Skip to content

Skip to table of contents

ਵਿਸ਼ਵਾਸ ਕਰਨ ਦਾ ਤੁਹਾਡਾ ਹੱਕ

ਵਿਸ਼ਵਾਸ ਕਰਨ ਦਾ ਤੁਹਾਡਾ ਹੱਕ

ਵਿਸ਼ਵਾਸ ਕਰਨ ਦਾ ਤੁਹਾਡਾ ਹੱਕ

ਤੁਸੀਂ ਸ਼ਾਇਦ ਆਪਣੇ ਇਸ ਹੱਕ ਦੀ ਬਹੁਤ ਕਦਰ ਕਰਦੇ ਹੋ ਕਿ ਜੋ ਤੁਹਾਡਾ ਦਿਲ ਚਾਹੇ, ਤੁਸੀਂ ਉਸ ਵਿਚ ਵਿਸ਼ਵਾਸ ਕਰ ਸਕਦੇ ਹੋ। ਤਕਰੀਬਨ ਹਰ ਇਨਸਾਨ ਇਸ ਹੱਕ ਦੀ ਕਦਰ ਕਰਦਾ ਹੈ। ਆਪਣੇ ਇਸ ਅਧਿਕਾਰ ਦੀ ਵਰਤੋਂ ਕਰ ਕੇ ਦੁਨੀਆਂ ਦੇ ਛੇ ਅਰਬ ਲੋਕਾਂ ਨੇ ਬਹੁਤ ਹੀ ਵੱਖਰੇ-ਵੱਖਰੇ ਵਿਸ਼ਵਾਸ ਪੈਦਾ ਕੀਤੇ ਹਨ। ਜਿਵੇਂ ਸ੍ਰਿਸ਼ਟੀ ਵਿਚ ਵੱਖਰੇ-ਵੱਖਰੇ ਰੰਗ, ਰੂਪ, ਬਣਤਰ, ਸੁਆਦ, ਮਹਿਕਾਂ ਅਤੇ ਆਵਾਜ਼ਾਂ ਪਾਈਆਂ ਜਾਂਦੀਆਂ ਹਨ, ਉਸੇ ਤਰ੍ਹਾਂ ਵੱਖਰੇ-ਵੱਖਰੇ ਵਿਸ਼ਵਾਸ ਜ਼ਿੰਦਗੀ ਨੂੰ ਦਿਲਚਸਪ, ਜੋਸ਼ੀਲਾ ਅਤੇ ਆਨੰਦਦਾਇਕ ਬਣਾਉਂਦੇ ਹਨ। ਸੱਚ-ਮੁੱਚ ਅਜਿਹੀ ਵੰਨ-ਸੁਵੰਨਤਾ ਸਾਡੀ ਜ਼ਿੰਦਗੀ ਨੂੰ ਚਟਪਟਾ ਬਣਾਉਂਦੀ ਹੈ।—ਜ਼ਬੂਰ 104:24.

ਪਰ ਸਾਨੂੰ ਖ਼ਬਰਦਾਰ ਰਹਿਣ ਦੀ ਲੋੜ ਹੈ। ਕੁਝ ਵਿਸ਼ਵਾਸ ਸਿਰਫ਼ ਵੱਖਰੇ ਹੀ ਨਹੀਂ ਹੁੰਦੇ, ਸਗੋਂ ਖ਼ਤਰਨਾਕ ਵੀ ਹੁੰਦੇ ਹਨ। ਉਦਾਹਰਣ ਲਈ 20ਵੀਂ ਸਦੀ ਦੇ ਸ਼ੁਰੂ ਵਿਚ, ਕੁਝ ਲੋਕ ਇਹ ਵਿਸ਼ਵਾਸ ਕਰਨ ਲੱਗ ਪਏ ਕਿ ਯਹੂਦੀਆਂ ਅਤੇ ਫ੍ਰੀਮੇਸਨਜ਼ ਨਾਂ ਦੀ ਸੰਸਥਾ ਦੇ ਮੈਂਬਰਾਂ ਨੇ “ਮਸੀਹੀ ਸਭਿਅਤਾ ਨੂੰ ਖ਼ਤਮ ਕਰਨ ਅਤੇ ਆਪਣੀ ਗਠਜੋੜ ਵਾਲੀ ਸਰਕਾਰ ਖੜ੍ਹੀ ਕਰ ਕੇ ਦੁਨੀਆਂ ਉੱਤੇ ਸ਼ਾਸਨ” ਕਰਨ ਦੀ ਯੋਜਨਾ ਬਣਾਈ ਸੀ। ਇਹ ਵਿਸ਼ਵਾਸ ਯਹੂਦੀ ਲੋਕਾਂ ਦੇ ਵਿਰੁੱਧ ਛਾਪੇ ਗਏ ਇਕ ਟ੍ਰੈਕਟ ਤੋਂ ਸ਼ੁਰੂ ਹੋਇਆ ਸੀ ਜਿਸ ਦਾ ਨਾਂ ਸੀ ਜ਼ਾਇਨ ਦੇ ਵਿਦਵਾਨ ਬਜ਼ੁਰਗਾਂ ਦੀਆਂ ਕੂਟਨੀਤੀਆਂ (Protocols of the Learned Elders of Zion)। ਇਸ ਟ੍ਰੈਕਟ ਦੇ ਮੁਤਾਬਕ, ਯਹੂਦੀਆਂ ਤੇ ਫ੍ਰੀਮੇਸਨਜ਼ ਦੇ ਮੈਂਬਰਾਂ ਨੇ ਭਾਰੀ ਟੈਕਸ ਲਾਉਣ, ਹਥਿਆਰ ਬਣਾਉਣ, ‘ਗ਼ੈਰ-ਯਹੂਦੀਆਂ ਦੀ ਧਨ-ਦੌਲਤ ਨੂੰ ਇੱਕੋ ਝਟਕੇ ਨਾਲ ਖ਼ਤਮ ਕਰਨ ਲਈ’ ਪੂਰੇ ਵਪਾਰ ਉੱਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਉੱਤੇ ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ‘ਗ਼ੈਰ-ਯਹੂਦੀਆਂ ਨੂੰ ਬੁੱਧੀਹੀਣ ਜਾਨਵਰ’ ਬਣਾਉਣ ਲਈ ਸਿੱਖਿਆ ਪ੍ਰਣਾਲੀ ਵਿਚ ਫੇਰ-ਬਦਲ ਕਰਨ ਅਤੇ ਇਸ ਦੇ ਨਾਲ-ਨਾਲ ਮੁੱਖ ਸ਼ਹਿਰਾਂ ਨੂੰ ਮਿਲਾਉਣ ਲਈ ਜ਼ਮੀਨਦੋਜ਼ ਰੇਲਵੇ ਬਣਾਉਣ ਦੀ ਵੀ ਯੋਜਨਾ ਬਣਾਈ ਸੀ ਤਾਂਕਿ ਯਹੂਦੀ ਬਜ਼ੁਰਗ ‘ਆਪਣੇ ਵਿਰੋਧੀਆਂ ਨੂੰ ਬੰਬਾਂ ਨਾਲ ਉਡਾ’ ਸਕਣ।

ਇਹ ਸਭ ਕੁਝ ਝੂਠ ਸੀ ਜੋ ਯਹੂਦੀਆਂ ਵਿਰੁੱਧ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਫੈਲਾਇਆ ਗਿਆ ਸੀ। ਬ੍ਰਿਟਿਸ਼ ਅਜਾਇਬ ਘਰ ਵਿਚ ਕੰਮ ਕਰਨ ਵਾਲਾ ਮਾਰਕ ਜੋਨਸ ਕਹਿੰਦਾ ਹੈ ਕਿ ‘ਇਹ ਊਲ-ਜਲੂਲ ਕਹਾਣੀ ਰੂਸ ਤੋਂ ਫੈਲਣੀ ਸ਼ੁਰੂ ਹੋਈ ਸੀ’ ਜਿੱਥੇ ਪਹਿਲਾਂ ਇਹ 1903 ਵਿਚ ਇਕ ਅਖ਼ਬਾਰ ਵਿਚ ਛਪੀ ਸੀ। ਫਿਰ ਇਹ 8 ਮਈ 1920 ਨੂੰ ਲੰਡਨ ਦੇ ਦ ਟਾਈਮਜ਼ ਅਖ਼ਬਾਰ ਵਿਚ ਛਾਪੀ ਗਈ। ਇਕ ਸਾਲ ਬਾਅਦ ਦ ਟਾਈਮਜ਼ ਨੇ ਦੱਸਿਆ ਕਿ ਇਸ ਟ੍ਰੈਕਟ ਵਿਚ ਲਿਖੀਆਂ ਸਾਰੀਆਂ ਗੱਲਾਂ ਝੂਠੀਆਂ ਸਨ। ਪਰ ਨੁਕਸਾਨ ਤਾਂ ਹੋ ਚੁੱਕਾ ਸੀ। ਜੋਨਸ ਕਹਿੰਦਾ ਹੈ: ‘ਇਸ ਤਰ੍ਹਾਂ ਦੇ ਝੂਠ ਨੂੰ ਫੈਲਣ ਤੋਂ ਰੋਕਣਾ ਬਹੁਤ ਮੁਸ਼ਕਲ ਹੈ।’ ਜਦੋਂ ਲੋਕ ਇਨ੍ਹਾਂ ਗੱਲਾਂ ਨੂੰ ਸੱਚ ਮੰਨਣ ਲੱਗ ਪੈਂਦੇ ਹਨ, ਤਾਂ ਇਹ ਨਫ਼ਰਤ ਭਰੇ, ਜ਼ਹਿਰੀਲੇ ਅਤੇ ਖ਼ਤਰਨਾਕ ਵਿਸ਼ਵਾਸਾਂ ਨੂੰ ਜਨਮ ਦਿੰਦੀਆਂ ਹਨ ਜਿਸ ਦੇ ਅਕਸਰ ਭਿਆਨਕ ਨਤੀਜੇ ਨਿਕਲਦੇ ਹਨ। ਵੀਹਵੀਂ ਸਦੀ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ।—ਕਹਾਉਤਾਂ 6:16-19.

ਵਿਸ਼ਵਾਸ ਬਨਾਮ ਸੱਚਾਈ

ਪਰ ਜਾਣ-ਬੁੱਝ ਕੇ ਫੈਲਾਏ ਗਏ ਝੂਠ ਕਾਰਨ ਹੀ ਗ਼ਲਤ ਵਿਸ਼ਵਾਸ ਪੈਦਾ ਨਹੀਂ ਹੁੰਦੇ। ਕਈ ਵਾਰ ਅਸੀਂ ਗੱਲ ਨੂੰ ਗ਼ਲਤ ਸਮਝ ਲੈਂਦੇ ਹਾਂ। ਕਿੰਨੇ ਲੋਕ ਅਜਿਹੇ ਕੰਮ ਕਰਨ ਕਰਕੇ ਅਣਿਆਈ ਮੌਤ ਮਰੇ ਹਨ ਜੋ ਉਨ੍ਹਾਂ ਦੇ ਮੁਤਾਬਕ ਸਹੀ ਸਨ? ਅਤੇ ਅਸੀਂ ਅਕਸਰ ਉਨ੍ਹਾਂ ਗੱਲਾਂ ਤੇ ਵਿਸ਼ਵਾਸ ਕਰਦੇ ਹਾਂ ਜਿਨ੍ਹਾਂ ਤੇ ਅਸੀਂ ਵਿਸ਼ਵਾਸ ਕਰਨਾ ਚਾਹੁੰਦੇ ਹਾਂ। ਇਕ ਪ੍ਰੋਫ਼ੈਸਰ ਕਹਿੰਦਾ ਹੈ ਕਿ ਵਿਗਿਆਨੀ ਵੀ “ਆਪਣੀਆਂ ਥਿਊਰੀਆਂ ਨੂੰ ਪਿਆਰ ਕਰਨ ਲੱਗ ਪੈਂਦੇ ਹਨ।” ਉਹ ਇਨ੍ਹਾਂ ਤੇ ਇੰਨਾ ਵਿਸ਼ਵਾਸ ਕਰਨ ਲੱਗ ਪੈਂਦੇ ਹਨ ਕਿ ਉਹ ਇਨ੍ਹਾਂ ਦੀ ਸਹੀ ਤਰੀਕੇ ਨਾਲ ਜਾਂਚ ਨਹੀਂ ਕਰਦੇ। ਫਿਰ ਉਹ ਆਪਣੇ ਗ਼ਲਤ ਵਿਸ਼ਵਾਸਾਂ ਨੂੰ ਸਹੀ ਸਿੱਧ ਕਰਨ ਲਈ ਫਜ਼ੂਲ ਵਿਚ ਹੀ ਆਪਣੀ ਪੂਰੀ ਜ਼ਿੰਦਗੀ ਲਗਾ ਦਿੰਦੇ ਹਨ।—ਯਿਰਮਿਯਾਹ 17:9.

ਧਾਰਮਿਕ ਵਿਸ਼ਵਾਸਾਂ ਦੇ ਮਾਮਲੇ ਵਿਚ ਵੀ ਇਸੇ ਤਰ੍ਹਾਂ ਹੋਇਆ ਹੈ ਜਿਹੜੇ ਅਕਸਰ ਇਕ ਦੂਸਰੇ ਨਾਲ ਮੇਲ ਨਹੀਂ ਖਾਂਦੇ। (1 ਤਿਮੋਥਿਉਸ 4:1; 2 ਤਿਮੋਥਿਉਸ 4:3, 4) ਇਕ ਵਿਅਕਤੀ ਪਰਮੇਸ਼ੁਰ ਵਿਚ ਬਹੁਤ ਹੀ ਵਿਸ਼ਵਾਸ ਕਰਦਾ ਹੈ। ਦੂਸਰਾ ਕੋਈ ਕਹਿੰਦਾ ਹੈ ਕਿ ਪਰਮੇਸ਼ੁਰ ਮਹਿਜ਼ ਇਨਸਾਨ ਦੇ “ਮਨ ਦੀ ਕਲਪਨਾ ਹੀ ਹੈ।” ਇਕ ਵਿਅਕਤੀ ਵਿਸ਼ਵਾਸ ਕਰਦਾ ਹੈ ਕਿ ਇਨਸਾਨ ਵਿਚ ਅਮਰ ਆਤਮਾ ਹੁੰਦੀ ਹੈ ਜੋ ਮੌਤ ਤੋਂ ਬਾਅਦ ਜੀਉਂਦੀ ਰਹਿੰਦੀ ਹੈ। ਦੂਸਰਾ ਵਿਸ਼ਵਾਸ ਕਰਦਾ ਹੈ ਕਿ ਜਦੋਂ ਇਨਸਾਨ ਮਰ ਜਾਂਦਾ ਹੈ, ਤਾਂ ਉਸ ਦੀ ਹੋਂਦ ਪੂਰੀ ਤਰ੍ਹਾਂ ਮਿੱਟ ਜਾਂਦੀ ਹੈ। ਇਹ ਗੱਲ ਸਾਫ਼ ਹੈ ਕਿ ਇਸ ਤਰ੍ਹਾਂ ਦੇ ਸਾਰੇ ਵਿਰੋਧੀ ਵਿਸ਼ਵਾਸ ਸੱਚੇ ਨਹੀਂ ਹੋ ਸਕਦੇ। ਤਾਂ ਫਿਰ ਕੀ ਇਹ ਸਮਝਦਾਰੀ ਦੀ ਗੱਲ ਨਹੀਂ ਕਿ ਤੁਸੀਂ ਆਪਣੇ ਵਿਸ਼ਵਾਸਾਂ ਦੀ ਜਾਂਚ ਕਰੋ ਕਿ ਇਹ ਸਹੀ ਹਨ ਜਾਂ ਨਹੀਂ? ਜਾਂ ਕੀ ਤੁਸੀਂ ਸਿਰਫ਼ ਉਨ੍ਹਾਂ ਗੱਲਾਂ ਤੇ ਹੀ ਵਿਸ਼ਵਾਸ ਕਰ ਰਹੇ ਹੋ ਜਿਨ੍ਹਾਂ ਉੱਤੇ ਤੁਸੀਂ ਵਿਸ਼ਵਾਸ ਕਰਨਾ ਚਾਹੁੰਦੇ ਹੋ? (ਕਹਾਉਤਾਂ 1:5) ਤੁਸੀਂ ਆਪਣੇ ਵਿਸ਼ਵਾਸਾਂ ਦੀ ਜਾਂਚ ਕਿਸ ਤਰ੍ਹਾਂ ਕਰ ਸਕਦੇ ਹੋ? ਅਗਲਾ ਲੇਖ ਇਸ ਵਿਸ਼ੇ ਉੱਤੇ ਚਰਚਾ ਕਰੇਗਾ।

[ਸਫ਼ੇ 3 ਉੱਤੇ ਤਸਵੀਰ]

1921 ਵਿਚ “ਜ਼ਾਇਨ ਦੇ ਵਿਦਵਾਨ ਬਜ਼ੁਰਗਾਂ ਦੀਆਂ ਕੂਟਨੀਤੀਆਂ” ਨਾਮਕ ਟ੍ਰੈਕਟ ਦਾ ਪਰਦਾ ਫਾਸ਼ ਕਰਨ ਵਾਲਾ ਲੇਖ