“ਕੀ ਪਰਮੇਸ਼ੁਰ ਸੱਚ-ਮੁੱਚ ਲੋਕਾਂ ਨੂੰ ਨਰਕ ਵਿਚ ਸਜ਼ਾ ਦਿੰਦਾ ਹੈ?”
“ਕੀ ਪਰਮੇਸ਼ੁਰ ਸੱਚ-ਮੁੱਚ ਲੋਕਾਂ ਨੂੰ ਨਰਕ ਵਿਚ ਸਜ਼ਾ ਦਿੰਦਾ ਹੈ?”
“ਕੀ ਤੁਸੀਂ ਧਰਮ-ਸ਼ਾਸਤਰ ਦਾ ਅਧਿਐਨ ਕਰਦੇ ਹੋ?”
ਇਸ ਸਵਾਲ ਤੋਂ ਜੋਏਲ ਅਤੇ ਕਾਰਲ ਦੋਵੇਂ ਬਹੁਤ ਹੈਰਾਨ ਹੋਏ। ਇਹ ਦੋਵੇਂ ਨੌਜਵਾਨ, ਨਿਊਯਾਰਕ, ਬਰੁਕਲਿਨ ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਵਿਚ ਸੇਵਾ ਕਰਦੇ ਹਨ, ਅਤੇ ਉਹ ਕਿਤਾਬਾਂ ਦੀ ਦੁਕਾਨ ਵਿਚ ਦੇਖ ਰਹੇ ਸਨ। ਜਿਉਂ-ਜਿਉਂ ਜੋਏਲ ਬਾਈਬਲ ਦੇ ਇਕ ਕੋਸ਼ ਵਿਚ ਦੇਖ ਰਿਹਾ ਸੀ, ਕਾਰਲ ਉਸ ਨੂੰ ਪ੍ਰਚਾਰ ਕੰਮ ਵਿਚ ਹੋਈ ਇਕ ਮੁਲਾਕਾਤ ਬਾਰੇ ਦੱਸ ਰਿਹਾ ਸੀ। ਉਨ੍ਹਾਂ ਦੇ ਲਾਗੇ ਇਕ ਬੰਦਾ ਖੜ੍ਹਾ ਸੀ ਜੋ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਨਾਲ ਗੱਲਬਾਤ ਕਰਨ ਆਇਆ।
ਪਰ, ਇਹ ਬੰਦਾ ਸਿਰਫ਼ ਇਹ ਨਹੀਂ ਜਾਣਨਾ ਚਾਹੁੰਦਾ ਸੀ ਕਿ ਉਹ ਧਰਮ-ਸ਼ਾਸਤਰ ਦਾ ਅਧਿਐਨ ਕਰਦੇ ਸਨ ਕਿ ਨਹੀਂ, ਉਹ ਕਿਸੇ ਨਿੱਜੀ ਗੱਲ ਤੋਂ ਪਰੇਸ਼ਾਨ ਸੀ। ਉਸ ਨੇ ਦੱਸਿਆ ਕਿ “ਮੈਂ ਇਕ ਯਹੂਦੀ ਹਾਂ, ਅਤੇ ਮੇਰੇ ਕੁਝ ਈਸਾਈ ਮਿੱਤਰਾਂ ਨੇ ਮੈਨੂੰ ਦੱਸਿਆ ਕਿ ਯਹੂਦੀ ਲੋਕਾਂ ਨੇ ਯਿਸੂ ਨੂੰ ਰੱਦ ਕੀਤਾ ਸੀ ਅਤੇ ਇਸ ਲਈ ਮੈਂ ਨਰਕ ਦੀ ਅੱਗ ਵਿਚ ਭਸਮ ਹੋ ਜਾਵਾਂਗਾ। ਇਹ ਗੱਲ ਮੈਨੂੰ ਬਹੁਤ ਹੀ ਪਰੇਸ਼ਾਨ ਕਰ ਰਹੀ ਹੈ। ਇਕ ਪ੍ਰੇਮਪੂਰਣ ਪਰਮੇਸ਼ੁਰ ਵੱਲੋਂ ਅਜਿਹੀ ਸਜ਼ਾ ਠੀਕ ਨਹੀਂ ਲੱਗਦੀ। ਕੀ ਪਰਮੇਸ਼ੁਰ ਸੱਚ-ਮੁੱਚ ਲੋਕਾਂ ਨੂੰ ਨਰਕ ਵਿਚ ਸਜ਼ਾ ਦਿੰਦਾ ਹੈ?”
ਜੋਏਲ ਅਤੇ ਕਾਰਲ ਨੇ ਇਸ ਨੇਕਦਿਲ ਬੰਦੇ ਨੂੰ ਦੱਸਿਆ ਕਿ ਉਹ ਬਾਈਬਲ ਦਾ ਡੂੰਘਾ ਅਧਿਐਨ ਕਰਦੇ ਹਨ। ਉਨ੍ਹਾਂ ਨੇ ਉਸ ਨੂੰ ਬਾਈਬਲ ਤੋਂ ਦਿਖਾਇਆ ਕਿ ਮੁਰਦਿਆਂ ਨੂੰ ਕੋਈ ਹੋਸ਼ ਨਹੀਂ ਹੁੰਦੀ ਅਤੇ ਉਹ ਜੀ ਉਠਾਏ ਜਾਣ ਦੀ ਉਡੀਕ ਵਿਚ ਡੂੰਘੀ ਨੀਂਦ ਵਿਚ ਹਨ। ਇਸ ਲਈ, ਉਹ ਨਰਕ ਦੀ ਅੱਗ ਵਿਚ ਤੜਫ਼ਾਏ ਨਹੀਂ ਜਾਂਦੇ। (ਜ਼ਬੂਰ 146:3, 4; ਉਪਦੇਸ਼ਕ ਦੀ ਪੋਥੀ 9:5, 10; ਦਾਨੀਏਲ 12:13; ਯੂਹੰਨਾ 11:11-14, 23-26) ਪੰਤਾਲੀ ਮਿੰਟਾਂ ਦੀ ਗੱਲਬਾਤ ਕਰਨ ਤੋਂ ਬਾਅਦ, ਉਸ ਬੰਦੇ ਨੇ ਜੋਏਲ ਅਤੇ ਕਾਰਲ ਨੂੰ ਆਪਣੇ ਘਰ ਦਾ ਪਤਾ ਦਿੱਤਾ ਅਤੇ ਇਸ ਵਿਸ਼ੇ ਉੱਤੇ ਹੋਰ ਜਾਣਕਾਰੀ ਮੰਗੀ।
ਜੇਕਰ ਨਰਕ ਅਜਿਹੀ ਜਗ੍ਹਾ ਹੈ ਜਿੱਥੇ ਲੋਕਾਂ ਨੂੰ ਅੱਗ ਵਿਚ ਤੜਫ਼ਾਇਆ ਜਾਂਦਾ ਹੈ ਤਾਂ ਕੀ ਕੋਈ ਵੀ ਵਿਅਕਤੀ ਇਹ ਮੰਗ ਕਰੇਗਾ ਕਿ ਉਸ ਨੂੰ ਉੱਥੇ ਭੇਜਿਆ ਜਾਵੇ? ਪਰ, ਕੁਲ-ਪਿਤਾ ਅੱਯੂਬ ਨੇ ਆਪਣੀ ਮੰਦੀ ਹਾਲਤ ਤੋਂ ਛੁਟਕਾਰਾ ਪਾਉਣ ਲਈ ਬੇਨਤੀ ਕੀਤੀ ਸੀ ਕਿ “ਕਾਸ਼ ਕਿ ਤੂੰ ਮੈਨੂੰ ਪਤਾਲ [ਨਰਕ] ਵਿੱਚ ਲੁਕਾ ਦੇਵੇਂ, ਅਤੇ ਮੈਨੂੰ ਛਿਪਾ ਰੱਖੇਂ ਜਦ ਤੀਕ ਤੇਰਾ ਕ੍ਰੋਧ ਨਾ ਹਟੇ।” (ਅੱਯੂਬ 14:13) ਸਪੱਸ਼ਟ ਹੈ ਕਿ ਅੱਯੂਬ ਨਰਕ ਨੂੰ ਇਕ ਅਜਿਹੀ ਜਗ੍ਹਾ ਨਹੀਂ ਸਮਝਦਾ ਸੀ ਜਿੱਥੇ ਲੋਕਾਂ ਨੂੰ ਅੱਗ ਵਿਚ ਤੜਫ਼ਾਇਆ ਜਾਂਦਾ ਹੈ। ਇਸ ਦੀ ਬਜਾਇ, ਉਹ ਉੱਥੇ ਸੁਰੱਖਿਆ ਪਾਉਣ ਲਈ ਜਾਣਾ ਚਾਹੁੰਦਾ ਸੀ। ਮੌਤ ਤੋਂ ਬਾਅਦ ਇਨਸਾਨ ਨੂੰ ਕੋਈ ਹੋਸ਼ ਨਹੀਂ ਹੁੰਦਾ, ਅਤੇ ਬਾਈਬਲ ਵਿਚ ਨਰਕ ਦਾ ਮਤਲਬ ਇਨਸਾਨ ਦੀ ਕਬਰ ਹੈ।
ਜੇਕਰ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ ਅਤੇ ਮੌਤ ਤੋਂ ਬਾਅਦ ਕਿਹੜੀ ਉਮੀਦ ਹੈ, ਤਾਂ ਹੇਠਾਂ ਦਿੱਤੇ ਗਏ ਪਤੇ ਤੇ ਜ਼ਰੂਰ ਲਿਖੋ।