Skip to content

Skip to table of contents

ਖ਼ੁਸ਼ੀ ਨਾਲ ਵਾਢੀ ਦਾ ਕੰਮ ਕਰੋ!

ਖ਼ੁਸ਼ੀ ਨਾਲ ਵਾਢੀ ਦਾ ਕੰਮ ਕਰੋ!

ਖ਼ੁਸ਼ੀ ਨਾਲ ਵਾਢੀ ਦਾ ਕੰਮ ਕਰੋ!

“ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ। ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।”​—ਮੱਤੀ 9:37, 38.

1. ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਰਹਿਣ ਲਈ ਸਾਨੂੰ ਕਿਹੜੀ ਗੱਲ ਪ੍ਰੇਰਦੀ ਰਹਿੰਦੀ ਹੈ?

ਯਹੋਵਾਹ ਦੇ ਇਕ ਗਵਾਹ ਵਜੋਂ ਜਦੋਂ ਅਸੀਂ ਆਪਣੇ ਬਪਤਿਸਮੇ ਨੂੰ ਯਾਦ ਕਰਦੇ ਹਾਂ, ਚਾਹੇ ਅਸੀਂ ਇਹ ਬਹੁਤ ਜਾਂ ਥੋੜ੍ਹੇ ਸਾਲ ਪਹਿਲਾਂ ਲਿਆ ਹੋਵੇ, ਹੋ ਸਕਦਾ ਹੈ ਕਿ ਇਹ ਸਿਰਫ਼ ਕੱਲ੍ਹ ਦੀ ਗੱਲ ਹੀ ਲੱਗਦੀ ਹੋਵੇ। ਇਸ ਤੋਂ ਬਾਅਦ ਯਹੋਵਾਹ ਦੀ ਵਡਿਆਈ ਕਰਨੀ ਸਾਡੀ ਜ਼ਿੰਦਗੀ ਦਾ ਮੁੱਖ ਕਾਰਨ ਬਣ ਗਿਆ ਸੀ। ਸਮਾਂ ਕੱਢ ਕੇ ਰਾਜ ਦਾ ਸੰਦੇਸ਼ ਸੁਣਨ ਅਤੇ ਸਵੀਕਾਰ ਕਰਨ ਵਿਚ ਹੋਰਨਾਂ ਦੀ ਮਦਦ ਕਰ ਕੇ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਨੀ ਸਾਡੇ ਲਈ ਸਭ ਤੋਂ ਮਹੱਤਵਪੂਰਣ ਗੱਲ ਬਣ ਗਈ। (ਅਫ਼ਸੀਆਂ 5:15, 16) ਸਾਨੂੰ ਪਤਾ ਹੈ ਕਿ ਜਦੋਂ ਅਸੀਂ ‘ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਂਦੇ’ ਹਾਂ ਤਾਂ ਸਮਾਂ ਬਹੁਤ ਜਲਦੀ ਬੀਤ ਜਾਂਦਾ ਹੈ। (1 ਕੁਰਿੰਥੀਆਂ 15:58) ਭਾਵੇਂ ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਵੀ ਕਰਦੇ ਹੋਈਏ, ਯਹੋਵਾਹ ਦੀ ਇੱਛਾ ਪੂਰੀ ਕਰਦੇ ਰਹਿਣ ਲਈ ਸਾਡੀ ਖ਼ੁਸ਼ੀ ਸਾਨੂੰ ਪ੍ਰੇਰਦੀ ਰਹਿੰਦੀ ਹੈ।​—ਨਹਮਯਾਹ 8:10.

2. ਵਾਢੀ ਦੇ ਕੰਮ ਵਿਚ ਸਾਨੂੰ ਕਿਹੜੀਆਂ ਗੱਲਾਂ ਤੋਂ ਖ਼ੁਸ਼ੀ ਮਿਲਦੀ ਹੈ?

2 ਮਸੀਹੀ ਹੋਣ ਦੇ ਨਾਤੇ ਅਸੀਂ ਇਕ ਕਿਸਮ ਦੀ ਵਾਢੀ ਕਰ ਰਹੇ ਹਾਂ। ਯਿਸੂ ਮਸੀਹ ਨੇ ਕਿਹਾ ਸੀ ਕਿ ਸਦੀਪਕ ਜੀਵਨ ਲਈ ਲੋਕਾਂ ਨੂੰ ਇਕੱਠੇ ਕਰਨਾ ਵਾਢੀ ਦੇ ਕੰਮ ਵਾਂਗ ਹੈ। (ਯੂਹੰਨਾ 4:35-38) ਹੁਣ ਆਪਾਂ ਪਹਿਲੇ ਮਸੀਹੀ ਵਾਢਿਆਂ ਦੀ ਖ਼ੁਸ਼ੀ ਦੀ ਜਾਂਚ ਕਰਾਂਗੇ ਜਿਸ ਤੋਂ ਸਾਨੂੰ ਹੌਸਲਾ ਮਿਲੇਗਾ ਕਿਉਂਕਿ ਅਸੀਂ ਵੀ ਉਨ੍ਹਾਂ ਵਾਂਗ ਵਾਢੀ ਦਾ ਕੰਮ ਕਰ ਰਹੇ ਹਾਂ। ਅਸੀਂ ਤਿੰਨ ਗੱਲਾਂ ਵੱਲ ਧਿਆਨ ਦੇਵਾਂਗੇ ਜੋ ਵਾਢੀ ਵਿਚ ਸਾਨੂੰ ਖ਼ੁਸ਼ੀ ਦਿੰਦੀਆਂ ਹਨ ਯਾਨੀ (1) ਉਮੀਦ-ਭਰਿਆ ਸੰਦੇਸ਼, (2) ਲਾਇਕ ਲੋਕਾਂ ਦੀ ਖੋਜ ਕਰਨ ਵਿਚ ਸਫ਼ਲਤਾ, ਅਤੇ (3) ਵਾਢਿਆਂ ਵਜੋਂ ਸ਼ਾਂਤੀ ਬਣਾਈ ਰੱਖਣ ਵਾਲਾ ਰਵੱਈਆ।

ਵਾਢਿਆਂ ਵਜੋਂ ਘੱਲੇ ਗਏ

3. ਯਿਸੂ ਦੇ ਪਹਿਲੇ ਚੇਲਿਆਂ ਨੂੰ ਕਿਸ ਚੀਜ਼ ਤੋਂ ਖ਼ੁਸ਼ੀ ਮਿਲੀ ਸੀ?

3 ਪਹਿਲੇ ਵਾਢਿਆਂ ਦੀ ਜ਼ਿੰਦਗੀ, ਖ਼ਾਸ ਕਰਕੇ ਯਿਸੂ ਦੇ 11 ਵਫ਼ਾਦਾਰ ਰਸੂਲਾਂ ਦੀ ਜ਼ਿੰਦਗੀ, 33 ਸਾ.ਯੁ. ਦੇ ਉਸ ਦਿਨ ਬਦਲ ਗਈ ਜਿਸ ਦਿਨ ਉਹ ਗਲੀਲ ਵਿਚ ਇਕ ਪਹਾੜ ਉੱਤੇ ਜੀ ਉਠਾਏ ਗਏ ਮਸੀਹ ਨੂੰ ਮਿਲਣ ਗਏ ਸਨ। (ਮੱਤੀ 28:16) ਉਸ ਸਮੇਂ ਸ਼ਾਇਦ ‘ਕੁਝ ਪੰਜ ਸੌ ਤੋਂ ਉੱਪਰ ਭਾਈ’ ਹਾਜ਼ਰ ਸਨ। (1 ਕੁਰਿੰਥੀਆਂ 15:6) ਯਿਸੂ ਦਾ ਹੁਕਮ ਉਨ੍ਹਾਂ ਨੂੰ ਹਮੇਸ਼ਾ ਯਾਦ ਰਿਹਾ। ਉਸ ਨੇ ਉਨ੍ਹਾਂ ਨੂੰ ਕਿਹਾ ਸੀ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਉਨ੍ਹਾਂ ਨੂੰ ਸਖ਼ਤ ਵਿਰੋਧਤਾ ਦੇ ਬਾਵਜੂਦ ਵੀ ਵਾਢੀ ਦੇ ਕੰਮ ਤੋਂ ਬਹੁਤ ਖ਼ੁਸ਼ੀ ਮਿਲੀ ਜਦੋਂ ਉਨ੍ਹਾਂ ਨੇ ਕਈਆਂ ਥਾਵਾਂ ਵਿਚ ਮਸੀਹ ਦੇ ਚੇਲਿਆਂ ਦੀਆਂ ਕਲੀਸਿਯਾਵਾਂ ਬਣਦੀਆਂ ਦੇਖੀਆਂ। ਕੁਝ ਸਮੇਂ ਬਾਅਦ ‘ਪਰਚਾਰ ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ ਕੀਤਾ ਜਾ ਰਿਹਾ ਸੀ।’​—ਕੁਲੁੱਸੀਆਂ 1:23; ਰਸੂਲਾਂ ਦੇ ਕਰਤੱਬ 1:8; 16:5.

4. ਯਿਸੂ ਦੇ ਚੇਲੇ ਕਿਨ੍ਹਾਂ ਕੋਲ ਅਤੇ ਕਿਉਂ ਘੱਲੇ ਗਏ ਸਨ?

4 ਇਸ ਤੋਂ ਪਹਿਲਾਂ ਗਲੀਲ ਵਿਚ ਆਪਣੀ ਸੇਵਕਾਈ ਦੌਰਾਨ ਯਿਸੂ ਨੇ 12 ਰਸੂਲਾਂ ਨੂੰ ਸੱਦਿਆ ਸੀ ਅਤੇ ਉਨ੍ਹਾਂ ਨੂੰ ਇਹ ਪ੍ਰਚਾਰ ਕਰਨ ਲਈ ਬਾਹਰ ਘੱਲਿਆ ਸੀ ਕਿ “ਸੁਰਗ ਦਾ ਰਾਜ ਨੇੜੇ ਆਇਆ ਹੈ।” (ਮੱਤੀ 10:1-7) ਉਹ ਖ਼ੁਦ “ਉਨ੍ਹਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ ਕਰਦਾ ਹੋਇਆ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਦੂਰ ਕਰਦਾ ਹੋਇਆ [ਗਲੀਲ ਦਿਆਂ] ਸਰਬੱਤ ਨਗਰਾਂ ਅਤੇ ਪਿੰਡਾਂ ਵਿੱਚ ਫਿਰਿਆ।” ਯਿਸੂ ਨੂੰ ਭੀੜਾਂ ਉੱਤੇ ਤਰਸ ਆਇਆ “ਕਿਉਂ ਜੋ ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।” (ਮੱਤੀ 9:35, 36) ਇਨ੍ਹਾਂ ਲੋਕਾਂ ਨੂੰ ਦੇਖ ਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ। ਇਸ ਲਈ ਤੁਸੀਂ ਖੇਤੀ ਦੇ ਮਾਲਕ [ਯਹੋਵਾਹ ਪਰਮੇਸ਼ੁਰ] ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।” (ਮੱਤੀ 9:37, 38) ਯਿਸੂ ਨੇ ਵਾਢਿਆਂ ਬਾਰੇ ਯਹੂਦਿਯਾ ਵਿਚ ਵੀ ਇਹੀ ਗੱਲ ਕਹੀ ਸੀ ਜਦੋਂ ਧਰਤੀ ਉੱਤੇ ਉਸ ਦੀ ਸੇਵਕਾਈ ਦੇ ਸਿਰਫ਼ ਛੇ ਮਹੀਨੇ ਰਹਿੰਦੇ ਸਨ। (ਲੂਕਾ 10:2) ਦੋਹਾਂ ਮੌਕਿਆਂ ਤੇ ਉਸ ਨੇ ਆਪਣੇ ਚੇਲਿਆਂ ਨੂੰ ਵਾਢਿਆਂ ਵਜੋਂ ਘੱਲਿਆ ਸੀ।​—ਮੱਤੀ 10:5; ਲੂਕਾ 10:3.

ਉਮੀਦ-ਭਰਿਆ ਸੰਦੇਸ਼

5. ਅਸੀਂ ਕਿਹੋ ਜਿਹਾ ਸੰਦੇਸ਼ ਸੁਣਾਉਂਦੇ ਹਾਂ?

5 ਯਹੋਵਾਹ ਦੇ ਸੇਵਕਾਂ ਵਜੋਂ ਅਸੀਂ ਖ਼ੁਸ਼ੀ ਨਾਲ ਵਾਢੀ ਦਾ ਕੰਮ ਕਰਨ ਲਈ ਤਿਆਰ ਹਾਂ। ਇਕ ਗੱਲ ਜੋ ਸਾਨੂੰ ਖ਼ੁਸ਼ ਕਰਦੀ ਹੈ ਉਹ ਇਹ ਹੈ ਕਿ ਅਸੀਂ ਨਿਰਾਸ਼ ਅਤੇ ਉਦਾਸ ਲੋਕਾਂ ਨੂੰ ਇਕ ਉਮੀਦ-ਭਰਿਆ ਸੰਦੇਸ਼ ਸੁਣਾਉਂਦੇ ਹਾਂ। ਪਹਿਲੀ ਸਦੀ ਵਿਚ ਯਿਸੂ ਦੇ ਚੇਲਿਆਂ ਦੀ ਤਰ੍ਹਾਂ ਸਾਡੇ ਲਈ ਇਹ ਕਿੰਨਾ ਵੱਡਾ ਸਨਮਾਨ ਹੈ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਕੇ ਉਮੀਦ ਦੇ ਸਕਦੇ ਹਾਂ ਜੋ ‘ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ’ ਹਨ!

6. ਪਹਿਲੀ ਸਦੀ ਵਿਚ ਰਸੂਲਾਂ ਨੇ ਕਿਸ ਕੰਮ ਵਿਚ ਹਿੱਸਾ ਲਿਆ ਸੀ?

6 ਪਹਿਲੀ ਸਦੀ ਦੇ ਅੱਧ ਤਕ ਪੌਲੁਸ ਰਸੂਲ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਰੁੱਝਿਆ ਹੋਇਆ ਸੀ। ਅਸੀਂ ਕਹਿ ਸਕਦੇ ਹਾਂ ਕਿ ਉਸ ਦੀ ਵਾਢੀ ਫਲ ਪਾ ਰਹੀ ਸੀ ਕਿਉਂਕਿ 55 ਸਾ.ਯੁ. ਵਿਚ ਕੁਰਿੰਥੁਸ ਦੇ ਮਸੀਹੀਆਂ ਨੂੰ ਲਿਖਦੇ ਸਮੇਂ ਉਸ ਨੇ ਕਿਹਾ: “ਹੇ ਭਰਾਵੋ, ਮੈਂ ਤੁਹਾਨੂੰ ਉਹ ਖੁਸ਼ ਖਬਰੀ ਚਿਤਾਰਦਾ ਹਾਂ ਜਿਹੜੀ ਮੈਂ ਤੁਹਾਨੂੰ ਸੁਣਾਈ ਸੀ ਜਿਹ ਨੂੰ ਤੁਸਾਂ ਕਬੂਲ ਵੀ ਕੀਤਾ ਅਰ ਜਿਹ ਦੇ ਉੱਤੇ ਤੁਸੀਂ ਖਲੋਤੇ ਵੀ ਹੋ।” (1 ਕੁਰਿੰਥੀਆਂ 15:1) ਰਸੂਲ ਅਤੇ ਹੋਰ ਮਸੀਹੀ ਵਾਢੀ ਕਰਨ ਵਿਚ ਬਹੁਤ ਮਿਹਨਤੀ ਸਨ। ਭਾਵੇਂ ਕਿ ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ 70 ਸਾ.ਯੁ. ਵਿਚ ਕਿੰਨੇ ਰਸੂਲ ਯਰੂਸ਼ਲਮ ਦੇ ਨਾਸ਼ ਵਿੱਚੋਂ ਬਚ ਨਿਕਲੇ ਸਨ, ਅਸੀਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਯੂਹੰਨਾ ਰਸੂਲ ਇਸ ਤੋਂ ਕੁਝ 25 ਸਾਲ ਬਾਅਦ ਵੀ ਪ੍ਰਚਾਰ ਕਰ ਰਿਹਾ ਸੀ।​—ਪਰਕਾਸ਼ ਦੀ ਪੋਥੀ 1:9.

7, 8. ਯਹੋਵਾਹ ਦੇ ਸੇਵਕ ਕਿਹੜਾ ਉਮੀਦ-ਭਰਿਆ ਸੰਦੇਸ਼ ਉਤੇਜਨਾ ਨਾਲ ਐਲਾਨ ਕਰਦੇ ਹਨ?

7 ਫਿਰ ਸਦੀਆਂ ਦੌਰਾਨ ਈਸਾਈ-ਜਗਤ ਦੇ ਪਾਦਰੀਆਂ ਨੇ ਇਕੱਠਿਆਂ ‘ਕੁਧਰਮ ਦੇ ਪੁਰਖ’ ਵਜੋਂ ਰਾਜ ਕੀਤਾ। (2 ਥੱਸਲੁਨੀਕੀਆਂ 2:3) ਪਰ 19ਵੀਂ ਸਦੀ ਦੇ ਅੰਤ ਨੇੜੇ ਜਿਨ੍ਹਾਂ ਲੋਕਾਂ ਨੇ ਆਪਣੀ ਜ਼ਿੰਦਗੀ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਬਿਤਾਉਣ ਦੀ ਕੋਸ਼ਿਸ਼ ਕੀਤੀ ਸੀ ਉਨ੍ਹਾਂ ਨੇ ਉਮੀਦ-ਭਰਿਆ ਸੰਦੇਸ਼ ਲੈ ਕੇ ਪਰਮੇਸ਼ੁਰ ਦੇ ਰਾਜ ਦੀ ਘੋਸ਼ਣਾ ਕੀਤੀ। ਦਰਅਸਲ ਇਸ ਰਸਾਲੇ ਦੇ ਪਹਿਲੇ ਅੰਕ (ਜੁਲਾਈ 1879) ਤੋਂ ਇਸ ਦੇ ਸਿਰਲੇਖ ਵਿਚ ਇਹ ਸ਼ਬਦ ਸ਼ਾਮਲ ਹੋਏ ਹਨ “ਮਸੀਹ ਦੀ ਮੌਜੂਦਗੀ ਦਾ ਐਲਾਨ,” “ਮਸੀਹ ਦੇ ਰਾਜ ਦਾ ਐਲਾਨ” ਜਾਂ “ਯਹੋਵਾਹ ਦੇ ਰਾਜ ਦੀ ਘੋਸ਼ਣਾ।”

8 ਪਰਮੇਸ਼ੁਰ ਦਾ ਸਵਰਗੀ ਰਾਜ ਯਿਸੂ ਮਸੀਹ ਦੇ ਅਧੀਨ 1914 ਵਿਚ ਸਥਾਪਿਤ ਹੋਇਆ ਸੀ। ਅਸੀਂ ਹੁਣ ਬੜੀ ਉਤੇਜਨਾ ਨਾਲ ਇਹ ਉਮੀਦ-ਭਰਿਆ ਸੰਦੇਸ਼ ਕਿਉਂ ਐਲਾਨ ਕਰ ਰਹੇ ਹਾਂ? ਕਿਉਂਕਿ ਬਹੁਤ ਜਲਦੀ ਰਾਜ ਦੁਆਰਾ ਇਸ ਦੁਸ਼ਟ ਦੁਨੀਆਂ ਦਾ ਅੰਤ ਆਵੇਗਾ। (ਦਾਨੀਏਲ 2:44) ਇਸ ਤੋਂ ਹੋਰ ਵਧੀਆ ਸੰਦੇਸ਼ ਕਿਹੜਾ ਹੋ ਸਕਦਾ ਹੈ? ਅਤੇ ਇਸ ਤੋਂ ਹੋਰ ਵੱਡੀ ਖ਼ੁਸ਼ੀ ਕਿਹੜੀ ਹੋ ਸਕਦੀ ਹੈ ਕਿ ਅਸੀਂ ‘ਵੱਡੇ ਕਸ਼ਟ’ ਹੋਣ ਤੋਂ ਪਹਿਲਾਂ ਇਸ ਰਾਜ ਬਾਰੇ ਦੱਸੀਏ?​—ਮੱਤੀ 24:21; ਮਰਕੁਸ 13:10.

ਲਾਇਕ ਲੋਕਾਂ ਦੀ ਖੋਜ ਕਰਨ ਵਿਚ ਸਫ਼ਲਤਾ

9. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀ ਹਿਦਾਇਤ ਦਿੱਤੀ ਸੀ ਅਤੇ ਕੀ ਲੋਕਾਂ ਨੇ ਰਾਜ ਦਾ ਸੰਦੇਸ਼ ਸੁਣਿਆ ਸੀ?

9 ਵਾਢਿਆਂ ਵਜੋਂ ਸਾਨੂੰ ਇਕ ਹੋਰ ਗੱਲ ਤੋਂ ਵੀ ਖ਼ੁਸ਼ੀ ਮਿਲਦੀ ਹੈ। ਅਸੀਂ ਉਨ੍ਹਾਂ ਲੋਕਾਂ ਦੀ ਖੋਜ ਕਰ ਸਕੇ ਹਾਂ ਜੋ ਯਿਸੂ ਦੇ ਚੇਲੇ ਬਣੇ ਹਨ ਅਤੇ ਹੁਣ ਵਾਢੀ ਵਿਚ ਸਾਡੇ ਨਾਲ ਕੰਮ ਕਰ ਰਹੇ ਹਨ। ਯਿਸੂ ਨੇ 31-32 ਸਾ.ਯੁ. ਵਿਚ ਆਪਣੇ ਚੇਲਿਆਂ ਨੂੰ ਇਹ ਹਿਦਾਇਤ ਦਿੱਤੀ ਸੀ ਕਿ ਤੁਸੀਂ “ਜਿਸ ਨਗਰ ਯਾ ਪਿੰਡ ਵਿੱਚ ਵੜੋ ਪੁੱਛੋ ਭਈ ਇੱਥੇ ਲਾਇਕ ਕੌਣ ਹੈ।” (ਮੱਤੀ 10:11) ਜਿਨ੍ਹਾਂ ਲੋਕਾਂ ਨੇ ਰਾਜ ਦਾ ਸੰਦੇਸ਼ ਨਹੀਂ ਸੁਣਿਆ ਉਹ ਲਾਇਕ ਨਹੀਂ ਸਨ। ਫਿਰ ਵੀ ਜਿੱਥੇ-ਕਿਤੇ ਲੋਕ ਸਨ ਯਿਸੂ ਦੇ ਚੇਲਿਆਂ ਨੇ ਜੋਸ਼ ਨਾਲ ਉੱਥੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ।

10. ਪੌਲੁਸ ਨੇ ਲਾਇਕ ਲੋਕਾਂ ਦੀ ਖੋਜ ਕਿਵੇਂ ਕੀਤੀ ਸੀ?

10 ਯਿਸੂ ਦੀ ਮੌਤ ਅਤੇ ਉਸ ਦੇ ਜੀ ਉੱਠਣ ਤੋਂ ਬਾਅਦ, ਲਾਇਕ ਲੋਕਾਂ ਲਈ ਜੋਸ਼ ਨਾਲ ਕੀਤੀ ਗਈ ਖੋਜ ਜਾਰੀ ਰਹੀ। ਪੌਲੁਸ ਨੇ ਅਥੇਨੈ ਵਿਚ ਯਹੂਦੀਆਂ ਦੇ ਸਭਾ-ਘਰ ਅਤੇ ਬਜ਼ਾਰ ਵਿਚ ਲੋਕਾਂ ਨਾਲ ਤਰਕ ਕੀਤਾ। ਜਦੋਂ ਉਸ ਨੇ ਉਸ ਯੂਨਾਨ ਸ਼ਹਿਰ ਵਿਚ ਅਰਿਯੁਪਗੁਸ ਉੱਤੇ ਗਵਾਹੀ ਦਿੱਤੀ ਸੀ ਤਾਂ “ਕਈ ਪੁਰਖਾਂ ਨੇ ਉਹ ਦੇ ਨਾਲ ਰਲ ਕੇ ਪਰਤੀਤ ਕੀਤੀ। ਉਨ੍ਹਾਂ ਵਿੱਚ ਦਿਯਾਨੁਸਿਯੁਸ ਅਰਿਯੁਪਗੀ ਅਤੇ ਦਾਮਰਿਸ ਨਾਮੇ ਇੱਕ ਤੀਵੀਂ ਅਤੇ ਹੋਰ ਕਈ ਉਨ੍ਹਾਂ ਦੇ ਨਾਲ ਸਨ।” ਪੌਲੁਸ ਜਿੱਥੇ ਵੀ ਗਿਆ ਉਸ ਨੇ “ਖੁਲ੍ਹ ਕੇ ਅਤੇ ਘਰ ਘਰ” ਪ੍ਰਚਾਰ ਕਰਨ ਵਿਚ ਸਾਡੇ ਲਈ ਇਕ ਚੰਗੀ ਮਿਸਾਲ ਕਾਇਮ ਕੀਤੀ।​—ਰਸੂਲਾਂ ਦੇ ਕਰਤੱਬ 17:17, 34; 20:20.

11. ਕਈ ਸਾਲ ਪਹਿਲਾਂ ਪ੍ਰਚਾਰ ਦਾ ਕੰਮ ਕਿਸ ਤਰ੍ਹਾਂ ਕੀਤਾ ਜਾਂਦਾ ਸੀ?

11 ਉੱਨੀਵੀਂ ਸਦੀ ਦੇ ਆਖ਼ਰੀ ਕੁਝ ਦਹਾਕਿਆਂ ਦੌਰਾਨ, ਮਸਹ ਕੀਤੇ ਹੋਏ ਮਸੀਹੀਆਂ ਨੇ ਦਲੇਰੀ ਨਾਲ ਲਾਇਕ ਲੋਕਾਂ ਲਈ ਖੋਜ ਕੀਤੀ। ਜੁਲਾਈ/ਅਗਸਤ 1881 ਦੇ ਜ਼ਾਇੰਜ਼ ਵਾਚ ਟਾਵਰ ਦੇ ਇਕ ਲੇਖ ਦਾ ਵਿਸ਼ਾ ਸੀ “ਪ੍ਰਚਾਰ ਕਰਨ ਲਈ ਮਸਹ ਕੀਤੇ ਗਏ।” ਇਸ ਵਿਚ ਲਿਖਿਆ ਗਿਆ ਸੀ: ‘ਖ਼ੁਸ਼ ਖ਼ਬਰੀ ਦਾ ਪ੍ਰਚਾਰ “ਮਸਕੀਨ ਲੋਕਾਂ” ਨੂੰ ਕੀਤਾ ਜਾ ਰਿਹਾ ਹੈ—ਉਹ ਜਿਹੜੇ ਸੁਣਨਾ ਚਾਹੁੰਦੇ ਹਨ ਤਾਂਕਿ ਉਨ੍ਹਾਂ ਵਿੱਚੋਂ ਮਸੀਹ ਦੀ ਦੇਹ ਇਕੱਠੀ ਕੀਤੀ ਜਾਵੇ, ਯਾਨੀ ਉਹ ਜੋ ਮਸੀਹ ਦੇ ਨਾਲ ਰਾਜ ਕਰਨਗੇ।’ ਪਰਮੇਸ਼ੁਰ ਦੇ ਵਾਢੇ ਅਕਸਰ ਚਰਚ ਤੋਂ ਬਾਹਰ ਆ ਰਹੇ ਲੋਕਾਂ ਨੂੰ ਟ੍ਰੈਕਟ ਦਿੰਦੇ ਹੁੰਦੇ ਸਨ ਜਿਨ੍ਹਾਂ ਵਿਚ ਬਾਈਬਲ ਦੇ ਹਵਾਲੇ ਸਨ। ਇਨ੍ਹਾਂ ਟ੍ਰੈਕਟਾਂ ਦਾ ਸੰਦੇਸ਼ ਲਾਇਕ ਲੋਕਾਂ ਵਿਚ ਦਿਲਚਸਪੀ ਜਗਾਉਣ ਲਈ ਤਿਆਰ ਕੀਤਾ ਜਾਂਦਾ ਸੀ। ਗਵਾਹੀ ਦੇਣ ਦੇ ਇਸ ਢੰਗ ਬਾਰੇ ਕਾਫ਼ੀ ਸੋਚ-ਵਿਚਾਰ ਕਰਨ ਤੋਂ ਬਾਅਦ 15 ਮਈ 1903 ਦੇ ਵਾਚ ਟਾਵਰ ਨੇ ਵਾਢਿਆਂ ਨੂੰ ਸਲਾਹ ਦਿੱਤੀ ਕਿ ਉਹ ਇਹ ਟ੍ਰੈਕਟ “ਐਤਵਾਰ ਦੁਪਹਿਰ ਨੂੰ ਘਰ-ਘਰ” ਜਾ ਕੇ ਵੰਡਿਆ ਕਰਨ।

12. ਅਸੀਂ ਆਪਣੇ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਲੋਕਾਂ ਨਾਲ ਮੁਲਾਕਾਤ ਕਿਵੇਂ ਕਰ ਸਕੇ ਹਾਂ? ਉਦਾਹਰਣ ਦੇ ਕੇ ਸਮਝਾਓ।

12 ਹਾਲ ਹੀ ਦੇ ਸਾਲਾਂ ਵਿਚ ਅਸੀਂ ਸਿਰਫ਼ ਘਰ-ਘਰ ਹੀ ਨਹੀਂ ਪਰ ਹੋਰ ਥਾਵਾਂ ਵਿਚ ਵੀ ਲੋਕਾਂ ਨੂੰ ਪ੍ਰਚਾਰ ਕਰ ਕੇ ਆਪਣੀ ਸੇਵਕਾਈ ਵਧਾਈ ਹੈ। ਇਸ ਤਰ੍ਹਾਂ ਖ਼ਾਸ ਕਰਕੇ ਉਨ੍ਹਾਂ ਦੇਸ਼ਾਂ ਵਿਚ ਜ਼ਿਆਦਾ ਲੋਕਾਂ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਜਿੱਥੇ ਲੋਕ ਨੌਕਰੀਆਂ ਜਾਂ ਮਨੋਰੰਜਨ ਕਾਰਨ ਘਰੋਂ ਬਾਹਰ ਹੁੰਦੇ ਹਨ ਜਦੋਂ ਅਸੀਂ ਉਨ੍ਹਾਂ ਨੂੰ ਮਿਲਣ ਜਾਂਦੇ ਹਾਂ। ਇੰਗਲੈਂਡ ਵਿਚ ਜਦੋਂ ਦੋ ਭੈਣਾਂ ਨੇ ਬਹੁਤ ਸਾਰੇ ਲੋਕਾਂ ਨੂੰ ਸਮੁੰਦਰ ਦੇ ਕਿਨਾਰੇ ਇਕ ਦਿਨ ਦੀ ਛੁੱਟੀ ਕੱਟਣ ਤੋਂ ਬਾਅਦ ਬੱਸਾਂ ਵਿਚ ਜਾਂਦੇ ਦੇਖਿਆ, ਤਾਂ ਉਨ੍ਹਾਂ ਨੇ ਹਿੰਮਤ ਕੀਤੀ ਅਤੇ ਬੱਸਾਂ ਤੇ ਚੜ੍ਹ ਕੇ ਸਵਾਰੀਆਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਦਿੱਤੇ। ਉਨ੍ਹਾਂ ਨੇ ਇਕ ਮਹੀਨੇ ਵਿਚ 229 ਰਸਾਲੇ ਵੰਡੇ। ਉਨ੍ਹਾਂ ਨੇ ਦੱਸਿਆ: “ਅਸੀਂ ਸਮੁੰਦਰ ਦੇ ਕਿਨਾਰੇ ਤੇ, ਜਾਂ ਵਪਾਰ ਦੇ ਇਲਾਕਿਆਂ ਵਿਚ ਪ੍ਰਚਾਰ ਕਰਨ ਤੋਂ, ਜਾਂ ਹੋਰ ਕਿਸੇ ਵੀ ਚੁਣੌਤੀ ਤੋਂ ਨਹੀਂ ਡਰਦੀਆਂ ਕਿਉਂਕਿ ਅਸੀਂ ਜਾਣਦੀਆਂ ਹਾਂ ਕਿ ਯਹੋਵਾਹ ਸਾਡੇ ਨਾਲ ਹੈ।” ਉਨ੍ਹਾਂ ਨੇ ਇਕ ਵਿਅਕਤੀ ਨੂੰ ਲਗਾਤਾਰ ਰਸਾਲੇ ਦੇਣ ਦਾ ਇੰਤਜ਼ਾਮ ਕੀਤਾ, ਇਕ ਬਾਈਬਲ ਸਟੱਡੀ ਸ਼ੁਰੂ ਕੀਤੀ, ਅਤੇ ਦੋਹਾਂ ਨੇ ਇਕ ਮਹੀਨੇ ਦੀ ਪਾਇਨੀਅਰ ਸੇਵਾ ਵਿਚ ਹਿੱਸਾ ਲਿਆ।

13. ਕੁਝ ਇਲਾਕਿਆਂ ਵਿਚ ਸਾਡੇ ਪ੍ਰਚਾਰ ਦੇ ਕੰਮ ਵਿਚ ਕਿਹੜੀ ਤਬਦੀਲੀ ਕਰਨ ਦੀ ਲੋੜ ਪਈ ਹੈ?

13 ਲਾਇਕ ਲੋਕਾਂ ਦੀ ਖੋਜ ਵਿਚ ਸ਼ਾਇਦ ਸਾਨੂੰ ਆਪਣੇ ਪ੍ਰਚਾਰ ਦੇ ਕੰਮ ਵਿਚ ਕੁਝ ਤਬਦੀਲੀ ਕਰਨ ਦੀ ਲੋੜ ਹੋਵੇ। ਭਾਵੇਂ ਕਿ ਆਮ ਕਰ ਕੇ ਕਈ ਗਵਾਹ ਐਤਵਾਰ ਸਵੇਰ ਨੂੰ ਘਰ-ਘਰ ਪ੍ਰਚਾਰ ਕਰਦੇ ਹਨ, ਕੁਝ ਇਲਾਕਿਆਂ ਵਿਚ ਇਸ ਵੇਲੇ ਲੋਕਾਂ ਦੇ ਘਰਾਂ ਨੂੰ ਜਾਣਾ ਫ਼ਾਇਦੇਮੰਦ ਨਹੀਂ ਹੁੰਦਾ ਕਿਉਂਕਿ ਉਹ ਅਜੇ ਸੁੱਤੇ ਹੁੰਦੇ ਹਨ। ਇਸ ਲਈ ਕਈਆਂ ਗਵਾਹਾਂ ਨੇ ਸਵੇਰ ਦੀ ਬਜਾਇ ਹੋਰ ਕਿਸੇ ਸਮੇਂ ਜਾਣ ਦਾ ਜਤਨ ਕੀਤਾ ਹੈ, ਸ਼ਾਇਦ ਮਸੀਹੀ ਸਭਾਵਾਂ ਤੋਂ ਬਾਅਦ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਆਪਣੀ ਖੋਜ ਵਿਚ ਸਫ਼ਲਤਾ ਮਿਲੀ ਹੈ। ਪਿਛਲੇ ਸਾਲ ਦੁਨੀਆਂ ਭਰ ਵਿਚ ਰਾਜ ਦਾ ਪ੍ਰਚਾਰ ਕਰਨ ਵਾਲਿਆਂ ਦੀ ਗਿਣਤੀ ਵਿਚ 2.3 ਫੀ ਸਦੀ ਦਾ ਵਾਧਾ ਹੋਇਆ ਸੀ। ਇਸ ਤਰ੍ਹਾਂ ਵਾਢੀ ਦੇ ਮਾਲਕ ਦੀ ਵਡਿਆਈ ਹੋਈ ਹੈ ਅਤੇ ਸਾਡੇ ਜੀਅ ਖ਼ੁਸ਼ ਹੋਏ ਹਨ।

ਵਾਢੀ ਦੇ ਕੰਮ ਵਿਚ ਸ਼ਾਂਤੀ ਬਣਾਈ ਰੱਖੋ

14. ਅਸੀਂ ਆਪਣਾ ਸੰਦੇਸ਼ ਕਿਸ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਕਿਉਂ?

14 ਖ਼ੁਸ਼ੀ ਦਾ ਇਕ ਹੋਰ ਕਾਰਨ ਇਹ ਹੈ ਕਿ ਅਸੀਂ ਵਾਢੀ ਦੇ ਕੰਮ ਵਿਚ ਸ਼ਾਂਤੀ ਬਣਾਈ ਰੱਖਣ ਦਾ ਰਵੱਈਆ ਰੱਖਦੇ ਹਾਂ। ਯਿਸੂ ਨੇ ਕਿਹਾ: “ਘਰ ਵਿੱਚ ਵੜਦਿਆਂ ਉਹ ਦੀ ਸੁਖ ਮੰਗੋ। ਅਤੇ ਜੇ ਘਰ ਲਾਇਕ ਹੋਵੇ ਤਾਂ ਤੁਹਾਡੀ ਸ਼ਾਂਤੀ ਉਹ ਨੂੰ ਪਹੁੰਚੇ।” (ਮੱਤੀ 10:12, 13) ਬਾਈਬਲ ਦੀਆਂ ਇਬਰਾਨੀ ਅਤੇ ਯੂਨਾਨੀ ਭਾਸ਼ਾਵਾਂ ਵਿਚ ਇਸ ਦਾ ਮਤਲਬ ਹੈ ‘ਤੁਹਾਡਾ ਭਲਾ ਹੋਵੇ।’ ਜਦੋਂ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ ਤਾਂ ਸ਼ਾਂਤੀ ਬਣਾਈ ਰੱਖਣ ਦਾ ਇਹ ਰਵੱਈਆ ਲੋਕਾਂ ਨੂੰ ਮਿਲਣ ਦੇ ਸਾਡੇ ਢੰਗ ਉੱਤੇ ਅਸਰ ਪਾਉਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਰਾਜ ਦਾ ਸੰਦੇਸ਼ ਸੁਣ ਕੇ ਉਸ ਨੂੰ ਸਵੀਕਾਰ ਕਰਨਗੇ। ਜਿਹੜੇ ਲੋਕ ਇਸ ਨੂੰ ਸਵੀਕਾਰ ਕਰਦੇ ਹਨ, ਉਨ੍ਹਾਂ ਨੂੰ ਆਪਣਿਆਂ ਪਾਪਾਂ ਤੋਂ ਤੋਬਾ ਕਰ ਕੇ, ਤਬਦੀਲੀ ਕਰ ਕੇ, ਅਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਉਸ ਨਾਲ ਮੇਲ ਮਿਲਾਪ ਕਰਨ ਦਾ ਮੌਕਾ ਮਿਲਦਾ ਹੈ। ਨਤੀਜੇ ਵਜੋਂ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਦੁਆਰਾ ਉਨ੍ਹਾਂ ਨੂੰ ਸਦੀਪਕ ਜੀਵਨ ਮਿਲ ਸਕਦਾ ਹੈ।​—ਯੂਹੰਨਾ 17:3; ਰਸੂਲਾਂ ਦੇ ਕਰਤੱਬ 3:19; 13:38, 48; 2 ਕੁਰਿੰਥੀਆਂ 5:18-20.

15. ਅਸੀਂ ਇਕ ਸ਼ਾਂਤ ਰਵੱਈਆ ਕਿਵੇਂ ਬਣਾਈ ਰੱਖ ਸਕਦੇ ਹਾਂ ਜਦੋਂ ਸਾਡੇ ਪ੍ਰਚਾਰ ਦੇ ਕੰਮ ਵਿਚ ਕੋਈ ਸਾਡੀ ਗੱਲ ਨਹੀਂ ਸੁਣਦਾ?

15 ਅਸੀਂ ਉਦੋਂ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਾਂ ਜਦੋਂ ਲੋਕ ਸੁਣਨਾ ਨਹੀਂ ਚਾਹੁੰਦੇ? ਯਿਸੂ ਨੇ ਕਿਹਾ: “ਜੇ [ਘਰ] ਲਾਇਕ ਨਾ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਨੂੰ ਮੁੜ ਆਵੇ।” (ਮੱਤੀ 10:13) ਲੂਕਾ ਦੀ ਪੁਸਤਕ ਵਿਚ ਉਹ ਬਿਰਤਾਂਤ ਹੈ ਜਿਸ ਵਿਚ ਯਿਸੂ ਨੇ 70 ਚੇਲਿਆਂ ਨੂੰ ਪ੍ਰਚਾਰ ਕਰਨ ਲਈ ਘੱਲਿਆ ਸੀ। ਉਸ ਬਿਰਤਾਂਤ ਵਿਚ ਯਿਸੂ ਨੇ ਕਿਹਾ ਸੀ: “ਜੇ ਸ਼ਾਂਤੀ ਦਾ ਪੁੱਤ੍ਰ ਉੱਥੇ ਹੋਵੇ ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਠਹਿਰੇਗੀ, ਨਹੀਂ ਤਾਂ ਉਹ ਮੁੜ ਤੁਹਾਡੇ ਕੋਲ ਆ ਜਾਵੇਗੀ।” (ਲੂਕਾ 10:6) ਜਦੋਂ ਅਸੀਂ ਖ਼ੁਸ਼ ਖ਼ਬਰੀ ਲੈ ਕੇ ਲੋਕਾਂ ਕੋਲ ਜਾਂਦੇ ਹਾਂ, ਤਾਂ ਸਾਨੂੰ ਚੰਗੇ ਮਿਜ਼ਾਜ ਅਤੇ ਸ਼ਾਂਤਮਈ ਰਵੱਈਏ ਨਾਲ ਜਾਣਾ ਚਾਹੀਦਾ ਹੈ। ਜੇ ਘਰ ਵਾਲਾ ਸਾਡੀ ਗੱਲ ਨਾ ਸੁਣੇ, ਸ਼ਿਕਾਇਤ ਕਰੇ, ਜਾਂ ਬੁਰਾ-ਭਲਾ ਕਹੇ ਤਾਂ ਸਾਡਾ ਸ਼ਾਂਤ ਸੰਦੇਸ਼ ‘ਸਾਡੇ ਕੋਲ ਮੁੜ ਆਵੇਗਾ।’ ਪਰ ਸਾਡੀ ਸ਼ਾਂਤੀ ਕੋਈ ਵੀ ਨਹੀਂ ਲੁੱਟ ਸਕਦਾ। ਇਹ ਯਹੋਵਾਹ ਦੀ ਪਵਿੱਤਰ ਆਤਮਾ ਦਾ ਇਕ ਫਲ ਹੈ।​—ਗਲਾਤੀਆਂ 5:22, 23.

ਵਾਢਿਆਂ ਲਈ ਇਕ ਚੰਗਾ ਟੀਚਾ

16, 17. (ੳ) ਦੁਬਾਰਾ ਮੁਲਾਕਾਤ ਕਰਨ ਦਾ ਟੀਚਾ ਕੀ ਹੈ? (ਅ) ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਜੋ ਬਾਈਬਲ ਬਾਰੇ ਸਵਾਲ ਪੁੱਛਦੇ ਹਨ?

16 ਵਾਢਿਆਂ ਵਜੋਂ ਅਸੀਂ ਖ਼ੁਸ਼ ਹਾਂ ਕਿ ਸਦੀਪਕ ਜੀਵਨ ਲਈ ਲੋਕਾਂ ਨੂੰ ਇਕੱਠੇ ਕਰਨ ਦੇ ਕੰਮ ਵਿਚ ਅਸੀਂ ਹਿੱਸਾ ਲੈ ਰਹੇ ਹਾਂ। ਅਤੇ ਜਦੋਂ ਅਸੀਂ ਕਿਸੇ ਨੂੰ ਪ੍ਰਚਾਰ ਕਰਦੇ ਹਾਂ ਅਤੇ ਉਹ ਹੋਰ ਜਾਣਨਾ ਚਾਹੁੰਦਾ ਹੈ ਅਤੇ “ਸ਼ਾਂਤੀ ਦਾ ਪੁੱਤ੍ਰ” ਸਾਬਤ ਹੁੰਦਾ ਹੈ ਤਾਂ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ! ਸ਼ਾਇਦ ਉਸ ਕੋਲ ਬਾਈਬਲ ਬਾਰੇ ਕਈ ਸਵਾਲ ਹੋਣ ਅਤੇ ਅਸੀਂ ਇੱਕੋ ਮੁਲਾਕਾਤ ਵਿਚ ਉਨ੍ਹਾਂ ਸਵਾਲਾਂ ਦੇ ਸਾਰੇ ਜਵਾਬ ਨਾ ਦੇ ਸਕੀਏ। ਪਹਿਲੀ ਮੁਲਾਕਾਤ ਤੇ ਜ਼ਿਆਦਾ ਚਿਰ ਰਹਿਣਾ ਸ਼ਾਇਦ ਚੰਗਾ ਨਾ ਹੋਵੇ। ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ? ਅਸੀਂ ਉਹ ਟੀਚਾ ਬਣਾ ਸਕਦੇ ਹਾਂ ਜਿਸ ਬਾਰੇ ਕੁਝ 60 ਸਾਲ ਪਹਿਲਾਂ ਸਲਾਹ ਦਿੱਤੀ ਗਈ ਸੀ।

17 “ਯਹੋਵਾਹ ਦੇ ਸਾਰਿਆਂ ਗਵਾਹਾਂ ਨੂੰ ਬਾਈਬਲ ਦੀ ਸਟੱਡੀ ਕਰਾਉਣ ਲਈ ਤਿਆਰ ਹੋਣਾ ਚਾਹੀਦਾ ਹੈ।” ਇਹ ਗੱਲ ਮਾਡਲ ਸਟੱਡੀ ਨਾਂ ਦੀ ਤੀਜੀ ਪੁਸਤਿਕਾ ਵਿਚ ਲਿਖੀ ਗਈ ਸੀ। ਇਹ ਪੁਸਤਿਕਾਵਾਂ 1937 ਤੋਂ 1941 ਵਿਚਾਲੇ ਛਾਪੀਆਂ ਗਈਆਂ ਸਨ। ਇਸ ਨੇ ਅੱਗੇ ਕਿਹਾ: ‘ਰਾਜ ਦੇ ਸਾਰਿਆਂ ਪ੍ਰਚਾਰਕਾਂ ਨੂੰ ਰਾਜ ਦੇ ਸੰਦੇਸ਼ ਵਿਚ ਦਿਲਚਸਪੀ ਲੈਣ ਵਾਲੇ ਨੇਕਦਿਲ ਲੋਕਾਂ ਦੀ ਪੂਰੀ ਮਦਦ ਕਰਨੀ ਚਾਹੀਦੀ ਹੈ। ਇਨ੍ਹਾਂ ਲੋਕਾਂ ਨੂੰ ਦੁਬਾਰਾ ਮਿਲਣ ਜਾਓ, ਇਨ੍ਹਾਂ ਦੇ ਸਵਾਲਾਂ ਦੇ ਜਵਾਬ ਦਿਓ, ਅਤੇ ਜਿੰਨੀ ਜਲਦੀ ਹੋ ਸਕੇ ਇਨ੍ਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰੋ।’ ਜੀ ਹਾਂ, ਅਸੀਂ ਦੁਬਾਰਾ ਮੁਲਾਕਾਤ ਇਸ ਲਈ ਕਰਦੇ ਹਾਂ ਕਿਉਂਕਿ ਅਸੀਂ ਲੋਕਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨੀ ਚਾਹੁੰਦੇ ਹਾਂ। * ਜੇਕਰ ਅਸੀਂ ਦਿਲਚਸਪੀ ਲੈਣ ਵਾਲਿਆਂ ਦੇ ਦੋਸਤ ਬਣਾਂਗੇ ਅਤੇ ਉਨ੍ਹਾਂ ਨਾਲ ਪਿਆਰ ਕਰਾਂਗੇ ਤਾਂ ਇਹ ਸਾਨੂੰ ਚੰਗੀ ਤਰ੍ਹਾਂ ਉਨ੍ਹਾਂ ਨਾਲ ਸਟੱਡੀ ਕਰਨ ਲਈ ਪ੍ਰੇਰੇਗਾ।

18. ਅਸੀਂ ਨਵੇਂ ਲੋਕਾਂ ਦੀ ਯਿਸੂ ਮਸੀਹ ਦੇ ਚੇਲੇ ਬਣਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ?

18ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਅਤੇ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਬ੍ਰੋਸ਼ਰ ਵਰਗੇ ਪ੍ਰਕਾਸ਼ਨਾਂ ਦੀ ਮਦਦ ਨਾਲ ਅਸੀਂ ਚੰਗੀ ਤਰ੍ਹਾਂ ਬਾਈਬਲ ਸਟੱਡੀ ਕਰਾ ਸਕਦੇ ਹਾਂ ਅਤੇ ਇਸ ਤਰ੍ਹਾਂ ਦਿਲਚਸਪੀ ਲੈਣ ਵਾਲਿਆਂ ਲੋਕਾਂ ਨੂੰ ਯਿਸੂ ਦੇ ਚੇਲੇ ਬਣਨ ਵਿਚ ਮਦਦ ਦੇ ਸਕਦੇ ਹਾਂ। ਜਿਉਂ-ਜਿਉਂ ਅਸੀਂ ਮਹਾਗੁਰੂ, ਯਿਸੂ ਮਸੀਹ ਦੀ ਰੀਸ ਕਰਨ ਦਾ ਜਤਨ ਕਰਦੇ ਹਾਂ, ਹੋ ਸਕਦਾ ਹੈ ਕਿ ਬਾਈਬਲ ਦੇ ਅਜਿਹੇ ਵਿਦਿਆਰਥੀ ਸਾਡੀ ਸ਼ਾਂਤੀ, ਖ਼ੁਸ਼ੀ, ਈਮਾਨਦਾਰੀ, ਅਤੇ ਯਹੋਵਾਹ ਦੇ ਮਿਆਰਾਂ ਅਤੇ ਅਸੂਲਾਂ ਲਈ ਸਾਡੇ ਆਦਰ ਤੋਂ ਵੀ ਕੁਝ ਸਿੱਖ ਸਕਣ। ਨਵੇਂ ਲੋਕਾਂ ਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਨਾਲ-ਨਾਲ ਆਓ ਆਪਾਂ ਉਨ੍ਹਾਂ ਨੂੰ ਇਹ ਵੀ ਸਿਖਾਈਏ ਕਿ ਉਹ ਉਨ੍ਹਾਂ ਤੋਂ ਸਵਾਲ ਕਰਨ ਵਾਲਿਆਂ ਨੂੰ ਕਿਵੇਂ ਜਵਾਬ ਦੇ ਸਕਦੇ ਹਨ। (2 ਤਿਮੋਥਿਉਸ 2:1, 2; 1 ਪਤਰਸ 2:21) ਵਾਢੀ ਵਿਚ ਕੰਮ ਕਰਨ ਵਾਲਿਆਂ ਵਜੋਂ ਅਸੀਂ ਖ਼ੁਸ਼ ਹੋ ਸਕਦੇ ਹਾਂ ਕਿ ਪਿਛਲੇ ਸੇਵਾ ਸਾਲ ਦੌਰਾਨ 47,66,631 ਬਾਈਬਲ ਸਟੱਡੀਆਂ ਕਰਾਈਆਂ ਗਈਆਂ ਸਨ। ਅਸੀਂ ਖ਼ਾਸ ਕਰਕੇ ਉਦੋਂ ਖ਼ੁਸ਼ ਹੁੰਦੇ ਹਾਂ ਜਦੋਂ ਅਸੀਂ ਖ਼ੁਦ ਕਿਸੇ ਨਾਲ ਸਟੱਡੀ ਕਰਦੇ ਹਾਂ।

ਵਾਢੀ ਕਰਦੇ ਹੋਏ ਖ਼ੁਸ਼ ਰਹੋ

19. ਯਿਸੂ ਦੀ ਸੇਵਕਾਈ ਦੇ ਸਮੇਂ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਖ਼ੁਸ਼ ਹੋਣ ਦੇ ਕਿਹੜੇ ਕਾਰਨ ਸਨ?

19 ਯਿਸੂ ਦੀ ਸੇਵਕਾਈ ਦੇ ਸਮੇਂ ਦੌਰਾਨ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਵਾਢੀ ਵਿਚ ਖ਼ੁਸ਼ ਹੋਣ ਦੇ ਕਈ ਕਾਰਨ ਸਨ। ਉਸ ਸਮੇਂ ਕਈਆਂ ਲੋਕਾਂ ਨੇ ਖ਼ੁਸ਼ ਖ਼ਬਰੀ ਦਾ ਸੰਦੇਸ਼ ਸਵੀਕਾਰ ਕੀਤਾ ਸੀ। ਪੰਤੇਕੁਸਤ 33 ਸਾ.ਯੁ. ਦਾ ਦਿਨ ਖ਼ਾਸ ਕਰਕੇ ਖ਼ੁਸ਼ੀ ਭਰਿਆ ਸੀ ਕਿਉਂਕਿ 3,000 ਲੋਕਾਂ ਨੇ ਪਤਰਸ ਦੀ ਗੱਲ ਮੰਨੀ, ਉਨ੍ਹਾਂ ਨੂੰ ਯਹੋਵਾਹ ਦੀ ਪਵਿੱਤਰ ਆਤਮਾ ਮਿਲੀ, ਅਤੇ ਉਹ ਪਰਮੇਸ਼ੁਰ ਦੇ ਰੂਹਾਨੀ ਇਸਰਾਏਲ ਦਾ ਹਿੱਸਾ ਬਣ ਸਕੇ। ਉਨ੍ਹਾਂ ਦੀ ਗਿਣਤੀ ਵਧਦੀ ਗਈ ਅਤੇ ਇਸ ਦੇ ਨਾਲ-ਨਾਲ ਉਨ੍ਹਾਂ ਦੀ ਖ਼ੁਸ਼ੀ ਵੀ ਵਧਦੀ ਗਈ ਕਿਉਂਕਿ “ਪ੍ਰਭੁ ਦਿਨੋ ਦਿਨ ਓਹਨਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਨ੍ਹਾਂ ਵਿੱਚ ਰਲਾਉਂਦਾ ਸੀ।”​—ਰਸੂਲਾਂ ਦੇ ਕਰਤੱਬ 2:37-41, 46, 47; ਗਲਾਤੀਆਂ 6:16; 1 ਪਤਰਸ 2:9.

20. ਵਾਢੀ ਦੇ ਕੰਮ ਵਿਚ ਸਾਨੂੰ ਕਿਸ ਗੱਲ ਤੋਂ ਬਹੁਤ ਖ਼ੁਸ਼ੀ ਮਿਲਦੀ ਹੈ?

20 ਉਸ ਸਮੇਂ ਯਸਾਯਾਹ ਦੀ ਇਹ ਭਵਿੱਖਬਾਣੀ ਪੂਰੀ ਹੋ ਰਹੀ ਸੀ: “ਤੈਂ [ਯਹੋਵਾਹ] ਕੌਮ ਨੂੰ ਵਧੇਰੇ ਕੀਤਾ, ਤੈਂ ਉਹ ਦੀ ਖੁਸ਼ੀ ਨੂੰ ਵਧਾਇਆ, ਓਹ ਤੇਰੇ ਸਨਮੁਖ ਖੁਸ਼ੀ ਕਰਦੇ ਹਨ, ਜਿਵੇਂ ਵਾਢੀ ਤੇ ਖੁਸ਼ੀ ਕਰੀਦੀ ਹੈ, ਅਤੇ ਜਿਵੇਂ ਲੁੱਟ ਦਾ ਮਾਲ ਵੰਡਣ ਉੱਤੇ ਓਹ ਬਾਗ ਬਾਗ ਹੁੰਦੇ ਹਨ।” (ਯਸਾਯਾਹ 9:3) ਭਾਵੇਂ ਅਸੀਂ ਹੁਣ ਦੇਖਦੇ ਹਾਂ ਕਿ ਮਸਹ ਕੀਤੇ ਹੋਇਆਂ ਦੀ ‘ਵਧੀ ਹੋਈ ਕੌਮ’ ਇਕੱਠੀ ਹੋ ਚੁੱਕੀ ਹੈ, ਅਸੀਂ ਹੋਰਨਾਂ ਵਾਢਿਆਂ ਦੀ ਹਰ ਸਾਲ ਵਧਦੀ ਗਿਣਤੀ ਦੇਖ ਕੇ ਬਹੁਤ ਖ਼ੁਸ਼ ਹੁੰਦੇ ਹਾਂ।​—ਜ਼ਬੂਰ 4:7; ਜ਼ਕਰਯਾਹ 8:23; ਯੂਹੰਨਾ 10:16.

21. ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?

21 ਅਸੀਂ ਦੇਖ ਚੁੱਕੇ ਹਾਂ ਕਿ ਸਾਡੇ ਕੋਲ ਵਾਢੀ ਵਿਚ ਖ਼ੁਸ਼ ਹੋਣ ਦੇ ਕਈ ਕਾਰਨ ਹਨ। ਸਾਡਾ ਉਮੀਦ-ਭਰਿਆ ਸੰਦੇਸ਼, ਲਾਇਕ ਲੋਕਾਂ ਦੀ ਖੋਜ, ਅਤੇ ਸ਼ਾਂਤੀ ਬਣਾਈ ਰੱਖਣ ਵਾਲਾ ਰਵੱਈਆ ਸਾਨੂੰ ਵਾਢਿਆਂ ਵਜੋਂ ਖ਼ੁਸ਼ ਕਰਦਾ ਹੈ। ਫਿਰ ਵੀ ਕਈ ਲੋਕ ਇਨ੍ਹਾਂ ਚੀਜ਼ਾਂ ਕਰਕੇ ਸਾਡੇ ਨਾਲ ਨਫ਼ਰਤ ਕਰਦੇ ਹਨ। ਯੂਹੰਨਾ ਰਸੂਲ ਨਾਲ ਵੀ ਇਸ ਤਰ੍ਹਾਂ ਹੋਇਆ ਸੀ। ਉਹ “ਪਰਮੇਸ਼ੁਰ ਦੇ ਬਚਨ ਅਤੇ ਯਿਸੂ ਦੀ ਸਾਖੀ ਦੇ ਕਾਰਨ” ਪਾਤਮੁਸ ਦੇ ਟਾਪੂ ਤੇ ਕੈਦ ਕੀਤਾ ਗਿਆ ਸੀ। (ਪਰਕਾਸ਼ ਦੀ ਪੋਥੀ 1:9) ਤਾਂ ਫਿਰ ਅਸੀਂ ਸਤਾਏ ਜਾਣ ਅਤੇ ਵਿਰੋਧਤਾ ਦੇ ਬਾਵਜੂਦ ਖ਼ੁਸ਼ ਕਿਵੇਂ ਰਹਿ ਸਕਦੇ ਹਾਂ? ਪ੍ਰਚਾਰ ਵਿਚ ਲੋਕਾਂ ਦਾ ਕਠੋਰ ਰਵੱਈਆ ਸਹਿਣ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰੇਗੀ? ਸਾਡਾ ਅਗਲਾ ਲੇਖ ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ।

[ਫੁਟਨੋਟ]

^ ਪੈਰਾ 17 ਪਹਿਲਾਂ-ਪਹਿਲਾਂ, ਦਿਲਚਸਪੀ ਲੈਣ ਵਾਲੇ ਸਮੂਹਾਂ ਨਾਲ ਇਕੱਠਿਆਂ ਸਟੱਡੀਆਂ ਕੀਤੀਆਂ ਜਾਂਦੀਆਂ ਸਨ। ਲੇਕਿਨ ਸਮੇਂ ਦੇ ਬੀਤਣ ਨਾਲ ਇਕੱਲਿਆਂ-ਇਕੱਲਿਆਂ ਲੋਕਾਂ ਨਾਲ ਅਤੇ ਪਰਿਵਾਰਾਂ ਨਾਲ ਸਟੱਡੀਆਂ ਕੀਤੀਆਂ ਜਾਣ ਲੱਗ ਪਈਆਂ।—ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ) ਨਾਂ ਦੀ ਪੁਸਤਕ ਦਾ 574ਵਾਂ ਸਫ਼ਾ ਦੇਖੋ।

ਤੁਸੀਂ ਕੀ ਜਵਾਬ ਦਿਓਗੇ?

• ਵਾਢੀ ਦਾ ਕੰਮ ਕੀ ਹੈ?

• ਅਸੀਂ ਕਿਹੋ ਜਿਹਾ ਸੰਦੇਸ਼ ਸੁਣਾਉਂਦੇ ਹਾਂ?

• ਚੇਲਿਆਂ ਲਈ ਸਾਡੀ ਖੋਜ ਸਫ਼ਲ ਕਿਉਂ ਹੁੰਦੀ ਹੈ?

• ਅਸੀਂ ਵਾਢੀ ਵਿਚ ਸ਼ਾਂਤੀ ਕਿਵੇਂ ਬਣਾਈ ਰੱਖਦੇ ਹਾਂ?

• ਅਸੀਂ ਵਾਢੀ ਦੇ ਕੰਮ ਵਿਚ ਖ਼ੁਸ਼ ਕਿਉਂ ਰਹਿੰਦੇ ਹਾਂ?

[ਸਵਾਲ]

[ਸਫ਼ੇ 12, 13 ਉੱਤੇ ਤਸਵੀਰਾਂ]

ਪਹਿਲੀ ਅਤੇ ਵੀਹਵੀਂ ਸਦੀ ਵਿਚ ਪ੍ਰਚਾਰ

[ਸਫ਼ੇ 13 ਉੱਤੇ ਤਸਵੀਰਾਂ]

ਪੌਲੁਸ ਵਾਂਗ ਅੱਜ ਦੇ ਵਾਢੇ ਹਰ ਥਾਂ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਨ

[ਸਫ਼ੇ 13 ਉੱਤੇ ਤਸਵੀਰ]

ਖ਼ੁਸ਼ ਖ਼ਬਰੀ ਦਾ ਪ੍ਰਚਾਰ ਚੰਗੇ ਮਿਜ਼ਾਜ ਨਾਲ ਕਰੋ