ਕੀ ਮੌਤ ਤੋਂ ਬਾਅਦ ਜੀਵਨ ਹੈ?
ਕੀ ਮੌਤ ਤੋਂ ਬਾਅਦ ਜੀਵਨ ਹੈ?
ਕੁਝ 3,500 ਸਾਲ ਪਹਿਲਾਂ ਅੱਯੂਬ ਨਾਂ ਦੇ ਇਕ ਬੰਦੇ ਨੇ ਪੁੱਛਿਆ ਸੀ ਕਿ “ਜੇ ਪੁਰਖ ਮਰ ਜਾਵੇ ਤਾਂ ਉਹ ਫੇਰ ਜੀਵੇਗਾ?” (ਅੱਯੂਬ 14:14) ਯੁਗਾਂ ਦੌਰਾਨ ਇਸ ਸਵਾਲ ਨੇ ਇਨਸਾਨਾਂ ਨੂੰ ਪਰੇਸ਼ਾਨ ਕੀਤਾ ਹੈ ਅਤੇ ਸਦੀਆਂ ਤੋਂ ਹਰ ਥਾਂ ਦੇ ਲੋਕਾਂ ਨੇ ਇਸ ਵਿਸ਼ੇ ਉੱਤੇ ਵਿਚਾਰ ਕਰ ਕੇ ਵੱਖੋ-ਵੱਖਰੇ ਸਿੱਟੇ ਕੱਢੇ ਹਨ।
ਅਨੇਕ ਈਸਾਈ ਲੋਕ ਮੰਨਦੇ ਹਨ ਕਿ ਮੌਤ ਹੋਣ ਤੋਂ ਬਾਅਦ ਇਨਸਾਨ ਸਵਰਗ ਜਾਂ ਨਰਕ ਵਿਚ ਜਾਂਦੇ ਹਨ। ਅਤੇ ਹਿੰਦੂ ਲੋਕ ਖ਼ਾਸ ਕਰ ਕੇ ਜੂਨਾਂ ਵਿਚ ਵਿਸ਼ਵਾਸ ਕਰਦੇ ਹਨ। ਮੁਸਲਮਾਨਾਂ ਦੇ ਵਿਚਾਰ ਉੱਤੇ ਟਿੱਪਣੀ ਕਰਦੇ ਹੋਏ ਇਮਾਰ ਮੁਆਵੀਯਾ, ਜੋ ਇਸਲਾਮ ਦੇ ਇਕ ਕੇਂਦਰ ਵਿਚ ਕੰਮ ਕਰਦਾ ਹੈ, ਨੇ ਕਿਹਾ ਕਿ “ਅਸੀਂ ਵਿਸ਼ਵਾਸ ਕਰਦੇ ਹਾਂ ਕਿ ਮੌਤ ਤੋਂ ਬਾਅਦ ਕਿਆਮਤ ਦੇ ਦਿਨ ਇਨਸਾਨ ਅੱਲਾ ਸਾਮ੍ਹਣੇ ਇਕ ਅਦਾਲਤ ਵਿਚ ਪੇਸ਼ ਕੀਤੇ ਜਾਣਗੇ ਜਿੱਥੇ ਉਨ੍ਹਾਂ ਦਾ ਨਿਆਂ ਹੋਵੇਗਾ।” ਮੁਸਲਮਾਨਾਂ ਦੇ ਅਨੁਸਾਰ ਉਸ ਵਕਤ ਅੱਲਾ ਹਰ ਇਨਸਾਨ ਦੀ ਜ਼ਿੰਦਗੀ ਦਾ ਲੇਖਾ ਲਵੇਗਾ ਅਤੇ ਉਸ ਨੂੰ ਜੰਨਤ ਜਾਂ ਦੋਜ਼ਖ਼ ਵਿਚ ਭੇਜੇਗਾ।
ਸ੍ਰੀ ਲੰਕਾ ਦੇਸ਼ ਵਿਚ ਜਦੋਂ ਘਰ ਦਾ ਕੋਈ ਜੀਅ ਮਰ ਜਾਂਦਾ ਹੈ, ਤਾਂ ਬੋਧੀ ਅਤੇ ਕੈਥੋਲਿਕ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਬਾਰੀਆਂ ਖੁੱਲ੍ਹੇ ਰੱਖਦੇ ਹਨ। ਉਹ ਤੇਲ ਦਾ ਇਕ ਦੀਵਾ ਬਾਲ਼ਦੇ ਹਨ ਅਤੇ ਕਫ਼ਨ ਵਿਚ ਪਏ ਮੁਰਦੇ ਦੇ ਪੈਰ ਘਰ ਦੇ ਮੋਹਰਲੇ ਦਰਵਾਜ਼ੇ ਵੱਲ ਕਰਦੇ ਹਨ। ਉਹ ਇਸ ਤਰ੍ਹਾਂ ਕਿਉਂ ਕਰਦੇ ਹਨ? ਕਿਉਂਕਿ ਉਹ ਵਿਸ਼ਵਾਸ ਕਰਦੇ ਹਨ ਕਿ ਇਸ ਨਾਲ ਮਰੇ ਵਿਅਕਤੀ ਦੀ ਆਤਮਾ ਸੌਖੀ ਤਰ੍ਹਾਂ ਬਾਹਰ ਨਿੱਕਲ ਸਕਦੀ ਹੈ।
ਪੱਛਮੀ ਆਸਟ੍ਰੇਲੀਆ ਦੀ ਯੂਨੀਵਰਸਿਟੀ ਦੇ ਰਾਨਲਡ ਐੱਮ. ਬਰਨਟ ਅਨੁਸਾਰ, ਆਸਟ੍ਰੇਲੀਆ ਦੇ ਦੇਸੀ ਲੋਕ ਵਿਸ਼ਵਾਸ ਕਰਦੇ ਹਨ ਕਿ “ਇਨਸਾਨ ਵਿਚ ਕੋਈ ਚੀਜ਼ ਹੈ ਜੋ ਮੌਤ ਤੋਂ ਬਾਅਦ ਵੀ ਜੀਉਂਦੀ ਰਹਿੰਦੀ ਹੈ।” ਕੁਝ ਅਫ਼ਰੀਕੀ ਕਬੀਲਿਆਂ ਦੇ ਲੋਕ ਵਿਸ਼ਵਾਸ ਕਰਦੇ ਹਨ ਕਿ ਮੌਤ ਤੋਂ ਬਾਅਦ ਆਮ ਲੋਕ ਭੂਤ ਬਣ ਜਾਂਦੇ ਹਨ, ਅਤੇ ਵੱਡੇ ਲੋਕ ਪੂਰਵਜ-ਪੂਜਾ ਦੇ ਯੋਗ ਬਣ ਜਾਂਦੇ ਹਨ, ਜਿਨ੍ਹਾਂ ਦੀ ਸਮਾਜ ਵਿਚ ਅਦਿੱਖ ਆਗੂਆਂ ਵਜੋਂ ਇੱਜ਼ਤ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਅੱਗੇ ਅਰਦਾਸ ਕੀਤੀ ਜਾਂਦੀ ਹੈ।
ਕੁਝ ਦੇਸ਼ਾਂ ਵਿਚ ਮੁਰਦਿਆਂ ਦੀ ਸਥਿਤੀ ਬਾਰੇ ਵਿਸ਼ਵਾਸ, ਉੱਥੇ ਦੇ ਰੀਤਾਂ-ਰਿਵਾਜਾਂ ਅਤੇ ਈਸਾਈ ਧਰਮ ਦੀ ਮਿਲਾਵਟ ਉੱਤੇ ਆਧਾਰਿਤ ਹੁੰਦੇ ਹਨ। ਮਿਸਾਲ ਲਈ, ਪੱਛਮੀ ਅਫ਼ਰੀਕਾ ਵਿਚ ਬਹੁਤ ਸਾਰੇ ਕੈਥੋਲਿਕ ਅਤੇ ਪ੍ਰੋਟੈਸਟੈਂਟ ਲੋਕ ਕਿਸੇ ਦੀ ਮੌਤ ਹੋਣ ਤੇ ਘਰ ਵਿਚ ਸ਼ੀਸ਼ਿਆਂ ਨੂੰ ਢੱਕਣ ਦਾ ਰਿਵਾਜ ਰੱਖਦੇ ਹਨ, ਤਾਂਕਿ ਕੋਈ ਮੁਰਦੇ ਦੀ ਆਤਮਾ ਸ਼ੀਸ਼ੇ ਵਿਚ ਨਾ ਦੇਖ ਸਕੇ।
ਜੀ ਹਾਂ, ਲੋਕਾਂ ਕੋਲ ਇਸ ਸਵਾਲ ਦੇ ਵੱਖੋ-ਵੱਖਰੇ ਜਵਾਬ ਹਨ ਕਿ ‘ਮੌਤ ਤੋਂ ਬਾਅਦ ਸਾਨੂੰ ਕੀ ਹੁੰਦਾ ਹੈ?’ ਪਰ ਇਹ ਸਾਰੇ ਜਵਾਬ ਇਕ ਗੱਲ ਨਾਲ ਸਹਿਮਤ ਹੁੰਦੇ ਹਨ ਕਿ ਇਨਸਾਨ ਦੇ ਅੰਦਰ ਕੋਈ ਚੀਜ਼ ਹੁੰਦੀ ਹੈ ਜੋ ਸਰੀਰ ਦੀ ਮੌਤ ਤੋਂ ਬਾਅਦ ਜੀਉਂਦੀ ਰਹਿੰਦੀ ਹੈ। ਕੁਝ ਲੋਕ ਵਿਸ਼ਵਾਸ ਕਰਦੇ ਹਨ ਕਿ ਇਹ ਚੀਜ਼ “ਆਤਮਾ” ਹੈ। ਮਿਸਾਲ ਲਈ, ਅਫ਼ਰੀਕਾ, ਏਸ਼ੀਆ, ਅਤੇ ਸ਼ਾਂਤ ਮਹਾਂਸਾਗਰ ਦੇ ਪੌਲੀਨੀਸ਼ੀਆ, ਮੈਲਾਨੀਸ਼ੀਆ, ਅਤੇ ਮਾਈਕ੍ਰੋਨੀਸ਼ੀਆ ਦੇ ਇਲਾਕਿਆਂ ਵਿਚ ਕਈ ਲੋਕ ਵਿਸ਼ਵਾਸ ਕਰਦੇ ਹਨ ਕਿ ਇਨਸਾਨ ਦੇ ਅੰਦਰ ਅਮਰ ਆਤਮਾ ਹੁੰਦੀ ਹੈ।
ਕੀ ਸਾਡੇ ਅੰਦਰ ਸੱਚ-ਮੁੱਚ ਅਮਰ ਆਤਮਾ ਹੈ? ਜੇ ਹੈ, ਤਾਂ ਮਰਨ ਤੋਂ ਬਾਅਦ ਇਸ ਨੂੰ ਕੀ ਹੁੰਦਾ ਹੈ? ਕੀ ਮੁਰਦਿਆਂ ਲਈ ਕੋਈ ਉਮੀਦ ਹੈ? ਇਨ੍ਹਾਂ ਸਵਾਲਾਂ ਦੇ ਸਹੀ ਜਵਾਬ ਪ੍ਰਾਪਤ ਕਰਨੇ ਬਹੁਤ ਜ਼ਰੂਰੀ ਹਨ। ਮੌਤ ਅਜਿਹੀ ਅਸਲੀਅਤ ਹੈ ਜਿਸ ਦਾ ਸਾਰਿਆਂ ਨੂੰ ਸਾਮ੍ਹਣਾ ਕਰਨਾ ਪੈਂਦਾ ਹੈ, ਭਾਵੇਂ ਤੁਹਾਡਾ ਸਭਿਆਚਾਰਕ ਜਾਂ ਧਾਰਮਿਕ ਪਿਛੋਕੜ ਜੋ ਮਰਜ਼ੀ ਹੋਵੇ। ਮੌਤ ਦਾ ਸਾਡੇ ਉੱਤੇ ਡੂੰਘਾ ਅਤੇ ਨਿੱਜੀ ਅਸਰ ਪੈਂਦਾ ਹੈ। ਆਓ ਆਪਾਂ ਇਸ ਵਿਸ਼ੇ ਬਾਰੇ ਅੱਗੇ ਪੜ੍ਹੀਏ।