Skip to content

Skip to table of contents

ਕੀ ਤੁਸੀਂ ਸੱਚ-ਮੁੱਚ ਸਹਿਣਸ਼ੀਲ ਹੋ?

ਕੀ ਤੁਸੀਂ ਸੱਚ-ਮੁੱਚ ਸਹਿਣਸ਼ੀਲ ਹੋ?

ਕੀ ਤੁਸੀਂ ਸੱਚ-ਮੁੱਚ ਸਹਿਣਸ਼ੀਲ ਹੋ?

ਕੀ ਤੁਸੀਂ ਕਦੇ ਕਿਸੇ ਦੀ ਗ਼ਲਤੀ ਤੋਂ ਬਹੁਤ ਗੁੱਸੇ ਹੋਏ ਹੋ? ਜਦ ਤੁਹਾਡੇ ਮਿੱਤਰਾਂ ਵਿਚ ਕੋਈ ਗ਼ਲਤ ਰਵੱਈਆ ਦਿਖਾਈ ਦਿੰਦਾ ਹੈ ਤਾਂ ਕੀ ਤੁਸੀਂ ਉਸ ਨੂੰ ਸੁਧਾਰਨ ਲਈ ਇਕਦਮ ਕਦਮ ਚੁੱਕਦੇ ਹੋ?

ਗੰਭੀਰ ਪਾਪ ਨੂੰ ਰੋਕਣ ਲਈ ਕਦੀ-ਕਦੀ ਸਾਨੂੰ ਦਲੇਰੀ ਨਾਲ ਛੇਤੀ ਕਦਮ ਚੁੱਕਣ ਦੀ ਲੋੜ ਹੁੰਦੀ ਹੈ। ਉਦਾਹਰਣ ਲਈ, 16ਵੀਂ ਸਦੀ ਸਾ.ਯੁ.ਪੂ ਵਿਚ ਜਦੋਂ ਗ਼ਲਤ ਕੰਮਾਂ ਕਰਕੇ ਇਸਰਾਏਲੀ ਕੌਮ ਨੂੰ ਮਲੀਨ ਹੋਣ ਦਾ ਖ਼ਤਰਾ ਸੀ, ਹਾਰੂਨ ਦੇ ਪੋਤੇ ਫ਼ੀਨਹਾਸ ਨੇ ਬੁਰਿਆਈ ਦੀ ਜੜ੍ਹ ਨੂੰ ਖ਼ਤਮ ਕਰਨ ਲਈ ਕਦਮ ਚੁੱਕੇ। ਯਹੋਵਾਹ ਪਰਮੇਸ਼ੁਰ ਫ਼ੀਨਹਾਸ ਦੀ ਪਹਿਲ-ਕਦਮੀ ਨਾਲ ਖ਼ੁਸ਼ ਹੋਇਆ ਸੀ ਕਿਉਂਕਿ ਉਸ ਨੇ ਕਿਹਾ: “ਫ਼ੀਨਹਾਸ ਨੇ ਮੇਰੇ ਕ੍ਰੋਧ ਨੂੰ ਇਸਰਾਏਲੀਆਂ ਤੋਂ ਟਾਲ ਦਿੱਤਾ ਹੈ। ਜਦ ਓਹ ਉਨ੍ਹਾਂ ਵਿੱਚ ਮੇਰੀ ਅਣਖ ਨਾਲ ਅਣਖੀ ਹੋਇਆ।”​—ਗਿਣਤੀ 25:1-11.

ਫ਼ੀਨਹਾਸ ਨੇ ਭ੍ਰਿਸ਼ਟਤਾ ਨੂੰ ਰੋਕਣ ਲਈ ਸਹੀ ਕਦਮ ਚੁੱਕਿਆ ਸੀ। ਪਰ ਉਦੋਂ ਕੀ ਜਦੋਂ ਅਸੀਂ ਮਨੁੱਖਾਂ ਦੀਆਂ ਛੋਟੀਆਂ-ਮੋਟੀਆਂ ਗ਼ਲਤੀਆਂ ਕਰਕੇ ਆਪਣੇ ਗੁੱਸੇ ਤੇ ਕਾਬੂ ਨਹੀਂ ਪਾਉਂਦੇ? ਜੇ ਅਸੀਂ ਕਾਹਲੀ ਵਿਚ ਜਾਂ ਬਿਨਾਂ ਕਿਸੇ ਚੰਗੇ ਕਾਰਨ ਕਦਮ ਚੁੱਕਦੇ ਹਾਂ, ਤਾਂ ਅਸੀਂ ਧਰਮੀ ਨਹੀਂ ਪਰ ਅਸਹਿਣਸ਼ੀਲ ਵਿਅਕਤੀ ਵਜੋਂ ਪੇਸ਼ ਆਉਂਦੇ ਹਾਂ। ਇਕ ਅਸਹਿਣਸ਼ੀਲ ਵਿਅਕਤੀ ਭੁੱਲ ਜਾਂਦਾ ਹੈ ਕਿ ਸਾਰੇ ਲੋਕ ਪਾਪੀ ਹਨ, ਇਸ ਲਈ ਉਹ ਕਿਸੇ ਦੀਆਂ ਗ਼ਲਤੀਆਂ ਨੂੰ ਸਹਿਣ ਦੀ ਕੋਸ਼ਿਸ਼ ਨਹੀਂ ਕਰਦਾ। ਅਸੀਂ ਅਸਹਿਣਸ਼ੀਲ ਬਣਨ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ?

‘ਯਹੋਵਾਹ ਤੇਰੀਆਂ ਸਾਰੀਆਂ ਬੁਰਿਆਈਆਂ ਨੂੰ ਖਿਮਾ ਕਰਦਾ ਹੈ’

‘ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹੈ।’ (ਕੂਚ 20:5) ਸਾਡਾ ਸ੍ਰਿਸ਼ਟੀਕਰਤਾ ਹੋਣ ਕਰਕੇ ਯਹੋਵਾਹ ਕੋਲ ਸਾਡੇ ਤੋਂ ਅਣਵੰਡੀ ਭਗਤੀ ਮੰਗਣ ਦਾ ਹੱਕ ਹੈ। (ਪਰਕਾਸ਼ ਦੀ ਪੋਥੀ 4:11) ਫਿਰ ਵੀ, ਯਹੋਵਾਹ ਮਨੁੱਖਾਂ ਦੀਆਂ ਕਮਜ਼ੋਰੀਆਂ ਨੂੰ ਸਹਿਣ ਕਰਦਾ ਹੈ। ਇਸ ਲਈ ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਉਸ ਬਾਰੇ ਗੀਤ ਗਾਇਆ ਕਿ “ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਦਯਾ ਨਾਲ ਭਰਪੂਰ। ਉਹ ਸਦਾ ਨਹੀਂ ਝਿੜਕੇਗਾ . . . ਉਹ ਸਾਡੇ ਪਾਪਾਂ ਅਨੁਸਾਰ ਸਾਡੇ ਨਾਲ ਨਹੀਂ ਵਰਤਿਆ, ਨਾ ਸਾਡੀਆਂ ਬਦੀਆਂ ਅਨੁਸਾਰ ਸਾਨੂੰ ਬਦਲਾ ਦਿੱਤਾ।” ਹਾਂ, ਜੇਕਰ ਅਸੀਂ ਤੋਬਾ ਕਰਦੇ ਹਾਂ, ਤਾਂ ਪਰਮੇਸ਼ੁਰ ਸਾਡੀਆਂ ‘ਸਾਰੀਆਂ ਬੁਰਿਆਈਆਂ ਨੂੰ ਖਿਮਾ ਕਰਦਾ ਹੈ।’​—ਜ਼ਬੂਰ 103:3, 8-10.

ਯਹੋਵਾਹ ਮਨੁੱਖਾਂ ਦੀ ਪਾਪੀ ਹਾਲਤ ਸਮਝਦਾ ਹੈ ਇਸ ਲਈ ਉਹ ਤੋਬਾ ਕਰਨ ਵਾਲਿਆਂ ਨੂੰ ‘ਸਦਾ ਨਹੀਂ ਝਿੜਕਦਾ।’ (ਜ਼ਬੂਰ 51:5; ਰੋਮੀਆਂ 5:12) ਅਸਲ ਵਿਚ, ਉਹ ਪਾਪ ਅਤੇ ਅਪੂਰਣਤਾ ਨੂੰ ਖ਼ਤਮ ਕਰਨ ਦਾ ਇਰਾਦਾ ਰੱਖਦਾ ਹੈ। ਪਰ ਜਦ ਤਕ ਇਹ ਇਰਾਦਾ ਪੂਰਾ ਨਹੀਂ ਹੁੰਦਾ ਉਹ ‘ਸਾਡੀਆਂ ਬਦੀਆਂ ਅਨੁਸਾਰ ਸਾਨੂੰ ਬਦਲਾ ਨਹੀਂ ਦਿੰਦਾ।’ ਇਸ ਦੇ ਉਲਟ ਆਪਣੀ ਕਿਰਪਾ ਦਿਖਾ ਕੇ ਉਹ ਯਿਸੂ ਮਸੀਹ ਦੇ ਬਲੀਦਾਨ ਦੇ ਆਧਾਰ ਤੇ ਸਾਨੂੰ ਮਾਫ਼ ਕਰਦਾ ਹੈ। ਸਾਡੇ ਵਿੱਚੋਂ ਕੋਈ ਵੀ ਜੀਉਣ ਦੇ ਯੋਗ ਨਹੀਂ ਪਰ ਯਹੋਵਾਹ ਨੇ ਸਾਨੂੰ ਦਇਆ ਦਿਖਾਈ ਹੈ। (ਜ਼ਬੂਰ 130:3) ਅਸੀਂ ਕਿੰਨੇ ਖ਼ੁਸ਼ ਹਾਂ ਕਿ ਸਾਡਾ ਸਵਰਗੀ ਪਿਤਾ, ਜਿਸ ਕੋਲ ਅਣਵੰਡੀ ਭਗਤੀ ਮੰਗਣ ਦਾ ਹੱਕ ਹੈ, ਇਕ ਦਿਆਲੂ ਪਰਮੇਸ਼ੁਰ ਹੈ!

ਸੰਤੁਲਨ ਰੱਖਣ ਦੀ ਲੋੜ ਹੈ

ਜੇਕਰ ਵਿਸ਼ਵ ਦਾ ਸਰਬਸ਼ਕਤੀਮਾਨ ਪ੍ਰਭੂ ਅਪੂਰਣ ਮਨੁੱਖਾਂ ਦੀ ਸਹਿ ਲੈਂਦਾ ਹੈ, ਤਾਂ ਕੀ ਸਾਨੂੰ ਨਹੀਂ ਸਹਿਣਸ਼ੀਲ ਹੋਣਾ ਚਾਹੀਦਾ? ਸਹਿਣਸ਼ੀਲਤਾ ਨੂੰ ਇਸ ਤਰ੍ਹਾਂ ਸਮਝਾਇਆ ਜਾ ਸਕਦਾ ਹੈ: ਦੂਸਰਿਆਂ ਦੇ ਸੋਚਾਂ-ਵਿਚਾਰਾਂ ਅਤੇ ਕੰਮਾਂ ਦਾ ਖ਼ਿਆਲ ਰੱਖਣਾ। ਕੀ ਅਸੀਂ ਸਹਿਣਸ਼ੀਲ ਹਾਂ? ਕੀ ਅਸੀਂ ਉਦੋਂ ਵੀ ਧੀਰਜ ਦਿਖਾਉਂਦੇ ਹਾਂ ਜਦੋਂ ਦੂਸਰਾ ਵਿਅਕਤੀ ਕੁਝ ਅਜਿਹਾ ਕਹਿੰਦਾ ਹੈ ਜਾਂ ਕੁਝ ਅਜਿਹਾ ਕਰਦਾ ਹੈ ਜੋ ਸ਼ਾਇਦ ਠੀਕ ਨਾ ਹੋਵੇ, ਭਾਵੇਂ ਕਿ ਉਨ੍ਹਾਂ ਨੇ ਕੋਈ ਵੱਡਾ ਪਾਪ ਨਹੀਂ ਕੀਤਾ?

ਨਿਸ਼ਚੇ ਹੀ, ਸਾਨੂੰ ਜ਼ਿਆਦਾ ਸਹਿਣਸ਼ੀਲ ਵੀ ਨਹੀਂ ਹੋਣਾ ਚਾਹੀਦਾ। ਮਿਸਾਲ ਲਈ, ਕਈ ਪਾਦਰੀ ਲੋਕ ਮੁੰਡਿਆਂ ਅਤੇ ਕੁੜੀਆਂ ਨਾਲ ਗੰਦੇ ਕੰਮ ਕਰਦੇ ਹਨ, ਪਰ ਧਾਰਮਿਕ ਸੰਸਥਾਵਾਂ ਇਸ ਤਰ੍ਹਾਂ ਦੇ ਕੰਮਾਂ ਨੂੰ ਰੱਦ ਨਹੀਂ ਕਰਦੀਆਂ ਜਿਸ ਕਰਕੇ ਬੱਚਿਆਂ ਦਾ ਬਹੁਤ ਨੁਕਸਾਨ ਹੁੰਦਾ ਹੈ। ਆਇਰਲੈਂਡ ਵਿਚ ਇਕ ਰਿਪੋਰਟਰ ਨੇ ਕਿਹਾ ਕਿ “ਬੱਚਿਆਂ ਨਾਲ ਕੀਤੇ ਗਏ ਇਨ੍ਹਾਂ ਬੁਰਿਆਂ ਕੰਮਾਂ ਨੂੰ ਸਿਰਫ਼ ਪਾਪ ਹੀ ਵਿਚਾਰ ਕੇ ਚਰਚ ਦੇ ਅਧਿਕਾਰੀ ਪਾਦਰੀਆਂ ਨੂੰ [ਕਿਸੇ ਹੋਰ ਜਗ੍ਹਾ] ਭੇਜ ਦਿੰਦੇ ਹਨ।”

ਕੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਸਿਰਫ਼ ਕਿਸੇ ਹੋਰ ਜਗ੍ਹਾ ਭੇਜ ਦੇਣਾ ਸਹਿਣਸ਼ੀਲਤਾ ਦਿਖਾਉਣ ਦਾ ਸਹੀ ਤਰੀਕਾ ਹੈ? ਬਿਲਕੁਲ ਨਹੀਂ! ਫ਼ਰਜ਼ ਕਰੋ ਕਿ ਇਕ ਡਾਕਟਰੀ ਕਮੇਟੀ ਕਿਸੇ ਸਰਜਨ ਨੂੰ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਨੂੰ ਭੇਜ ਦਿੰਦੀ ਹੈ ਭਾਵੇਂ ਕਿ ਲਾਪਰਵਾਹੀ ਕਰਕੇ ਉਸ ਦੇ ਮਰੀਜ਼ ਮਰ ਰਹੇ ਹਨ ਜਾਂ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ। ਇਸ ਤਰ੍ਹਾਂ ਦੀ ਗ਼ਲਤ “ਸਹਿਣਸ਼ੀਲਤਾ” ਸ਼ਾਇਦ ਇਸ ਲਈ ਦਿਖਾਈ ਜਾਂਦੀ ਹੈ ਕਿਉਂਕਿ ਡਾਕਟਰ ਆਪਸ ਵਿਚ ਚੰਗੇ ਰਿਸ਼ਤੇ ਕਾਇਮ ਰੱਖਣੇ ਚਾਹੁੰਦੇ ਹਨ। ਪਰ ਉਨ੍ਹਾਂ ਮਰੀਜ਼ਾਂ ਬਾਰੇ ਕੀ ਜਿਨ੍ਹਾਂ ਦੀਆਂ ਜਾਨਾਂ ਲਾਪਰਵਾਹੀ, ਜਾਂ ਸ਼ਾਇਦ ਗ਼ਲਤ ਡਾਕਟਰੀ ਤਰੀਕਿਆਂ ਕਾਰਨ ਲਈਆਂ ਗਈਆਂ ਹਨ ਜਾਂ ਜਿਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈ?

ਬਹੁਤ ਹੀ ਥੋੜ੍ਹੀ ਸਹਿਣਸ਼ੀਲਤਾ ਦਿਖਾਉਣ ਵਿਚ ਵੀ ਖ਼ਤਰਾ ਹੈ। ਜਦ ਯਿਸੂ ਧਰਤੀ ਤੇ ਸੀ ਤਾਂ ਕਈ ਰਾਸ਼ਟਰਵਾਦੀ ਯਹੂਦੀ ਸਨ ਜਿਨ੍ਹਾਂ ਨੂੰ ਜ਼ੇਲੱਟ ਸੱਦਿਆ ਜਾਂਦਾ ਸੀ। ਉਨ੍ਹਾਂ ਨੇ ਆਪਣੇ ਕੰਮਾਂ ਨੂੰ ਜਾਇਜ਼ ਦਿਖਾਉਣ ਲਈ ਫ਼ੀਨਹਾਸ ਦੀ ਮਿਸਾਲ ਨੂੰ ਗ਼ਲਤ ਤਰੀਕੇ ਵਿਚ ਇਸਤੇਮਾਲ ਕੀਤਾ। ਜ਼ੇਲੱਟ ਇੰਨੇ ਕੱਟੜ ਹੁੰਦੇ ਸਨ ਕਿ ਉਹ “ਯਰੂਸ਼ਲਮ ਵਿਚ ਤਿਉਹਾਰਾਂ ਜਾਂ ਇਸ ਤਰ੍ਹਾਂ ਦੇ ਹੋਰ ਸਮਿਆਂ ਤੇ ਭੀੜਾਂ ਵਿਚ ਚੋਰੀ-ਛਿਪੇ ਘੁਸਰ ਕੇ ਆਪਣੇ ਵੈਰੀਆਂ ਨੂੰ ਖੰਜਰਾਂ ਨਾਲ ਜ਼ਖ਼ਮੀ ਕਰ ਦਿੰਦੇ ਸਨ।”

ਮਸੀਹੀਆਂ ਵਜੋਂ, ਅਸੀਂ ਇਨ੍ਹਾਂ ਰਾਸ਼ਟਰਵਾਦੀਆਂ ਦੇ ਵਾਂਗ ਉਨ੍ਹਾਂ ਨੂੰ ਕਦੇ ਵੀ ਨੁਕਸਾਨ ਨਹੀਂ ਪਹੁੰਚਾਵਾਂਗੇ ਜੋ ਸਾਨੂੰ ਨਾਰਾਜ਼ ਕਰਦੇ ਹਨ। ਪਰ ਕੀ ਅਸੀਂ ਕਿਸੇ ਹੋਰ ਤਰੀਕੇ ਵਿਚ ਅਸਹਿਣਸ਼ੀਲ ਹਾਂ ਜਿਵੇਂ ਕਿ ਦੂਸਰਿਆਂ ਬਾਰੇ ਬੁਰੀਆਂ ਗੱਲਾਂ ਕਰਨ ਦੁਆਰਾ? ਜੇਕਰ ਅਸੀਂ ਸੱਚ-ਮੁੱਚ ਸਹਿਣਸ਼ੀਲ ਹਾਂ ਤਾਂ ਅਸੀਂ ਦੁੱਖ ਪਹੁੰਚਾਉਣ ਵਾਲੀਆਂ ਗੱਲਾਂ ਨਹੀਂ ਕਰਾਂਗੇ।

ਪਹਿਲੀ ਸਦੀ ਦੇ ਫ਼ਰੀਸੀ ਲੋਕ ਵੀ ਅਸਹਿਣਸ਼ੀਲ ਸਨ। ਉਹ ਇਹ ਗੱਲ ਭੁੱਲ ਕੇ ਕਿ ਸਾਰੇ ਇਨਸਾਨ ਪਾਪੀ ਹਨ ਹਮੇਸ਼ਾ ਦੂਜਿਆਂ ਲੋਕਾਂ ਦੀ ਨਿੰਦਿਆ ਕਰਦੇ ਰਹਿੰਦੇ ਸਨ। ਇਹ ਘਮੰਡੀ ਫ਼ਰੀਸੀ ਆਮ ਲੋਕਾਂ ਨਾਲ ਘਿਰਣਾ ਕਰਦੇ ਸਨ ਅਤੇ ਉਨ੍ਹਾਂ ਨੂੰ ‘ਲਾਨਤੀ’ ਸੱਦ ਕੇ ਬਦਨਾਮ ਕਰਦੇ ਸਨ। (ਯੂਹੰਨਾ 7:49) ਤਾਈਓਂ ਯਿਸੂ ਨੇ ਇਨ੍ਹਾਂ ਹੰਕਾਰੀ ਬੰਦਿਆਂ ਨੂੰ ਨਿੰਦਿਆ ਸੀ ਜਦ ਉਸ ਨੇ ਕਿਹਾ ਕਿ “ਹੇ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਪੂਦੀਨੇ ਅਤੇ ਸੌਂਫ ਅਤੇ ਜੀਰੇ ਦਾ ਦਸੌਂਧ ਦਿੰਦੇ ਹੋ ਅਤੇ ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਉਂ ਅਰ ਦਯਾ ਅਰ ਨਿਹਚਾ ਨੂੰ ਛੱਡ ਦਿੱਤਾ ਹੈ। ਪਰ ਚਾਹੀਦਾ ਸੀ ਜੋ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਨੂੰ ਵੀ ਨਾ ਛੱਡਦੇ।”—ਮੱਤੀ 23:23.

ਇੱਥੇ ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਮੂਸਾ ਦੀ ਬਿਵਸਥਾ ਨੂੰ ਮੰਨਣਾ ਜ਼ਰੂਰੀ ਨਹੀਂ ਹੈ। ਨਹੀਂ ਉਸ ਦਾ ਮਤਲਬ ਇਹ ਸੀ ਕਿ ਬਿਵਸਥਾ ਦੇ “ਭਾਰੇ” ਜਾਂ ਜ਼ਰੂਰੀ ਹੁਕਮਾਂ ਦੇ ਅਨੁਸਾਰ ਸਮਝਦਾਰੀ ਅਤੇ ਦਇਆ ਦਿਖਾਉਣ ਦੀ ਲੋੜ ਸੀ। ਸਹਿਣਸ਼ੀਲਤਾ ਦਿਖਾਉਣ ਦੇ ਮਾਮਲੇ ਵਿਚ ਯਿਸੂ ਅਤੇ ਉਸ ਦੇ ਚੇਲੇ ਇਨ੍ਹਾਂ ਫ਼ਰੀਸੀਆਂ ਅਤੇ ਰਾਸ਼ਟਰਵਾਦੀਆਂ ਤੋਂ ਕਿੰਨੇ ਵੱਖਰੇ ਸਨ!

ਨਾ ਯਹੋਵਾਹ ਪਰਮੇਸ਼ੁਰ ਅਤੇ ਨਾ ਹੀ ਯਿਸੂ ਮਸੀਹ ਬੁਰਿਆਈ ਨੂੰ ਅਣਡਿੱਠ ਕਰਦੇ ਹਨ। ਜਲਦੀ ਹੀ ਯਿਸੂ ਉਨ੍ਹਾਂ ਨੂੰ ‘ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਇੰਜੀਲ ਨੂੰ ਨਹੀਂ ਮੰਨਦੇ ਬਦਲਾ ਦੇਵੇਗਾ।’ (2 ਥੱਸਲੁਨੀਕੀਆਂ 1:6-10) ਯਿਸੂ ਹਮੇਸ਼ਾ ਧਾਰਮਿਕ ਕੰਮਾਂ ਨੂੰ ਪੂਰਾ ਕਰਨ ਲਈ ਤਿਆਰ ਹੁੰਦਾ ਹੈ। ਪਰੰਤੂ, ਉਹ ਆਪਣੇ ਪਿਤਾ ਵਾਂਗ ਸਹੀ ਕੰਮ ਕਰਨ ਵਾਲਿਆਂ ਨੂੰ ਧੀਰਜ, ਦਇਆ, ਅਤੇ ਪ੍ਰੇਮ ਦਿਖਾਉਣਾ ਨਹੀਂ ਭੁੱਲਦਾ। (ਯਸਾਯਾਹ 42:1-3; ਮੱਤੀ 11:28-30; 12:18-21) ਯਿਸੂ ਮਸੀਹ ਨੇ ਸਾਡੇ ਲਈ ਕਿੰਨੀ ਚੰਗੀ ਮਿਸਾਲ ਪੇਸ਼ ਕੀਤੀ!

ਧੀਰਜ ਨਾਲ ਇਕ ਦੂਏ ਦੀ ਸਹਿ ਲਵੋ

ਭਾਵੇਂ ਅਸੀਂ ਧਰਮੀ ਕੰਮ ਕਰਨ ਵਿਚ ਬਹੁਤ ਜੋਸ਼ੀਲੇ ਹਾਂ, ਆਓ ਆਪਾਂ ਪੌਲੁਸ ਰਸੂਲ ਦੀ ਸਲਾਹ ਨੂੰ ਮੰਨੀਏ: “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ।” (ਕੁਲੁੱਸੀਆਂ 3:13; ਮੱਤੀ 6:14, 15) ਸਹਿਣਸ਼ੀਲ ਹੋਣ ਦਾ ਮਤਲਬ ਹੈ ਇਸ ਅਪੂਰਣ ਦੁਨੀਆਂ ਵਿਚ ਇਕ ਦੂਸਰੇ ਦੀਆਂ ਕਮਜ਼ੋਰੀਆਂ ਅਤੇ ਗ਼ਲਤੀਆਂ ਨੂੰ ਸਹਿਣ ਕਰਨਾ। ਸਾਨੂੰ ਲੋਕਾਂ ਤੋਂ ਉਮੀਦਾਂ ਰੱਖਣ ਦੀ ਗੱਲ ਵਿਚ ਸਮਝਦਾਰੀ ਦਿਖਾਉਣ ਦੀ ਲੋੜ ਹੈ।​—ਫ਼ਿਲਿੱਪੀਆਂ 4:5.

ਸਹਿਣਸ਼ੀਲ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕਿਸੇ ਗ਼ਲਤ ਕੰਮ ਨੂੰ ਠੀਕ ਸਮਝਦੇ ਹਾਂ ਜਾਂ ਉਸ ਨੂੰ ਨਜ਼ਰਅੰਦਾਜ਼ ਕਰਦੇ ਹਾਂ। ਹੋ ਸਕਦਾ ਹੈ ਕਿ ਕਿਸੇ ਸੰਗੀ ਭੈਣ-ਭਰਾ ਦੀ ਸੋਚਣੀ ਜਾਂ ਕੰਮ ਯਹੋਵਾਹ ਦੇ ਮਿਆਰਾਂ ਨਾਲ ਮੇਲ ਨਾ ਖਾਂਦੇ ਹੋਣ। ਭਾਵੇਂ ਕਿ ਆਪਣੀ ਗ਼ਲਤੀ ਕਰਕੇ ਉਨ੍ਹਾਂ ਨੇ ਪਰਮੇਸ਼ੁਰ ਦੀ ਮਨਜ਼ੂਰੀ ਨਾ ਗੁਆਈ ਹੋਵੇ, ਫਿਰ ਵੀ ਉਨ੍ਹਾਂ ਨੂੰ ਸ਼ਾਇਦ ਸੁਧਾਰ ਕਰਨ ਦੀ ਲੋੜ ਹੋਵੇ। (ਉਤਪਤ 4:6, 7) ਕਿੰਨਾ ਚੰਗਾ ਹੁੰਦਾ ਹੈ ਜਦ ਅਧਿਆਤਮਿਕ ਤੌਰ ਤੇ ਕਾਬਲ ਭਰਾ ਗ਼ਲਤੀ ਕਰਨ ਵਾਲੇ ਨੂੰ ਨਰਮਾਈ ਦੇ ਸੁਭਾਅ ਨਾਲ ਸੁਧਾਰਦੇ ਹਨ! (ਗਲਾਤੀਆਂ 6:1) ਲੇਕਿਨ ਇਸ ਗੱਲ ਵਿਚ ਕਾਮਯਾਬ ਹੋਣ ਲਈ ਕਿਸੇ ਸੰਗੀ ਮਸੀਹੀ ਨੂੰ ਸੱਚੇ ਪ੍ਰੇਮ ਕਾਰਨ ਸੁਧਾਰਿਆ ਜਾਣਾ ਚਾਹੀਦਾ ਹੈ ਨਾ ਕਿ ਨੁਕਸ ਕੱਢਣ ਲਈ।

“ਨਰਮਾਈ ਅਤੇ ਭੈ ਨਾਲ”

ਪਰ ਉਨ੍ਹਾਂ ਲੋਕਾਂ ਬਾਰੇ ਕੀ ਜਿਨ੍ਹਾਂ ਦੇ ਧਰਮੀ ਖ਼ਿਆਲ ਸਾਡੇ ਖ਼ਿਆਲਾਂ ਨਾਲ ਮੇਲ ਨਹੀਂ ਖਾਂਦੇ? ਕੀ ਇਨ੍ਹਾਂ ਲੋਕਾਂ ਨੂੰ ਧੀਰਜ ਦਿਖਾਉਣ ਦੀ ਲੋੜ ਹੈ? ਸਾਲ 1831 ਵਿਚ, ਆਇਰਲੈਂਡ ਦੇ ਸਾਰਿਆਂ ਸਕੂਲਾਂ ਵਿਚ ਇਕ “ਆਮ ਸਬਕ” ਲਿਖ ਕੇ ਟੰਗਿਆ ਗਿਆ ਸੀ। ਇਸ ਵਿਚ ਇਹ ਕਿਹਾ ਗਿਆ ਸੀ: “ਯਿਸੂ ਮਸੀਹ ਇਹ ਨਹੀਂ ਚਾਹੁੰਦਾ ਸੀ ਕਿ ਲੋਕਾਂ ਨੂੰ ਉਸ ਦਾ ਧਰਮ ਕਬੂਲ ਕਰਨ ਲਈ ਸਖ਼ਤ ਤਰੀਕਿਆਂ ਨਾਲ ਮਜਬੂਰ ਕੀਤਾ ਜਾਵੇ। . . . ਆਪਣੇ ਆਪ ਨੂੰ ਸਹੀ ਅਤੇ ਆਪਣੇ ਗੁਆਂਢੀ ਨੂੰ ਗ਼ਲਤ ਸਾਬਤ ਕਰਨ ਲਈ ਲੜਾਈ-ਝਗੜੇ ਦੀ ਕੋਈ ਲੋੜ ਨਹੀਂ ਹੈ। ਇਸ ਤਰ੍ਹਾਂ ਕਰਨ ਨਾਲ ਸਿਰਫ਼ ਇਹ ਸਾਬਤ ਹੋਵੇਗਾ ਕਿ ਅਸੀਂ ਸੱਚੇ ਮਸੀਹੀ ਨਹੀਂ ਹਾਂ।”

ਯਿਸੂ ਦੀ ਸਿੱਖਿਆ ਅਤੇ ਜੀਉਣ ਦੇ ਢੰਗ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਵੱਲ ਖਿੱਚਿਆ। ਇਹ ਸਾਡੇ ਬਾਰੇ ਵੀ ਸੱਚ ਹੋਣਾ ਚਾਹੀਦਾ ਹੈ। (ਮਰਕੁਸ 6:34; ਲੂਕਾ 4:22, 32; 1 ਪਤਰਸ 2:21) ਇਕ ਸੰਪੂਰਣ ਮਨੁੱਖ ਹੋਣ ਕਰਕੇ ਅਤੇ ਪਰਮੇਸ਼ੁਰ ਦੀ ਮਦਦ ਨਾਲ ਉਹ ਲੋਕਾਂ ਦੇ ਦਿਲ ਦੀ ਗੱਲ ਜਾਣ ਸਕਦਾ ਸੀ। ਇਸ ਲਈ, ਜ਼ਰੂਰਤ ਪੈਣ ਤੇ, ਯਿਸੂ ਯਹੋਵਾਹ ਦੇ ਵੈਰੀਆਂ ਦੀ ਨਿੰਦਿਆ ਕਰ ਸਕਦਾ ਸੀ। (ਮੱਤੀ 23:13-33) ਉਹ ਇਸ ਤਰ੍ਹਾਂ ਕਰਨ ਵਿਚ ਅਸਹਿਣਸ਼ੀਲ, ਜਾਂ ਕੱਟੜ ਨਹੀਂ ਸੀ।

ਯਿਸੂ ਵਾਂਗ, ਅਸੀਂ ਲੋਕਾਂ ਦੇ ਦਿਲ ਦੀ ਗੱਲ ਨਹੀਂ ਪਛਾਣ ਸਕਦੇ। ਇਸ ਲਈ ਸਾਨੂੰ ਪੌਲੁਸ ਰਸੂਲ ਦੀ ਸਲਾਹ ਮੰਨਣੀ ਚਾਹੀਦੀ ਹੈ: “ਮਸੀਹ ਨੂੰ ਪ੍ਰਭੁ ਕਰਕੇ ਆਪਣੇ ਹਿਰਦੇ ਵਿੱਚ ਪਵਿੱਤਰ ਮੰਨੋ ਅਤੇ ਜਿਹੜੀ ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਹ ਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ ਪਰ ਨਰਮਾਈ ਅਤੇ ਭੈ ਨਾਲ।” (1 ਪਤਰਸ 3:15) ਯਹੋਵਾਹ ਦੇ ਸੇਵਕਾਂ ਵਜੋਂ ਸਾਨੂੰ ਆਪਣੀ ਨਿਹਚਾ ਦੇ ਪੱਖ ਵਿਚ ਸਫ਼ਾਈ ਦੇਣੀ ਚਾਹੀਦੀ ਹੈ ਕਿਉਂਕਿ ਇਹ ਪਰਮੇਸ਼ੁਰ ਦੇ ਬਚਨ ਉੱਤੇ ਆਧਾਰਿਤ ਹੈ। ਪਰ ਇਸ ਤਰ੍ਹਾਂ ਕਰਦੇ ਹੋਏ ਸਾਨੂੰ ਦੂਸਰੇ ਵਿਅਕਤੀ ਲਈ ਮਾਣ ਦਿਖਾਉਣਾ ਅਤੇ ਉਸ ਦੇ ਖ਼ਿਆਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਪੌਲੁਸ ਨੇ ਲਿਖਿਆ: “ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।”​—ਕੁਲੁੱਸੀਆਂ 4:6.

ਆਪਣੇ ਮਸ਼ਹੂਰ ਪਹਾੜੀ ਉਪਦੇਸ਼ ਵਿਚ ਯਿਸੂ ਨੇ ਕਿਹਾ ਕਿ “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” (ਮੱਤੀ 7:12) ਇਸ ਲਈ ਆਓ ਆਪਾਂ ਧੀਰਜ ਦਿਖਾਉਂਦੇ ਹੋਏ ਇਕ ਦੂਜੇ ਦੀ ਗੱਲ ਸਹਿ ਲਈਏ ਅਤੇ ਉਨ੍ਹਾਂ ਲੋਕਾਂ ਦਾ ਮਾਣ ਕਰੀਏ ਜਿਨ੍ਹਾਂ ਨੂੰ ਅਸੀਂ ਪ੍ਰਚਾਰ ਕਰਦੇ ਹਾਂ। ਸਹੀ ਕੰਮਾਂ ਲਈ ਦ੍ਰਿੜ੍ਹ ਹੋਣ ਨਾਲ ਅਤੇ ਬਾਈਬਲ ਤੇ ਆਧਾਰਿਤ ਸਹਿਣਸ਼ੀਲਤਾ ਵਿਚ ਸੰਤੁਲਿਤ ਹੋਣ ਨਾਲ ਅਸੀਂ ਨਾ ਸਿਰਫ਼ ਯਹੋਵਾਹ ਨੂੰ ਖ਼ੁਸ਼ ਕਰਾਂਗੇ ਪਰ ਅਸੀਂ ਸੱਚ-ਮੁੱਚ ਸਹਿਣਸ਼ੀਲ ਵੀ ਹੋਵਾਂਗੇ।

[ਸਫ਼ੇ 23 ਉੱਤੇ ਤਸਵੀਰ]

ਫ਼ਰੀਸੀਆਂ ਦੇ ਕੱਟੜ ਰਵੱਈਏ ਤੋਂ ਬਚੋ

[ਸਫ਼ੇ 23 ਉੱਤੇ ਤਸਵੀਰ]

ਯਿਸੂ ਨੇ ਆਪਣੇ ਪਿਤਾ ਵਾਂਗ ਸਹਿਣਸ਼ੀਲਤਾ ਦਿਖਾਈ। ਕੀ ਤੁਸੀਂ ਵੀ ਇਹ ਗੁਣ ਦਿਖਾਉਂਦੇ ਹੋ?