Skip to content

Skip to table of contents

ਨੌਜਵਾਨੋ—ਆਪਣੀ ਜ਼ਿੰਦਗੀ ਸਫ਼ਲ ਬਣਾਓ

ਨੌਜਵਾਨੋ—ਆਪਣੀ ਜ਼ਿੰਦਗੀ ਸਫ਼ਲ ਬਣਾਓ

ਨੌਜਵਾਨੋ—ਆਪਣੀ ਜ਼ਿੰਦਗੀ ਸਫ਼ਲ ਬਣਾਓ

ਯੂਰਪ ਵਿਚ ਇਕ ਮੁਲਕ ਦੇ ਵਾਸੀਆਂ ਨੂੰ ਸੁੰਦਰਤਾ, ਦੌਲਤ, ਜਾਂ ਜਵਾਨੀ ਵਿੱਚੋਂ ਇਕ ਚੀਜ਼ ਚੁਣਨ ਲਈ ਕਿਹਾ ਗਿਆ। ਸਭ ਤੋਂ ਜ਼ਿਆਦਾ ਲੋਕਾਂ ਨੇ ਜਵਾਨੀ ਚੁਣੀ। ਜੀ ਹਾਂ, ਹਰ ਉਮਰ ਦੇ ਲੋਕ ਜਵਾਨੀ ਨੂੰ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਸਮਝਦੇ ਹਨ। ਪਰ ਨੌਜਵਾਨ ਆਪਣੀ ਬਾਕੀ ਦੀ ਜ਼ਿੰਦਗੀ ਨੂੰ ਸਫ਼ਲ ਕਿਸ ਤਰ੍ਹਾਂ ਬਣਾ ਸਕਦੇ ਹਨ?

ਕੀ ਬਾਈਬਲ ਤੋਂ ਕੋਈ ਮਦਦ ਮਿਲ ਸਕਦੀ ਹੈ? ਹਾਂ ਜ਼ਰੂਰ ਮਿਲ ਸਕਦੀ ਹੈ! ਆਓ ਆਪਾਂ ਦੋ ਗੱਲਾਂ ਵੱਲ ਧਿਆਨ ਦੇਈਏ ਜਿਨ੍ਹਾਂ ਵਿਚ ਪਰਮੇਸ਼ੁਰ ਦਾ ਬਚਨ ਖ਼ਾਸ ਕਰਕੇ ਨੌਜਵਾਨਾਂ ਦੀ ਮਦਦ ਕਰ ਸਕਦਾ ਹੈ।

ਦੂਸਰਿਆਂ ਨਾਲ ਮੇਲ-ਜੋਲ

ਯੂਗੰਡ 2000, ਜਰਮਨੀ ਵਿਚ 5,000 ਨੌਜਵਾਨਾਂ ਦੇ ਰਵੱਈਏ, ਕਦਰਾਂ-ਕੀਮਤਾਂ, ਅਤੇ ਚਾਲ-ਚਲਣ ਬਾਰੇ ਇਕ ਰਿਪੋਰਟ ਹੈ। ਇਸ ਨੇ ਦਿਖਾਇਆ ਕਿ ਜਦੋਂ ਨੌਜਵਾਨ ਸੰਗੀਤ ਸੁਣਦੇ ਹਨ, ਖੇਡਾਂ ਖੇਡਦੇ ਹਨ, ਜਾਂ ਬਾਹਰ ਜਾਂਦੇ ਹਨ, ਉਹ ਅਕਸਰ ਦੂਸਰਿਆਂ ਨਾਲ ਹੁੰਦੇ ਹਨ। ਸ਼ਾਇਦ ਹੋਰ ਲੋਕਾਂ ਨਾਲੋਂ ਜ਼ਿਆਦਾ ਨੌਜਵਾਨ ਆਪਣੇ ਹਾਣੀਆਂ ਨਾਲ ਸਮਾਂ ਗੁਜ਼ਾਰਨਾ ਚਾਹੁੰਦੇ ਹਨ। ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਜਵਾਨੀ ਵਿਚ ਸਫ਼ਲ ਬਣਨ ਲਈ ਦੂਸਰਿਆਂ ਨਾਲ ਮੇਲ-ਜੋਲ ਰੱਖਣਾ ਇਕ ਜ਼ਰੂਰੀ ਗੱਲ ਹੈ।

ਪਰ ਦੂਸਰਿਆਂ ਨਾਲ ਚੰਗੇ ਰਿਸ਼ਤੇ ਕਾਇਮ ਕਰਨੇ ਸੌਖੇ ਨਹੀਂ ਹਨ। ਦਰਅਸਲ ਨੌਜਵਾਨ ਖ਼ੁਦ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਗੱਲ ਵਿਚ ਮੁਸ਼ਕਲਾਂ ਆਉਂਦੀਆਂ ਹਨ। ਪਰ ਇਸ ਦੇ ਸੰਬੰਧ ਵਿਚ ਬਾਈਬਲ ਤੋਂ ਮਦਦ ਮਿਲ ਸਕਦੀ ਹੈ। ਪਰਮੇਸ਼ੁਰ ਦੇ ਬਚਨ ਵਿਚ ਨੌਜਵਾਨਾਂ ਵਾਸਤੇ ਚੰਗੇ ਰਿਸ਼ਤੇ ਬਣਾਈ ਰੱਖਣ ਲਈ ਅਗਵਾਈ ਹੈ। ਬਾਈਬਲ ਕੀ ਦੱਸਦੀ ਹੈ?

ਚੰਗੇ ਰਿਸ਼ਤੇ ਕਾਇਮ ਕਰਨ ਲਈ ਇਕ ਬਹੁਤ ਹੀ ਜ਼ਰੂਰੀ ਅਸੂਲ ਇਹ ਹੈ ਕਿ “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” ਇਸ ਨੂੰ ਸੁਨਹਿਰਾ ਅਸੂਲ ਸੱਦਿਆ ਜਾਂਦਾ ਹੈ। ਜੇਕਰ ਤੁਸੀਂ ਦੂਸਰਿਆਂ ਦੀ ਇੱਜ਼ਤ ਕਰੋਗੇ ਅਤੇ ਉਨ੍ਹਾਂ ਨਾਲ ਦਿਆਲਤਾ ਨਾਲ ਪੇਸ਼ ਆਓਗੇ, ਤਾਂ ਉਹ ਵੀ ਤੁਹਾਡੇ ਨਾਲ ਚੰਗਾ ਸਲੂਕ ਕਰਨਗੇ। ਪਿਆਰ ਦਿਖਾਉਣ ਨਾਲ ਝਗੜੇ ਅਤੇ ਅਣ-ਬਣ ਘੱਟ ਸਕਦੀ ਹੈ। ਜੇਕਰ ਤੁਸੀਂ ਦੂਸਰਿਆਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣ ਲਈ ਜਾਣੇ ਜਾਓਗੇ, ਤਾਂ ਉਹ ਤੁਹਾਡੀ ਕਦਰ ਕਰਨਗੇ ਅਤੇ ਤੁਹਾਨੂੰ ਪਸੰਦ ਕਰਨਗੇ। ਕੀ ਤੁਸੀਂ ਇਹ ਨਹੀਂ ਚਾਹੁੰਦੇ ਕਿ ਦੂਸਰੇ ਲੋਕ ਤੁਹਾਨੂੰ ਪਸੰਦ ਕਰਨ?​—ਮੱਤੀ 7:12.

ਬਾਈਬਲ ਸਲਾਹ ਦਿੰਦੀ ਹੈ ਕਿ “ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।” ਤੁਸੀਂ ਆਪਣੀ ਦੇਖ-ਭਾਲ ਕਰ ਕੇ ਅਤੇ ਆਤਮ-ਸਨਮਾਨ ਰੱਖ ਕੇ ਦਿਖਾਉਂਦੇ ਹੋ ਕਿ ਤੁਸੀਂ ਆਪਣੇ ਨਾਲ ਪਿਆਰ ਕਰਦੇ ਹੋ। ਇਹ ਕਿਉਂ ਜ਼ਰੂਰੀ ਹੈ? ਜੇਕਰ ਤੁਸੀਂ ਆਪਣੇ ਬਾਰੇ ਚੰਗਾ ਨਹੀਂ ਮਹਿਸੂਸ ਕਰਦੇ, ਤਾਂ ਸ਼ਾਇਦ ਤੁਸੀਂ ਦੂਸਰਿਆਂ ਵਿਚ ਦੋਸ਼ ਕੱਢੋਗੇ ਜਿਸ ਕਾਰਨ ਤੁਸੀਂ ਦੂਸਰਿਆਂ ਨਾਲ ਚੰਗਾ ਰਿਸ਼ਤਾ ਕਾਇਮ ਨਹੀਂ ਰੱਖ ਸਕਦੇ। ਪਰ ਤੁਹਾਨੂੰ ਪਹਿਲਾਂ ਆਪਣਾ ਮਾਣ ਕਰਨਾ ਸਿੱਖਣਾ ਚਾਹੀਦਾ ਹੈ ਫਿਰ ਤੁਸੀਂ ਦੂਸਰਿਆਂ ਨਾਲ ਦੋਸਤੀ ਕਰ ਸਕਦੇ ਹੋ।​—ਮੱਤੀ 22:39.

ਦੋਸਤੀ ਸ਼ੁਰੂ ਕਰਨੀ ਇਕ ਗੱਲ ਹੈ, ਪਰ ਇਸ ਨੂੰ ਪੱਕੀ ਕਰਨ ਲਈ ਦੋਹਾਂ ਦੋਸਤਾਂ ਨੂੰ ਜਤਨ ਕਰਨ ਦੀ ਲੋੜ ਹੈ। ਦੋਸਤੀ ਪੱਕੀ ਕਰਨ ਲਈ ਸਮਾਂ ਲਾਉਣ ਵਿਚ ਤੁਹਾਨੂੰ ਖ਼ੁਸ਼ੀ ਮਿਲਣੀ ਚਾਹੀਦੀ ਹੈ ਕਿਉਂਕਿ “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” ਦੇਣ ਦਾ ਇਕ ਤਰੀਕਾ ਹੈ ਦੂਸਰਿਆਂ ਨੂੰ ਮਾਫ਼ ਕਰਨਾ। ਅਸੀਂ ਦੂਸਰਿਆਂ ਦੀਆਂ ਛੋਟੀਆਂ-ਮੋਟੀਆਂ ਗ਼ਲਤੀਆਂ ਮਾਫ਼ ਕਰ ਸਕਦੇ ਹਾਂ ਅਤੇ ਸਾਨੂੰ ਉਨ੍ਹਾਂ ਤੋਂ ਇਹ ਆਸ ਨਹੀਂ ਰੱਖਣੀ ਚਾਹੀਦੀ ਕਿ ਉਹ ਕਦੀ ਕੋਈ ਗ਼ਲਤੀ ਨਹੀਂ ਕਰਨਗੇ। ਬਾਈਬਲ ਸਾਨੂੰ ਦੱਸਦੀ ਹੈ: “ਤੁਹਾਡੀ ਖਿਮਾ ਸਭਨਾਂ ਮਨੁੱਖਾਂ ਉੱਤੇ ਪਰਗਟ ਹੋਵੇ।” ਜੀ ਹਾਂ, “ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।” ਜੇਕਰ ਤੁਹਾਡਾ ਕੋਈ ਦੋਸਤ ਤੁਹਾਡੀ ਕਿਸੇ ਕਮਜ਼ੋਰੀ ਬਾਰੇ ਤੁਹਾਨੂੰ ਦੱਸੇ, ਤਾਂ ਤੁਸੀਂ ਕੀ ਕਰੋਗੇ? ਬਾਈਬਲ ਤੋਂ ਇਸ ਸਲਾਹ ਉੱਤੇ ਗੌਰ ਕਰੋ: “ਤੂੰ ਆਪਣੇ ਜੀ ਵਿੱਚ ਛੇਤੀ ਖਿਝ ਨਾ ਕਰ,” ਕਿਉਂਕਿ “ਮਿੱਤਰ ਦੀ ਚਪੇੜ ਤੋਂ ਤੈਨੂੰ ਲਾਭ ਹੈ।” ਕੀ ਇਹ ਸੱਚ ਨਹੀਂ ਕਿ ਦੋਸਤ-ਮਿੱਤਰ ਤੁਹਾਡੀ ਸੋਚਣੀ, ਕਰਨੀ, ਅਤੇ ਬੋਲੀ ਉੱਤੇ ਅਸਰ ਪਾਉਂਦੇ ਹਨ? ਇਸ ਲਈ ਬਾਈਬਲ ਚੇਤਾਵਨੀ ਦਿੰਦੀ ਹੈ: “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” ਦੂਜੇ ਪਾਸੇ “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ।”​—ਰਸੂਲਾਂ ਦੇ ਕਰਤੱਬ 20:35; ਫ਼ਿਲਿੱਪੀਆਂ 4:5; ਰੋਮੀਆਂ 12:17, 18; ਉਪਦੇਸ਼ਕ ਦੀ ਪੋਥੀ 7:9; ਕਹਾਉਤਾਂ 13:20; 27:6, ਪਵਿੱਤਰ ਬਾਈਬਲ ਨਵਾਂ ਅਨੁਵਾਦ; 1 ਕੁਰਿੰਥੀਆਂ 15:33.

ਮਾਰਕੋ ਕਹਿੰਦਾ ਹੈ: “ਦੂਸਰਿਆਂ ਨਾਲ ਮੇਲ-ਜੋਲ ਰੱਖਣ ਲਈ ਬਾਈਬਲ ਦੇ ਅਸੂਲ ਕੰਮ ਆਉਂਦੇ ਹਨ। ਮੈਂ ਅਜਿਹੇ ਲੋਕ ਜਾਣਦਾ ਹਾਂ ਜੋ ਸਿਰਫ਼ ਆਪਣੀ ਮਰਜ਼ੀ ਕਰਦੇ ਹਨ ਅਤੇ ਆਪਣਾ ਹੀ ਫ਼ਾਇਦਾ ਦੇਖਦੇ ਹਨ। ਪਰ ਬਾਈਬਲ ਸਾਨੂੰ ਆਪਣੇ ਬਾਰੇ ਘੱਟ ਅਤੇ ਦੂਸਰਿਆਂ ਬਾਰੇ ਜ਼ਿਆਦਾ ਸੋਚਣ ਦੀ ਸਲਾਹ ਦਿੰਦੀ ਹੈ। ਮੇਰੇ ਖ਼ਿਆਲ ਵਿਚ ਇਹ ਦੂਸਰਿਆਂ ਨਾਲ ਮੇਲ-ਜੋਲ ਰੱਖਣ ਲਈ ਸਭ ਤੋਂ ਵਧੀਆ ਸਲਾਹ ਹੈ।” ਇਸ ਗੱਲ ਵਿਚ ਦੂਸਰੇ ਨੌਜਵਾਨ ਮਾਰਕੋ ਨਾਲ ਸਹਿਮਤ ਹਨ।

ਮਾਰਕੋ ਵਰਗੇ ਨੌਜਵਾਨ ਜੋ ਵੀ ਬਾਈਬਲ ਤੋਂ ਸਿੱਖਦੇ ਹਨ ਉਹ ਸਿਰਫ਼ ਜਵਾਨੀ ਵਿਚ ਹੀ ਨਹੀਂ ਸਗੋਂ ਅਗਾਹਾਂ ਦੀ ਉਮਰ ਵਿਚ ਵੀ ਉਨ੍ਹਾਂ ਦੀ ਮਦਦ ਕਰਦਾ ਹੈ। ਭਵਿੱਖ ਦੇ ਸੰਬੰਧ ਵਿਚ ਵੀ ਬਾਈਬਲ ਨੌਜਵਾਨਾਂ ਨੂੰ ਕਾਫ਼ੀ ਮਦਦ ਦੇ ਸਕਦੀ ਹੈ।

ਭਵਿੱਖ ਬਾਰੇ ਚਿੰਤਾ

ਕਈਆਂ ਨੌਜਵਾਨਾਂ ਦੇ ਮਨਾਂ ਵਿਚ ਬਹੁਤ ਸਵਾਲ ਹੁੰਦੇ ਹਨ। ਹੋਰ ਕਿਸੇ ਉਮਰ ਦੇ ਲੋਕਾਂ ਨਾਲੋਂ ਜ਼ਿਆਦਾ ਉਹ ਇਹ ਜਾਣਨਾ ਚਾਹੁੰਦੇ ਹਨ ਕਿ ਦੁਨੀਆਂ ਵਿਚ ਕੀ ਹੋ ਰਿਹਾ ਹੈ ਅਤੇ ਕਿਉਂ। ਇਸ ਦੇ ਸੰਬੰਧ ਵਿਚ ਬਾਈਬਲ ਸਮਝਾਉਂਦੀ ਹੈ ਕਿ ਦੁਨੀਆਂ ਦੀ ਹਾਲਤ ਬੁਰੀ ਕਿਉਂ ਹੈ ਅਤੇ ਦੱਸਦੀ ਹੈ ਕਿ ਅਗਾਹਾਂ ਨੂੰ ਕੀ ਹੋਵੇਗਾ। ਨੌਜਵਾਨ ਇਹ ਗੱਲਾਂ ਜਾਣਨਾ ਚਾਹੁੰਦੇ ਹਨ। ਸਾਨੂੰ ਕਿਸ ਤਰ੍ਹਾਂ ਪਤਾ ਹੈ?

ਭਾਵੇਂ ਇਹ ਮੰਨਿਆ ਜਾਂਦਾ ਹੈ ਕਿ ਨੌਜਵਾਨ ਸਿਰਫ਼ ਅੱਜ ਬਾਰੇ ਹੀ ਸੋਚਦੇ ਹਨ, ਕਈ ਰਿਪੋਰਟਾਂ ਕੁਝ ਹੋਰ ਹੀ ਦਿਖਾਉਂਦੀਆਂ ਹਨ। ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਨੌਜਵਾਨ ਬੜੇ ਧਿਆਨ ਨਾਲ ਦੇਖਦੇ ਹਨ ਕਿ ਉਨ੍ਹਾਂ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ, ਅਤੇ ਫਿਰ ਉਹ ਆਪਣੀ ਰਾਇ ਖ਼ੁਦ ਬਣਾ ਲੈਂਦੇ ਹਨ ਕਿ ਭਵਿੱਖ ਕਿਹੋ ਜਿਹਾ ਹੋਵੇਗਾ। ਇਸ ਦਾ ਸਬੂਤ ਇਸ ਤੋਂ ਮਿਲਦਾ ਹੈ ਕਿ ਚੌਹਾਂ ਵਿੱਚੋਂ ਤਿੰਨ ਨੌਜਵਾਨ ਅਗਾਹਾਂ ਬਾਰੇ “ਅਕਸਰ” ਜਾਂ “ਹਮੇਸ਼ਾ” ਸੋਚਦੇ ਰਹਿੰਦੇ ਹਨ। ਭਾਵੇਂ ਕਿ ਕਈ ਨੌਜਵਾਨ ਖ਼ਾਸ ਕਰਕੇ ਆਸ਼ਾ ਰੱਖਦੇ ਹਨ, ਬਹੁਤ ਸਾਰੇ ਭਵਿੱਖ ਬਾਰੇ ਚਿੰਤਾ ਕਰਦੇ ਹਨ।

ਉਨ੍ਹਾਂ ਨੂੰ ਚਿੰਤਾ ਕਿਉਂ ਹੈ? ਕਈਆਂ ਨੌਜਵਾਨਾਂ ਨੂੰ ਜੁਰਮ, ਹਿੰਸਾ, ਅਤੇ ਡ੍ਰੱਗਜ਼ ਕਰਕੇ ਮੁਸ਼ਕਲਾਂ ਆਉਂਦੀਆਂ ਹਨ। ਨੌਜਵਾਨ ਚਿੰਤਾ ਕਰਦੇ ਹਨ ਕਿ ਉਨ੍ਹਾਂ ਨੂੰ ਪੱਕੀ ਨੌਕਰੀ ਮਿਲੇਗੀ ਜਾਂ ਨਹੀਂ। ਸਕੂਲ ਵਿਚ ਚੰਗੇ ਨੰਬਰ ਜਾਂ ਕੰਮ ਤੇ ਸਫ਼ਲਤਾ ਹਾਸਲ ਕਰਨ ਲਈ ਉਨ੍ਹਾਂ ਉੱਤੇ ਬਹੁਤ ਦਬਾਅ ਪਾਇਆ ਜਾਂਦਾ ਹੈ। ਇਕ 17 ਸਾਲਾਂ ਦੀ ਕੁੜੀ ਨੇ ਕਿਹਾ: “ਅਸੀਂ ਇਕ ਜ਼ਾਲਮ ਅਤੇ ਮਤਲਬੀ ਦੁਨੀਆਂ ਵਿਚ ਜੀ ਰਹੇ ਹਾਂ। ਹਰੇਕ ਜਣਾ ਆਪਣੀ ਮਰਜ਼ੀ ਕਰਨੀ ਚਾਹੁੰਦਾ ਹੈ। ਤੁਹਾਨੂੰ ਹਮੇਸ਼ਾ ਦਿਖਾਉਣਾ ਪੈਂਦਾ ਹੈ ਕਿ ਤੁਸੀਂ ਕੀ ਕਰ ਸਕਦੇ ਹੋ ਅਤੇ ਇਸ ਕਰਕੇ ਮੈਨੂੰ ਬੜੀ ਪਰੇਸ਼ਾਨੀ ਹੁੰਦੀ ਹੈ।” ਬਾਈਆਂ ਸਾਲਾਂ ਦੇ ਇਕ ਹੋਰ ਨੌਜਵਾਨ ਨੇ ਕਿਹਾ: “ਜਿਹੜੇ ਲੋਕ ਕਾਮਯਾਬ ਹੁੰਦੇ ਹਨ ਉਹ ਜ਼ਿੰਦਗੀ ਦਾ ਮਜ਼ਾ ਲੈਂਦੇ ਹਨ। ਜਿਨ੍ਹਾਂ ਲੋਕਾਂ ਨੂੰ ਕਾਮਯਾਬੀ ਨਹੀਂ ਮਿਲਦੀ ਉਹ ਪਿੱਛੇ ਰਹਿ ਜਾਂਦੇ ਹਨ।” ਜ਼ਿੰਦਗੀ ਵਿਚ ਇੰਨਾ ਮੁਕਾਬਲਾ ਕਿਉਂ ਹੁੰਦਾ ਹੈ? ਕੀ ਜ਼ਿੰਦਗੀ ਹਮੇਸ਼ਾ ਇਸ ਤਰ੍ਹਾਂ ਰਹੇਗੀ?

ਸਹੀ ਅਤੇ ਚੰਗਾ ਜਵਾਬ

ਜਦੋਂ ਨੌਜਵਾਨ ਦੁਨੀਆਂ ਵੱਲ ਦੇਖ ਕੇ ਪਰੇਸ਼ਾਨ ਹੁੰਦੇ ਹਨ ਤਾਂ ਉਹ ਸ਼ਾਇਦ ਜਾਣਦੇ ਨਾ ਹੋਣ ਕਿ ਇਸ ਤਰ੍ਹਾਂ ਕਰਨ ਨਾਲ ਉਹ ਬਾਈਬਲ ਦੇ ਨਾਲ ਸਹਿਮਤ ਹੋ ਰਹੇ ਹਨ। ਪਰਮੇਸ਼ੁਰ ਦਾ ਬਚਨ ਦਿਖਾਉਂਦਾ ਹੈ ਕਿ ਅੱਜ ਦੀ “ਜ਼ਾਲਮ ਅਤੇ ਮਤਲਬੀ ਦੁਨੀਆਂ” ਸਾਡੇ ਜ਼ਮਾਨੇ ਦੀ ਇਕ ਨਿਸ਼ਾਨੀ ਹੈ। ਪੌਲੁਸ ਰਸੂਲ ਨੇ ਸਾਡੇ ਜ਼ਮਾਨੇ ਬਾਰੇ ਤਿਮੋਥਿਉਸ ਨਾਂ ਦੇ ਇਕ ਨੌਜਵਾਨ ਨੂੰ ਚਿੱਠੀ ਲਿਖੀ ਸੀ: “ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ।” ਕਿਉਂ? ਪੌਲੁਸ ਨੇ ਅੱਗੇ ਲਿਖਿਆ ਲੋਕ ‘ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਨਾਸ਼ੁਕਰੇ, ਅਪਵਿੱਤਰ, ਅਤੇ ਕਰੜੇ’ ਹੋਣਗੇ। ਕੀ ਇਹ ਅੱਜ ਦੇ ਲੋਕਾਂ ਬਾਰੇ ਸਹੀ ਬਿਆਨ ਨਹੀਂ ਹੈ?​—2 ਤਿਮੋਥਿਉਸ 3:1-3.

ਬਾਈਬਲ ਕਹਿੰਦੀ ਹੈ ਕਿ ਇਹ ਭੈੜੇ ਸਮੇਂ “ਅੰਤ ਦਿਆਂ ਦਿਨਾਂ ਵਿੱਚ” ਹੋਣਗੇ ਜਿਸ ਤੋਂ ਬਾਅਦ ਸਾਰੀ ਦੁਨੀਆਂ ਵਿਚ ਤਬਦੀਲੀ ਲਿਆਈ ਜਾਵੇਗੀ। ਇਹ ਤਬਦੀਲੀ ਸਾਰਿਆਂ ਲੋਕਾਂ ਉੱਤੇ ਅਸਰ ਪਾਵੇਗੀ ਚਾਹੇ ਉਹ ਜਵਾਨ ਹੋਣ ਜਾਂ ਸਿਆਣੇ। ਇਹ ਕਿਹੋ ਜਿਹੀ ਤਬਦੀਲੀ ਹੋਵੇਗੀ? ਇਕ ਸਵਰਗੀ ਸਰਕਾਰ ਇਨਸਾਨਾਂ ਉੱਤੇ ਰਾਜ ਕਰੇਗੀ ਅਤੇ ਹਰ ਜਗ੍ਹਾ ਸਾਰੇ ਲੋਕ ‘ਬਹੁਤਾ ਸੁਖ’ ਪਾਉਣਗੇ। “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” ਫਿਰ ਪਰੇਸ਼ਾਨੀ ਅਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ।​—ਜ਼ਬੂਰ 37:11, 29.

ਸਿਰਫ਼ ਬਾਈਬਲ ਭਵਿੱਖ ਬਾਰੇ ਅਜਿਹੀ ਸਹੀ ਜਾਣਕਾਰੀ ਦਿੰਦੀ ਹੈ। ਜਦੋਂ ਇਕ ਨੌਜਵਾਨ ਜਾਣਦਾ ਹੈ ਕਿ ਅਗਲੇ ਕੁਝ ਸਾਲਾਂ ਵਿਚ ਕੀ ਕੁਝ ਹੋਵੇਗਾ ਤਾਂ ਉਹ ਤਿਆਰੀ ਕਰ ਸਕਦਾ ਹੈ ਅਤੇ ਉਹ ਆਪਣੀ ਜ਼ਿੰਦਗੀ ਬਾਰੇ ਪਰੇਸ਼ਾਨ ਨਹੀਂ ਹੁੰਦਾ। ਨਤੀਜੇ ਵਜੋਂ ਉਸ ਦੀ ਪਰੇਸ਼ਾਨੀ ਘੱਟਦੀ ਹੈ ਅਤੇ ਉਸ ਨੂੰ ਚਿੰਤਾ ਨਹੀਂ ਹੁੰਦੀ। ਇਸ ਤਰ੍ਹਾਂ ਬਾਈਬਲ ਨੌਜਵਾਨਾਂ ਦੀ ਖ਼ਾਸ ਲੋੜ ਪੂਰੀ ਕਰਦੀ ਹੈ ਤਾਂਕਿ ਉਹ ਦੁਨੀਆਂ ਦੀ ਹਾਲਤ ਨੂੰ ਸਮਝ ਸਕਣ ਅਤੇ ਇਹ ਜਾਣ ਸਕਣ ਕਿ ਅਗਾਹਾਂ ਨੂੰ ਕੀ ਹੋਵੇਗਾ।

ਜਵਾਨੀ ਵਿਚ ਸਫ਼ਲਤਾ

ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਅਸੀਂ ਜਵਾਨੀ ਵਿਚ ਸਫ਼ਲ ਹੋਏ ਹਾਂ ਕਿ ਨਹੀਂ? ਕਈ ਲੋਕ ਸੋਚਦੇ ਹਨ ਕਿ ਬਹੁਤੀ ਪੜ੍ਹਾਈ, ਧਨ-ਦੌਲਤ, ਅਤੇ ਬਹੁਤ ਸਾਰੇ ਦੋਸਤ-ਮਿੱਤਰ ਕਾਮਯਾਬੀ ਦਾ ਸਬੂਤ ਹਨ। ਜਵਾਨੀ ਦੀ ਚੰਗੀ ਸ਼ੁਰੂਆਤ ਬਾਕੀ ਦੀ ਜ਼ਿੰਦਗੀ ਲਈ ਇਕ ਬੁਨਿਆਦ ਹੋਣੀ ਚਾਹੀਦੀ ਹੈ। ਜਵਾਨੀ ਵਿਚ ਸਫ਼ਲਤਾ ਸ਼ਾਇਦ ਇਹ ਦਿਖਾਵੇ ਕਿ ਤੁਹਾਡਾ ਭਵਿੱਖ ਕਿਹੋ ਜਿਹਾ ਹੋਵੇਗਾ।

ਜਿਵੇਂ ਅਸੀਂ ਦੇਖ ਚੁੱਕੇ ਹਾਂ, ਬਾਈਬਲ ਨੌਜਵਾਨਾਂ ਦੀ ਮਦਦ ਕਰ ਸਕਦੀ ਹੈ ਕਿ ਉਹ ਆਪਣੀ ਜਵਾਨੀ ਨੂੰ ਸਫ਼ਲ ਬਣਾਉਣ। ਕਈ ਨੌਜਵਾਨ ਆਪਣੀ ਜ਼ਿੰਦਗੀ ਵਿਚ ਇਸ ਗੱਲ ਦੀ ਸੱਚਾਈ ਦੇਖ ਚੁੱਕੇ ਹਨ। ਉਹ ਪਰਮੇਸ਼ੁਰ ਦੇ ਬਚਨ ਨੂੰ ਰੋਜ਼ ਪੜ੍ਹਦੇ ਹਨ ਅਤੇ ਉਸ ਉੱਤੇ ਅਮਲ ਕਰਦੇ ਹਨ। (ਸਫ਼ੇ 6 ਉੱਤੇ “ਯਹੋਵਾਹ ਦੇ ਇਕ ਨੌਜਵਾਨ ਸੇਵਕ ਦੀ ਸਲਾਹ,” ਨਾਂ ਦੀ ਡੱਬੀ ਦੇਖੋ।) ਜੀ ਹਾਂ, ਬਾਈਬਲ ਅੱਜ-ਕੱਲ੍ਹ ਦੇ ਨੌਜਵਾਨਾਂ ਲਈ ਇਕ ਜ਼ਰੂਰੀ ਪੁਸਤਕ ਹੈ ਕਿਉਂਕਿ ਇਹ ਉਨ੍ਹਾਂ ਨੂੰ “ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ” ਕਰ ਸਕਦੀ ਹੈ।​—2 ਤਿਮੋਥਿਉਸ 3:16, 17.

[ਸਫ਼ੇ 5 ਉੱਤੇ ਸੁਰਖੀ]

ਜਵਾਨੀ ਨੂੰ ਸਫ਼ਲ ਬਣਾਉਣ ਲਈ ਦੂਸਰਿਆਂ ਨਾਲ ਚੰਗਾ ਮੇਲ-ਜੋਲ ਰੱਖਣਾ ਇਕ ਜ਼ਰੂਰੀ ਗੱਲ ਹੈ

[ਸਫ਼ੇ 6 ਉੱਤੇ ਸੁਰਖੀ]

ਹੋਰ ਕਿਸੇ ਉਮਰ ਦੇ ਲੋਕਾਂ ਨਾਲੋਂ ਜ਼ਿਆਦਾ ਨੌਜਵਾਨ ਜਾਣਨਾ ਚਾਹੁੰਦੇ ਹਨ ਕਿ ਦੁਨੀਆਂ ਵਿਚ ਕੀ ਹੋ ਰਿਹਾ ਹੈ ਅਤੇ ਕਿਉਂ

[ਸਫ਼ੇ 6, 7 ਉੱਤੇ ਡੱਬੀ]

ਯਹੋਵਾਹ ਦੇ ਇਕ ਨੌਜਵਾਨ ਸੇਵਕ ਦੀ ਸਲਾਹ

ਐਲੇਗਜ਼ੈਂਡਰ 19 ਸਾਲਾਂ ਦਾ ਹੈ। ਉਸ ਦੇ ਪਰਿਵਾਰ ਦੇ ਜੀਅ ਯਹੋਵਾਹ ਦੇ ਗਵਾਹ ਹਨ, ਅਤੇ ਉਹ ਆਪਣੇ ਪੂਰੇ ਦਿਲ ਨਾਲ ਆਪਣੇ ਧਰਮ ਵਿਚ ਹਿੱਸਾ ਲੈਣਾ ਪਸੰਦ ਕਰਦਾ ਹੈ। ਪਰ ਉਹ ਹਮੇਸ਼ਾ ਇਸ ਤਰ੍ਹਾਂ ਨਹੀਂ ਸੀ। ਐਲੇਗਜ਼ੈਂਡਰ ਦੱਸਦਾ ਹੈ:

“ਤੁਸੀਂ ਇਹ ਸੁਣ ਕੇ ਸ਼ਾਇਦ ਹੈਰਾਨ ਹੋਵੋਗੇ ਕਿ ਮੈਂ ਕੁਝ 7 ਸਾਲਾਂ ਲਈ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਰੱਖੀ ਸੀ ਪਰ ਬਪਤਿਸਮਾ ਨਹੀਂ ਲਿਆ। ਉਸ ਸਮੇਂ ਮੇਰੀ ਭਗਤੀ ਦਿਲੋਂ ਨਹੀਂ ਕੀਤੀ ਜਾਂਦੀ ਸੀ ਪਰ ਸਿਰਫ਼ ਇਕ ਰੁਟੀਨ ਜਿਹੀ ਸੀ। ਮੈਂ ਆਪਣੇ ਦਿਲ ਦੀ ਜਾਂਚ ਕਦੀ ਵੀ ਨਹੀਂ ਕੀਤੀ ਸੀ।”

ਫਿਰ ਐਲੇਗਜ਼ੈਂਡਰ ਦਾ ਰਵੱਈਆ ਬਦਲ ਗਿਆ। ਉਹ ਅੱਗੇ ਕਹਿੰਦਾ ਹੈ:

“ਮੇਰੇ ਮਾਪਿਆਂ ਨੇ ਅਤੇ ਕਲੀਸਿਯਾ ਵਿਚ ਮੇਰੇ ਦੋਸਤਾਂ ਨੇ ਮੈਨੂੰ ਹਰ ਰੋਜ਼ ਬਾਈਬਲ ਪੜ੍ਹਨ ਦੀ ਰਾਇ ਦਿੱਤੀ ਤਾਂਕਿ ਮੈਂ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣ ਸਕਾਂ। ਅਖ਼ੀਰ ਵਿਚ ਮੈਂ ਉਨ੍ਹਾਂ ਦੀ ਰਾਇ ਉੱਤੇ ਚੱਲਣ ਦਾ ਫ਼ੈਸਲਾ ਕੀਤਾ। ਮੈਂ ਟੈਲੀਵਿਯਨ ਘੱਟ ਦੇਖਣ ਲੱਗ ਪਿਆ ਅਤੇ ਹਰ ਸਵੇਰ ਨੂੰ ਬਾਈਬਲ ਪੜ੍ਹਨ ਲੱਗ ਪਿਆ। ਸਹਿਜੇ-ਸਹਿਜੇ ਮੈਨੂੰ ਬਾਈਬਲ ਦੀ ਸਮਝ ਆਉਣ ਲੱਗੀ। ਮੈਨੂੰ ਪਤਾ ਲੱਗਾ ਕਿ ਇਹ ਮੇਰੀ ਮਦਦ ਕਰ ਸਕਦੀ ਹੈ। ਸਭ ਤੋਂ ਵੱਧ ਮੈਨੂੰ ਪਤਾ ਲੱਗਾ ਕਿ ਯਹੋਵਾਹ ਚਾਹੁੰਦਾ ਹੈ ਕਿ ਮੈਂ ਉਸ ਨੂੰ ਜਾਣ ਲਵਾਂ। ਜਦੋਂ ਇਹ ਗੱਲ ਮੇਰੇ ਪੱਲੇ ਪਈ ਤਾਂ ਮੈਂ ਯਹੋਵਾਹ ਦੇ ਨਜ਼ਦੀਕ ਮਹਿਸੂਸ ਕਰਨ ਲੱਗ ਪਿਆ, ਅਤੇ ਕਲੀਸਿਯਾ ਵਿਚ ਭੈਣਾਂ-ਭਰਾਵਾਂ ਨਾਲ ਮੇਰੀ ਦੋਸਤੀ ਹੋਰ ਵੀ ਪੱਕੀ ਹੋਈ। ਬਾਈਬਲ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ! ਮੈਂ ਇਹੋ ਸਲਾਹ ਦਿਆਂਗਾ ਕਿ ਯਹੋਵਾਹ ਦੇ ਹਰ ਨੌਜਵਾਨ ਸੇਵਕ ਨੂੰ ਰੋਜ਼ ਬਾਈਬਲ ਪੜ੍ਹਨੀ ਚਾਹੀਦੀ ਹੈ।”

ਸਾਰੀ ਦੁਨੀਆਂ ਵਿਚ ਅਜਿਹੇ ਨੌਜਵਾਨ ਹਨ ਜੋ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਰੱਖਦੇ ਹਨ। ਕੀ ਤੁਸੀਂ ਉਨ੍ਹਾਂ ਵਿੱਚੋਂ ਇਕ ਹੋ? ਕੀ ਤੁਸੀਂ ਲਗਾਤਾਰ ਬਾਈਬਲ ਪੜ੍ਹਨ ਤੋਂ ਲਾਭ ਉਠਾਉਣਾ ਚਾਹੁੰਦੇ ਹੋ? ਕਿਉਂ ਨਾ ਐਲੇਗਜ਼ੈਂਡਰ ਦੀ ਰੀਸ ਕਰੋ? ਹੋਰ ਕੰਮਾਂ ਵਿੱਚੋਂ ਸਮਾਂ ਕੱਢ ਕੇ ਹਰ ਰੋਜ਼ ਬਾਈਬਲ ਪੜ੍ਹਨ ਦੀ ਆਦਤ ਪਾਓ। ਤੁਹਾਨੂੰ ਜ਼ਰੂਰ ਫ਼ਾਇਦਾ ਹੋਵੇਗਾ।