ਆਦਤ ਦੀ ਤਾਕਤ ਫ਼ਾਇਦੇਮੰਦ ਹੋ ਸਕਦੀ ਹੈ
ਆਦਤ ਦੀ ਤਾਕਤ ਫ਼ਾਇਦੇਮੰਦ ਹੋ ਸਕਦੀ ਹੈ
ਇਕ ਆਦਮੀ 12 ਸਾਲ ਤਕ ਐਥਿਨਜ਼ ਸ਼ਹਿਰ ਦੇ ਇਕ ਬਾਹਰੀ ਇਲਾਕੇ ਵਿਚ ਰਿਹਾ। ਹਰ ਰੋਜ਼ ਉਹ ਇੱਕੋ ਰਸਤੇ ਕੰਮ ਤੋਂ ਘਰ ਵਾਪਸ ਜਾਂਦਾ ਸੀ। ਫਿਰ ਉਹ ਸ਼ਹਿਰ ਦੇ ਦੂਸਰੇ ਪਾਸੇ ਇਕ ਦੂਸਰੀ ਥਾਂ ਤੇ ਰਹਿਣ ਲੱਗ ਪਿਆ। ਇਕ ਦਿਨ ਉਹ ਕੰਮ ਤੋਂ ਬਾਅਦ ਘਰ ਵਾਪਸ ਚੱਲ ਪਿਆ। ਆਪਣੇ ਪੁਰਾਣੇ ਘਰ ਕੋਲ ਜਾ ਕੇ ਹੀ ਉਸ ਨੂੰ ਅਹਿਸਾਸ ਹੋਇਆ ਕਿ ਉਹ ਗ਼ਲਤ ਪਾਸੇ ਆ ਗਿਆ ਸੀ। ਆਪਣੀ ਆਦਤ ਕਰਕੇ ਉਹ ਆਪਣੇ ਪੁਰਾਣੇ ਘਰ ਚਲਾ ਗਿਆ ਸੀ!
ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਾਡੀਆਂ ਆਦਤਾਂ ਕਈ ਵਾਰ ਸਾਡਾ ਸੁਭਾਅ ਬਣ ਜਾਂਦੀਆਂ ਹਨ ਜਿਸ ਦਾ ਸਾਡੀ ਜ਼ਿੰਦਗੀ ਤੇ ਬਹੁਤ ਡੂੰਘਾ ਅਸਰ ਪੈਂਦਾ ਹੈ। ਇਸ ਭਾਵ ਵਿਚ ਆਦਤਾਂ ਦੀ ਤੁਲਨਾ ਅੱਗ ਨਾਲ ਕੀਤੀ ਜਾ ਸਕਦੀ ਹੈ। ਹਨੇਰੇ ਵਿਚ ਅੱਗ ਰੌਸ਼ਨੀ ਦਿੰਦੀ ਹੈ, ਇਸ ਤੋਂ ਸਾਡੇ ਸਰੀਰ ਨੂੰ ਨਿੱਘ ਮਿਲਦਾ ਹੈ ਅਤੇ ਅਸੀਂ ਆਪਣਾ ਭੋਜਨ ਗਰਮ ਕਰ ਸਕਦੇ ਹਾਂ। ਪਰ ਅੱਗ ਬੇਰਹਿਮ ਦੁਸ਼ਮਣ ਵੀ ਹੋ ਸਕਦੀ ਹੈ ਜੋ ਜਾਨ-ਮਾਲ ਸਭ ਕੁਝ ਤਬਾਹ ਕਰ ਦਿੰਦੀ ਹੈ। ਇਹੀ ਗੱਲ ਆਦਤਾਂ ਉੱਤੇ ਵੀ ਲਾਗੂ ਹੁੰਦੀ ਹੈ। ਜੇ ਚੰਗੀਆਂ ਆਦਤਾਂ ਪਾਈਆਂ ਜਾਣ, ਤਾਂ ਇਨ੍ਹਾਂ ਤੋਂ ਬਹੁਤ ਫ਼ਾਇਦੇ ਹੋ ਸਕਦੇ ਹਨ। ਪਰ ਸਾਡੀਆਂ ਆਦਤਾਂ ਸਾਨੂੰ ਤਬਾਹ ਵੀ ਕਰ ਸਕਦੀਆਂ ਹਨ।
ਸ਼ੁਰੂ ਵਿਚ ਜ਼ਿਕਰ ਕੀਤੇ ਗਏ ਆਦਮੀ ਦਾ ਆਪਣੀ ਆਦਤ ਕਰਕੇ ਸਿਰਫ਼ ਕੁਝ ਸਮਾਂ ਹੀ ਬਰਬਾਦ ਹੋਇਆ ਕਿਉਂਕਿ ਉਹ ਸ਼ਹਿਰ ਵਿਚ ਟ੍ਰੈਫਿਕ ਜਾਮ ਵਿਚ ਫਸ ਗਿਆ ਸੀ। ਪਰ ਜਦੋਂ ਜ਼ਿਆਦਾ ਮਹੱਤਵਪੂਰਣ ਚੀਜ਼ਾਂ ਦੀ ਗੱਲ ਆਉਂਦੀ ਹੈ, ਤਾਂ ਸਾਡੀਆਂ ਆਦਤਾਂ ਸਾਨੂੰ ਕਾਮਯਾਬੀ ਦੇ ਸਿਖਰ ਤਕ ਪਹੁੰਚਾ ਸਕਦੀਆਂ ਹਨ ਜਾਂ ਸਾਨੂੰ ਬਰਬਾਦੀ ਦੀ ਖਾਈ ਵਿਚ ਸੁੱਟ ਸਕਦੀਆਂ ਹਨ। ਬਾਈਬਲ ਵਿਚ ਦੱਸੀਆਂ ਕੁਝ ਅਸਲੀ ਉਦਾਹਰਣਾਂ ਉੱਤੇ ਗੌਰ ਕਰੋ ਜੋ ਦਿਖਾਉਂਦੀਆਂ ਹਨ ਕਿ ਸਾਡੀਆਂ ਆਦਤਾਂ ਪਰਮੇਸ਼ੁਰ ਦੀ ਸੇਵਾ ਕਰਨ ਅਤੇ ਉਸ ਨਾਲ ਚੰਗਾ ਰਿਸ਼ਤਾ ਕਾਇਮ ਕਰਨ ਵਿਚ ਕਿਵੇਂ ਸਾਡੀ ਮਦਦ ਕਰ ਸਕਦੀਆਂ ਹਨ ਜਾਂ ਇਸ ਵਿਚ ਰੁਕਾਵਟ ਬਣ ਸਕਦੀਆਂ ਹਨ।
ਬਾਈਬਲ ਵਿਚ ਚੰਗੀਆਂ ਅਤੇ ਭੈੜੀਆਂ ਆਦਤਾਂ ਦੀਆਂ ਉਦਾਹਰਣਾਂ
ਨੂਹ, ਅੱਯੂਬ ਅਤੇ ਦਾਨੀਏਲ ਦਾ ਪਰਮੇਸ਼ੁਰ ਨਾਲ ਇਕ ਨਜ਼ਦੀਕੀ ਰਿਸ਼ਤਾ ਸੀ। ਬਾਈਬਲ ਉਨ੍ਹਾਂ ਦੇ “ਧਰਮ ਦੇ ਕਾਰਨ” ਉਨ੍ਹਾਂ ਦੀ ਵਡਿਆਈ ਕਰਦੀ ਹੈ। (ਹਿਜ਼ਕੀਏਲ 14:14) ਧਿਆਨ ਦੇਣ ਯੋਗ ਗੱਲ ਹੈ ਕਿ ਇਨ੍ਹਾਂ ਤਿੰਨਾਂ ਆਦਮੀਆਂ ਦੀ ਜ਼ਿੰਦਗੀ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੇ ਆਪਣੇ ਵਿਚ ਚੰਗੀਆਂ ਆਦਤਾਂ ਵਿਕਸਿਤ ਕੀਤੀਆਂ ਸਨ।
ਨੂਹ ਨੂੰ ਇਕ ਕਿਸ਼ਤੀ ਬਣਾਉਣ ਲਈ ਕਿਹਾ ਗਿਆ ਸੀ ਜੋ ਇਕ ਫੁੱਟਬਾਲ ਦੇ ਮੈਦਾਨ ਨਾਲੋਂ ਵੀ ਲੰਮੀ ਸੀ ਤੇ ਪੰਜ-ਮੰਜਲਾ ਇਮਾਰਤ ਨਾਲੋਂ ਵੀ ਉੱਚੀ ਸੀ। ਉਨ੍ਹਾਂ ਪੁਰਾਣੇ ਸਮਿਆਂ ਵਿਚ ਕਿਸੇ ਵੀ ਕਿਸ਼ਤੀ ਬਣਾਉਣ ਵਾਲੇ ਲਈ ਇੰਨੀ ਵੱਡੀ ਕਿਸ਼ਤੀ ਬਣਾਉਣੀ ਲਗਭਗ ਨਾਮੁਮਕਿਨ ਸੀ। ਪਰ ਨੂਹ ਅਤੇ ਉਸ ਦੇ ਪਰਿਵਾਰ ਨੇ ਮਿਲ ਕੇ ਆਧੁਨਿਕ ਔਜ਼ਾਰਾਂ ਤੋਂ ਬਿਨਾਂ ਹੀ ਉਹ ਕਿਸ਼ਤੀ ਬਣਾਈ ਸੀ। ਇਸ ਤੋਂ ਇਲਾਵਾ, ਨੂਹ ਆਪਣੇ ਜ਼ਮਾਨੇ ਦੇ ਲੋਕਾਂ ਨੂੰ ਪ੍ਰਚਾਰ ਵੀ ਕਰਦਾ ਸੀ। ਅਸੀਂ ਇਹ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਉਸ ਨੇ ਆਪਣੇ ਪਰਿਵਾਰ ਦੀਆਂ ਅਧਿਆਤਮਿਕ ਤੇ ਭੌਤਿਕ ਦੋਵੇਂ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਹੋਣਗੀਆਂ। (2 ਪਤਰਸ 2:5) ਇਹ ਸਭ ਕੁਝ ਕਰਨ ਲਈ ਨੂਹ ਨੇ ਜ਼ਰੂਰ ਕੰਮ ਕਰਨ ਦੀਆਂ ਚੰਗੀਆਂ ਆਦਤਾਂ ਪਾਈਆਂ ਹੋਣੀਆਂ। ਇਸ ਤੋਂ ਇਲਾਵਾ, ਬਾਈਬਲ ਦੇ ਇਤਿਹਾਸ ਵਿਚ ਨੂਹ ਬਾਰੇ ਲਿਖਿਆ ਗਿਆ ਹੈ ਕਿ ਉਹ “ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ। . . . ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਤਿਵੇਂ ਉਸ ਨੇ ਕੀਤਾ।” (ਉਤਪਤ 6:9, 22; 7:5) ਬਾਈਬਲ ਵਿਚ ਉਸ ਨੂੰ “ਸੰਪੂਰਨ” ਜਾਂ ਨਿਰਦੋਸ਼ ਕਿਹਾ ਗਿਆ ਹੈ, ਇਸ ਦਾ ਮਤਲਬ ਹੈ ਕਿ ਉਹ ਜਲ ਪਰਲੋ ਤੋਂ ਬਾਅਦ ਵੀ ਅਤੇ ਇੱਥੋਂ ਤਕ ਕਿ ਬਾਬਲ ਵਿਚ ਲੋਕਾਂ ਵੱਲੋਂ ਯਹੋਵਾਹ ਦੇ ਖ਼ਿਲਾਫ ਬਗਾਵਤ ਕਰਨ ਤੋਂ ਬਾਅਦ ਵੀ ਪਰਮੇਸ਼ੁਰ ਦੇ ਨਾਲ-ਨਾਲ ਚੱਲਦਾ ਰਿਹਾ ਹੋਣਾ। ਸੱਚ-ਮੁੱਚ ਨੂਹ 950 ਸਾਲ ਦੀ ਉਮਰ ਤੇ ਆਪਣੀ ਮੌਤ ਤਕ ਪਰਮੇਸ਼ੁਰ ਦੇ ਨਾਲ-ਨਾਲ ਚੱਲਦਾ ਰਿਹਾ।—ਉਤਪਤ 9:29.
ਅੱਯੂਬ ਆਪਣੀਆਂ ਚੰਗੀਆਂ ਆਦਤਾਂ ਕਰਕੇ ਇਕ “ਪੂਰਾ ਤੇ ਖਰਾ” ਇਨਸਾਨ ਬਣਿਆ। (ਅੱਯੂਬ 1:1, 8; 2:3) ਉਹ ਆਪਣੇ ਦਸਤੂਰ ਜਾਂ ਆਦਤ ਅਨੁਸਾਰ ਪਰਿਵਾਰ ਦੇ ਜਾਜਕ ਦੇ ਤੌਰ ਤੇ ਆਪਣੇ ਬੱਚਿਆਂ ਦੀ ਹਰ ਦਾਅਵਤ ਤੋਂ ਬਾਅਦ ਉਨ੍ਹਾਂ ਲਈ ਬਲੀਆਂ ਚੜ੍ਹਾਉਂਦਾ ਸੀ ਕਿ ਕਿਤੇ ਉਨ੍ਹਾਂ ਨੇ “ਪਾਪ ਕੀਤਾ ਹੋਵੇ ਅਤੇ ਆਪਣੇ ਮਨ ਵਿੱਚ ਪਰਮੇਸ਼ੁਰ ਨੂੰ ਫਿਟਕਾਰਿਆ ਹੋਵੇ। ਅੱਯੂਬ ਆਪਣੇ ਸਾਰੇ ਦਿਨ ਇਉਂ ਹੀ ਕਰਦਾ ਹੁੰਦਾ ਸੀ।” (ਟੇਢੇ ਟਾਈਪ ਸਾਡੇ।) (ਅੱਯੂਬ 1:5) ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਯੂਬ ਦੇ ਪਰਿਵਾਰ ਵਿਚ ਯਹੋਵਾਹ ਦੀ ਉਪਾਸਨਾ ਸੰਬੰਧੀ ਰਸਮਾਂ ਪਹਿਲੀ ਥਾਂ ਰੱਖਦੀਆਂ ਸਨ।
ਦਾਨੀਏਲ ਆਪਣੀ ਲੰਬੀ ਜ਼ਿੰਦਗੀ ਦੌਰਾਨ “ਸਦਾ” ਯਹੋਵਾਹ ਦੀ ਉਪਾਸਨਾ ਕਰਦਾ ਰਿਹਾ। (ਦਾਨੀਏਲ 6:16, 20) ਦਾਨੀਏਲ ਵਿਚ ਕਿਹੜੀਆਂ ਚੰਗੀਆਂ ਅਧਿਆਤਮਿਕ ਆਦਤਾਂ ਸਨ? ਉਸ ਦੀ ਇਕ ਆਦਤ ਸੀ ਕਿ ਉਹ ਨਿਯਮਿਤ ਤੌਰ ਤੇ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਸੀ। ਪਰਮੇਸ਼ੁਰ ਨੂੰ ਪ੍ਰਾਰਥਨਾ ਨਾ ਕਰਨ ਵਿਰੁੱਧ ਰਾਜੇ ਦੇ ਹੁਕਮ ਦੇ ਬਾਵਜੂਦ, ਦਾਨੀਏਲ ਨੇ “ਦਿਨ ਵਿੱਚ ਤਿੰਨ ਵਾਰੀ ਗੋਡੇ ਨਿਵਾ ਕੇ ਪਰਮੇਸ਼ੁਰ ਦੇ ਸਾਹਮਣੇ ਜਿਵੇਂ ਅੱਗੇ ਕਰਦਾ ਸੀ ਬੇਨਤੀ ਕੀਤੀ ਅਤੇ ਸ਼ੁਕਰ ਮਨਾਇਆ।” (ਟੇਢੇ ਟਾਈਪ ਸਾਡੇ।) (ਦਾਨੀਏਲ 6:10) ਉਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਦੀ ਆਦਤ ਨੂੰ ਛੱਡ ਨਹੀਂ ਸਕਦਾ ਸੀ ਭਾਵੇਂ ਇਸ ਦੇ ਲਈ ਉਸ ਨੂੰ ਆਪਣੀ ਜਾਨ ਵੀ ਕਿਉਂ ਨਾ ਦੇਣੀ ਪੈਂਦੀ। ਬਿਨਾਂ ਸ਼ੱਕ ਇਸ ਆਦਤ ਨੇ ਦਾਨੀਏਲ ਨੂੰ ਬਹੁਤ ਤਾਕਤ ਦਿੱਤੀ ਜਿਸ ਕਰਕੇ ਉਹ ਪੂਰੀ ਜ਼ਿੰਦਗੀ ਪਰਮੇਸ਼ੁਰ ਪ੍ਰਤੀ ਅਟੁੱਟ ਖਰਿਆਈ ਦਿਖਾ ਸਕਿਆ। ਸੰਭਵ ਹੈ ਕਿ ਦਾਨੀਏਲ ਨੇ ਪਰਮੇਸ਼ੁਰ ਦੇ ਸ਼ਾਨਦਾਰ ਵਾਅਦਿਆਂ ਦਾ ਅਧਿਐਨ ਕਰਨ ਅਤੇ ਉਨ੍ਹਾਂ ਉੱਤੇ ਮਨਨ ਕਰਨ ਦੀਆਂ ਚੰਗੀਆਂ ਆਦਤਾਂ ਵੀ ਪਾਈਆਂ ਸਨ। (ਯਿਰਮਿਯਾਹ 25:11, 12; ਦਾਨੀਏਲ 9:2) ਇਨ੍ਹਾਂ ਚੰਗੀਆਂ ਆਦਤਾਂ ਨੇ ਜ਼ਰੂਰ ਅੰਤ ਤਕ ਧੀਰਜ ਰੱਖਣ ਅਤੇ ਜ਼ਿੰਦਗੀ ਦੀ ਦੌੜ ਵਫ਼ਾਦਾਰੀ ਨਾਲ ਪੂਰੀ ਕਰਨ ਵਿਚ ਉਸ ਦੀ ਮਦਦ ਕੀਤੀ ਸੀ।
ਇਸ ਤੋਂ ਉਲਟ, ਦੀਨਾਹ ਨੂੰ ਆਪਣੀ ਭੈੜੀ ਆਦਤ ਕਰਕੇ ਬੁਰੇ ਨਤੀਜੇ ਭੁਗਤਣੇ ਪਏ। ਉਹ “ਉਸ ਦੇਸ ਦੀਆਂ ਧੀਆਂ ਵੇਖਣ ਨੂੰ ਬਾਹਰ ਗਈ [“ਜਾਂਦੀ ਹੁੰਦੀ ਸੀ,” “ਨਿ ਵ”]” ਜਿਹੜੀਆਂ ਯਹੋਵਾਹ ਦੀ ਭਗਤੀ ਨਹੀਂ ਕਰਦੀਆਂ ਸਨ। (ਉਤਪਤ 34:1) ਦੇਖਣ ਨੂੰ ਤਾਂ ਲੱਗਦਾ ਹੈ ਕਿ ਇਸ ਵਿਚ ਕੋਈ ਬੁਰਾਈ ਨਹੀਂ ਸੀ, ਪਰ ਉਸ ਦੀ ਇਹੀ ਆਦਤ ਤਬਾਹੀ ਦਾ ਕਾਰਨ ਬਣ ਗਈ। ਪਹਿਲਾਂ ਤਾਂ ਨੌਜਵਾਨ ਸ਼ਕਮ, ਜਿਹੜਾ “ਆਪਣੇ ਪਿਤਾ ਦੇ ਸਾਰੇ ਘਰ ਵਿੱਚ ਵੱਡਾ ਪਤਵੰਤ ਸੀ,” ਨੇ ਉਸ ਨੂੰ ਬੇਪਤ ਕੀਤਾ। ਫਿਰ ਦੀਨਾਹ ਦੇ ਦੋ ਭਰਾਵਾਂ ਨੇ ਇਸ ਦਾ ਬਦਲਾ ਲੈਣ ਲਈ ਸ਼ਹਿਰ ਦੇ ਸਾਰੇ ਆਦਮੀਆਂ ਨੂੰ ਵੱਢ ਸੁੱਟਿਆ। ਇਸ ਭੈੜੀ ਆਦਤ ਦਾ ਕਿੰਨਾ ਭਿਆਨਕ ਨਤੀਜਾ ਨਿਕਲਿਆ!—ਉਤਪਤ 34:19, 25-29.
ਪਰ ਅਸੀਂ ਕਿੱਦਾਂ ਧਿਆਨ ਰੱਖ ਸਕਦੇ ਹਾਂ ਕਿ ਸਾਨੂੰ ਆਪਣੀਆਂ ਆਦਤਾਂ ਤੋਂ ਫ਼ਾਇਦਾ ਹੋਵੇ, ਨਾ ਕਿ ਨੁਕਸਾਨ?
ਆਦਤ ਦੀ ਤਾਕਤ
ਇਕ ਫ਼ਿਲਾਸਫ਼ਰ ਨੇ ਲਿਖਿਆ: “ਆਦਤਾਂ ਇਨਸਾਨ ਦੀ ਕਿਸਮਤ ਵਿਚ ਲਿਖੀਆਂ ਹੁੰਦੀਆਂ ਹਨ।” ਪਰ ਇਹ ਸੱਚ ਨਹੀਂ ਹੈ। ਬਾਈਬਲ ਬਿਲਕੁਲ ਸਾਫ਼-ਸਾਫ਼ ਦੱਸਦੀ ਹੈ ਕਿ ਜੇ ਅਸੀਂ ਚਾਹੀਏ ਤਾਂ ਅਸੀਂ ਆਪਣੀਆਂ ਭੈੜੀਆਂ ਆਦਤਾਂ ਛੱਡ ਸਕਦੇ ਹਾਂ ਅਤੇ ਚੰਗੀਆਂ ਆਦਤਾਂ ਪਾ ਸਕਦੇ ਹਾਂ।
ਚੰਗੀਆਂ ਆਦਤਾਂ ਦੀ ਮਦਦ ਨਾਲ ਮਸੀਹੀ ਜੀਵਨ ਦੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾਉਣੀਆਂ ਜ਼ਿਆਦਾ ਆਸਾਨ ਹੋ ਜਾਂਦੀਆਂ ਹਨ। ਯੂਨਾਨ ਵਿਚ ਰਹਿਣ ਵਾਲਾ ਇਕ ਮਸੀਹੀ ਐਲਿਕਸ ਕਹਿੰਦਾ ਹੈ: “ਅਲੱਗ-ਅਲੱਗ ਕੰਮ ਕਰਨ ਲਈ ਬਣਾਈ ਸਮਾਂ-ਸਾਰਣੀ ਉੱਤੇ ਚੱਲਣ ਦੀ ਆਦਤ ਕਰਕੇ ਮੇਰਾ ਕੀਮਤੀ ਸਮਾਂ ਬਚ ਜਾਂਦਾ ਹੈ।” ਇਕ ਮਸੀਹੀ ਬਜ਼ੁਰਗ ਥੀਓਫਲਸ ਦੱਸਦਾ ਹੈ ਕਿ ਯੋਜਨਾ ਬਣਾਉਣੀ ਉਸ ਦੀ ਆਦਤ ਹੈ ਜਿਸ ਕਰਕੇ ਉਹ ਆਪਣੇ ਕੰਮ ਚੰਗੀ ਤਰ੍ਹਾਂ ਕਰ ਪਾਉਂਦਾ ਹੈ। ਉਹ ਕਹਿੰਦਾ ਹੈ: “ਮੈਂ ਜਾਣਦਾ ਹਾਂ ਕਿ ਚੰਗੀ ਯੋਜਨਾ ਬਣਾਉਣ ਤੋਂ ਬਿਨਾਂ ਮੈਂ ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰ ਪਾਵਾਂਗਾ।”
ਮਸੀਹੀ ਹੋਣ ਦੇ ਨਾਤੇ, ਸਾਨੂੰ ਤਾਕੀਦ ਕੀਤੀ ਗਈ ਹੈ ਕਿ “ਜਿੱਥੋਂ ਤੋੜੀ ਅਸੀਂ ਅੱਪੜੇ ਹਾਂ ਉਸੇ ਦੇ ਅਨੁਸਾਰ ਚੱਲੀਏ।” (ਟੇਢੇ ਟਾਈਪ ਸਾਡੇ।) (ਫ਼ਿਲਿੱਪੀਆਂ 3:16) ਉਸੇ ਦੇ ਅਨੁਸਾਰ ਜਾਂ ਰੁਟੀਨ ਮੁਤਾਬਕ ਚੱਲਣ ਦਾ ਮਤਲਬ ਹੈ, “ਸਥਾਪਿਤ ਕਾਰਜ-ਵਿਧੀ ਅਨੁਸਾਰ ਆਦਤਨ ਕੋਈ ਕੰਮ ਕਰਨਾ।” ਅਜਿਹੀਆਂ ਚੰਗੀਆਂ ਆਦਤਾਂ ਤੋਂ ਸਾਨੂੰ ਫ਼ਾਇਦਾ ਹੁੰਦਾ ਹੈ ਕਿਉਂਕਿ ਸਾਨੂੰ ਕੋਈ ਕੰਮ ਕਰਨ ਲਈ ਹਰ ਛੋਟੀ-ਛੋਟੀ ਗੱਲ ਬਾਰੇ ਸੋਚਣਾ ਨਹੀਂ ਪੈਂਦਾ। ਅਸੀਂ ਪਹਿਲਾਂ ਹੀ ਇਕ ਵਧੀਆ ਕਾਰਜ-ਵਿਧੀ ਤਿਆਰ ਕਰ ਲਈ ਹੈ ਜਿਸ ਮੁਤਾਬਕ ਅਸੀਂ ਆਪਣੀ ਆਦਤ ਅਨੁਸਾਰ ਚੱਲਦੇ ਹਾਂ। ਪੱਕੀਆਂ ਆਦਤਾਂ ਸਾਡਾ ਸੁਭਾਅ ਬਣ ਜਾਂਦੀਆਂ ਹਨ। ਜਿਵੇਂ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਉਣ ਦੀ ਆਦਤ ਕਰਕੇ ਇਕ ਡਰਾਈਵਰ ਸੜਕ ਤੇ ਆਏ ਖ਼ਤਰਿਆਂ ਵਿਚ ਜਾਨ ਬਚਾਉਣ ਲਈ ਝਟਪਟ ਫ਼ੈਸਲਾ ਕਰ ਸਕਦਾ ਹੈ, ਉਸੇ ਤਰ੍ਹਾਂ ਚੰਗੀਆਂ ਆਦਤਾਂ ਹੋਣ ਕਰਕੇ ਅਸੀਂ ਮਸੀਹੀ ਰਾਹ ਉੱਤੇ ਚੱਲਦੇ ਹੋਏ ਫ਼ੌਰਨ ਢੁਕਵੇਂ ਫ਼ੈਸਲੇ ਕਰ ਸਕਦੇ ਹਾਂ।
ਇਕ ਅੰਗ੍ਰੇਜ਼ ਲੇਖਕ ਜੈਰਮੀ ਟੇਲਰ ਨੇ ਲਿਖਿਆ: “ਕੰਮ ਆਦਤਾਂ ਨੂੰ ਜਨਮ ਦਿੰਦਾ ਹੈ।” ਜੇ ਸਾਡੀਆਂ ਆਦਤਾਂ ਚੰਗੀਆਂ ਹਨ, ਤਾਂ ਅਸੀਂ ਬਿਨਾਂ ਕਿਸੇ ਮੁਸ਼ਕਲ ਦੇ ਚੰਗੇ ਕੰਮ ਕਰ ਸਕਦੇ ਹਾਂ। ਉਦਾਹਰਣ ਲਈ, ਮਸੀਹੀ ਪ੍ਰਚਾਰਕ ਹੋਣ ਦੇ ਨਾਤੇ ਜੇ ਪ੍ਰਚਾਰ ਕੰਮ ਵਿਚ ਬਾਕਾਇਦਾ ਹਿੱਸਾ ਲੈਣਾ ਸਾਡੀ ਆਦਤ ਹੈ, ਤਾਂ ਖੇਤਰ ਸੇਵਾ ਵਿਚ ਜਾਣਾ ਸਾਡੇ ਲਈ ਜ਼ਿਆਦਾ ਸੌਖਾ ਹੋਵੇਗਾ ਅਤੇ ਅਸੀਂ ਇਸ ਦਾ ਜ਼ਿਆਦਾ ਆਨੰਦ ਮਾਣਾਂਗੇ। ਰਸੂਲਾਂ ਦੇ ਬਾਰੇ ਅਸੀਂ ਪੜ੍ਹਦੇ ਹਾਂ ਕਿ “ਓਹ ਰੋਜ ਹੈਕਲ ਵਿੱਚ ਅਤੇ ਘਰੀਂ ਉਪਦੇਸ਼ ਕਰਨ ਅਰ ਇਹ ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯਿਸੂ ਉਹੀ ਮਸੀਹ ਹੈ।” (ਟੇਢੇ ਟਾਈਪ ਸਾਡੇ।) (ਰਸੂਲਾਂ ਦੇ ਕਰਤੱਬ 5:42; 17:2) ਦੂਸਰੇ ਪਾਸੇ, ਜੇ ਅਸੀਂ ਕਦੀ-ਕਦਾਈਂ ਹੀ ਪ੍ਰਚਾਰ ਵਿਚ ਜਾਂਦੇ ਹਾਂ, ਤਾਂ ਸ਼ਾਇਦ ਸਾਨੂੰ ਹਰ ਵਾਰੀ ਆਪਣੀ ਘਬਰਾਹਟ ਤੇ ਕਾਬੂ ਪਾਉਣ ਅਤੇ ਇਸ ਅਹਿਮ ਮਸੀਹੀ ਕੰਮ ਵਿਚ ਪੂਰੇ ਜੋਸ਼ ਨਾਲ ਹਿੱਸਾ ਲੈਣ ਵਿਚ ਕੁਝ ਸਮਾਂ ਲੱਗੇ।
ਇਹ ਗੱਲ ਦੂਸਰੇ ਮਸੀਹੀ ਕੰਮਾਂ ਉੱਤੇ ਵੀ ਲਾਗੂ ਹੁੰਦੀ ਹੈ। ਸਾਡੀਆਂ ਚੰਗੀਆਂ ਆਦਤਾਂ ‘ਦਿਨ ਰਾਤ ਪਰਮੇਸ਼ੁਰ ਦੇ ਬਚਨ ਉੱਤੇ’ ਬਾਕਾਇਦਾ ‘ਧਿਆਨ ਰੱਖਣ’ ਵਿਚ ਸਾਡੀ ਮਦਦ ਕਰ ਸਕਦੀਆਂ ਹਨ। (ਯਹੋਸ਼ੁਆ 1:8; ਜ਼ਬੂਰ 1:2) ਇਕ ਮਸੀਹੀ ਦੀ ਆਦਤ ਹੈ ਕਿ ਉਹ ਰਾਤ ਨੂੰ ਸੌਣ ਤੋਂ ਪਹਿਲਾਂ 20 ਤੋਂ 30 ਮਿੰਟਾਂ ਤਕ ਬਾਈਬਲ ਪੜ੍ਹਦਾ ਹੈ। ਜੇਕਰ ਕਦੀ ਉਹ ਬਹੁਤ ਥੱਕਿਆ ਹੋਣ ਕਰਕੇ ਬਾਈਬਲ ਪੜ੍ਹੇ ਬਿਨਾਂ ਹੀ ਸੌਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਨੂੰ ਨੀਂਦ ਨਹੀਂ ਆਉਂਦੀ। ਇਸ ਲਈ ਉਸ ਨੂੰ ਉੱਠ ਕੇ ਆਪਣੀ ਇਸ ਅਧਿਆਤਮਿਕ ਲੋੜ ਨੂੰ ਪੂਰਾ ਕਰਨਾ ਪੈਂਦਾ ਹੈ। ਆਪਣੀ ਇਸ ਚੰਗੀ ਆਦਤ ਕਰਕੇ ਉਹ ਕਈ ਸਾਲਾਂ ਤੋਂ ਸਾਲ ਵਿਚ ਇਕ ਵਾਰ ਪੂਰੀ ਬਾਈਬਲ ਪੜ੍ਹ ਲੈਂਦਾ ਹੈ।
ਸਾਡੇ ਆਦਰਸ਼ ਯਿਸੂ ਮਸੀਹ ਨੂੰ ਵੀ ਉਨ੍ਹਾਂ ਸਭਾਵਾਂ ਵਿਚ ਜਾਣ ਦੀ ਆਦਤ ਸੀ ਜਿਨ੍ਹਾਂ ਵਿਚ ਬਾਈਬਲ ਉੱਤੇ ਚਰਚਾ ਕੀਤੀ ਜਾਂਦੀ ਸੀ। ‘ਉਹ ਆਪਣੇ ਦਸਤੂਰ ਅਨੁਸਾਰ ਸਬਤ ਦੇ ਦਿਨ ਸਮਾਜ ਵਿੱਚ ਜਾ ਕੇ ਪੜ੍ਹਨ ਲਈ ਖੜਾ ਹੋਇਆ।’ (ਲੂਕਾ 4:16) ਜੋਅ ਨਾਂ ਦੇ ਇਕ ਬਜ਼ੁਰਗ ਦਾ ਵੱਡਾ ਪਰਿਵਾਰ ਹੈ ਤੇ ਉਸ ਨੂੰ ਹਰ ਦਿਨ ਦੇਰ ਤਕ ਕੰਮ ਕਰਨਾ ਪੈਂਦਾ ਹੈ। ਪਰ ਸਭਾਵਾਂ ਵਿਚ ਬਾਕਾਇਦਾ ਜਾਣ ਦੀ ਆਦਤ ਕਰਕੇ ਉਹ ਸਭਾਵਾਂ ਵਿਚ ਜਾਣ ਦੀ ਇੱਛਾ ਅਤੇ ਲੋੜ ਮਹਿਸੂਸ ਕਰਦਾ ਹੈ। ਉਹ ਕਹਿੰਦਾ ਹੈ: “ਇਹ ਆਦਤ ਜ਼ਿੰਦਗੀ ਦੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਸਫ਼ਲਤਾਪੂਰਵਕ ਸਾਮ੍ਹਣਾ ਕਰਨ ਵਿਚ ਮੈਨੂੰ ਲਗਾਤਾਰ ਲੋੜੀਂਦੀ ਅਧਿਆਤਮਿਕ ਤਾਕਤ ਦਿੰਦੀ ਹੈ।”—ਇਬਰਾਨੀਆਂ 10:24, 25.
ਅਜਿਹੀਆਂ ਆਦਤਾਂ ਮਸੀਹੀ ਜ਼ਿੰਦਗੀ ਦੀ ਦੌੜ ਵਿਚ ਬਹੁਤ ਜ਼ਰੂਰੀ ਹਨ। ਇਕ ਦੇਸ਼, ਜਿੱਥੇ ਯਹੋਵਾਹ ਦੇ ਲੋਕਾਂ ਨੂੰ ਸਤਾਇਆ ਗਿਆ, ਦੀ ਇਕ ਰਿਪੋਰਟ ਕਹਿੰਦੀ ਹੈ: “ਜਿਨ੍ਹਾਂ ਨੇ ਚੰਗੀਆਂ ਅਧਿਆਤਮਿਕ ਆਦਤਾਂ ਪਾਈਆਂ ਹਨ ਤੇ ਸੱਚਾਈ ਦੀ ਬਹੁਤ ਕਦਰ ਕਰਦੇ ਹਨ, ਉਨ੍ਹਾਂ ਲਈ ਅਜ਼ਮਾਇਸ਼ ਦੌਰਾਨ ਦ੍ਰਿੜ੍ਹ ਰਹਿਣਾ ਮੁਸ਼ਕਲ ਨਹੀਂ ਹੈ, ਪਰ ਜਿਹੜੇ ਸੁਖਾਵੇਂ ‘ਵੇਲੇ’ ਸਭਾਵਾਂ ਅਤੇ ਪ੍ਰਚਾਰ ਵਿਚ ਬਾਕਾਇਦਾ ਨਹੀਂ ਜਾਂਦੇ ਅਤੇ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਆਪਣੀ ਨਿਹਚਾ ਦਾ ਸਮਝੌਤਾ ਕਰਦੇ ਹਨ, ਉਹ ਅਕਸਰ ‘ਅਗਨੀ’ ਪਰੀਖਿਆ ਵਿਚ ਅਸਫ਼ਲ ਹੋ ਜਾਂਦੇ ਹਨ।—2 ਤਿਮੋਥਿਉਸ 4:2.
ਭੈੜੀਆਂ ਆਦਤਾਂ ਛੱਡੋ, ਚੰਗੀਆਂ ਆਦਤਾਂ ਪਾਓ
ਇਹ ਕਿਹਾ ਜਾਂਦਾ ਹੈ ਕਿ ‘ਇਕ ਆਦਮੀ ਨੂੰ ਉਹੀ ਆਦਤਾਂ ਪਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਉਹ ਗੁਲਾਮ ਬਣਨ ਲਈ ਤਿਆਰ ਹੈ।’ ਭੈੜੀਆਂ ਆਦਤਾਂ ਇਕ ਅਤਿਆਚਾਰੀ ਮਾਲਕ ਦੀ ਤਰ੍ਹਾਂ ਹੁੰਦੀਆਂ ਹਨ। ਪਰ ਭੈੜੀਆਂ ਆਦਤਾਂ ਤੋਂ ਪਿੱਛਾ ਛੁਡਾਇਆ ਜਾ ਸਕਦਾ ਹੈ।
ਸਟੈਲਾ ਨੂੰ ਘੰਟਿਆਂ ਬੱਧੀ ਟੀ. ਵੀ. ਦੇਖਣ ਦੀ ਆਦਤ ਸੀ। ਉਹ ਮੰਨਦੀ ਹੈ: “ਮੈਨੂੰ ਜੋ ਵੀ ਭੈੜੀ ਆਦਤ ਲੱਗੀ, ਉਸ ਦੇ ਪਿੱਛੇ ਅਕਸਰ ਇਕ ‘ਚੰਗਾ’ ਕਾਰਨ ਹੁੰਦਾ ਸੀ।” ਬਹੁਤ ਜ਼ਿਆਦਾ ਟੀ. ਵੀ. ਦੇਖਣ ਦੀ ਆਦਤ ਵੀ ਉਸ ਨੂੰ ਇਸੇ ਤਰ੍ਹਾਂ ਪਈ ਸੀ। ਉਹ ਆਪਣੇ ਆਪ ਨੂੰ ਕਹਿੰਦੀ ਸੀ ਕਿ ਉਹ “ਥੋੜ੍ਹੇ ਦਿਲਪਰਚਾਵੇ” ਜਾਂ “ਕੰਮ-ਕਾਜ ਤੋਂ ਥੋੜ੍ਹੇ ਆਰਾਮ” ਵਾਸਤੇ ਟੀ. ਵੀ. ਦੇਖੇਗੀ। ਪਰ ਉਸ ਦੀ ਇਹ ਆਦਤ ਬੇਕਾਬੂ ਹੋ ਗਈ ਜਿਸ ਕਰਕੇ ਉਹ ਘੰਟਿਆਂ ਬੱਧੀ ਟੀ. ਵੀ. ਅੱਗੇ ਬੈਠੀ ਰਹਿੰਦੀ ਸੀ। “ਇਸ ਭੈੜੀ ਆਦਤ ਕਰਕੇ ਮੇਰੀ ਅਧਿਆਤਮਿਕ ਤਰੱਕੀ ਰੁਕ ਗਈ,” ਉਹ ਕਹਿੰਦੀ ਹੈ। ਦ੍ਰਿੜ੍ਹ ਇਰਾਦੇ ਨਾਲ ਉਸ ਨੇ ਟੀ. ਵੀ. ਦੇਖਣਾ ਘੱਟ ਕੀਤਾ ਅਤੇ ਚੋਣਵੇਂ ਪ੍ਰੋਗ੍ਰਾਮ ਹੀ ਦੇਖਣੇ ਸ਼ੁਰੂ ਕੀਤੇ। “ਮੈਂ ਹਮੇਸ਼ਾ ਇਹ ਗੱਲ ਯਾਦ ਰੱਖਦੀ ਹਾਂ ਕਿ ਮੈਂ ਆਪਣੀ ਇਸ ਆਦਤ ਤੋਂ ਕਿਉਂ ਪਿੱਛਾ ਛੁਡਾਉਣਾ ਚਾਹੁੰਦੀ ਸੀ,” ਸਟੈਲਾ ਕਹਿੰਦੀ ਹੈ, “ਅਤੇ ਮੈਂ ਆਪਣੇ ਇਰਾਦੇ ਉੱਤੇ ਡਟੇ ਰਹਿਣ ਲਈ ਯਹੋਵਾਹ ਤੋਂ ਮਦਦ ਮੰਗਦੀ ਹਾਂ।”
ਖ਼ਾਰਾਲੌਮਬੂਸ ਨਾਂ ਦਾ ਇਕ ਮਸੀਹੀ ਆਪਣੀ ਇਕ ਭੈੜੀ ਆਦਤ ਬਾਰੇ ਦੱਸਦਾ ਹੈ ਜੋ ਉਸ ਨੂੰ ਅਧਿਆਤਮਿਕ ਤਰੱਕੀ ਕਰਨ ਤੋਂ ਰੋਕ ਰਹੀ ਸੀ। ਉਸ ਨੂੰ ਹਰ ਕੰਮ ਨੂੰ ਅੱਗੇ ਪਾਉਣ ਜਾਂ ਟਾਲ ਦੇਣ ਦੀ ਆਦਤ ਸੀ। “ਜਦੋਂ ਮੈਨੂੰ ਅਹਿਸਾਸ ਹੋਇਆ ਕਿ ਹਰ ਕੰਮ ਨੂੰ ਟਾਲ ਦੇਣ ਦੀ ਆਦਤ ਹਾਨੀਕਾਰਕ ਹੈ, ਤਾਂ ਮੈਂ ਆਪਣੇ ਵਿਚ ਤਬਦੀਲੀ ਲਿਆਉਣੀ ਸ਼ੁਰੂ ਕਰ ਦਿੱਤੀ। ਟੀਚੇ ਰੱਖਣ ਵੇਲੇ ਮੈਂ ਯੋਜਨਾ ਬਣਾਈ ਕਿ ਮੈਂ ਇਨ੍ਹਾਂ ਨੂੰ ਪ੍ਰਾਪਤ ਕਰਨ ਲਈ ਕਦੋਂ ਅਤੇ ਕਿੱਦਾਂ ਕੰਮ ਕਰਨਾ ਸ਼ੁਰੂ ਕਰਾਂਗਾ। ਆਪਣੇ ਫ਼ੈਸਲਿਆਂ ਅਤੇ ਯੋਜਨਾਵਾਂ ਅਨੁਸਾਰ ਲਗਾਤਾਰ ਕੰਮ ਕਰਨਾ ਹੀ ਇਸ ਦਾ ਇਲਾਜ ਸੀ ਅਤੇ ਇਹ ਹੁਣ ਮੇਰੀ ਚੰਗੀ ਆਦਤ ਬਣ ਚੁੱਕੀ ਹੈ।” ਸੱਚ-ਮੁੱਚ, ਭੈੜੀਆਂ ਆਦਤਾਂ ਛੱਡਣ ਦਾ ਸਹੀ ਹੱਲ ਚੰਗੀਆਂ ਆਦਤਾਂ ਪਾਉਣੀਆਂ ਹਨ।
ਸਾਡੇ ਸਾਥੀ ਵੀ ਸਾਡੇ ਵਿਚ ਆਦਤਾਂ ਵਿਕਸਿਤ ਕਰ ਸਕਦੇ ਹਨ। ਅਸੀਂ ਉਨ੍ਹਾਂ ਤੋਂ ਚੰਗੀਆਂ ਜਾਂ ਭੈੜੀਆਂ ਆਦਤਾਂ ਸਿੱਖ ਸਕਦੇ ਹਾਂ। ਜਿਵੇਂ “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ,” ਉਸੇ ਤਰ੍ਹਾਂ ਚੰਗੇ ਸਾਥੀਆਂ ਦੀਆਂ ਚੰਗੀਆਂ ਆਦਤਾਂ ਸਾਡੇ ਲਈ ਮਿਸਾਲ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਵਿਚ ਪੈਦਾ ਕਰ ਸਕਦੇ ਹਾਂ। (1 ਕੁਰਿੰਥੀਆਂ 15:33) ਸਭ ਤੋਂ ਅਹਿਮ ਗੱਲ ਇਹ ਹੈ ਕਿ ਸਾਡੀਆਂ ਆਦਤਾਂ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਮਜ਼ਬੂਤ ਕਰ ਸਕਦੀਆਂ ਹਨ ਜਾਂ ਕਮਜ਼ੋਰ ਕਰ ਸਕਦੀਆਂ ਹਨ। ਸਟੈਲਾ ਕਹਿੰਦੀ ਹੈ: “ਜੇ ਸਾਡੀਆਂ ਆਦਤਾਂ ਚੰਗੀਆਂ ਹਨ, ਤਾਂ ਯਹੋਵਾਹ ਦੀ ਸੇਵਾ ਕਰਨੀ ਸਾਡੇ ਲਈ ਆਸਾਨ ਹੁੰਦੀ ਹੈ। ਪਰ ਜੇ ਇਹ ਨੁਕਸਾਨਦਾਇਕ ਹਨ, ਤਾਂ ਇਹ ਸਾਡੇ ਜਤਨਾਂ ਨੂੰ ਅਸਫ਼ਲ ਕਰ ਸਕਦੀਆਂ ਹਨ।”
ਚੰਗੀਆਂ ਆਦਤਾਂ ਪਾਓ ਅਤੇ ਇਨ੍ਹਾਂ ਅਨੁਸਾਰ ਕੰਮ ਕਰੋ। ਇਹ ਤੁਹਾਡੀ ਜ਼ਿੰਦਗੀ ਉੱਤੇ ਜ਼ਬਰਦਸਤ ਤੇ ਫ਼ਾਇਦੇਮੰਦ ਪ੍ਰਭਾਵ ਪਾਉਣਗੀਆਂ।
[ਸਫ਼ੇ 19 ਉੱਤੇ ਤਸਵੀਰ]
ਅੱਗ ਵਾਂਗ, ਆਦਤਾਂ ਫ਼ਾਇਦੇਮੰਦ ਵੀ ਹੋ ਸਕਦੀਆਂ ਹਨ ਤੇ ਵਿਨਾਸ਼ਕਾਰੀ ਵੀ
[ਸਫ਼ੇ 21 ਉੱਤੇ ਤਸਵੀਰ]
ਯਿਸੂ ਦਾ ਦਸਤੂਰ ਸੀ ਕਿ ਉਹ ਸਬਤ ਦੇ ਦਿਨ ਯਹੂਦੀ ਸਭਾ ਘਰ ਵਿਚ ਜਾ ਕੇ ਪਰਮੇਸ਼ੁਰ ਦਾ ਬਚਨ ਪੜ੍ਹਦਾ ਸੀ
[ਸਫ਼ੇ 22 ਉੱਤੇ ਤਸਵੀਰਾਂ]
ਚੰਗੀਆਂ ਅਧਿਆਤਮਿਕ ਆਦਤਾਂ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਮਜ਼ਬੂਤ ਕਰਦੀਆਂ ਹਨ