Skip to content

Skip to table of contents

ਕੀ ਸ਼ਤਾਨ ਹੈ?

ਕੀ ਸ਼ਤਾਨ ਹੈ?

ਕੀ ਸ਼ਤਾਨ ਹੈ?

“ਇਕ ਸਮੇਂ ਤੇ ਈਸਾਈ ਗਿਰਜੇ ਦੇ ਇਤਿਹਾਸ ਵਿਚ ਇਬਲੀਸ ਜਾਂ ਬਆਲਜ਼ਬੂਲ ਯਾਨੀ ਬੁਰਾਈ ਦਾ ਪਾਤਸ਼ਾਹ, ਸ਼ਤਾਨ ਲੋਕਾਂ ਲਈ ਉਸੇ ਤਰ੍ਹਾਂ ਇਕ ਅਸਲੀ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਸੀ ਜਿਸ ਤਰ੍ਹਾਂ ਅੱਜ ਕੁਝ ਲੋਕਾਂ ਲਈ ‘ਪਰਮੇਸ਼ੁਰ’ ਹੈ; ਯਹੂਦੀਆਂ ਅਤੇ ਪਹਿਲੀ ਸਦੀ ਦੇ ਮਸੀਹੀਆਂ ਨੇ ਆਪਣੇ ਆਲੇ-ਦੁਆਲੇ ਦੀ ਬੁਰਾਈ ਨੂੰ ਦਰਸਾਉਣ ਲਈ ਅੱਧੇ-ਮਨੁੱਖ ਤੇ ਅੱਧੇ-ਪਸ਼ੂ ਦੇ ਰੂਪ ਵਾਲੇ ਸ਼ਤਾਨ ਦੀ ਤਸਵੀਰ ਬਣਾਈ ਸੀ। ਬਾਅਦ ਵਿਚ ਮਸੀਹੀਆਂ ਨੂੰ ਪਤਾ ਲੱਗਾ ਕਿ ਹਕੀਕਤ ਵਿਚ ਸ਼ਤਾਨ ਵਰਗੀ ਕੋਈ ਚੀਜ਼ ਹੈ ਹੀ ਨਹੀਂ ਅਤੇ ਇਹ ਕੇਵਲ ਇਕ ਮਿਥਿਹਾਸ ਹੀ ਹੈ ਤੇ ਹੌਲੀ-ਹੌਲੀ ਸ਼ਤਾਨ ਵਿਚ ਵਿਸ਼ਵਾਸ ਖ਼ਤਮ ਹੋ ਗਿਆ।”​—ਲੂਡੋਵਿਕ ਕੈਨੇਡੀ ਦੀ ਅੰਗ੍ਰੇਜ਼ੀ ਕਿਤਾਬ “ਇਹ ਸਿਰਫ਼ ਕਲਪਨਾ ਹੈ​—ਪਰਮੇਸ਼ੁਰ ਨੂੰ ਅਲਵਿਦਾ।”

ਜਿਵੇਂ ਲੇਖਕ ਅਤੇ ਪ੍ਰਸਾਰਕ ਲੂਡੋਵਿਕ ਕੈਨੇਡੀ ਬਿਆਨ ਕਰਦਾ ਹੈ, ਸਦੀਆਂ ਤਕ ਈਸਾਈ-ਜਗਤ ਵਿਚ ਕਿਸੇ ਨੂੰ ਵੀ ਸ਼ਤਾਨ ਦੀ ਅਸਲੀਅਤ ਉੱਤੇ ਸ਼ੱਕ ਨਹੀਂ ਸੀ। ਇਸ ਦੇ ਉਲਟ, ਜਿਵੇਂ ਪ੍ਰੋਫ਼ੈਸਰ ਨੌਰਮਨ ਕੋਨ ਕਹਿੰਦਾ ਹੈ, ਇਕ ਸਮੇਂ ਤੇ ਈਸਾਈ ਲੋਕ “ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਦੀ ਤਾਕਤ ਦਾ ਖ਼ੌਫ਼ ਖਾਂਦੇ ਸਨ।” (ਯੂਰਪ ਦੀ ਅੰਦਰਲੀ ਦੁਸ਼ਟਤਾ [ਅੰਗ੍ਰੇਜ਼ੀ]) ਇਹ ਖ਼ੌਫ਼ ਸਿਰਫ਼ ਸਿੱਧੇ-ਸਾਦੇ, ਪੇਂਡੂ ਲੋਕਾਂ ਵਿਚ ਹੀ ਨਹੀਂ ਸੀ। ਮਿਸਾਲ ਵਜੋਂ, ਇਹ ਵਿਸ਼ਵਾਸ ਕਿ ਸ਼ਤਾਨ ਡਰਾਉਣੀਆਂ ਅਤੇ ਘਿਣਾਉਣੀਆਂ ਰਸਮਾਂ ਦੀ ਪ੍ਰਧਾਨਗੀ ਕਰਨ ਲਈ ਇਕ ਜਾਨਵਰ ਦਾ ਰੂਪ ਧਾਰਦਾ ਹੈ, “ਅਨਪੜ੍ਹ ਲੋਕਾਂ ਦੀਆਂ ਕਥਾਵਾਂ ਤੋਂ ਨਹੀਂ ਲਿਆ ਗਿਆ ਸੀ, ਸਗੋਂ ਇਸ ਦੇ ਉਲਟ, ਇਹ ਦੁਨੀਆਂ ਭਰ ਦੇ ਪੜ੍ਹੇ-ਲਿਖੇ ਲੋਕਾਂ ਦੀ ਉਪਜ ਸੀ,” ਪ੍ਰੋਫ਼ੈਸਰ ਕੋਨ ਕਹਿੰਦਾ ਹੈ। ਇਹ “ਪੜ੍ਹੇ-ਲਿਖੇ” ਲੋਕ ਹੀ, ਜਿਨ੍ਹਾਂ ਵਿਚ ਪੜ੍ਹੇ-ਲਿਖੇ ਪਾਦਰੀ ਵੀ ਸ਼ਾਮਲ ਸਨ, 15ਵੀਂ ਸਦੀ ਤੋਂ 17ਵੀਂ ਸਦੀ ਤਕ ਪੂਰੇ ਯੂਰਪ ਵਿਚ ਲੋਕਾਂ ਨੂੰ ਜਾਦੂ-ਟੂਣੇ ਕਰਨ ਦੇ ਦੋਸ਼ ਵਿਚ ਫੜ-ਫੜ ਕੇ ਮਾਰਨ ਲਈ ਜ਼ਿੰਮੇਵਾਰ ਸਨ। ਕਿਹਾ ਜਾਂਦਾ ਹੈ ਕਿ ਉਦੋਂ ਚਰਚ ਅਤੇ ਸਰਕਾਰੀ ਅਧਿਕਾਰੀਆਂ ਨੇ ਲਗਭਗ 50,000 ਲੋਕਾਂ ਉੱਤੇ ਜਾਦੂ-ਟੂਣਿਆਂ ਦਾ ਇਲਜ਼ਾਮ ਲਗਾਇਆ ਅਤੇ ਉਨ੍ਹਾਂ ਨੂੰ ਤਸੀਹੇ ਦੇ-ਦੇ ਕੇ ਜਾਨੋਂ ਮਾਰਿਆ ਸੀ।

ਤਾਂ ਫਿਰ ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਹੁਤ ਸਾਰੇ ਲੋਕਾਂ ਨੇ ਸ਼ਤਾਨ ਬਾਰੇ ਉਨ੍ਹਾਂ ਧਾਰਣਾਵਾਂ ਨੂੰ ਠੁਕਰਾ ਦਿੱਤਾ ਹੈ ਜਿਨ੍ਹਾਂ ਨੂੰ ਉਹ ਬੇਤੁਕੀਆਂ ਅਤੇ ਅੰਧਵਿਸ਼ਵਾਸੀ ਸਮਝਦੇ ਹਨ। ਸੰਨ 1726 ਵਿਚ ਵੀ ਡਾਨੀਏਲ ਡੀਫੋ ਨੇ ਲੋਕਾਂ ਦੇ ਇਸ ਵਿਸ਼ਵਾਸ ਦਾ ਮਖੌਲ ਉਡਾਇਆ ਕਿ ਸ਼ਤਾਨ “ਚਾਮਚੜਿੱਕ ਦੇ ਖੰਭਾਂ, ਪਸ਼ੂ ਦੇ ਸਿੰਗਾਂ, ਖੁਰਾਂ, ਲੰਬੀ ਪੂਛ, ਕਾਂਟੇਦਾਰ ਜੀਭ ਆਦਿ ਵਾਲਾ” ਇਕ ਡਰਾਉਣਾ ਦੈਂਤ ਹੈ। ਉਸ ਨੇ ਕਿਹਾ ਕਿ ਅਜਿਹੀਆਂ ਬੇਤੁਕੀਆਂ ਗੱਲਾਂ “ਸ਼ਤਾਨ ਦੀ ਧਾਰਣਾ ਫੈਲਾਉਣ ਵਾਲਿਆਂ ਅਤੇ ਸ਼ਤਾਨ ਨੂੰ ਆਕਾਰ ਦੇਣ ਵਾਲਿਆਂ” ਦੁਆਰਾ ਮਨੋਂ ਘੜੀਆਂ ਗਈਆਂ ਸਨ ਜਿਹੜੇ “ਸ਼ਤਾਨ ਦੀ ਕਲਪਿਤ ਕਹਾਣੀ ਨਾਲ ਅਨਪੜ੍ਹ ਲੋਕਾਂ ਨੂੰ ਠੱਗਦੇ ਸਨ।”

ਕੀ ਤੁਹਾਡਾ ਵੀ ਇਹੋ ਖ਼ਿਆਲ ਹੈ? ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ “ਅਸਲ ਵਿਚ ਇਨਸਾਨ ਨੇ ਆਪਣੇ ਦੁਸ਼ਟਪੁਣੇ ਦਾ ਕਾਰਨ ਲੱਭਣ ਲਈ ਸ਼ਤਾਨ ਦੀ ਕਾਢ ਕੱਢੀ ਹੈ”? ਇਹ ਕਥਨ ਦ ਜ਼ੋਨਡਰਵੈਨ ਪਿਕਟੋਰੀਅਲ ਐਨਸਾਈਕਲੋਪੀਡੀਆ ਆਫ਼ ਦ ਬਾਈਬਲ ਵਿੱਚੋਂ ਲਿਆ ਗਿਆ ਹੈ ਅਤੇ ਕਈ ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਵੀ ਇੱਦਾਂ ਹੀ ਸੋਚਦੇ ਹਨ। ਜੈੱਫ਼ਰੀ ਬਰਟਨ ਰਸਲ ਕਹਿੰਦਾ ਹੈ ਕਿ ਈਸਾਈ-ਜਗਤ ਦੇ ਜ਼ਿਆਦਾਤਰ ਧਰਮ-ਸ਼ਾਸਤਰੀਆਂ ਨੇ ਇਹ ਮੰਨਦੇ ਹੋਏ “ਸ਼ਤਾਨ ਤੇ ਭੂਤ-ਪ੍ਰੇਤਾਂ ਵਿਚ ਵਿਸ਼ਵਾਸ ਕਰਨਾ ਛੱਡ ਦਿੱਤਾ ਹੈ ਕਿ ਇਹ ਪੁਰਾਣੀਆਂ ਅੰਧਵਿਸ਼ਵਾਸੀ ਗੱਲਾਂ ਹਨ।”

ਪਰ ਕੁਝ ਲੋਕਾਂ ਲਈ ਸ਼ਤਾਨ ਬਿਲਕੁਲ ਅਸਲੀ ਹੈ। ਉਹ ਤਰਕ ਕਰਦੇ ਹਨ ਕਿ ਮਨੁੱਖੀ ਇਤਿਹਾਸ ਵਿਚ ਹੋਈਆਂ ਬੁਰਾਈਆਂ ਪਿੱਛੇ ਜ਼ਰੂਰ ਕੋਈ ਨਾ ਕੋਈ ਅਸਾਧਾਰਣ ਯਾਨੀ ਦੁਸ਼ਟ ਤਾਕਤ ਹੈ। ਰਸਲ ਕਹਿੰਦਾ ਹੈ ਕਿ “ਇਸ ਵੀਹਵੀਂ ਸਦੀ ਵਿਚ ਫੈਲੇ ਭਿਆਨਕ ਅਤਿਆਚਾਰ ਨੂੰ ਦੇਖ ਕੇ ਫਿਰ ਤੋਂ “ਲੰਬੇ ਅਰਸੇ ਬਾਅਦ ਸ਼ਤਾਨ ਵਿਚ ਤੇਜ਼ੀ ਨਾਲ ਵਿਸ਼ਵਾਸ ਵਧ ਰਿਹਾ ਹੈ।” ਲੇਖਕ ਡੌਨ ਲੂਅਸ ਦੇ ਮੁਤਾਬਕ ਅੱਜ ਬਹੁਤ ਸਾਰੇ ਪੜ੍ਹੇ-ਲਿਖੇ ਲੋਕ ਜੋ ਪਹਿਲਾਂ “ਆਪਣੇ ਅਨਪੜ੍ਹ-ਗਵਾਰ ਪੂਰਵਜਾਂ” ਦੇ ਅੰਧਵਿਸ਼ਵਾਸਾਂ ਅਤੇ ਡਰ “ਦਾ ਮਖੌਲ ਉਡਾਉਂਦੇ ਸਨ,” ਉਹ ਵੀ ਹੁਣ “ਸ਼ਤਾਨ ਤੇ ਭੂਤ-ਪ੍ਰੇਤਾਂ ਵਿਚ ਵਿਸ਼ਵਾਸ ਕਰਨ ਲੱਗ ਪਏ ਹਨ।”​—ਸਦੀਆਂ ਤੋਂ ਧਾਰਮਿਕ ਅੰਧਵਿਸ਼ਵਾਸ (ਅੰਗ੍ਰੇਜ਼ੀ)।

ਤਾਂ ਫਿਰ ਇਸ ਮਾਮਲੇ ਬਾਰੇ ਸੱਚਾਈ ਕੀ ਹੈ? ਕੀ ਸ਼ਤਾਨ ਸਿਰਫ਼ ਸਾਡਾ ਅੰਧਵਿਸ਼ਵਾਸ ਹੀ ਹੈ? ਜਾਂ ਕੀ ਉਹ ਇਕ ਅਜਿਹਾ ਵਿਅਕਤੀ ਹੈ ਜਿਸ ਬਾਰੇ ਇਸ 21ਵੀਂ ਸਦੀ ਵਿਚ ਵੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ?

[ਸਫ਼ੇ 4 ਉੱਤੇ ਤਸਵੀਰ]

ਜਿਵੇਂ ਗੁਸਟਾਵ ਡੋਰੇ ਦੁਆਰਾ ਉ ਕਰੀ ਤਸਵੀਰ ਵਿਚ ਦਿਖਾਇਆ ਗਿਆ ਹੈ, ਪੁਰਾਣੇ ਅੰਧਵਿਸ਼ਵਾਸਾਂ ਨੇ ਸ਼ਤਾਨ ਨੂੰ ਅੱਧੇ-ਮਨੁੱਖ ਤੇ ਅੱਧੇ-ਪਸ਼ੂ ਦੇ ਰੂਪ ਵਿਚ ਪੇਸ਼ ਕੀਤਾ

[ਕ੍ਰੈਡਿਟ ਲਾਈਨ]

The Judecca​—Lucifer/​The Doré Illustrations For Dante’s Divine Comedy/​Dover Publications Inc.