Skip to content

Skip to table of contents

ਤਰੱਕੀ ਵਿਚ ਆਉਂਦੀਆਂ ਰੁਕਾਵਟਾਂ ਨੂੰ ਹਟਾਓ!

ਤਰੱਕੀ ਵਿਚ ਆਉਂਦੀਆਂ ਰੁਕਾਵਟਾਂ ਨੂੰ ਹਟਾਓ!

ਤਰੱਕੀ ਵਿਚ ਆਉਂਦੀਆਂ ਰੁਕਾਵਟਾਂ ਨੂੰ ਹਟਾਓ!

ਤੁਸੀਂ ਆਪਣੀ ਕਾਰ ਨੂੰ ਗਿਅਰ ਵਿਚ ਪਾਇਆ ਹੋਇਆ ਹੈ ਤੇ ਇੰਜਣ ਚੱਲ ਰਿਹਾ ਹੈ, ਪਰ ਕਾਰ ਅੱਗੇ ਵਧਣ ਦਾ ਨਾਂ ਹੀ ਨਹੀਂ ਲੈਂਦੀ। ਕੀ ਇਸ ਦੇ ਇੰਜਣ ਵਿਚ ਕੋਈ ਨੁਕਸ ਹੈ? ਨਹੀਂ, ਸਗੋਂ ਇਕ ਪਹੀਏ ਦੇ ਅੱਗੇ ਇਕ ਵੱਡਾ ਸਾਰਾ ਪੱਥਰ ਪਿਆ ਹੋਇਆ ਹੈ। ਕਾਰ ਦੇ ਅੱਗੇ ਜਾਣ ਲਈ ਜ਼ਰੂਰੀ ਹੈ ਕਿ ਇਸ ਪੱਥਰ ਨੂੰ ਹਟਾਇਆ ਜਾਵੇ।

ਇਸੇ ਤਰ੍ਹਾਂ, ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰ ਰਹੇ ਕੁਝ ਲੋਕਾਂ ਦੇ ਰਾਹ ਵਿਚ ਅਜਿਹੀਆਂ ਰੁਕਾਵਟਾਂ ਹੋ ਸਕਦੀਆਂ ਹਨ ਜੋ ਉਨ੍ਹਾਂ ਦੀ ਅਧਿਆਤਮਿਕ ਤਰੱਕੀ ਵਿਚ ਰੋੜਾ ਬਣਦੀਆਂ ਹਨ। ਮਿਸਾਲ ਵਜੋਂ, ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ “ਇਸ ਜੁਗ ਦੀ ਚਿੰਤਾ ਅਤੇ ਧਨ ਦਾ ਧੋਖਾ” ਅਜਿਹੀਆਂ ਚੀਜ਼ਾਂ ਹਨ ਜੋ ਸੱਚਾਈ ਦੇ ‘ਬਚਨ ਨੂੰ ਦਬਾ ਲੈਂਦੀਆਂ ਹਨ’ ਤੇ ਇਨਸਾਨ ਨੂੰ ਤਰੱਕੀ ਨਹੀਂ ਕਰਨ ਦਿੰਦੀਆਂ।—ਮੱਤੀ 13:22.

ਕਈਆਂ ਨੂੰ ਉਨ੍ਹਾਂ ਦੀਆਂ ਪੁਰਾਣੀਆਂ ਆਦਤਾਂ ਜਾਂ ਕਮਜ਼ੋਰੀਆਂ ਤਰੱਕੀ ਕਰਨ ਤੋਂ ਰੋਕਦੀਆਂ ਹਨ। ਯੂਟਾਕਾ ਨਾਮਕ ਇਕ ਜਪਾਨੀ ਆਦਮੀ ਨੂੰ ਬਾਈਬਲ ਦਾ ਸੰਦੇਸ਼ ਤਾਂ ਚੰਗਾ ਲੱਗਦਾ ਸੀ, ਪਰ ਉਸ ਨੂੰ ਜੂਆ ਖੇਡਣ ਦੀ ਭੈੜੀ ਆਦਤ ਸੀ। ਉਸ ਨੇ ਕਈ ਵਾਰੀ ਇਸ ਭੈੜੀ ਆਦਤ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋਇਆ। ਆਪਣੀ ਇਸ ਬੁਰੀ ਲਤ ਕਰਕੇ ਉਹ ਬਹੁਤ ਸਾਰਾ ਪੈਸਾ ਅਤੇ ਤਿੰਨ ਘਰ ਜੂਏ ਵਿਚ ਹਾਰ ਗਿਆ ਜਿਸ ਕਰਕੇ ਉਸ ਦੇ ਪਰਿਵਾਰ ਦੀਆਂ ਨਜ਼ਰਾਂ ਵਿਚ ਉਸ ਦੀ ਕੋਈ ਇੱਜ਼ਤ ਨਹੀਂ ਰਹੀ ਤੇ ਉਹ ਆਪ ਵੀ ਆਪਣੀਆਂ ਨਜ਼ਰਾਂ ਵਿਚ ਗਿਰ ਗਿਆ ਸੀ। ਕੀ ਉਹ ਇਸ ਰੁਕਾਵਟ ਨੂੰ ਹਟਾ ਕੇ ਇਕ ਮਸੀਹੀ ਬਣ ਸਕੇਗਾ?

ਜਾਂ ਇਕ ਕੇਕੋ ਨਾਮਕ ਤੀਵੀਂ ਤੇ ਗੌਰ ਕਰੋ। ਬਾਈਬਲ ਦੀ ਮਦਦ ਨਾਲ ਉਸ ਨੇ ਮੂਰਤੀ-ਪੂਜਾ, ਅਨੈਤਿਕਤਾ ਅਤੇ ਜੋਤਸ਼ ਵਿੱਦਿਆ ਵਰਗੀਆਂ ਬੁਰਾਈਆਂ ਉੱਤੇ ਕਾਬੂ ਪਾ ਲਿਆ ਸੀ। ਪਰ ਕੇਕੋ ਮੰਨਦੀ ਹੈ: “ਮੇਰੇ ਲਈ ਸਭ ਤੋਂ ਵੱਡੀ ਰੁਕਾਵਟ ਸੀ ਸਿਗਰਟ ਪੀਣੀ। ਮੈਂ ਕਈ ਵਾਰੀ ਸਿਗਰਟ ਛੱਡਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੀ।”

ਇਸੇ ਤਰ੍ਹਾਂ, ਤੁਹਾਡੀ ਤਰੱਕੀ ਦੇ ਰਾਹ ਵਿਚ ਵੀ ਕੋਈ ਅਜਿਹੀ ਰੁਕਾਵਟ ਹੋ ਸਕਦੀ ਹੈ ਜੋ ਦੇਖਣ ਨੂੰ ਬੜੀ ਵੱਡੀ ਲੱਗਦੀ ਹੈ। ਪਰ ਰੁਕਾਵਟ ਭਾਵੇਂ ਜੋ ਵੀ ਹੈ, ਯਕੀਨ ਕਰੋ ਕਿ ਪਰਮੇਸ਼ੁਰ ਦੀ ਮਦਦ ਨਾਲ ਇਸ ਨੂੰ ਹਟਾਇਆ ਜਾ ਸਕਦਾ ਹੈ।

ਯਿਸੂ ਦੀ ਉਸ ਸਲਾਹ ਨੂੰ ਚੇਤੇ ਕਰੋ ਜੋ ਉਸ ਨੇ ਆਪਣੇ ਚੇਲਿਆਂ ਨੂੰ ਦਿੱਤੀ ਸੀ ਜਦੋਂ ਉਹ ਮਿਰਗੀ ਦੇ ਰੋਗੀ ਆਦਮੀ ਵਿੱਚੋਂ ਦੁਸ਼ਟ ਆਤਮਾ ਕੱਢਣ ਵਿਚ ਨਾਕਾਮ ਹੋਏ ਸਨ। ਯਿਸੂ ਨੇ ਦੁਸ਼ਟ ਆਤਮਾ ਕੱਢਣ ਵਿਚ ਕਾਮਯਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਿਹਾ: “ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਸਮਾਨ ਨਿਹਚਾ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ ਜੋ ਐਧਰੋਂ ਹਟ ਕੇ ਉਸ ਥਾਂ ਚੱਲਿਆ ਜਾਹ ਅਤੇ ਉਹ ਚੱਲਿਆ ਜਾਵੇਗਾ ਅਤੇ ਤੁਹਾਨੂੰ ਕੋਈ ਕੰਮ ਅਣਹੋਣਾ ਨਾ ਹੋਵੇਗਾ।” (ਮੱਤੀ 17:14-20; ਮਰਕੁਸ 9:17-29) ਜੀ ਹਾਂ, ਸਮੱਸਿਆ ਜਿਹੜੀ ਸਾਨੂੰ ਵੱਡੇ ਪਹਾੜ ਵਰਗੀ ਲੱਗ ਸਕਦੀ ਹੈ ਉਹ ਸਾਡੇ ਸਰਬਸ਼ਕਤੀਮਾਨ ਸਿਰਜਣਹਾਰ ਦੇ ਅੱਗੇ ਬੜੀ ਛੋਟੀ ਤੇ ਮਾਮੂਲੀ ਹੈ।​—ਉਤਪਤ 18:14; ਮਰਕੁਸ 10:27.

ਤਰੱਕੀ ਦੇ ਰਾਹ ਵਿਚ ਆਉਂਦੀਆਂ ਰੁਕਾਵਟਾਂ ਨੂੰ ਪਛਾਣਨਾ

ਰੁਕਾਵਟਾਂ ਨੂੰ ਦੂਰ ਕਰਨ ਤੋਂ ਪਹਿਲਾਂ ਇਹ ਪਛਾਣਨਾ ਜ਼ਰੂਰੀ ਹੈ ਕਿ ਇਹ ਰੁਕਾਵਟਾਂ ਆਖ਼ਰ ਹੈ ਕਿਹੜੀਆਂ। ਅਜਿਹਾ ਤੁਸੀਂ ਕਿੱਦਾਂ ਕਰ ਸਕਦੇ ਹੋ? ਕਈ ਵਾਰੀ ਤੁਹਾਡੀ ਕਲੀਸਿਯਾ ਦਾ ਕੋਈ ਮੈਂਬਰ, ਜਿਵੇਂ ਕਿ ਇਕ ਬਜ਼ੁਰਗ ਜਾਂ ਜੋ ਵਿਅਕਤੀ ਤੁਹਾਨੂੰ ਸਟੱਡੀ ਕਰਾ ਰਿਹਾ ਹੈ, ਉਹ ਕਿਸੇ ਗੱਲ ਵੱਲ ਤੁਹਾਡਾ ਧਿਆਨ ਖਿੱਚਦਾ ਹੈ। ਅਜਿਹੀ ਪਿਆਰ ਨਾਲ ਦਿੱਤੀ ਸਲਾਹ ਦਾ ਬੁਰਾ ਮਨਾਉਣ ਦੀ ਬਜਾਇ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਨਿਮਰਤਾ ਨਾਲ ਸਲਾਹ ਨੂੰ “ਸੁਣੋ ਤੇ ਬੁੱਧਵਾਨ ਬਣੋ।” (ਕਹਾਉਤਾਂ 8:33) ਕਈ ਵਾਰੀ ਬਾਈਬਲ ਅਧਿਐਨ ਕਰਨ ਦੁਆਰਾ ਵੀ ਤੁਹਾਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਲੱਗ ਸਕਦਾ ਹੈ। ਜੀ ਹਾਂ, ਪਰਮੇਸ਼ੁਰ ਦਾ ਬਚਨ “ਜੀਉਂਦਾ ਅਤੇ ਗੁਣਕਾਰ” ਹੈ। (ਇਬਰਾਨੀਆਂ 4:12) ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਨ ਨਾਲ ਤੁਹਾਡੀਆਂ ਗਹਿਰੀਆਂ ਸੋਚਾਂ, ਭਾਵਨਾਵਾਂ ਤੇ ਉਦੇਸ਼ ਉੱਭਰ ਕੇ ਸਾਮ੍ਹਣੇ ਆਉਂਦੇ ਹਨ। ਇਸ ਤਰ੍ਹਾਂ ਤੁਹਾਨੂੰ ਯਹੋਵਾਹ ਦੇ ਉੱਚੇ ਮਿਆਰਾਂ ਦੀ ਰੌਸ਼ਨੀ ਵਿਚ ਆਪਣੇ ਆਪ ਨੂੰ ਜਾਂਚਣ ਵਿਚ ਮਦਦ ਮਿਲਦੀ ਹੈ। ਇਸ ਨਾਲ ਉਨ੍ਹਾਂ ਗੱਲਾਂ ਦੀ ਪਛਾਣ ਹੁੰਦੀ ਹੈ ਜੋ ਤੁਹਾਡੀ ਅਧਿਆਤਮਿਕ ਤਰੱਕੀ ਵਿਚ ਰੁਕਾਵਟ ਬਣ ਸਕਦੀਆਂ ਹਨ।​—ਯਾਕੂਬ 1:23-25.

ਉਦਾਹਰਣ ਲਈ ਮੰਨ ਲਓ ਕਿ ਇਕ ਬਾਈਬਲ ਵਿਦਿਆਰਥੀ ਨੂੰ ਅਨੈਤਿਕ ਗੱਲਾਂ ਸੋਚਦੇ ਰਹਿਣ ਦੀ ਆਦਤ ਹੈ। ਉਹ ਸ਼ਾਇਦ ਸੋਚੇ ਕਿ ਇਸ ਤਰ੍ਹਾਂ ਕਰਨ ਵਿਚ ਕੋਈ ਨੁਕਸਾਨ ਨਹੀਂ। ਉਹ ਤਰਕ ਕਰ ਸਕਦਾ ਹੈ ਕਿ ਆਖ਼ਰ ਉਹ ਕੋਈ ਅਨੈਤਿਕ ਕੰਮ ਨਹੀਂ ਕਰ ਰਿਹਾ। ਅਧਿਐਨ ਕਰਦੇ-ਕਰਦੇ ਉਹ ਯਾਕੂਬ 1:14, 15 ਦੇ ਇਨ੍ਹਾਂ ਸ਼ਬਦਾਂ ਨੂੰ ਪੜ੍ਹਦਾ ਹੈ: “ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ। ਤਦ ਕਾਮਨਾ ਜਾਂ ਗਰਭਣੀ ਹੋਈ ਤਾਂ ਪਾਪ ਨੂੰ ਜਣਦੀ ਹੈ, ਅਤੇ ਪਾਪ ਜਾਂ ਪੂਰੇ ਵਿੱਤ ਨੂੰ ਪੁੱਜਦਾ ਹੈ ਤਾਂ ਮੌਤ ਨੂੰ ਜਨਮ ਦਿੰਦਾ ਹੈ।” ਹੁਣ ਉਸ ਨੂੰ ਪਤਾ ਲੱਗਦਾ ਹੈ ਕਿ ਅਨੈਤਿਕ ਗੱਲਾਂ ਬਾਰੇ ਸੋਚਦੇ ਰਹਿਣ ਨਾਲ ਉਸ ਦੀ ਅਧਿਆਤਮਿਕ ਤਰੱਕੀ ਨੂੰ ਕਿੰਨਾ ਨੁਕਸਾਨ ਪਹੁੰਚ ਸਕਦਾ ਹੈ! ਉਹ ਇਸ ਅੜਚਣ ਉੱਤੇ ਕਿੱਦਾਂ ਕਾਬੂ ਪਾ ਸਕਦਾ ਹੈ?​—ਮਰਕੁਸ 7:21-23.

ਰੁਕਾਵਟਾਂ ਨੂੰ ਹਟਾਉਣਾ

ਸ਼ਾਇਦ ਉਹ ਵਿਦਿਆਰਥੀ ਕਿਸੇ ਸਿਆਣੇ ਮਸੀਹੀ ਦੀ ਮਦਦ ਨਾਲ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ * ਦਾ ਇਸਤੇਮਾਲ ਕਰਦੇ ਹੋਏ ਪਰਮੇਸ਼ੁਰ ਦੇ ਬਚਨ ਵਿੱਚੋਂ ਕੁਝ ਰਿਸਰਚ ਕਰ ਸਕਦਾ ਹੈ। ਮਿਸਾਲ ਵਜੋਂ, “ਸੋਚ-ਵਿਚਾਰ” (Thoughts) ਨਾਮਕ ਸਿਰਲੇਖ ਪਾਠਕ ਦਾ ਧਿਆਨ ਅਜਿਹੇ ਪ੍ਰਕਾਸ਼ਿਤ ਲੇਖਾਂ ਵੱਲ ਖਿੱਚਦਾ ਹੈ ਜੋ ਨੁਕਸਾਨਦੇਹ ਵਿਚਾਰਾਂ ਉੱਤੇ ਕਾਬੂ ਪਾਉਣ ਵਿਚ ਮਦਦ ਕਰ ਸਕਦੇ ਹਨ। ਇਹ ਲੇਖ ਮਦਦਗਾਰ ਬਾਈਬਲ ਹਵਾਲਿਆਂ ਬਾਰੇ ਦੱਸਦੇ ਹਨ ਜਿਵੇਂ ਕਿ ਫ਼ਿਲਿੱਪੀਆਂ 4:8 ਜੋ ਕਹਿੰਦਾ ਹੈ: “ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੋ।” ਜੀ ਹਾਂ, ਅਨੈਤਿਕ ਗੱਲਾਂ ਦੀ ਜਗ੍ਹਾ ਸ਼ੁੱਧ ਤੇ ਲਾਭਦਾਇਕ ਗੱਲਾਂ ਉੱਤੇ ਧਿਆਨ ਲਾਉਣਾ ਚਾਹੀਦਾ ਹੈ!

ਰਿਸਰਚ ਕਰਦੇ ਸਮੇਂ ਯਕੀਨਨ ਉਸ ਵਿਦਿਆਰਥੀ ਨੂੰ ਕਈ ਦੂਜੇ ਬਾਈਬਲ ਸਿਧਾਂਤ ਵੀ ਲੱਭਣਗੇ ਜੋ ਸਮੱਸਿਆ ਨੂੰ ਹੋਰ ਜ਼ਿਆਦਾ ਨਾ ਵਧਾਉਣ ਵਿਚ ਉਸ ਦੀ ਮਦਦ ਕਰਨਗੇ। ਮਿਸਾਲ ਵਜੋਂ, ਕਹਾਉਤਾਂ 6:27 ਅਤੇ ਮੱਤੀ 5:28 ਸਾਨੂੰ ਕਾਮੁਕ ਇੱਛਾਵਾਂ ਜਗਾਉਣ ਵਾਲੀਆਂ ਗੱਲਾਂ ਨਾਲ ਆਪਣੇ ਦਿਲਾਂ-ਦਿਮਾਗ਼ਾਂ ਨੂੰ ਭਰਨ ਖ਼ਿਲਾਫ਼ ਚੇਤਾਵਨੀ ਦਿੰਦੇ ਹਨ। ਜ਼ਬੂਰਾਂ ਦੇ ਲਿਖਾਰੀ ਨੇ ਪ੍ਰਾਰਥਨਾ ਕੀਤੀ: “ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇਹ।” (ਜ਼ਬੂਰ 119:37) ਬੇਸ਼ੱਕ ਸਿਰਫ਼ ਇਨ੍ਹਾਂ ਬਾਈਬਲ ਹਵਾਲਿਆਂ ਨੂੰ ਪੜ੍ਹਨਾ ਕਾਫ਼ੀ ਨਹੀਂ ਹੈ। ਕਹਾਉਤਾਂ ਦਾ ਬੁੱਧੀਮਾਨ ਲਿਖਾਰੀ ਕਹਿੰਦਾ ਹੈ ਕਿ “ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ।” (ਕਹਾਉਤਾਂ 15:28) ਵਿਦਿਆਰਥੀ ਸਿਰਫ਼ ਇਹੀ ਨਹੀਂ ਸੋਚਦਾ ਕਿ ਪਰਮੇਸ਼ੁਰ ਕੀ ਹੁਕਮ ਦਿੰਦਾ ਹੈ, ਸਗੋਂ ਉਹ ਇਹ ਵੀ ਸੋਚਦਾ ਹੈ ਕਿ ਪਰਮੇਸ਼ੁਰ ਇਹ ਹੁਕਮ ਕਿਉਂ ਦਿੰਦਾ ਹੈ। ਇਸ ਤਰ੍ਹਾਂ ਕਰਨ ਨਾਲ ਉਹ ਚੰਗੀ ਤਰ੍ਹਾਂ ਸਮਝ ਸਕੇਗਾ ਕਿ ਯਹੋਵਾਹ ਦੇ ਰਾਹ ਬਿਲਕੁਲ ਸਹੀ ਹਨ ਅਤੇ ਇਨ੍ਹਾਂ ਉੱਤੇ ਚੱਲਣਾ ਹੀ ਬੁੱਧੀਮਤਾ ਹੈ।

ਆਖ਼ਰਕਾਰ, ਜਿਹੜਾ ਵਿਅਕਤੀ ਆਪਣੀ ਤਰੱਕੀ ਵਿਚ ਆਉਂਦੀ ਇਸ ਅੜਚਣ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਸ ਨੂੰ ਦਿਲੋਂ ਯਹੋਵਾਹ ਦੀ ਮਦਦ ਮੰਗਣੀ ਚਾਹੀਦੀ ਹੈ। ਪਰਮੇਸ਼ੁਰ ਸਾਡੀ ਬਣਾਵਟ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਅਸੀਂ ਨਾਮੁਕੰਮਲ ਹਾਂ ਤੇ ਮਿੱਟੀ ਤੋਂ ਬਣੇ ਹੋਏ ਹਾਂ। (ਜ਼ਬੂਰ 103:14) ਮਦਦ ਲਈ ਲਗਾਤਾਰ ਪ੍ਰਾਰਥਨਾ ਕਰਨ ਦੇ ਨਾਲ-ਨਾਲ ਅਨੈਤਿਕ ਖ਼ਿਆਲਾਂ ਤੋਂ ਬਚਣ ਲਈ ਕੀਤੇ ਸਖ਼ਤ ਜਤਨਾਂ ਦਾ ਆਖ਼ਰ ਵਿਚ ਚੰਗਾ ਨਤੀਜਾ ਨਿਕਲੇਗਾ—ਇਕ ਸ਼ੁੱਧ ਤੇ ਬੋਝ-ਰਹਿਤ ਅੰਤਹਕਰਣ।​—ਇਬਰਾਨੀਆਂ 9:14.

ਹਿੰਮਤ ਨਾ ਹਾਰੋ

ਤੁਸੀਂ ਭਾਵੇਂ ਜਿਹੜੀ ਮਰਜ਼ੀ ਅੜਚਣ ਨਾਲ ਜਦੋ-ਜਹਿਦ ਕਰ ਰਹੇ ਹੋ, ਪਰ ਇਹ ਗੱਲ ਯਾਦ ਰੱਖੋ ਕਿ ਕਦੇ-ਕਦੇ ਤੁਹਾਡੀ ਕਮਜ਼ੋਰੀ ਤੁਹਾਡੇ ਉੱਤੇ ਹਾਵੀ ਹੋ ਸਕਦੀ ਹੈ। ਜਦੋਂ ਇੱਦਾਂ ਹੁੰਦਾ ਹੈ, ਤਾਂ ਇਹ ਸੁਭਾਵਕ ਹੀ ਹੈ ਕਿ ਅਸੀਂ ਮਾਯੂਸ ਤੇ ਨਿਰਾਸ਼ ਹੋ ਜਾਂਦੇ ਹਾਂ। ਫਿਰ ਵੀ ਗਲਾਤੀਆਂ 6:9 ਦੇ ਸ਼ਬਦਾਂ ਨੂੰ ਚੇਤੇ ਰੱਖੋ: “ਭਲਿਆਈ ਕਰਦਿਆਂ ਅਸੀਂ ਅੱਕ ਨਾ ਜਾਈਏ ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ।” ਦਾਊਦ ਅਤੇ ਪਤਰਸ ਵਰਗੇ ਪਰਮੇਸ਼ੁਰ ਦੇ ਸਮਰਪਿਤ ਸੇਵਕਾਂ ਨੇ ਵੀ ਕੁਝ ਅਪਮਾਨਜਨਕ ਨਾਕਾਮਯਾਬੀਆਂ ਅਨੁਭਵ ਕੀਤੀਆਂ ਸਨ। ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਨਿਮਰਤਾ ਨਾਲ ਸਲਾਹ ਮੰਨੀ, ਆਪਣੇ ਵਿਚ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਮਿਸਾਲੀ ਸੇਵਕ ਸਾਬਤ ਕੀਤਾ। (ਕਹਾਉਤਾਂ 24:16) ਦਾਊਦ ਦੇ ਗ਼ਲਤੀਆਂ ਕਰਨ ਦੇ ਬਾਵਜੂਦ ਵੀ ਯਹੋਵਾਹ ਨੇ ਉਸ ਨੂੰ “ਆਪਣੇ ਮਨ ਭਾਉਂਦਾ ਮਨੁੱਖ” ਕਿਹਾ ਜੋ ਉਸ ਦੀ “ਸਾਰੀ ਮਰਜ਼ੀ ਪੂਰੀ ਕਰੇਗਾ।” (ਰਸੂਲਾਂ ਦੇ ਕਰਤੱਬ 13:22) ਪਤਰਸ ਨੇ ਵੀ ਆਪਣੀਆਂ ਕਮਜ਼ੋਰੀਆਂ ਉੱਤੇ ਕਾਬੂ ਪਾਇਆ ਤੇ ਮਸੀਹੀ ਕਲੀਸਿਯਾ ਦਾ ਇਕ ਥੰਮ੍ਹ ਬਣ ਗਿਆ।

ਅੱਜ ਵੀ ਬਹੁਤ ਸਾਰੇ ਲੋਕਾਂ ਨੇ ਅੜਚਣਾਂ ਉੱਤੇ ਕਾਬੂ ਪਾ ਕੇ ਉਸੇ ਤਰ੍ਹਾਂ ਦੀ ਕਾਮਯਾਬੀ ਦਾ ਆਨੰਦ ਮਾਣਿਆ ਹੈ। ਪਹਿਲਾਂ ਜ਼ਿਕਰ ਕੀਤੇ ਗਏ ਯੂਟਾਕਾ ਨੇ ਬਾਈਬਲ ਸਟੱਡੀ ਕਰਨੀ ਸਵੀਕਾਰ ਕਰ ਲਈ। ਉਹ ਕਹਿੰਦਾ ਹੈ: “ਯਹੋਵਾਹ ਦੇ ਸਹਾਰੇ ਅਤੇ ਉਸ ਦੀ ਬਰਕਤ ਨਾਲ ਚੁੱਕੇ ਹਰੇਕ ਕਦਮ ਨਾਲ ਮੈਨੂੰ ਜੂਏ ਦੀ ਲਤ ਉੱਤੇ ਕਾਬੂ ਪਾਉਣ ਵਿਚ ਮਦਦ ਮਿਲੀ। ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ ਸੱਚ ਹੁੰਦੇ ਦੇਖ ਕੇ ਮੈਨੂੰ ਬੜੀ ਹੀ ਖ਼ੁਸ਼ੀ ਹੋਈ ਕਿ ਨਿਹਚਾ ਨਾਲ ‘ਪਹਾੜ’ ਵੀ ਆਪਣੀ ਜਗ੍ਹਾ ਤੋਂ ਹਟ ਸਕਦਾ ਹੈ।” ਸਮਾਂ ਬੀਤਣ ਨਾਲ ਯੂਟਾਕਾ ਕਲੀਸਿਯਾ ਵਿਚ ਸਹਾਇਕ ਸੇਵਕ ਬਣ ਗਿਆ।

ਕੇਕੋ ਬਾਰੇ ਕੀ ਜਿਸ ਨੂੰ ਤਮਾਖੂ ਦੀ ਲਤ ਲੱਗੀ ਸੀ? ਉਸ ਨਾਲ ਸਟੱਡੀ ਕਰ ਰਹੀ ਭੈਣ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਤਮਾਖੂ ਦੀ ਲਤ ਬਾਰੇ ਵੱਖੋ-ਵੱਖਰੇ ਜਾਗਰੂਕ ਬਣੋ! ਰਸਾਲੇ ਦੇ ਲੇਖ ਪੜ੍ਹੇ। ਕੇਕੋ ਨੇ ਆਪਣੀ ਗੱਡੀ ਵਿਚ ਵੀ 2 ਕੁਰਿੰਥੀਆਂ 7:1 ਦੇ ਸ਼ਬਦਾਂ ਨੂੰ ਲਿਖਿਆ ਹੋਇਆ ਸੀ ਤਾਂਕਿ ਇਹ ਸ਼ਬਦ ਉਸ ਨੂੰ ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਰਹਿਣ ਦੀ ਹਰ ਰੋਜ਼ ਯਾਦ ਦਿਲਾਉਂਦੇ ਰਹਿਣ। ਫਿਰ ਵੀ ਉਹ ਆਪਣੀ ਇਸ ਲਤ ਤੇ ਕਾਬੂ ਨਹੀਂ ਪਾ ਸਕੀ। “ਮੈਂ ਆਪਣੇ ਆਪ ਤੋਂ ਬਹੁਤ ਹੀ ਮਾਯੂਸ ਹੋ ਚੁੱਕੀ ਸੀ,” ਕੇਕੋ ਚੇਤੇ ਕਰਦੀ ਹੈ। “ਇਸ ਲਈ ਮੈਂ ਆਪਣੇ ਆਪ ਤੋਂ ਪੁੱਛਣ ਲੱਗੀ ਕਿ ਆਖ਼ਰ ਮੈਂ ਚਾਹੁੰਦੀ ਕੀ ਹਾਂ—ਕੀ ਮੈਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੀ ਹਾਂ ਜਾਂ ਸ਼ਤਾਨ ਦੀ?” ਇਕ ਵਾਰ ਉਸ ਨੇ ਫ਼ੈਸਲਾ ਕਰ ਲਿਆ ਕਿ ਉਹ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੀ ਹੈ, ਤਾਂ ਉਸ ਨੇ ਸੱਚੇ ਦਿਲੋਂ ਮਦਦ ਲਈ ਪ੍ਰਾਰਥਨਾ ਕੀਤੀ। ਉਹ ਚੇਤੇ ਕਰਦੀ ਹੈ: “ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਂ ਬਿਨਾਂ ਕਿਸੇ ਤਕਲੀਫ਼ ਦੇ ਸਿਗਰਟ ਛੱਡਣ ਵਿਚ ਕਾਮਯਾਬ ਹੋ ਗਈ। ਮੈਨੂੰ ਬੜਾ ਅਫ਼ਸੋਸ ਹੋਇਆ ਕਿ ਮੈਂ ਇਹ ਕਦਮ ਪਹਿਲਾਂ ਕਿਉਂ ਨਹੀਂ ਚੁੱਕਿਆ।”

ਤੁਸੀਂ ਵੀ ਆਪਣੀ ਤਰੱਕੀ ਦੇ ਰਾਹ ਵਿਚ ਆਉਂਦੀਆਂ ਰੁਕਾਵਟਾਂ ਉੱਤੇ ਕਾਬੂ ਪਾਉਣ ਵਿਚ ਕਾਮਯਾਬ ਹੋ ਸਕਦੇ ਹੋ। ਜਿੰਨਾ ਜ਼ਿਆਦਾ ਤੁਸੀਂ ਆਪਣੇ ਵਿਚਾਰਾਂ, ਇੱਛਾਵਾਂ, ਸ਼ਬਦਾਂ ਅਤੇ ਕੰਮਾਂ ਨੂੰ ਬਾਈਬਲ ਦੇ ਮਿਆਰਾਂ ਮੁਤਾਬਕ ਢਾਲ਼ੋਗੇ, ਤੁਹਾਡੇ ਵਿਚ ਉੱਨਾ ਹੀ ਜ਼ਿਆਦਾ ਆਤਮ-ਸਨਮਾਨ ਤੇ ਵਿਸ਼ਵਾਸ ਵਧੇਗਾ। ਤੁਹਾਡੇ ਅਧਿਆਤਮਿਕ ਭੈਣ-ਭਰਾ ਅਤੇ ਤੁਹਾਡੇ ਪਰਿਵਾਰ ਦੇ ਮੈਂਬਰ ਵੀ ਤੁਹਾਡੀ ਸੰਗਤੀ ਵਿਚ ਤਰੋਤਾਜ਼ਾ ਹੋਣਗੇ ਤੇ ਉਨ੍ਹਾਂ ਨੂੰ ਹੌਸਲਾ ਮਿਲੇਗਾ। ਸਭ ਤੋਂ ਅਹਿਮ ਗੱਲ ਇਹ ਹੈ ਕਿ ਯਹੋਵਾਹ ਪਰਮੇਸ਼ੁਰ ਨਾਲ ਤੁਹਾਡਾ ਰਿਸ਼ਤਾ ਹੋਰ ਵੀ ਗੂੜ੍ਹਾ ਹੋ ਜਾਵੇਗਾ। ਉਹ ਵਾਅਦਾ ਕਰਦਾ ਹੈ ਕਿ ਉਹ ਸ਼ਤਾਨ ਦੇ ਸ਼ਿਕੰਜੇ ਵਿੱਚੋਂ ਨਿਕਲਣ ਲਈ ‘ਆਪਣੀ ਪਰਜਾ ਦੇ ਰਾਹ ਵਿੱਚੋਂ ਕੋਈ ਵੀ ਰੁਕਾਵਟ ਚੁੱਕ ਸੁੱਟੇਗਾ।’ (ਯਸਾਯਾਹ 57:14) ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਜੇ ਤੁਸੀਂ ਆਪਣੀ ਅਧਿਆਤਮਿਕ ਤਰੱਕੀ ਦੇ ਰਾਹ ਵਿਚ ਆਉਂਦੀਆਂ ਰੁਕਾਵਟਾਂ ਨੂੰ ਹਟਾਉਣ ਲਈ ਸਖ਼ਤ ਜਤਨ ਕਰਦੇ ਹੋ, ਤਾਂ ਯਹੋਵਾਹ ਤੁਹਾਨੂੰ ਭਰਪੂਰ ਬਰਕਤਾਂ ਦੇਵੇਗਾ।

[ਫੁਟਨੋਟ]

^ ਪੈਰਾ 12 ਯਹੋਵਾਹ ਦੇ ਗਵਾਹਾਂ ਦੁਆਰਾ ਕਈ ਭਾਸ਼ਾਵਾਂ ਵਿਚ ਪ੍ਰਕਾਸ਼ਿਤ।

[ਸਫ਼ੇ 28 ਉੱਤੇ ਤਸਵੀਰ]

ਯਿਸੂ ਨੇ ਵਾਅਦਾ ਕੀਤਾ ਸੀ ਕਿ ਨਿਹਚਾ ਨਾਲ ਪਹਾੜ ਵਰਗੀਆਂ ਰੁਕਾਵਟਾਂ ਵੀ ਹਟ ਜਾਣਗੀਆਂ

[ਸਫ਼ੇ 30 ਉੱਤੇ ਤਸਵੀਰ]

ਬਾਈਬਲ ਪੜ੍ਹਨ ਨਾਲ ਅਧਿਆਤਮਿਕ ਕਮਜ਼ੋਰੀਆਂ ਤੇ ਕਾਬੂ ਪਾਉਣ ਵਿਚ ਮਦਦ ਮਿਲਦੀ ਹੈ