ਸ਼ੁੱਧ ਸੋਨੇ ਨਾਲੋਂ ਜ਼ਿਆਦਾ ਹੰਢਣਸਾਰ
ਸ਼ੁੱਧ ਸੋਨੇ ਨਾਲੋਂ ਜ਼ਿਆਦਾ ਹੰਢਣਸਾਰ
ਸੋਨੇ ਦੀ ਸੁੰਦਰਤਾ ਤੇ ਹੰਢਣਸਾਰਤਾ ਦੇ ਕਾਰਨ ਲੋਕ ਇਸ ਨੂੰ ਬੜਾ ਕੀਮਤੀ ਸਮਝਦੇ ਹਨ। ਜ਼ਿਆਦਾਤਰ ਲੋਕ ਇਸ ਲਈ ਸੋਨੇ ਨੂੰ ਪਸੰਦ ਕਰਦੇ ਹਨ ਕਿਉਂਕਿ ਇਸ ਦੀ ਚਮਕ ਕਦੇ ਫਿੱਕੀ ਨਹੀਂ ਪੈਂਦੀ ਤੇ ਇਸ ਉੱਤੇ ਕੋਈ ਦਾਗ਼ ਨਹੀਂ ਲੱਗਦਾ। ਇਹ ਇਸ ਕਰਕੇ ਹੈ ਕਿਉਂਕਿ ਸੋਨੇ ਉੱਤੇ ਪਾਣੀ, ਆਕਸੀਜਨ, ਸਲਫ਼ਰ ਅਤੇ ਲਗਭਗ ਹੋਰ ਕਿਸੇ ਵੀ ਚੀਜ਼ ਦਾ ਕੋਈ ਅਸਰ ਨਹੀਂ ਹੁੰਦਾ। ਸਮੁੰਦਰ ਵਿਚ ਡੁੱਬੇ ਜਹਾਜ਼ਾਂ ਵਿੱਚੋਂ ਅਤੇ ਦੂਜੀਆਂ ਥਾਵਾਂ ਤੋਂ ਮਿਲੀਆਂ ਸੋਨੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਦੀ ਚਮਕ ਸੈਂਕੜੇ ਸਾਲਾਂ ਬਾਅਦ ਵੀ ਜਿਉਂ ਦੀ ਤਿਉਂ ਬਰਕਰਾਰ ਹੈ।
ਪਰ ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਇਕ ਅਜਿਹੀ ਚੀਜ਼ ਬਾਰੇ ਦੱਸਦੀ ਹੈ ਜੋ “ਨਾਸ ਹੋਣ ਵਾਲੇ ਸੋਨੇ ਨਾਲੋਂ ਭਾਵੇਂ ਉਹ ਅੱਗ ਵਿੱਚ ਤਾਇਆ ਵੀ ਜਾਵੇ ਅੱਤ ਭਾਰੇ ਮੁੱਲ ਦੀ ਹੈ” ਅਤੇ ਜ਼ਿਆਦਾ ਹੰਢਣਸਾਰ ਹੈ। (1 ਪਤਰਸ 1:7) ਅੱਗ ਵਿਚ “ਤਾਇਆ” ਜਾਂ ਕਿਸੇ ਹੋਰ ਤਰੀਕੇ ਨਾਲ ਸੋਧਿਆ ਹੋਇਆ ਸੋਨਾ 99.9 ਪ੍ਰਤਿਸ਼ਤ ਸ਼ੁੱਧਤਾ ਹਾਸਲ ਕਰ ਸਕਦਾ ਹੈ। ਪਰ ਸ਼ੁੱਧ ਸੋਨਾ ਵੀ ਨਾਸ਼ ਹੋ ਜਾਂਦਾ ਹੈ ਜਾਂ ਪਿਘਲ ਜਾਂਦਾ ਹੈ ਜਦੋਂ ਇਸ ਨੂੰ ਹਾਈਡ੍ਰੋਕਲੋਰਿਕ ਐਸਿਡ ਦੇ ਤਿੰਨ ਹਿੱਸਿਆਂ ਅਤੇ ਨਾਈਟ੍ਰਿਕ ਐਸਿਡ ਦੇ ਇਕ ਹਿੱਸੇ ਦੇ ਮਿਸ਼ਰਣ ਐਕਵਾ ਰੀਜੀਆ (ਰਾਇਲ ਵਾਟਰ) ਵਿਚ ਪਾਇਆ ਜਾਂਦਾ ਹੈ। ਇਸ ਤਰ੍ਹਾਂ ਬਾਈਬਲ ਵਿਗਿਆਨਕ ਤੌਰ ਤੇ ਸਹੀ ਹੈ ਕਿ ‘ਸੋਨਾ ਨਾਸ ਹੋਣ ਵਾਲੀ’ ਚੀਜ਼ ਹੈ।
ਇਸ ਦੇ ਉਲਟ, ਸੱਚੀ ਮਸੀਹੀ ਨਿਹਚਾ ‘ਜਾਨ ਬਚਾਉਂਦੀ’ ਹੈ। (ਇਬਰਾਨੀਆਂ 10:39) ਇਨਸਾਨ ਮਜ਼ਬੂਤ ਨਿਹਚਾ ਵਾਲੇ ਵਿਅਕਤੀ ਨੂੰ ਜਾਨੋਂ ਮਾਰ ਸਕਦੇ ਹਨ ਜਿਸ ਤਰ੍ਹਾਂ ਉਨ੍ਹਾਂ ਨੇ ਯਿਸੂ ਮਸੀਹ ਨੂੰ ਮਾਰਿਆ ਸੀ। ਪਰ ਇਨ੍ਹਾਂ ਸੱਚੀ ਨਿਹਚਾ ਰੱਖਣ ਵਾਲਿਆਂ ਨਾਲ ਇਹ ਵਾਅਦਾ ਕੀਤਾ ਗਿਆ ਹੈ: “ਤੂੰ ਮਰਨ ਤੋੜੀ ਵਫ਼ਾਦਾਰ ਰਹੁ ਤਾਂ ਮੈਂ ਤੈਨੂੰ ਜੀਵਨ ਦਾ ਮੁਕਟ ਦਿਆਂਗਾ।” (ਪਰਕਾਸ਼ ਦੀ ਪੋਥੀ 2:10) ਜਿਹੜੇ ਲੋਕ ਮੌਤ ਤਕ ਵਫ਼ਾਦਾਰ ਰਹਿੰਦੇ ਹਨ, ਪਰਮੇਸ਼ੁਰ ਉਨ੍ਹਾਂ ਨੂੰ ਯਾਦ ਰੱਖਦਾ ਹੈ ਤੇ ਉਹ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰੇਗਾ। (ਯੂਹੰਨਾ 5:28, 29) ਪਰ ਸੋਨਾ ਲੋਕਾਂ ਨੂੰ ਜ਼ਿੰਦਗੀ ਨਹੀਂ ਦੇ ਸਕਦਾ। ਇਸ ਅਰਥ ਵਿਚ ਨਿਹਚਾ ਵਾਕਈ ਸੋਨੇ ਨਾਲੋਂ ਬਹੁਤ ਕੀਮਤੀ ਹੈ। ਪਰ ਇਸ ਤਰ੍ਹਾਂ ਦੀ ਅਨਮੋਲ ਨਿਹਚਾ ਹੋਣ ਲਈ ਜ਼ਰੂਰੀ ਹੈ ਕਿ ਨਿਹਚਾ ਨੂੰ ਤਾਇਆ ਜਾਵੇ ਜਾਂ ਪਰਖਿਆ ਜਾਵੇ। ਪਤਰਸ ਦੇ ਕਹਿਣ ਮੁਤਾਬਕ ਅਸਲ ਵਿਚ ਇਹੀ “ਪਰਖੀ ਹੋਈ ਨਿਹਚਾ” ਹੈ ਜੋ ਸੋਨੇ ਨਾਲੋਂ ਬਹੁਤ ਕੀਮਤੀ ਹੈ। ਯਹੋਵਾਹ ਦੇ ਗਵਾਹ ਤੁਹਾਡੇ ਨਾਲ ਬਾਈਬਲ ਸਟੱਡੀ ਕਰ ਕੇ ਬੜੇ ਖ਼ੁਸ਼ ਹੋਣਗੇ ਤਾਂਕਿ ਤੁਹਾਨੂੰ ਸੱਚੇ ਪਰਮੇਸ਼ੁਰ ਯਹੋਵਾਹ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਵਿਚ ਮਜ਼ਬੂਤ ਨਿਹਚਾ ਪੈਦਾ ਕਰਨ ਤੇ ਇਸ ਨਿਹਚਾ ਨੂੰ ਬਰਕਰਾਰ ਰੱਖਣ ਵਿਚ ਮਦਦ ਮਿਲੇ। ਯਿਸੂ ਨੇ ਕਿਹਾ ਸੀ ਕਿ ਇਸ ਨਾਲ ਤੁਹਾਨੂੰ “ਸਦੀਪਕ ਜੀਉਣ” ਮਿਲੇਗਾ।—ਯੂਹੰਨਾ 17:3.