Skip to content

Skip to table of contents

ਵਾਢੀ ਦੇ ਕੰਮ ਵਿਚ ਲੱਗੇ ਰਹੋ!

ਵਾਢੀ ਦੇ ਕੰਮ ਵਿਚ ਲੱਗੇ ਰਹੋ!

ਵਾਢੀ ਦੇ ਕੰਮ ਵਿਚ ਲੱਗੇ ਰਹੋ!

“ਜਿਹੜੇ ਅੰਝੂਆਂ ਨਾਲ ਬੀਜਦੇ ਹਨ, ਓਹ ਜੈਕਾਰਿਆਂ ਨਾਲ ਵੱਢਣਗੇ।”​—ਜ਼ਬੂਰ 126:5.

1. ਅੱਜ ਸਾਨੂੰ ‘ਵਾਢੇ ਘੱਲਣ ਲਈ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਿਉਂ ਕਰਨੀ’ ਚਾਹੀਦੀ ਹੈ?

ਯਿਸੂ ਮਸੀਹ ਨੇ ਗਲੀਲ ਵਿਚ ਪ੍ਰਚਾਰ ਦੇ ਆਪਣੇ ਤੀਜੇ ਦੌਰੇ ਤੋਂ ਬਾਅਦ ਆਪਣਿਆਂ ਚੇਲਿਆਂ ਨੂੰ ਦੱਸਿਆ: “ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ।” (ਮੱਤੀ 9:37) ਯਹੂਦਿਯਾ ਬਾਰੇ ਵੀ ਇਹ ਗੱਲ ਸੱਚ ਸੀ। (ਲੂਕਾ 10:2) ਪਰ ਕੀ ਅੱਜ 2,000 ਸਾਲ ਬਾਅਦ ਵੀ ਇਹ ਗੱਲ ਸੱਚ ਹੈ? ਪਿਛਲੇ ਸੇਵਾ ਸਾਲ ਦੌਰਾਨ ਯਹੋਵਾਹ ਦੇ ਕੁਝ 60 ਲੱਖ ਗਵਾਹ ਦੁਨੀਆਂ ਦੇ 6 ਅਰਬ ਲੋਕਾਂ ਵਿਚਕਾਰ ਇਸ ਵਾਢੀ ਦੇ ਕੰਮ ਵਿਚ ਲੱਗੇ ਰਹੇ ਕਿਉਂਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ‘ਉਨ੍ਹਾਂ ਭੇਡਾਂ ਵਾਂਙੁ ਹਨ ਜਿਨ੍ਹਾਂ ਦਾ ਅਯਾਲੀ ਨਹੀਂ ਹੈ ਅਤੇ ਓਹ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਹਨ।’ ਇਸ ਲਈ ਯਿਸੂ ਦਾ ਕਹਿਣਾ ਕਿ “ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ” ਅੱਜ ਉੱਨਾ ਹੀ ਜ਼ਰੂਰੀ ਹੈ ਜਿੰਨਾ ਇਹ ਸਦੀਆਂ ਪਹਿਲਾਂ ਸੀ।​—ਮੱਤੀ 9:36, 38.

2. ਕਿਹੜੀ ਚੀਜ਼ ਸਾਨੂੰ ਦੁਨੀਆਂ ਦੀਆਂ ਨਜ਼ਰਾਂ ਵਿਚ ਲਿਆਉਂਦੀ ਹੈ?

2 ਖੇਤੀ ਦੇ ਮਾਲਕ, ਯਹੋਵਾਹ ਪਰਮੇਸ਼ੁਰ ਨੇ ਹੋਰ ਵਾਢੇ ਘੱਲਣ ਲਈ ਬੇਨਤੀ ਸੁਣੀ ਹੈ। ਅਤੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਵਾਢੀ ਦੇ ਇਸ ਕੰਮ ਵਿਚ ਹਿੱਸਾ ਲੈ ਰਹੇ ਹਾਂ! ਭਾਵੇਂ ਕਿ ਕੌਮਾਂ ਦੀ ਤੁਲਨਾ ਵਿਚ ਸਾਡੀ ਗਿਣਤੀ ਬਹੁਤ ਥੋੜ੍ਹੀ ਹੈ, ਅਸੀਂ ਦੁਨੀਆਂ ਦੀਆਂ ਨਜ਼ਰਾਂ ਵਿਚ ਰਹਿੰਦੇ ਹਾਂ ਕਿਉਂਕਿ ਅਸੀਂ ਜੋਸ਼ ਨਾਲ ਰਾਜ ਦਾ ਪ੍ਰਚਾਰ ਕਰਦੇ ਹਾਂ ਅਤੇ ਚੇਲੇ ਬਣਾਉਂਦੇ ਹਾਂ। ਕਈਆਂ ਦੇਸ਼ਾਂ ਵਿਚ ਸਾਡਾ ਜ਼ਿਕਰ ਅਕਸਰ ਟੈਲੀਵਿਯਨ, ਰੇਡੀਓ, ਅਤੇ ਅਖ਼ਬਾਰਾਂ ਵਿਚ ਕੀਤਾ ਜਾਂਦਾ ਹੈ। ਮਿਸਾਲ ਲਈ, ਜਦੋਂ ਟੈਲੀਵਿਯਨ ਦੇ ਕਿਸੇ ਡਰਾਮੇ ਵਿਚ ਬਾਹਰਲਾ ਦਰਵਾਜ਼ਾ ਖਟਖਟਾਇਆ ਜਾਂਦਾ ਹੈ, ਤਾਂ ਹੋ ਸਕਦਾ ਹੈ ਕਿ ਕੋਈ ਜਣਾ ਇਹ ਕਹੇ ਕਿ ‘ਇਹ ਤਾਂ ਯਹੋਵਾਹ ਦੇ ਗਵਾਹ ਹੀ ਹੋਣੇਆਂ।’ ਜੀ ਹਾਂ, ਇਸ 21ਵੀਂ ਸਦੀ ਵਿਚ ਵਾਢਿਆਂ ਵਜੋਂ ਸਾਡਾ ਮਸੀਹੀ ਕੰਮ ਬੜਾ ਮਸ਼ਹੂਰ ਹੈ।

3. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਪਹਿਲੀ ਸਦੀ ਵਿਚ ਰਾਜ ਦਾ ਪ੍ਰਚਾਰ ਮਸ਼ਹੂਰ ਸੀ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਦੂਤ ਸੇਵਕਾਈ ਵਿਚ ਸਾਡੀ ਮਦਦ ਕਰਦੇ ਹਨ?

3 ਪਹਿਲੀ ਸਦੀ ਵਿਚ ਵੀ ਪ੍ਰਚਾਰ ਦਾ ਕੰਮ ਮਸ਼ਹੂਰ ਸੀ ਜਿਸ ਕਰਕੇ ਖ਼ੁਸ਼ ਖ਼ਬਰੀ ਦੱਸਣ ਵਾਲਿਆਂ ਨੂੰ ਸਤਾਇਆ ਜਾਂਦਾ ਸੀ। ਇਸ ਲਈ ਪੌਲੁਸ ਰਸੂਲ ਨੇ ਲਿਖਿਆ ਸੀ: “ਮੈਂ ਤਾਂ ਸਮਝਦਾ ਹਾਂ ਭਈ ਪਰਮੇਸ਼ੁਰ ਨੇ ਅਸਾਂ ਰਸੂਲਾਂ ਨੂੰ ਸਭਨਾਂ ਤੋਂ ਛੇਕੜਲੇ ਕਰ ਕੇ ਕਤਲ ਹੋਣ ਵਾਲਿਆਂ ਵਰਗੇ ਪਰਗਟ ਕੀਤਾ ਕਿਉਂ ਜੋ ਅਸੀਂ ਜਗਤ ਅਤੇ ਦੂਤਾਂ ਅਤੇ ਮਨੁੱਖਾਂ ਦੇ ਲਈ ਇੱਕ ਤਮਾਸ਼ਾ ਬਣੇ ਹੋਏ ਹਾਂ।” (1 ਕੁਰਿੰਥੀਆਂ 4:9) ਇਸੇ ਤਰ੍ਹਾਂ ਵਿਰੋਧਤਾ ਦੇ ਬਾਵਜੂਦ ਰਾਜ ਦਾ ਪ੍ਰਚਾਰ ਕਰਦੇ ਰਹਿਣ ਲਈ ਅਸੀਂ ਦੁਨੀਆਂ ਦੀਆਂ ਨਜ਼ਰਾਂ ਵਿਚ ਆਉਂਦੇ ਹਾਂ ਅਤੇ ਦੂਤ ਵੀ ਇਸ ਦੀ ਮਹੱਤਤਾ ਸਮਝਦੇ ਹਨ। ਪਰਕਾਸ਼ ਦੀ ਪੋਥੀ 14:6 ਵਿਚ ਯੂਹੰਨਾ ਰਸੂਲ ਨੇ ਕਿਹਾ: “ਮੈਂ ਇੱਕ ਹੋਰ ਦੂਤ ਨੂੰ ਸਦੀਪਕਾਲ ਦੀ ਇੰਜੀਲ ਨਾਲ ਅਕਾਸ਼ ਵਿੱਚ ਉੱਡਦਿਆਂ ਡਿੱਠਾ ਭਈ ਧਰਤੀ ਦੇ ਵਾਸੀਆਂ ਨੂੰ ਅਤੇ ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ ਨੂੰ ਖੁਸ਼ ਖਬਰੀ ਸੁਣਾਵੇ।” ਜੀ ਹਾਂ, ਦੂਤ ਵੀ ਵਾਢੀ ਦੇ ਕੰਮ ਵਿਚ ਸਾਡੀ ਮਦਦ ਕਰਦੇ ਹਨ!—ਇਬਰਾਨੀਆਂ 1:13, 14.

“ਲੋਕ ਤੁਹਾਡੇ ਨਾਲ ਵੈਰ ਰੱਖਣਗੇ”

4, 5. (ੳ) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀ ਚੇਤਾਵਨੀ ਦਿੱਤੀ ਸੀ? (ਅ) ਅੱਜ ਲੋਕ ਯਹੋਵਾਹ ਦੇ ਸੇਵਕਾਂ ਨਾਲ ਵੈਰ ਕਿਉਂ ਰੱਖਦੇ ਹਨ?

4 ਜਦੋਂ ਯਿਸੂ ਦੇ ਰਸੂਲਾਂ ਨੂੰ ਵਾਢੀ ਦੇ ਕੰਮ ਲਈ ਘੱਲਿਆ ਗਿਆ ਸੀ, ਤਾਂ ਉਹ ਉਸ ਦੀ ਹਿਦਾਇਤ ਅਨੁਸਾਰ “ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ” ਬਣੇ ਸਨ। ਯਿਸੂ ਨੇ ਉਨ੍ਹਾਂ ਨੂੰ ਅੱਗੇ ਕਿਹਾ ਸੀ: “ਮਨੁੱਖਾਂ ਤੋਂ ਚੌਕਸ ਰਹੋ ਕਿਉਂ ਜੋ ਓਹ ਤੁਹਾਨੂੰ ਮਜਲਿਸਾਂ ਦੇ ਹਵਾਲੇ ਕਰਨਗੇ ਅਤੇ ਆਪਣੀਆਂ ਸਮਾਜਾਂ ਵਿੱਚ ਤੁਹਾਨੂੰ ਕੋਰੜੇ ਮਾਰਨਗੇ। ਅਤੇ ਤੁਸੀਂ ਮੇਰੇ ਕਾਰਨ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਹਾਜਰ ਕੀਤੇ ਜਾਓਗੇ ਜੋ ਉਨ੍ਹਾਂ ਉੱਤੇ ਅਰ ਪਰਾਈਆਂ ਕੌਮਾਂ ਉੱਤੇ ਸਾਖੀ ਹੋਵੇ। . . . ਅਤੇ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।”​—ਮੱਤੀ 10:16-22.

5 ਲੋਕ ਸਾਡੇ ਨਾਲ ਵੈਰ ਕਿਉਂ ਰੱਖਦੇ ਹਨ? ਕਿਉਂਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ,” ਯਾਨੀ ਸ਼ਤਾਨ ਦੇ ਵੱਸ ਵਿਚ ਜੋ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ। (1 ਯੂਹੰਨਾ 5:19) ਸਾਡੇ ਦੁਸ਼ਮਣ ਸਾਡੀ ਰੂਹਾਨੀ ਖ਼ੁਸ਼ਹਾਲੀ ਦੇਖਦੇ ਹਨ ਪਰ ਉਹ ਇਹ ਨਹੀਂ ਮੰਨਣਾ ਚਾਹੁੰਦੇ ਕਿ ਇਹ ਯਹੋਵਾਹ ਤੋਂ ਹੈ। ਵਿਰੋਧੀ ਸਾਡੇ ਮੁਸਕਰਾਉਂਦੇ ਚਿਹਰੇ ਦੇਖਦੇ ਹਨ ਜਦੋਂ ਅਸੀਂ ਵਾਢੀ ਦੇ ਕੰਮ ਵਿਚ ਜਾਂਦੇ ਹਾਂ। ਸ਼ਾਇਦ ਉਨ੍ਹਾਂ ਨੇ ਕਿਸੇ ਹੋਰ ਮੁਲਕ ਵਿਚ ਵੀ ਯਹੋਵਾਹ ਦੇ ਗਵਾਹਾਂ ਨੂੰ ਉਹੀ ਕੰਮ ਕਰਦੇ ਦੇਖਿਆ ਹੋਵੇ ਜੋ ਉਨ੍ਹਾਂ ਦੇ ਆਪਣੇ ਮੁਲਕ ਵਿਚ ਹੋ ਰਿਹਾ ਹੈ। ਇਸ ਤਰ੍ਹਾਂ ਦੀ ਏਕਤਾ ਦੇਖ ਕੇ ਉਹ ਹੈਰਾਨ ਹੁੰਦੇ ਹਨ। ਸਾਨੂੰ ਪਤਾ ਹੈ ਕਿ ਉਹ ਸਮਾਂ ਆਵੇਗਾ ਜਦੋਂ ਸਾਡੇ ਦੁਸ਼ਮਣ ਵੀ ਜਾਣਨਗੇ ਕਿ ਸਾਡੀ ਏਕਤਾ ਦੇ ਪਿੱਛੇ ਯਹੋਵਾਹ ਦਾ ਹੀ ਹੱਥ ਹੈ।​—ਹਿਜ਼ਕੀਏਲ 38:10-12, 23.

6. ਵਾਢੀ ਦੇ ਕੰਮ ਬਾਰੇ ਸਾਨੂੰ ਕਿਹੜਾ ਭਰੋਸਾ ਹੈ, ਪਰ ਕਿਹੜਾ ਸਵਾਲ ਪੈਦਾ ਹੁੰਦਾ ਹੈ?

6 ਖੇਤੀ ਦੇ ਮਾਲਕ ਨੇ ਆਪਣੇ ਪੁੱਤਰ ਯਿਸੂ ਮਸੀਹ ਨੂੰ “ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ” ਦਿੱਤਾ ਹੈ। (ਮੱਤੀ 28:18) ਇਸ ਤਰ੍ਹਾਂ ਯਹੋਵਾਹ ਯਿਸੂ ਨੂੰ ਵਾਢੀ ਦੇ ਕੰਮ ਦੀ ਅਗਵਾਈ ਕਰਨ ਲਈ ਵਰਤ ਰਿਹਾ ਹੈ ਜੋ ਕੰਮ ਸਵਰਗੀ ਦੂਤਾਂ ਅਤੇ ਧਰਤੀ ਉੱਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਕੀਤਾ ਜਾ ਰਿਹਾ ਹੈ। (ਮੱਤੀ 24:45-47; ਪਰਕਾਸ਼ ਦੀ ਪੋਥੀ 14:6, 7) ਪਰ ਅਸੀਂ ਦੁਸ਼ਮਣਾਂ ਦੀ ਵਿਰੋਧਤਾ ਸਹਿਣ ਦੇ ਨਾਲ-ਨਾਲ ਵਾਢੀ ਦੇ ਕੰਮ ਵਿਚ ਖ਼ੁਸ਼ੀ ਨਾਲ ਕਿਵੇਂ ਲੱਗੇ ਰਹਿ ਸਕਦੇ ਹਾਂ?

7. ਜਦੋਂ ਸਾਨੂੰ ਵਿਰੋਧੀ ਸਤਾਉਂਦੇ ਹਨ, ਤਾਂ ਸਾਡਾ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਹੈ?

7 ਜਦੋਂ ਸਾਨੂੰ ਵਿਰੋਧੀ ਸਤਾਉਂਦੇ ਹਨ, ਤਾਂ ਸਾਨੂੰ ਪਰਮੇਸ਼ੁਰ ਤੋਂ ਮਦਦ ਮੰਗਣੀ ਚਾਹੀਦੀ ਹੈ ਤਾਂਕਿ ਅਸੀਂ ਪੌਲੁਸ ਵਰਗਾ ਰਵੱਈਆ ਅਪਣਾ ਸਕੀਏ। ਉਸ ਨੇ ਲਿਖਿਆ: “ਅਸੀਂ ਗਾਲੀਆਂ ਖਾ ਕੇ ਅਸੀਸ ਦਿੰਦੇ ਹਾਂ। ਜਾਂ ਸਾਨੂੰ ਸਤਾਉਂਦੇ ਹਨ ਤਾਂ ਅਸੀਂ ਸਹਿੰਦੇ ਹਾਂ। ਜਾਂ ਸਾਡੀ ਨਿੰਦਿਆ ਕਰਦੇ ਹਨ ਤਾਂ ਅਸੀਂ ਬੇਨਤੀ ਕਰਦੇ ਹਾਂ।” (1 ਕੁਰਿੰਥੀਆਂ 4:12, 13) ਇਸ ਤਰ੍ਹਾਂ ਅਸੀਂ ਸੇਵਕਾਈ ਵਿਚ ਤਮੀਜ਼ ਅਤੇ ਲਿਹਾਜ਼ ਨਾਲ ਆਪਣੇ ਵਿਰੋਧੀਆਂ ਦਾ ਰਵੱਈਆ ਬਦਲ ਸਕਦੇ ਹਾਂ।

8. ਮੱਤੀ 10:28 ਵਿਚ ਤੁਹਾਨੂੰ ਯਿਸੂ ਦੇ ਸ਼ਬਦਾਂ ਤੋਂ ਕਿਹੜਾ ਹੌਸਲਾ ਮਿਲਦਾ ਹੈ?

8 ਮੌਤ ਦੀ ਧਮਕੀ ਵੀ ਵਾਢਿਆਂ ਦੇ ਜੋਸ਼ ਨੂੰ ਠੰਢਾ ਨਹੀਂ ਕਰਦੀ। ਜਿੱਥੇ ਹੋ ਸਕੇ ਅਸੀਂ ਨਿਡਰਤਾ ਨਾਲ ਰਾਜ ਦਾ ਪ੍ਰਚਾਰ ਖੁੱਲ੍ਹੇ-ਆਮ ਕਰਦੇ ਹਾਂ। ਸਾਨੂੰ ਯਿਸੂ ਦੇ ਸ਼ਬਦਾਂ ਤੋਂ ਹੌਸਲਾ ਮਿਲਦਾ ਹੈ: “ਤੁਸੀਂ ਉਹਨਾਂ ਤੋਂ ਨਾ ਡਰੋ ਜੋ ਕੇਵਲ ਸਰੀਰ ਨੂੰ ਹੀ ਮਾਰ ਸਕਦੇ ਹਨ, ਪਰ ਪ੍ਰਾਣ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਹਨ। ਹਾਂ, ਪਰਮੇਸ਼ੁਰ ਤੋਂ ਜ਼ਰੂਰ ਡਰੋ, ਜੋ ਸਰੀਰ ਅਤੇ ਪ੍ਰਾਣ ਦੋਹਾਂ ਦਾ [ਗ਼ਹੈਨਾ] ਵਿਚ ਨਾਸ਼ ਕਰ ਸਕਦਾ ਹੈ।” (ਮੱਤੀ 10:28, ਪਵਿੱਤਰ ਬਾਈਬਲ ਨਵਾਂ ਅਨੁਵਾਦ) ਅਸੀਂ ਜਾਣਦੇ ਹਾਂ ਕਿ ਸਾਡਾ ਸਵਰਗੀ ਪਿਤਾ ਜੀਵਨ-ਦਾਤਾ ਹੈ। ਉਹ ਉਨ੍ਹਾਂ ਨੂੰ ਫਲ ਦਿੰਦਾ ਹੈ ਜੋ ਆਪਣੀ ਖਰਿਆਈ ਬਣਾਈ ਰੱਖਦੇ ਹਨ ਅਤੇ ਵਫ਼ਾਦਾਰੀ ਨਾਲ ਵਾਢੀ ਦੇ ਕੰਮ ਵਿਚ ਲੱਗੇ ਰਹਿੰਦੇ ਹਨ।

ਜਾਨ ਬਚਾਉਣ ਵਾਲਾ ਸੰਦੇਸ਼

9. ਕੁਝ ਲੋਕ ਹਿਜ਼ਕੀਏਲ ਦੇ ਸੰਦੇਸ਼ ਬਾਰੇ ਕੀ ਸੋਚਦੇ ਸਨ, ਅਤੇ ਅੱਜ ਅਜਿਹਾ ਕੁਝ ਕਿਵੇਂ ਹੋ ਰਿਹਾ ਹੈ?

9 ਜਦੋਂ ਹਿਜ਼ਕੀਏਲ ਨਬੀ ਨੇ ਦਲੇਰੀ ਨਾਲ ਇਸਰਾਏਲ ਅਤੇ ਯਹੂਦਾਹ ਦੀਆਂ “ਆਕੀਆਂ ਕੌਮਾਂ” ਨੂੰ ਯਹੋਵਾਹ ਦਾ ਸੰਦੇਸ਼ ਸੁਣਾਇਆ ਸੀ, ਤਾਂ ਕੁਝ ਲੋਕਾਂ ਨੇ ਉਸ ਦੀ ਗੱਲ ਸੁਣਨੀ ਪਸੰਦ ਕੀਤੀ ਸੀ। (ਹਿਜ਼ਕੀਏਲ 2:3) ਯਹੋਵਾਹ ਨੇ ਕਿਹਾ: “ਵੇਖ, ਤੂੰ ਉਨ੍ਹਾਂ ਦੇ ਲਈ ਇੱਕ ਪਿਆਰੇ ਰਾਗ ਵਰਗਾ ਹੈਂ ਜਿਹੜਾ ਰਸੀਲੀ ਅਵਾਜ਼ ਵਾਲਾ ਅਤੇ ਸਾਜ਼ ਬਜਾਉਣ ਵਿੱਚ ਚੰਗਾ ਹੋਵੇ।” (ਹਿਜ਼ਕੀਏਲ 33:32) ਭਾਵੇਂ ਕਿ ਉਨ੍ਹਾਂ ਨੂੰ ਹਿਜ਼ਕੀਏਲ ਦੇ ਸ਼ਬਦ ਪਸੰਦ ਸਨ, ਉਹ ਉਨ੍ਹਾਂ ਦੇ ਅਨੁਸਾਰ ਨਹੀਂ ਚੱਲੇ ਸਨ। ਕੀ ਅੱਜ ਵੀ ਇਸ ਤਰ੍ਹਾਂ ਹੋ ਰਿਹਾ ਹੈ? ਜਦੋਂ ਮਸਹ ਕੀਤਾ ਹੋਇਆ ਬਕੀਆ ਅਤੇ ਉਸ ਦੇ ਸਾਥੀ ਹਿੰਮਤ ਨਾਲ ਯਹੋਵਾਹ ਦਾ ਸੰਦੇਸ਼ ਸੁਣਾਉਂਦੇ ਹਨ, ਤਾਂ ਕੁਝ ਲੋਕ ਰਾਜ ਦੀਆਂ ਬਰਕਤਾਂ ਬਾਰੇ ਸੁਣਨਾ ਤਾਂ ਚਾਹੁੰਦੇ ਹਨ ਪਰ ਉਹ ਇਸ ਸੰਦੇਸ਼ ਦੀ ਪੂਰੀ ਤਰ੍ਹਾਂ ਕਦਰ ਨਹੀਂ ਕਰਦੇ। ਉਹ ਇਸ ਸੰਦੇਸ਼ ਅਨੁਸਾਰ ਚੱਲ ਕੇ ਚੇਲੇ ਨਹੀਂ ਬਣਦੇ ਅਤੇ ਵਾਢੀ ਦੇ ਕੰਮ ਵਿਚ ਹਿੱਸਾ ਨਹੀਂ ਲੈਂਦੇ।

10, 11. ਵੀਹਵੀਂ ਸਦੀ ਦੇ ਪਹਿਲੇ ਹਿੱਸੇ ਵਿਚ, ਜਾਨ ਬਚਾਉਣ ਵਾਲੇ ਸੰਦੇਸ਼ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਕੀ ਕੀਤਾ ਗਿਆ ਸੀ ਅਤੇ ਇਸ ਦੇ ਨਤੀਜੇ ਕੀ ਨਿਕਲੇ ਸਨ?

10 ਦੂਸਰੇ ਪਾਸੇ, ਕਈਆਂ ਨੇ ਵਾਢੀ ਦੇ ਕੰਮ ਵਿਚ ਹਿੱਸਾ ਲੈ ਕੇ ਪਰਮੇਸ਼ੁਰ ਦਾ ਸੰਦੇਸ਼ ਸੁਣਾਇਆ ਹੈ। ਮਿਸਾਲ ਲਈ 1922 ਤੋਂ 1928 ਦੇ ਕੁਝ ਮਸੀਹੀ ਸੰਮੇਲਨਾਂ ਵਿਚ ਸ਼ਤਾਨ ਦੀ ਦੁਸ਼ਟ ਦੁਨੀਆਂ ਵਿਰੁੱਧ ਖ਼ਾਸ ਭਾਸ਼ਣ ਦਿੱਤੇ ਗਏ ਸਨ। ਇਨ੍ਹਾਂ ਸੰਮੇਲਨਾਂ ਤੇ ਪੇਸ਼ ਕੀਤੇ ਗਏ ਇਹ ਭਾਸ਼ਣ ਰੇਡੀਓ ਤੋਂ ਪ੍ਰਸਾਰਿਤ ਕੀਤੇ ਗਏ ਸਨ। ਇਸ ਤੋਂ ਬਾਅਦ, ਪਰਮੇਸ਼ੁਰ ਦਿਆਂ ਲੋਕਾਂ ਨੇ ਇਨ੍ਹਾਂ ਭਾਸ਼ਣਾਂ ਦੀਆਂ ਲੱਖਾਂ ਹੀ ਕਾਪੀਆਂ ਛਾਪ ਕੇ ਵੰਡੀਆਂ ਸਨ।

11 ਉੱਨੀ ਸੌ ਤੀਹ ਦੇ ਦਹਾਕੇ ਵਿਚ ਜਲੂਸ ਕੱਢਣ ਰਾਹੀਂ ਪ੍ਰਚਾਰ ਕਰਨ ਦਾ ਇਕ ਨਵਾਂ ਤਰੀਕਾ ਅਪਣਾਇਆ ਗਿਆ ਸੀ। ਪਹਿਲਾਂ-ਪਹਿਲਾਂ ਯਹੋਵਾਹ ਦੇ ਲੋਕ ਪਬਲਿਕ ਭਾਸ਼ਣ ਐਲਾਨ ਕਰਨ ਲਈ ਇਸ਼ਤਿਹਾਰ-ਤਖ਼ਤੀਆਂ ਗਲੇ ਵਿਚ ਪਾ ਕੇ ਘੁੰਮਦੇ ਹੁੰਦੇ ਸਨ। ਬਾਅਦ ਵਿਚ ਉਹ ਅਜਿਹੇ ਇਸ਼ਤਿਹਾਰ ਲੈ ਕੇ ਜਲੂਸ ਕੱਢਦੇ ਸਨ ਜਿਨ੍ਹਾਂ ਤੇ ਲਿਖਿਆ ਹੋਇਆ ਸੀ: “ਧਰਮ ਇਕ ਫੰਧਾ ਅਤੇ ਧੰਦਾ ਹੈ” ਅਤੇ “ਪਰਮੇਸ਼ੁਰ ਅਤੇ ਮਸੀਹਾਈ ਰਾਜੇ ਦੀ ਸੇਵਾ ਕਰੋ।” ਇਸ ਤਰ੍ਹਾਂ ਸੜਕਾਂ ਉੱਤੇ ਚੱਲਦੇ-ਫਿਰਦੇ ਹੋਏ ਉਨ੍ਹਾਂ ਨੇ ਲੋਕਾਂ ਦਾ ਧਿਆਨ ਖਿੱਚਿਆ। ਲੰਡਨ, ਇੰਗਲੈਂਡ ਦੀਆਂ ਸੜਕਾਂ ਉੱਤੇ ਇਸ ਕੰਮ ਵਿਚ ਲਗਾਤਾਰ ਹਿੱਸਾ ਲੈਣ ਵਾਲੇ ਇਕ ਭਰਾ ਨੇ ਕਿਹਾ ਕਿ ‘ਇਸ ਕੰਮ ਰਾਹੀਂ ਯਹੋਵਾਹ ਦੇ ਗਵਾਹ ਕਾਫ਼ੀ ਮਸ਼ਹੂਰ ਹੋਏ ਅਤੇ ਉਨ੍ਹਾਂ ਦਾ ਹੌਸਲਾ ਕਾਫ਼ੀ ਵਧਿਆ।

12. ਪਰਮੇਸ਼ੁਰ ਦੀ ਸਜ਼ਾ ਬਾਰੇ ਸੰਦੇਸ਼ ਐਲਾਨ ਕਰਨ ਤੋਂ ਇਲਾਵਾ ਅਸੀਂ ਆਪਣੀ ਸੇਵਕਾਈ ਵਿਚ ਹੋਰ ਕੀ ਕੁਝ ਦੱਸਦੇ ਹਾਂ, ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਕੌਣ-ਕੌਣ ਇਕੱਠੇ ਕੰਮ ਕਰਦੇ ਹਨ?

12 ਪਰਮੇਸ਼ੁਰ ਦੀ ਸਜ਼ਾ ਬਾਰੇ ਸੰਦੇਸ਼ ਐਲਾਨ ਕਰਨ ਤੋਂ ਇਲਾਵਾ ਅਸੀਂ ਰਾਜ ਦੀਆਂ ਬਰਕਤਾਂ ਬਾਰੇ ਵੀ ਦੱਸਦੇ ਹਾਂ। ਦੁਨੀਆਂ ਸਾਮ੍ਹਣੇ ਦਿੱਤੀ ਗਈ ਸਾਡੀ ਦਲੇਰ ਗਵਾਹੀ ਲਾਇਕ ਲੋਕ ਲੱਭਣ ਵਿਚ ਸਾਡੀ ਮਦਦ ਕਰਦੀ ਹੈ। (ਮੱਤੀ 10:11) ਮਸਹ ਕੀਤੇ ਹੋਇਆਂ ਦੇ ਛੇਕੜਲੇ ਮੈਂਬਰਾਂ ਨੇ 1920 ਅਤੇ 1930 ਦੇ ਦਹਾਕਿਆਂ ਦੌਰਾਨ ਵਾਢੀ ਕਰਨ ਦਾ ਸੱਦਾ ਸਵੀਕਾਰ ਕੀਤਾ ਸੀ। ਫਿਰ 1935 ਦੇ ਇਕ ਸੰਮੇਲਨ ਵਿਚ ‘ਹੋਰ ਭੇਡਾਂ’ ਦੀ “ਇੱਕ ਵੱਡੀ ਭੀੜ” ਬਾਰੇ ਦੱਸਿਆ ਗਿਆ ਸੀ ਜਿਨ੍ਹਾਂ ਨੂੰ ਫਿਰਦੌਸ ਵਿਚ ਬਰਕਤਾਂ ਮਿਲਣਗੀਆਂ। (ਯੂਹੰਨਾ 10:16; ਪਰਕਾਸ਼ ਦੀ ਪੋਥੀ 7:9) ਇਹ ਇਕ ਵਧੀਆ ਖ਼ਬਰ ਸੀ! ਵੱਡੀ ਭੀੜ ਦਿਆਂ ਲੋਕਾਂ ਨੇ ਪਰਮੇਸ਼ੁਰ ਦੀ ਸਜ਼ਾ ਬਾਰੇ ਸੰਦੇਸ਼ ਵੱਲ ਧਿਆਨ ਦਿੱਤਾ ਹੈ ਅਤੇ ਮਸਹ ਕੀਤੇ ਹੋਇਆਂ ਨਾਲ ਉਹ ਜਾਨ ਬਚਾਉਣ ਵਾਲੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ।

13, 14. (ੳ) ਸਾਨੂੰ ਜ਼ਬੂਰ 126:5, 6 ਤੋਂ ਕਿਹੜਾ ਦਿਲਾਸਾ ਮਿਲ ਸਕਦਾ ਹੈ? (ਅ) ਜੇ ਅਸੀਂ ਬੀਜਦੇ ਅਤੇ ਸਿੰਜਦੇ ਰਹੀਏ ਤਾਂ ਕੀ ਹੋਵੇਗਾ?

13 ਵਾਢੀ ਕਰਨ ਵਾਲਿਆਂ ਨੂੰ ਜ਼ਬੂਰ 126:5, 6 ਤੋਂ ਬਹੁਤ ਦਿਲਾਸਾ ਮਿਲਦਾ ਹੈ, ਖ਼ਾਸ ਕਰਕੇ ਉਨ੍ਹਾਂ ਨੂੰ ਜੋ ਸਤਾਏ ਜਾਂਦੇ ਹਨ: “ਜਿਹੜੇ ਅੰਝੂਆਂ ਨਾਲ ਬੀਜਦੇ ਹਨ, ਓਹ ਜੈਕਾਰਿਆਂ ਨਾਲ ਵੱਢਣਗੇ। ਜਿਹੜਾ ਬੀਜਣ ਲਈ ਬੀ ਚੁੱਕ ਕੇ ਰੋਂਦਿਆਂ ਜਾਂਦਾ ਹੈ, ਉਹ ਜ਼ਰੂਰ ਜੈਕਾਰਿਆਂ ਨਾਲ ਭਰੀਆਂ ਚੁੱਕ ਕੇ ਆਵੇਗਾ!” ਬੀਜਣ ਅਤੇ ਵੱਢਣ ਬਾਰੇ ਜ਼ਬੂਰ ਲਿਖਣ ਵਾਲੇ ਦੇ ਸ਼ਬਦ ਦਿਖਾਉਂਦੇ ਹਨ ਕਿ ਪ੍ਰਾਚੀਨ ਬਾਬਲ ਦੀ ਗ਼ੁਲਾਮੀ ਵਿੱਚੋਂ ਮੁੜਨ ਵਾਲੇ ਬਕੀਏ ਉੱਤੇ ਯਹੋਵਾਹ ਦੀ ਨਿਗਰਾਨੀ ਅਤੇ ਬਰਕਤ ਸੀ। ਆਜ਼ਾਦੀ ਪਾ ਕੇ ਉਹ ਬਹੁਤ ਖ਼ੁਸ਼ ਸਨ, ਪਰ ਉਹ ਸ਼ਾਇਦ 70 ਸਾਲਾਂ ਲਈ ਅਣਵਾਹੀ ਅਤੇ ਵਿਰਾਨ ਪਈ ਰਹੀ ਜ਼ਮੀਨ ਵਿਚ ਬੀ ਬੀਜਦੇ ਹੋਏ ਰੋਏ ਹੋਣ। ਪਰ, ਬੀਜਣ ਅਤੇ ਉਸਾਰੀ ਦਾ ਕੰਮ ਕਰਨ ਵਾਲਿਆਂ ਨੇ ਆਪਣੀ ਮਿਹਨਤ ਤੋਂ ਫਲ ਅਤੇ ਸੰਤੁਸ਼ਟੀ ਪਾਈ।

14 ਸੱਚਾਈ ਦੇ ਕਾਰਨ ਜਦੋਂ ਅਸੀਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਾਂ ਜਾਂ ਸਾਡੇ ਭੈਣ-ਭਰਾ ਦੁੱਖ ਝੱਲਦੇ ਹਨ ਅਸੀਂ ਸ਼ਾਇਦ ਅੰਝੂ ਵਹਾਈਏ। (1 ਪਤਰਸ 3:14) ਪ੍ਰਚਾਰ ਦੇ ਕੰਮ ਵਿਚ ਸਾਡੀ ਮਿਹਨਤ ਦਾ ਫਲ ਨਾ ਦਿੱਸਣ ਕਰਕੇ ਸ਼ਾਇਦ ਸਾਨੂੰ ਪਹਿਲਾਂ-ਪਹਿਲਾਂ ਵਾਢੀ ਕਰਨੀ ਔਖੀ ਲੱਗੇ। ਪਰ ਜੇ ਅਸੀਂ ਬੀਜਦੇ ਅਤੇ ਸਿੰਜਦੇ ਰਹਾਂਗੇ ਤਾਂ ਪਰਮੇਸ਼ੁਰ ਫਲ ਵਧਾਏਗਾ, ਅਤੇ ਇਹ ਵਾਧਾ ਸ਼ਾਇਦ ਸਾਡੀ ਉਮੀਦ ਤੋਂ ਵੀ ਜ਼ਿਆਦਾ ਹੋਵੇ। (1 ਕੁਰਿੰਥੀਆਂ 3:6) ਇਸ ਗੱਲ ਦਾ ਸਬੂਤ ਬਾਈਬਲ ਅਤੇ ਹੋਰ ਪ੍ਰਕਾਸ਼ਨ ਵੰਡਣ ਦੇ ਨਤੀਜਿਆਂ ਤੋਂ ਮਿਲਦਾ ਹੈ।

15. ਵਾਢੀ ਦੇ ਕੰਮ ਵਿਚ ਮਸੀਹੀ ਪ੍ਰਕਾਸ਼ਨ ਵਰਤਣ ਦਾ ਫ਼ਾਇਦਾ ਦਿਖਾਉਣ ਲਈ ਇਕ ਮਿਸਾਲ ਦਿਓ।

15 ਜਿਮ ਨਾਂ ਦੇ ਇਕ ਬੰਦੇ ਦੀ ਮਿਸਾਲ ਉੱਤੇ ਗੌਰ ਕਰੋ। ਆਪਣੀ ਮਾਂ ਦੀ ਮੌਤ ਹੋਣ ਤੋਂ ਬਾਅਦ ਉਸ ਨੂੰ ਉਸ ਦੀਆਂ ਚੀਜ਼ਾਂ ਵਿਚ ਅੰਗ੍ਰੇਜ਼ੀ ਦੀ ਇਕ ਕਿਤਾਬ ਮਿਲੀ ਜਿਸ ਦਾ ਨਾਂ ਸੀ ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? * ਉਸ ਨੇ ਇਸ ਨੂੰ ਬੜੇ ਧਿਆਨ ਨਾਲ ਪੜ੍ਹਿਆ। ਫਿਰ ਸੜਕ ਤੇ ਉਹ ਨੂੰ ਇਕ ਗਵਾਹ ਮਿਲੀ ਅਤੇ ਗੱਲਬਾਤ ਕਰਨ ਤੋਂ ਬਾਅਦ ਜਿਮ ਗਵਾਹਾਂ ਨਾਲ ਦੁਬਾਰਾ ਮੁਲਾਕਾਤ ਕਰਨ ਲਈ ਰਾਜ਼ੀ ਹੋਇਆ ਅਤੇ ਨਤੀਜੇ ਵਜੋਂ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਗਈ। ਜਿਮ ਨੇ ਬਹੁਤ ਜਲਦੀ ਰੂਹਾਨੀ ਤਰੱਕੀ ਕੀਤੀ ਅਤੇ ਉਸ ਨੇ ਆਪਣਾ ਜੀਵਨ ਯਹੋਵਾਹ ਨੂੰ ਦੇ ਕੇ ਬਪਤਿਸਮਾ ਲੈ ਲਿਆ। ਉਸ ਨੇ ਆਪਣੇ ਪਰਿਵਾਰ ਦੇ ਹੋਰ ਜੀਆਂ ਨੂੰ ਵੀ ਬਾਈਬਲ ਦੀਆਂ ਸੱਚਾਈਆਂ ਦੱਸੀਆਂ। ਸਿੱਟੇ ਵਜੋਂ ਉਸ ਦੀ ਭੈਣ ਅਤੇ ਭਰਾ ਵੀ ਯਹੋਵਾਹ ਦੇ ਗਵਾਹ ਬਣ ਗਏ, ਅਤੇ ਬਾਅਦ ਵਿਚ ਜਿਮ ਨੂੰ ਲੰਡਨ ਬੈਥਲ ਵਿਚ ਸੇਵਾ ਕਰਨ ਦਾ ਸਨਮਾਨ ਮਿਲਿਆ।

ਸਤਾਏ ਜਾਣ ਦੇ ਬਾਵਜੂਦ ਖ਼ੁਸ਼

16. (ੳ) ਵਾਢੀ ਦੇ ਕੰਮ ਵਿਚ ਸਾਨੂੰ ਸਫ਼ਲਤਾ ਕਿਉਂ ਮਿਲੀ ਹੈ? (ਅ) ਯਿਸੂ ਨੇ ਖ਼ੁਸ਼ ਖ਼ਬਰੀ ਬਾਰੇ ਕਿਹੜੀ ਚੇਤਾਵਨੀ ਦਿੱਤੀ ਸੀ ਪਰ ਸਾਨੂੰ ਲੋਕਾਂ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ?

16 ਵਾਢੀ ਦਾ ਕੰਮ ਸਫ਼ਲ ਕਿਉਂ ਹੋ ਰਿਹਾ ਹੈ? ਕਿਉਂਕਿ ਮਸਹ ਕੀਤੇ ਹੋਏ ਮਸੀਹੀ ਅਤੇ ਉਨ੍ਹਾਂ ਦੇ ਸਾਥੀ ਯਿਸੂ ਦੀਆਂ ਹਿਦਾਇਤਾਂ ਅਨੁਸਾਰ ਚੱਲਦੇ ਹਨ: “ਜੋ ਕੁਝ ਮੈਂ ਤੁਹਾਨੂੰ ਅਨ੍ਹੇਰੇ ਵਿੱਚ ਦੱਸਾਂ ਤੁਸੀਂ ਉਹ ਨੂੰ ਚਾਨਣ ਵਿੱਚ ਆਖੋ ਅਤੇ ਜੋ ਕੁਝ ਤੁਸੀਂ ਕੰਨਾਂ ਵਿੱਚ ਸੁਣਦੇ ਹੋ ਕੋਠਿਆਂ ਉੱਤੇ ਉਹ ਦਾ ਪਰਚਾਰ ਕਰੋ।” (ਮੱਤੀ 10:27) ਪਰ ਅਸੀਂ ਜਾਣਦੇ ਹਾਂ ਕਿ ਸਾਡੇ ਉੱਤੇ ਔਕੜਾਂ ਆਉਣਗੀਆਂ ਕਿਉਂਕਿ ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ “ਭਾਈ ਭਾਈ ਨੂੰ ਅਤੇ ਪਿਉ ਪੁੱਤ੍ਰ ਨੂੰ ਮੌਤ ਲਈ ਫੜਵਾਏਗਾ ਅਤੇ ਬਾਲਕ ਆਪਣੇ ਮਾਪਿਆਂ ਦੇ ਵਿਰੁੱਧ ਉੱਠ ਖੜੇ ਹੋਣਗੇ ਅਤੇ ਉਨ੍ਹਾਂ ਨੂੰ ਮਰਵਾ ਸੁੱਟਣਗੇ।” ਯਿਸੂ ਨੇ ਅੱਗੇ ਕਿਹਾ: “ਇਹ ਨਾ ਸਮਝੋ ਭਈ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ। ਮੇਲ ਕਰਾਉਣ ਨਹੀਂ ਸਗੋਂ ਤਲਵਾਰ ਚਲਾਉਣ ਆਇਆ ਹਾਂ।” (ਮੱਤੀ 10:21, 34) ਯਿਸੂ ਜਾਣ-ਬੁੱਝ ਕੇ ਪਰਿਵਾਰਾਂ ਵਿਚ ਫੁੱਟ ਨਹੀਂ ਪਾਉਣੀ ਚਾਹੁੰਦਾ ਸੀ। ਪਰ ਉਹ ਜਾਣਦਾ ਸੀ ਕਿ ਸਾਰੇ ਜਣੇ ਖ਼ੁਸ਼ ਖ਼ਬਰੀ ਨੂੰ ਸਵੀਕਾਰ ਨਹੀਂ ਕਰਨਗੇ। ਅੱਜ ਵੀ ਇਹ ਪਰਮੇਸ਼ੁਰ ਦੇ ਸੇਵਕਾਂ ਬਾਰੇ ਸੱਚ ਹੈ। ਜਦੋਂ ਅਸੀਂ ਪਰਿਵਾਰਾਂ ਨੂੰ ਮਿਲਦੇ ਹਾਂ ਤਾਂ ਅਸੀਂ ਉਨ੍ਹਾਂ ਵਿਚ ਕੋਈ ਫੁੱਟ ਨਹੀਂ ਪਾਉਣੀ ਚਾਹੁੰਦੇ। ਸਗੋਂ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਣੇ ਖ਼ੁਸ਼ ਖ਼ਬਰੀ ਸਵੀਕਾਰ ਕਰਨ। ਇਸ ਲਈ ਅਸੀਂ ਹਮਦਰਦੀ ਦਿਖਾਉਂਦੇ ਹੋਏ ਪਰਿਵਾਰ ਦੇ ਸਾਰਿਆਂ ਜੀਆਂ ਨਾਲ ਪਿਆਰ ਨਾਲ ਪੇਸ਼ ਆਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂਕਿ ਸਾਡਾ ਸੰਦੇਸ਼ ਉਨ੍ਹਾਂ ਨੂੰ ਪਸੰਦ ਆਵੇ ਜੋ “ਸਦੀਪਕ ਜੀਉਣ ਲਈ ਠਹਿਰਾਏ ਗਏ” ਹਨ।—ਰਸੂਲਾਂ ਦੇ ਕਰਤੱਬ 13:48.

17. ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਸਵੀਕਾਰ ਕਰਨ ਵਾਲੇ ਦੁਨੀਆਂ ਤੋਂ ਅਲੱਗ ਕਿਵੇਂ ਹਨ ਅਤੇ ਇਸ ਦੀ ਇਕ ਮਿਸਾਲ ਕੀ ਹੈ?

17 ਰਾਜ ਦਾ ਸੰਦੇਸ਼ ਉਨ੍ਹਾਂ ਲੋਕਾਂ ਨੂੰ ਦੁਨੀਆਂ ਤੋਂ ਅਲੱਗ ਕਰਦਾ ਹੈ ਜੋ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਨੂੰ ਸਵੀਕਾਰ ਕਰਦੇ ਹਨ। ਮਿਸਾਲ ਲਈ, ਗੌਰ ਕਰੋ ਕਿ ਜਰਮਨੀ ਵਿਚ ਨਾਜ਼ੀਵਾਦ ਦੇ ਸਮੇਂ ਸਾਡੇ ਭੈਣ-ਭਰਾ ਦੁਨੀਆਂ ਤੋਂ ਵੱਖਰੇ ਕਿਵੇਂ ਨਜ਼ਰ ਆਏ ਜਦੋਂ ਉਨ੍ਹਾਂ ਨੇ ‘ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿੱਤੀਆਂ।’ (ਲੂਕਾ 20:25) ਹੋਰਨਾਂ ਧਰਮਾਂ ਦੇ ਆਗੂਆਂ ਅਤੇ ਈਸਾਈਆਂ ਤੋਂ ਉਲਟ, ਯਹੋਵਾਹ ਦੇ ਸੇਵਕ ਦ੍ਰਿੜ੍ਹ ਰਹੇ ਅਤੇ ਉਨ੍ਹਾਂ ਨੇ ਬਾਈਬਲ ਦੇ ਸਿਧਾਂਤ ਤੋੜਨ ਤੋਂ ਇਨਕਾਰ ਕੀਤਾ। (ਯਸਾਯਾਹ 2:4; ਮੱਤੀ 4:10; ਯੂਹੰਨਾ 17:16) ਨਾਜ਼ੀ ਰਾਜ ਅਤੇ ਨਵੇਂ ਮਜ਼ਹਬ ਨਾਮਕ ਅੰਗ੍ਰੇਜ਼ੀ ਪੁਸਤਕ ਦੀ ਲੇਖਕ ਪ੍ਰੋਫੈਸਰਨੀ ਕ੍ਰਿਸਟੀਨ ਕਿੰਗ ਕਹਿੰਦੀ ਹੈ: “[ਨਾਜ਼ੀ] ਸਰਕਾਰ ਸਿਰਫ਼ ਯਹੋਵਾਹ ਦੇ ਗਵਾਹਾਂ ਖ਼ਿਲਾਫ਼ ਅਸਫ਼ਲ ਰਹੀ, ਕਿਉਂਕਿ ਭਾਵੇਂ ਉਸ ਨੇ ਹਜ਼ਾਰਾਂ ਨੂੰ ਮਾਰਿਆ ਸੀ ਉਨ੍ਹਾਂ ਦਾ ਕੰਮ ਅੱਗੇ ਵਧਦਾ ਗਿਆ ਅਤੇ ਮਈ 1945 ਵਿਚ ਯਹੋਵਾਹ ਦੇ ਗਵਾਹਾਂ ਦੀ ਸੰਸਥਾ ਅਜੇ ਮੌਜੂਦ ਸੀ ਪਰ ਨਾਜ਼ੀਵਾਦ ਖ਼ਤਮ ਹੋ ਚੁੱਕਾ ਸੀ।”

18. ਸਤਾਹਟ ਦੇ ਬਾਵਜੂਦ ਯਹੋਵਾਹ ਦੇ ਲੋਕਾਂ ਦਾ ਕਿਹੋ ਜਿਹਾ ਰਵੱਈਆ ਹੈ?

18 ਸਤਾਹਟ ਦਾ ਸਾਮ੍ਹਣਾ ਕਰਨ ਵਿਚ ਯਹੋਵਾਹ ਦੇ ਗਵਾਹਾਂ ਦਾ ਰਵੱਈਆ ਕਾਫ਼ੀ ਮਹੱਤਵਪੂਰਣ ਹੈ। ਸਤਾਉਣ ਵਾਲਿਆਂ ਉੱਤੇ ਸਾਡੀ ਨਿਹਚਾ ਦਾ ਅਸਰ ਪੈਂਦਾ ਹੈ, ਪਰ ਉਹ ਇਸ ਗੱਲ ਤੋਂ ਹੈਰਾਨ ਹੁੰਦੇ ਹਨ ਕਿ ਅਸੀਂ ਨਾ ਤਾਂ ਬਦਲਾ ਲੈਣਾ ਚਾਹੁੰਦੇ ਹਾਂ ਅਤੇ ਨਾ ਹੀ ਉਨ੍ਹਾਂ ਨਾਲ ਨਫ਼ਰਤ ਕਰਦੇ ਹਾਂ। ਮਿਸਾਲ ਲਈ, ਜਰਮਨੀ ਦੇ ਸਰਬਨਾਸ਼ ਵਿੱਚੋਂ ਬਚਣ ਵਾਲੇ ਗਵਾਹ ਉਸ ਸਮੇਂ ਬਾਰੇ ਸੋਚਦੇ ਹੋਏ ਅਕਸਰ ਖ਼ੁਸ਼ ਅਤੇ ਸੰਤੁਸ਼ਟ ਹੁੰਦੇ ਹਨ। ਉਹ ਜਾਣਦੇ ਹਨ ਕਿ ਯਹੋਵਾਹ ਨੇ ਉਨ੍ਹਾਂ ਨੂੰ “ਮਹਾ-ਸ਼ਕਤੀ” ਦਿੱਤੀ ਸੀ। (2 ਕੁਰਿੰਥੁਸ 4:7, ਨਵਾਂ ਅਨੁਵਾਦ) ਸਾਡੇ ਵਿਚਕਾਰ ਮਸਹ ਕੀਤੇ ਹੋਇਆਂ ਨੂੰ ਇਹ ਭਰੋਸਾ ਹੈ ਕਿ ਉਨ੍ਹਾਂ ਦੇ “ਨਾਉਂ ਸੁਰਗ ਵਿੱਚ ਲਿਖੇ ਹੋਏ ਹਨ।” (ਲੂਕਾ 10:20) ਉਨ੍ਹਾਂ ਦਾ ਧੀਰਜ, ਨਿਰਾਸ਼ਾ ਨਹੀਂ ਪਰ ਆਸ਼ਾ ਪੈਦਾ ਕਰਦਾ ਹੈ ਅਤੇ ਧਰਤੀ ਉੱਤੇ ਰਹਿਣ ਵਾਲੇ ਵਫ਼ਾਦਾਰ ਵਾਢਿਆਂ ਕੋਲ ਵੀ ਇਕ ਪੱਕੀ ਉਮੀਦ ਹੈ।​—ਰੋਮੀਆਂ 5:4, 5.

ਵਾਢੀ ਦੇ ਕੰਮ ਵਿਚ ਲੱਗੇ ਰਹੋ

19. ਮਸੀਹੀ ਸੇਵਕਾਈ ਵਿਚ ਕਿਹੜੇ ਅਸਰਦਾਰ ਤਰੀਕੇ ਵਰਤੇ ਗਏ ਹਨ?

19 ਅਸੀਂ ਨਹੀਂ ਜਾਣਦੇ ਕਿ ਯਹੋਵਾਹ ਸਾਨੂੰ ਇਸ ਕੰਮ ਵਿਚ ਕਿੰਨੇ ਚਿਰ ਲਈ ਲੱਗੇ ਰਹਿਣ ਦੇਵੇਗਾ। ਪਰ ਇਸ ਸਮੇਂ ਦੌਰਾਨ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਵਾਢੀ ਕਰਨ ਦੇ ਖ਼ਾਸ ਤਰੀਕੇ ਹਨ। ਅਸੀਂ ਇਸ ਗੱਲ ਦਾ ਵੀ ਭਰੋਸਾ ਰੱਖ ਸਕਦੇ ਹਾਂ ਕਿ ਪ੍ਰਚਾਰ ਕਰਨ ਦੇ ਅਜ਼ਮਾਏ ਗਏ ਤਰੀਕੇ ਅਸਰਦਾਰ ਸਾਬਤ ਹੋਣਗੇ। ਪੌਲੁਸ ਨੇ ਸੰਗੀ ਮਸੀਹੀਆਂ ਨੂੰ ਕਿਹਾ: “ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਮੇਰੀ ਰੀਸ ਕਰੋ।” (1 ਕੁਰਿੰਥੀਆਂ 4:16) ਜਦੋਂ ਪੌਲੁਸ ਮਿਲੇਤੁਸ ਵਿਚ ਅਫ਼ਸੁਸ ਦੇ ਬਜ਼ੁਰਗਾਂ ਨੂੰ ਮਿਲਿਆ ਸੀ ਤਾਂ ਉਸ ਨੇ ਉਨ੍ਹਾਂ ਨੂੰ ਯਾਦ ਕਰਾਇਆ ਸੀ ਕਿ ਉਹ ਉਨ੍ਹਾਂ ਨੂੰ “ਖੁਲ੍ਹ ਕੇ ਅਤੇ ਘਰ ਘਰ” ਉਪਦੇਸ਼ ਦੇਣ ਤੋਂ ਰੁਕਿਆ ਨਹੀਂ ਸੀ। (ਰਸੂਲਾਂ ਦੇ ਕਰਤੱਬ 20:20, 21) ਪੌਲੁਸ ਦੇ ਸਾਥੀ ਤਿਮੋਥਿਉਸ ਨੇ ਰਸੂਲ ਦੇ ਤਰੀਕੇ ਸਿੱਖੇ ਸਨ ਅਤੇ ਉਹ ਇਹ ਕੁਰਿੰਥੁਸ ਦੇ ਮਸੀਹੀਆਂ ਨੂੰ ਵੀ ਸਿਖਾ ਸਕਦਾ ਸੀ। (1 ਕੁਰਿੰਥੀਆਂ 4:17) ਜਿਸ ਤਰ੍ਹਾਂ ਪਰਮੇਸ਼ੁਰ ਨੇ ਪੌਲੁਸ ਦੇ ਸਿੱਖਿਆ ਦੇਣ ਦੇ ਤਰੀਕਿਆਂ ਉੱਤੇ ਬਰਕਤ ਪਾਈ ਸੀ ਉਸੇ ਤਰ੍ਹਾਂ ਉਹ ਸਾਡੀ ਦ੍ਰਿੜ੍ਹਤਾ ਉੱਤੇ ਵੀ ਬਰਕਤ ਪਾਵੇਗਾ ਜਿਉਂ-ਜਿਉਂ ਅਸੀਂ ਖੁੱਲ੍ਹੇ-ਆਮ, ਘਰ-ਘਰ, ਦੁਬਾਰਾ ਮੁਲਾਕਾਤਾਂ, ਬਾਈਬਲ ਸਟੱਡੀਆਂ, ਅਤੇ ਜਿੱਥੇ ਕਿਤੇ ਵੀ ਲੋਕ ਹੋਣ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ।​—ਰਸੂਲਾਂ ਦੇ ਕਰਤੱਬ 17:17.

20. ਯਿਸੂ ਨੇ ਕਿਵੇਂ ਦਿਖਾਇਆ ਸੀ ਕਿ ਇਕ ਰੂਹਾਨੀ ਵਾਢੀ ਹੋਣ ਵਾਲੀ ਸੀ ਅਤੇ ਇਹ ਸਾਡੇ ਸਮੇਂ ਵਿਚ ਵੀ ਸੱਚ ਕਿਵੇਂ ਹੋਇਆ ਹੈ?

20 ਸੰਨ 30 ਵਿਚ ਸੁਖਾਰ ਨਗਰ ਨੇੜੇ ਸਾਮਰੀ ਔਰਤ ਨਾਲ ਗੱਲਬਾਤ ਕਰਨ ਤੋਂ ਬਾਅਦ ਯਿਸੂ ਨੇ ਰੂਹਾਨੀ ਵਾਢੀ ਬਾਰੇ ਦੱਸਿਆ ਸੀ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਆਪਣੀਆਂ ਅੱਖਾਂ ਚੁੱਕੋ ਅਤੇ ਪੈਲੀਆਂ ਨੂੰ ਵੇਖੋ ਜੋ ਓਹ ਵਾਢੀ ਦੇ ਲਈ ਪੱਕ ਕੇ ਪੀਲੀਆਂ ਹੋ ਗਈਆਂ। ਜਿਹੜਾ ਵੱਢਦਾ ਹੈ ਉਹ ਮਜੂਰੀ ਲੈਂਦਾ ਅਤੇ ਸਦੀਪਕ ਜੀਉਣ ਲਈ ਫਲ ਇਕੱਠਾ ਕਰਦਾ ਹੈ ਤਾਂ ਬੀਜਣ ਵਾਲਾ ਅਤੇ ਵੱਢਣ ਵਾਲਾ ਦੋਵੇਂ ਅਨੰਦ ਹੋਣ।” (ਯੂਹੰਨਾ 4:34-36) ਸ਼ਾਇਦ ਯਿਸੂ ਨੇ ਸਾਮਰੀ ਔਰਤ ਨਾਲ ਆਪਣੀ ਮੁਲਾਕਾਤ ਦੇ ਨਤੀਜੇ ਦੇਖੇ ਸਨ, ਕਿਉਂਕਿ ਕਈ ਲੋਕ ਉਸ ਔਰਤ ਦੀ ਗਵਾਹੀ ਕਾਰਨ ਯਿਸੂ ਵਿਚ ਨਿਹਚਾ ਕਰਨ ਲੱਗ ਪਏ ਸਨ। (ਯੂਹੰਨਾ 4:39) ਪਿਛਲਿਆਂ ਕੁਝ ਸਾਲਾਂ ਵਿਚ ਕਈਆਂ ਮੁਲਕਾਂ ਨੇ ਯਹੋਵਾਹ ਦੇ ਗਵਾਹਾਂ ਉੱਤੋਂ ਪਾਬੰਦੀਆਂ ਚੁੱਕੀਆਂ ਹਨ ਜਾਂ ਉਨ੍ਹਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਹੈ। ਇਸ ਤਰ੍ਹਾਂ ਵਾਢੀ ਦੇ ਨਵੇਂ ਖੇਤਰ ਖੁੱਲ੍ਹ ਰਹੇ ਹਨ। ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਇਕ ਵੱਡੀ ਰੂਹਾਨੀ ਵਾਢੀ ਹੋ ਰਹੀ ਹੈ। ਦਰਅਸਲ ਸਾਰੀ ਦੁਨੀਆਂ ਵਿਚ ਖ਼ੁਸ਼ੀ ਨਾਲ ਰੂਹਾਨੀ ਵਾਢੀ ਵਿਚ ਲੱਗੇ ਰਹਿਣ ਕਰਕੇ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲ ਰਹੀਆਂ ਹਨ।

21. ਵਾਢਿਆਂ ਵਜੋਂ ਸਾਡੇ ਕੋਲ ਖ਼ੁਸ਼ੀ ਨਾਲ ਕੰਮ ਵਿਚ ਲੱਗੇ ਰਹਿਣ ਦਾ ਕੀ ਕਾਰਨ ਹੈ?

21 ਜਦੋਂ ਫ਼ਸਲ ਪੱਕ ਕੇ ਵਾਢੀ ਲਈ ਤਿਆਰ ਹੁੰਦੀ ਹੈ, ਤਾਂ ਵਾਢਿਆਂ ਨੂੰ ਛੇਤੀ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਬਿਨਾਂ ਦੇਰ ਕੀਤੇ ਮਿਹਨਤ ਕਰਨੀ ਪੈਂਦੀ ਹੈ। ਅੱਜ ਸਾਨੂੰ ਮਿਹਨਤ ਨਾਲ ਛੇਤੀ ਕੰਮ ਕਰਨ ਦੀ ਲੋੜ ਹੈ ਕਿਉਂਕਿ ਅਸੀਂ “ਓੜਕ ਦੇ ਸਮੇਂ” ਵਿਚ ਜੀ ਰਹੇ ਹਾਂ। (ਦਾਨੀਏਲ 12:4) ਇਹ ਸੱਚ ਹੈ ਕਿ ਸਾਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਫਿਰ ਵੀ ਯਹੋਵਾਹ ਦੇ ਭਗਤਾਂ ਦੀ ਬਹੁਤ ਵੱਡੀ ਵਾਢੀ ਹੋ ਰਹੀ ਹੈ। ਇਸ ਲਈ ਇਹ ਖ਼ੁਸ਼ੀ ਦਾ ਦਿਨ ਹੈ। (ਯਸਾਯਾਹ 9:3) ਖ਼ੁਸ਼ੀ ਨਾਲ ਕੰਮ ਕਰਨ ਵਾਲਿਆਂ ਵਜੋਂ ਆਓ ਆਪਾਂ ਵਾਢੀ ਦੇ ਕੰਮ ਵਿਚ ਲੱਗੇ ਰਹੀਏ!

[ਫੁਟਨੋਟ]

^ ਪੈਰਾ 15 ਇਹ ਪੁਸਤਕ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਅਤੇ ਵੰਡੀ ਜਾਂਦੀ ਹੈ।

ਤੁਸੀਂ ਕੀ ਜਵਾਬ ਦਿਓਗੇ?

• ਵਾਢੀ ਦੇ ਮਾਲਕ ਨੇ ਹੋਰ ਵਾਢਿਆਂ ਲਈ ਬੇਨਤੀ ਦਾ ਜਵਾਬ ਕਿਵੇਂ ਦਿੱਤਾ ਹੈ?

• ਭਾਵੇਂ ‘ਲੋਕ ਸਾਡੇ ਨਾਲ ਵੈਰ ਰੱਖਦੇ ਹਨ’ ਸਾਡਾ ਕਿਹੋ ਜਿਹਾ ਰਵੱਈਆ ਹੋਣਾ ਚਾਹੀਦਾ ਹੈ?

• ਸਤਾਏ ਜਾਣ ਦੇ ਬਾਵਜੂਦ ਅਸੀਂ ਖ਼ੁਸ਼ ਕਿਉਂ ਹਾਂ?

• ਸਾਨੂੰ ਵਾਢੀ ਦਾ ਕੰਮ ਛੇਤੀ ਨਾਲ ਕਿਉਂ ਕਰਦੇ ਰਹਿਣ ਦੀ ਲੋੜ ਹੈ?

[ਸਵਾਲ]

[ਸਫ਼ੇ 16, 17 ਉੱਤੇ ਤਸਵੀਰਾਂ]

ਦੂਤ ਵੀ ਰੂਹਾਨੀ ਵਾਢੀ ਕਰਨ ਵਾਲਿਆਂ ਦੀ ਮਦਦ ਕਰ ਰਹੇ ਹਨ

[ਸਫ਼ੇ 18 ਉੱਤੇ ਤਸਵੀਰ]

ਜਲੂਸ ਕੱਢਣ ਰਾਹੀਂ ਲੋਕਾਂ ਦਾ ਧਿਆਨ ਰਾਜ ਦੇ ਸੰਦੇਸ਼ ਵੱਲ ਖਿੱਚਿਆ ਗਿਆ ਸੀ

[ਸਫ਼ੇ 18 ਉੱਤੇ ਤਸਵੀਰ]

ਅਸੀਂ ਬੀਜਦੇ ਅਤੇ ਸਿੰਜਦੇ ਹਾਂ ਪਰ ਪਰਮੇਸ਼ੁਰ ਉਸ ਨੂੰ ਵਧਾਉਂਦਾ ਹੈ