Skip to content

Skip to table of contents

ਅਬਰਾਹਾਮ ਦੀ ਨਿਹਚਾ ਦੀ ਮਿਸਾਲ!

ਅਬਰਾਹਾਮ ਦੀ ਨਿਹਚਾ ਦੀ ਮਿਸਾਲ!

ਅਬਰਾਹਾਮ ਦੀ ਨਿਹਚਾ ਦੀ ਮਿਸਾਲ!

‘ਅਬਰਾਹਾਮ ਉਨ੍ਹਾਂ ਸਭਨਾਂ ਦਾ ਪਿਤਾ ਹੈ ਜਿਹੜੇ ਨਿਹਚਾ ਕਰਦੇ ਹਨ।’​—ਰੋਮੀਆਂ 4:11.

1, 2. (ੳ) ਸੱਚੇ ਮਸੀਹੀ ਅਬਰਾਹਾਮ ਬਾਰੇ ਕਿਹੜੀ ਗੱਲ ਯਾਦ ਕਰਦੇ ਹਨ? (ਅ) ਅਬਰਾਹਾਮ ਨੂੰ ‘ਉਨ੍ਹਾਂ ਸਭਨਾਂ ਦਾ ਪਿਤਾ ਜਿਹੜੇ ਨਿਹਚਾ ਕਰਦੇ ਹਨ,’ ਕਿਉਂ ਸੱਦਿਆ ਜਾਂਦਾ ਹੈ?

ਅਬਰਾਹਾਮ ਇਕ ਵੱਡੀ ਕੌਮ ਦਾ ਪਿਤਾ, ਇਕ ਨਬੀ, ਇਕ ਵਪਾਰੀ, ਅਤੇ ਇਕ ਆਗੂ ਸੀ। ਪਰ ਅੱਜ ਦੇ ਮਸੀਹੀ ਉਸ ਦੀ ਪੱਕੀ ਨਿਹਚਾ ਕਰਕੇ ਉਸ ਨੂੰ ਯਾਦ ਕਰਦੇ ਹਨ। ਇਸੇ ਨਿਹਚਾ ਕਾਰਨ ਯਹੋਵਾਹ ਪਰਮੇਸ਼ੁਰ ਨੇ ਉਸ ਨੂੰ ਆਪਣਾ ਮਿੱਤਰ ਸੱਦਿਆ ਸੀ। (ਯਸਾਯਾਹ 41:8; ਯਾਕੂਬ 2:23) ਬਾਈਬਲ ਵਿਚ ਉਸ ਨੂੰ ‘ਉਨ੍ਹਾਂ ਸਭਨਾਂ ਦਾ ਪਿਤਾ ਜਿਹੜੇ ਨਿਹਚਾ ਕਰਦੇ ਹਨ,’ ਸੱਦਿਆ ਗਿਆ ਹੈ।​—ਰੋਮੀਆਂ 4:11.

2 ਕੀ ਹਾਬਲ, ਹਨੋਕ, ਅਤੇ ਨੂਹ ਵਰਗੇ ਮਨੁੱਖਾਂ ਨੇ ਨਿਹਚਾ ਨਹੀਂ ਕੀਤੀ ਸੀ ਜੋ ਕਿ ਅਬਰਾਹਾਮ ਤੋਂ ਪਹਿਲਾਂ ਜੀਉਂਦੇ ਸਨ? ਹਾਂ ਕੀਤੀ ਸੀ, ਪਰ ਸਿਰਫ਼ ਅਬਰਾਹਾਮ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਸ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ। (ਉਤਪਤ 22:18) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਉਹ ਉਨ੍ਹਾਂ ਸਾਰਿਆਂ ਦਾ ਪਿਤਾ ਬਣਿਆ ਜੋ ਵਾਅਦਾ ਕੀਤੀ ਗਈ ਸੰਤਾਨ ਵਿਚ ਨਿਹਚਾ ਕਰਦੇ ਹਨ। (ਗਲਾਤੀਆਂ 3:8, 9) ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਅਬਰਾਹਾਮ ਸਾਡਾ ਵੀ ਪਿਤਾ ਹੈ ਕਿਉਂਕਿ ਅਸੀਂ ਉਸ ਦੀ ਨਿਹਚਾ ਦੀ ਰੀਸ ਕਰਦੇ ਹਾਂ। ਉਸ ਨੇ ਆਪਣੀ ਪੂਰੀ ਜ਼ਿੰਦਗੀ ਦੌਰਾਨ ਨਿਹਚਾ ਕੀਤੀ ਸੀ ਕਿਉਂਕਿ ਉਸ ਨੂੰ ਕਈਆਂ ਪਰੀਖਿਆਵਾਂ ਦਾ ਸਾਮ੍ਹਣਾ ਕਰਨਾ ਪਿਆ ਸੀ। ਅਬਰਾਹਾਮ ਦੀ ਨਿਹਚਾ ਦੀ ਸਭ ਤੋਂ ਵੱਡੀ ਪਰੀਖਿਆ ਉਸ ਵੇਲੇ ਆਈ ਜਦ ਉਸ ਨੂੰ ਆਪਣੇ ਪੁੱਤਰ ਦੀ ਬਲੀ ਚੜ੍ਹਾਉਣ ਲਈ ਕਿਹਾ ਗਿਆ ਸੀ। ਪਰ ਇਸ ਪਰੀਖਿਆ ਤੋਂ ਪਹਿਲਾਂ ਉਸ ਨੇ ਕਈਆਂ ਛੋਟੀਆਂ-ਛੋਟੀਆਂ ਪਰੀਖਿਆਵਾਂ ਦੌਰਾਨ ਨਿਹਚਾ ਕੀਤੀ ਸੀ। (ਉਤਪਤ 22:1, 2) ਆਓ ਆਪਾਂ ਨਿਹਚਾ ਦੀਆਂ ਇਨ੍ਹਾਂ ਕੁਝ ਪਰੀਖਿਆਵਾਂ ਵੱਲ ਧਿਆਨ ਦੇਈਏ ਅਤੇ ਦੇਖੀਏ ਕਿ ਇਨ੍ਹਾਂ ਤੋਂ ਅੱਜ ਅਸੀਂ ਕੀ ਸਿੱਖ ਸਕਦੇ ਹਾਂ।

ਊਰ ਸ਼ਹਿਰ ਨੂੰ ਛੱਡਣ ਦਾ ਹੁਕਮ

3. ਬਾਈਬਲ ਸਾਨੂੰ ਅਬਰਾਮ ਦੇ ਪਿਛੋਕੜ ਬਾਰੇ ਕੀ ਦੱਸਦੀ ਹੈ?

3 ਬਾਈਬਲ ਵਿਚ ਅਬਰਾਹਾਮ ਨੂੰ ਪਹਿਲਾਂ ਅਬਰਾਮ ਸੱਦਿਆ ਜਾਂਦਾ ਸੀ। ਪਹਿਲੀ ਵਾਰ ਉਸ ਦਾ ਜ਼ਿਕਰ ਉਤਪਤ 11:26 ਵਿਚ ਕੀਤਾ ਗਿਆ ਸੀ, ਜਿੱਥੇ ਲਿਖਿਆ ਗਿਆ ਹੈ: “ਤਾਰਹ ਸੱਤਰਾਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਅਬਰਾਮ ਅਰ ਨਾਹੋਰ ਅਰ ਹਾਰਾਨ ਜੰਮੇ।” ਅਬਰਾਮ ਸ਼ੇਮ ਦੇ ਘਰਾਣੇ ਵਿੱਚੋਂ ਸੀ ਅਤੇ ਸ਼ੇਮ ਪਰਮੇਸ਼ੁਰ ਦਾ ਭੈ ਰੱਖਣ ਵਾਲਾ ਸੀ। (ਉਤਪਤ 11:10-24) ਉਤਪਤ 11:31 ਦੇ ਅਨੁਸਾਰ ਅਬਰਾਮ ਆਪਣੇ ਪਰਿਵਾਰ ਨਾਲ “ਕਸਦੀਮ ਦੇ ਊਰ” ਨਾਂ ਦੇ ਵੱਡੇ ਸ਼ਹਿਰ ਵਿਚ ਰਹਿੰਦਾ ਸੀ ਜੋ ਫਰਾਤ ਦਰਿਆ ਦੇ ਪੂਰਬ ਵੱਲ ਹੁੰਦਾ ਸੀ। * ਉਹ ਤੰਬੂਆਂ ਵਿਚ ਰਹਿਣ ਵਾਲਾ ਨਹੀਂ ਸੀ ਪਰ ਉਹ ਅਜਿਹੇ ਸ਼ਹਿਰ ਵਿਚ ਜੰਮਿਆ-ਪਲਿਆ ਸੀ ਜਿੱਥੇ ਜ਼ਿੰਦਗੀ ਬੜੇ ਐਸ਼ੋ-ਆਰਾਮ ਨਾਲ ਗੁਜ਼ਾਰੀ ਜਾਂਦੀ ਸੀ। ਊਰ ਦੇ ਬਾਜ਼ਾਰਾਂ ਵਿਚ ਬਾਹਰਲੇ ਦੇਸ਼ਾਂ ਤੋਂ ਆਈਆਂ ਚੀਜ਼ਾਂ ਖ਼ਰੀਦੀਆਂ ਜਾ ਸਕਦੀਆਂ ਸਨ। ਉੱਥੇ ਚੌਦਾਂ-ਚੌਦਾਂ ਕਮਰਿਆਂ ਵਾਲੇ ਘਰ ਸਨ ਜਿਨ੍ਹਾਂ ਦੀ ਸਫ਼ੈਦੀ ਵੀ ਕੀਤੀ ਹੋਈ ਸੀ ਅਤੇ ਜਿਨ੍ਹਾਂ ਦੇ ਅੰਦਰ ਨਲਕੇ ਲੱਗੇ ਹੋਏ ਸਨ।

4. (ੳ) ਸੱਚੇ ਪਰਮੇਸ਼ੁਰ ਦੇ ਉਪਾਸਕਾਂ ਲਈ ਊਰ ਵਿਚ ਰਹਿਣਾ ਔਖਾ ਕਿਉਂ ਸੀ? (ਅ) ਅਬਰਾਮ ਯਹੋਵਾਹ ਵਿਚ ਆਪਣੀ ਨਿਹਚਾ ਕਿਉਂ ਪ੍ਰਗਟ ਕਰਨ ਲੱਗਾ ਸੀ?

4 ਊਰ ਸ਼ਹਿਰ ਵਿਚ ਰਹਿਣ ਵਾਲਿਆਂ ਨੂੰ ਚੀਜ਼ਾਂ ਦਾ ਲਾਹਾ ਹੁੰਦਾ ਸੀ। ਇਸ ਲਈ ਜੋ ਲੋਕ ਸੱਚੇ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੇ ਸਨ ਉਨ੍ਹਾਂ ਲਈ ਉੱਥੇ ਰਹਿਣਾ ਔਖਾ ਸੀ। ਇਸ ਸ਼ਹਿਰ ਦੇ ਲੋਕ ਮੂਰਤੀ-ਪੂਜਾ ਕਰਦੇ ਸਨ ਅਤੇ ਵਹਿਮਾਂ ਵਿਚ ਫੱਸੇ ਹੋਏ ਸਨ। ਸ਼ਹਿਰ ਵਿਚ ਨਾਨਾ ਨਾਂ ਦੇ ਚੰਨ-ਦੇਵਤੇ ਲਈ ਇਕ ਉੱਚਾ ਮੀਨਾਰ ਸੀ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਅਬਰਾਮ ਉੱਤੇ ਵੀ ਬਹੁਤ ਦਬਾਅ ਪਾਇਆ ਗਿਆ ਹੋਵੇਗਾ ਕਿ ਉਹ ਇਸ ਘਿਣਾਉਣੀ ਪੂਜਾ ਵਿਚ ਹਿੱਸਾ ਲਵੇ। ਹੋ ਸਕਦਾ ਹੈ ਕਿ ਉਸ ਦੇ ਕੁਝ ਰਿਸ਼ਤੇਦਾਰਾਂ ਨੇ ਵੀ ਉਸ ਨੂੰ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਕੁਝ ਯਹੂਦੀ ਰੀਤ-ਰਿਵਾਜਾਂ ਅਨੁਸਾਰ ਅਬਰਾਮ ਦਾ ਪਿਤਾ, ਤਾਰਹ ਖ਼ੁਦ ਮੂਰਤੀਆਂ ਦੀ ਪੂਜਾ ਕਰਦਾ ਹੁੰਦਾ ਸੀ। (ਯਹੋਸ਼ੁਆ 24:2, 14, 15) ਬਾਕੀ ਜੋ ਮਰਜ਼ੀ ਕਰਦੇ ਹੋਣ ਪਰ ਅਬਰਾਮ ਨੇ ਇਸ ਝੂਠੀ ਪੂਜਾ ਵਿਚ ਹਿੱਸਾ ਨਹੀਂ ਲਿਆ ਸੀ। ਉਸ ਦਾ ਦਾਦਾ-ਪੜਦਾਦਾ ਸ਼ੇਮ ਹਾਲੇ ਜੀਉਂਦਾ ਸੀ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਨੇ ਅਬਰਾਮ ਨੂੰ ਸੱਚੇ ਪਰਮੇਸ਼ੁਰ ਬਾਰੇ ਗੱਲਾਂ ਦੱਸੀਆਂ ਹੋਣੀਆਂ ਸਨ। ਨਤੀਜੇ ਵਜੋਂ ਅਬਰਾਮ ਨੇ ਨਾਨਾ ਦੇਵਤੇ ਵਿਚ ਨਹੀਂ ਪਰ ਯਹੋਵਾਹ ਵਿਚ ਨਿਹਚਾ ਕੀਤੀ ਸੀ।​—ਗਲਾਤੀਆਂ 3:6.

ਨਿਹਚਾ ਦੀ ਪਰੀਖਿਆ

5. ਪਰਮੇਸ਼ੁਰ ਨੇ ਊਰ ਵਿਚ ਅਬਰਾਮ ਨੂੰ ਕਿਹੜਾ ਹੁਕਮ ਦਿੱਤਾ ਸੀ ਅਤੇ ਉਸ ਨਾਲ ਕਿਹੜਾ ਵਾਅਦਾ ਕੀਤਾ ਸੀ?

5 ਅਬਰਾਮ ਦੀ ਨਿਹਚਾ ਪਰਖੀ ਗਈ ਸੀ। ਪਰਮੇਸ਼ੁਰ ਨੇ ਉਸ ਨੂੰ ਇਕ ਦਰਸ਼ਣ ਵਿਚ ਹੁਕਮ ਦਿੱਤਾ: “ਤੂੰ ਆਪਣੇ ਦੇਸ ਤੋਂ ਅਰ ਆਪਣੇ ਸਾਕਾਂ ਤੋਂ ਅਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿੱਕਲ ਤੁਰ। ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਰ ਮੈਂ ਤੈਨੂੰ ਅਸੀਸ ਦਿਆਂਗਾ ਅਰ ਮੈਂ ਤੇਰਾ ਨਾਉਂ ਵੱਡਾ ਕਰਾਂਗਾ ਅਰ ਤੂੰ ਬਰਕਤ ਦਾ ਕਾਰਨ ਹੋ। ਜੋ ਤੈਨੂੰ ਅਸੀਸ ਦਿੰਦੇ ਹਨ ਮੈਂ ਉਨ੍ਹਾਂ ਨੂੰ ਅਸੀਸ ਦਿਆਂਗਾ ਅਤੇ ਜੋ ਤੈਨੂੰ ਤੁੱਛ ਜਾਣਦਾ ਹੈ ਮੈਂ ਉਹ ਨੂੰ ਸਰਾਪ ਦਿਆਂਗਾ ਅਤੇ ਤੇਰੇ ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ।”​—ਉਤਪਤ 12:1-3; ਰਸੂਲਾਂ ਦੇ ਕਰਤੱਬ 7:2, 3.

6. ਊਰ ਨੂੰ ਛੱਡਣ ਵਿਚ ਅਬਰਾਮ ਨੇ ਪੱਕੀ ਨਿਹਚਾ ਕਿਵੇਂ ਦਿਖਾਈ ਸੀ?

6 ਅਬਰਾਮ ਸਿਆਣਾ ਅਤੇ ਬੇਔਲਾਦ ਸੀ। ਤਾਂ ਫਿਰ ਉਸ ਤੋਂ “ਇੱਕ ਵੱਡੀ ਕੌਮ” ਕਿਵੇਂ ਬਣ ਸਕਦੀ ਸੀ? ਅਤੇ ਉਹ ਦੇਸ਼ ਕਿੱਥੇ ਸੀ ਜਿਸ ਵਿਚ ਉਸ ਨੂੰ ਜਾਣ ਦਾ ਹੁਕਮ ਦਿੱਤਾ ਗਿਆ ਸੀ? ਇਹ ਗੱਲਾਂ ਉਸ ਨੂੰ ਉਸ ਵੇਲੇ ਨਹੀਂ ਦੱਸੀਆਂ ਗਈਆਂ ਸਨ। ਇਸ ਲਈ ਊਰ ਅਤੇ ਉਸ ਦੇ ਐਸ਼ੋ-ਆਰਾਮ ਨੂੰ ਛੱਡਣ ਵਾਸਤੇ ਅਬਰਾਮ ਨੂੰ ਪੱਕੀ ਨਿਹਚਾ ਦੀ ਲੋੜ ਸੀ। ਪਰਿਵਾਰ, ਪ੍ਰੇਮ, ਅਤੇ ਬਾਈਬਲ ਨਾਂ ਦੀ ਇਕ ਅੰਗ੍ਰੇਜ਼ੀ ਕਿਤਾਬ ਵਿਚ ਪੁਰਾਣੇ ਸਮਿਆਂ ਬਾਰੇ ਇਸ ਤਰ੍ਹਾਂ ਲਿਖਿਆ ਗਿਆ ਹੈ: “ਗੰਭੀਰ ਅਪਰਾਧ ਕਰਨ ਵਾਲੇ ਪਰਿਵਾਰ ਦੇ ਮੈਂਬਰ ਲਈ ਸਭ ਤੋਂ ਵੱਡੀ ਸਜ਼ਾ ਇਹ ਹੁੰਦੀ ਸੀ ਕਿ ਉਸ ਨੂੰ ਘਰੋਂ ਜਾਂ ਸ਼ਹਿਰੋਂ ਬਾਹਰ ਕੱਢਿਆ ਜਾਂਦਾ ਸੀ। ਉਸ ਤੋਂ ਸਾਰੇ ਹੱਕ ਖੋਹੇ ਜਾਂਦੇ ਸਨ। . . . ਪਰਮੇਸ਼ੁਰ ਦਾ ਹੁਕਮ ਮੰਨਣ ਲਈ ਅਤੇ ਉਸ ਵਿਚ ਭਰੋਸਾ ਰੱਖਣ ਲਈ ਅਬਰਾਹਾਮ ਨੂੰ ਪੱਕੀ ਨਿਹਚਾ ਦੀ ਜ਼ਰੂਰਤ ਸੀ ਕਿਉਂਕਿ ਉਸ ਨੇ ਨਾ ਸਿਰਫ਼ ਆਪਣਾ ਦੇਸ਼ ਪਰ ਆਪਣਾ ਪਰਿਵਾਰ ਵੀ ਛੱਡਿਆ ਸੀ।”

7. ਅੱਜ ਮਸੀਹੀ ਅਬਰਾਮ ਵਰਗੀਆਂ ਪਰੀਖਿਆਵਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ?

7 ਅੱਜ ਮਸੀਹੀ ਵੀ ਸ਼ਾਇਦ ਅਜਿਹੀਆਂ ਪਰੀਖਿਆਵਾਂ ਦਾ ਸਾਮ੍ਹਣਾ ਕਰਨ। ਅਬਰਾਮ ਵਾਂਗ ਅਸੀਂ ਵੀ ਸ਼ਾਇਦ ਪਰਮੇਸ਼ੁਰ ਦੀ ਸੇਵਾ ਦੀ ਬਜਾਇ ਧੰਨ-ਦੌਲਤ ਨੂੰ ਪਹਿਲ ਦੇਣ ਲਈ ਦਬਾਅ ਮਹਿਸੂਸ ਕਰੀਏ। (1 ਯੂਹੰਨਾ 2:16) ਹੋ ਸਕਦਾ ਹੈ ਕਿ ਸਾਡੇ ਪਰਿਵਾਰ ਦੇ ਉਹ ਜੀਅ ਜੋ ਪਰਮੇਸ਼ੁਰ ਦੀ ਸੇਵਾ ਨਹੀਂ ਕਰਦੇ ਜਾਂ ਜਿਨ੍ਹਾਂ ਨੂੰ ਕਲੀਸਿਯਾ ਤੋਂ ਛੇਕਿਆ ਗਿਆ ਹੋਵੇ, ਸਾਨੂੰ ਬੁਰੀ ਸੰਗਤ ਵਿਚ ਫਸਾਉਣ ਦੀ ਕੋਸ਼ਿਸ਼ ਕਰਨ। (ਮੱਤੀ 10:34-36; 1 ਕੁਰਿੰਥੀਆਂ 5:11-13; 15:33) ਅਬਰਾਮ ਨੇ ਸਾਡੇ ਲਈ ਇਕ ਚੰਗੀ ਮਿਸਾਲ ਕਾਇਮ ਕੀਤੀ ਸੀ। ਉਸ ਨੇ ਯਹੋਵਾਹ ਨਾਲ ਆਪਣੀ ਮਿੱਤਰਤਾ ਨੂੰ ਸਾਰੀਆਂ ਚੀਜ਼ਾਂ ਨਾਲੋਂ, ਇੱਥੋਂ ਤਕ ਕਿ ਆਪਣੇ ਰਿਸ਼ਤੇਦਾਰਾਂ ਨਾਲੋਂ ਵੀ ਜ਼ਿਆਦਾ ਕੀਮਤੀ ਸਮਝਿਆ ਸੀ। ਉਸ ਨੂੰ ਇਹ ਨਹੀਂ ਪਤਾ ਸੀ ਕਿ ਪਰਮੇਸ਼ੁਰ ਦੇ ਵਾਅਦੇ ਕਿੱਦਾਂ, ਕਦੋਂ, ਜਾਂ ਕਿੱਥੇ ਪੂਰੇ ਹੋਣੇ ਸਨ। ਪਰ ਫਿਰ ਵੀ ਉਹ ਆਪਣੀ ਪੂਰੀ ਜ਼ਿੰਦਗੀ ਉਨ੍ਹਾਂ ਵਾਅਦਿਆਂ ਮੁਤਾਬਕ ਜੀਉਣ ਲਈ ਤਿਆਰ ਸੀ। ਇਸ ਗੱਲ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਅਸੀਂ ਅੱਜ ਆਪਣੀ ਜ਼ਿੰਦਗੀ ਵਿਚ ਰਾਜ ਦੇ ਕੰਮਾਂ ਨੂੰ ਹੋਰਨਾਂ ਗੱਲਾਂ ਨਾਲੋਂ ਜ਼ਿਆਦਾ ਜ਼ਰੂਰੀ ਸਮਝੀਏ।—ਮੱਤੀ 6:33.

8. ਅਬਰਾਮ ਦੀ ਨਿਹਚਾ ਦਾ ਉਸ ਦੇ ਪਰਿਵਾਰ ਉੱਤੇ ਕਿਸ ਤਰ੍ਹਾਂ ਦਾ ਅਸਰ ਪਿਆ ਸੀ ਅਤੇ ਇਸ ਗੱਲ ਤੋਂ ਮਸੀਹੀ ਕੀ ਸਿੱਖ ਸਕਦੇ ਹਨ?

8 ਅਬਰਾਮ ਦੇ ਘਰ ਵਾਲਿਆਂ ਬਾਰੇ ਕੀ? ਸੰਭਵ ਹੈ ਕਿ ਅਬਰਾਮ ਦੀ ਨਿਹਚਾ ਨੇ ਉਨ੍ਹਾਂ ਉੱਤੇ ਗਹਿਰਾ ਅਸਰ ਪਾਇਆ ਸੀ, ਕਿਉਂਕਿ ਉਸ ਦੀ ਪਤਨੀ ਸਾਰਈ, ਅਤੇ ਉਸ ਦਾ ਭਤੀਜਾ ਲੂਤ ਊਰ ਨੂੰ ਛੱਡਣ ਦਾ ਹੁਕਮ ਮੰਨਣ ਲਈ ਪ੍ਰੇਰਿਤ ਹੋਏ ਸਨ। ਅਬਰਾਮ ਦਾ ਭਰਾ ਨਾਹੋਰ ਅਤੇ ਉਸ ਦੇ ਕੁਝ ਨਿਆਣੇ ਬਾਅਦ ਵਿਚ ਊਰ ਨੂੰ ਛੱਡ ਕੇ ਹਾਰਾਨ ਵਿਚ ਰਹਿਣ ਲੱਗ ਪਏ ਸਨ, ਜਿੱਥੇ ਉਨ੍ਹਾਂ ਨੇ ਯਹੋਵਾਹ ਦੀ ਉਪਾਸਨਾ ਕੀਤੀ। (ਉਤਪਤ 24:1-4, 10, 31; 27:43; 29:4, 5) ਅਬਰਾਮ ਦਾ ਪਿਤਾ ਤਾਰਹ ਵੀ ਆਪਣੇ ਪੁੱਤਰ ਨਾਲ ਸ਼ਹਿਰ ਛੱਡਣ ਲਈ ਤਿਆਰ ਹੋ ਗਿਆ ਸੀ! ਕਨਾਨ ਜਾਣ ਦਾ ਸਫ਼ਰ ਤੈ ਕਰਨ ਲਈ ਤਾਰਹ ਨੂੰ ਬਾਈਬਲ ਵਿਚ ਪਰਿਵਾਰ ਦੇ ਸਰਦਾਰ ਦਾ ਦਰਜਾ ਦਿੱਤਾ ਜਾਂਦਾ ਹੈ। (ਉਤਪਤ 11:31) ਜੇਕਰ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਗਵਾਹੀ ਦੇਈਏ ਤਾਂ ਹੋ ਸਕਦਾ ਹੈ ਕਿ ਅਸੀਂ ਵੀ ਸਫ਼ਲਤਾ ਦਾ ਆਨੰਦ ਮਾਣਾਂਗੇ।

9. ਸਫ਼ਰ ਕਰਨ ਲਈ ਅਬਰਾਮ ਨੂੰ ਕਿਹੜੀਆਂ ਤਿਆਰੀਆਂ ਕਰਨੀਆਂ ਪਈਆਂ ਸਨ ਅਤੇ ਇਸ ਵਿਚ ਉਸ ਨੂੰ ਘਾਟਾ ਕਿਉਂ ਹੋਇਆ ਸੀ?

9 ਆਪਣਾ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਅਬਰਾਮ ਨੂੰ ਬਹੁਤ ਕੰਮ ਸੀ। ਉਸ ਨੇ ਆਪਣੀ ਜ਼ਮੀਨ-ਜਾਇਦਾਦ ਵੇਚ ਕੇ ਤੰਬੂ, ਊਠ, ਖਾਣ ਦੀਆਂ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਖ਼ਰੀਦਣੀਆਂ ਸਨ। ਛੇਤੀ-ਛੇਤੀ ਇਹ ਸਾਰੀ ਤਿਆਰੀ ਕਰਨ ਵਿਚ ਅਬਰਾਮ ਨੂੰ ਪੈਸਿਆਂ ਦਾ ਕਾਫ਼ੀ ਘਾਟਾ ਹੋਇਆ ਹੋਣਾ ਪਰ ਉਹ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਵਿਚ ਖ਼ੁਸ਼ ਸੀ। ਉਹ ਦਿਨ ਕਿੰਨਾ ਮਹੱਤਵਪੂਰਣ ਸੀ ਜਦੋਂ ਅਬਰਾਮ ਦੀਆਂ ਤਿਆਰੀਆਂ ਖ਼ਤਮ ਹੋਈਆਂ ਅਤੇ ਉਹ ਆਪਣੇ ਬੋਰੀ-ਬਿਸਤਰੇ ਅਤੇ ਨੌਕਰਾਂ-ਚਾਕਰਾਂ ਨਾਲ ਊਰ ਸ਼ਹਿਰ ਦੇ ਬਾਹਰ, ਸਫ਼ਰ ਕਰਨ ਲਈ ਤਿਆਰ ਖੜ੍ਹਾ ਸੀ! ਉਹ ਸਾਰੇ ਫਰਾਤ ਦਰਿਆ ਦੇ ਕਿਨਾਰੇ ਉੱਤਰ-ਪੱਛਮ ਵੱਲ ਤੁਰ ਪਏ। ਕੁਝ ਹਫ਼ਤਿਆਂ ਵਿਚ 1,000 ਕਿਲੋਮੀਟਰ ਸਫ਼ਰ ਕਰਨ ਤੋਂ ਬਾਅਦ ਉਹ ਹਾਰਾਨ ਨਾਂ ਦੇ ਸ਼ਹਿਰ ਵਿਚ ਰੁਕੇ ਜੋ ਮੇਸੋਪੋਟੇਮੀਆ ਦੇ ਉੱਤਰ ਵੱਲ ਹੈ।

10, 11. (ੳ) ਅਬਰਾਮ ਕੁਝ ਸਮੇਂ ਲਈ ਹਾਰਾਨ ਵਿਚ ਕਿਉਂ ਰਿਹਾ ਸੀ? (ਅ) ਜਿਹੜੇ ਮਸੀਹੀ ਸਿਆਣੇ ਮਾਪਿਆਂ ਦੀ ਦੇਖ-ਭਾਲ ਕਰ ਰਹੇ ਹਨ, ਉਨ੍ਹਾਂ ਨੂੰ ਹੌਸਲਾ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਹੈ?

10 ਸੰਭਵ ਹੈ ਕਿ ਅਬਰਾਮ ਆਪਣੇ ਸਿਆਣੇ ਪਿਤਾ ਤਾਰਹ ਦਾ ਲਿਹਾਜ਼ ਰੱਖਦੇ ਹੋਏ ਹਾਰਾਨ ਵਿਚ ਰਹਿਣ ਲੱਗ ਪਿਆ ਸੀ। (ਲੇਵੀਆਂ 19:32) ਅੱਜ ਵੀ ਕਈਆਂ ਮਸੀਹੀਆਂ ਕੋਲ ਆਪਣੇ ਸਿਆਣੇ ਜਾਂ ਬੀਮਾਰ ਮਾਪਿਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਹੈ। ਕਈਆਂ ਨੂੰ ਇਸ ਤਰ੍ਹਾਂ ਕਰਨ ਲਈ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ। ਜਦੋਂ ਉਹ ਇਸ ਤਰ੍ਹਾਂ ਕਰਦੇ ਹਨ ਤਾਂ ਉਹ ਭਰੋਸਾ ਰੱਖ ਸਕਦੇ ਹਨ ਕਿ ਪਰਮੇਸ਼ੁਰ ਇਸ ਗੱਲ ਤੋਂ ਖ਼ੁਸ਼ ਹੈ।​—1 ਤਿਮੋਥਿਉਸ 5:4.

11 ਸਮਾਂ ਬੀਤਦਾ ਗਿਆ ਅਤੇ ਜਦੋਂ ‘ਤਾਰਹ ਦੀ ਉਮਰ ਦੋ ਸੌ ਪੰਜਾਂ ਵਰਿਹਾਂ ਦੀ ਹੋਈ ਉਹ ਹਾਰਾਨ ਵਿੱਚ ਮਰ ਗਿਆ।’ ਅਬਰਾਮ ਨੂੰ ਇਸ ਤੋਂ ਬਹੁਤ ਦੁੱਖ ਹੋਇਆ ਹੋਣਾ, ਪਰ ਜਦੋਂ ਸੋਗ ਦਾ ਸਮਾਂ ਬੀਤ ਗਿਆ ਤਾਂ ਉਹ ਉਸ ਜਗ੍ਹਾ ਤੋਂ ਫ਼ੌਰਨ ਤੁਰ ਪਿਆ। “ਅਬਰਾਮ ਦੀ ਉਮਰ ਪਝੱਤਰਾਂ ਵਰਿਹਾਂ ਦੀ ਸੀ ਜਦ ਉਹ ਹਾਰਾਨ ਤੋਂ ਨਿੱਕਲਿਆ। ਤਾਂ ਅਬਰਾਮ ਸਾਰਈ ਆਪਣੀ ਪਤਨੀ ਨੂੰ ਅਰ ਲੂਤ ਆਪਣੇ ਭਤੀਜੇ ਨੂੰ ਅਰ ਉਨ੍ਹਾਂ ਦੇ ਸਭ ਧਨ ਨੂੰ ਜੋ ਉਨ੍ਹਾਂ ਨੇ ਇਕੱਠਾ ਕੀਤਾ ਅਰ ਉਨ੍ਹਾਂ ਜੀਵਾਂ ਨੂੰ ਜਿਨ੍ਹਾਂ ਨੂੰ ਉਨ੍ਹਾਂ ਨੇ ਹਾਰਾਨ ਵਿੱਚ ਪਰਾਪਤ ਕੀਤਾ ਸੀ ਲੈਕੇ ਕਨਾਨ ਦੇਸ ਨੂੰ ਜਾਣ ਲਈ ਨਿੱਕਲ ਤੁਰਿਆ ਅਤੇ ਓਹ ਕਨਾਨ ਦੇਸ ਵਿੱਚ ਆਏ।”​—ਉਤਪਤ 11:32; ਉਤਪਤ 12:4, 5.

12. ਅਬਰਾਮ ਨੇ ਹਾਰਾਨ ਵਿਚ ਰਹਿੰਦੇ ਹੋਏ ਕੀ ਕੀਤਾ ਸੀ?

12 ਇਹ ਬੜੀ ਦਿਲਚਸਪੀ ਦੀ ਗੱਲ ਹੈ ਕਿ ਜਦੋਂ ਅਬਰਾਮ ਹਾਰਾਨ ਵਿਚ ਸੀ ਤਾਂ ਉਸ ਨੇ ਕਾਫ਼ੀ ‘ਧਨ ਇਕੱਠਾ ਕੀਤਾ ਸੀ।’ ਭਾਵੇਂ ਕਿ ਊਰ ਛੱਡਣ ਵਿਚ ਅਬਰਾਮ ਨੂੰ ਪੈਸਿਆਂ ਦਾ ਕਾਫ਼ੀ ਘਾਟਾ ਪਿਆ ਸੀ, ਜਦੋਂ ਉਹ ਹਾਰਾਨ ਛੱਡ ਕੇ ਗਿਆ ਤਾਂ ਉਹ ਅਮੀਰ ਬੰਦਾ ਸੀ। ਇਹ ਸਿਰਫ਼ ਪਰਮੇਸ਼ੁਰ ਦੀ ਦਾਤ ਸੀ। (ਉਪਦੇਸ਼ਕ ਦੀ ਪੋਥੀ 5:19) ਭਾਵੇਂ ਕਿ ਪਰਮੇਸ਼ੁਰ ਆਪਣੇ ਸਾਰਿਆਂ ਸੇਵਕਾਂ ਨੂੰ ਅਮੀਰ ਬਣਾਉਣ ਦਾ ਵਾਅਦਾ ਨਹੀਂ ਕਰਦਾ, ਉਹ ਆਪਣੇ ਉਸ ਵਾਅਦੇ ਨੂੰ ਜ਼ਰੂਰ ਨਿਭਾਉਂਦਾ ਹੈ ਕਿ ਉਹ ਉਨ੍ਹਾਂ ਸਾਰਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰੇਗਾ ਜਿਨ੍ਹਾਂ ਨੂੰ “ਘਰ ਯਾ ਭਾਈਆਂ ਯਾ ਭੈਣਾਂ” ਨੂੰ ਰਾਜ ਦੇ ਕੰਮ ਲਈ ਛੱਡਣਾ ਪੈਂਦਾ ਹੈ। (ਮਰਕੁਸ 10:29, 30) ਅਬਰਾਮ ਨੇ ‘ਜੀਵ ਵੀ ਪਰਾਪਤ ਕੀਤੇ ਸਨ,’ ਯਾਨੀ ਉਸ ਦੇ ਕਈ ਨੌਕਰ ਸਨ। ਬਾਈਬਲ ਦੇ ਕੁਝ ਅਨੁਵਾਦਾਂ ਅਨੁਸਾਰ ਅਬਰਾਮ ਨੇ ਉਨ੍ਹਾਂ ਨਾਲ ਸੱਚੇ ਧਰਮ ਬਾਰੇ ਗੱਲਾਂ ਕੀਤੀਆਂ ਸਨ। (ਉਤਪਤ 18:19) ਕੀ ਤੁਸੀਂ ਆਪਣੀ ਨਿਹਚਾ ਕਾਰਨ ਆਪਣੇ ਗੁਆਂਢੀਆਂ, ਕੰਮ ਵਾਲਿਆਂ, ਜਾਂ ਸਕੂਲ ਦੇ ਸਾਥੀਆਂ ਨਾਲ ਗੱਲ ਕਰਨ ਲਈ ਪ੍ਰੇਰਿਤ ਹੁੰਦੇ ਹੋ? ਹਾਰਾਨ ਵਿਚ ਪਰਮੇਸ਼ੁਰ ਦੇ ਹੁਕਮਾਂ ਨੂੰ ਭੁੱਲਣ ਦੀ ਬਜਾਇ ਅਬਰਾਮ ਨੇ ਉੱਥੇ ਆਪਣਾ ਸਮਾਂ ਚੰਗੀ ਤਰ੍ਹਾਂ ਵਰਤਿਆ ਸੀ। ਪਰ ਫਿਰ ਉਹ ਸਮਾਂ ਆਇਆ ਜਦੋਂ ਉਸ ਨੂੰ ਹਾਰਾਨ ਛੱਡਣਾ ਪਿਆ। “ਸੋ ਅਬਰਾਮ ਜਿਵੇਂ ਯਹੋਵਾਹ ਉਹ ਨੂੰ ਬੋਲਿਆ ਸੀ ਚੱਲਿਆ।”​—ਉਤਪਤ 12:4.

ਫਰਾਤ ਦਰਿਆ ਪਾਰ ਕਰਨਾ

13. ਅਬਰਾਮ ਨੇ ਫਰਾਤ ਦਰਿਆ ਕਿੱਥੋਂ ਪਾਰ ਕੀਤਾ ਸੀ, ਅਤੇ ਇਸ ਦਾ ਕੀ ਭਾਵ ਸੀ?

13 ਅਬਰਾਮ ਨੇ ਆਪਣਾ ਸਫ਼ਰ ਇਕ ਵਾਰ ਫਿਰ ਸ਼ੁਰੂ ਕੀਤਾ। ਹਾਰਾਨ ਨੂੰ ਪਿੱਛੇ ਛੱਡਦੇ ਹੋਏ ਉਹ ਸਾਰੇ 90 ਕੁ ਕਿਲੋਮੀਟਰ ਪੱਛਮ ਵੱਲ ਤੁਰੇ। ਹੋ ਸਕਦਾ ਹੈ ਕਿ ਅਬਰਾਮ ਫਰਾਤ ਦਰਿਆ ਦੀ ਉਸ ਜਗ੍ਹਾ ਤੇ ਰੁਕਿਆ ਜਿਸ ਦੇ ਪਾਰ ਕਰਕਮਿਸ਼ ਦਾ ਵੱਡਾ ਸ਼ਹਿਰ ਸੀ। ਇਹ ਕਾਰੋਬਾਰ ਦਾ ਪ੍ਰਾਚੀਨ ਕੇਂਦਰ ਸੀ। ਸਾਰੇ ਲੋਕ ਇਸੇ ਜਗ੍ਹਾ ਤੇ ਦਰਿਆ ਪਾਰ ਕਰਦੇ ਹੁੰਦੇ ਸਨ। * ਅਬਰਾਮ ਨੇ ਕਿਸ ਤਾਰੀਖ਼ ਤੇ ਫਰਾਤ ਦਰਿਆ ਪਾਰ ਕੀਤਾ ਸੀ? ਬਾਈਬਲ ਦੇ ਅਨੁਸਾਰ ਇਹ 14 ਨੀਸਾਨ 1513 ਸਾ.ਯੁ.ਪੂ. ਤੋਂ 430 ਸਾਲ ਪਹਿਲਾਂ ਹੋਇਆ ਸੀ। ਇਸ ਸਮੇਂ ਯਹੂਦੀ ਮਿਸਰ ਵਿੱਚੋਂ ਨਿਕਲੇ ਸਨ। ਕੂਚ 12:41 ਵਿਚ ਲਿਖਿਆ ਗਿਆ ਹੈ ਕਿ “ਚਾਰ ਸੌ ਤੀਹ ਵਰਿਹਾਂ ਦੇ ਅੰਤ ਵਿੱਚ ਐਉਂ ਹੋਇਆ ਕਿ ਉਸੇ ਦਿਨ ਯਹੋਵਾਹ ਦੀਆਂ ਸਾਰੀਆਂ ਸੈਨਾਂ ਮਿਸਰ ਦੇਸ ਤੋਂ ਨਿੱਕਲ ਗਈਆਂ।” (ਟੇਢੇ ਟਾਈਪ ਸਾਡੇ।) ਤਾਂ ਫਿਰ ਸੰਭਵ ਹੈ ਕਿ ਯਹੋਵਾਹ ਦਾ ਅਬਰਾਹਾਮ ਨਾਲ ਬੰਨ੍ਹਿਆ ਗਿਆ ਨੇਮ ਉਦੋਂ ਸ਼ੁਰੂ ਹੋਇਆ ਜਦੋਂ ਅਬਰਾਮ ਨੇ 14 ਨੀਸਾਨ 1943 ਸਾ.ਯੁ.ਪੂ. ਵਿਚ ਆਗਿਆਕਾਰੀ ਨਾਲ ਫਰਾਤ ਦਰਿਆ ਪਾਰ ਕੀਤਾ ਸੀ।

14. (ੳ) ਅਬਰਾਮ ਪੱਕੀ ਨਿਹਚਾ ਕਾਰਨ ਕੀ ਸਮਝ ਸਕਿਆ ਸੀ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅੱਜ ਪਰਮੇਸ਼ੁਰ ਦੇ ਲੋਕਾਂ ਨੂੰ ਅਬਰਾਮ ਨਾਲੋਂ ਜ਼ਿਆਦਾ ਬਰਕਤਾਂ ਮਿਲੀਆਂ ਹਨ?

14 ਅਬਰਾਮ ਇਕ ਵੱਡਾ ਸ਼ਹਿਰ ਛੱਡ ਕੇ ਆਇਆ ਸੀ। ਪਰ ਹੁਣ ਉਹ ਅਜਿਹਾ “ਨਗਰ” ਦੇਖ ਸਕਦਾ ਸੀ “ਜਿਹ ਦੀਆਂ ਨੀਹਾਂ ਹਨ,” ਯਾਨੀ ਇਨਸਾਨਾਂ ਉੱਤੇ ਰਾਜ ਕਰਨ ਵਾਲੀ ਇਕ ਧਰਮੀ ਸਰਕਾਰ। (ਇਬਰਾਨੀਆਂ 11:10) ਜੀ ਹਾਂ, ਸਿਰਫ਼ ਥੋੜ੍ਹੀ ਜਹੀ ਜਾਣਕਾਰੀ ਨਾਲ ਅਬਰਾਮ ਪਰਮੇਸ਼ੁਰ ਦਾ ਮਕਸਦ ਸਮਝਣ ਲੱਗ ਪਿਆ ਸੀ ਕਿ ਉਹ ਮਰ ਰਹੇ ਇਨਸਾਨਾਂ ਲਈ ਨਿਸਤਾਰੇ ਦਾ ਪ੍ਰਬੰਧ ਕਰੇਗਾ। ਅੱਜ, ਸਾਡੇ ਕੋਲ ਪਰਮੇਸ਼ੁਰ ਦੇ ਮਕਸਦਾਂ ਬਾਰੇ ਅਬਰਾਮ ਨਾਲੋਂ ਕਿਤੇ ਜ਼ਿਆਦਾ ਜਾਣਕਾਰੀ ਹੈ। (ਕਹਾਉਤਾਂ 4:18) ਉਹ “ਨਗਰ,” ਜਾਂ ਰਾਜ ਜਿਸ ਦੀ ਅਬਰਾਮ ਉਮੀਦ ਕਰਦਾ ਸੀ, ਹੁਣ ਇਕ ਅਸਲੀਅਤ ਹੈ। ਇਹ ਰਾਜ 1914 ਵਿਚ ਸਵਰਗ ਵਿਚ ਸਥਾਪਿਤ ਕੀਤਾ ਗਿਆ ਸੀ। ਤਾਂ ਫਿਰ ਕੀ ਸਾਨੂੰ ਆਪਣੇ ਕੰਮਾਂ ਰਾਹੀਂ ਯਹੋਵਾਹ ਵਿਚ ਨਿਹਚਾ ਅਤੇ ਭਰੋਸਾ ਨਹੀਂ ਕਰਨਾ ਚਾਹੀਦਾ?

ਵਾਅਦਾ ਕੀਤੇ ਹੋਏ ਦੇਸ਼ ਵਿਚ ਡੇਰਾ ਲਾਉਣਾ

15, 16. (ੳ) ਯਹੋਵਾਹ ਦੀ ਉਪਾਸਨਾ ਵਾਸਤੇ ਜਗਵੇਦੀ ਬਣਾਉਣ ਲਈ ਅਬਰਾਮ ਨੂੰ ਹਿੰਮਤ ਦੀ ਕਿਉਂ ਲੋੜ ਸੀ? (ਅ) ਮਸੀਹੀ ਅੱਜ ਅਬਰਾਮ ਵਾਂਗ ਦਲੇਰ ਕਿਵੇਂ ਹੋ ਸਕਦੇ ਹਨ?

15ਉਤਪਤ 12:5, 6 ਵਿਚ ਲਿਖਿਆ ਗਿਆ ਹੈ ਕਿ “ਅਬਰਾਮ ਦੇਸ ਦੇ ਵਿੱਚੋਂ ਦੀ ਸ਼ਕਮ ਦੀ ਥਾਂ ਤਾਈਂ ਅਰਥਾਤ ਮੋਰਹ ਦੇ ਬਲੂਤ ਤਾਈਂ ਲੰਘਿਆ।” ਸ਼ਕਮ ਯਰੂਸ਼ਲਮ ਤੋਂ 50 ਕਿਲੋਮੀਟਰ ਉੱਤਰ ਵੱਲ ਇਕ ਹਰੀ-ਭਰੀ ਵਾਦੀ ਵਿਚ ਸੀ ਜਿਸ ਨੂੰ “ਪਵਿੱਤਰ ਦੇਸ਼ ਦਾ ਫ਼ਿਰਦੋਸ” ਕਿਹਾ ਜਾਂਦਾ ਸੀ। ਫਿਰ ਵੀ ‘ਕਨਾਨੀ ਅਜੇ ਉਸ ਦੇਸ ਵਿੱਚ ਸਨ।’ ਕਨਾਨੀ ਲੋਕ ਨੈਤਿਕ ਤੌਰ ਤੇ ਗੰਦੇ ਕੰਮ ਕਰਦੇ ਸਨ, ਇਸ ਲਈ ਅਬਰਾਮ ਨੂੰ ਉਨ੍ਹਾਂ ਦੇ ਬੁਰੇ ਅਸਰ ਤੋਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਵਿਚ ਪੂਰੀ ਮਿਹਨਤ ਕਰਨੀ ਪਈ ਸੀ।​—ਕੂਚ 34:11-16.

16 ਫਿਰ ਦੂਸਰੀ ਵਾਰ “ਯਹੋਵਾਹ ਨੇ ਅਬਰਾਮ ਨੂੰ ਦਰਸ਼ਨ ਦੇਕੇ ਆਖਿਆ ਕਿ ਤੇਰੀ ਅੰਸ ਨੂੰ ਮੈਂ ਇਹ ਧਰਤੀ ਦਿਆਂਗਾ।” ਉਸ ਲਈ ਇਹ ਕਿੰਨੀ ਵਧੀਆ ਉਮੀਦ ਸੀ! ਲੇਕਿਨ ਅਜਿਹੇ ਵਾਅਦੇ ਵਿਚ ਵਿਸ਼ਵਾਸ ਕਰਨ ਲਈ ਅਬਰਾਮ ਨੂੰ ਪੱਕੀ ਨਿਹਚਾ ਦੀ ਜ਼ਰੂਰਤ ਸੀ ਕਿਉਂਕਿ ਇਸ ਵਾਅਦੇ ਦਾ ਆਨੰਦ ਸਿਰਫ਼ ਉਸ ਦੀ ਔਲਾਦ ਨੇ ਹੀ ਮਾਣਨਾ ਸੀ। ਫਿਰ ਵੀ ਇਸ ਗੱਲ ਨੂੰ ਸੁਣ ਕੇ ਅਬਰਾਮ ਨੇ “ਉੱਥੇ ਇੱਕ ਜਗਵੇਦੀ ਯਹੋਵਾਹ ਲਈ ਜਿਸ ਨੇ ਉਹ ਨੂੰ ਦਰਸ਼ਨ ਦਿੱਤਾ ਸੀ ਬਣਾਈ।” (ਉਤਪਤ 12:7) ਬਾਈਬਲ ਦੇ ਇਕ ਵਿਦਵਾਨ ਨੇ ਕਿਹਾ: “ਦੇਸ਼ ਵਿਚ ਜਗਵੇਦੀ ਬਣਾ ਕੇ ਅਬਰਾਮ ਨੇ ਦਿਖਾਇਆ ਕਿ ਉਸ ਦਾ ਜ਼ਮੀਨ ਉੱਤੇ ਪੂਰਾ ਹੱਕ ਸੀ। ਇਹ ਹੱਕ ਉਸ ਨੂੰ ਉਸ ਦੀ ਪੱਕੀ ਨਿਹਚਾ ਕਰਕੇ ਮਿਲਿਆ ਸੀ।” ਅਜਿਹੀ ਜਗਵੇਦੀ ਬਣਾਉਣ ਲਈ ਦਲੇਰੀ ਦੀ ਲੋੜ ਸੀ। ਇਹ ਜਗਵੇਦੀ ਅਜਿਹੇ ਪੱਥਰਾਂ ਨਾਲ ਬਣਾਈ ਹੋਈ ਸੀ ਜੋ ਘੜੇ ਹੋਏ ਨਹੀਂ ਸਨ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਬਾਅਦ ਵਿਚ ਬਿਵਸਥਾ ਦੇ ਨੇਮ ਵਿਚ ਦੱਸਿਆ ਗਿਆ ਸੀ। (ਕੂਚ 20:24, 25) ਇਹ ਕਨਾਨੀ ਲੋਕਾਂ ਦੀਆਂ ਜਗਵੇਦੀਆਂ ਤੋਂ ਬਿਲਕੁਲ ਵੱਖਰੀ ਸੀ। ਅਬਰਾਮ ਨੇ ਸੱਚੇ ਪਰਮੇਸ਼ੁਰ ਯਹੋਵਾਹ ਦੇ ਸੇਵਕ ਵਜੋਂ ਦਲੇਰ ਕਦਮ ਚੁੱਕਿਆ ਸੀ। ਇਸ ਤਰ੍ਹਾਂ ਦੀ ਜਗਵੇਦੀ ਬਣਾਉਣ ਕਰਕੇ ਉਸ ਨਾਲ ਬੁਰਾ ਸਲੂਕ ਕੀਤਾ ਜਾ ਸਕਦਾ ਸੀ ਅਤੇ ਉਸ ਦੀ ਜਾਨ ਨੂੰ ਖ਼ਤਰਾ ਵੀ ਹੋ ਸਕਦਾ ਸੀ। ਕੀ ਅਸੀਂ ਵੀ ਦਲੇਰ ਹੋ ਸਕਦੇ ਹਾਂ? ਕੀ ਸਾਡੇ ਵਿੱਚੋਂ ਕੁਝ, ਖ਼ਾਸ ਕਰਕੇ ਬੱਚੇ, ਆਪਣੇ ਗੁਆਂਢੀਆਂ ਅਤੇ ਸਕੂਲ ਵਿਚ ਆਪਣਿਆਂ ਸਾਥੀਆਂ ਨੂੰ ਇਹ ਦੱਸਣ ਤੋਂ ਝਿਜਕਦੇ ਹਨ ਕਿ ਅਸੀਂ ਯਹੋਵਾਹ ਦੀ ਉਪਾਸਨਾ ਕਰਦੇ ਹਾਂ? ਆਓ ਆਪਾਂ ਵੀ ਅਬਰਾਮ ਦੀ ਦਲੇਰੀ ਦੀ ਰੀਸ ਵਿਚ ਯਹੋਵਾਹ ਦੇ ਸੇਵਕ ਹੋਣ ਦਾ ਮਾਣ ਕਰੀਏ!

17. ਅਬਰਾਮ ਨੇ ਪਰਮੇਸ਼ੁਰ ਦੇ ਨਾਂ ਬਾਰੇ ਕੀ ਕੀਤਾ ਸੀ, ਅਤੇ ਅੱਜ ਇਹ ਮਸੀਹੀਆਂ ਨੂੰ ਕਿਹੜੀ ਗੱਲ ਯਾਦ ਦਿਲਾਉਂਦਾ ਹੈ?

17 ਜਿੱਥੇ ਵੀ ਅਬਰਾਮ ਗਿਆ ਸੀ, ਉਸ ਨੇ ਯਹੋਵਾਹ ਦੀ ਉਪਾਸਨਾ ਨੂੰ ਹਮੇਸ਼ਾ ਪਹਿਲ ਦਿੱਤੀ ਸੀ। “ਤਦ ਉੱਥੋਂ ਉਹ ਨੇ ਇੱਕ ਪਹਾੜ ਨੂੰ ਜੋ ਬੈਤ-ਏਲ ਤੋਂ ਪੂਰਬ ਵੱਲ ਹੈ ਜਾ ਕੇ ਆਪਣਾ ਤੰਬੂ ਲਾਇਆ। ਜਿੱਥੋਂ ਬੈਤ-ਏਲ ਲਹਿੰਦੇ ਪਾਸੇ ਅਰ ਅਈ ਚੜ੍ਹਦੇ ਪਾਸੇ ਸੀ ਉੱਥੇ ਉਸ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ ਅਰ ਯਹੋਵਾਹ ਦਾ ਨਾਮ ਲਿਆ।” (ਉਤਪਤ 12:8) ਇਬਰਾਨੀ ਵਿਚ ‘ਨਾਮ ਲੈਣ’ ਦਾ ਮਤਲਬ “ਨਾਮ ਬਾਰੇ ਗਵਾਹੀ ਦੇਣੀ” ਵੀ ਹੋ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਬਰਾਮ ਨੇ ਦਲੇਰੀ ਨਾਲ ਆਪਣੇ ਕਨਾਨੀ ਗੁਆਂਢੀਆਂ ਨੂੰ ਯਹੋਵਾਹ ਦੇ ਨਾਮ ਬਾਰੇ ਗਵਾਹੀ ਦਿੱਤੀ ਸੀ। (ਉਤਪਤ 14:22-24) ਇਹ ਸਾਨੂੰ ਆਪਣੀ ਜ਼ਿੰਮੇਵਾਰੀ ਬਾਰੇ ਯਾਦ ਦਿਲਾਉਂਦਾ ਹੈ ਕਿ ਅਸੀਂ ਅੱਜ ਪੂਰੀ ਤਰ੍ਹਾਂ ‘ਉਸ ਦੇ ਨਾਂ ਦਾ ਇਕਰਾਰ ਕਰੀਏ।’​—ਇਬਰਾਨੀਆਂ 13:15, ਪਵਿੱਤਰ ਬਾਈਬਲ ਨਵਾਂ ਅਨੁਵਾਦ; ਰੋਮੀਆਂ 10:10.

18. ਕਨਾਨ ਦੇ ਵਾਸੀਆਂ ਨਾਲ ਅਬਰਾਮ ਦਾ ਕਿਸ ਤਰ੍ਹਾਂ ਦਾ ਰਿਸ਼ਤਾ ਸੀ?

18 ਅਬਰਾਮ ਇਨ੍ਹਾਂ ਥਾਵਾਂ ਵਿਚ ਬਹੁਤਾ ਚੀਰ ਨਹੀਂ ਰਿਹਾ ਸੀ। “ਤਾਂ ਅਬਰਾਮ ਸਫਰ ਕਰਦਾ ਕਰਦਾ ਦੱਖਣ ਵੱਲ ਤੁਰਿਆ ਗਿਆ,” ਯਾਨੀ ਉਸ ਬੰਜਰ ਜਗ੍ਹਾ ਵੱਲ ਜੋ ਯਹੂਦਾਹ ਦੇ ਪਹਾੜੀ ਇਲਾਕੇ ਦੇ ਦੱਖਣ ਵੱਲ ਸੀ। (ਉਤਪਤ 12:9) ਅਬਰਾਮ ਅਤੇ ਉਸ ਦਾ ਘਰਾਣਾ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦਾ ਰਿਹਾ ਅਤੇ ਹਰ ਨਵੀਂ ਜਗ੍ਹਾ ਵਿਚ ਉਹ ਆਪਣੇ ਆਪ ਨੂੰ ਯਹੋਵਾਹ ਦੇ ਉਪਾਸਕਾਂ ਵਜੋਂ ਸਥਾਪਿਤ ਕਰਦੇ ਰਹੇ। ਇਸ ਤਰ੍ਹਾਂ ਉਨ੍ਹਾਂ ਨੇ “ਮੰਨ ਲਿਆ ਭਈ ਅਸੀਂ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਹਾਂ।” (ਇਬਰਾਨੀਆਂ 11:13) ਉਹ ਆਪਣੇ ਅਧਰਮੀ ਗੁਆਂਢੀਆਂ ਦੇ ਨਾਲ ਦੋਸਤੀ ਕਰਨ ਤੋਂ ਹਮੇਸ਼ਾ ਪਰਹੇਜ਼ ਕਰਦੇ ਸਨ। ਇਸੇ ਤਰ੍ਹਾਂ ਅੱਜ-ਕੱਲ੍ਹ ਮਸੀਹੀ ਵੀ ਜਗਤ ਤੋਂ ਵੱਖਰੇ ਰਹਿੰਦੇ ਹਨ। (ਯੂਹੰਨਾ 17:16) ਇਹ ਸੱਚ ਹੈ ਕਿ ਅਸੀਂ ਆਪਣੇ ਗੁਆਂਢੀਆਂ ਅਤੇ ਕੰਮ ਵਾਲਿਆਂ ਨੂੰ ਦਿਆਲਤਾ ਦਿਖਾਉਂਦੇ ਹਾਂ, ਪਰ ਅਸੀਂ ਧਿਆਨ ਰੱਖਦੇ ਹਾਂ ਕਿ ਅਸੀਂ ਉਸ ਤਰ੍ਹਾਂ ਦੇ ਚਾਲ-ਚੱਲਣ ਵਿਚ ਨਾ ਫੱਸ ਜਾਈਏ ਜੋ ਜਗਤ ਦੀ ਆਤਮਾ ਪ੍ਰਗਟ ਕਰਦਾ ਹੈ। ਕਿਉਂ ਜੋ ਜਗਤ ਪਰਮੇਸ਼ੁਰ ਤੋਂ ਅੱਡ ਹੈ।​—ਅਫ਼ਸੀਆਂ 2:2, 3.

19. (ੳ) ਅਬਰਾਮ ਅਤੇ ਸਾਰਈ ਲਈ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਨੂੰ ਜਾਣਾ ਔਖਾ ਕਿਉਂ ਸੀ? (ਅ) ਅਬਰਾਮ ਉੱਤੇ ਹੋਰ ਕਿਹੜੀਆਂ ਪਰੀਖਿਆਵਾਂ ਆਉਣ ਵਾਲੀਆਂ ਸਨ?

19 ਆਓ ਆਪਾਂ ਇਹ ਨਾ ਭੁੱਲੀਏ ਕਿ ਅਬਰਾਮ ਅਤੇ ਸਾਰਈ ਲਈ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਨੂੰ ਜਾਣਾ ਕਿੰਨਾ ਔਖਾ ਸੀ। ਹੁਣ ਉਹ ਊਰ ਦੇ ਵੱਡਿਆਂ-ਵੱਡਿਆਂ ਬਾਜ਼ਾਰਾਂ ਤੋਂ ਚੀਜ਼ਾਂ ਨਹੀਂ ਖ਼ਰੀਦ ਸਕਦੇ ਸਨ। ਉਨ੍ਹਾਂ ਨੂੰ ਆਪਣੇ ਇੱਜੜਾਂ ਨਾਲ ਗੁਜ਼ਾਰਾ ਕਰਨਾ ਅਤੇ ਚੰਗੀ ਤਰ੍ਹਾਂ ਬਣਾਏ ਗਏ ਘਰਾਂ ਦੀ ਬਜਾਇ ਤੰਬੂਆਂ ਵਿਚ ਰਹਿਣਾ ਪਿਆ। (ਇਬਰਾਨੀਆਂ 11:9) ਅਬਰਾਮ ਦਾ ਦਿਨ ਨੱਠ-ਭੱਜ ਵਿਚ ਲੰਘ ਜਾਂਦਾ ਸੀ; ਉਸ ਨੂੰ ਆਪਣੇ ਇੱਜੜਾਂ ਦੀ ਦੇਖ-ਭਾਲ ਕਰਨ ਲਈ ਅਤੇ ਨੌਕਰਾਂ ਨੂੰ ਕੰਮ ਸੌਂਪਣ ਵਿਚ ਬਹੁਤ ਕੁਝ ਕਰਨਾ ਪੈਂਦਾ ਸੀ। ਸਾਰਈ ਨੂੰ ਵੀ ਘਰ ਦੇ ਕੰਮ ਸੰਭਾਲਣੇ ਪੈਂਦੇ ਸਨ ਜਿਵੇਂ ਕਿ ਆਟਾ ਗੁੰਨ੍ਹਣਾ, ਰੋਟੀ ਪਕਾਉਣੀ, ਉੱਨ ਬੁਣਨੀ, ਅਤੇ ਕੱਪੜੇ ਸੀਉਣੇ। (ਉਤਪਤ 18:6, 7; 2 ਰਾਜਿਆਂ 23:7; ਕਹਾਉਤਾਂ 31:19; ਹਿਜ਼ਕੀਏਲ 13:18) ਇਸ ਤੋਂ ਇਲਾਵਾ ਉਨ੍ਹਾਂ ਉੱਤੇ ਹੋਰ ਪਰੀਖਿਆਵਾਂ ਆਉਣ ਵਾਲੀਆਂ ਸਨ। ਬਹੁਤ ਜਲਦੀ ਅਬਰਾਮ ਅਤੇ ਉਸ ਦੇ ਘਰਾਣੇ ਨੂੰ ਅਜਿਹੀ ਸਥਿਤੀ ਦਾ ਸਾਮ੍ਹਣਾ ਕਰਨਾ ਪਿਆ ਸੀ ਜਿਸ ਕਾਰਨ ਉਨ੍ਹਾਂ ਦੀਆਂ ਜ਼ਿੰਦਗੀਆਂ ਵੀ ਖ਼ਤਰੇ ਵਿਚ ਪੈ ਗਈਆਂ ਸਨ! ਕੀ ਅਬਰਾਮ ਦੀ ਨਿਹਚਾ ਇਸ ਚੁਣੌਤੀ ਦਾ ਸਾਮ੍ਹਣਾ ਕਰਨ ਲਈ ਪੱਕੀ ਸਾਬਤ ਹੋਈ ਸੀ?

[ਫੁਟਨੋਟ]

^ ਪੈਰਾ 3 ਭਾਵੇਂ ਕਿ ਹੁਣ ਫਰਾਤ ਦਰਿਆ ਊਰ ਦੀ ਪਹਿਲੀ ਜਗ੍ਹਾ ਤੋਂ ਦਸ ਕੁ ਮੀਲ ਪੂਰਬ ਵੱਲ ਹੈ, ਸਬੂਤ ਤੋਂ ਪਤਾ ਲੱਗਦਾ ਹੈ ਕਿ ਪ੍ਰਾਚੀਨ ਸਮਿਆਂ ਵਿਚ ਇਹ ਦਰਿਆ, ਸ਼ਹਿਰ ਦੇ ਪੱਛਮ ਵੱਲ ਵਹਿੰਦਾ ਹੁੰਦਾ ਸੀ। ਇਸੇ ਲਈ ਬਾਅਦ ਵਿਚ ਕਿਹਾ ਜਾ ਸਕਦਾ ਸੀ ਕਿ ਅਬਰਾਹਾਮ ਫਰਾਤ “ਦਰਿਆ ਦੇ ਪਾਰੋਂ” ਆਇਆ ਸੀ।—ਯਹੋਸ਼ੁਆ 24:3.

^ ਪੈਰਾ 13 ਕਈ ਸਦੀਆਂ ਬਾਅਦ ਅੱਸ਼ੂਰ ਦੇ ਰਾਜਾ ਐਸ਼ਰਨਾਸਿਰਪਾਲ ਦੂਜੇ ਨੇ ਬੇੜੇ ਵਰਤ ਕੇ ਕਰਕਮਿਸ਼ ਦੇ ਨੇੜੇ ਫਰਾਤ ਦਰਿਆ ਪਾਰ ਕੀਤਾ ਸੀ। ਬਾਈਬਲ ਇਹ ਨਹੀਂ ਦੱਸਦੀ ਕਿ ਅਬਰਾਮ ਨੂੰ ਇਸੇ ਤਰ੍ਹਾਂ ਦੇ ਬੇੜੇ ਬਣਾਉਣੇ ਪਏ ਸਨ ਜਾਂ ਕਿ ਉਹ ਕਿਸੇ ਹੋਰ ਤਰ੍ਹਾਂ ਪਾਣੀ ਵਿਚਦੀ ਲੰਘੇ ਸਨ।

ਕੀ ਤੁਸੀਂ ਨੋਟ ਕੀਤਾ?

• ਅਬਰਾਮ ਨੂੰ ‘ਉਨ੍ਹਾਂ ਸਭਨਾਂ ਦਾ ਪਿਤਾ ਜਿਹੜੇ ਨਿਹਚਾ ਕਰਦੇ ਹਨ’ ਕਿਉਂ ਕਿਹਾ ਜਾਂਦਾ ਹੈ?

• ਕਸਦੀਆਂ ਦਾ ਊਰ ਛੱਡਣ ਲਈ ਅਬਰਾਮ ਨੂੰ ਨਿਹਚਾ ਦੀ ਕਿਉਂ ਜ਼ਰੂਰਤ ਸੀ?

• ਅਬਰਾਮ ਨੇ ਕਿਵੇਂ ਦਿਖਾਇਆ ਸੀ ਕਿ ਉਹ ਯਹੋਵਾਹ ਦੀ ਉਪਾਸਨਾ ਨੂੰ ਪਹਿਲ ਦਿੰਦਾ ਸੀ?

[ਸਵਾਲ]

[ਸਫ਼ੇ 16 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਅਬਰਾਮ ਦਾ ਸਫ਼ਰ

ਊਰ

ਹਾਰਾਨ

ਕਰਕਮਿਸ਼

ਕਨਾਨ

ਵੱਡਾ ਸਾਗਰ

[ਕ੍ਰੈਡਿਟ ਲਾਈਨ]

Based on a map copyrighted by Pictorial Archive (Near Eastern History) Est. and Survey of Israel

[ਸਫ਼ੇ 15 ਉੱਤੇ ਤਸਵੀਰ]

ਊਰ ਦੀ ਐਸ਼ੋ-ਆਰਾਮ ਵਾਲੀ ਜ਼ਿੰਦਗੀ ਛੱਡਣ ਵਾਸਤੇ ਅਬਰਾਮ ਨੂੰ ਨਿਹਚਾ ਦੀ ਜ਼ਰੂਰਤ ਸੀ

[ਸਫ਼ੇ 18 ਉੱਤੇ ਤਸਵੀਰ]

ਤੰਬੂਆਂ ਵਿਚ ਰਹਿਣ ਦੁਆਰਾ ਅਬਰਾਮ ਅਤੇ ਉਸ ਦੇ ਘਰਾਣੇ ਨੇ “ਮੰਨ ਲਿਆ ਭਈ ਅਸੀਂ ਧਰਤੀ ਉ ਤੇ ਓਪਰੇ ਅਤੇ ਪਰਦੇਸੀ ਹਾਂ”