Skip to content

Skip to table of contents

ਨੌਜਵਾਨਾਂ ਲਈ ਵੇਲੇ ਸਿਰ ਦੀ ਸਿੱਖਿਆ

ਨੌਜਵਾਨਾਂ ਲਈ ਵੇਲੇ ਸਿਰ ਦੀ ਸਿੱਖਿਆ

ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ

ਨੌਜਵਾਨਾਂ ਲਈ ਵੇਲੇ ਸਿਰ ਦੀ ਸਿੱਖਿਆ

ਪਹਿਲੀ ਸਦੀ ਵਿਚ ਇਪਫ੍ਰਾਸ ਨਾਂ ਦੇ ਇਕ ਮਸੀਹੀ ਨੂੰ ਰੋਮ ਜਾਣਾ ਪਿਆ ਸੀ। ਪਰ ਰੋਮ ਵਿਚ ਹੁੰਦੇ ਹੋਏ ਵੀ ਉਸ ਦਾ ਮਨ ਪਿੱਛੇ ਏਸ਼ੀਆ ਮਾਈਨਰ ਦੇ ਕੁਲੁੱਸੈ ਸ਼ਹਿਰ ਵਿਚ ਸੀ। ਇਹ ਸੰਭਵ ਹੈ ਕਿ ਉੱਥੇ ਉਸ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਕਈਆਂ ਕੁਲੁੱਸੀਆਂ ਨੂੰ ਮਸੀਹ ਦੇ ਚੇਲੇ ਬਣਨ ਵਿਚ ਮਦਦ ਦਿੱਤੀ ਸੀ। (ਕੁਲੁੱਸੀਆਂ 1:7) ਇਪਫ੍ਰਾਸ ਨੂੰ ਆਪਣੇ ਕੁਲੁੱਸੀ ਭਰਾਵਾਂ ਦੀ ਬਹੁਤ ਚਿੰਤਾ ਸੀ, ਇਸ ਲਈ ਪੌਲੁਸ ਰਸੂਲ ਨੇ ਉਨ੍ਹਾਂ ਨੂੰ ਰੋਮ ਤੋਂ ਲਿਖਿਆ: “ਇਪਫ੍ਰਾਸ . . . ਤੁਹਾਡੀ ਸੁਖ ਸਾਂਦ ਪੁੱਛਦਾ ਹੈ ਅਤੇ ਉਹ ਆਪਣੀਆਂ ਪ੍ਰਾਰਥਨਾਂ ਵਿੱਚ ਸਦਾ ਤੁਹਾਡੇ ਲਈ ਵੱਡਾ ਜਤਨ ਕਰਦਾ ਹੈ ਭਈ ਤੁਸੀਂ ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ।”​—ਕੁਲੁੱਸੀਆਂ 4:12.

ਇਸੇ ਤਰ੍ਹਾਂ ਅੱਜ-ਕੱਲ੍ਹ ਦੇ ਮਸੀਹੀ ਮਾਂ-ਬਾਪ ਆਪਣੇ ਬੱਚਿਆਂ ਦੀ ਰੂਹਾਨੀ ਭਲਾਈ ਲਈ ਜੋਸ਼ੀਲੀਆਂ ਪ੍ਰਾਰਥਨਾਵਾਂ ਕਰਦੇ ਹਨ। ਇਹ ਮਾਪੇ ਆਪਣੇ ਨਿਆਣਿਆਂ ਦੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਬਿਠਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਉਹ ਸੱਚਾਈ ਵਿਚ ਪੱਕੇ ਹੋ ਕੇ ਟਿਕੇ ਰਹਿਣ।

ਕਈਆਂ ਮਸੀਹੀ ਨੌਜਵਾਨਾਂ ਨੂੰ ਸਕੂਲਾਂ ਅਤੇ ਹੋਰ ਥਾਵਾਂ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੇ ਇਸ ਲਈ ਮਦਦ ਮੰਗੀ ਹੈ। ਇਕ 15 ਸਾਲਾਂ ਦੀ ਕੁੜੀ ਨੇ ਕਿਹਾ: “ਸਾਡੀਆਂ ਮੁਸ਼ਕਲਾਂ ਵੱਧ ਰਹੀਆਂ ਹਨ। ਅੱਜ-ਕੱਲ੍ਹ ਦੇ ਜ਼ਮਾਨੇ ਡਰਾਉਣੇ ਹਨ। ਸਾਨੂੰ ਮਦਦ ਦੀ ਲੋੜ ਹੈ!” ਕੀ ਅਜਿਹੇ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਦੀਆਂ ਬੇਨਤੀਆਂ ਅਤੇ ਪ੍ਰਾਰਥਨਾਵਾਂ ਦਾ ਜਵਾਬ ਮਿਲਿਆ ਹੈ? ਜੀ ਹਾਂ! “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਬਾਈਬਲ ਤੋਂ ਸਿੱਖਿਆ ਦਿੱਤੀ ਗਈ ਹੈ। (ਮੱਤੀ 24:45) ਇਸ ਲੇਖ ਵਿਚ ਕੁਝ ਕਿਤਾਬਾਂ ਦਿਖਾਈਆਂ ਗਈਆਂ ਹਨ ਜਿਨ੍ਹਾਂ ਨੇ ਨੌਜਵਾਨਾਂ ਨੂੰ “ਸਿੱਧ ਅਤੇ ਪੱਕੇ ਹੋ ਕੇ ਟਿਕੇ” ਰਹਿਣ ਵਿਚ ਮਦਦ ਦਿੱਤੀ ਹੈ। ਆਓ ਆਪਾਂ ਇਨ੍ਹਾਂ ਕੁਝ ਕਿਤਾਬਾਂ ਵੱਲ ਧਿਆਨ ਦੇਈਏ।

‘15,000 ਨਵੇਂ ਗਵਾਹਾਂ ਵੱਲ ਦੇਖੋ!’

ਅਗਸਤ 1941 ਵਿਚ ਸੈਂਟ ਲੂਈ, ਮਿਸੂਰੀ, ਅਮਰੀਕਾ ਵਿਖੇ 1,15,000 ਲੋਕ ਯਹੋਵਾਹ ਦੇ ਗਵਾਹਾਂ ਦੇ ਇਕ ਵੱਡੇ ਸੰਮੇਲਨ ਵਿਚ ਹਾਜ਼ਰ ਸਨ। ਉਸ ਸਮੇਂ ਤਕ ਇਸ ਤੋਂ ਵੱਡਾ ਸੰਮੇਲਨ ਕਦੇ ਨਹੀਂ ਹੋਇਆ ਸੀ। ਉਸ ਸੰਮੇਲਨ ਦੇ ਆਖ਼ਰੀ ਦਿਨ ਨੂੰ “ਬੱਚਿਆਂ ਦਾ ਦਿਨ” ਸੱਦਿਆ ਗਿਆ ਸੀ। ਉਸ ਦਿਨ ਕੁਝ 15,000 ਬੱਚੇ ਪਲੇਟਫਾਰਮ ਦੇ ਲਾਗੇ ਬੈਠੇ ਭਰਾ ਜੋਸਫ਼ ਰਦਰਫ਼ਰਡ ਦਾ ਭਾਸ਼ਣ ਸੁਣ ਰਹੇ ਸਨ, ਜਿਸ ਦਾ ਵਿਸ਼ਾ ਸੀ: “ਰਾਜੇ ਦੇ ਬੱਚੇ।” ਆਪਣੇ ਭਾਸ਼ਣ ਦੇ ਅੰਤ ਤੇ 71 ਸਾਲਾਂ ਦੀ ਉਮਰ ਦੇ ਭਰਾ ਰਦਰਫ਼ਰਡ ਨੇ ਇਕ ਪਿਆਰੇ ਪਿਤਾ ਵਾਲੀ ਆਵਾਜ਼ ਨਾਲ ਕਿਹਾ:

‘ਤੁਹਾਡੇ ਵਿੱਚੋਂ ਸਾਰੇ ਨਿਆਣੇ ਜੋ ਪਰਮੇਸ਼ੁਰ ਅਤੇ ਉਸ ਦੇ ਰਾਜੇ ਦੀ ਗੱਲ ਮੰਨਣ ਲਈ ਤਿਆਰ ਹਨ ਖੜ੍ਹੇ ਹੋ ਜਾਓ।’ ਸਾਰੇ ਨਿਆਣੇ ਖੜ੍ਹੇ ਹੋ ਗਏ। ਭਰਾ ਰਦਰਫ਼ਰਡ ਨੇ ਉੱਚੀ ਆਵਾਜ਼ ਵਿਚ ਕਿਹਾ: “ਰਾਜ ਦੇ 15,000 ਤੋਂ ਵੱਧ ਨਵੇਂ ਗਵਾਹਾਂ ਵੱਲ ਦੇਖੋ!” ਸਾਰਿਆਂ ਨੇ ਜ਼ੋਰ-ਜ਼ੋਰ ਨਾਲ ਤਾਲੀਆਂ ਵਜਾਈਆਂ। ਭਰਾ ਨੇ ਭਾਸ਼ਣ ਵਿਚ ਅੱਗੇ ਕਿਹਾ: “ਤੁਹਾਡੇ ਵਿੱਚੋਂ ਸਾਰੇ ਜੋ ਆਪਣੀ ਪੂਰੀ ਹਿੰਮਤ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਦੂਸਰਿਆਂ ਨੂੰ ਦੱਸਣ ਲਈ ਤਿਆਰ ਹਨ . . . , ‘ਹਾਂ’ ਬੋਲੋ।” ਬੱਚਿਆਂ ਨੇ ਉੱਚੀ ਆਵਾਜ਼ ਵਿਚ “ਹਾਂ ਜੀ” ਕਿਹਾ। ਫਿਰ ਭਰਾ ਰਦਰਫ਼ਰਡ ਨੇ ਅੰਗ੍ਰੇਜ਼ੀ ਵਿਚ ਬੱਚੇ ਨਾਮਕ ਨਵੀਂ ਕਿਤਾਬ ਦਿਖਾਈ। ਭੈਣਾਂ-ਭਰਾਵਾਂ ਨੇ ਲੰਮੇ ਚਿਰ ਲਈ ਜ਼ੋਰ-ਜ਼ੋਰ ਨਾਲ ਤਾਲੀਆਂ ਵਜਾ ਕੇ ਕਿਤਾਬ ਸਵੀਕਾਰ ਕੀਤੀ।

ਇਸ ਜੋਸ਼ੀਲੇ ਭਾਸ਼ਣ ਤੋਂ ਬਾਅਦ ਪਲੇਟਫਾਰਮ ਉੱਤੇ ਆਉਣ ਲਈ ਬੱਚਿਆਂ ਦੀ ਇਕ ਵੱਡੀ ਲਾਈਨ ਲੱਗ ਗਈ ਅਤੇ ਭਰਾ ਰਦਰਫ਼ਰਡ ਨੇ ਹਰੇਕ ਨੂੰ ਨਵੀਂ ਕਿਤਾਬ ਦੀ ਇਕ ਕਾਪੀ ਤੋਹਫ਼ੇ ਵਜੋਂ ਦਿੱਤੀ। ਇਹ ਸਭ ਕੁਝ ਦੇਖ ਕੇ ਭੈਣਾਂ-ਭਰਾਵਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਸ ਸਮੇਂ ਦੇ ਇਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ “ਇੰਨੇ ਸਾਰੇ ਬੱਚਿਆਂ ਨੂੰ ਆਪਣੇ ਪਰਮੇਸ਼ੁਰ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਦੇ ਦੇਖ ਕੇ ਸਾਨੂੰ ਬੜੀ ਖ਼ੁਸ਼ੀ ਹੋਈ।”

ਉਸ ਸ਼ਾਨਦਾਰ ਸੰਮੇਲਨ ਵਿਚ 1,300 ਨੌਜਵਾਨਾਂ ਨੇ ਯਹੋਵਾਹ ਨੂੰ ਸਮਰਪਿਤ ਹੋ ਕੇ ਬਪਤਿਸਮਾ ਲਿਆ ਸੀ। ਉਨ੍ਹਾਂ ਵਿੱਚੋਂ ਬਹੁਤ ਸਾਰੇ ਅੱਜ ਤਕ ਸੱਚਾਈ ਵਿਚ ਪੱਕੇ ਰਹੇ ਹਨ। ਉਹ ਆਪਣੀਆਂ ਕਲੀਸਿਯਾਵਾਂ ਵਿਚ ਜਾਂਦੇ ਹਨ, ਬੈਥਲ ਵਿਚ ਕੰਮ ਕਰਦੇ ਹਨ, ਜਾਂ ਪਰਦੇਸਾਂ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰ ਰਹੇ ਹਨ। ਯਕੀਨਨ ‘ਬੱਚਿਆਂ ਦੇ ਦਿਨ’ ਅਤੇ ਬੱਚੇ ਨਾਮਕ ਕਿਤਾਬ ਨੇ ਬਹੁਤ ਸਾਰੇ ਜਵਾਨ ਦਿਲਾਂ ਉੱਤੇ ਵੱਡਾ ਅਸਰ ਪਾਇਆ ਹੈ!

“ਇੱਦਾਂ ਲੱਗਦਾ ਹੈ ਕਿ ਉਹ [ਲੇਖ] ਬਿਲਕੁਲ ਵੇਲੇ ਸਿਰ ਆਉਂਦੇ ਹਨ”

ਉੱਨੀ ਸੌ ਸੱਤਰ ਦੇ ਦਹਾਕੇ ਵਿਚ ਯਹੋਵਾਹ ਦੇ ਗਵਾਹਾਂ ਨੇ ਤਿੰਨ ਹੋਰ ਕਿਤਾਬਾਂ ਛਾਪੀਆਂ ਜਿਨ੍ਹਾਂ ਨੇ ਨੌਜਵਾਨਾਂ ਉੱਤੇ ਵੱਡਾ ਅਸਰ ਪਾਇਆ। ਪਹਿਲੀ: ਮਹਾਨ ਸਿੱਖਿਅਕ ਦੀ ਸੁਣੋ (ਅੰਗ੍ਰੇਜ਼ੀ), ਦੂਜੀ: ਤੁਹਾਡੀ ਜਵਾਨੀ—ਇਸ ਦਾ ਪੂਰਾ ਲਾਭ ਉਠਾਉਣਾ (ਅੰਗ੍ਰੇਜ਼ੀ), ਅਤੇ ਤੀਜੀ: ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ। ਉੱਨੀ ਸੌ ਬਿਆਸੀ ਵਿਚ ਜਾਗਰੂਕ ਬਣੋ! ਰਸਾਲੇ ਵਿਚ “ਨੌਜਵਾਨ ਪੁੱਛਦੇ ਹਨ . . .” ਨਾਂ ਦੀ ਲੇਖ-ਮਾਲਾ ਛਪਣੀ ਸ਼ੁਰੂ ਹੋਈ। ਇਨ੍ਹਾਂ ਲੇਖਾਂ ਨੇ ਵੱਡੀ ਅਤੇ ਛੋਟੀ ਉਮਰ ਦੇ ਪਾਠਕਾਂ ਦੇ ਦਿਲਾਂ ਉੱਤੇ ਪ੍ਰਭਾਵ ਪਾਇਆ ਹੈ। ਇਕ 14 ਸਾਲਾਂ ਦੇ ਮੁੰਡੇ ਨੇ ਲਿਖਿਆ: “ਮੈਂ ਹਰ ਰਾਤ ਰੱਬ ਦਾ ਸ਼ੁਕਰ ਕਰਦਾ ਹਾਂ ਕਿ ਇਹ ਲੇਖ ਛਾਪੇ ਜਾਂਦੇ ਹਨ।” ਤੇਰਾਂ ਸਾਲਾਂ ਦੀ ਇਕ ਕੁੜੀ ਨੇ ਕਿਹਾ ਕਿ “ਮੈਨੂੰ ਇਹ ਲੇਖ ਬਹੁਤ ਹੀ ਪਸੰਦ ਹਨ। ਇੱਦਾਂ ਲੱਗਦਾ ਹੈ ਕਿ ਉਹ ਬਿਲਕੁਲ ਵੇਲੇ ਸਿਰ ਆਉਂਦੇ ਹਨ।” ਮਾਪੇ ਅਤੇ ਕਲੀਸਿਯਾ ਵਿਚ ਨਿਯੁਕਤ ਕੀਤੇ ਗਏ ਬਜ਼ੁਰਗ ਇਸ ਗੱਲ ਨਾਲ ਸਹਿਮਤ ਹਨ ਕਿ ਇਹ ਲੇਖ ਵੇਲੇ ਸਿਰ ਆਉਣ ਤੋਂ ਇਲਾਵਾ ਲਾਭਦਾਇਕ ਵੀ ਹਨ।

ਸੰਨ 1989 ਤਕ ਜਾਗਰੂਕ ਬਣੋ! ਰਸਾਲੇ ਵਿਚ ਤਕਰੀਬਨ 200 “ਨੌਜਵਾਨ ਪੁੱਛਦੇ ਹਨ . . .” ਲੇਖ ਛੱਪ ਚੁੱਕੇ ਸਨ। ਉਸ ਸਾਲ ਦੇ “ਈਸ਼ਵਰੀ ਭਗਤੀ” ਨਾਂ ਦੇ ਵੱਡੇ ਸੰਮੇਲਨ ਵਿਚ ਅੰਗ੍ਰੇਜ਼ੀ ਵਿਚ ਪ੍ਰਸ਼ਨ ਜੋ ਨੌਜਵਾਨ ਪੁੱਛਦੇ ਹਨ—ਉੱਤਰ ਜੋ ਕੰਮ ਕਰਦੇ ਹਨ ਨਾਮਕ ਕਿਤਾਬ ਰਿਲੀਸ ਕੀਤੀ ਗਈ ਸੀ। ਕੀ ਇਸ ਕਿਤਾਬ ਨੇ ਸੱਚਾਈ ਵਿਚ ਟਿਕੇ ਰਹਿਣ ਲਈ ਨੌਜਵਾਨਾਂ ਦੀ ਮਦਦ ਕੀਤੀ ਹੈ? ਤਿੰਨ ਮੁੰਡਿਆਂ ਨੇ ਲਿਖਿਆ: “ਸਾਡੀਆਂ ਮੁਸ਼ਕਲਾਂ ਸਮਝਣ ਅਤੇ ਕਾਮਯਾਬੀ ਨਾਲ ਉਨ੍ਹਾਂ ਦਾ ਸਾਮ੍ਹਣਾ ਕਰਨ ਲਈ ਇਹ ਕਿਤਾਬ ਸਾਡੇ ਵਾਸਤੇ ਬਹੁਤ ਹੀ ਲਾਭਕਾਰੀ ਸਾਬਤ ਹੋਈ ਹੈ। ਤੁਸੀਂ ਸਾਡੇ ਬਾਰੇ ਸੋਚਿਆ, ਇਸ ਲਈ ਅਸੀਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ।” ਦੁਨੀਆਂ ਭਰ ਵਿੱਚੋਂ ਨੌਜਵਾਨਾਂ ਤੋਂ ਇਸ ਤਰ੍ਹਾਂ ਦੇ ਖ਼ਤ ਆਏ।

“ਇਸ ਨੇ ਸਾਡੀ ਭੁੱਖ ਮਿਟਾਈ”

ਯਹੋਵਾਹ ਦੇ ਗਵਾਹਾਂ ਨੇ 1999 ਵਿਚ ਨੌਜਵਾਨਾਂ ਵਾਸਤੇ ਇਕ ਹੋਰ ਫ਼ਾਇਦੇਮੰਦ ਚੀਜ਼ ਤਿਆਰ ਕੀਤੀ, ਯਾਨੀ ਅੰਗ੍ਰੇਜ਼ੀ ਵਿਚ ਨੌਜਵਾਨ ਪੁੱਛਦੇ ਹਨ—ਮੈਂ ਚੰਗੇ ਮਿੱਤਰ ਕਿਸ ਤਰ੍ਹਾਂ ਬਣਾ ਸਕਦਾ ਹਾਂ? ਨਾਂ ਦਾ ਇਕ ਵਿਡਿਓ। ਇਸ ਨੂੰ ਦੇਖਣ ਤੋਂ ਬਾਅਦ ਕਈਆਂ ਨੇ ਚਿੱਠੀਆਂ ਲਿਖੀਆਂ। ਇਕ 14 ਸਾਲਾਂ ਦੀ ਕੁੜੀ ਨੇ ਲਿਖਿਆ: “ਇਸ ਵਿਡਿਓ ਨੇ ਮੇਰੇ ਉੱਤੇ ਬਹੁਤ ਅਸਰ ਪਾਇਆ।” ਇਕ ਮਾਂ ਜੋ ਆਪਣੇ ਬੱਚਿਆਂ ਨੂੰ ਇਕੱਲੀ ਪਾਲ ਰਹੀ ਹੈ, ਨੇ ਕਿਹਾ: “ਅਸੀਂ ਇਸ ਨੂੰ ਆਪਣੀ ਬਾਈਬਲ ਸਟੱਡੀ ਵਿਚ ਬਾਕਾਇਦਾ ਵਰਤਾਂਗੇ।” ਇਕ ਔਰਤ ਨੇ ਲਿਖਿਆ: “ਇਹ ਜਾਣ ਕੇ ਸਾਡਾ ਦਿਲ ਕਿੰਨਾ ਖ਼ੁਸ਼ ਹੁੰਦਾ ਹੈ ਕਿ ਸਾਡਾ ਜਿਗਰੀ ਦੋਸਤ, ਯਹੋਵਾਹ, ਸੱਚ-ਮੁੱਚ ਆਪਣੇ ਵਿਸ਼ਵ-ਵਿਆਪੀ ਸੰਗਠਨ ਦੇ ਨੌਜਵਾਨਾਂ ਦਾ ਖ਼ਿਆਲ ਰੱਖਦਾ ਅਤੇ ਉਨ੍ਹਾਂ ਨਾਲ ਪਿਆਰ ਕਰਦਾ ਹੈ।”

ਇਸ ਵਿਡਿਓ ਦੇ ਕੀ ਨਤੀਜੇ ਨਿਕਲੇ ਹਨ? ਜਵਾਬ ਵਿਚ ਨੌਜਵਾਨ ਕਹਿੰਦੇ ਹਨ: “ਇਸ ਨੇ ਮੈਨੂੰ ਬੁਰੀ ਸੰਗਤ ਬਾਰੇ ਖ਼ਬਰਦਾਰ ਕੀਤਾ ਹੈ, ਮੈਨੂੰ ਕਲੀਸਿਯਾ ਵਿਚ ਹੋਰਨਾਂ ਨਾਲ ਗੱਲਬਾਤ ਕਰਨ ਲਈ ਪ੍ਰੇਰਿਆ ਹੈ, ਅਤੇ ਯਹੋਵਾਹ ਨੂੰ ਇਕ ਦੋਸਤ ਬਣਾਉਣ ਵਿਚ ਮੇਰੀ ਮਦਦ ਕੀਤੀ ਹੈ।” “ਇਸ ਨੂੰ ਦੇਖਣ ਤੋਂ ਬਾਅਦ ਮੈਂ ਆਪਣੇ ਹਾਣੀਆਂ ਸਾਮ੍ਹਣੇ ਹਿੰਮਤ ਦਿਖਾ ਸਕਿਆ ਹਾਂ।” “ਇਸ ਨੇ ਮੈਨੂੰ ਯਹੋਵਾਹ ਦੀ ਭਗਤੀ ਕਰਨ ਲਈ ਦ੍ਰਿੜ੍ਹ ਬਣਾਇਆ ਹੈ ਜਿਸ ਵਿਚ ਹੁਣ ਮੈਂ ਪੂਰੀ ਕੋਸ਼ਿਸ਼ ਕਰਾਂਗਾ।” ਇਕ ਵਿਆਹੁਤਾ ਜੋੜੇ ਨੇ ਲਿਖਿਆ: “ਅਸੀਂ ਤੁਹਾਡਾ ਲੱਖ-ਲੱਖ ਸ਼ੁਕਰ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਇਹ ‘ਰੋਟੀ’ ਦਿੱਤੀ ਹੈ। ਇਸ ਨੇ ਸਾਡੀ ਭੁੱਖ ਮਿਟਾਈ ਹੈ।”

ਯਹੋਵਾਹ ਵੱਲੋਂ ਮਿਲੇ ਹੋਏ ਹੁਕਮ ਅਨੁਸਾਰ, “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਉਨ੍ਹਾਂ ਸਾਰਿਆਂ ਨੂੰ ਰੂਹਾਨੀ ਭੋਜਨ ਦਿੱਤਾ ਹੈ ਜੋ ਉਸ ਨੂੰ ਕਬੂਲ ਕਰਨਾ ਚਾਹੁੰਦੇ ਹਨ। ਅਤੇ ਜਦੋਂ ਅਸੀਂ ਨੌਜਵਾਨਾਂ ਨੂੰ ਬਾਈਬਲ ਵਿੱਚੋਂ ਸਿੱਖਿਆ ਲੈ ਕੇ “ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ” ਹੋਏ ਦੇਖਦੇ ਹਾਂ ਤਾਂ ਸਾਡਾ ਜੀਅ ਕਿੰਨਾ ਖ਼ੁਸ਼ ਹੁੰਦਾ ਹੈ।