Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਅੱਯੂਬ ਨੇ ਕਿੰਨੇ ਚਿਰ ਲਈ ਦੁੱਖ ਭੋਗਿਆ ਸੀ?

ਕਈ ਲੋਕ ਸੋਚਦੇ ਹਨ ਕਿ ਅੱਯੂਬ ਨੇ ਬਹੁਤ ਸਾਲਾਂ ਲਈ ਦੁੱਖ ਭੋਗਿਆ ਸੀ, ਪਰ ਅੱਯੂਬ ਦੀ ਪੋਥੀ ਤੋਂ ਪਤਾ ਚੱਲਦਾ ਹੈ ਕਿ ਇਹ ਸੱਚ ਨਹੀਂ ਹੈ।

ਇੱਦਾਂ ਲੱਗਦਾ ਹੈ ਕਿ ਅੱਯੂਬ ਦੀ ਪਹਿਲੀ ਬਿਪਤਾ ਬਹੁਤ ਥੋੜ੍ਹੇ ਸਮੇਂ ਦੀ ਸੀ ਜਿਸ ਵਿਚ ਉਸ ਦੇ ਘਰ ਦੇ ਜੀਅ ਅਤੇ ਜਾਇਦਾਦ ਨਸ਼ਟ ਹੋ ਗਏ ਸਨ। ਦੱਸਿਆ ਜਾਂਦਾ ਹੈ ਕਿ “ਐਉਂ ਹੋਇਆ ਕਿ ਇੱਕ ਦਿਨ [ਅੱਯੂਬ] ਦੇ ਪੁੱਤ੍ਰ ਅਰ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈ ਪੀਂਦੇ ਸਨ।” (ਟੇਢੇ ਟਾਈਪ ਸਾਡੇ।) ਅੱਯੂਬ ਨੂੰ ਇਕ ਬੁਰੇ ਸੁਨੇਹੇ ਤੋਂ ਬਾਅਦ ਦੂਜਾ ਬੁਰਾ ਸੁਨੇਹਾ ਆਇਆ ਕਿ ਉਸ ਦੇ ਬਲਦ, ਉਸ ਦੀਆਂ ਭੇਡਾਂ, ਗਧੀਆਂ, ਊਠ, ਅਤੇ ਇਨ੍ਹਾਂ ਪਸ਼ੂਆਂ ਦੀ ਦੇਖ-ਭਾਲ ਕਰਨ ਵਾਲੇ ਨੌਕਰ-ਚਾਕਰ, ਸਭ ਮਰ ਗਏ ਸਨ! ਇੱਦਾਂ ਲੱਗਦਾ ਹੈ ਕਿ ਇਸ ਸੁਨੇਹੇ ਤੋਂ ਇਕਦਮ ਬਾਅਦ ਅੱਯੂਬ ਨੂੰ ਆਪਣੇ ਧੀਆਂ-ਪੁੱਤਾਂ ਦੀ ਮੌਤ ਬਾਰੇ ਪਤਾ ਚੱਲਿਆ ਜੋ “ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈ ਪੀਂਦੇ ਸਨ।” ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਭ ਕੁਝ ਇੱਕੋ ਦਿਨੀਂ ਹੋਇਆ।​—ਅੱਯੂਬ 1:13-19.

ਅੱਯੂਬ ਦੀ ਅਗਲੀ ਬਿਪਤਾ ਜ਼ਿਆਦਾ ਸਮੇਂ ਦੀ ਲੱਗਦੀ ਹੈ। ਸ਼ਤਾਨ ਯਹੋਵਾਹ ਦੇ ਸਾਮ੍ਹਣੇ ਗਿਆ ਅਤੇ ਉਸ ਨੇ ਇਹ ਦਾਅਵਾ ਕੀਤਾ ਕਿ ਜੇ ਅੱਯੂਬ ਨੂੰ ਖ਼ੁਦ ਕੋਈ ਸਰੀਰਕ ਦੁੱਖ ਝੱਲਣਾ ਪੈਂਦਾ ਤਾਂ ਉਹ ਯਹੋਵਾਹ ਨੂੰ ਜ਼ਰੂਰ ਫਿਟਕਾਰਦਾ। ਫਿਰ ਅੱਯੂਬ ਦੇ ‘ਪੈਰ ਦੀ ਤਲੀ ਤੋਂ ਲੈ ਕੇ ਉਸ ਦੇ ਸਿਰ ਦੀ ਖੋਪਰੀ ਤਕ ਬੁਰੇ ਫੋੜੇ’ ਨਿਕਲੇ। ਇਹ ਬੀਮਾਰੀ ਉਸ ਦੇ ਸਾਰੇ ਸਰੀਰ ਉੱਤੇ ਫੈਲਣ ਲਈ ਸ਼ਾਇਦ ਕੁਝ ਸਮਾਂ ਲੱਗਿਆ ਹੋਵੇ। ਹੋ ਸਕਦਾ ਹੈ ਕਿ “ਇਹ ਸਾਰੀ ਬਿਪਤਾ” ਦੀ ਖ਼ਬਰ ਉਸ ਦੇ ਝੂਠੇ ਮਿੱਤਰਾਂ ਤਕ ਪਹੁੰਚਣ ਲਈ ਵੀ ਸਮਾਂ ਲੱਗਾ ਹੋਵੇ, ਜੋ ਇਸ ਘਟਨਾ ਤੋਂ ਬਾਅਦ ਉਸ ਕੋਲ ਆਏ ਸਨ।​—ਅੱਯੂਬ 2:3-11.

ਅੱਯੂਬ ਦਾ ਇਕ ਮਿੱਤਰ, ਅਲੀਫ਼ਜ਼, ਅਦੋਮ ਦੇਸ਼ ਵਿਚ ਤੇਮਾਨ ਦੇ ਇਲਾਕੇ ਤੋਂ ਸੀ। ਦੂਜਾ ਮਿੱਤਰ ਸੋਫ਼ਰ, ਉੱਤਰ-ਪੱਛਮੀ ਅਰਬ ਦੇ ਇਕ ਇਲਾਕੇ ਤੋਂ ਸੀ। ਤਾਂ ਫਿਰ ਇਨ੍ਹਾਂ ਦੋਹਾਂ ਦੇ ਪਿੰਡ ਅੱਯੂਬ ਦੇ ਘਰ ਊਸ (Uz) ਨਾਂ ਦੇ ਇਲਾਕੇ ਤੋਂ ਬਹੁਤ ਦੂਰ ਨਹੀਂ ਸਨ, ਜੋ ਸ਼ਾਇਦ ਉੱਤਰੀ ਅਰਬ ਵਿਚ ਸੀ। ਪਰ ਤੀਜਾ ਮਿੱਤਰ ਬਿਲਦਦ ਇਕ ਸ਼ੂਹੀ ਸੀ। ਸ਼ੂਹੀ ਲੋਕ ਸ਼ਾਇਦ ਫਰਾਤ ਦਰਿਆ ਦੇ ਇਲਾਕੇ ਵਿਚ ਰਹਿੰਦੇ ਸਨ। ਜੇ ਉਸ ਸਮੇਂ ਬਿਲਦਦ ਆਪਣੇ ਪਿੰਡ ਹੀ ਸੀ, ਤਾਂ ਉਸ ਨੂੰ ਅੱਯੂਬ ਦੀ ਹਾਲਤ ਬਾਰੇ ਸੁਣ ਕੇ ਊਸ (Uz) ਨਾਂ ਦੇ ਇਲਾਕੇ ਜਾਣ ਲਈ ਸ਼ਾਇਦ ਕਈ ਹਫ਼ਤੇ ਜਾਂ ਮਹੀਨੇ ਲੱਗੇ ਹੋਣ। ਪਰ ਫਿਰ ਇਹ ਵੀ ਸੰਭਵ ਹੈ ਕਿ ਜਦੋਂ ਅੱਯੂਬ ਉੱਤੇ ਬਿਪਤਾ ਆਈ ਸੀ ਤਾਂ ਇਹ ਤਿਨੋਂ ਉਸੇ ਇਲਾਕੇ ਵਿਚ ਹੀ ਸਨ। ਜੋ ਵੀ ਸੀ, ਜਦੋਂ ਅੱਯੂਬ ਦੇ ਤਿੰਨ ਮਿੱਤਰ ਆਏ ਤਾਂ ਉਹ “ਸੱਤ ਦਿਨ ਅਤੇ ਸੱਤ ਰਾਤਾਂ ਧਰਤੀ ਉੱਤੇ ਉਹ ਦੇ ਨਾਲ ਬੈਠੇ ਰਹੇ,” ਅਤੇ ਕਿਸੇ ਨੇ ਉਹ ਦੇ ਨਾਲ ਗੱਲ ਨਾ ਕੀਤੀ।​—ਅੱਯੂਬ 2:12, 13.

ਫਿਰ ਅੱਯੂਬ ਉੱਤੇ ਉਸ ਦੀ ਅਖ਼ੀਰਲੀ ਬਿਪਤਾ ਆਈ। ਅੱਯੂਬ ਦੀ ਪੋਥੀ ਦੇ ਕਈਆਂ ਅਧਿਆਵਾਂ ਵਿਚ ਇਸ ਬਾਰੇ ਦੱਸਿਆ ਗਿਆ ਹੈ। ਇਹ ਉਸ ਦੇ ਕਹਿੰਦੇ-ਕਹਾਉਂਦੇ ਮਿੱਤਰਾਂ ਦੇ ਭਾਸ਼ਣਾਂ ਦਾ ਰਿਕਾਰਡ ਹੀ ਨਹੀਂ ਹੈ, ਪਰ ਉੱਥੇ ਇਹ ਵੀ ਦੱਸਿਆ ਗਿਆ ਹੈ ਕਿ ਅੱਯੂਬ ਨੇ ਉਨ੍ਹਾਂ ਨੂੰ ਜਵਾਬ ਵਿਚ ਕੀ ਕਿਹਾ। ਇਨ੍ਹਾਂ ਗੱਲਾਂ ਤੋਂ ਬਾਅਦ ਪਹਿਲਾਂ ਨੌਜਵਾਨ ਅਲੀਹੂ ਨੇ, ਫਿਰ ਸਵਰਗ ਤੋਂ ਯਹੋਵਾਹ ਨੇ ਅੱਯੂਬ ਨੂੰ ਤਾੜਿਆ।—ਅੱਯੂਬ 32:1-6; 38:1; 40:1-6; 42:1.

ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ, ਹੋ ਸਕਦਾ ਹੈ ਕਿ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਅੱਯੂਬ ਦੀ ਬਿਪਤਾ ਸ਼ਾਇਦ ਕੁਝ ਮਹੀਨਿਆਂ ਜਾਂ ਸ਼ਾਇਦ ਇਕ ਸਾਲ ਤੋਂ ਘੱਟ ਸਮੇਂ ਲਈ ਸੀ। ਤੁਸੀਂ ਸ਼ਾਇਦ ਆਪਣੇ ਤਜਰਬੇ ਤੋਂ ਜਾਣਦੇ ਹੋਵੋਗੇ ਕਿ ਬਿਪਤਾਵਾਂ ਦਾ ਸਮਾਂ ਬਹੁਤ ਲੰਬਾ ਲੱਗਦਾ ਹੁੰਦਾ ਹੈ। ਪਰ, ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅੱਯੂਬ ਦੀਆਂ ਬਿਪਤਾਵਾਂ ਦੇ ਵਾਂਗ ਸਾਡੀਆਂ ਬਿਪਤਾਵਾਂ ਵੀ ਇਕ ਦਿਨ ਖ਼ਤਮ ਹੋ ਜਾਣਗੀਆਂ। ਜਿੰਨਾ ਚਿਰ ਮਰਜ਼ੀ ਸਾਡੀਆਂ ਮੁਸ਼ਕਲਾਂ ਜਾਰੀ ਰਹਿਣ, ਸਾਨੂੰ ਪਰਮੇਸ਼ੁਰ ਦਾ ਆਸਰਾ ਭੁੱਲਣਾ ਨਹੀਂ ਚਾਹੀਦਾ। ਉਸ ਦਾ ਪ੍ਰੇਰਿਤ ਬਚਨ ਕਹਿੰਦਾ ਹੈ “ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ ਜਿਹੜਾ ਛਿੰਨ ਭਰ ਦਾ ਹੀ ਹੈ ਭਾਰੀ ਸਗੋਂ ਅੱਤ ਭਾਰੀ ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ।” (2 ਕੁਰਿੰਥੀਆਂ 4:17) ਪਤਰਸ ਰਸੂਲ ਨੇ ਕਿਹਾ ਸੀ ਕਿ “ਪਰਮ ਕਿਰਪਾਲੂ ਪਰਮੇਸ਼ੁਰ ਜਿਹ ਨੇ ਤੁਹਾਨੂੰ ਆਪਣੇ ਸਦੀਪਕ ਤੇਜ ਦੇ ਲਈ ਮਸੀਹ ਵਿੱਚ ਸੱਦਿਆ ਜਦ ਤੁਸਾਂ ਥੋੜਾ ਚਿਰ ਦੁਖ ਭੋਗ ਲਿਆ ਤਾਂ ਆਪੇ ਤੁਹਾਨੂੰ ਕਾਮਿਲ, ਕਾਇਮ ਅਤੇ ਤਕੜਿਆਂ ਕਰੇਗਾ।”​—1 ਪਤਰਸ 5:10.