹੈ ਜੋ ਸਰੀਰ ਵਿਚ ਜਾਨ ਪਾਉਂਦੀ ਹੈ।

ਪਰ ਇਹ ਜਾਨ ਪਾਉਣ ਵਾਲੀ ਸ਼ਕਤੀ ਸਿਰਫ਼ ਉਹ ਹਵਾ ਹੀ ਨਹੀਂ ਹੋ ਸਕਦੀ ਜੋ ਫੇਫੜਿਆਂ ਵਿੱਚੋਂ ਦੀ ਲੰਘਦੀ ਹੈ। ਕਿਉਂ ਨਹੀਂ? ਕਿਉਂਕਿ ਜਦੋਂ ਕਿਸੇ ਇਨਸਾਨ ਦਾ ਸਾਹ ਬੰਦ ਹੋ ਜਾਂਦਾ ਹੈ, ਤਾਂ ਸਰੀਰ ਦੇ ਕੁਝ ਸੈੱਲਾਂ ਵਿਚ ਥੋੜ੍ਹੇ ਚਿਰ ਲਈ ਜਾਨ ਹਾਲੇ ਬਾਕੀ ਰਹਿੰਦੀ ਹੈ। ਦ ਵਰਲਡ ਬੁੱਕ ਐਨਸਾਈਕਲੋਪੀਡਿਆ ਦੇ ਅਨੁਸਾਰ ਇਹ ਜਾਨ “ਕਈਆਂ ਮਿੰਟਾਂ ਲਈ” ਸਰੀਰ ਵਿਚ ਰਹਿੰਦੀ ਹੈ। ਇਸੇ ਲਈ ਜਦੋਂ ਇਨਸਾਨ ਸਾਹ ਲੈਣਾ ਬੰਦ ਕਰ ਦਿੰਦਾ ਹੈ, ਤਾਂ ਉਸ ਦਾ ਸਾਹ ਦੁਬਾਰਾ ਚਾਲੂ ਕੀਤਾ ਜਾ ਸਕਦਾ ਹੈ। ਪਰ ਜਦੋਂ ਸਰੀਰ ਦੇ ਸੈੱਲਾਂ ਵਿੱਚੋਂ ਜੀਵਨ-ਸ਼ਕਤੀ ਨਿਕਲ ਜਾਂਦੀ ਹੈ ਤਾਂ ਇਨਸਾਨ ਨੂੰ ਫਿਰ ਤੋਂ ਜੀਉਂਦਾ ਨਹੀਂ ਕੀਤਾ ਜਾ ਸਕਦਾ। ਚਾਹੇ ਉਸ ਵਿਚ ਜਿੰਨਾ ਮਰਜ਼ੀ ਸਾਹ ਫੂਕਿਆ ਜਾਵੇ ਉਸ ਦੇ ਇਕ ਵੀ ਸੈੱਲ ਵਿਚ ਜਾਨ ਨਹੀਂ ਪਾਈ ਜਾ ਸਕਦੀ। ਆਤਮਾ ਉਹ ਜੀਵਨ-ਸ਼ਕਤੀ ਹੈ ਜਿਸ ਨੂੰ ਅਸੀਂ ਦੇਖ ਨਹੀਂ ਸਕਦੇ ਪਰ ਜੋ ਸਾਨੂੰ ਜੀਉਂਦਾ ਰੱਖਦੀ ਹੈ, ਅਤੇ ਇਸ ਨੂੰ ਸਾਹ ਲੈਣ ਦੁਆਰਾ ਕਾਇਮ ਰੱਖਿਆ ਜਾਂਦਾ ਹੈ।​—ਅੱਯੂਬ 34:14, 15.

ਕੀ ਇਹ ਆਤਮਾ ਜਾਂ ਜੀਵਨ-ਸ਼ਕਤੀ ਸਿਰਫ਼ ਇਨਸਾਨ ਵਿਚ ਹੀ ਕੰਮ ਕਰਦੀ ਹੈ? ਇਸ ਸਵਾਲ ਦਾ ਸਹੀ ਜਵਾਬ ਬਾਈਬਲ ਵਿੱਚੋਂ ਮਿਲਦਾ ਹੈ। ਬੁੱਧੀਮਾਨ ਰਾਜਾ ਸੁਲੇਮਾਨ ਨੇ ਸਵੀਕਾਰ ਕੀਤਾ ਕਿ ਇਨਸਾਨਾਂ ਅਤੇ ਜਾਨਵਰਾਂ “ਸਭਨਾਂ ਵਿੱਚ ਇੱਕੋ ਜਿਹਾ ਸਾਹ [ਜਾਂ “ਆਤਮਾ,” ਨਿ ਵ] ਹੈ,” ਅਤੇ ਉਸ ਨੇ ਪੁੱਛਿਆ: “ਕੌਣ ਜਾਣਦਾ ਹੈ ਭਾਵੇਂ ਆਦਮ ਵੰਸੀ ਦਾ ਆਤਮਾ ਉਤਾਹਾਂ ਚੜ੍ਹੇ ਅਤੇ ਪਸੂਆਂ ਦਾ ਆਤਮਾ ਧਰਤੀ ਵੱਲ ਹੇਠਾਂ ਲਹੇ?” (ਉਪਦੇਸ਼ਕ ਦੀ ਪੋਥੀ 3:19-21) ਇਸ ਦਾ ਮਤਲਬ ਹੈ ਕਿ ਇਨਸਾਨਾਂ ਵਾਂਗ ਜਾਨਵਰਾਂ ਦੀ ਵੀ ਆਤਮਾ ਹੁੰਦੀ ਹੈ। ਇਹ ਕਿਵੇਂ ਹੋ ਸਕਦਾ ਹੈ?

ਆਤਮਾ ਜਾਂ ਜੀਵਨ-ਸ਼ਕਤੀ ਦੀ ਤੁਲਨਾ ਬਿਜਲੀ ਦੇ ਕਰੰਟ ਨਾਲ ਕੀਤੀ ਜਾ ਸਕਦੀ ਹੈ ਜੋ ਕਿਸੇ ਸੰਦ ਜਾਂ ਮਸ਼ੀਨ ਵਿਚਦੀ ਲੰਘਦਾ ਹੈ। ਬਿਜਲੀ ਦਾ ਕਰੰਟ ਦੇਖਿਆ ਤਾਂ ਨਹੀਂ ਜਾ ਸਕਦਾ ਪਰ ਜਿਸ ਚੀਜ਼ ਵਿਚਦੀ ਇਹ ਲੰਘਦਾ ਹੈ ਉਸ ਦੇ ਅਨੁਸਾਰ ਇਹ ਵੱਖੋ-ਵੱਖਰੇ ਕੰਮ ਕਰ ਸਕਦਾ ਹੈ। ਮਿਸਾਲ ਲਈ, ਬਿਜਲੀ ਦੇ ਕਰੰਟ ਕਰਕੇ ਬਿਜਲੀ ਦੇ ਚੁੱਲ੍ਹੇ ਤੇ ਰੋਟੀ ਪਕਾਈ ਜਾ ਸਕਦੀ ਹੈ ਜਾਂ ਕੰਪਿਊਟਰ ਤੋਂ ਜਾਣਕਾਰੀ ਲਈ ਜਾ ਸਕਦੀ ਹੈ, ਅਤੇ ਟੈਲੀਵਿਯਨ ਤੇ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ। ਪਰ, ਬਿਜਲੀ ਦਾ ਕਰੰਟ ਕਦੀ ਵੀ ਉਸ ਚੀਜ਼ ਦਾ ਰੂਪ ਨਹੀਂ ਧਾਰਦਾ ਜਿਸ ਨੂੰ ਉਹ ਚਲਾਉਂਦਾ ਹੈ। ਇਹ ਸਿਰਫ਼ ਇਕ ਸ਼ਕਤੀ ਹੈ। ਇਸੇ ਤਰ੍ਹਾਂ ਜੀਵਨ-ਸ਼ਕਤੀ ਚਾਹੇ ਕਿਸੇ ਇਨਸਾਨ ਜਾਂ ਜਾਨਵਰ ਵਿਚ ਹੋਵੇ ਉਹ ਕਿਸੇ ਵੀ ਤਰ੍ਹਾਂ ਉਸ ਦਾ ਰੂਪ ਨਹੀਂ ਧਾਰਦੀ। ਇਸ ਦੀ ਕੋਈ ਸ਼ਖ਼ਸੀਅਤ ਨਹੀਂ ਹੁੰਦੀ ਅਤੇ ਨਾ ਹੀ ਇਸ ਵਿਚ ਸੋਚਣ ਦੀ ਯੋਗਤਾ ਹੁੰਦੀ ਹੈ। ਇਨਸਾਨਾਂ ਅਤੇ ਜਾਨਵਰਾਂ ਵਿਚ “ਇੱਕੋ ਜਿਹਾ ਸਾਹ ਹੈ।” (ਉਪਦੇਸ਼ਕ ਦੀ ਪੋਥੀ 3:19) ਇਸ ਲਈ ਜਦੋਂ ਇਨਸਾਨ ਮਰ ਜਾਂਦਾ ਹੈ ਤਾਂ ਉਸ ਦੀ ਅਜਿਹੀ ਕੋਈ ਆਤਮਾ ਨਹੀਂ ਹੁੰਦੀ ਜੋ ਉਸ ਦੇ ਸਰੀਰ ਵਿੱਚੋਂ ਨਿਕਲ ਕੇ ਕਿਤੇ ਹੋਰ ਜੀਉਂਦੀ ਰਹਿੰਦੀ ਹੈ।

ਤਾਂ ਫਿਰ ਮੁਰਦਿਆਂ ਦੀ ਸਥਿਤੀ ਕੀ ਹੈ? ਅਤੇ ਜਦੋਂ ਇਨਸਾਨ ਮਰਦਾ ਹੈ ਤਾਂ ਇਸ ਜਾਨ ਪਾਉਣ ਵਾਲੀ ਆਤਮਾ ਨੂੰ ਕੀ ਹੁੰਦਾ ਹੈ?

“ਮਿੱਟੀ ਵਿੱਚ ਤੂੰ ਮੁੜ ਜਾਵੇਂਗਾ”

ਜਦੋਂ ਪਹਿਲੇ ਬੰਦੇ ਆਦਮ ਨੇ ਜਾਣ-ਬੁੱਝ ਕੇ ਪਰਮੇਸ਼ੁਰ ਦਾ ਹੁਕਮ ਤੋੜਿਆ ਸੀ ਤਾਂ ਪਰਮੇਸ਼ੁਰ ਨੇ ਉਸ ਨੂੰ ਕਿਹਾ ਸੀ ਕਿ “ਤੂੰ ਆਪਣੇ ਮੂੰਹ ਦੇ ਮੁੜ੍ਹਕੇ ਨਾਲ ਰੋਟੀ ਖਾਵੇਂਗਾ ਜਦ ਤੀਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇਂ ਕਿਉਂਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।” (ਉਤਪਤ 3:19) ਇਸ ਤੋਂ ਪਹਿਲਾਂ ਕਿ ਯਹੋਵਾਹ ਨੇ ਆਦਮ ਨੂੰ ਮਿੱਟੀ ਵਿੱਚੋਂ ਸ੍ਰਿਸ਼ਟ ਕੀਤਾ ਸੀ, ਆਦਮ ਕਿੱਥੇ ਸੀ? ਕਿਤੇ ਵੀ ਨਹੀਂ! ਉਹ ਸੀ ਹੀ ਨਹੀਂ। ਤਾਂ ਫਿਰ ਜਦੋਂ ਯਹੋਵਾਹ ਪਰਮੇਸ਼ੁਰ ਨੇ ਕਿਹਾ ਸੀ ਕਿ ਆਦਮ ‘ਮਿੱਟੀ ਵਿੱਚ ਫੇਰ ਮੁੜ’ ਜਾਵੇਗਾ ਉਸ ਦਾ ਮਤਲਬ ਸੀ ਕਿ ਆਦਮ ਮਰ ਕੇ ਦੁਬਾਰਾ ਜ਼ਮੀਨ ਵਿਚ ਰਲ ਜਾਵੇਗਾ। ਆਦਮ ਦੀ ਆਤਮਾ ਨੇ ਕਿਤੇ ਹੋਰ ਜੀਉਂਦੀ ਨਹੀਂ ਰਹਿਣਾ ਸੀ। ਉਸ ਦੀ ਸਜ਼ਾ ਮੌਤ ਸੀ ਯਾਨੀ ਉਸ ਦੇ ਜੀਵਨ ਦਾ ਅੰਤ। ਉਸ ਨੇ ਕਿਸੇ ਦੂਸਰੀ ਦੁਨੀਆਂ ਵਿਚ ਨਹੀਂ ਸੀ ਚਲੇ ਜਾਣਾ।​—ਰੋਮੀਆਂ 6:23.

ਪਰ ਬਾਕੀ ਦੇ ਮਰੇ ਹੋਏ ਲੋਕਾਂ ਬਾਰੇ ਕੀ? ਉਪਦੇਸ਼ਕ ਦੀ ਪੋਥੀ 9:5, 10 ਵਿਚ ਮਰੇ ਹੋਏ ਲੋਕਾਂ ਦੀ ਸਥਿਤੀ ਬਾਰੇ ਸਾਫ਼-ਸਾਫ਼ ਇਸ ਤਰ੍ਹਾਂ ਦੱਸਿਆ ਗਿਆ ਹੈ: ‘ਮੋਏ ਕੁਝ ਵੀ ਨਹੀਂ ਜਾਣਦੇ ਕਬਰ ਵਿੱਚ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।’ ਤਾਂ ਫਿਰ ਮੌਤ ਜੀਵਨ ਤੋਂ ਉਲਟ ਹੈ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ ਕਿ ਜਦੋਂ ਇਨਸਾਨ ਮਰ ਜਾਂਦਾ ਹੈ, ਤਾਂ ਉਸ ਵੇਲੇ ‘ਉਹ ਦਾ ਸਾਹ ਨਿੱਕਲ ਜਾਂਦਾ ਹੈ, ਉਹ ਆਪਣੀ ਮਿੱਟੀ ਵਿੱਚ ਮੁੜ ਜਾਂਦਾ ਹੈ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ।’​—ਜ਼ਬੂਰ 146:4.

ਤਾਂ ਫਿਰ ਸਪੱਸ਼ਟ ਹੈ ਕਿ ਮੁਰਦੇ ਜੀਉਂਦੇ ਨਹੀਂ ਰਹਿੰਦੇ। ਉਹ ਕੁਝ ਵੀ ਨਹੀਂ ਜਾਣ ਸਕਦੇ। ਉਹ ਨਾ ਤਾਂ ਤੁਹਾਨੂੰ ਦੇਖ ਸਕਦੇ ਹਨ, ਨਾ ਹੀ ਸੁਣ ਸਕਦੇ ਹਨ ਅਤੇ ਨਾ ਹੀ ਤੁਹਾਡੇ ਨਾਲ ਗੱਲ ਕਰ ਸਕਦੇ ਹਨ। ਉਹ ਨਾ ਤੁਹਾਡੀ ਮਦਦ ਕਰ ਸਕਦੇ ਹਨ ਅਤੇ ਨਾ ਹੀ ਤੁਹਾਨੂੰ ਦੁੱਖ ਪਹੁੰਚਾ ਸਕਦੇ ਹਨ। ਤੁਹਾਨੂੰ ਮਰੇ ਹੋਇਆਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ।

ਆਤਮਾ ‘ਪਰਮੇਸ਼ੁਰ ਦੇ ਕੋਲ ਮੁੜ ਜਾਂਦੀ ਹੈ’

ਬਾਈਬਲ ਕਹਿੰਦੀ ਹੈ ਕਿ ਜਦੋਂ ਇਨਸਾਨ ਮਰ ਜਾਂਦਾ ਹੈ ਤਾਂ ‘ਆਤਮਾ ਪਰਮੇਸ਼ੁਰ ਦੇ ਕੋਲ ਮੁੜ ਜਾਂਦੀ ਹੈ, ਜਿਸ ਨੇ ਉਸ ਨੂੰ ਬਖਸ਼ਿਆ ਸੀ।’ (ਉਪਦੇਸ਼ਕ ਦੀ ਪੋਥੀ 12:7) ਕੀ ਇਸ ਦਾ ਇਹ ਮਤਲਬ ਹੈ ਕਿ ਆਤਮਾ ਸੱਚ-ਮੁੱਚ ਆਸਮਾਨ ਵਿੱਚੋਂ ਸਫ਼ਰ ਕਰ ਕੇ ਪਰਮੇਸ਼ੁਰ ਦੀ ਹਜ਼ੂਰੀ ਵਿਚ ਪਹੁੰਚ ਜਾਂਦੀ ਹੈ? ਬਿਲਕੁਲ ਨਹੀਂ! ਜਿਸ ਤਰੀਕੇ ਵਿਚ ਬਾਈਬਲ ਇਹ ਸ਼ਬਦ “ਮੁੜ” ਇਸਤੇਮਾਲ ਕਰਦੀ ਹੈ ਉਸ ਦਾ ਮਤਲਬ ਇਹ ਨਹੀਂ ਕਿ ਕੋਈ ਚੀਜ਼ ਸੱਚ-ਮੁੱਚ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਨੂੰ ਚਲੀ ਜਾਂਦੀ ਹੈ। ਮਿਸਾਲ ਲਈ, ਬੇਵਫ਼ਾ ਇਸਰਾਏਲੀਆਂ ਨੂੰ ਕਿਹਾ ਗਿਆ ਸੀ: “ਤੁਸੀਂ ਸੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ।” (ਮਲਾਕੀ 3:7) ਯਹੋਵਾਹ ਵੱਲ ‘ਮੁੜਨ’ ਦਾ ਮਤਲਬ ਸੀ ਕਿ ਇਸਰਾਏਲ ਗ਼ਲਤ ਕੰਮਾਂ ਨੂੰ ਛੱਡ ਕੇ ਪਰਮੇਸ਼ੁਰ ਦੇ ਨੇਕ ਮਿਆਰਾਂ ਉੱਤੇ ਫਿਰ ਤੋਂ ਚੱਲੇ। ਅਤੇ ਇਸਰਾਏਲ ਵੱਲ ‘ਮੁੜਨ’ ਦਾ ਮਤਲਬ ਸੀ ਕਿ ਯਹੋਵਾਹ ਫਿਰ ਤੋਂ ਆਪਣਿਆਂ ਲੋਕਾਂ ਉੱਤੇ ਮਿਹਰ ਕਰੇਗਾ। ਇਨ੍ਹਾਂ ਦੋਹਾਂ ਉਦਾਹਰਣਾਂ ਵਿਚ ‘ਮੁੜਨ’ ਦਾ ਮਤਲਬ ਮਨ ਦੀ ਤਬਦੀਲੀ ਕਰਨਾ ਸੀ ਨਾ ਕਿ ਸੱਚ-ਮੁੱਚ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ।

ਇਸੇ ਤਰ੍ਹਾਂ ਮੌਤ ਦੇ ਵੇਲੇ ਜਦੋਂ ਆਤਮਾ ਪਰਮੇਸ਼ੁਰ ਕੋਲ “ਮੁੜ” ਜਾਂਦੀ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਧਰਤੀ ਛੱਡ ਕੇ ਕਿਸੇ ਸਵਰਗੀ ਦੁਨੀਆਂ ਵਿਚ ਵੱਸਣ ਚਲੇ ਜਾਂਦੀ ਹੈ। ਜਦੋਂ ਇਨਸਾਨ ਵਿੱਚੋਂ ਜੀਵਨ-ਸ਼ਕਤੀ ਨਿਕਲ ਜਾਂਦੀ ਹੈ ਤਾਂ ਸਿਰਫ਼ ਪਰਮੇਸ਼ੁਰ ਹੀ ਉਸ ਵਿਚ ਦੁਬਾਰਾ ਜਾਨ ਪਾ ਸਕਦਾ ਹੈ। ਤਾਂ ਫਿਰ ਆਤਮਾ ਇਸ ਭਾਵ ਵਿਚ ‘ਸੱਚੇ ਪਰਮੇਸ਼ੁਰ ਦੇ ਕੋਲ ਮੁੜ ਜਾਂਦੀ’ ਹੈ ਕਿ ਭਵਿੱਖ ਵਿਚ ਉਸ ਇਨਸਾਨ ਦਾ ਜੀਵਨ ਹੁਣ ਪੂਰੀ ਤਰ੍ਹਾਂ ਪਰਮੇਸ਼ੁਰ ਉੱਤੇ ਨਿਰਭਰ ਕਰਦਾ ਹੈ।

ਮਿਸਾਲ ਲਈ, ਧਿਆਨ ਦਿਓ ਕਿ ਬਾਈਬਲ ਵਿਚ ਯਿਸੂ ਮਸੀਹ ਦੀ ਮੌਤ ਬਾਰੇ ਕੀ ਕਿਹਾ ਗਿਆ ਹੈ। ਇੰਜੀਲ ਦਾ ਲਿਖਾਰੀ ਲੂਕਾ ਦੱਸਦਾ ਹੈ: “ਤਾਂ ਯਿਸੂ ਉੱਚੀ ਅਵਾਜ਼ ਨਾਲ ਚਿੱਲਾ ਕੇ ਆਖਿਆ ਕਿ ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥੀਂ ਸੌਂਪਦਾ ਹਾਂ, ਅਤੇ ਇਹ ਕਹਿ ਕੇ ਪ੍ਰਾਣ ਛੱਡ ਦਿੱਤੇ।” (ਲੂਕਾ 23:46) ਜਦੋਂ ਯਿਸੂ ਦੀ ਆਤਮਾ ਨਿਕਲੀ ਤਾਂ ਉਹ ਇਕਦਮ ਸਵਰਗ ਨੂੰ ਨਹੀਂ ਜਾ ਰਿਹਾ ਸੀ। ਯਿਸੂ ਦੀ ਮੌਤ ਤੋਂ ਤਿੰਨ ਦਿਨ ਬਾਅਦ ਉਹ ਜੀ ਉਠਾਇਆ ਗਿਆ ਸੀ, ਅਤੇ 40 ਦਿਨ ਬਾਅਦ ਉਹ ਸਵਰਗ ਨੂੰ ਗਿਆ ਸੀ। (ਰਸੂਲਾਂ ਦੇ ਕਰਤੱਬ 1:3, 9) ਪਰ ਆਪਣੀ ਮੌਤ ਤੇ ਯਿਸੂ ਨੇ ਪੂਰੇ ਭਰੋਸੇ ਨਾਲ ਆਪਣੀ ਆਤਮਾ ਆਪਣੇ ਪਿਤਾ ਦੇ ਹੱਥੀਂ ਸੌਂਪੀ ਸੀ, ਇਹ ਜਾਣਦੇ ਹੋਏ ਕਿ ਯਹੋਵਾਹ ਉਸ ਨੂੰ ਫਿਰ ਤੋਂ ਜੀਉਂਦਾ ਕਰ ਸਕਦਾ ਸੀ।

ਜੀ ਹਾਂ, ਪਰਮੇਸ਼ੁਰ ਇਨਸਾਨ ਨੂੰ ਦੁਬਾਰਾ ਜੀਵਨ ਬਖ਼ਸ਼ ਸਕਦਾ ਹੈ। (ਜ਼ਬੂਰ 104:30) ਇਹ ਉਮੀਦ ਕਿੰਨੀ ਵਧੀਆ ਹੈ!

ਪੱਕੀ ਉਮੀਦ

ਬਾਈਬਲ ਕਹਿੰਦੀ ਹੈ: “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ [“ਯਾਦਗਾਰੀ,” ਨਿ ਵ] ਕਬਰਾਂ ਵਿੱਚ ਹਨ [ਯਿਸੂ] ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।” (ਯੂਹੰਨਾ 5:28, 29) ਜੀ ਹਾਂ ਯਿਸੂ ਮਸੀਹ ਨੇ ਵਾਅਦਾ ਕੀਤਾ ਸੀ ਕਿ ਸਾਰੇ ਮੁਰਦੇ ਜੋ ਯਹੋਵਾਹ ਦੀ ਯਾਦ ਵਿਚ ਹਨ ਦੁਬਾਰਾ ਜੀ ਉਠਾਏ ਜਾਣਗੇ। ਉਨ੍ਹਾਂ ਵਿਚ ਉਹ ਜ਼ਰੂਰ ਹੋਣਗੇ ਜੋ ਯਹੋਵਾਹ ਦੇ ਸੇਵਕਾਂ ਵਜੋਂ ਉਸ ਦੀ ਮਰਜ਼ੀ ਅਨੁਸਾਰ ਚੱਲੇ ਸਨ। ਪਰ ਕਰੋੜਾਂ ਹੋਰ ਲੋਕ ਇਹ ਦਿਖਾਏ ਬਿਨਾਂ ਹੀ ਮਰ ਗਏ ਹਨ ਕਿ ਉਹ ਪਰਮੇਸ਼ੁਰ ਦੇ ਧਰਮੀ ਮਿਆਰਾਂ ਉੱਤੇ ਚੱਲਣਗੇ ਜਾਂ ਨਹੀਂ। ਉਨ੍ਹਾਂ ਨੂੰ ਜਾਂ ਤਾਂ ਯਹੋਵਾਹ ਦੀਆਂ ਮੰਗਾਂ ਬਾਰੇ ਪਤਾ ਨਹੀਂ ਸੀ ਜਾਂ ਉਨ੍ਹਾਂ ਕੋਲ ਲੋੜੀਂਦੀਆਂ ਤਬਦੀਲੀਆਂ ਕਰਨ ਲਈ ਸਮਾਂ ਨਹੀਂ ਸੀ। ਅਜਿਹੇ ਇਨਸਾਨ ਵੀ ਪਰਮੇਸ਼ੁਰ ਦੀ ਯਾਦ ਵਿਚ ਹਨ ਅਤੇ ਦੁਬਾਰਾ ਜੀ ਉਠਾਏ ਜਾਣਗੇ, ਕਿਉਂਕਿ ਬਾਈਬਲ ਕਹਿੰਦੀ ਹੈ: “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।”—ਰਸੂਲਾਂ ਦੇ ਕਰਤੱਬ 24:15.

ਅੱਜ-ਕੱਲ੍ਹ ਦੁਨੀਆਂ ਨਫ਼ਰਤ, ਲੜਾਈ-ਝਗੜਿਆਂ, ਹਿੰਸਾ, ਖ਼ੂਨ-ਖ਼ਰਾਬੇ, ਪ੍ਰਦੂਸ਼ਣ, ਅਤੇ ਬੀਮਾਰੀਆਂ ਨਾਲ ਭਰੀ ਹੋਈ ਹੈ। ਜੇਕਰ ਮਰੇ ਹੋਏ ਇਨਸਾਨ ਅਜਿਹੀ ਧਰਤੀ ਉੱਤੇ ਜੀ ਉਠਾਏ ਜਾਣਗੇ ਤਾਂ ਥੋੜ੍ਹੇ ਚਿਰ ਵਿਚ ਹੀ ਉਨ੍ਹਾਂ ਦੀ ਖ਼ੁਸ਼ੀ ਦਾ ਗਲ਼ਾ ਘੁੱਟਿਆ ਜਾਵੇਗਾ। ਪਰ ਸਾਡੇ ਸ੍ਰਿਸ਼ਟੀਕਰਤਾ ਨੇ ਵਾਅਦਾ ਕੀਤਾ ਹੈ ਕਿ ਉਹ ਬਹੁਤ ਹੀ ਜਲਦੀ ਇਸ ਦੁਨੀਆਂ ਦਾ ਅੰਤ ਕਰੇਗਾ ਜੋ ਕਿ ਸ਼ਤਾਨ ਅਰਥਾਤ ਇਬਲੀਸ ਦੇ ਵੱਸ ਵਿਚ ਹੈ। (ਕਹਾਉਤਾਂ 2:21, 22; ਦਾਨੀਏਲ 2:44; 1 ਯੂਹੰਨਾ 5:19) ਧਰਮੀ ਇਨਸਾਨਾਂ ਦਾ ਸਮਾਜ—ਇਕ “ਨਵੀਂ ਧਰਤੀ”—ਉਦੋਂ ਇਕ ਅਸਲੀਅਤ ਬਣੇਗੀ।—2 ਪਤਰਸ 3:13.

ਉਸ ਵੇਲੇ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24) ਮੌਤ ਦਾ ਦੁੱਖ ਵੀ ਉਦੋਂ ਦੂਰ ਕੀਤਾ ਜਾਵੇਗਾ, ਕਿਉਂਕਿ ਪਰਮੇਸ਼ੁਰ “ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ . . . ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” (ਪਰਕਾਸ਼ ਦੀ ਪੋਥੀ 21:4) ਇਹ “ਯਾਦਗਾਰੀ ਕਬਰਾਂ” ਵਿਚ ਮੁਰਦੇ ਇਨਸਾਨਾਂ ਲਈ ਕਿੰਨੀ ਵਧੀਆ ਸੰਭਾਵਨਾ ਹੈ!

ਜਦੋਂ ਯਹੋਵਾਹ ਧਰਤੀ ਤੋਂ ਦੁਸ਼ਟਤਾ ਨੂੰ ਮਿਟਾਵੇਗਾ ਤਾਂ ਉਹ ਦੁਸ਼ਟ ਲੋਕਾਂ ਦੇ ਨਾਲ-ਨਾਲ ਧਰਮੀ ਲੋਕਾਂ ਦਾ ਨਾਸ਼ ਨਹੀਂ ਕਰੇਗਾ। (ਜ਼ਬੂਰ 37:10, 11; 145:20) ਦਰਅਸਲ, “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ” ਲੋਕਾਂ ਦੀ “ਇੱਕ ਵੱਡੀ ਭੀੜ” ਉਸ “ਵੱਡੀ ਬਿਪਤਾ” ਵਿੱਚੋਂ ਬੱਚ ਨਿੱਕਲੇਗੀ ਜੋ ਇਸ ਦੁਸ਼ਟ ਸੰਸਾਰ ਨੂੰ ਖ਼ਤਮ ਕਰੇਗੀ। (ਪਰਕਾਸ਼ ਦੀ ਪੋਥੀ 7:9-14) ਇਸ ਲਈ, ਜੀ ਉਠਾਏ ਗਏ ਇਨਸਾਨਾਂ ਦਾ ਸੁਆਗਤ ਕਰਨ ਲਈ ਇਕ ਵੱਡੀ ਭੀੜ ਮੌਜੂਦ ਹੋਵੇਗੀ।

ਕੀ ਤੁਸੀਂ ਆਪਣੇ ਮਰੇ ਹੋਏ ਦੋਸਤ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਫਿਰ ਤੋਂ ਮਿਲਣਾ ਚਾਹੁੰਦੇ ਹੋ? ਕੀ ਤੁਸੀਂ ਫਿਰਦੌਸ ਵਿਚ ਹਮੇਸ਼ਾ ਲਈ ਜੀਉਣਾ ਚਾਹੁੰਦੇ ਹੋ? ਜੇਕਰ ਹਾਂ, ਤਾਂ ਤੁਹਾਨੂੰ ਪਰਮੇਸ਼ੁਰ ਦੀ ਇੱਛਾ ਅਤੇ ਉਸ ਦੇ ਮਕਸਦਾਂ ਬਾਰੇ ਸਹੀ ਗਿਆਨ ਹਾਸਲ ਕਰਨ ਦੀ ਲੋੜ ਹੈ। (ਯੂਹੰਨਾ 17:3) ਯਹੋਵਾਹ ਚਾਹੁੰਦਾ ਹੈ “ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।”​—1 ਤਿਮੋਥਿਉਸ 2:3, 4.

[ਸਫ਼ੇ 4 ਉੱਤੇ ਤਸਵੀਰ]

“ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ”

[ਸਫ਼ੇ 5 ਉੱਤੇ ਤਸਵੀਰ]

ਆਤਮਾ ਦੀ ਤੁਲਨਾ ਬਿਜਲੀ ਨਾਲ ਕੀਤੀ ਜਾ ਸਕਦੀ ਹੈ

[ਸਫ਼ੇ 7 ਉੱਤੇ ਤਸਵੀਰ]

ਜਦੋਂ ਮਰੇ ਹੋਇਆਂ ਨੂੰ ਜੀਵਨ ਬਖ਼ਸ਼ਿਆ ਜਾਵੇਗਾ ਤਾਂ ਬਹੁਤ ਖ਼ੁਸ਼ੀ ਹੋਵੇਗੀ