‘ਧਰਮੀ ਨੂੰ ਅਸੀਸਾਂ ਮਿਲਦੀਆਂ ਹਨ’
‘ਧਰਮੀ ਨੂੰ ਅਸੀਸਾਂ ਮਿਲਦੀਆਂ ਹਨ’
“ਮੈਂ ਜੁਆਨ ਸਾਂ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਸ ਦੀ ਅੰਸ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ,” ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਆਪਣੇ ਬੁਢਾਪੇ ਵਿਚ ਕਿਹਾ। (ਜ਼ਬੂਰ 37:25) ਯਹੋਵਾਹ ਧਰਮੀ ਇਨਸਾਨਾਂ ਨਾਲ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਬੜੀ ਚੰਗੀ ਤਰ੍ਹਾਂ ਦੇਖ-ਭਾਲ ਕਰਦਾ ਹੈ। ਉਹ ਬਾਈਬਲ ਵਿੱਚੋਂ ਆਪਣੇ ਬਚਨਾਂ ਦੁਆਰਾ ਸੱਚੇ ਭਗਤਾਂ ਨੂੰ ਹੌਸਲਾ ਦਿੰਦਾ ਹੈ ਕਿ ਉਹ ਧਰਮ ਭਾਲਣ।—ਸਫ਼ਨਯਾਹ 2:3.
ਉਸ ਇਨਸਾਨ ਨੂੰ ਧਰਮੀ ਕਿਹਾ ਜਾ ਸਕਦਾ ਹੈ ਜੋ ਭਲੇ-ਬੁਰੇ ਬਾਰੇ ਪਰਮੇਸ਼ੁਰ ਦੇ ਵਿਚਾਰ ਅਪਣਾਉਂਦਾ ਹੈ। ਬਾਈਬਲ ਵਿਚ ਕਹਾਉਤਾਂ ਨਾਂ ਦੀ ਪੋਥੀ ਸਾਨੂੰ ਪਰਮੇਸ਼ੁਰ ਦੀ ਇੱਛਾ ਮੁਤਾਬਕ ਚੱਲਣ ਲਈ ਹੌਸਲਾ ਦਿੰਦੀ ਹੈ। ਇਸ ਪੋਥੀ ਦਾ 10ਵਾਂ ਅਧਿਆਇ ਉਨ੍ਹਾਂ ਅਸੀਸਾਂ ਬਾਰੇ ਦੱਸਦਾ ਹੈ ਜੋ ਇਸ ਤਰ੍ਹਾਂ ਚੱਲਣ ਵਾਲੇ ਇਨਸਾਨ ਨੂੰ ਮਿਲਦੀਆਂ ਹਨ। ਇਹ ਹਨ ਕੁਝ ਅਸੀਸਾਂ ਜੋ ਸਾਨੂੰ ਮਿਲ ਸਕਦੀਆਂ ਹਨ—ਤਾਕਤ ਦੇਣ ਵਾਲਾ ਚੋਖਾ ਰੂਹਾਨੀ ਭੋਜਨ, ਮਨ-ਪਸੰਦ ਕੰਮ-ਕਾਰ, ਅਤੇ ਦੂਸਰੇ ਇਨਸਾਨਾਂ ਅਤੇ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ। ਤਾਂ ਫਿਰ ਆਓ ਆਪਾਂ ਕਹਾਉਤਾਂ 10:1-14 ਵੱਲ ਧਿਆਨ ਦੇਈਏ।
ਇਸ ਤਰ੍ਹਾਂ ਕਰਨ ਦਾ ਵਧੀਆ ਕਾਰਨ
ਇਸ ਅਧਿਆਇ ਦੇ ਪਹਿਲੇ ਸ਼ਬਦ ਸਾਨੂੰ ਦੱਸਦੇ ਹਨ ਕਿ ਇਸ ਪੋਥੀ ਦੇ ਅਗਲੇ ਹਿੱਸੇ ਦਾ ਲਿਖਾਰੀ ਕੌਣ ਹੈ। ਉੱਥੇ ਲਿਖਿਆ ਹੈ: “ਸੁਲੇਮਾਨ ਦੀਆਂ ਕਹਾਉਂਤਾ।” ਪ੍ਰਾਚੀਨ ਇਸਰਾਏਲ ਦੇ ਇਸ ਰਾਜੇ ਨੇ ਸਹੀ ਰਾਹ ਉੱਤੇ ਚੱਲਣ ਲਈ ਵਧੀਆ ਕਾਰਨ ਦੱਸਿਆ ਜਦੋਂ ਉਸ ਨੇ ਕਿਹਾ ਕਿ “ਬੁੱਧਵਾਨ ਪੁੱਤ੍ਰ ਆਪਣੇ ਪਿਉ ਨੂੰ ਅਨੰਦ ਕਰਦਾ ਹੈ, ਪਰ ਮੂਰਖ ਪੁੱਤ੍ਰ ਆਪਣੀ ਮਾਂ ਦੇ ਲਈ ਦੁਖ ਹੈ।”—ਕਹਾਉਤਾਂ 10:1.
ਮਾਪੇ ਕਿੰਨੇ ਦੁਖੀ ਹੁੰਦੇ ਹਨ ਜਦੋਂ ਉਨ੍ਹਾਂ ਦਾ ਕੋਈ ਨਿਆਣਾ ਸੱਚੇ ਪਰਮੇਸ਼ੁਰ ਦੀ ਭਗਤੀ ਕਰਨੀ ਛੱਡ ਦਿੰਦਾ ਹੈ! ਬੁੱਧਵਾਨ ਰਾਜੇ ਨੇ ਸ਼ਾਇਦ ਮਾਂ ਦੇ ਦੁੱਖ ਦਾ ਜ਼ਿਕਰ ਇਸ ਕਰਕੇ ਕੀਤਾ ਸੀ ਕਿਉਂਕਿ ਮਾਂ ਦੇ ਦਿਲ ਨੂੰ ਜ਼ਿਆਦਾ ਦੁੱਖ ਲੱਗਦਾ ਹੈ। ਡੌਰਿਸ ਨਾਂ ਦੀ ਔਰਤ ਨਾਲ ਇਵੇਂ ਹੀ ਹੋਇਆ। * ਉਹ ਦੱਸਦੀ ਹੈ ਕਿ “ਮੈਨੂੰ ਅਤੇ ਮੇਰੇ ਪਤੀ ਫ਼ਰੈਂਕ ਦੇ ਦਿਲ ਨੂੰ ਬਹੁਤ ਸੱਟ ਵੱਜੀ ਜਦੋਂ ਸਾਡੇ 21 ਸਾਲ ਦੇ ਲੜਕੇ ਨੇ ਸੱਚਾਈ ਦਾ ਰਾਹ ਛੱਡ ਦਿੱਤਾ। ਫ਼ਰੈਂਕ ਨਾਲੋਂ ਮੇਰੇ ਦਿਲ ਨੂੰ ਜ਼ਿਆਦਾ ਚੋਟ ਲੱਗੀ ਕਿਉਂਕਿ ਬਾਰਾਂ ਸਾਲ ਬੀਤਣ ਨਾਲ ਵੀ ਇਹ ਜ਼ਖ਼ਮ ਨਹੀਂ ਭਰਿਆ।
ਬੱਚੇ ਆਪਣੇ ਮਾਤਾ-ਪਿਤਾ ਦੀ ਮਨ ਦੀ ਸ਼ਾਂਤੀ ਖੋਹ ਸਕਦੇ ਹਨ। ਸਾਨੂੰ ਬੁੱਧਵਾਨ ਬਣ ਕੇ ਆਪਣੇ ਮਾਪਿਆਂ ਦੇ ਦਿਲ ਨੂੰ ਖ਼ੁਸ਼ ਕਰਨਾ ਚਾਹੀਦਾ ਹੈ। ਇਸ ਤੋਂ ਵੀ ਵੱਡੀ ਗੱਲ, ਸਾਨੂੰ ਆਪਣੇ ਸਵਰਗੀ ਪਿਤਾ ਯਹੋਵਾਹ ਦੇ ਜੀ ਨੂੰ ਆਨੰਦ ਕਰਨਾ ਚਾਹੀਦਾ ਹੈ।
‘ਧਰਮੀ ਦੀ ਜਾਨ ਰੁੱਝੀ-ਪੁੱਜੀ ਹੋਵੇਗੀ’
ਰਾਜੇ ਨੇ ਅੱਗੇ ਕਿਹਾ ਕਿ “ਬਦੀ ਦੇ ਖ਼ਜ਼ਾਨਿਆਂ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਛੁਡਾ ਲੈਂਦਾ ਹੈ।” (ਕਹਾਉਤਾਂ 10:2) ਓੜਕ ਜਾਂ ਅੰਤ ਦੇ ਸਮੇਂ ਵਿਚ ਰਹਿਣ ਵਾਲੇ ਸੱਚੇ ਮਸੀਹੀਆਂ ਲਈ ਇਹ ਸ਼ਬਦ ਸੱਚ-ਮੁੱਚ ਹੀ ਹੌਸਲਾ ਵਧਾਉਂਦੇ ਹਨ। (ਦਾਨੀਏਲ 12:4) ਇਸ ਅਧਰਮੀ ਸੰਸਾਰ ਦਾ ਵਿਨਾਸ਼ ਨੇੜੇ ਹੈ। ਇਨਸਾਨ ਆਪਣੀ ਸੁਰੱਖਿਆ ਲਈ ਚੀਜ਼ਾਂ, ਪੈਸਾ, ਜਾਂ ਮਿਲਟਰੀ ਵਰਗੇ ਸਾਧਨਾਂ ਵਿਚ ਭਰੋਸਾ ਰੱਖਦੇ ਹਨ, ਪਰ ਇਹ ਸਾਧਨ ਉਨ੍ਹਾਂ ਨੂੰ ਆਉਣ ਵਾਲੀ “ਵੱਡੀ ਬਿਪਤਾ” ਤੋਂ ਨਹੀਂ ਬਚਾਉਣਗੇ। (ਪਰਕਾਸ਼ ਦੀ ਪੋਥੀ 7:9, 10, 13, 14) ਸਿਰਫ਼ “ਸਚਿਆਰ ਹੀ ਧਰਤੀ ਉੱਤੇ ਵਸੱਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ।” (ਕਹਾਉਤਾਂ 2:21) ਫਿਰ ਸਾਨੂੰ ‘ਪਹਿਲਾਂ ਪਰਮੇਸ਼ੁਰ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲਣਾ’ ਚਾਹੀਦਾ ਹੈ।—ਮੱਤੀ 6:33.
ਯਹੋਵਾਹ ਦੇ ਸੇਵਕ ਪਰਮੇਸ਼ੁਰ ਦੇ ਵਾਅਦਾ ਕੀਤੇ ਹੋਏ ਨਵੇਂ ਸੰਸਾਰ ਦੀਆਂ ਅਸੀਸਾਂ ਦਾ ਆਨੰਦ ਹੁਣ ਵੀ ਮਾਣ ਸਕਦੇ ਹਨ। ਉਨ੍ਹਾਂ ਨੂੰ ਨਵੇਂ ਸੰਸਾਰ ਦੀ ਸਥਾਪਨਾ ਤਕ ਉਡੀਕ ਕਰਨ ਦੀ ਜ਼ਰੂਰਤ ਨਹੀਂ ਹੈ। “ਧਰਮੀ ਦੀ ਜਾਨ ਨੂੰ ਯਹੋਵਾਹ ਭੁੱਖਾ ਨਾ ਰਹਿਣ ਦੇਵੇਗਾ, ਪਰ ਦੁਸ਼ਟ ਦੀ ਲੋਚ ਉਹ ਦਫਾ ਕਰੇਗਾ।” (ਕਹਾਉਤਾਂ 10:3) ਯਹੋਵਾਹ ਨੇ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਸਾਨੂੰ ਚੋਖਾ ਰੂਹਾਨੀ ਭੋਜਨ ਦਿੱਤਾ ਹੈ। (ਮੱਤੀ 24:45) ਧਰਮੀ ਕੋਲ ‘ਖੁਸ਼ ਦਿਲੀ ਨਾਲ ਜੈਕਾਰੇ ਗਜਾਉਣ’ ਦੇ ਬਹੁਤ ਕਾਰਨ ਹੈ। (ਯਸਾਯਾਹ 65:14) ਐਸਾ ਇਨਸਾਨ ਰੂਹਾਨੀ ਖ਼ਜ਼ਾਨਿਆਂ ਬਾਰੇ ਗਿਆਨ ਲੈ ਕੇ ਖ਼ੁਸ਼ ਹੁੰਦਾ ਹੈ। ਦੁਸ਼ਟ ਇਨਸਾਨਾਂ ਨੂੰ ਐਸੇ ਗਿਆਨ ਦੀ ਕੋਈ ਕਦਰ ਨਹੀਂ।
‘ਉੱਦਮ ਧਨੀ ਬਣਾਉਂਦਾ ਹੈ’
ਧਰਮੀ ਇਨਸਾਨ ਨੂੰ ਇਕ ਹੋਰ ਤਰੀਕੇ ਵਿਚ ਵੀ ਅਸੀਸ ਮਿਲਦੀ ਹੈ। “ਢਿੱਲਾ ਹੱਥ ਕੰਗਾਲ ਕਰਦਾ ਹੈ, ਪਰ ਉੱਦਮੀ ਦਾ ਹੱਥ ਧਨੀ ਬਣਾ ਦਿੰਦਾ ਹੈ। ਜਿਹੜਾ ਉਨ੍ਹਾਲ ਵਿੱਚ ਇਕੱਠਿਆਂ ਕਰਦਾ ਹੈ ਉਹ ਸਿਆਣਾ ਪੁੱਤ੍ਰ ਹੈ, ਪਰ ਜਿਹੜਾ ਵਾਢੀ ਦੇ ਵੇਲੇ ਸੌਂ ਰਹਿੰਦਾ ਹੈ ਉਹ ਸ਼ਰਮਿੰਦਾ ਕਰਨ ਵਾਲਾ ਪੁੱਤ੍ਰ ਹੈ।”—ਕਹਾਉਤਾਂ 10:4, 5.
ਰਾਜੇ ਦੇ ਸ਼ਬਦ ਵਾਢੀ ਵੱਢਣ ਵਾਲਿਆਂ ਲਈ ਖ਼ਾਸ ਤੌਰ ਤੇ ਮਹੱਤਤਾ ਰੱਖਦੇ ਹਨ। ਵਾਢੀ ਦਾ ਵੇਲਾ ਸੌਣ ਦਾ ਵੇਲਾ ਨਹੀਂ ਹੁੰਦਾ। ਉਸ ਵੇਲੇ ਸਵੇਰ ਤੋਂ ਸ਼ਾਮ ਤਕ ਮਿਹਨਤ ਦੀ ਬਹੁਤ ਜ਼ਰੂਰਤ ਹੁੰਦੀ ਹੈ।
ਯਿਸੂ ਦਾਣਿਆਂ ਦੀ ਵਾਢੀ ਨਹੀਂ, ਪਰ ਲੋਕਾਂ ਦੀ ਵਾਢੀ ਬਾਰੇ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ “ਇਸ ਲਈ ਤੁਸੀਂ ਖੇਤੀ ਦੇ ਮਾਲਕ [ਯਾਨੀ ਯਹੋਵਾਹ ਪਰਮੇਸ਼ੁਰ] ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।” (ਮੱਤੀ 9:35-38) ਪਿੱਛਲੇ ਸਾਲ ਇਕ ਕਰੋੜ ਚਾਲੀ ਲੱਖ ਲੋਕ ਯਿਸੂ ਦੀ ਮੌਤ ਦੇ ਸਮਾਰਕ ਤੇ ਹਾਜ਼ਰ ਹੋਏ। ਇਹ ਗਿਣਤੀ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਨਾਲੋਂ ਦੁਗਣੀ ਹੈ। ਫਿਰ ਕੀ ‘ਪੈਲੀਆਂ ਵਾਢੀ ਦੇ ਲਈ ਪੱਕ ਕੇ ਪੀਲੀਆਂ’ ਨਹੀਂ ਹੋ ਗਈਆਂ? (ਯੂਹੰਨਾ 4:35) ਸੱਚੇ ਭਗਤ ਮਾਲਕ ਤੋਂ ਹੋਰ ਵਾਢਿਆਂ ਲਈ ਬੇਨਤੀ ਕਰਦੇ ਹਨ। ਨਾਲੋਂ-ਨਾਲ ਉਹ ਆਪਣੀਆਂ ਬੇਨਤੀਆਂ ਦੇ ਅਨੁਸਾਰ ਚੇਲੇ ਬਣਾਉਣ ਦੇ ਕੰਮ ਵਿਚ ਮਿਹਨਤ ਕਰਦੇ ਰਹਿੰਦੇ ਹਨ। (ਮੱਤੀ 28:19, 20) ਯਹੋਵਾਹ ਨੇ ਉਨ੍ਹਾਂ ਦੇ ਜਤਨਾਂ ਉੱਤੇ ਕਿੰਨੀ ਬਰਕਤ ਪਾਈ ਹੈ! ਪਿੱਛਲੇ ਸਾਲ ਦੌਰਾਨ, 2,80,000 ਨਵੇਂ ਭੈਣਾਂ-ਭਰਾਵਾਂ ਨੇ ਬਪਤਿਸਮਾ ਲਿਆ ਸੀ। ਉਹ ਪਰਮੇਸ਼ੁਰ ਦੇ ਬਚਨ ਵਿੱਚੋਂ ਸਿਖਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਉਮੀਦ ਹੈ ਕਿ ਸਾਨੂੰ ਵੀ ਵਾਢੀ ਦੀ ਰੁੱਤ ਵਿਚ ਆਨੰਦ ਮਿਲੇਗਾ ਜਿਉਂ-ਜਿਉਂ ਅਸੀਂ ਚੇਲੇ ਬਣਾਉਣ ਦੇ ਇਸ ਕੰਮ ਵਿਚ ਪੂਰਾ ਹਿੱਸਾ ਲੈਂਦੇ ਹਾਂ।
‘ਉਸ ਦੇ ਸਿਰ ਨੂੰ ਅਸੀਸਾਂ’
ਸੁਲੇਮਾਨ ਨੇ ਅੱਗੇ ਕਿਹਾ ਕਿ “ਧਰਮੀ ਦੇ ਸਿਰ ਨੂੰ ਅਸੀਸਾਂ ਮਿਲਦੀਆਂ ਹਨ, ਪਰ ਦੁਸ਼ਟਾਂ ਦੇ ਮੂੰਹ ਨੂੰ ਜ਼ੁਲਮ ਢੱਕ ਲੈਂਦਾ ਹੈ।”—ਕਹਾਉਤਾਂ 10:6.
ਦਿਲ ਦਾ ਖਰਾ ਬੰਦਾ ਆਪਣੇ ਕੰਮਾਂ ਦੁਆਰਾ ਧਰਮ ਦਾ ਕਾਫ਼ੀ ਸਬੂਤ ਦਿੰਦਾ ਹੈ। ਉਹ ਜ਼ਬਾਨ ਦਾ ਮਿੱਠਾ ਹੁੰਦਾ ਹੈ ਅਤੇ ਉਸ ਦੇ ਖੁੱਲ੍ਹ-ਦਿਲ ਸੁਭਾਅ ਤੋਂ ਦੂਸਰਿਆਂ ਨੂੰ ਹੌਸਲਾ ਮਿਲਦਾ ਹੈ। ਲੋਕ ਉਸ ਨੂੰ ਮਿਲਣ ਤੇ ਖ਼ੁਸ਼ ਹੁੰਦੇ ਹਨ। ਅਜਿਹੇ ਬੰਦੇ ਦਾ ਮਾਣ ਹੁੰਦਾ ਹੈ ਜਦੋਂ ਲੋਕ ਉਸ ਬਾਰੇ ਚੰਗੀਆਂ ਗੱਲਾਂ ਕਹਿੰਦੇ ਹਨ। ਉਹ ਉਸ ਲਈ ਅਸੀਸ ਹੈ।
ਦੂਸਰੇ ਪਾਸੇ, ਦੁਸ਼ਟ ਬੰਦਾ ਨਫ਼ਰਤ ਨਾਲ ਭਰਿਆ ਹੁੰਦਾ ਹੈ ਅਤੇ ਦੂਸਰਿਆਂ ਦਾ ਬੁਰਾ ਹੀ ਸੋਚਦਾ ਹੈ। ਉਹ ਸ਼ਾਇਦ ਮਿੱਠੇ-ਮਿੱਠੇ ਬੋਲ ਬੋਲੇ ਪਰ ਇਹ ਉਸ ਦੇ ਦਿਲ ਦੇ ‘ਜ਼ੁਲਮ ਨੂੰ ਢੱਕਦੇ’ ਹਨ। ਅੰਤ ਵਿਚ ਦਿਲ ਦੀਆਂ ਬੁਰੀਆਂ ਗੱਲਾਂ ਉਸ ਦੀ ਜ਼ਬਾਨ ਤੇ ਆ ਹੀ ਜਾਂਦੀਆਂ ਹਨ ਜਾਂ ਉਹ ਦੂਜਿਆਂ ਉੱਤੇ ਹੋਰ ਕਿਸੇ ਤਰ੍ਹਾਂ ਹਮਲਾ ਕਰਦਾ ਹੈ। (ਮੱਤੀ 12:34, 35) “ਦੁਸ਼ਟਾਂ ਦੇ ਮੂੰਹ ਨੂੰ ਜ਼ੁਲਮ ਢੱਕ ਲੈਂਦਾ ਹੈ [ਜਾਂ ਬੰਦ ਕਰ ਦਿੰਦਾ ਹੈ]।” (ਕਹਾਉਤਾਂ 10:6) ਇਸ ਦਾ ਮਤਲਬ ਹੈ ਕਿ ਆਮ ਤੌਰ ਤੇ ਦੁਸ਼ਟ ਬੰਦੇ ਨੂੰ ਅਦਲੇ ਦਾ ਬਦਲਾ ਹੀ ਮਿਲਦਾ ਹੈ। ਉਸ ਨੂੰ ਉਹੀ ਮਿਲਦਾ ਹੈ ਜੋ ਉਸ ਨੇ ਦੂਸਰਿਆਂ ਨੂੰ ਦਿਖਾਇਆ ਹੈ, ਅਰਥਾਤ, ਦੁਸ਼ਮਣੀ। ਇਹ ਉਸ ਦੇ ਮੂੰਹ ਨੂੰ ਢੱਕ ਦਿੰਦੀ ਜਾਂ ਬੰਦ ਕਰ ਦਿੰਦੀ ਹੈ। ਐਸੇ ਬੰਦੇ ਨੂੰ ਦੂਸਰਿਆਂ ਤੋਂ ਕੀ ਅਸੀਸਾਂ ਮਿਲ ਸਕਦੀਆਂ ਹਨ?
ਇਸਰਾਏਲ ਦੇ ਰਾਜੇ ਨੇ ਲਿਖਿਆ ਕਿ “ਧਰਮੀ ਦੀ ਯਾਦ ਮੁਬਾਰਕ ਹੈ, ਪਰ ਦੁਸ਼ਟਾਂ ਦਾ ਨਾਉਂ ਸੜ ਜਾਵੇਗਾ।” (ਕਹਾਉਤਾਂ 10:7) ਲੋਕੀ ਧਰਮੀ ਬੰਦੇ ਨੂੰ ਉਸ ਦੇ ਚੰਗੇ ਕੰਮਾਂ ਲਈ ਯਾਦ ਰੱਖਦੇ ਹਨ, ਪਰ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਯਹੋਵਾਹ ਉਸ ਨੂੰ ਨਹੀਂ ਭੁੱਲਦਾ। ਯਿਸੂ ਨੇ ਆਪਣੀ ਮੌਤ ਤਕ ਵਫ਼ਾਦਾਰੀ ਕਾਇਮ ਰੱਖੀ, ਇਸ ਕਰਕੇ ਉਸ ਨੇ “ਵਿਰਸੇ ਵਿੱਚ” ਦੂਤਾਂ ਨਾਲੋਂ ਵੀ “ਉੱਤਮ ਨਾਮ ਪਾਇਆ।” (ਇਬਰਾਨੀਆਂ 1:3, 4) ਅੱਜ-ਕੱਲ੍ਹ ਦੇ ਸੱਚੇ ਮਸੀਹੀ ਫਿਰ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਆਦਮੀਆਂ-ਔਰਤਾਂ ਨੂੰ ਯਾਦ ਰੱਖਦੇ ਹਨ। ਉਨ੍ਹਾਂ ਦੀ ਉਦਾਹਰਣ ਸਾਡੀ ਨਕਲ ਦੇ ਯੋਗ ਹੈ। (ਇਬਰਾਨੀਆਂ 12:1, 2) ਦੁਸ਼ਟ ਦੇ ਨਾਂ ਤੋਂ ਇਹ ਕਿੰਨੀ ਵੱਖਰੀ ਚੀਜ਼ ਹੈ ਕਿਉਂਕਿ ਉਸ ਤੋਂ ਤਾਂ ਘਿਣ ਆਉਂਦੀ ਹੈ! ਸੱਚ-ਮੁੱਚ ਹੀ “ਵੱਡੇ ਧਨ ਨਾਲੋਂ ਨੇਕ ਨਾਮੀ ਚੁਣਨੀ ਚਾਹੀਦੀ ਹੈ, ਅਤੇ ਸੋਨੇ ਚਾਂਦੀ ਨਾਲੋਂ ਕਿਰਪਾ ਚੰਗੀ ਹੈ।” (ਕਹਾਉਤਾਂ 22:1) ਆਓ ਆਪਾਂ ਯਹੋਵਾਹ ਨਾਲੇ ਆਪਣੇ ਸਾਥੀਆਂ ਦੀਆਂ ਨਜ਼ਰਾਂ ਵਿਚ ਆਪਣਾ ਨਾਮ ਨੇਕ ਬਣਾਈਏ।
“ਸਿੱਧਾ ਤੁਰਨ ਵਾਲਾ ਬੇਖਟਕੇ ਤੁਰਦਾ ਹੈ”
ਬੁੱਧਵਾਨ ਅਤੇ ਮੂਰਖ ਦੀ ਤੁਲਨਾ ਕਰਦਿਆਂ ਸੁਲੇਮਾਨ ਨੇ ਕਿਹਾ ਕਿ “ਮਨ ਦਾ ਬੁੱਧਵਾਨ ਹੁਕਮ ਨੂੰ ਮੰਨੇਗਾ, ਪਰ ਬਕਵਾਸੀ ਮੂਰਖ ਡਿੱਗ ਪਵੇਗਾ।” (ਕਹਾਉਤਾਂ 10:8) ਬੁੱਧਵਾਨ ਬੰਦਾ ਚੰਗੀ ਤਰ੍ਹਾਂ ਜਾਣਦਾ ਹੈ ਕਿ “ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਉਹ ਇਸ ਗੱਲ ਨੂੰ ਜਾਣਦਾ ਹੈ ਕਿ ਉਸ ਨੂੰ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਅਗਵਾਈ ਦੀ ਕਿੰਨੀ ਲੋੜ ਹੈ ਅਤੇ ਉਹ ਪਰਮੇਸ਼ੁਰ ਦੇ ਹੁਕਮਾਂ ਨੂੰ ਝਟਪਟ ਮੰਨਦਾ ਹੈ। ਦੂਜੇ ਹੱਥ, ਬਕਵਾਸੀ ਮੂਰਖ ਇਸ ਗੱਲ ਨੂੰ ਨਹੀਂ ਸਮਝ ਪਾਉਂਦਾ। ਉਸ ਦੀਆਂ ਊਟ-ਪਟਾਂਗ ਗੱਲਾਂ ਉਸ ਦਾ ਨੁਕਸਾਨ ਕਰਦੀਆਂ ਹਨ।
ਇਕ ਧਰਮੀ ਬੰਦਾ ਬੇਖਟਕੇ, ਤੁਰਦਾ-ਫਿਰਦਾ ਹੈ, ਮਤਲਬ ਕਿ ਐਸੀ ਸੁਰੱਖਿਆ ਦੁਸ਼ਟਾਂ ਨੂੰ ਨਹੀਂ ਮਿਲਦੀ। “ਸਿੱਧਾ ਤੁਰਨ ਵਾਲਾ ਬੇਖਟਕੇ ਤੁਰਦਾ ਹੈ, ਅਤੇ ਜਿਹੜਾ ਵਿੰਗੀ ਚਾਲ ਚੱਲਦਾ ਹੈ ਉਹ ਉਜਾਗਰ ਹੋ ਜਾਵੇਗਾ। ਜਿਹੜਾ ਅੱਖੀਆਂ ਮਟਕਾਉਂਦਾ ਹੈ ਉਹ ਸੋਗ ਪਾਉਂਦਾ ਹੈ, ਅਤੇ ਬਕਵਾਸੀ ਮੂਰਖ ਡਿੱਗ ਪਵੇਗਾ।”—ਕਹਾਉਤਾਂ 10:9, 10.
ਇਕ ਖਰਾ ਬੰਦਾ ਦੂਜਿਆਂ ਨਾਲ ਮਿਲਵਰਤਨ ਵਿਚ ਈਮਾਨਦਾਰ ਹੁੰਦਾ ਹੈ। ਲੋਕ ਉਸ ਦਾ ਆਦਰ ਕਰਦੇ ਹਨ ਅਤੇ ਉਸ ਤੇ ਭਰੋਸਾ ਰੱਖਦੇ ਹਨ। ਇਕ ਈਮਾਨਦਾਰ ਬੰਦੇ ਦੀ ਇਕ ਚੰਗੇ ਕਰਮਚਾਰੀ ਵਜੋਂ ਕੀਮਤ ਪਾਈ ਜਾਂਦੀ ਹੈ ਅਤੇ ਅਕਸਰ ਉਸ ਨੂੰ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ ਜਾਂਦੀਆਂ ਹਨ। ਨੌਕਰੀਆਂ ਦੀ ਥੁੜ੍ਹ ਦੇ ਸਮੇਂ ਐਸੇ ਬੰਦੇ ਨੂੰ ਉਸ ਦੀ ਨੇਕਨਾਮੀ ਕਾਰਨ ਨੌਕਰੀ ਤੋਂ ਨਹੀਂ ਲਾਹਿਆ ਜਾਂਦਾ। ਨਾਲੇ ਉਸ ਦੀ ਈਮਾਨਦਾਰੀ ਪਰਿਵਾਰਕ ਮਾਹੌਲ ਨੂੰ ਵੀ ਸੋਹਣਾ ਬਣਾਉਂਦੀ ਹੈ। (ਜ਼ਬੂਰ 34:13, 14) ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮਿਲ-ਜੁਲ ਕੇ ਸੁਰੱਖਿਆ ਵਿਚ ਰਹਿੰਦਾ ਹੈ। ਸੁਰੱਖਿਆ ਅਸਲ ਵਿਚ ਖਰੇ ਹੋਣ ਦਾ ਫਲ ਹੈ।
ਜਦੋਂ ਇਕ ਬੰਦਾ ਮਤਲਬੀ ਅਤੇ ਬੇਈਮਾਨ ਹੁੰਦਾ ਹੈ, ਫਿਰ ਮਾਮਲਾ ਹੋਰ ਹੁੰਦਾ ਹੈ। ਇਕ ਧੋਖੇਬਾਜ਼ ਬੰਦਾ ਸ਼ਾਇਦ ਆਪਣੀ ਬੋਲ-ਬਾਣੀ ਨਾਲ ਜਾਂ ਇਸ਼ਾਰਿਆਂ ਨਾਲ ਸੱਚਾਈ ਨੂੰ ਢਕਣ ਦੀ ਕੋਸ਼ਿਸ਼ ਕਰਦਾ ਹੈ। (ਕਹਾਉਤਾਂ 6:12-14) ਉਹ ਧੋਖੇਬਾਜ਼ੀ ਨਾਲ ਅੱਖਾਂ ਮਟਕਾਉਂਦਾ ਹੈ। ਉਸ ਦੇ ਸ਼ਿਕਾਰ ਕਾਫ਼ੀ ਦੁੱਖ ਭੋਗ ਸਕਦੇ ਹਨ। ਪਰ ਕਿਸੇ-ਨ-ਕਿਸੇ ਸਮੇਂ ਐਸੇ ਬੰਦੇ ਦੀ ਧੋਖੇਬਾਜ਼ੀ ਪ੍ਰਗਟ ਹੋ ਜਾਂਦੀ ਹੈ। ਪੌਲੁਸ ਰਸੂਲ ਨੇ ਲਿਖਿਆ ਸੀ ਕਿ “ਕਈ ਮਨੁੱਖਾਂ ਦੇ ਪਾਪ ਪਰਤੱਖ ਹਨ ਅਤੇ ਅਦਾਲਤ ਵਿੱਚ ਅੱਗੇ ਹੀ ਜਾਂਦੇ ਹਨ ਅਤੇ ਕਈਆਂ ਦੇ ਪਿੱਛੇ ਹੀ ਆਉਂਦੇ ਹਨ। ਇਸੇ ਤਰਾਂ ਸ਼ੁਭ ਕਰਮ ਭੀ ਪਰਤੱਖ ਹਨ ਅਤੇ ਜੋ ਹੋਰ ਪਰਕਾਰ ਦੇ ਹਨ ਓਹ ਗੁਪਤ ਨਹੀਂ ਰਹਿ ਸੱਕਦੇ।” (1 ਤਿਮੋਥਿਉਸ 5:24, 25) ਚਾਹੇ ਉਹ ਮਾਪੇ, ਦੋਸਤ, ਵਿਆਹੁਤਾ ਸਾਥੀ, ਜਾਂ ਕੋਈ ਵਾਕਫ਼ ਕਿਉਂ ਨਾ ਹੋਣ, ਹਰੇਕ ਦੀ ਬੇਈਮਾਨੀ ਆਖ਼ਰਕਾਰ ਪ੍ਰਗਟ ਹੋ ਹੀ ਜਾਂਦੀ ਹੈ। ਉਸ ਬੰਦੇ ਤੇ ਕੋਈ ਨਹੀਂ ਵਿਸ਼ਵਾਸ ਕਰੇਗਾ ਜਿਸ ਦੇ ਨਾਂ ਤੇ ਬੇਈਮਾਨੀ ਦਾ ਧੱਬਾ ਲੱਗਿਆ ਹੋਇਆ ਹੈ।
‘ਉਸ ਦਾ ਮੂੰਹ ਜੀਉਣ ਦਾ ਚਸ਼ਮਾ ਹੈ’
ਸੁਲੇਮਾਨ ਨੇ ਕਿਹਾ ਕਿ “ਧਰਮੀ ਦਾ ਮੂੰਹ ਜੀਉਣ ਦਾ ਚਸ਼ਮਾ ਹੈ, ਪਰ ਦੁਸ਼ਟਾਂ ਦੇ ਮੂੰਹ ਨੂੰ ਜ਼ੁਲਮ ਢੱਕ ਕਹਾਉਤਾਂ 10:11) ਸਾਡੀ ਜ਼ਬਾਨ ਦੂਜਿਆਂ ਨੂੰ ਸੁਖ ਜਾਂ ਦੁੱਖ ਪਹੁੰਚਾ ਸਕਦੀ ਹੈ। ਸਾਡੇ ਬੋਲ ਦੂਜਿਆਂ ਨੂੰ ਮਜ਼ਬੂਤ ਬਣਾ ਸਕਦੇ ਹਨ ਜਾਂ ਗਿਰਾ ਸਕਦੇ ਹਨ।
ਲੈਂਦਾ ਹੈ।” (ਇਸਰਾਏਲ ਦੇ ਰਾਜੇ ਨੇ ਦੱਸਿਆ ਸੀ ਕਿ ਅਸੀਂ ਕਈ ਗੱਲਾਂ ਕਿਉਂ ਕਹਿੰਦੇ ਹਾਂ: “ਵੈਰ ਝਗੜੇ ਛੇੜਦਾ ਹੈ, ਪਰੰਤੂ ਪ੍ਰੇਮ ਸਭਨਾਂ ਅਪਰਾਧਾਂ ਨੂੰ ਢੱਕ ਲੈਂਦਾ ਹੈ।” (ਕਹਾਉਤਾਂ 10:12) ਵੈਰ ਕਾਰਨ ਲੋਕਾਂ ਦੇ ਆਪਸ ਵਿਚ ਝਗੜੇ ਪੈਦਾ ਹੁੰਦੇ ਹਨ। ਯਹੋਵਾਹ ਦੇ ਪ੍ਰੇਮੀਆਂ ਨੂੰ ਆਪਣੇ ਦਿਲਾਂ ਵਿੱਚੋਂ ਵੈਰ ਕੱਢ ਦੇਣਾ ਚਾਹੀਦਾ ਹੈ। ਕਿਵੇਂ? ਵੈਰ ਦੀ ਥਾਂ ਤੇ ਦਿਲ ਵਿਚ ਪ੍ਰੇਮ ਪੈਦਾ ਕਰਨ ਨਾਲ। “ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।” (1 ਪਤਰਸ 4:8) ਪ੍ਰੇਮ “ਸਭ ਕੁਝ ਝੱਲ ਲੈਂਦਾ ਹੈ।” (1 ਕੁਰਿੰਥੀਆਂ 13:7) ਜਦੋਂ ਅਸੀਂ ਪਰਮੇਸ਼ੁਰ ਨਾਲ ਪ੍ਰੇਮ ਕਰਦੇ ਹਾਂ ਤਾਂ ਅਸੀਂ ਪਾਪੀ ਇਨਸਾਨਾਂ ਤੋਂ ਇਹ ਉਮੀਦ ਨਹੀਂ ਰੱਖਦੇ ਕਿ ਉਹ ਕਦੇ ਵੀ ਕੋਈ ਗ਼ਲਤੀ ਨਹੀਂ ਕਰਨਗੇ। ਦੂਜਿਆਂ ਦੀਆਂ ਗ਼ਲਤੀਆਂ ਬਾਰੇ ਗੱਲਾਂ ਕਰੀ ਜਾਣ ਦੀ ਬਜਾਇ, ਸੱਚਾ ਪ੍ਰੇਮ ਉਨ੍ਹਾਂ ਨੂੰ ਢੱਕ ਲੈਂਦਾ ਹੈ। ਪਰ ਸਾਨੂੰ ਗੰਭੀਰ ਪਾਪ ਨੂੰ ਨਹੀਂ ਢਕਣਾ ਚਾਹੀਦਾ। ਜਦੋਂ ਕਿਤੇ ਸਾਡੇ ਪ੍ਰਚਾਰ ਦੇ ਕੰਮ ਵਿਚ, ਨੌਕਰੀ ਤੇ ਜਾਂ ਸਕੂਲ ਵਿਚ ਲੋਕ ਸਾਨੂੰ ਬੁਰਾ-ਭਲਾ ਕਹਿੰਦੇ ਹਨ, ਪ੍ਰੇਮ ਦਾ ਗੁਣ ਸਾਨੂੰ ਸਭ ਕੁਝ ਸਹਿ ਲੈਣ ਦਿੰਦਾ ਹੈ।
ਬੁੱਧਵਾਨ ਰਾਜਾ ਅੱਗੇ ਕਹਿੰਦਾ ਹੈ ਕਿ “ਸਮਝ ਵਾਲੇ ਦਿਆਂ ਬੁੱਲ੍ਹਾਂ ਵਿੱਚ ਬੁੱਧ ਲੱਭਦੀ ਹੈ, ਪਰ ਬੇਸਮਝ ਦੀ ਪਿੱਠ ਲਈ ਛੂਛਕ ਹੈ।” (ਕਹਾਉਤਾਂ 10:13) ਸਮਝਦਾਰ ਬੰਦੇ ਦੀ ਬੁੱਧ ਉਸ ਦੇ ਕਦਮਾਂ ਨੂੰ ਸਿੱਧਾ ਰੱਖਦੀ ਹੈ। ਉਸ ਦੇ ਬੁੱਲ੍ਹਾਂ ਜਾਂ ਜ਼ਬਾਨ ਤੋਂ ਹੌਸਲੇ ਵਾਲੇ ਬੋਲ ਦੂਜਿਆਂ ਨੂੰ ਸਿੱਧੇ ਰਾਹ ਤੇ ਪਾਉਂਦੇ ਹਨ। ਨਾ ਉਹ ਅਤੇ ਨਾ ਉਸ ਦੇ ਸੁਣਨ ਵਾਲੇ ਮਜਬੂਰਨ ਤਾੜਨਾ ਦੀ ਛੂਛਕ ਦੇ ਡਰ ਮਾਰੇ ਸਹੀ ਰਾਹ ਤੇ ਚੱਲਦੇ ਹਨ।
‘ਗਿਆਨ ਨੂੰ ਰੱਖ ਛੱਡੋ’
ਕਿਹੜੀ ਚੀਜ਼ ਸਾਡੀ ਮਦਦ ਕਰੇਗੀ ਕਿ ਅਸੀਂ ਬਕਵਾਸ ਬੋਲਣਾ ਛੱਡ ਦੇਈਏ ਅਤੇ ਸਾਡੇ ਮੂੰਹ ਦੇ ਬਚਨ ‘ਬੁੱਧ ਦੀ ਵਗਦੀ ਨਦੀ’ ਵਾਂਗ ਬਣ ਜਾਣ? (ਕਹਾਉਤਾਂ 18:4) ਸੁਲੇਮਾਨ ਨੇ ਕਿਹਾ ਕਿ “ਬੁੱਧਵਾਨ ਗਿਆਨ ਨੂੰ ਰੱਖ ਛੱਡਦੇ ਹਨ, ਪਰੰਤੂ ਮੂਰਖ ਦਾ ਮੂੰਹ ਵਿਨਾਸ ਦੇ ਨੇੜੇ ਹੈ।”—ਕਹਾਉਤਾਂ 10:14.
ਪਹਿਲੀ ਚੀਜ਼ ਇਹ ਹੈ ਕਿ ਸਾਡਾ ਮਨ ਪਰਮੇਸ਼ੁਰ ਦੇ ਗਿਆਨ ਨਾਲ ਭਰਿਆ ਹੋਣਾ ਚਾਹੀਦਾ ਹੈ ਜੋ ਸਾਨੂੰ ਹੌਸਲਾ ਦਿੰਦਾ ਹੈ। ਐਸਾ ਗਿਆਨ ਇੱਕੋ ਥਾਂ ਤੋਂ ਮਿਲਦਾ ਹੈ। ਪੌਲੁਸ ਰਸੂਲ ਨੇ ਲਿਖਿਆ ਕਿ “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ। ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।” (2 ਤਿਮੋਥਿਉਸ 3:16, 17) ਸਾਨੂੰ ਗਿਆਨ ਦੀ ਕਦਰ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਬਾਈਬਲ ਵਿਚ ਲੁਕੇ ਹੋਏ ਖ਼ਜ਼ਾਨੇ ਵਾਂਗ ਭਾਲਣਾ ਚਾਹੀਦਾ ਹੈ। ਐਸੀ ਰਿਸਰਚ ਕਿੰਨੀ ਮਜ਼ੇਦਾਰ ਅਤੇ ਫ਼ਾਇਦੇਮੰਦ ਹੈ!
ਇਸ ਤੋਂ ਪਹਿਲਾਂ ਕਿ ਅਸੀਂ ਬੁੱਧੀ ਦੀਆਂ ਗੱਲਾਂ ਬੋਲ ਸਕੀਏ, ਇਹ ਜ਼ਰੂਰੀ ਹੈ ਕਿ ਬਾਈਬਲ ਦਾ ਗਿਆਨ ਸਾਡੇ ਦਿਲਾਂ ਵਿਚ ਹੋਵੇ। ਯਿਸੂ ਨੇ ਕਿਹਾ ਸੀ ਕਿ “ਚੰਗਾ ਆਦਮੀ ਆਪਣੇ ਮਨ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀ ਗੱਲ ਕੱਢਦਾ ਹੈ ਅਤੇ ਬੁਰਾ ਆਦਮੀ ਬੁਰੇ ਖ਼ਜ਼ਾਨੇ ਵਿੱਚੋਂ ਬੁਰੀ ਗੱਲ ਕੱਢਦਾ ਹੈ ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹ ਦੇ ਮੂੰਹ ਉੱਤੇ ਉਹੋ ਆਉਂਦਾ ਹੈ।” (ਲੂਕਾ 6:45) ਇਸ ਕਰਕੇ ਸਾਨੂੰ ਆਦਤਨ ਉਨ੍ਹਾਂ ਗੱਲਾਂ ਤੇ ਮਨਨ ਕਰਨਾ ਚਾਹੀਦਾ ਹੈ ਜੋ ਅਸੀਂ ਸਿੱਖਦੇ ਹਾਂ। ਇਹ ਸੱਚ ਹੈ ਕਿ ਸਟੱਡੀ ਅਤੇ ਮਨਨ ਦੋਹਾਂ ਲਈ ਜਤਨ ਕਰਨਾ ਪੈਂਦਾ ਹੈ, ਪਰ ਇਹ ਕਿੰਨਾ ਲਾਭਦਾਇਕ ਹੈ! ਸਾਨੂੰ ਬਕਵਾਸ ਬੋਲਣ ਵਾਲੇ ਬੰਦੇ ਦੀ ਨਕਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।
ਇਕ ਬੁੱਧਵਾਨ ਬੰਦਾ ਉਹ ਕੰਮ ਕਰੇਗਾ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹਨ ਅਤੇ ਉਹ ਦੂਜਿਆਂ ਉੱਤੇ ਵੀ ਚੰਗਾ ਪ੍ਰਭਾਵ ਪਾਉਂਦਾ ਹੈ। ਉਹ ਰੂਹਾਨੀ ਖ਼ੁਰਾਕ ਦਾ ਆਨੰਦ ਮਾਣਦਾ ਹੈ ਅਤੇ ਪ੍ਰਭੂ ਦੇ ਫਲਦਾਰ ਕੰਮ ਵਿਚ ਮਿਹਨਤ ਕਰਦਾ ਹੈ। (1 ਕੁਰਿੰਥੀਆਂ 15:58) ਦਿਆਨਤਦਾਰ ਇਨਸਾਨ ਹੋਣ ਕਰਕੇ ਉਹ ਸੁਰੱਖਿਆ ਮਹਿਸੂਸ ਕਰਦਾ ਹੈ ਅਤੇ ਪਰਮੇਸ਼ੁਰ ਦੀ ਕਿਰਪਾ ਪਾਉਂਦਾ ਹੈ। ਸੱਚ-ਮੁੱਚ ਹੀ ਧਰਮੀ ਬੰਦੇ ਲਈ ਅਸੀਸਾਂ ਹਨ। ਆਓ ਆਪਾਂ ਵੀ ਪਰਮੇਸ਼ੁਰ ਦੀਆਂ ਨਜ਼ਰਾਂ ਅਨੁਸਾਰ ਭਲੇ-ਬੁਰੇ ਵੱਲ ਧਿਆਨ ਦੇਈਏ ਅਤੇ ਧਾਰਮਿਕਤਾ ਪਾਈਏ।
[ਫੁਟਨੋਟ]
^ ਪੈਰਾ 6 ਨਾਂ ਬਦਲ ਦਿੱਤਾ ਗਿਆ ਹੈ।
[ਸਫ਼ੇ 25 ਉੱਤੇ ਤਸਵੀਰ]
ਈਮਾਨਦਾਰੀ ਦਾ ਗੁਣ ਪਰਿਵਾਰਕ ਜੀਵਨ ਸੁਖੀ ਬਣਾਉਂਦਾ ਹੈ
[ਸਫ਼ੇ 26 ਉੱਤੇ ਤਸਵੀਰ]
“ਬੁੱਧਵਾਨ ਗਿਆਨ ਨੂੰ ਰੱਖ ਛੱਡਦੇ ਹਨ”