Skip to content

Skip to table of contents

ਭਲਿਆਈ ਕਰਦਿਆਂ ਅੱਕ ਨਾ ਜਾਓ

ਭਲਿਆਈ ਕਰਦਿਆਂ ਅੱਕ ਨਾ ਜਾਓ

ਭਲਿਆਈ ਕਰਦਿਆਂ ਅੱਕ ਨਾ ਜਾਓ

“ਭਲਿਆਈ ਕਰਦਿਆਂ ਅਸੀਂ ਅੱਕ ਨਾਂ ਜਾਈਏ ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ।”​—ਗਲਾਤੀਆਂ 6:9.

1, 2. (ੳ) ਪਰਮੇਸ਼ੁਰ ਦੀ ਸੇਵਾ ਵਿਚ ਧੀਰਜ ਕਰਨ ਅਤੇ ਦ੍ਰਿੜ੍ਹ ਰਹਿਣ ਦੀ ਜ਼ਰੂਰਤ ਕਿਉਂ ਹੈ? (ਅ) ਅਬਰਾਹਾਮ ਨੇ ਕਿਨ੍ਹਾਂ ਹਾਲਾਤਾਂ ਦੌਰਾਨ ਧੀਰਜ ਰੱਖਿਆ ਸੀ, ਅਤੇ ਇਸ ਤਰ੍ਹਾਂ ਕਰਨ ਵਿਚ ਕਿਸ ਗੱਲ ਨੇ ਉਸ ਦੀ ਮਦਦ ਕੀਤੀ ਸੀ?

ਯਹੋਵਾਹ ਦੇ ਗਵਾਹਾਂ ਵਜੋਂ ਅਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਖ਼ੁਸ਼ ਹੁੰਦੇ ਹਾਂ। ਅਸੀਂ ਯਿਸੂ ਦੇ ਚੇਲੇ ਬਣ ਕੇ ਉਸ ਦਾ “ਜੂਲਾ” ਚੁੱਕਣ ਵਿਚ ਅਰਾਮ ਵੀ ਪਾਉਂਦੇ ਹਾਂ। (ਮੱਤੀ 11:29) ਮਸੀਹ ਦੇ ਨਾਲ, ਯਹੋਵਾਹ ਦੀ ਸੇਵਾ ਕਰਨੀ ਹਮੇਸ਼ਾ ਸੌਖੀ ਨਹੀਂ ਹੁੰਦੀ। ਪੌਲੁਸ ਰਸੂਲ ਨੇ ਇਹ ਗੱਲ ਸਪੱਸ਼ਟ ਕੀਤੀ ਸੀ ਜਦੋਂ ਉਸ ਨੇ ਸੰਗੀ ਮਸੀਹੀਆਂ ਨੂੰ ਕਿਹਾ ਕਿ “ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਭਈ ਤੁਸੀਂ ਪਰਮੇਸ਼ੁਰ ਦੀ ਇੱਛਿਆ ਨੂੰ ਪੂਰਿਆਂ ਕਰ ਕੇ ਵਾਇਦੇ ਨੂੰ ਪਰਾਪਤ ਕਰੋ।” (ਇਬਰਾਨੀਆਂ 10:36) ਪਰਮੇਸ਼ੁਰ ਦੀ ਸੇਵਾ ਕਰਨ ਵਿਚ ਮੁਸ਼ਕਲਾਂ ਪੇਸ਼ ਹੋ ਸਕਦੀਆਂ ਹਨ, ਇਸ ਲਈ ਸਾਨੂੰ ਧੀਰਜ ਕਰਨ ਅਤੇ ਦ੍ਰਿੜ੍ਹ ਰਹਿਣ ਦੀ ਜ਼ਰੂਰਤ ਹੈ।

2 ਅਬਰਾਹਾਮ ਦੀ ਜ਼ਿੰਦਗੀ ਇਸ ਗੱਲ ਦਾ ਸਬੂਤ ਸੀ। ਕਈ ਵਾਰ ਉਸ ਨੂੰ ਮੁਸ਼ਕਲ ਹਾਲਤਾਂ ਵਿਚ ਔਖੇ ਫ਼ੈਸਲੇ ਕਰਨੇ ਪਏ ਸਨ। ਊਰ ਦੀ ਐਸ਼ੋ-ਆਰਾਮ ਵਾਲੀ ਜ਼ਿੰਦਗੀ ਛੱਡਣ ਤੋਂ ਬਾਅਦ ਉਸ ਨੂੰ ਕਈਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਸੀ। ਥੋੜ੍ਹੇ ਹੀ ਚਿਰ ਬਾਅਦ ਉਸ ਨੂੰ ਕਾਲ, ਗੁਆਂਢੀਆਂ ਦੀ ਨਫ਼ਰਤ, ਪਤਨੀ ਖੋਹਣ ਦਾ ਖ਼ਤਰਾ, ਰਿਸ਼ਤੇਦਾਰਾਂ ਦੀ ਨਾਰਾਜ਼ਗੀ, ਅਤੇ ਯੁੱਧ ਦੀ ਕਠੋਰਤਾ ਵਰਗੀਆਂ ਚੀਜ਼ਾਂ ਦਾ ਸਾਮ੍ਹਣਾ ਕਰਨਾ ਪਿਆ। ਪਰ ਉਸ ਨੂੰ ਇਨ੍ਹਾਂ ਨਾਲੋਂ ਵੀ ਵੱਡੀਆਂ ਪਰੀਖਿਆਵਾਂ ਦਾ ਸਾਮ੍ਹਣਾ ਕਰਨਾ ਪੈਣਾ ਸੀ। ਫਿਰ ਵੀ ਅਬਰਾਹਾਮ ਕਦੀ ਵੀ ਭਲਿਆਈ ਕਰਦਿਆਂ ਅੱਕਿਆ ਨਹੀਂ। ਇਹ ਬੜੀ ਅਨੋਖੀ ਗੱਲ ਸੀ, ਕਿਉਂਕਿ ਉਸ ਕੋਲ ਪਰਮੇਸ਼ੁਰ ਦਾ ਪੂਰਾ ਬਚਨ ਨਹੀਂ ਸੀ, ਜਿਵੇਂ ਕਿ ਅੱਜ ਸਾਡੇ ਕੋਲ ਹੈ। ਪਰ ਉਸ ਨੂੰ ਬਾਈਬਲ ਦੀ ਪਹਿਲੀ ਭਵਿੱਖਬਾਣੀ ਬਾਰੇ ਪਤਾ ਸੀ ਜਿਸ ਵਿਚ ਪਰਮੇਸ਼ੁਰ ਨੇ ਕਿਹਾ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ।” (ਉਤਪਤ 3:15) ਕਿਉਂ ਜੋ ਤੀਵੀਂ ਦੀ ਸੰਤਾਨ ਨੇ ਅਬਰਾਹਾਮ ਦੇ ਘਰਾਣੇ ਰਾਹੀਂ ਆਉਣਾ ਸੀ, ਸ਼ਤਾਨ ਨੇ ਅਬਰਾਹਾਮ ਨਾਲ ਬਹੁਤ ਵੈਰ ਕੀਤਾ। ਅਬਰਾਹਾਮ ਇਹ ਗੱਲ ਸਮਝਦਾ ਸੀ ਇਸ ਲਈ ਉਹ ਧੀਰਜ ਨਾਲ ਪਰੀਖਿਆਵਾਂ ਦਾ ਸਾਮ੍ਹਣਾ ਕਰ ਸਕਿਆ।

3. (ੳ) ਯਹੋਵਾਹ ਦੇ ਲੋਕ ਕਿਸ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਨੂੰ ਪਰੀਖਿਆਵਾਂ ਦਾ ਸਾਮ੍ਹਣਾ ਕਰਨਾ ਪਵੇਗਾ? (ਅ) ਗਲਾਤੀਆਂ 6:9 ਵਿਚ ਪੌਲੁਸ ਨੇ ਸਾਡਾ ਹੌਸਲਾ ਵਧਾਉਣ ਲਈ ਕੀ ਕਿਹਾ ਸੀ?

3 ਯਹੋਵਾਹ ਦੇ ਮੌਜੂਦਾ ਲੋਕ ਵੀ ਜਾਣਦੇ ਹਨ ਕਿ ਉਨ੍ਹਾਂ ਨੂੰ ਪਰੀਖਿਆਵਾਂ ਦਾ ਸਾਮ੍ਹਣਾ ਕਰਨਾ ਪੈਣਾ ਹੈ। (1 ਪਤਰਸ 1:6, 7) ਪਰਕਾਸ਼ ਦੀ ਪੋਥੀ 12:17 ਵਿਚ ਸਾਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਸ਼ਤਾਨ ਮਸਹ ਕੀਤੇ ਹੋਏ ਬਕੀਏ ਨਾਲ ‘ਜੁੱਧ ਕਰ’ ਰਿਹਾ ਹੈ। ਉਹ ‘ਹੋਰ ਭੇਡਾਂ’ ਉੱਤੇ ਵੀ ਹਮਲਾ ਕਰਦਾ ਹੈ ਕਿਉਂਕਿ ਉਹ ਮਸਹ ਕੀਤੇ ਹੋਇਆਂ ਨਾਲ ਸੰਗਤ ਰੱਖਦੀਆਂ ਹਨ। (ਯੂਹੰਨਾ 10:16) ਸੇਵਕਾਈ ਵਿਚ ਵਿਰੋਧਤਾ ਦਾ ਸਾਮ੍ਹਣਾ ਕਰਨ ਤੋਂ ਇਲਾਵਾ ਮਸੀਹੀ ਆਪਣੀ ਨਿੱਜੀ ਜ਼ਿੰਦਗੀ ਵਿਚ ਵੀ ਅਜ਼ਮਾਇਸ਼ਾਂ ਅਨੁਭਵ ਕਰਦੇ ਹਨ। ਪੌਲੁਸ ਨੇ ਕਿਹਾ ਕਿ “ਭਲਿਆਈ ਕਰਦਿਆਂ ਅਸੀਂ ਅੱਕ ਨਾਂ ਜਾਈਏ ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ।” (ਗਲਾਤੀਆਂ 6:9) ਜੀ ਹਾਂ, ਭਾਵੇਂ ਸ਼ਤਾਨ ਸਾਡੀ ਨਿਹਚਾ ਨੂੰ ਮਿਟਾਉਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ, ਸਾਨੂੰ ਨਿਹਚਾ ਵਿਚ ਤਕੜੇ ਹੋ ਕੇ ਉਸ ਦਾ ਸਾਮ੍ਹਣਾ ਕਰਨਾ ਚਾਹੀਦਾ ਹੈ। (1 ਪਤਰਸ 5:8, 9) ਮੁਸ਼ਕਲਾਂ ਨੂੰ ਵਫ਼ਾਦਾਰੀ ਨਾਲ ਸਹਿਣ ਦਾ ਕੀ ਨਤੀਜਾ ਹੋ ਸਕਦਾ ਹੈ? ਯਾਕੂਬ 1:2, 3 ਸਮਝਾਉਂਦਾ ਹੈ: “ਹੇ ਮੇਰੇ ਭਰਾਵੋ, ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰਨ ਅਨੰਦ ਦੀ ਗੱਲ ਜਾਣੋ। ਕਿਉਂ ਜੋ ਤੁਸੀਂ ਜਾਣਦੇ ਹੋ ਭਈ ਤੁਹਾਡੀ ਨਿਹਚਾ ਦੀ ਪਰੀਖਿਆ ਧੀਰਜ ਬਣਾਉਂਦੀ ਹੈ।”

ਹਮਲੇ

4. ਹਮਲੇ ਕਰਨ ਦੁਆਰ ਸ਼ਤਾਨ ਨੇ ਪਰਮੇਸ਼ੁਰ ਦੇ ਲੋਕਾਂ ਦੀ ਨਿਹਚਾ ਤੋੜਨ ਦੀ ਕੋਸ਼ਿਸ਼ ਕਿਵੇਂ ਕੀਤੀ ਹੈ?

4 ਅਬਰਾਹਾਮ ਨੇ ਉਨ੍ਹਾਂ “ਭਾਂਤ ਭਾਂਤ ਦੇ ਪਰਤਾਵਿਆਂ” ਨੂੰ ਪ੍ਰਗਟ ਕੀਤਾ ਜੋ ਅੱਜ ਮਸੀਹੀਆਂ ਉੱਤੇ ਆ ਸਕਦੇ ਹਨ। ਮਿਸਾਲ ਲਈ, ਉਸ ਨੂੰ ਸਿਨਾਰ ਦੇ ਹਮਲਾਵਰਾਂ ਦਾ ਸਾਮ੍ਹਣਾ ਕਰਨਾ ਪਿਆ ਸੀ। (ਉਤਪਤ 14:11-16) ਇਸ ਗੱਲ ਵਿਚ ਕੋਈ ਹੈਰਾਨੀ ਨਹੀਂ ਕਿ ਸ਼ਤਾਨ ਹੁਣ ਵੀ ਮਸੀਹੀਆਂ ਉੱਤੇ ਹਮਲੇ ਕਰਦਾ ਹੈ। ਦੂਸਰੇ ਵਿਸ਼ਵ ਯੁੱਧ ਦੇ ਅੰਤ ਤੋਂ ਲੈ ਕੇ ਕਈਆਂ ਦੇਸ਼ਾਂ ਦੀਆਂ ਸਰਕਾਰਾਂ ਨੇ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਦੇ ਕੰਮ ਉੱਤੇ ਪਾਬੰਦੀਆਂ ਲਾਈਆਂ ਹਨ। ਸਾਲ 2001 ਦੀ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ ਦੱਸਦੀ ਹੈ ਕਿ ਅੰਗੋਲਾ ਦੇ ਮਸੀਹੀਆਂ ਨੂੰ ਦੁਸ਼ਮਣਾਂ ਦੇ ਕਿੰਨੇ ਹਮਲੇ ਸਹਿਣੇ ਪਏ ਹਨ। ਅਜਿਹੇ ਦੇਸ਼ਾਂ ਵਿਚ ਯਹੋਵਾਹ ਉੱਤੇ ਭਰੋਸਾ ਰੱਖਣ ਦੁਆਰਾ ਸਾਡਿਆਂ ਭੈਣਾਂ-ਭਰਾਵਾਂ ਨੇ ਦ੍ਰਿੜ੍ਹਤਾ ਕਾਇਮ ਰੱਖੀ ਅਤੇ ਹਾਰ ਨਹੀਂ ਮੰਨੀ! ਉਹ ਬਦਲਾ ਲੈਣ ਜਾਂ ਬਗਾਵਤ ਕਰਨ ਦੀ ਬਜਾਇ ਸੂਝ ਨਾਲ ਪ੍ਰਚਾਰ ਦੇ ਕੰਮ ਵਿਚ ਲੱਗੇ ਰਹੇ ਹਨ।​—ਮੱਤੀ 24:14.

5. ਮਸੀਹੀ ਬੱਚੇ ਸਕੂਲੇ ਹਮਲਿਆਂ ਦੇ ਸ਼ਿਕਾਰ ਕਿਵੇਂ ਬਣ ਸਕਦੇ ਹਨ?

5 ਲੇਕਿਨ ਹਮਲੇ ਹਮੇਸ਼ਾ ਹਿੰਸਕ ਨਹੀਂ ਹੁੰਦੇ। ਇਹ ਗੱਲ ਅਸੀਂ ਅਬਰਾਹਾਮ ਦੇ ਦੋ ਪੁੱਤਰਾਂ, ਇਸਮਾਏਲ ਅਤੇ ਇਸਹਾਕ ਤੋਂ ਦੇਖ ਸਕਦੇ ਹਾਂ ਜੋ ਕਈਆਂ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਉਸ ਦੇ ਘਰ ਪੈਦਾ ਹੋਏ ਸਨ। ਉਤਪਤ 21:8-12 ਵਿਚ ਲਿਖਿਆ ਹੈ ਕਿ ਇਕ ਵਾਰ ਇਸਮਾਏਲ ਨੇ “ਹਿੜ ਹਿੜ” ਕਰ ਕੇ ਇਸਹਾਕ ਦਾ ਮਜ਼ਾਕ ਉਡਾਇਆ ਸੀ। ਗਲਾਤੀਆਂ ਨੂੰ ਲਿਖਦੇ ਹੋਏ ਪੌਲੁਸ ਨੇ ਸਮਝਾਇਆ ਕਿ ਇਹ ਬੱਚਿਆਂ ਵਿਚਕਾਰ ਹਾਸਾ-ਮਜ਼ਾਕ ਨਹੀਂ ਸੀ, ਪਰ ਇਸਮਾਏਲ ਇਸਹਾਕ ਨੂੰ ਸਤਾਉਂਦਾ ਸੀ! (ਗਲਾਤੀਆਂ 4:29) ਇਸ ਲਈ ਸਕੂਲ ਦੇ ਬੱਚਿਆਂ ਦਾ ਮਖੌਲ ਅਤੇ ਵਿਰੋਧੀਆਂ ਦੀਆਂ ਟਿੱਚਰਾਂ ਨੂੰ ਵੀ ਹਮਲੇ ਕਿਹਾ ਜਾ ਸਕਦਾ ਹੈ। ਰਾਯਨ ਨਾਂ ਦਾ ਇਕ ਮਸੀਹੀ ਦੱਸਦਾ ਹੈ ਕਿ ਉਸ ਦੀ ਕਲਾਸ ਦੇ ਸਾਥੀ ਉਸ ਨੂੰ ਕਿਵੇਂ ਸਤਾਉਂਦੇ ਹੁੰਦੇ ਸਨ: “ਸਕੂਲੇ ਜਾਣ-ਆਉਣ ਲਈ ਬਸ ਵਿਚ ਪੰਦਰਾਂ ਮਿੰਟਾਂ ਦਾ ਸਫ਼ਰ ਮੇਰੇ ਲਈ ਕਈ ਘੰਟਿਆਂ ਦੇ ਬਰਾਬਰ ਸੀ, ਕਿਉਂਕਿ ਦੂਜੇ ਬੱਚੇ ਮੇਰਾ ਮਖੌਲ ਉਡਾਉਂਦੇ ਹੁੰਦੇ ਸਨ। ਉਹ ਆਪਣੇ ਸਿਗਰਟ ਦੇ ਲਾਈਟਰ ਨਾਲ ਬਕਸੂਏ ਵਰਗੇ ਕਲਿੱਪ ਗਰਮ ਕਰ-ਕਰ ਕੇ ਮੈਨੂੰ ਜਾਲਦੇ ਹੁੰਦੇ ਸਨ।” ਉਹ ਇਸ ਤਰ੍ਹਾਂ ਕਿਉਂ ਕਰਦੇ ਸੀ? ਕਿਉਂਕਿ “ਮੈਂ ਪਰਮੇਸ਼ੁਰ ਦੇ ਸੰਗਠਨ ਦੁਆਰਾ ਮਿਲੀ ਸਿੱਖਿਆ ਕਰਕੇ ਦੂਸਰਿਆਂ ਬੱਚਿਆਂ ਨਾਲੋਂ ਅਲੱਗ ਸੀ।” ਫਿਰ ਵੀ ਰਾਯਨ ਆਪਣੇ ਮਾਪਿਆਂ ਦੇ ਸਹਾਰੇ ਨਾਲ ਦ੍ਰਿੜ੍ਹ ਰਹਿ ਸਕਿਆ। ਨੌਜਵਾਨੋ ਕੀ ਤੁਸੀਂ ਆਪਣੇ ਹਾਣੀਆਂ ਦੇ ਤਾਅਨਿਆਂ ਕਾਰਨ ਨਿਰਾਸ਼ ਹੁੰਦੇ ਹੋ? ਜੇ ਹੁੰਦੇ ਹੋ, ਤਾਂ ਹਾਰ ਨਾ ਮੰਨੋ! ਵਫ਼ਾਦਾਰੀ ਨਾਲ ਦ੍ਰਿੜ੍ਹ ਰਹਿਣ ਦੁਆਰਾ ਤੁਸੀਂ ਯਿਸੂ ਦੇ ਸ਼ਬਦਾਂ ਦੀ ਪੂਰਤੀ ਅਨੁਭਵ ਕਰੋਗੇ: “ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ।”​—ਮੱਤੀ 5:11.

ਰੋਜ਼ ਦੀਆਂ ਚਿੰਤਾਵਾਂ

6. ਕਿਹੜੀਆਂ ਗੱਲਾਂ ਅੱਜ-ਕੱਲ੍ਹ ਮਸੀਹੀਆਂ ਦੀ ਸ਼ਾਂਤੀ ਨੂੰ ਖ਼ਤਰੇ ਵਿਚ ਪਾ ਸਕਦੀਆਂ ਹਨ?

6 ਅੱਜ-ਕੱਲ੍ਹ ਜ਼ਿਆਦਾਤਰ ਪਰੀਖਿਆਵਾਂ ਰੋਜ਼ ਦੀਆਂ ਚਿੰਤਾਵਾਂ ਕਰਕੇ ਆਉਂਦੀਆਂ ਹਨ। ਅਬਰਾਹਾਮ ਨੂੰ ਵੀ ਉਸ ਸਮੱਸਿਆ ਬਾਰੇ ਕੁਝ ਕਰਨਾ ਪਿਆ ਸੀ ਜੋ ਉਸ ਦੇ ਅਤੇ ਲੂਤ ਦੇ ਪਾਲੀਆਂ ਵਿਚਕਾਰ ਖੜ੍ਹੀ ਹੋਈ ਸੀ। (ਉਤਪਤ 13:5-7) ਇਸੇ ਤਰ੍ਹਾਂ ਅੱਜ ਵੀ ਵੱਖਰੇ-ਵੱਖਰੇ ਸੁਭਾਵਾਂ ਕਰਕੇ ਅਤੇ ਛੋਟੀਆਂ-ਛੋਟੀਆਂ ਗੱਲਾਂ ਤੋਂ ਜਲਣ ਕਰਕੇ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਇਨ੍ਹਾਂ ਅਣ-ਬਣਾਂ ਕਰਕੇ ਕਲੀਸਿਯਾ ਦੀ ਸ਼ਾਂਤੀ ਵੀ ਖ਼ਤਰੇ ਵਿਚ ਪੈ ਸਕਦੀ ਹੈ। “ਜਿੱਥੇ ਈਰਖਾ ਅਤੇ ਧੜੇਬਾਜ਼ੀ ਹੁੰਦੀ ਹੈ ਉੱਥੇ ਘਮਸਾਣ ਅਤੇ ਹਰ ਭਾਂਤ ਦਾ ਮੰਦਾ ਕੰਮ ਹੁੰਦਾ ਹੈ।” (ਯਾਕੂਬ 3:16) ਸਾਡੇ ਲਈ ਇਹ ਗੱਲ ਕਿੰਨੀ ਜ਼ਰੂਰੀ ਹੈ ਕਿ ਅਸੀਂ ਘਮੰਡ ਕਰਨ ਦੀ ਬਜਾਇ ਅਬਰਾਹਾਮ ਵਾਂਗ ਹਮੇਸ਼ਾ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਰਹੀਏ ਅਤੇ ਦੂਸਰਿਆਂ ਦਾ ਭਲਾ ਕਰੀਏ!​—1 ਕੁਰਿੰਥੀਆਂ 13:5; ਯਾਕੂਬ 3:17.

7. (ੳ) ਇਕ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ ਜੇ ਕਿਸੇ ਸੰਗੀ ਮਸੀਹੀ ਨੇ ਉਸ ਦੇ ਦਿਲ ਨੂੰ ਦੁੱਖ ਪਹੁੰਚਾਇਆ ਹੋਵੇ? (ਅ) ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਵਿਚ ਅਬਰਾਹਾਮ ਨੇ ਇਕ ਵਧੀਆ ਮਿਸਾਲ ਕਿਵੇਂ ਕਾਇਮ ਕੀਤੀ ਸੀ?

7 ਸ਼ਾਂਤੀ ਬਣਾਈ ਰੱਖਣੀ ਉਦੋਂ ਮੁਸ਼ਕਲ ਹੋ ਜਾਂਦੀ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਕਿਸੇ ਮਸੀਹੀ ਨੇ ਸਾਡੇ ਨਾਲ ਕੁਝ ਬੁਰਾ ਕੀਤਾ ਹੈ। ਕਹਾਉਤਾਂ 12:18 ਵਿਚ ਲਿਖਿਆ ਹੈ: “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ।” ਬਿਨਾਂ ਸੋਚੇ-ਸਮਝੇ ਕਹੀਆਂ ਗੱਲਾਂ ਦੁੱਖ ਪਹੁੰਚਾ ਸਕਦੀਆਂ ਹਨ ਭਾਵੇਂ ਉਹ ਨੇਕ ਇਰਾਦੇ ਨਾਲ ਕਿਉਂ ਨਾ ਕਹੀਆਂ ਗਈਆਂ ਹੋਣ। ਪਰ ਉਦੋਂ ਜ਼ਿਆਦਾ ਦੁੱਖ ਲੱਗਦਾ ਹੈ ਜਦੋਂ ਸਾਡੇ ਉੱਤੇ ਝੂਠਾ ਦੋਸ਼ ਲਗਾਇਆ ਜਾਂਦਾ ਹੈ ਜਾਂ ਸਾਡੇ ਬਾਰੇ ਚੁਗ਼ਲੀਆਂ ਕੀਤੀਆਂ ਜਾਂਦੀਆਂ ਹਨ। (ਜ਼ਬੂਰ 6:6, 7) ਪਰ ਕਿਸੇ ਵੀ ਮਸੀਹੀ ਨੂੰ ਇਨ੍ਹਾਂ ਗੱਲਾਂ ਕਰਕੇ ਹਾਰ ਨਹੀਂ ਮੰਨਣੀ ਚਾਹੀਦੀ! ਜੇਕਰ ਤੁਹਾਡੇ ਦਿਲ ਨੂੰ ਠੇਸ ਪਹੁੰਚੀ ਹੈ ਤਾਂ ਪਿਆਰ ਨਾਲ ਦੂਸਰੇ ਨਾਲ ਗੱਲ ਕਰ ਕੇ ਮਾਮਲੇ ਨੂੰ ਸੁਧਾਰਨ ਲਈ ਕਦਮ ਚੁੱਕੋ। (ਮੱਤੀ 5:23, 24; ਅਫ਼ਸੀਆਂ 4:26) ਉਸ ਵਿਅਕਤੀ ਨੂੰ ਮਾਫ਼ ਕਰਨ ਲਈ ਤਿਆਰ ਹੋਵੋ। (ਕੁਲੁੱਸੀਆਂ 3:13) ਗੁੱਸਾ ਛੱਡਣ ਦੁਆਰਾ ਤੁਸੀਂ ਦੋਵੇਂ ਆਪਣੇ ਅਤੇ ਦੂਸਰੇ ਦਿਆਂ ਜ਼ਖ਼ਮਾਂ ਉੱਤੇ ਮਲ੍ਹਮ ਲਗਾ ਕੇ ਆਪਣੇ ਰਿਸ਼ਤੇ ਨੂੰ ਸੁਧਾਰ ਸਕਦੇ ਹੋ। ਅਬਰਾਹਾਮ ਦੇ ਦਿਲ ਵਿਚ ਲੂਤ ਬਾਰੇ ਕੋਈ ਬੁਰੀ ਗੱਲ ਨਹੀਂ ਸੀ, ਉਹ ਉਸ ਨਾਲ ਜ਼ਰਾ ਵੀ ਨਾਰਾਜ਼ ਨਹੀਂ ਸੀ। ਸਾਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਕਿਉਂਕਿ ਅਬਰਾਹਾਮ ਤੇਜ਼ੀ ਨਾਲ ਲੂਤ ਅਤੇ ਉਸ ਦੇ ਪਰਿਵਾਰ ਨੂੰ ਵੈਰੀਆਂ ਦੇ ਹੱਥੋਂ ਛੁਡਾਉਣ ਗਿਆ ਸੀ।​—ਉਤਪਤ 14:12-16.

ਪਰੀਖਿਆਵਾਂ ਜੋ ਅਸੀਂ ਆਪਣੇ ਆਪ ਤੇ ਲਿਆਉਂਦੇ ਹਾਂ

8. (ੳ) ਇਕ ਮਸੀਹੀ ‘ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਕਿਵੇਂ ਵਿੰਨ੍ਹ’ ਸਕਦਾ ਹੈ? (ਅ) ਅਬਰਾਹਾਮ ਧੰਨ-ਦੌਲਤ ਬਾਰੇ ਸਹੀ ਰਵੱਈਆ ਕਿਉਂ ਰੱਖ ਸਕਿਆ ਸੀ?

8 ਸਾਨੂੰ ਇਹ ਸਵੀਕਾਰ ਕਰਨਾ ਪੈਂਦਾ ਹੈ ਕਿ ਕੁਝ ਪਰੀਖਿਆਵਾਂ ਅਸੀਂ ਆਪਣੇ ਆਪ ਤੇ ਲਿਆਉਂਦੇ ਹਾਂ। ਮਿਸਾਲ ਲਈ, ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਹੁਕਮ ਦਿੱਤਾ ਸੀ: “ਆਪਣੇ ਲਈ ਧਰਤੀ ਉੱਤੇ ਧਨ ਨਾ ਜੋੜੋ ਜਿੱਥੇ ਕੀੜਾ ਅਤੇ ਜੰਗਾਲ ਵਿਗਾੜਦਾ ਹੈ ਅਰ ਜਿੱਥੇ ਚੋਰ ਸੰਨ੍ਹ ਮਾਰਦੇ ਅਤੇ ਚੁਰਾਉਂਦੇ ਹਨ।” (ਮੱਤੀ 6:19) ਲੇਕਿਨ ਕੁਝ ਭੈਣ-ਭਰਾ ਧੰਨ-ਦੌਲਤ ਨੂੰ ਰਾਜ ਦਿਆਂ ਕੰਮਾਂ ਤੋਂ ਪਹਿਲਾਂ ਭਾਲਣ ਦੁਆਰਾ ‘ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਦੇ ਹਨ।’ (1 ਤਿਮੋਥਿਉਸ 6:9, 10) ਅਬਰਾਹਾਮ ਪਰਮੇਸ਼ੁਰ ਦੀ ਸੇਵਾ ਕਰਨ ਲਈ ਐਸ਼ੋ-ਆਰਾਮ ਵਾਲੀ ਜ਼ਿੰਦਗੀ ਤਿਆਗਣ ਲਈ ਤਿਆਰ ਸੀ। “ਨਿਹਚਾ ਨਾਲ ਉਹ ਵਾਇਦੇ ਵਾਲੀ ਧਰਤੀ ਵਿੱਚ ਜਾ ਵੱਸਿਆ ਜਿਵੇਂ ਪਰਾਈ ਧਰਤੀ ਵਿੱਚ ਉਹ ਨੇ ਇਸਹਾਕ ਅਤੇ ਯਾਕੂਬ ਦੇ ਨਾਲ ਜਿਹੜੇ ਉਹ ਦੇ ਸੰਗ ਓਸੇ ਵਾਇਦੇ ਦੇ ਅਧਕਾਰੀ ਸਨ ਤੰਬੂਆਂ ਵਿੱਚ ਵਾਸ ਕੀਤਾ। ਕਿਉਂ ਜੋ ਉਹ ਉਸ ਨਗਰ ਦੀ ਉਡੀਕ ਕਰਦਾ ਸੀ ਜਿਹ ਦੀਆਂ ਨੀਹਾਂ ਹਨ ਅਤੇ ਜਿਹ ਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ੁਰ ਹੈ।” (ਇਬਰਾਨੀਆਂ 11:9, 10) ਅਬਰਾਹਾਮ ਭਵਿੱਖ ਦੇ ਉਸ “ਨਗਰ,” ਜਾਂ ਪਰਮੇਸ਼ੁਰ ਦੇ ਰਾਜ ਵਿਚ ਪੂਰਾ ਭਰੋਸਾ ਰੱਖਦਾ ਸੀ ਅਤੇ ਇਸ ਗੱਲ ਨੇ ਉਸ ਨੂੰ ਧਨ-ਦੌਲਤ ਉੱਤੇ ਭਰੋਸਾ ਰੱਖਣ ਤੋਂ ਬਚਾਇਆ। ਸਾਡੇ ਲਈ ਇਹ ਕਿੰਨੀ ਵਧੀਆ ਮਿਸਾਲ ਹੈ!

9, 10. (ੳ) ਵੱਡੇ ਹੋਣ ਦੀ ਇੱਛਾ ਰੱਖਣ ਕਾਰਨ ਪਰੀਖਿਆਵਾਂ ਕਿਵੇਂ ਆ ਸਕਦੀ ਹੈ? (ਅ) ਇਕ ਭਰਾ ਆਪਣੇ ਆਪ ਨੂੰ “ਹੋਰਨਾਂ ਨਾਲੋਂ ਛੋਟਾ” ਕਿਵੇਂ ਸਮਝ ਸਕਦਾ ਹੈ?

9 ਚਲੋ ਆਪਾਂ ਇਕ ਹੋਰ ਗੱਲ ਵੱਲ ਜ਼ਰਾ ਧਿਆਨ ਦੇਈਏ। ਬਾਈਬਲ ਇਹ ਸਖ਼ਤ ਚੇਤਾਵਨੀ ਦਿੰਦੀ ਹੈ ਕਿ “ਜੇ ਕੋਈ ਆਪਣੇ ਆਪ ਨੂੰ ਕੁਝ ਸਮਝੇ ਅਤੇ ਹੋਵੇ ਕੁਝ ਵੀ ਨਾ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ।” (ਗਲਾਤੀਆਂ 6:3) ਇਸ ਦੇ ਨਾਲ-ਨਾਲ ਸਾਨੂੰ ‘ਧੜੇ ਬਾਜ਼ੀਆਂ ਅਥਵਾ ਫੋਕੇ ਘੁਮੰਡ ਨਾਲ ਕੁਝ ਨਹੀਂ ਕਰਨਾ ਚਾਹੀਦਾ ਸਗੋਂ ਸਭ ਕੁਝ ਅਧੀਨਗੀ ਨਾਲ ਕਰਨਾ ਚਾਹੀਦਾ ਹੈ।’ (ਫ਼ਿਲਿੱਪੀਆਂ 2:3) ਕੁਝ ਲੋਕ ਇਸ ਸਲਾਹ ਨੂੰ ਠੁਕਰਾ ਕੇ ਆਪਣੇ ਆਪ ਉੱਤੇ ਪਰੀਖਿਆਵਾਂ ਲਿਆਉਂਦੇ ਹਨ। “ਚੰਗੇ ਕੰਮ” ਕਰਨ ਦੀ ਇੱਛਾ ਰੱਖਣ ਦੀ ਬਜਾਇ ਉਹ ਵੱਡੇ ਬਣਨਾ ਚਾਹੁੰਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਕਲੀਸਿਯਾ ਵਿਚ ਕੋਈ ਜ਼ਿੰਮੇਵਾਰੀ ਚੁੱਕਣ ਦਾ ਸਨਮਾਨ ਨਹੀਂ ਦਿੱਤਾ ਜਾਂਦਾ ਤਾਂ ਉਹ ਨਿਰਾਸ਼ ਹੋ ਜਾਂਦੇ ਹਨ।​—1 ਤਿਮੋਥਿਉਸ 3:1.

10 ਇਸ ਵਿਚ ਅਬਰਾਹਾਮ ਨੇ ਸਾਡੇ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ ਸੀ ਕਿਉਂਕਿ ਉਹ ‘ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਹੀਂ ਸਮਝਦਾ’ ਸੀ। (ਰੋਮੀਆਂ 12:3) ਪਰਮੇਸ਼ੁਰ ਨਾਲ ਅਬਰਾਹਾਮ ਦਾ ਬਹੁਤ ਚੰਗਾ ਰਿਸ਼ਤਾ ਸੀ। ਪਰ ਜਦੋਂ ਉਹ ਮਲਕਿ-ਸਿਦਕ ਨੂੰ ਮਿਲਿਆ ਸੀ ਤਾਂ ਉਸ ਨੇ ਇਹ ਨਹੀਂ ਸੋਚਿਆ ਸੀ ਕਿ ਮੈਂ ਉਸ ਨਾਲੋਂ ਉੱਚਾ ਹਾਂ ਕਿਉਂਕਿ ਮੈਂ ਪਰਮੇਸ਼ੁਰ ਦਾ ਪਿਆਰਾ ਸੇਵਕ ਹਾਂ। ਇਸ ਦੀ ਬਜਾਇ, ਉਸ ਨੇ ਦਸਵਾਂ ਹਿੱਸਾ ਦੇ ਕਿ ਮਲਕਿ-ਸਿਦਕ ਦੀ ਉੱਚੀ ਪਦਵੀ ਦੀ ਕਦਰ ਕੀਤੀ ਸੀ। (ਇਬਰਾਨੀਆਂ 7:4-7) ਅੱਜ ਮਸੀਹੀਆਂ ਨੂੰ ਵੀ ਇਸੇ ਤਰ੍ਹਾਂ ਆਪਣੇ ਆਪ ਨੂੰ “ਹੋਰਨਾਂ ਨਾਲੋਂ ਛੋਟਾ” ਸਮਝਣਾ ਚਾਹੀਦਾ ਹੈ, ਅਤੇ ਆਪਣੇ ਆਪ ਵੱਲ ਧਿਆਨ ਖਿੱਚਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। (ਲੂਕਾ 9:48) ਜੇਕਰ ਇਸ ਤਰ੍ਹਾਂ ਲੱਗਦਾ ਹੈ ਕਿ ਕਲੀਸਿਯਾ ਵਿਚ ਅਗਵਾਈ ਕਰਨ ਵਾਲੇ ਤੁਹਾਨੂੰ ਕੋਈ ਖ਼ਾਸ ਜ਼ਿੰਮੇਵਾਰੀ ਨਹੀਂ ਦੇ ਰਹੇ, ਤਾਂ ਸੱਚੇ ਦਿਲੋਂ ਆਪਣੇ ਆਪ ਦੀ ਜਾਂਚ ਕਰੋ। ਕੀ ਤੁਹਾਨੂੰ ਆਪਣੇ ਸੁਭਾਅ ਜਾਂ ਕੰਮਾਂ-ਕਾਰਾਂ ਵਿਚ ਸੁਧਾਰ ਕਰਨ ਦੀ ਜ਼ਰੂਰਤ ਹੈ? ਉਨ੍ਹਾਂ ਜ਼ਿੰਮੇਵਾਰੀਆਂ ਬਾਰੇ ਸੋਚ-ਸੋਚ ਕੇ ਪਰੇਸ਼ਾਨ ਹੋਣ ਦੀ ਬਜਾਇ ਜੋ ਤੁਹਾਡੇ ਕੋਲ ਨਹੀਂ ਹਨ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਪੂਰੀ ਤਰ੍ਹਾਂ ਨਿਭਾਓ ਜੋ ਤੁਹਾਡੇ ਕੋਲ ਹਨ। ਜੀ ਹਾਂ, ਦੂਸਰਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਦਾ ਤੁਹਾਡੇ ਕੋਲ ਵੱਡਾ ਸਨਮਾਨ ਹੈ। ਤਾਂ ਫਿਰ, “ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਭਈ ਉਹ ਤੁਹਾਨੂੰ ਵੇਲੇ ਸਿਰ ਉੱਚਿਆ ਕਰੇ।”​—1 ਪਤਰਸ 5:6.

ਅਣਦੇਖੀਆਂ ਚੀਜ਼ਾਂ ਵਿਚ ਨਿਹਚਾ

11, 12. (ੳ) ਕਲੀਸਿਯਾ ਵਿਚ ਕੁਝ ਭੈਣ-ਭਰਾ ਜੋਸ਼ ਨਾਲ ਸੇਵਾ ਕਰਨੀ ਕਿਉਂ ਛੱਡ ਸਕਦੇ ਹਨ? (ਅ) ਅਬਰਾਹਾਮ ਨੇ ਆਪਣੀ ਜ਼ਿੰਦਗੀ ਪਰਮੇਸ਼ੁਰ ਦੇ ਵਾਅਦਿਆਂ ਅਨੁਸਾਰ ਗੁਜ਼ਾਰਨ ਵਿਚ ਵਧੀਆ ਮਿਸਾਲ ਕਿਵੇਂ ਕਾਇਮ ਕੀਤੀ ਸੀ?

11 ਇਕ ਹੋਰ ਪਰੀਖਿਆ ਇਹ ਹੋ ਸਕਦੀ ਹੈ ਕਿ ਸਾਨੂੰ ਸ਼ਾਇਦ ਲੱਗੇ ਕਿ ਇਸ ਦੁਨੀਆਂ ਦਾ ਅੰਤ ਆਉਣ ਵਿਚ ਚਿਰ ਲਾ ਰਿਹਾ ਹੈ। ਮਸੀਹੀਆਂ ਨੂੰ 2 ਪਤਰਸ 3:12 ਦੇ ਅਨੁਸਾਰ “ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ” ਰਹਿਣਾ ਚਾਹੀਦਾ ਹੈ। ਲੇਕਿਨ ਕਈਆਂ ਭੈਣਾਂ-ਭਰਾਵਾਂ ਨੇ ਇਸ “ਦਿਨ” ਦੀ ਉਡੀਕ ਕਈਆਂ ਸਾਲਾਂ ਜਾਂ ਦਹਾਕਿਆਂ ਲਈ ਕੀਤੀ ਹੈ। ਨਤੀਜੇ ਵਜੋਂ ਕੁਝ ਸ਼ਾਇਦ ਨਿਰਾਸ਼ ਹੋ ਗਏ ਹਨ ਅਤੇ ਜੋਸ਼ ਨਾਲ ਸੇਵਾ ਨਹੀਂ ਕਰ ਰਹੇ।

12 ਇਕ ਵਾਰ ਫਿਰ ਅਬਰਾਹਾਮ ਦੀ ਮਿਸਾਲ ਵੱਲ ਧਿਆਨ ਦਿਓ। ਉਸ ਨੇ ਆਪਣੀ ਪੂਰੀ ਜ਼ਿੰਦਗੀ ਪਰਮੇਸ਼ੁਰ ਦੇ ਵਾਅਦਿਆਂ ਅਨੁਸਾਰ ਗੁਜ਼ਾਰੀ ਸੀ ਭਾਵੇਂ ਕਿ ਉਸ ਨੂੰ ਪਤਾ ਸੀ ਕਿ ਉਹ ਸਾਰੇ ਵਾਅਦੇ ਉਸ ਦੀ ਜ਼ਿੰਦਗੀ ਵਿਚ ਪੂਰੇ ਨਹੀਂ ਹੋਣੇ ਸਨ। ਹਾਂ, ਉਹ ਆਪਣੇ ਪੁੱਤਰ ਇਸਹਾਕ ਨੂੰ ਵੱਡਾ ਹੁੰਦਾ ਤਾਂ ਦੇਖ ਸਕਿਆ ਸੀ, ਪਰ ਅਬਰਾਹਾਮ ਦੀ ਅੰਸ ਨੂੰ “ਅਕਾਸ਼ ਦੇ ਤਾਰਿਆਂ ਜਿੰਨੀਂ” ਜਾਂ ‘ਸਮੁੰਦਰ ਦੇ ਕੰਢੇ ਦੀ ਰੇਤ’ ਜਿੰਨੀ ਹੋਣ ਤਕ ਸਦੀਆਂ ਲੱਗ ਜਾਣੀਆਂ ਸਨ। (ਉਤਪਤ 22:17) ਪਰ ਅਬਰਾਹਾਮ ਗੁੱਸੇ ਜਾਂ ਨਿਰਾਸ਼ ਨਹੀਂ ਹੋਇਆ ਸੀ। ਪੌਲੁਸ ਰਸੂਲ ਨੇ ਅਬਰਾਹਾਮ ਅਤੇ ਦੂਸਰਿਆਂ ਵਫ਼ਾਦਾਰ ਸੇਵਕਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ “ਏਹ ਸੱਭੇ ਨਿਹਚਾ ਵਿੱਚ ਮਰ ਗਏ ਅਤੇ ਉਨ੍ਹਾਂ ਨੂੰ ਦਿੱਤੇ ਹੋਏ ਬਚਨ ਪਰਾਪਤ ਨਾ ਹੋਏ ਪਰ ਓਹ ਦੂਰੋਂ ਉਨ੍ਹਾਂ ਨੂੰ ਵੇਖ ਕੇ ਜੀ ਆਇਆਂ ਨੂੰ ਆਖਿਆ ਅਤੇ ਮੰਨ ਲਿਆ ਭਈ ਅਸੀਂ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਹਾਂ।”​—ਇਬਰਾਨੀਆਂ 11:13.

13. (ੳ) ਅੱਜ ਮਸੀਹੀਆਂ ਨੂੰ ‘ਪਰਦੇਸੀਆਂ’ ਵਾਂਗ ਕਿਵੇਂ ਜੀਉਣਾ ਚਾਹੀਦਾ ਹੈ? (ਅ) ਯਹੋਵਾਹ ਇਸ ਦੁਨੀਆਂ ਦਾ ਅੰਤ ਕਿਉਂ ਲਿਆਵੇਗਾ?

13 ਜੇਕਰ ਅਬਰਾਹਾਮ ਆਪਣੀ ਜ਼ਿੰਦਗੀ ਉਨ੍ਹਾਂ ਵਾਅਦਿਆਂ ਅਨੁਸਾਰ ਗੁਜ਼ਾਰ ਸਕਦਾ ਸੀ ਜਿਨ੍ਹਾਂ ਦਾ ਪੂਰਾ ਹੋਣਾ ‘ਦੂਰ’ ਦੀ ਗੱਲ ਸੀ, ਤਾਂ ਕੀ ਅਸੀਂ ਅੱਜ ਇਸ ਤਰ੍ਹਾਂ ਨਹੀਂ ਕਰ ਸਕਦੇ ਜਦ ਕਿ ਇਹ ਵਾਅਦੇ ਬਹੁਤ ਜਲਦੀ ਪੂਰੇ ਹੋਣ ਵਾਲੇ ਹਨ? ਅਬਰਾਹਾਮ ਵਾਂਗ ਸਾਨੂੰ ਸ਼ਤਾਨ ਦੀ ਇਸ ਦੁਨੀਆਂ ਵਿਚ ਆਪਣੇ ਆਪ ਨੂੰ “ਪਰਦੇਸੀ” ਸਮਝਣਾ ਚਾਹੀਦਾ ਹੈ, ਅਤੇ ਇਸ ਦੇ ਖ਼ੁਦਗਰਜ਼ ਜੀਵਨ-ਢੰਗ ਨੂੰ ਅਪਣਾਉਣ ਤੋਂ ਇਨਕਾਰ ਕਰਨਾ ਚਾਹੀਦਾ ਹੈ। ਇਹ ਖ਼ੁਸ਼ੀ ਦੀ ਗੱਲ ਹੈ ਕਿ “ਸਭਨਾਂ ਵਸਤਾਂ ਦਾ ਅੰਤ” ਨੇੜੇ ਹੈ, ਪਰ ਅਸਲ ਵਿਚ ਅਸੀਂ ਸਾਰੇ ਇਹ ਚਾਹੁੰਦੇ ਹਾਂ ਕਿ ਇਨ੍ਹਾਂ ਦਾ ਅੰਤ ਆ ਗਿਆ ਹੋਵੇ। (1 ਪਤਰਸ 4:7) ਹੋ ਸਕਦਾ ਹੈ ਕਿ ਸਾਡੀ ਸਿਹਤ ਬਹੁਤ ਹੀ ਖ਼ਰਾਬ ਹੋਵੇ। ਜਾਂ ਗੁਜ਼ਾਰਾ ਤੋਰਨ ਦਾ ਬੋਝ ਸਾਡੇ ਉੱਤੇ ਭਾਰਾ ਹੋਵੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਿਰਫ਼ ਇਸ ਕਰਕੇ ਹੀ ਨਹੀਂ ਅੰਤ ਲਿਆਵੇਗਾ ਕਿ ਅਸੀਂ ਦੁੱਖਾਂ ਤੋਂ ਛੁਟਕਾਰਾ ਪਾ ਸਕੀਏ, ਪਰ ਉਹ ਆਪਣੇ ਨਾਂ ਨੂੰ ਪਵਿੱਤਰ ਕਰਨ ਲਈ ਅੰਤ ਲਿਆਵੇਗਾ। (ਹਿਜ਼ਕੀਏਲ 36:23; ਮੱਤੀ 6:9, 10) ਅੰਤ ਜ਼ਰੂਰ ਆਵੇਗਾ, ਪਰ ਉਹ ਅਜਿਹੇ ਸਮੇਂ ਤੇ ਨਹੀਂ ਜੋ ਸਿਰਫ਼ ਸਾਡੇ ਲਈ ਹੀ ਚੰਗਾ ਹੈ ਪਰ ਉਸ ਸਮੇਂ ਤੇ ਆਵੇਗਾ ਜੋ ਯਹੋਵਾਹ ਦਿਆਂ ਮਕਸਦਾਂ ਦੇ ਅਨੁਸਾਰ ਚੰਗਾ ਹੈ।

14. ਪਰਮੇਸ਼ੁਰ ਦੇ ਧੀਰਜ ਦਾ ਅੱਜ ਮਸੀਹੀਆਂ ਨੂੰ ਕਿਵੇਂ ਫ਼ਾਇਦਾ ਹੁੰਦਾ ਹੈ?

14 ਇਹ ਵੀ ਯਾਦ ਰੱਖੋ ਕਿ ਯਹੋਵਾਹ “ਆਪਣੇ ਵਾਇਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9) ਧਿਆਨ ਦਿਓ ਕਿ ਪਰਮੇਸ਼ੁਰ ਮਸੀਹੀ ਕਲੀਸਿਯਾ ਦੇ ਮੈਂਬਰਾਂ ਵਜੋਂ “ਤੁਹਾਡੇ ਨਾਲ ਧੀਰਜ ਕਰਦਾ ਹੈ।” (ਟੇਢੇ ਟਾਈਪ ਸਾਡੇ।) ਇਹ ਸੱਚ ਹੈ ਕਿ ਸਾਡੇ ਵਿੱਚੋਂ ਕਈਆਂ ਨੂੰ ਬਦਲਣ ਲਈ ਜ਼ਿਆਦਾ ਸਮੇਂ ਦੀ ਲੋੜ ਹੈ ਤਾਂ ਜੋ ‘ਅਸੀਂ ਸ਼ਾਂਤੀ ਨਾਲ ਉਹ ਦੇ ਅੱਗੇ ਨਿਰਮਲ ਅਤੇ ਨਿਹਕਲੰਕ ਠਹਿਰਾਏ’ ਜਾ ਸਕੀਏ। (2 ਪਤਰਸ 3:14) ਤਾਂ ਫਿਰ ਸਾਨੂੰ ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਪਰਮੇਸ਼ੁਰ ਨੇ ਸਾਡੇ ਨਾਲ ਧੀਰਜ ਕੀਤਾ ਹੈ!

ਰੁਕਾਵਟਾਂ ਦੇ ਬਾਵਜੂਦ ਖ਼ੁਸ਼ ਰਹਿਣਾ

15. ਪਰੀਖਿਆਵਾਂ ਦਾ ਸਾਮ੍ਹਣਾ ਕਰਦੇ ਸਮੇਂ ਯਿਸੂ ਖ਼ੁਸ਼ ਕਿਵੇਂ ਰਹਿ ਸਕਿਆ ਸੀ, ਅਤੇ ਉਸ ਦੀ ਰੀਸ ਕਰਨ ਨਾਲ ਅੱਜ ਮਸੀਹੀਆਂ ਨੂੰ ਕਿਵੇਂ ਲਾਭ ਹੁੰਦਾ ਹੈ?

15 ਅਬਰਾਹਾਮ ਦੀ ਜ਼ਿੰਦਗੀ ਤੋਂ ਅੱਜ ਮਸੀਹੀ ਬਹੁਤ ਕੁਝ ਸਿੱਖ ਸਕਦੇ ਹਨ। ਉਸ ਨੇ ਨਾ ਸਿਰਫ਼ ਨਿਹਚਾ ਕੀਤੀ ਸੀ ਪਰ ਧੀਰਜ, ਸਮਝਦਾਰੀ, ਦਲੇਰੀ, ਅਤੇ ਨਿਰਸੁਆਰਥੀ ਪ੍ਰੇਮ ਵੀ ਦਿਖਾਇਆ ਸੀ। ਉਸ ਨੇ ਪਰਮੇਸ਼ੁਰ ਦੀ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੇ ਦਰਜੇ ਤੇ ਰੱਖਿਆ ਸੀ। ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਭ ਤੋਂ ਉੱਤਮ ਮਿਸਾਲ ਯਿਸੂ ਮਸੀਹ ਨੇ ਕਾਇਮ ਕੀਤੀ ਸੀ। ਉਸ ਨੇ ਵੀ ਕਈਆਂ ਪਰੀਖਿਆਵਾਂ ਦਾ ਸਾਮ੍ਹਣਾ ਕੀਤਾ ਸੀ। ਲੇਕਿਨ, ਉਨ੍ਹਾਂ ਦਾ ਸਾਮ੍ਹਣਾ ਕਰਦੇ ਸਮੇਂ ਉਹ ਕਦੀ ਨਿਰਾਸ਼ ਨਹੀਂ ਹੋਇਆ, ਕਿਉਂਕਿ ਉਸ ਨੇ ਭਵਿੱਖ ਵਿਚ ਮਿਲਣ ਵਾਲੀ ਆਪਣੀ ਉਮੀਦ ਉੱਤੇ ਧਿਆਨ ਰੱਖਿਆ ਸੀ। (ਇਬਰਾਨੀਆਂ 12:2, 3) ਇਸੇ ਲਈ ਪੌਲੁਸ ਨੇ ਪ੍ਰਾਰਥਨਾ ਕੀਤੀ ਕਿ “ਧੀਰਜ ਅਤੇ ਦਿਲਾਸੇ ਦਾ ਪਰਮੇਸ਼ੁਰ ਤੁਹਾਨੂੰ ਇਹ ਬਖ਼ਸ਼ੇ ਜੋ ਮਸੀਹ ਯਿਸੂ ਦੇ ਅਨੁਸਾਰ” ਤੁਸੀਂ ਆਪਣੀ ਉਮੀਦ ਉੱਤੇ ਧਿਆਨ ਰੱਖੋ। (ਰੋਮੀਆਂ 15:5) ਸਹੀ ਰਵੱਈਏ ਨਾਲ ਅਸੀਂ ਸ਼ਤਾਨ ਵੱਲੋਂ ਆਈਆਂ ਰੁਕਾਵਟਾਂ ਦੇ ਬਾਵਜੂਦ ਖ਼ੁਸ਼ ਹੋ ਸਕਦੇ ਹਾਂ।

16. ਜਦੋਂ ਸਾਡੀਆਂ ਸਮੱਸਿਆਵਾਂ ਬਹੁਤ ਹੀ ਵੱਧ ਜਾਂਦੀਆਂ ਹਨ ਅਸੀਂ ਕੀ ਕਰ ਸਕਦੇ ਹਾਂ?

16 ਜਦੋਂ ਸਮੱਸਿਆਵਾਂ ਬਹੁਤ ਹੀ ਜ਼ਿਆਦਾ ਵੱਧ ਜਾਂਦੀਆਂ ਹਨ ਤਾਂ ਆਪਣੇ ਆਪ ਨੂੰ ਯਾਦ ਦਿਲਾਓ ਕਿ ਯਹੋਵਾਹ ਸਾਡੇ ਨਾਲ ਬਿਲਕੁਲ ਉਸੇ ਤਰ੍ਹਾਂ ਪਿਆਰ ਕਰਦਾ ਹੈ ਜਿਵੇਂ ਉਹ ਅਬਰਾਹਾਮ ਨਾਲ ਕਰਦਾ ਸੀ। ਉਹ ਚਾਹੁੰਦਾ ਹੈ ਕਿ ਅਸੀਂ ਸਫ਼ਲ ਹੋਈਏ। (ਫ਼ਿਲਿੱਪੀਆਂ 1:6) ਯਹੋਵਾਹ ਉੱਤੇ ਪੂਰਾ ਭਰੋਸਾ ਰੱਖੋ ਕਿ ਉਹ “ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ ਭਈ ਤੁਸੀਂ ਝੱਲ ਸੱਕੋ।” (1 ਕੁਰਿੰਥੀਆਂ 10:13) ਪਰਮੇਸ਼ੁਰ ਦੇ ਬਚਨ ਨੂੰ ਹਰ ਰੋਜ਼ ਪੜ੍ਹਨ ਦੀ ਆਦਤ ਪਾਓ। (ਜ਼ਬੂਰ 1:2) ਲਗਨ ਨਾਲ ਪ੍ਰਾਰਥਨਾ ਕਰਦੇ ਰਹੋ ਅਤੇ ਦ੍ਰਿੜ੍ਹ ਰਹਿਣ ਲਈ ਯਹੋਵਾਹ ਤੋਂ ਮਦਦ ਮੰਗੋ। (ਫ਼ਿਲਿੱਪੀਆਂ 4:6) ਉਹ “ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ।” (ਲੂਕਾ 11:13) ਉਨ੍ਹਾਂ ਪ੍ਰਬੰਧਾਂ ਦਾ ਫ਼ਾਇਦਾ ਉਠਾਓ ਜੋ ਯਹੋਵਾਹ ਨੇ ਰੂਹਾਨੀ ਤੋਰ ਤੇ ਮਜ਼ਬੂਤ ਰਹਿਣ ਲਈ ਸਾਡੇ ਲਈ ਕੀਤੇ ਹਨ, ਜਿਵੇਂ ਕਿ ਬਾਈਬਲ-ਆਧਾਰਿਤ ਪ੍ਰਕਾਸ਼ਨ। ਇਸ ਦੇ ਨਾਲ-ਨਾਲ ਭੈਣਾਂ-ਭਰਾਵਾਂ ਦਾ ਸਹਾਰਾ ਭਾਲੋ। (1 ਪਤਰਸ 2:17) ਵਫ਼ਾਦਾਰੀ ਨਾਲ ਸਭਾਵਾਂ ਵਿਚ ਜਾਂਦੇ ਰਹੋ ਕਿਉਂਕਿ ਉੱਥੇ ਤੁਹਾਨੂੰ ਧੀਰਜ ਰੱਖਣ ਲਈ ਹੌਸਲਾ ਦਿੱਤਾ ਜਾਵੇਗਾ। (ਇਬਰਾਨੀਆਂ 10:24, 25) ਇਸ ਵਿਸ਼ਵਾਸ ਤੋਂ ਖ਼ੁਸ਼ ਹੋਵੋ ਕਿ ਧੀਰਜ ਰੱਖਣ ਨਾਲ ਤੁਸੀਂ ਪਰਮੇਸ਼ੁਰ ਦੀ ਮਨਜ਼ੂਰੀ ਪਾਓਗੇ ਅਤੇ ਤੁਹਾਡੀ ਵਫ਼ਾਦਾਰੀ ਉਸ ਦੇ ਦਿਲ ਨੂੰ ਖ਼ੁਸ਼ ਕਰੇਗੀ!​—ਕਹਾਉਤਾਂ 27:11; ਰੋਮੀਆਂ 5:3-5.

17. ਮਸੀਹੀ ਨਿਰਾਸ਼ ਹੋ ਕੇ ਹਾਰ ਕਿਉਂ ਨਹੀਂ ਮੰਨਦੇ?

17 ਪਰਮੇਸ਼ੁਰ ਅਬਰਾਹਾਮ ਨੂੰ ਆਪਣੇ “ਮਿੱਤਰ” ਵਜੋਂ ਪਿਆਰ ਕਰਦਾ ਸੀ। (ਯਾਕੂਬ 2:23) ਫਿਰ ਵੀ ਅਬਰਾਹਾਮ ਦੀ ਜ਼ਿੰਦਗੀ ਵਿਚ ਇਕ ਤੋਂ ਬਾਅਦ ਦੂਜੀ ਅਜ਼ਮਾਇਸ਼ ਆਈ ਸੀ। ਇਸ ਲਈ ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਮਸੀਹੀ ਵੀ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਦੀ ਉਮੀਦ ਰੱਖ ਸਕਦੇ ਹਨ। ਦਰਅਸਲ ਬਾਈਬਲ ਵਿਚ ਸਾਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ‘ਦੁਸ਼ਟ ਮਨੁੱਖ ਅਤੇ ਛਲੀਏ ਬੁਰੇ ਤੋਂ ਬੁਰੇ ਹੁੰਦੇ ਜਾਣਗੇ।’ (2 ਤਿਮੋਥਿਉਸ 3:1, 13) ਨਿਰਾਸ਼ ਹੋ ਕੇ ਹਾਰ ਮੰਨਣ ਦੀ ਬਜਾਇ ਇਸ ਗੱਲ ਨੂੰ ਪਛਾਣੋ ਕਿ ਜਿਨ੍ਹਾਂ ਸਮੱਸਿਆਵਾਂ ਦਾ ਅਸੀਂ ਸਾਮ੍ਹਣਾ ਕਰਦੇ ਹਾਂ ਉਹ ਸਬੂਤ ਦਿੰਦੀਆਂ ਹਨ ਕਿ ਅਸੀਂ ਸ਼ਤਾਨ ਦੀ ਦੁਨੀਆਂ ਦੇ ਅੰਤ ਦੇ ਨੇੜੇ ਹਾਂ। ਯਿਸੂ ਨੇ ਸਾਨੂੰ ਯਾਦ ਦਿਲਾਇਆ ਸੀ ਕਿ “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਮੱਤੀ 24:13) ਇਸ ਲਈ ‘ਭਲਿਆਈ ਕਰਦਿਆਂ ਅੱਕ ਨਾ ਜਾਇਓ!’ ਅਬਰਾਹਾਮ ਦੀ ਰੀਸ ਕਰੋ ਅਤੇ ਉਨ੍ਹਾਂ ਵਿਚਕਾਰ ਰਹੋ ਜੋ “ਨਿਹਚਾ ਅਤੇ ਧੀਰਜ ਦੇ ਰਾਹੀਂ ਵਾਇਦਿਆਂ ਦੇ ਅਧਕਾਰੀ ਹੁੰਦੇ ਹਨ।”​—ਇਬਰਾਨੀਆਂ 6:12.

ਕੀ ਤੁਸੀਂ ਨੋਟ ਕੀਤਾ ਸੀ?

• ਅੱਜ ਯਹੋਵਾਹ ਦੇ ਲੋਕਾਂ ਨੂੰ ਪਰੀਖਿਆਵਾਂ ਤੇ ਹਮਲਿਆਂ ਦੀ ਉਮੀਦ ਕਿਉਂ ਹੈ?

• ਸ਼ਤਾਨ ਕਿਨ੍ਹਾਂ ਤਰੀਕਿਆਂ ਵਿਚ ਹਮਲੇ ਕਰਦਾ ਹੈ?

• ਮਸੀਹੀਆਂ ਨੂੰ ਆਪਸ ਵਿਚ ਨਿੱਜੀ ਝਗੜੇ ਕਿਵੇਂ ਸੁਲਝਾਉਣੇ ਚਾਹੀਦੇ ਹਨ?

• ਘਮੰਡ ਅਤੇ ਹੰਕਾਰ ਕਰਕੇ ਸਮੱਸਿਆਵਾਂ ਕਿਵੇਂ ਖੜ੍ਹੀਆਂ ਹੋ ਸਕਦੀਆਂ ਹਨ?

• ਅਬਰਾਹਾਮ ਨੇ ਪਰਮੇਸ਼ੁਰ ਦੇ ਵਾਅਦਿਆਂ ਦੀ ਪੂਰਤੀ ਦੀ ਉਡੀਕ ਕਰਨ ਵਿਚ ਸਾਡੇ ਲਈ ਵਧੀਆ ਮਿਸਾਲ ਕਿਵੇਂ ਕਾਇਮ ਕੀਤੀ ਸੀ?

[ਸਵਾਲ]

[ਸਫ਼ੇ 26 ਉੱਤੇ ਤਸਵੀਰ]

ਕਈਆਂ ਮਸੀਹੀ ਬੱਚਿਆਂ ਨੂੰ ਹਾਣੀਆਂ ਦੇ ਤਾਅਨੇ ਸਹਿਣੇ ਪੈਂਦੇ ਹਨ

[ਸਫ਼ੇ 29 ਉੱਤੇ ਤਸਵੀਰ]

ਅਬਰਾਹਾਮ ਨੇ ਪਰਮੇਸ਼ੁਰ ਦੇ ਵਾਅਦਿਆਂ ਅਨੁਸਾਰ ਆਪਣੀ ਜ਼ਿੰਦਗੀ ਗੁਜ਼ਾਰੀ ਸੀ ਭਾਵੇਂ ਕਿ ਉਨ੍ਹਾਂ ਦੀ ਪੂਰਤੀ ਸਦੀਆਂ ਬਾਅਦ ਹੋਣੀ ਸੀ