Skip to content

Skip to table of contents

ਪ੍ਰਕਾਸ਼ਮਾਨ ਨਗਰ ਵਿਚ ਜੋਤਾਂ ਵਾਂਗ ਚਮਕਣਾ

ਪ੍ਰਕਾਸ਼ਮਾਨ ਨਗਰ ਵਿਚ ਜੋਤਾਂ ਵਾਂਗ ਚਮਕਣਾ

ਪ੍ਰਕਾਸ਼ਮਾਨ ਨਗਰ ਵਿਚ ਜੋਤਾਂ ਵਾਂਗ ਚਮਕਣਾ

ਪੈਰਿਸ ਸ਼ਹਿਰ ਦਾ ਨਾਅਰਾ ਹੈ: “ਫਲੁਕਟੁਆਟ ਨੇਕ ਮੇਰਗੀਟੁਰ,” ਯਾਨੀ “ਭਾਵੇਂ ਸਾਗਰ ਦੀਆਂ ਲਹਿਰਾਂ ਉਸ ਨਾਲ ਟਕਰਾਉਂਦੀਆਂ ਹਨ, ਉਹ ਡੁੱਬਦਾ ਨਹੀਂ।”

ਪਿਛਲਿਆਂ 2,000 ਸਾਲਾਂ ਤੋਂ ਪੈਰਿਸ ਇਕ ਸਮੁੰਦਰੀ ਜਹਾਜ਼ ਵਾਂਗ ਕਈ ਵਿਦੇਸ਼ੀ ਤੂਫ਼ਾਨਾਂ ਅਤੇ ਸੁਦੇਸ਼ੀ ਬਗਾਵਤਾਂ ਸਹਿਣ ਦੇ ਬਾਵਜੂਦ ਵੀ ਸਥਿਰ ਰਿਹਾ ਹੈ। ਇਹ ਸ਼ਹਿਰ ਦੁਨੀਆਂ ਦੇ ਖੂਬਸੂਰਤ ਸ਼ਹਿਰਾਂ ਵਿਚ ਗਿਣਿਆ ਜਾਂਦਾ ਹੈ ਕਿਉਂਕਿ ਇਸ ਵਿਚ ਸ਼ਾਨਦਾਰ ਇਮਾਰਤਾਂ ਹਨ, ਚੌੜੀਆਂ ਸੜਕਾਂ, ਜਿਨ੍ਹਾਂ ਦੇ ਦੋਵੇਂ ਪਾਸੀਂ ਦਰਖ਼ਤ ਲੱਗੇ ਹੋਏ ਹਨ, ਅਤੇ ਇਸ ਦੇ ਮਿਊਜ਼ੀਅਮ ਦੂਰ ਦੂਰ ਤਕ ਮਸ਼ਹੂਰ ਹਨ। ਕੁਝ ਲੋਕ ਇਸ ਨੂੰ ਕਵੀਆਂ, ਕਲਾਕਾਰਾਂ, ਅਤੇ ਫ਼ਿਲਾਸਫ਼ਰਾਂ ਦਾ ਟਿਕਾਣਾ ਸਮਝਦੇ ਹਨ। ਦੂਸਰੇ ਇਸ ਦੇ ਖਾਣਿਆਂ ਦਾ ਮਜ਼ਾ ਲੈਂਦੇ ਹਨ ਅਤੇ ਇਸ ਦੇ ਨਵੇਂ-ਨਵੇਂ ਫ਼ੈਸ਼ਨਾਂ ਨੂੰ ਪਸੰਦ ਕਰਦੇ ਹਨ।

ਇਤਿਹਾਸਕ ਦ੍ਰਿਸ਼ਟੀ ਤੋਂ ਦੇਖਿਆ ਜਾਏ ਤਾਂ ਪੈਰਿਸ ਕੈਥੋਲਿਕ ਮਤ ਦਾ ਗੜ੍ਹ ਰਿਹਾ ਹੈ। ਇਸ ਸ਼ਹਿਰ ਨੂੰ ਪ੍ਰਕਾਸ਼ਮਾਨ ਨਗਰ ਵੀ ਸੱਦਿਆ ਜਾਂਦਾ ਹੈ ਕਿਉਂਕਿ ਅੱਜ ਤੋਂ 200 ਸਾਲ ਪਹਿਲਾਂ ਇਸ ਨੇ ਇਨਲਾਇਟੰਮੰਟ ਨਾਮਕ ਯੂਰਪ ਦੇ ਗਿਆਨ ਅੰਦੋਲਨ ਵਿਚ ਵੱਡਾ ਹਿੱਸਾ ਲਿਆ ਸੀ। ਅੱਜ-ਕੱਲ੍ਹ ਪੈਰਿਸ ਦੇ ਵਾਸੀਆਂ ਉੱਤੇ ਧਰਮ ਦੀ ਬਜਾਇ ਇਸ ਸਮੇਂ ਦੀ ਫ਼ਿਲਾਸਫ਼ੀ ਦਾ ਜ਼ਿਆਦਾ ਪ੍ਰਭਾਵ ਹੈ, ਚਾਹੇ ਉਨ੍ਹਾਂ ਨੂੰ ਇਸ ਦਾ ਇਹਸਾਸ ਹੈ ਜਾਂ ਨਹੀਂ।

ਪਰ ਇਨਸਾਨੀ ਬੁੱਧ ਨੇ ਲੋਕਾਂ ਦੀ ਆਸ ਮੁਤਾਬਕ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਕਾਸ਼ਮਾਨ ਨਹੀਂ ਕੀਤਾ ਹੈ। ਅੱਜ-ਕੱਲ੍ਹ ਕਈ ਲੋਕ ਹੋਰ ਕਿਤਿਓਂ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਤਕਰੀਬਨ 90 ਸਾਲਾਂ ਤੋਂ ਯਹੋਵਾਹ ਦੇ ਗਵਾਹ ਪੈਰਿਸ ਵਿਚ “ਜੋਤਾਂ ਵਾਂਙੁ ਦਿੱਸਦੇ” ਆਏ ਹਨ। (ਫ਼ਿਲਿੱਪੀਆਂ 2:15) ਨਿਪੁੰਨ ਜਹਾਜ਼ੀਆਂ ਵਾਂਗ ਉਹ ਸਮੇਂ ਅਤੇ ਘਟਨਾਵਾਂ ਦੀਆਂ ਬਦਲਦੀਆਂ ਹਵਾਵਾਂ ਦੇ ਨਾਲ-ਨਾਲ ਚੱਲਦੇ ਆਏ ਹਨ ਤਾਂਕਿ ਉਹ “ਸਾਰੀਆਂ ਕੌਮਾਂ ਦੇ [ਮਨਭਾਉਂਦੇ] ਪਦਾਰਥ” ਇਕੱਠੇ ਕਰ ਸਕਣ।”​—ਹੱਜਈ 2:7.

ਪ੍ਰਚਾਰ ਦੇ ਕੰਮ ਵਿਚ ਜਤਨ ਦੀ ਲੋੜ

ਸੰਨ 1850 ਵਿਚ ਪੈਰਿਸ ਦੀ ਆਬਾਦੀ 6 ਲੱਖ ਸੀ। ਅੱਜ-ਕੱਲ੍ਹ ਇਸ ਦੀ ਅਤੇ ਇਸ ਦੇ ਬਾਹਰਲੇ ਇਲਾਕਿਆਂ ਦੀ ਕੁੱਲ ਆਬਾਦੀ ਇਕ ਕਰੋੜ ਦੇ ਲਾਗੇ ਹੈ। ਇਸ ਵਾਧੇ ਦੇ ਕਾਰਨ ਫਰਾਂਸ ਦੇ ਕਿਸੇ ਵੀ ਹੋਰ ਸ਼ਹਿਰ ਨਾਲੋਂ ਜ਼ਿਆਦਾ ਪੈਰਿਸ ਵਿਚ ਵੱਖਰੀਆਂ-ਵੱਖਰੀਆਂ ਨਸਲਾਂ ਦੇ ਲੋਕ ਰਹਿੰਦੇ ਹਨ। ਲੋਕ ਪੈਰਿਸ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਪੜ੍ਹਨ ਲਈ ਆਉਂਦੇ ਹਨ ਅਤੇ ਇੱਥੇ ਦੁਨੀਆਂ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਪੈਰਿਸ ਵਿਚ 2,50,000 ਵਿਦਿਆਰਥੀ ਪੜ੍ਹਦੇ ਹਨ। ਇਸ ਸ਼ਹਿਰ ਦੇ ਕੁਝ ਬਾਹਰਲੇ ਇਲਾਕਿਆਂ ਵਿਚ ਉੱਚੀਆਂ-ਉੱਚੀਆਂ ਇਮਾਰਤਾਂ ਹਨ ਜਿਨ੍ਹਾਂ ਵਿਚ ਬਹੁਤ ਸਾਰੇ ਲੋਕ ਰਹਿੰਦੇ ਹਨ। ਇਹ ਇਲਾਕੇ ਇੰਨੇ ਸ਼ਾਨਦਾਰ ਨਹੀਂ ਹਨ ਅਤੇ ਇੱਥੇ ਦੇ ਕਈਆਂ ਲੋਕਾਂ ਨੂੰ ਨੌਕਰੀ ਨਹੀਂ ਮਿਲਦੀ। ਇਨ੍ਹਾਂ ਇਲਾਕਿਆਂ ਵਿਚ ਖ਼ਾਸ ਕਰਕੇ ਬੱਚਿਆਂ ਦੁਆਰਾ ਬਹੁਤ ਅਪਰਾਧ ਕੀਤੇ ਜਾਂਦੇ ਹਨ। ਇਸ ਕਰਕੇ ਯਹੋਵਾਹ ਦੇ ਗਵਾਹਾਂ ਨੂੰ ਬੜੀ ਜੁਗਤ ਨਾਲ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਪੈਂਦਾ ਹੈ।​—1 ਤਿਮੋਥਿਉਸ 4:10.

ਹਰ ਸਾਲ 2 ਕਰੋੜ ਤੋਂ ਜ਼ਿਆਦਾ ਸੈਲਾਨੀ ਪੈਰਿਸ ਨੂੰ ਆਉਂਦੇ ਹਨ। ਉਹ ਆਈਫਿਲ ਟਾਵਰ ਉੱਤੇ ਚੜ੍ਹਦੇ ਹਨ, ਸੈਨ ਦਰਿਆ ਲਾਗੇ ਘੁੰਮਦੇ-ਫਿਰਦੇ ਹਨ, ਜਾਂ ਫੁੱਟਪਾਥ ਤੇ ਬਣੇ ਛੋਟੇ-ਮੋਟੇ ਰੈਸਤੋਰਾਂ ਵਿਚ ਬੈਠ ਕੇ ਇਸ ਸ਼ਹਿਰ ਦੇ ਮਾਹੌਲ ਦਾ ਮਜ਼ਾ ਲੈਂਦੇ ਹਨ। ਪਰ

ਪੈਰਿਸ ਦੇ ਵਾਸੀਆਂ ਦੀ ਰੋਜ਼ਾਨਾ ਜ਼ਿੰਦਗੀ ਵਿਚ ਕਾਫ਼ੀ ਭੱਜ-ਦੌੜ ਹੁੰਦੀ ਹੈ।

ਕਰੀਸਟੀਯੌਂ ਨਾਂ ਦਾ ਇਕ ਪਾਇਨੀਅਰ ਕਹਿੰਦਾ ਹੈ: “ਲੋਕ ਹਮੇਸ਼ਾ ਕਾਹਲੀ ਵਿਚ ਹੁੰਦੇ ਹਨ ਅਤੇ ਥੱਕੇ-ਟੁੱਟੇ ਨੌਕਰੀ ਤੋਂ ਘਰ ਵਾਪਸ ਆਉਂਦੇ ਹਨ।” ਇਨ੍ਹਾਂ ਲੋਕਾਂ ਨਾਲ ਗੱਲ ਕਰਨੀ ਔਖੀ ਹੈ ਕਿਉਂਕਿ ਇਨ੍ਹਾਂ ਕੋਲ ਸਮਾਂ ਹੀ ਨਹੀਂ ਹੁੰਦਾ।

ਪੈਰਿਸ ਵਿਚ ਯਹੋਵਾਹ ਦੇ ਗਵਾਹਾਂ ਦਾ ਸਭ ਤੋਂ ਵੱਡਾ ਮਸਲਾ ਲੋਕਾਂ ਨਾਲ ਉਨ੍ਹਾਂ ਦੇ ਘਰ ਵਿਚ ਸੰਪਰਕ ਕਰਨਾ ਹੈ। ਕੁਝ ਘਰਾਂ ਦੇ ਬਾਹਰ ਟੈਲੀਫ਼ੋਨ ਜਿਹੇ ਲੱਗੇ ਹੋਏ ਹਨ ਅਤੇ ਅੰਦਰ ਜਾਣ ਲਈ ਬਾਹਰੋਂ ਗੱਲ ਕਰਨੀ ਪੈਂਦੀ ਹੈ। ਪਰ ਅਪਰਾਧ ਦੇ ਡਰ ਦੇ ਕਾਰਨ ਕਈਆਂ ਘਰਾਂ ਨੂੰ ਸੁਰੱਖਿਆ ਲਈ ਇਲੈਕਟ੍ਰਾਨਿਕ ਤਾਲੇ ਲੱਗੇ ਹੋਏ ਹਨ ਅਤੇ ਉਨ੍ਹਾਂ ਘਰਾਂ ਅੰਦਰ ਦਾਖ਼ਲ ਹੋਣਾ ਮੁਸ਼ਕਲ ਹੈ। ਇਸ ਕਰਕੇ ਅਸੀਂ ਸਮਝ ਸਕਦੇ ਹਾਂ ਕਿ ਸ਼ਹਿਰ ਦੇ ਕੁਝ ਇਲਾਕਿਆਂ ਵਿਚ ਬਹੁਤ ਥੋੜ੍ਹੇ ਗਵਾਹ ਰਹਿੰਦੇ ਹਨ। ਦਰਅਸਲ ਇਸ ਤਰ੍ਹਾਂ ਦੇ ਇਲਾਕਿਆਂ ਵਿਚ ਹਰੇਕ ਗਵਾਹ ਦੇ ਵੱਟੇ 1,400 ਲੋਕ ਹਨ। ਇਨ੍ਹਾਂ ਸਾਰਿਆਂ ਨਾਲ ਗੱਲ ਕਰਨ ਵਾਸਤੇ ਟੈਲੀਫ਼ੋਨ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਅਤੇ ਲੋਕਾਂ ਨੂੰ ਜਿੱਥੇ ਮਰਜ਼ੀ ਉਹ ਮਿਲਣ ਗਵਾਹੀ ਦੇਣ ਦੇ ਮੌਕੇ ਵਰਤੇ ਜਾਂਦੇ ਹਨ। ਕੀ ਯਹੋਵਾਹ ਦੇ ਗਵਾਹਾਂ ਨੇ ਹੋਰ ਤਰੀਕਿਆਂ ਵਿਚ ਵੀ ਆਪਣਾ ‘ਚਾਨਣ ਚਮਕਾਇਆ’ ਹੈ?​—ਮੱਤੀ 5:16.

ਕਈਆਂ ਥਾਵਾਂ ਤੇ ਗਵਾਹੀ ਦੇਣ ਦੇ ਕਈ ਮੌਕੇ ਮਿਲਦੇ ਹਨ। ਮਾਰਟੀਨ ਨਾਂ ਦੀ ਭੈਣ ਨੂੰ ਬੱਸ ਦੇ ਅੱਡੇ ਤੇ ਇਕ ਦੁਖੀ ਔਰਤ ਖੜ੍ਹੀ ਨਜ਼ਰ ਆਈ। ਹਾਲ ਹੀ ਵਿਚ ਉਸ ਔਰਤ ਦੀ ਧੀ ਮਰ ਗਈ ਸੀ। ਮਾਰਟੀਨ ਨੇ ਉਸ ਨੂੰ ਹੌਸਲਾ ਦੇਣ ਲਈ ਇਕ ਬ੍ਰੋਸ਼ਰ ਦਿੱਤਾ ਜਿਸ ਵਿਚ ਬਾਈਬਲ ਤੋਂ ਇਹ ਸੱਚਾਈ ਸੀ ਕਿ ਮੁਰਦੇ ਦੁਬਾਰਾ ਜ਼ਿੰਦਾ ਹੋਣਗੇ। ਫਿਰ ਕਾਫ਼ੀ ਮਹੀਨਿਆਂ ਲਈ ਉਹ ਇਕ ਦੂਸਰੀ ਨੂੰ ਨਹੀਂ ਮਿਲੀਆਂ। ਜਦੋਂ ਮਾਰਟੀਨ ਉਸ ਔਰਤ ਨੂੰ ਫਿਰ ਮਿਲੀ ਤਾਂ ਉਸ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਆਪਣੇ ਪਤੀ ਦੀ ਵਿਰੋਧਤਾ ਦੇ ਬਾਵਜੂਦ, ਉਹ ਔਰਤ ਯਹੋਵਾਹ ਦੀ ਗਵਾਹ ਬਣ ਗਈ।

ਹਰ ਮੌਕੇ ਤੇ ਗਵਾਹੀ ਦੇਣ ਵਿਚ ਕਾਮਯਾਬੀ

ਪੈਰਿਸ ਵਿਚ ਥਾਂ-ਥਾਂ ਪਹੁੰਚਣ ਲਈ ਦੁਨੀਆਂ ਦਾ ਸਭ ਤੋਂ ਵਧੀਆ ਤਰੀਕਾ ਹੈ। ਧਰਤੀ ਹੇਠ ਚੱਲਣ ਵਾਲੀ ਇਸ ਮੈਟਰੋ ਨਾਂ ਦੀ ਰੇਲ-ਗੱਡੀ ਵਿਚ ਰੋਜ਼ 50 ਲੱਖ ਲੋਕ ਸਫ਼ਰ ਕਰਦੇ ਹਨ। ਪੈਰਿਸ ਦੇ ਜ਼ਮੀਨ ਹੇਠ ਕੇਂਦਰੀ ਰੇਲਵੇ ਸਟੇਸ਼ਨ ਦਾ ਨਾਂ ਸ਼ਾਟੇਲੇ ਲੇਜ਼ਾਲ ਹੈ ਅਤੇ ਇਸ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਜ਼ਿਆਦਾ ਆਵਾਜਾਈ ਵਾਲਾ ਸਟੇਸ਼ਨ ਮੰਨਿਆ ਜਾਂਦਾ ਹੈ। ਇੱਥੇ ਲੋਕਾਂ ਨੂੰ ਮਿਲਣ ਦੇ ਬਹੁਤ ਮੌਕੇ ਹੁੰਦੇ ਹਨ। ਆਲੈਗਜ਼ਾਂਡਰਾ ਰੋਜ਼ ਕੰਮ ਤੇ ਜਾਣ ਲਈ ਮੈਟਰੋ ਫੜਦੀ ਹੈ। ਇਕ ਦਿਨ ਉਸ ਨੇ ਕਾਫ਼ੀ ਸਮੇਂ ਲਈ ਇਕ ਨੌਜਵਾਨ ਨਾਲ ਗੱਲ ਕੀਤੀ ਜਿਸ ਨੂੰ ਖ਼ੂਨ ਦਾ ਕੈਂਸਰ ਹੋਇਆ ਸੀ। ਆਲੈਗਜ਼ਾਂਡਰਾ ਨੇ ਉਸ ਨੂੰ ਫਿਰਦੌਸ ਦੀ ਉਮੀਦ ਬਾਰੇ ਇਕ ਟ੍ਰੈਕਟ ਦਿੱਤਾ। ਉਹ ਅਗਲੇ ਛੇ ਹਫ਼ਤਿਆਂ ਲਈ ਰੋਜ਼ ਉਸੇ ਥਾਂ ਅਤੇ ਉਸੇ ਵੇਲੇ ਬਾਈਬਲ ਉੱਤੇ ਚਰਚਾ ਕਰਨ ਲਈ ਮਿਲੇ। ਫਿਰ ਇਕ ਦਿਨ ਉਹ ਆਦਮੀ ਨਹੀਂ ਆਇਆ। ਇਸ ਤੋਂ ਥੋੜੀ ਦੇਰ ਬਾਅਦ ਉਸ ਆਦਮੀ ਦੀ ਪਤਨੀ ਨੇ ਆਲੈਗਜ਼ਾਂਡਰਾ ਨੂੰ ਟੈਲੀਫ਼ੋਨ ਕਰ ਕੇ ਦੱਸਿਆ ਕਿ ਉਸ ਦਾ ਪਤੀ ਹਸਪਤਾਲ ਪਿਆ ਸੀ ਅਤੇ ਉਸ ਦੇ ਬਹੁਤੀ ਦੇਰ ਬਚਣ ਦੀ ਆਸ ਨਹੀਂ ਸੀ। ਅਫ਼ਸੋਸ ਹੈ ਕਿ ਆਲੈਗਜ਼ਾਂਡਰਾ ਸਮੇਂ ਸਿਰ ਉੱਥੇ ਪਹੁੰਚ ਨਾ ਸਕੀ। ਉਸ ਆਦਮੀ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਬੋਰਡੋ ਸ਼ਹਿਰ ਰਹਿਣ ਚਲੀ ਗਈ, ਜਿੱਥੇ ਯਹੋਵਾਹ ਦੇ ਗਵਾਹਾਂ ਨੇ ਉਸ ਨਾਲ ਸੰਪਰਕ ਕੀਤਾ। ਇਕ ਸਾਲ ਬਾਅਦ ਇਹ ਗੱਲ ਸੁਣ ਕੇ ਆਲੈਗਜ਼ਾਂਡਰਾ ਦਾ ਦਿਲ ਕਿੰਨਾ ਖ਼ੁਸ਼ ਹੋਇਆ ਕਿ ਉਸ ਵਿਧਵਾ ਨੇ ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲੈ ਲਿਆ ਹੈ ਅਤੇ ਹੁਣ ਉਹ ਉਮੀਦ ਰੱਖਦੀ ਹੈ ਕਿ ਉਹ ਆਪਣੇ ਪਤੀ ਨੂੰ ਦੁਬਾਰਾ ਜ਼ਿੰਦਾ ਦੇਖੇਗੀ।​—ਯੂਹੰਨਾ 5:28, 29.

ਇਕ ਬਜ਼ੁਰਗ ਭੈਣ ਨੇ ਰਿਨਾਟਾ ਨਾਂ ਦੀ ਔਰਤ ਨਾਲ ਰੇਲ-ਗੱਡੀ ਵਿਚ ਗੱਲ ਕੀਤੀ ਜਦੋਂ ਉਹ ਪੈਰਿਸ ਤੋਂ ਫਰਾਂਸ ਦੇ ਗੱਭੇ ਲੀਮੋਯ ਸ਼ਹਿਰ ਨੂੰ ਜਾ ਰਹੀਆਂ ਸਨ। ਰਿਨਾਟਾ ਪੋਲੈਂਡ ਦੀ ਜੰਮਪਲ ਹੈ ਅਤੇ ਉਸ ਨੇ ਆਪਣੇ ਦੇਸ਼ ਵਿਚ ਪੰਜਾਂ ਸਾਲਾਂ ਲਈ ਧਰਮ-ਸ਼ਾਸਤਰ, ਇਬਰਾਨੀ, ਅਤੇ ਯੂਨਾਨੀ ਦੀ ਪੜ੍ਹਾਈ ਕੀਤੀ ਸੀ। ਪਰ ਹੁਣ ਰੱਬ ਵਿਚ ਉਸ ਦਾ ਵਿਸ਼ਵਾਸ ਘੱਟ ਗਿਆ ਸੀ। ਉਸ ਨੂੰ ਪ੍ਰਾਰਥਨਾ ਕੀਤੀ ਨੂੰ ਤਿੰਨ ਮਹੀਨੇ ਹੋ ਗਏ ਸਨ। ਰਿਨਾਟਾ ਨੂੰ ਬਜ਼ੁਰਗ ਭੈਣ ਦੀਆਂ ਗੱਲਾਂ ਵਿਚ ਇੰਨੀ ਦਿਲਚਸਪੀ ਨਹੀਂ ਸੀ ਅਤੇ ਉਸ ਨੇ ਸੋਚਿਆ ਕਿ ਇਸ ਔਰਤ ਨੇ ਸ਼ਾਇਦ ਮੈਨੂੰ ਮੁੜ ਕੇ ਮਿਲਣਾ ਵੀ ਨਹੀਂ ਹੈ। ਫਿਰ ਵੀ ਉਸ ਨੇ ਬਜ਼ੁਰਗ ਭੈਣ ਨੂੰ ਆਪਣਾ ਟੈਲੀਫ਼ੋਨ ਨੰਬਰ ਦੇ ਦਿੱਤਾ। ਸਾਡੀ ਭੈਣ ਗੱਲ ਛੱਡਣ ਵਾਲੀ ਨਹੀਂ ਸੀ ਅਤੇ ਉਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਕੋਈ ਰਿਨਾਟਾ ਨੂੰ ਮਿਲਣ ਜਾਵੇ। ਜਦੋਂ ਕਲੀਸਿਯਾ ਤੋਂ ਇਕ ਸ਼ਾਦੀ-ਸ਼ੁਦਾ ਜੋੜਾ ਉਸ ਨੂੰ ਮਿਲਣ ਗਿਆ ਤਾਂ ਰਿਨਾਟਾ ਨੇ ਸੋਚਿਆ: ‘ਇਹ ਮੈਨੂੰ ਕੀ ਸਿਖਾ ਸਕਦੇ ਹਨ?’ ਇੰਨੀ ਜ਼ਿਆਦਾ ਪੜ੍ਹੀ-ਲਿਖੀ ਹੋਣ ਦੇ ਬਾਵਜੂਦ ਰਿਨਾਟਾ ਬਾਈਬਲ ਦੀ ਸੱਚਾਈ ਵੱਲ ਖਿੱਚੀ ਗਈ। ਉਹ ਦੱਸਦੀ ਹੈ ਕਿ “ਮੈਂ ਬੜੀ ਜਲਦੀ ਪਛਾਣ ਲਿਆ ਕਿ ਇਹ ਸੱਚਾਈ ਹੈ।” ਹੁਣ ਉਹ ਖ਼ੁਸ਼ੀ ਨਾਲ ਦੂਸਰਿਆਂ ਨੂੰ ਬਾਈਬਲ ਦੀਆਂ ਗੱਲਾਂ ਸਮਝਾਉਂਦੀ ਹੈ।

ਮਿਛੈਲ ਕਲਾਸ ਵਿਚ ਕਾਰ ਚਲਾਉਣੀ ਸਿੱਖ ਰਹੀ ਸੀ। ਇਕ ਵਾਰ ਉਸ ਦੀ ਕਲਾਸ ਦੇ ਦੂਜੇ ਵਿਦਿਆਰਥੀ ਵਿਆਹ ਤੋਂ ਪਹਿਲਾਂ ਸੰਭੋਗ ਬਾਰੇ ਗੱਲ ਕਰਨ ਲੱਗ ਪਏ। ਮਿਛੈਲ ਨੇ ਸਾਰਿਆਂ ਸਾਮ੍ਹਣੇ ਕਿਹਾ ਕਿ ਇਹ ਗ਼ਲਤ ਹੈ। ਇਕ ਹਫ਼ਤੇ ਬਾਅਦ ਉਸ ਦੀ ਇੰਸਟ੍ਰਕਟਰ, ਸਿਲਵੀ ਨੇ ਉਸ ਨੂੰ ਪੁੱਛਿਆ: “ਕੀ ਤੂੰ ਯਹੋਵਾਹ ਦੀ ਗਵਾਹ ਹੈਂ?” ਸਿਲਵੀ ਨੂੰ ਮਿਛੈਲ ਦਾ ਬਾਈਬਲ ਤੋਂ ਦਿੱਤਾ ਗਿਆ ਜਵਾਬ ਬੜਾ ਪਸੰਦ ਆਇਆ ਸੀ। ਉਸ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਅਤੇ ਇਕ ਸਾਲ ਬਾਅਦ ਬਪਤਿਸਮਾ ਲੈ ਲਿਆ।

ਲੋਕਾਂ ਨਾਲ ਗੱਲ ਕਰਨ ਲਈ ਪੈਰਿਸ ਦੇ ਅਨੇਕ ਪਾਰਕ ਅਤੇ ਬਾਗ਼-ਬਗ਼ੀਚੇ ਬਹੁਤ ਹੀ ਚੰਗੇ ਸਥਾਨ ਹਨ। ਛੁੱਟੀ ਦਾ ਫ਼ਾਇਦਾ ਲੈਣ ਵਾਸਤੇ ਜਦੋਂ ਯੋਜ਼ੈਟ ਪਾਰਕ ਵਿਚ ਗਈ ਤਾਂ ਉਸ ਨੂੰ ਆਲੀਨ ਨਾਂ ਦੀ ਇਕ ਬਜ਼ੁਰਗ ਔਰਤ ਮਿਲੀ। ਯੋਜ਼ੈਟ ਨੇ ਉਸ ਨੂੰ ਬਾਈਬਲ ਦੇ ਸ਼ਾਨਦਾਰ ਵਾਅਦੇ ਸਮਝਾਏ। ਆਲੀਨ ਨਾਲ ਬਾਈਬਲ ਸਟੱਡੀ ਕਰਨ ਦਾ ਇੰਤਜ਼ਾਮ ਕੀਤਾ ਗਿਆ ਅਤੇ ਛੇਤੀ ਹੀ ਉਹ ਬਪਤਿਸਮੇ ਲਈ ਤਿਆਰ ਹੋ ਗਈ। ਹੁਣ ਆਲੀਨ 74 ਸਾਲਾਂ ਦੀ ਹੈ ਅਤੇ ਉਹ ਇਕ ਕਾਮਯਾਬ ਪਾਇਨੀਅਰ ਵਜੋਂ ਖ਼ੁਸ਼ੀ ਨਾਲ ਹੋਰਨਾਂ ਨੂੰ ਬਾਈਬਲ ਦੀ ਸੱਚਾਈ ਸਿਖਾਉਂਦੀ ਹੈ।

ਕੌਮਾਂ ਲਈ ਚਾਨਣ

ਪੈਰਿਸ ਵਿਚ ਰਹਿਣ ਵਾਲੇ ਗਵਾਹਾਂ ਨੂੰ ਵੰਨ-ਸੁਵੰਨੀਆਂ ਜਾਤੀਆਂ ਦੇ ਲੋਕਾਂ ਨੂੰ ਮਿਲਣ ਵਾਸਤੇ ਦੂਰ ਤਕ ਸਫ਼ਰ ਨਹੀਂ ਕਰਨਾ ਪੈਂਦਾ। ਤਕਰੀਬਨ 20 ਪ੍ਰਤਿਸ਼ਤ ਲੋਕ ਇੱਥੇ ਵਿਦੇਸ਼ੋਂ ਆਏ ਹੋਏ ਹਨ। ਇੱਥੇ 25 ਕੁ ਬੋਲੀਆਂ ਵਿਚ ਮੀਟਿੰਗਾਂ ਲੱਗਦੀਆਂ ਹਨ।

ਇਨ੍ਹਾਂ ਵੰਨ-ਸੁਵੰਨੀਆਂ ਜਾਤੀਆਂ ਦੇ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਦੱਸਣ ਵਾਸਤੇ ਵੱਖਰੇ ਤਰੀਕੇ ਵਰਤਣ ਨਾਲ ਚੰਗੇ ਨਤੀਜੇ ਨਿਕਲੇ ਹਨ। ਇਕ ਫ਼ਿਲਪਾਈਨੀ ਭੈਣ ਨੇ ਆਪਣੇ ਲਈ ਇਕ ਨਵਾਂ ਤਰੀਕਾ ਢੂੰਡਿਆ। ਉਹ ਖ਼ਰੀਦਾਰੀ ਕਰਦੀ ਹੋਈ ਦੁਕਾਨ ਵਿਚ ਹੋਰਨਾਂ ਫ਼ਿਲਪਾਈਨੀ ਲੋਕਾਂ ਨਾਲ ਗੱਲ ਸ਼ੁਰੂ ਕਰਦੀ ਹੈ ਅਤੇ ਇਸ ਤਰ੍ਹਾਂ ਉਸ ਨੇ ਕਈਆਂ ਲੋਕਾਂ ਨਾਲ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ ਹਨ।

ਪ੍ਰਚਾਰ ਦੇ ਕੰਮ ਵਿਚ ਉੱਦਮੀ ਹੋਣ ਦੇ ਵੀ ਚੰਗੇ ਨਤੀਜੇ ਨਿਕਲਦੇ ਹਨ। ਦਸੰਬਰ 1996 ਵਿਚ ਵਿਦੇਸ਼ੀ ਬੋਲੀ ਦੀ ਇਕ ਕਲੀਸਿਯਾ ਨੂੰ ਪਤਾ ਲੱਗਾ ਕਿ ਇਕ ਪ੍ਰਸਿੱਧ ਸਰਕਸ ਸ਼ਹਿਰ ਵਿਚ ਆਪਣਾ ਸ਼ੋ ਕਰਨ ਆ ਰਹੀ ਸੀ। ਉਨ੍ਹਾਂ ਨੇ ਤਮਾਸ਼ਾ ਕਰਨ ਵਾਲੇ ਕਲਾਕਾਰਾਂ ਨਾਲ ਗੱਲਬਾਤ ਕਰਨ ਦਾ ਫ਼ੈਸਲਾ ਕੀਤਾ। ਇਕ ਸ਼ਾਮ ਜਦੋਂ ਸ਼ੋ ਤੋਂ ਬਾਅਦ ਕਲਾਕਾਰ ਹੋਟਲ ਵਾਪਸ ਜਾ ਰਹੇ ਸਨ, ਤਾਂ ਉਹ ਉਨ੍ਹਾਂ ਨਾਲ ਗੱਲ ਕਰ ਸਕੇ। ਇਸ ਤਰ੍ਹਾਂ ਦੀ ਪਹਿਲ ਕਰਨ ਦੇ ਨਤੀਜੇ ਵਜੋਂ ਉਨ੍ਹਾਂ ਨੇ 28 ਬਾਈਬਲਾਂ, 59 ਕਿਤਾਬਾਂ, 131 ਬ੍ਰੋਸ਼ਰ, ਅਤੇ 290 ਰਸਾਲੇ ਵੰਡੇ। ਪੈਰਿਸ ਵਿਚ ਤਿੰਨ ਹਫ਼ਤੇ ਰਹਿਣ ਤੋਂ ਬਾਅਦ, ਸਰਕਸ ਦੇ ਇਕ ਬਾਜ਼ੀਗਰ ਨੇ ਪੁੱਛਿਆ: “ਮੈਂ ਯਹੋਵਾਹ ਦਾ ਗਵਾਹ ਕਿਸ ਤਰ੍ਹਾਂ ਬਣ ਸਕਦਾ ਹਾਂ?” ਇਕ ਹੋਰ ਨੇ ਕਿਹਾ: “ਮੈਂ ਆਪਣੇ ਦੇਸ਼ ਵਾਪਸ ਜਾ ਕੇ ਪ੍ਰਚਾਰ ਕਰਾਂਗਾ।”

ਗੁਪਤ ਖ਼ਜ਼ਾਨੇ

ਪੈਰਿਸ ਦੇ ਸੈਲਾਨੀ ਜਿੱਥੇ ਕਿਤੇ ਵੀ ਦੇਖਦੇ ਹਨ ਉਨ੍ਹਾਂ ਨੂੰ ਪੁਰਾਣੇ ਸਮੇਂ ਤੋਂ ਭਵਨ ਕਲਾ ਦੇ ਖ਼ਜ਼ਾਨੇ ਨਜ਼ਰ ਆਉਂਦੇ ਹਨ। ਪਰ ਇਸ ਤੋਂ ਵੀ ਵੱਧ ਕੀਮਤੀ ਚੀਜ਼ਾਂ ਲੱਭੀਆਂ ਜਾ ਸਕਦੀਆਂ ਹਨ। ਆਨੀਜ਼ਾ ਦਾ ਫੁੱਫੜ ਇਕ ਡਿਪਲੋਮੈਟ ਹੈ, ਅਤੇ ਉਹ ਉਸ ਨਾਲ ਫਰਾਂਸ ਨੂੰ ਆਈ ਸੀ। ਘਰ ਵਿਚ ਉਹ ਹਮੇਸ਼ਾ ਬਾਈਬਲ ਪੜ੍ਹਦੀ ਸੀ। ਇਕ ਦਿਨ ਜਦ ਉਹ ਕਾਹਲੀ ਨਾਲ ਘਰੋਂ ਨਿਕਲੀ ਇਕ ਪਾਇਨੀਅਰ ਭੈਣ ਨੇ ਉਸ ਨੂੰ ਤੁਸੀਂ ਕਿਉਂ ਬਾਈਬਲ ਉੱਤੇ ਭਰੋਸਾ ਕਰ ਸਕਦੇ ਹੋ ਨਾਂ ਦਾ ਟ੍ਰੈਕਟ ਦਿੱਤਾ। ਉਨ੍ਹਾਂ ਨੇ ਅਗਲੇ ਹਫ਼ਤੇ ਫਿਰ ਮਿਲਣ ਦਾ ਇੰਤਜ਼ਾਮ ਕੀਤਾ ਅਤੇ ਉਸ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਆਨੀਜ਼ਾ ਨੂੰ ਆਪਣੇ ਪਰਿਵਾਰ ਤੋਂ ਬਹੁਤ ਸਾਰੀ ਵਿਰੋਧਤਾ ਦਾ ਸਾਮ੍ਹਣਾ ਕਰਨਾ ਪਿਆ। ਪਰ ਉਹ ਬਾਈਬਲ ਸਟੱਡੀ ਕਰਦੀ ਰਹੀ ਅਤੇ ਉਸ ਨੇ ਬਪਤਿਸਮਾ ਲੈ ਲਿਆ। ਉਹ ਦੂਸਰਿਆਂ ਨੂੰ ਸੱਚਾਈ ਸਿਖਾਉਣ ਦੇ ਸਨਮਾਨ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੀ ਹੈ? “ਪਹਿਲਾਂ-ਪਹਿਲਾਂ ਮੇਰੇ ਲਈ ਪ੍ਰਚਾਰ ਕਰਨਾ ਬਹੁਤ ਮੁਸ਼ਕਲ ਸੀ ਕਿਉਂਕਿ ਮੈਨੂੰ ਬਹੁਤ ਸੰਗ ਆਉਂਦੀ ਸੀ। ਪਰ ਮੈਂ ਬਾਈਬਲ ਪੜ੍ਹ ਕੇ ਉਤੇਜਿਤ ਹੋ ਜਾਂਦੀ ਸੀ। ਹੁਣ ਮੈਨੂੰ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਹੀ ਆਰਾਮ ਆਉਂਦਾ ਹੈ।” ਪੈਰਿਸ ਵਿਚ ਰਹਿਣ ਵਾਲੇ ਕਈ ਭੈਣ-ਭਰਾ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ ਅਤੇ ਉਹ ‘ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਂਦੇ ਹਨ।’​—1 ਕੁਰਿੰਥੀਆਂ 15:58.

ਪੈਰਿਸ ਦੇ ਬਾਹਰਲਿਆਂ ਇਲਾਕਿਆਂ ਵਿਚ ਵੀ ਹੀਰਿਆਂ ਵਰਗੇ ਲੋਕ ਮਿਲਦੇ ਹਨ। ਬਰੂਸ ਆਪਣੇ ਦੋਸਤ ਕੋਲੋਂ ਸੰਗੀਤ ਦੀਆਂ ਕੈਸਟਾਂ ਲੈਣ ਗਿਆ। ਉਸ ਦਾ ਦੋਸਤ ਥੋੜੇ ਚਿਰ ਤੋਂ ਯਹੋਵਾਹ ਦਾ ਇਕ ਗਵਾਹ ਬਣ ਚੁੱਕਾ ਸੀ। ਉੱਥੇ ਪਹੁੰਚ ਕੇ ਬਰੂਸ ਨੇ ਆਪਣੇ ਦੋਸਤ ਨੂੰ ਆਪਣੇ ਹੋਰਨਾਂ ਵਾਕਫ਼ਾਂ ਨਾਲ ਬਾਈਬਲ ਬਾਰੇ ਗੱਲ ਕਰਦੇ ਸੁਣਿਆ ਅਤੇ ਉਹ ਬੈਠ ਕੇ ਗੱਲ ਸੁਣੀ ਗਿਆ। ਉਹ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਹੋ ਗਿਆ ਪਰ ਉਸ ਨੂੰ ਕੁਝ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ। ਬਰੂਸ ਦੱਸਦਾ ਹੈ: “ਸਾਡੇ ਇਲਾਕੇ ਵਿਚ ਮੈਂ ਕਾਫ਼ੀ ਜਾਣਿਆ-ਪਛਾਣਿਆ ਸੀ। ਮੇਰਾ ਵੱਡਾ ਭਰਾ ਹਮੇਸ਼ਾ ਲੜਦਾ ਰਹਿੰਦਾ ਸੀ, ਅਤੇ ਮੈਂ ਨੱਚਣ-ਗਾਉਣ ਅਤੇ ਸ਼ੋਰ-ਸ਼ਰਾਬੇ ਵਾਲੀਆਂ ਪਾਰਟੀਆਂ ਦਾ ਇੰਤਜ਼ਾਮ ਕਰਦਾ ਹੁੰਦਾ ਸੀ। ਮੈਨੂੰ ਗਵਾਹ ਬਣਦੇ ਦੇਖ ਕੇ ਦੂਸਰੇ ਕੀ ਸੋਚਣਗੇ?” ਭਾਵੇਂ ਲੋਕਾਂ ਨੇ ਉਸ ਉੱਤੇ ਪਾਰਟੀਆਂ ਦਾ ਇੰਤਜ਼ਾਮ ਕਰਨ ਲਈ ਬਹੁਤ ਜ਼ੋਰ ਪਾਇਆ, ਬਰੂਸ ਨੇ ਇਹ ਕੰਮ ਬੰਧ ਕਰ ਦਿੱਤਾ। ਇਕ ਮਹੀਨੇ ਬਾਅਦ ਉਸ ਨੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। “ਸਾਡੇ ਇਲਾਕੇ ਦੇ ਸਾਰੇ ਲੋਕ ਜਾਣਨਾ ਚਾਹੁੰਦੇ ਸਨ ਕਿ ਮੈਂ ਗਵਾਹ ਕਿਉਂ ਬਣਿਆ ਹਾਂ।” ਕੁਝ ਸਮੇਂ ਬਾਅਦ ਉਸ ਨੇ ਬਪਤਿਸਮਾ ਲੈ ਲਿਆ। ਸਮੇਂ ਦੇ ਬੀਤਣ ਨਾਲ ਉਸ ਨੂੰ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਵਿਚ ਜਾਣ ਦਾ ਮੌਕਾ ਮਿਲਿਆ।

ਹੀਰਿਆਂ ਦੀ ਤਲਾਸ਼ ਕਰਨ ਲਈ ਕਾਫ਼ੀ ਕੋਸ਼ਿਸ਼ ਕਰਨੀ ਪੈਂਦੀ ਹੈ। ਪਰ ਕਾਮਯਾਬੀ ਹਾਸਲ ਕਰ ਕੇ ਕਿੰਨੀ ਖ਼ੁਸ਼ੀ ਮਿਲਦੀ ਹੈ! ਯੈਕੀ, ਬਰੁਨੋ ਅਤੇ ਡਾਮੀਆ ਨਾਨਬਾਈਆਂ ਵਜੋਂ ਪੈਰਿਸ ਵਿਚ ਕੰਮ ਕਰਦੇ ਸਨ। ਯੈਕੀ ਦੱਸਦਾ ਹੈ ਕਿ “ਅਸੀਂ ਹਰ ਸਮੇਂ ਕੰਮ ਕਰਦੇ ਰਹਿੰਦੇ ਸਨ ਅਤੇ ਘੱਟ ਹੀ ਘਰ ਹੁੰਦੇ ਸੀ, ਇਸ ਲਈ ਸਾਡੇ ਨਾਲ ਮਿਲਣਾ ਔਖਾ ਸੀ।” ਪੈਟਰੀਕ ਨਾਂ ਦੇ ਪਾਇਨੀਅਰ ਭਰਾ ਨੇ ਦੇਖਿਆ ਕਿ ਦੁਕਾਨ ਦੀ ਉਪਰਲੀ ਮੰਜ਼ਲ ਤੇ ਕੁਝ ਛੋਟੇ ਜਿਹੇ ਕਮਰੇ ਸਨ ਅਤੇ ਉਸ ਨੇ ਸੋਚਿਆ ਕਿ ਕੋਈ ਤਾਂ ਇਨ੍ਹਾਂ ਵਿਚ ਰਹਿੰਦਾ ਹੋਵੇਗਾ। ਉਹ ਵਾਰ-ਵਾਰ ਉੱਥੇ ਜਾਂਦਾ ਰਿਹਾ ਅਤੇ ਇਕ ਦੁਪਹਿਰ ਉਸ ਨੂੰ ਯੈਕੀ ਘਰ ਮਿਲ ਪਿਆ ਜੋ ਉੱਥੇ ਥੋੜ੍ਹੇ ਸਮੇਂ ਲਈ ਰਹਿ ਰਿਹਾ ਸੀ। ਇਸ ਦਾ ਨਤੀਜਾ ਕੀ ਨਿਕਲਿਆ? ਤਿੰਨੇ ਦੋਸਤ ਯਹੋਵਾਹ ਦੇ ਗਵਾਹ ਬਣ ਗਏ ਅਤੇ ਉਨ੍ਹਾਂ ਨੇ ਕਿਤੇ ਹੋਰ ਨੌਕਰੀ ਲੱਭ ਲਈ ਤਾਂਕਿ ਉਹ ਮੀਟਿੰਗਾਂ ਨੂੰ ਜਾ ਸਕਣ ਅਤੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਸਕਣ।

ਵਿਰੋਧਤਾ ਦਾ ਤੂਫ਼ਾਨ ਸ਼ਾਂਤ ਕਰਨਾ

ਹਾਲ ਹੀ ਦੇ ਸਮੇਂ ਵਿਚ ਫਰਾਂਸ ਦੇ ਮੀਡੀਆ ਨੇ ਯਹੋਵਾਹ ਦੇ ਗਵਾਹਾਂ ਨੂੰ ਖ਼ਤਰਨਾਕ ਧਾਰਮਿਕ ਪੰਥ ਹੋਣ ਦਾ ਕਰਾਰ ਦਿੱਤਾ ਹੈ। ਗਵਾਹਾਂ ਨੇ 1996 ਵਿਚ ਬੜੇ ਜੋਸ਼ ਨਾਲ ਕੀ ਤੁਸੀਂ ਯਹੋਵਾਹ ਦੇ ਗਵਾਹਾਂ ਨੂੰ ਜਾਣਦੇ ਹੋ? ਨਾਮਕ ਖ਼ਾਸ ਜਾਣਕਾਰੀ ਵਾਲੇ ਟ੍ਰੈਕਟ ਦੀਆਂ 90 ਲੱਖ ਤੋਂ ਵੱਧ ਕਾਪੀਆਂ ਵੰਡੀਆਂ। ਇਸ ਕੰਮ ਦੇ ਵਧੀਆ ਨਤੀਜੇ ਨਿਕਲੇ।

ਇਸ ਟ੍ਰੈਕਟ ਨੂੰ ਸਾਰਿਆਂ ਤਕ ਪਹੁੰਚਾਉਣ ਲਈ ਬੜੀ ਕੋਸ਼ਿਸ਼ ਕੀਤੀ ਗਈ ਸੀ। ਕਈਆਂ ਅਧਿਕਾਰੀਆਂ ਨੇ ਗਵਾਹਾਂ ਲਈ ਆਪਣੀ ਕਦਰ ਜ਼ਾਹਰ ਕੀਤੀ। ਨਗਰਪਾਲਿਕਾ ਦੇ ਇਕ ਅਫ਼ਸਰ ਨੇ ਲਿਖਿਆ: “ਯਹੋਵਾਹ ਦੇ ਗਵਾਹਾਂ ਨੇ ਇਸ ਟ੍ਰੈਕਟ ਨੂੰ ਵੰਡ ਕੇ ਬਹੁਤ ਚੰਗਾ ਕੀਤਾ। ਹੁਣ ਸਾਰਿਆਂ ਸਾਮ੍ਹਣੇ ਸੱਚਾਈ ਸਾਬਤ ਹੋ ਰਹੀ ਹੈ।” ਇਕ ਡਾਕਟਰ ਨੇ ਕਿਹਾ: “ਮੈਂ ਬੜੀ ਦੇਰ ਤੋਂ ਇਸ ਜਾਣਕਾਰੀ ਦੇ ਇੰਤਜ਼ਾਰ ਵਿਚ ਸੀ!” ਪੈਰਿਸ ਦੇ ਇਲਾਕੇ ਤੋਂ ਇਕ ਆਦਮੀ ਨੇ ਲਿਖਿਆ: “ਮੈਨੂੰ ਅਚਾਨਕ ਕੀ ਤੁਸੀਂ ਯਹੋਵਾਹ ਦੇ ਗਵਾਹਾਂ ਨੂੰ ਜਾਣਦੇ ਹੋ? ਪੜ੍ਹਨ ਦਾ ਮੌਕਾ ਮਿਲਿਆ। ਮੈਂ ਹੋਰ ਜਾਣਨਾ ਚਾਹੁੰਦਾ ਹਾਂ ਅਤੇ ਬਾਈਬਲ ਸਟੱਡੀ ਕਰਨ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨਾ ਚਾਹੁੰਦਾ ਹਾਂ।” ਇਕ ਔਰਤ ਨੇ ਲਿਖਿਆ: “ਮੈਂ ਤੁਹਾਡੀ ਈਮਾਨਦਾਰੀ ਲਈ ਤੁਹਾਡਾ ਧੰਨਵਾਦ ਕਰਦੀ ਹਾਂ।” ਇਕ ਕੈਥੋਲਿਕ ਤੀਵੀਂ ਨੇ ਗਵਾਹਾਂ ਨੂੰ ਕਿਹਾ: “ਵਾਹ! ਤੁਸੀਂ ਇੰਨੀ ਦੇਰ ਬਾਅਦ ਇਨ੍ਹਾਂ ਝੂਠੀਆਂ ਗੱਲਾਂ ਦੇ ਖ਼ਿਲਾਫ਼ ਕੁਝ ਕੀਤਾ ਹੈ!”

ਪੈਰਿਸ ਦੇ ਕਈਆਂ ਨੌਜਵਾਨ ਗਵਾਹਾਂ ਨੇ ਪ੍ਰਚਾਰ ਦੀ ਇਕ ਖ਼ਾਸ ਮੁਹਿੰਮ ਵਿਚ ਹਿੱਸਾ ਲੈ ਕੇ ਆਨੰਦ ਮਾਣਿਆ। ਇਹ ਮੁਹਿੰਮ 1997 ਵਿਚ ਸੰਸਾਰ ਦੇ ਕੈਥੋਲਿਕ ਨੌਜਵਾਨਾਂ ਦੇ ਤਿਉਹਾਰ ਦੇ ਦਿਨੀਂ ਕੀਤੀ ਗਈ ਸੀ। ਉਸ ਸਮੇਂ 95 ਡਿਗਰੀ ਦੀ ਗਰਮੀ ਦੇ ਬਾਵਜੂਦ 2,500 ਨੌਜਵਾਨ ਗਵਾਹਾਂ ਨੇ ਇਸ ਮੁਹਿੰਮ ਵਿਚ ਹਿੱਸਾ ਲਿਆ। ਬੱਸ ਥੋੜ੍ਹੇ ਜਿਹੇ ਦਿਨਾਂ ਵਿਚ ਉਨ੍ਹਾਂ ਨੇ ਤਮਾਮ ਲੋਕਾਂ ਲਈ ਇਕ ਪੁਸਤਕ ਨਾਮਕ ਬ੍ਰੋਸ਼ਰ ਦੀਆਂ 18,000 ਕਾਪੀਆਂ ਦੁਨੀਆਂ ਦੇ ਹਰ ਕੋਣੇ ਤੋਂ ਆਏ ਨੌਜਵਾਨਾਂ ਨੂੰ ਵੰਡੀਆਂ। ਇਸ ਮੁਹਿੰਮ ਨੇ ਸਿਰਫ਼ ਯਹੋਵਾਹ ਦੇ ਨਾਮ ਦੀ ਗਵਾਹੀ ਹੀ ਨਹੀਂ ਦਿੱਤੀ, ਪਰ ਇਸ ਨੇ ਸੱਚਾਈ ਦੇ ਬੀ ਵੀ ਬੀਜੇ ਅਤੇ ਨੌਜਵਾਨ ਗਵਾਹਾਂ ਨੂੰ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਲਈ ਜੋਸ਼ ਨਾਲ ਭਰ ਦਿੱਤਾ। ਇਕ ਜਵਾਨ ਭੈਣ ਨੇ ਇਸ ਮੁਹਿੰਮ ਵਿਚ ਹਿੱਸਾ ਲੈਣ ਵਾਸਤੇ ਆਪਣੀਆਂ ਛੁੱਟੀਆਂ ਕੁਰਬਾਨ ਕੀਤੀਆਂ। ਉਸ ਨੇ ਲਿਖਿਆ: “ਧਰਤੀ ਉੱਤੇ ਯਹੋਵਾਹ ਦੇ ਖ਼ੁਸ਼ਨਸੀਬ ਲੋਕ ਉਸ ਦੇ ਨਾਂ ਦੀ ਵਡਿਆਈ ਕਰਨ ਵਾਸਤੇ ਆਪਣੀ ਤਾਕਤ ਵਰਤਦੇ ਹਨ। ਇਹ ਦੋ ਦਿਨ ਇੰਨੇ ਵਧੀਆ ਸਨ ਕਿ ਇਨ੍ਹਾਂ ਦੀ ਤੁਲਨਾ ਵਿਚ ਸਾਰੀ ਉਮਰ ਦੀਆਂ ਛੁੱਟੀਆਂ ਕੁਝ ਨਹੀਂ! (ਜ਼ਬੂਰ 84:10)”

ਅਠਾਈ ਫਰਵਰੀ 1998 ਦੇ ਦਿਨ ਤੋਂ 65 ਸਾਲ ਪਹਿਲਾਂ ਹਿਟਲਰ ਨੇ ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਉੱਤੇ ਪਾਬੰਦੀ ਲਾਈ ਸੀ। ਉਸ ਦਿਨ ਫਰਾਂਸ ਵਿਚ ਗਵਾਹਾਂ ਨੇ ਕਿਰਾਏ ਤੇ ਲਏ ਗਏ ਹਾਲਾਂ ਵਿਚ ਲੋਕਾਂ ਨੂੰ ਯਹੋਵਾਹ ਦੇ ਗਵਾਹ ਨਾਜ਼ੀ ਧਾਵੇ ਵਿਰੁੱਧ ਦ੍ਰਿੜ੍ਹ ਵਿਡਿਓ ਦਿਖਾਇਆ। ਇਸ ਵਿਡਿਓ ਵਿਚ ਦਿਖਾਇਆ ਜਾਂਦਾ ਹੈ ਕਿ ਯਹੋਵਾਹ ਦੇ ਲੋਕਾਂ ਨੇ ਸਤਾਹਟਾਂ ਕਿਸ ਤਰ੍ਹਾਂ ਸਹੀਆਂ ਸਨ। ਸੱਤਰ ਲੱਖ ਤੋਂ ਜ਼ਿਆਦਾ ਸੱਦੇ ਦੇ ਪਰਚੇ ਵੰਡੇ ਗਏ ਸਨ। ਇਤਿਹਾਸਕਾਰਾਂ ਅਤੇ ਨਜ਼ਰਬੰਦੀ ਕੈਂਪਾਂ ਦੇ ਸਾਬਕਾ ਕੈਦੀਆਂ ਨੇ ਜੋਸ਼ ਨਾਲ ਆਪਣੀਆਂ ਗਵਾਹੀਆਂ ਦਿੱਤੀਆਂ। ਪੈਰਿਸ ਦੇ ਇਲਾਕੇ ਵਿਚ ਤਕਰੀਬਨ 5,000 ਲੋਕ ਵਿਡਿਓ ਦੇਖਣ ਅਤੇ ਗਵਾਹੀ ਸੁਣਨ ਆਏ ਸਨ, ਜਿਨ੍ਹਾਂ ਵਿੱਚੋਂ ਕਾਫ਼ੀ ਸਾਰੇ ਯਹੋਵਾਹ ਦੇ ਗਵਾਹ ਨਹੀਂ ਸਨ।

ਪੈਰਿਸ ਦੇ ਕਈ ਵਾਸੀ ਰੂਹਾਨੀ ਚਾਨਣ ਦੀ ਬਹੁਤ ਕਦਰ ਕਰਦੇ ਹਨ ਅਤੇ ਉਹ ਖ਼ੁਸ਼ ਹਨ ਕਿ ਰਾਜ ਦਾ ਪ੍ਰਚਾਰ ਕਰਨ ਵਾਲੇ ਲੋਕ ਜੋਤਾਂ ਵਾਂਗ ਚਮਕਦੇ ਹਨ। ਯਿਸੂ ਦੀ ਗੱਲ ਸੱਚ ਹੈ: “ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ।” (ਮੱਤੀ 9:37) ਯਹੋਵਾਹ ਦੇ ਗਵਾਹ ਦ੍ਰਿੜ੍ਹਤਾ ਨਾਲ ਇਸ ਸ਼ਹਿਰ ਵਿਚ ਪ੍ਰਚਾਰ ਕਰਨ ਦੀ ਹਰ ਚੁਣੌਤੀ ਦਾ ਸਾਮ੍ਹਣਾ ਕਰਨ ਲਈ ਤਿਆਰ ਰਹੇ ਹਨ। ਇਸ ਗੱਲ ਨੇ ਪੈਰਿਸ ਨੂੰ ਇਕ ਖ਼ਾਸ ਤਰੀਕੇ ਵਿਚ ਪ੍ਰਕਾਸ਼ਮਾਨ ਨਗਰ ਬਣਾਇਆ ਹੈ, ਜਿੱਥੇ ਯਹੋਵਾਹ ਦੀ ਵਡਿਆਈ ਕੀਤੀ ਜਾ ਰਹੀ ਹੈ।

[ਸਫ਼ੇ 9 ਉੱਤੇ ਤਸਵੀਰ]

ਸਿਟੀ ਹਾਲ

[ਸਫ਼ੇ 9 ਉੱਤੇ ਤਸਵੀਰ]

ਲੂਵਰ ਮਿਊਜ਼ੀਅਮ

[ਸਫ਼ੇ 9 ਉੱਤੇ ਤਸਵੀਰ]

ਓਪੇਰਾ ਗਾਮੀਯਰ

[ਸਫ਼ੇ 10 ਉੱਤੇ ਤਸਵੀਰਾਂ]

ਮਸ਼ਰੂਫ਼ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਦੇਣਾ ਜਿੱਥੇ ਮਰਜ਼ੀ ਉਹ ਮਿਲਣ