Skip to content

Skip to table of contents

ਅਜਿਹੀ ਪੁਸਤਕ ਜੋ ਨੌਜਵਾਨ ਪੜ੍ਹਨੀ ਨਹੀਂ ਚਾਹੁੰਦੇ

ਅਜਿਹੀ ਪੁਸਤਕ ਜੋ ਨੌਜਵਾਨ ਪੜ੍ਹਨੀ ਨਹੀਂ ਚਾਹੁੰਦੇ

ਅਜਿਹੀ ਪੁਸਤਕ ਜੋ ਨੌਜਵਾਨ ਪੜ੍ਹਨੀ ਨਹੀਂ ਚਾਹੁੰਦੇ

ਜਰਮਨੀ ਤੋਂ ਬਿਆਟੇ ਨਾਂ ਦੀ ਇਕ ਲੜਕੀ ਨੇ ਕਿਹਾ: “ਮੈਨੂੰ ਕਿੱਦਾਂ ਪਤਾ ਕਿ ਬਾਈਬਲ ਸੱਚ-ਮੁੱਚ ਪਰਮੇਸ਼ੁਰ ਵੱਲੋਂ ਹੈ? ਮੈਨੂੰ ਬਾਈਬਲ ਵਿਚ ਕੋਈ ਦਿਲਚਸਪੀ ਨਹੀਂ।”

ਜਰਮਨੀ ਵਿਚ ਦੂਸਰੇ ਨੌਜਵਾਨ ਵੀ ਬਿਆਟੇ ਨਾਲ ਸਹਿਮਤ ਹਨ। ਇਸ ਲਈ ਉਹ ਬਾਈਬਲ ਪੜ੍ਹਨੀ ਜ਼ਰੂਰੀ ਨਹੀਂ ਸਮਝਦੇ। ਕੁਝ ਹੀ ਸਮੇਂ ਪਹਿਲਾਂ ਇਕ ਸਰਵੇਖਣ ਤੋਂ ਪਤਾ ਲੱਗਿਆ ਕਿ ਲਗਭਗ 1 ਫੀ ਸਦੀ ਨੌਜਵਾਨਾਂ ਨੂੰ ਬਾਈਬਲ ਪੜ੍ਹਨ ਦੀ ਆਦਤ ਹੈ, 2 ਫੀ ਸਦੀ ਇਸ ਨੂੰ ਕਦੀ-ਕਦੀ ਪੜ੍ਹਦੇ ਹਨ, 19 ਫੀ ਸਦੀ ਘੱਟ ਹੀ ਪੜ੍ਹਦੇ ਹਨ, ਅਤੇ ਕੁਝ 80 ਫੀ ਸਦੀ ਕਦੀ ਨਹੀਂ ਪੜ੍ਹਦੇ। ਇਹ ਗੱਲ ਹੋਰਨਾਂ ਮੁਲਕਾਂ ਦੇ ਅਤੇ ਸ਼ਾਇਦ ਤੁਹਾਡੇ ਮੁਲਕ ਦੇ ਨੌਜਵਾਨਾਂ ਬਾਰੇ ਵੀ ਸੱਚ ਹੋਵੇ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬਾਈਬਲ ਅਜਿਹੀ ਪੁਸਤਕ ਹੈ ਜੋ ਨੌਜਵਾਨ ਪੜ੍ਹਨੀ ਨਹੀਂ ਚਾਹੁੰਦੇ।

ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਆਮ ਕਰਕੇ ਨੌਜਵਾਨ ਬਾਈਬਲ ਬਾਰੇ ਕੁਝ ਨਹੀਂ ਜਾਣਦੇ। ਲਾਓਸਿਤਸਰ ਰੁੰਡਸ਼ਾਓ ਅਖ਼ਬਾਰ ਨੇ ਸਾਲ 2000 ਵਿਚ ਇਕ ਸਰਵੇਖਣ ਬਾਰੇ ਰਿਪੋਰਟ ਦਿੱਤੀ ਸੀ ਜਿਸ ਨੇ ਦਿਖਾਇਆ ਕਿ ਕਿੰਨੇ ਕੁ ਲੋਕ ਬਾਈਬਲ ਦੇ ਦਸ ਹੁਕਮਾਂ ਨੂੰ ਜਾਣਦੇ ਸਨ ਅਤੇ ਉਨ੍ਹਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਲਾਗੂ ਕਰਦੇ ਸਨ। ਸੱਠਾਂ ਸਾਲਾਂ ਤੋਂ ਵੱਧ ਉਮਰ ਦਿਆਂ ਲੋਕਾਂ ਵਿੱਚੋਂ 67 ਫੀ ਸਦੀ ਇਹ ਹੁਕਮ ਜਾਣਦੇ ਸਨ ਅਤੇ ਲਾਗੂ ਵੀ ਕਰਦੇ ਸਨ। ਤੀਹਾਂ ਸਾਲਾਂ ਦੀ ਉਮਰ ਤੋਂ ਘੱਟ ਲੋਕਾਂ ਵਿੱਚੋਂ ਸਿਰਫ਼ 28 ਫੀ ਸਦੀ ਇਨ੍ਹਾਂ ਨੂੰ ਜਾਣਦੇ ਸਨ ਅਤੇ ਲਾਗੂ ਕਰਦੇ ਸਨ। ਜੀ ਹਾਂ, ਕਈ ਨੌਜਵਾਨ ਬਾਈਬਲ ਬਾਰੇ ਕੁਝ ਨਹੀਂ ਜਾਣਦੇ।

ਕੁਝ ਲੋਕਾਂ ਦਾ ਵਿਚਾਰ ਵੱਖਰਾ ਹੈ

ਦੂਜੇ ਪਾਸੇ, ਪੂਰੀ ਦੁਨੀਆਂ ਵਿਚ ਲੱਖਾਂ ਹੀ ਨੌਜਵਾਨ ਬਾਈਬਲ, ਯਾਨੀ ਪਰਮੇਸ਼ੁਰ ਦੇ ਬਚਨ ਨੂੰ ਬੜਾ ਫ਼ਾਇਦੇਮੰਦ ਸਮਝਦੇ ਹਨ। ਮਿਸਾਲ ਲਈ, 19 ਸਾਲਾਂ ਦਾ ਐਲੇਗਜ਼ੈਂਡਰ ਹਰ ਸਵੇਰ ਕੰਮ ਤੇ ਜਾਣ ਤੋਂ ਪਹਿਲਾਂ ਬਾਈਬਲ ਪੜ੍ਹਦਾ ਹੈ। ਉਹ ਕਹਿੰਦਾ ਹੈ ਕਿ “ਇਹ ਦਿਨ ਸ਼ੁਰੂ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।” ਸਾਂਦਰਾ ਹਰ ਸ਼ਾਮ ਬਾਈਬਲ ਪੜ੍ਹਦੀ ਹੈ, ਅਤੇ ਉਹ ਦੱਸਦੀ ਹੈ ਕਿ “ਇਸ ਤਰ੍ਹਾਂ ਕਰਨਾ ਮੇਰੇ ਲਈ ਇਕ ਆਦਤ ਬਣ ਗਈ ਹੈ।” ਯੂਲੀਆ 13 ਸਾਲਾਂ ਦੀ ਹੈ ਅਤੇ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਬਾਈਬਲ ਦਾ ਇਕ ਅਧਿਆਇ ਪੜ੍ਹਦੀ ਹੈ। “ਮੈਨੂੰ ਬਾਈਬਲ ਪੜ੍ਹਨੀ ਬਹੁਤ ਪਸੰਦ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਅਗਾਹਾਂ ਨੂੰ ਵੀ ਇਹ ਮੇਰੀ ਆਦਤ ਬਣੀ ਰਹੇ।”

ਕਿਹੜਾ ਵਿਚਾਰ ਸਹੀ ਹੈ? ਕੀ ਬਾਈਬਲ ਪੜ੍ਹਨ ਦੇ ਲਾਇਕ ਹੈ? ਕੀ ਇਹ ਨੌਜਵਾਨਾਂ ਲਈ ਜ਼ਰੂਰੀ ਅਤੇ ਫ਼ਾਇਦੇਮੰਦ ਹੈ? ਤੁਹਾਡਾ ਕੀ ਖ਼ਿਆਲ ਹੈ?