Skip to content

Skip to table of contents

‘ਮਿਲਾਪ ਨੂੰ ਲੱਭੋ ਅਤੇ ਉਹ ਦਾ ਪਿੱਛਾ ਕਰੋ’

‘ਮਿਲਾਪ ਨੂੰ ਲੱਭੋ ਅਤੇ ਉਹ ਦਾ ਪਿੱਛਾ ਕਰੋ’

‘ਮਿਲਾਪ ਨੂੰ ਲੱਭੋ ਅਤੇ ਉਹ ਦਾ ਪਿੱਛਾ ਕਰੋ’

“ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।”​—ਰੋਮੀਆਂ 12:18.

1, 2. ਇਨਸਾਨ ਦੁਆਰਾ ਕਾਇਮ ਕੀਤੀ ਜਾਂਦੀ ਸ਼ਾਂਤੀ ਜ਼ਿਆਦਾ ਦੇਰ ਤਕ ਕਿਉਂ ਨਹੀਂ ਰਹਿੰਦੀ?

ਜ਼ਰਾ ਅਜਿਹੇ ਘਰ ਦੀ ਕਲਪਨਾ ਕਰੋ ਜਿਸ ਦੀਆਂ ਨੀਹਾਂ ਕਮਜ਼ੋਰ ਪੈ ਚੁੱਕੀਆਂ ਹਨ, ਥੰਮ੍ਹੀਆਂ ਟੁੱਟ ਰਹੀਆਂ ਹਨ ਤੇ ਛੱਤ ਡਿੱਗਣ ਵਾਲੀ ਹੈ। ਕੀ ਤੁਸੀਂ ਇਸ ਤਰ੍ਹਾਂ ਦੇ ਘਰ ਵਿਚ ਰਹਿਣਾ ਚਾਹੋਗੇ? ਬਿਲਕੁਲ ਨਹੀਂ। ਉਸ ਘਰ ਨੂੰ ਰੰਗ ਕਰ ਕੇ ਵੀ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਉਸ ਘਰ ਦਾ ਢਾਂਚਾ ਬਹੁਤ ਹੀ ਮਾੜਾ ਹੈ। ਕਿਸੇ-ਨ-ਕਿਸੇ ਦਿਨ ਉਸ ਘਰ ਨੇ ਡਿੱਗ ਹੀ ਪੈਣਾ ਹੈ।

2 ਇਸ ਸੰਸਾਰ ਵਿਚ ਜੇ ਥੋੜ੍ਹੀ-ਬਹੁਤੀ ਸ਼ਾਂਤੀ ਹੈ, ਤਾਂ ਉਹ ਉਸ ਘਰ ਵਰਗੀ ਹੈ। ਇਸ ਸ਼ਾਂਤੀ ਦੀ ਨੀਂਹ ਬਹੁਤ ਹੀ ਕਮਜ਼ੋਰ ਹੈ। ਇਹ ਸ਼ਾਂਤੀ ਇਨਸਾਨ ਦੇ ਵਾਅਦਿਆਂ ਅਤੇ ਜੁਗਤਾਂ ਉੱਤੇ ਟਿਕੀ ਹੋਈ ਹੈ “ਜਿਹ ਦੇ ਕੋਲ ਬਚਾਓ ਹੈ ਨਹੀਂ।” (ਜ਼ਬੂਰ 146:3) ਇਤਿਹਾਸ ਦੇ ਪੰਨੇ ਵੱਖਰੇ-ਵੱਖਰੇ ਦੇਸ਼ਾਂ, ਜਾਤਾਂ ਤੇ ਕਬੀਲਿਆਂ ਵਿਚ ਹੋਈਆਂ ਲੜਾਈਆਂ ਨਾਲ ਭਰੇ ਪਏ ਹਨ। ਇਹ ਸੱਚ ਹੈ ਕਿ ਕਦੀ-ਕਦੀ ਸ਼ਾਂਤੀ ਵੀ ਰਹੀ ਹੈ, ਪਰ ਇਹ ਸ਼ਾਂਤੀ ਕਿਸ ਤਰ੍ਹਾਂ ਦੀ ਸੀ? ਕਲਪਨਾ ਕਰੋ ਕਿ ਦੋ ਦੇਸ਼ਾਂ ਵਿਚ ਲੜਾਈ ਹੁੰਦੀ ਹੈ। ਫਿਰ ਇਸ ਕਾਰਨ ਸ਼ਾਂਤੀ ਦੀ ਘੋਸ਼ਣਾ ਕੀਤੀ ਜਾਂਦੀ ਹੈ ਕਿਉਂਕਿ ਇਕ ਦੇਸ਼ ਹਾਰ ਜਾਂਦਾ ਹੈ ਜਾਂ ਫਿਰ ਦੋਵੇਂ ਦੇਸ਼ਾਂ ਨੂੰ ਲੜਦੇ ਰਹਿਣ ਦਾ ਕੋਈ ਫ਼ਾਇਦਾ ਨਜ਼ਰ ਨਹੀਂ ਆਉਂਦਾ। ਤਾਂ ਫਿਰ ਇਹ ਸ਼ਾਂਤੀ ਕਿਸ ਤਰ੍ਹਾਂ ਦੀ ਸ਼ਾਂਤੀ ਹੋਈ? ਨਫ਼ਰਤ, ਸ਼ੱਕ ਤੇ ਘਿਰਣਾ ਜਿਨ੍ਹਾਂ ਕਰਕੇ ਲੜਾਈ ਹੋਈ ਸੀ, ਉਹ ਤਾਂ ਅਜੇ ਵੀ ਮੌਜੂਦ ਹਨ। ਇਹ ਸ਼ਾਂਤੀ ਸਿਰਫ਼ ਇਕ ਦਿਖਾਵਾ ਹੀ ਹੁੰਦੀ ਹੈ ਜੋ ਜ਼ਿਆਦਾ ਦੇਰ ਤਕ ਨਹੀਂ ਟਿੱਕਦੀ। ਇਹ ਦੁਸ਼ਮਣੀ ਰੂਪੀ ਘਰ ਉੱਤੇ ਫੇਰੇ ਰੰਗ ਵਾਂਗ ਹੁੰਦੀ ਹੈ।​—ਹਿਜ਼ਕੀਏਲ 13:10.

3. ਇਨਸਾਨਾਂ ਦੁਆਰਾ ਕਾਇਮ ਕੀਤੀ ਗਈ ਸ਼ਾਂਤੀ ਨਾਲੋਂ ਪਰਮੇਸ਼ੁਰ ਦੇ ਲੋਕਾਂ ਦੀ ਸ਼ਾਂਤੀ ਕਿਵੇਂ ਵੱਖਰੀ ਹੈ?

3 ਫਿਰ ਵੀ ਇਸ ਯੁੱਧ-ਗ੍ਰਸਤ ਦੁਨੀਆਂ ਵਿਚ ਸੱਚੀ ਸ਼ਾਂਤੀ ਹੈ। ਕਿੱਥੇ? ਯਿਸੂ ਮਸੀਹ ਦੀ ਪੈੜ ਤੇ ਚੱਲਣ ਵਾਲੇ ਸੱਚੇ ਮਸੀਹੀਆਂ ਵਿਚਕਾਰ, ਜਿਹੜੇ ਯਿਸੂ ਦੇ ਬਚਨਾਂ ਵੱਲ ਧਿਆਨ ਦਿੰਦੇ ਹਨ ਤੇ ਉਸ ਦੀ ਮਿਸਾਲ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। (1 ਕੁਰਿੰਥੀਆਂ 10:33; 1 ਪਤਰਸ 2:21) ਵੱਖ-ਵੱਖ ਦੇਸ਼ਾਂ, ਜਾਤਾਂ ਅਤੇ ਸਮਾਜਕ ਰੁਤਬਿਆਂ ਦੇ ਸੱਚੇ ਮਸੀਹੀਆਂ ਵਿਚ ਪਾਈ ਜਾਂਦੀ ਸ਼ਾਂਤੀ ਸੱਚੀ ਸ਼ਾਂਤੀ ਹੈ ਕਿਉਂਕਿ ਇਹ ਪਰਮੇਸ਼ੁਰ ਨਾਲ ਉਨ੍ਹਾਂ ਦੇ ਸ਼ਾਂਤੀਪੂਰਣ ਰਿਸ਼ਤੇ ਉੱਤੇ ਆਧਾਰਿਤ ਹੈ, ਇਕ ਅਜਿਹਾ ਰਿਸ਼ਤਾ ਜੋ ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਕਰਨ ਕਰਕੇ ਕਾਇਮ ਹੋਇਆ ਹੈ। ਉਨ੍ਹਾਂ ਦੀ ਸ਼ਾਂਤੀ ਕਿਸੇ ਮਨੁੱਖ ਦੀ ਜੁਗਤ ਨਹੀਂ, ਸਗੋਂ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਹੈ। (ਰੋਮੀਆਂ 15:33; ਅਫ਼ਸੀਆਂ 6:23, 24) ਕਿਉਂਕਿ ਉਹ ‘ਸ਼ਾਂਤੀ ਦੇ ਰਾਜ ਕੁਮਾਰ’ ਯਿਸੂ ਮਸੀਹ ਦੇ ਅਧੀਨ ਰਹਿੰਦੇ ਹਨ ਤੇ ‘ਪ੍ਰੇਮ ਅਤੇ ਸ਼ਾਂਤੀ ਦੇ ਦਾਤਾ’ ਯਹੋਵਾਹ ਦੀ ਉਪਾਸਨਾ ਕਰਦੇ ਹਨ, ਇਸ ਲਈ ਉਨ੍ਹਾਂ ਵਿਚ ਸ਼ਾਂਤੀ ਹੈ।​—ਯਸਾਯਾਹ 9:6; 2 ਕੁਰਿੰਥੀਆਂ 13:11.

4. ਇਕ ਮਸੀਹੀ ਮਿਲਾਪ ਜਾਂ ਸ਼ਾਂਤੀ ਦਾ “ਪਿੱਛਾ” ਕਿਵੇਂ ਕਰ ਸਕਦਾ ਹੈ?

4 ਨਾਮੁਕੰਮਲ ਇਨਸਾਨਾਂ ਵਿਚ ਆਪਣੇ ਆਪ ਹੀ ਸ਼ਾਂਤੀ ਕਾਇਮ ਨਹੀਂ ਹੋ ਜਾਂਦੀ। ਇਸ ਲਈ ਪਤਰਸ ਨੇ ਕਿਹਾ ਸੀ ਕਿ ਹਰ ਮਸੀਹੀ ਨੂੰ “ਮਿਲਾਪ ਨੂੰ ਲੱਭਣਾ ਅਤੇ ਉਹ ਦਾ ਪਿੱਛਾ ਕਰਨਾ” ਚਾਹੀਦਾ ਹੈ। (1 ਪਤਰਸ 3:11) ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? ਇਕ ਪੁਰਾਣੀ ਭਵਿੱਖਬਾਣੀ ਇਸ ਦਾ ਜਵਾਬ ਦਿੰਦੀ ਹੈ। ਯਸਾਯਾਹ ਰਾਹੀਂ ਯਹੋਵਾਹ ਨੇ ਕਿਹਾ: “ਤੇਰੇ ਸਾਰੇ ਪੁੱਤ੍ਰ ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ, ਅਤੇ ਤੇਰੇ ਪੁੱਤ੍ਰਾਂ ਦੀ ਸ਼ਾਂਤੀ ਬਹੁਤ ਹੋਵੇਗੀ।” (ਯਸਾਯਾਹ 54:13; ਫ਼ਿਲਿੱਪੀਆਂ 4:9) ਜੀ ਹਾਂ, ਸੱਚੀ ਸ਼ਾਂਤੀ ਉਨ੍ਹਾਂ ਨੂੰ ਹੀ ਮਿਲਦੀ ਹੈ ਜਿਹੜੇ ਯਹੋਵਾਹ ਦੀ ਸਿੱਖਿਆ ਉੱਤੇ ਚੱਲਦੇ ਹਨ। ਇਸ ਤੋਂ ਇਲਾਵਾ, “ਪ੍ਰੇਮ, ਅਨੰਦ, . . . ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ” ਦੇ ਨਾਲ-ਨਾਲ ਸ਼ਾਂਤੀ ਵੀ ਪਰਮੇਸ਼ੁਰ ਦੀ ਪਵਿੱਤਰ ਆਤਮਾ ਦਾ ਫਲ ਹੈ। (ਗਲਾਤੀਆਂ 5:22, 23) ਉਸ ਵਿਅਕਤੀ ਨੂੰ ਇਹ ਸ਼ਾਂਤੀ ਨਹੀਂ ਮਿਲ ਸਕਦੀ ਜਿਹੜਾ ਨਿਰਮੋਹਾ, ਉਦਾਸ, ਬੇਸਬਰਾ, ਬੇਰਹਿਮ, ਦੁਸ਼ਟ, ਬੇਵਫ਼ਾ, ਜ਼ਾਲਮ ਜਾਂ ਅਸੰਜਮੀ ਹੈ।

“ਸਾਰੇ ਮਨੁੱਖਾਂ ਦੇ ਨਾਲ ਮੇਲ”

5, 6. (ੳ) ਸ਼ਾਂਤਮਈ ਹੋਣ ਅਤੇ ਮੇਲ ਕਰਾਉਣ ਵਾਲੇ ਹੋਣ ਵਿਚ ਕੀ ਫ਼ਰਕ ਹੈ? (ਅ) ਮਸੀਹੀਆਂ ਨੇ ਕਿਨ੍ਹਾਂ-ਕਿਨ੍ਹਾਂ ਲੋਕਾਂ ਨਾਲ ਮੇਲ ਰੱਖਣਾ ਸੀ?

5 ਸ਼ਾਂਤ ਅਤੇ ਅਮਨ-ਚੈਨ ਦੀ ਸਥਿਤੀ ਨੂੰ ਸ਼ਾਂਤੀ ਕਿਹਾ ਜਾਂਦਾ ਹੈ। ਇਹ ਪਰਿਭਾਸ਼ਾ ਉਨ੍ਹਾਂ ਬਹੁਤ ਸਾਰੀਆਂ ਸਥਿਤੀਆਂ ਉੱਤੇ ਲਾਗੂ ਹੁੰਦੀ ਹੈ ਜਦੋਂ ਕੋਈ ਲੜਾਈ-ਝਗੜਾ ਨਹੀਂ ਹੁੰਦਾ। ਇਸ ਅਰਥ ਵਿਚ ਤਾਂ ਇਕ ਮਰਿਆ ਹੋਇਆ ਆਦਮੀ ਵੀ ਸ਼ਾਂਤ ਸਥਿਤੀ ਵਿਚ ਹੁੰਦਾ ਹੈ! ਪਰ ਸੱਚੀ ਸ਼ਾਂਤੀ ਦਾ ਆਨੰਦ ਮਾਣਨ ਲਈ ਇਕ ਵਿਅਕਤੀ ਦਾ ਸਿਰਫ਼ ਸ਼ਾਂਤਮਈ ਹੋਣਾ ਹੀ ਕਾਫ਼ੀ ਨਹੀਂ ਹੈ। ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਕਿਹਾ ਸੀ: “ਧੰਨ ਓਹ ਜਿਹੜੇ ਮੇਲ ਕਰਾਉਣ ਵਾਲੇ ਹਨ ਕਿਉਂ ਜੋ ਓਹ ਪਰਮੇਸ਼ੁਰ ਦੇ ਪੁੱਤ੍ਰ ਕਹਾਉਣਗੇ।” (ਮੱਤੀ 5:9) ਇੱਥੇ ਯਿਸੂ ਉਨ੍ਹਾਂ ਲੋਕਾਂ ਨਾਲ ਗੱਲ ਕਰ ਰਿਹਾ ਸੀ ਜਿਨ੍ਹਾਂ ਨੂੰ ਬਾਅਦ ਵਿਚ ਪਰਮੇਸ਼ੁਰ ਦੇ ਅਧਿਆਤਮਿਕ ਪੁੱਤਰ ਬਣਨ ਅਤੇ ਸਵਰਗ ਵਿਚ ਅਮਰ ਜ਼ਿੰਦਗੀ ਪ੍ਰਾਪਤ ਕਰਨ ਦਾ ਮੌਕਾ ਮਿਲਣਾ ਸੀ। (ਯੂਹੰਨਾ 1:12; ਰੋਮੀਆਂ 8:14-17) ਅਤੇ ਅਖ਼ੀਰ ਵਿਚ ਬਾਕੀ ਸਾਰੇ ਵਫ਼ਾਦਾਰ ਲੋਕ ਵੀ, ਜਿਨ੍ਹਾਂ ਕੋਲ ਸਵਰਗੀ ਜ਼ਿੰਦਗੀ ਦੀ ਆਸ਼ਾ ਨਹੀਂ ਹੈ, “ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ” ਦਾ ਆਨੰਦ ਮਾਣਨਗੇ। (ਰੋਮੀਆਂ 8:21) ਸਿਰਫ਼ ਮੇਲ ਕਰਾਉਣ ਵਾਲੇ ਲੋਕ ਹੀ ਇਹ ਆਸ਼ਾ ਰੱਖ ਸਕਦੇ ਹਨ। ਸ਼ਾਂਤਮਈ ਹੋਣ ਅਤੇ ਮੇਲ ਕਰਾਉਣ ਵਾਲੇ ਹੋਣ ਵਿਚ ਫ਼ਰਕ ਹੁੰਦਾ ਹੈ। ਬਾਈਬਲ ਵਿਚ ਸ਼ਬਦ ‘ਮੇਲ ਕਰਾਉਣ’ ਦਾ ਮਤਲਬ ਹੈ ਸ਼ਾਂਤੀ ਨੂੰ ਵਧਾਉਣਾ, ਜਾਂ ਜਿੱਥੇ ਸ਼ਾਂਤੀ ਨਹੀਂ ਹੈ ਉੱਥੇ ਵੀ ਸ਼ਾਂਤੀ ਕਾਇਮ ਕਰਨੀ।

6 ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਰੋਮੀਆਂ ਨੂੰ ਦਿੱਤੀ ਪੌਲੁਸ ਦੀ ਸਲਾਹ ਵੱਲ ਧਿਆਨ ਦਿਓ: “ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।” (ਰੋਮੀਆਂ 12:18) ਪੌਲੁਸ ਇੱਥੇ ਰੋਮੀਆਂ ਨੂੰ ਇਹ ਨਹੀਂ ਕਹਿ ਰਿਹਾ ਸੀ ਕਿ ਉਹ ਸਿਰਫ਼ ਸ਼ਾਂਤ ਸੁਭਾਅ ਦੇ ਇਨਸਾਨ ਬਣਨ, ਭਾਵੇਂ ਕਿ ਇਹ ਚੰਗੀ ਗੱਲ ਸੀ। ਪਰ ਉਹ ਉਨ੍ਹਾਂ ਨੂੰ ਸ਼ਾਂਤੀ ਕਾਇਮ ਕਰਨ ਦੀ ਹੱਲਾਸ਼ੇਰੀ ਦੇ ਰਿਹਾ ਸੀ। ਕਿਨ੍ਹਾਂ ਨਾਲ? “ਸਾਰੇ ਮਨੁੱਖਾਂ” ਦੇ ਨਾਲ—ਪਰਿਵਾਰ ਦੇ ਮੈਂਬਰਾਂ ਨਾਲ, ਸੰਗੀ ਮਸੀਹੀਆਂ ਨਾਲ, ਇੱਥੋਂ ਤਕ ਕਿ ਉਨ੍ਹਾਂ ਨਾਲ ਵੀ ਜਿਹੜੇ ਉਨ੍ਹਾਂ ਦੇ ਧਰਮ ਦੇ ਨਹੀਂ ਸਨ। ਉਸ ਨੇ ਰੋਮੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ “ਆਪਣੀ ਵਾਹ ਲੱਗਦਿਆਂ” ਦੂਸਰਿਆਂ ਨਾਲ ਸ਼ਾਂਤੀ ਕਾਇਮ ਕਰਨ। ਉਹ ਇਹ ਨਹੀਂ ਚਾਹੁੰਦਾ ਸੀ ਕਿ ਸ਼ਾਂਤੀ ਦੀ ਖ਼ਾਤਰ ਉਹ ਆਪਣੇ ਵਿਸ਼ਵਾਸਾਂ ਦਾ ਸਮਝੌਤਾ ਕਰਨ। ਪਰ ਦੂਸਰਿਆਂ ਨੂੰ ਬਿਨਾਂ ਵਜ੍ਹਾ ਆਪਣਾ ਵਿਰੋਧੀ ਬਣਾਉਣ ਦੀ ਬਜਾਇ, ਉਨ੍ਹਾਂ ਨੇ ਸ਼ਾਂਤੀ ਬਣਾਈ ਰੱਖਣ ਦੇ ਮਕਸਦ ਨਾਲ ਉਨ੍ਹਾਂ ਨਾਲ ਪੇਸ਼ ਆਉਣਾ ਸੀ। ਮਸੀਹੀਆਂ ਨੇ ਸਾਰਿਆਂ ਨਾਲ ਇਸ ਤਰ੍ਹਾਂ ਕਰਨਾ ਸੀ ਚਾਹੇ ਉਹ ਕਲੀਸਿਯਾ ਦੇ ਮੈਂਬਰ ਸਨ ਜਾਂ ਨਹੀਂ। (ਗਲਾਤੀਆਂ 6:10) ਇਸ ਸੰਬੰਧੀ ਪੌਲੁਸ ਨੇ ਲਿਖਿਆ: “ਇੱਕ ਦੂਏ ਲਈ ਅਤੇ ਸਭਨਾਂ ਲਈ ਸਦਾ ਭਲਿਆਈ ਦੇ ਪਿੱਛੇ ਲੱਗੇ ਰਹੋ।”​—1 ਥੱਸਲੁਨੀਕੀਆਂ 5:15.

7, 8. ਮਸੀਹੀ ਉਨ੍ਹਾਂ ਲੋਕਾਂ ਨਾਲ ਕਿਉਂ ਅਤੇ ਕਿਵੇਂ ਮੇਲ ਰੱਖਦੇ ਹਨ ਜਿਹੜੇ ਉਨ੍ਹਾਂ ਦੇ ਧਰਮ ਦੇ ਨਹੀਂ ਹਨ?

7 ਅਸੀਂ ਉਨ੍ਹਾਂ ਲੋਕਾਂ ਨਾਲ ਕਿਵੇਂ ਮੇਲ ਰੱਖ ਸਕਦੇ ਹਾਂ ਜਿਹੜੇ ਸਾਡੇ ਧਰਮ ਦੇ ਨਹੀਂ ਹਨ ਅਤੇ ਜਿਹੜੇ ਸਾਡਾ ਵਿਰੋਧ ਕਰਦੇ ਹਨ? ਇਕ ਤਰੀਕਾ ਹੈ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਨਾ ਦਿਖਾਉਣਾ। ਉਦਾਹਰਣ ਲਈ ਜੇ ਅਸੀਂ ਕਿਸੇ ਵਿਅਕਤੀ ਦਾ ਅਪਮਾਨ ਕਰਦੇ ਹਾਂ, ਤਾਂ ਅਸੀਂ ਮੇਲ ਨਹੀਂ ਰੱਖ ਰਹੇ ਹੋਵਾਂਗੇ। ਯਹੋਵਾਹ ਨੇ ਸੰਗਠਨਾਂ ਅਤੇ ਵਰਗਾਂ ਵਿਰੁੱਧ ਆਪਣਾ ਨਿਆਂ ਸੁਣਾ ਦਿੱਤਾ ਹੈ, ਪਰ ਸਾਡੇ ਕੋਲ ਕਿਸੇ ਨੂੰ ਦੋਸ਼ੀ ਠਹਿਰਾਉਣ ਦਾ ਕੋਈ ਹੱਕ ਨਹੀਂ ਹੈ। ਅਸੀਂ ਦੂਸਰਿਆਂ ਦਾ ਨਿਆਂ ਨਹੀਂ ਕਰਦੇ, ਭਾਵੇਂ ਉਹ ਸਾਡੇ ਵਿਰੋਧੀ ਹੀ ਕਿਉਂ ਨਾ ਹੋਣ। ਪੌਲੁਸ ਨੇ ਤੀਤੁਸ ਨੂੰ ਕਿਹਾ ਕਿ ਉਹ ਕਰੇਤ ਦੇ ਮਸੀਹੀਆਂ ਨੂੰ ਉੱਚ ਅਧਿਕਾਰੀਆਂ ਨਾਲ ਪੇਸ਼ ਆਉਣ ਸੰਬੰਧੀ ਸਲਾਹ ਦੇਵੇ ਅਤੇ ਉਨ੍ਹਾਂ ਨੂੰ ਯਾਦ ਕਰਾਵੇ ਕਿ ਉਹ “ਕਿਸੇ ਦੀ ਬਦਨਾਮੀ ਨਾ ਕਰਨ। ਝਗੜਾਲੂ ਨਹੀਂ ਸਗੋਂ ਸੀਲ ਸੁਭਾਉ ਹੋਣ ਅਤੇ ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ ਰੱਖਣ।”​—ਤੀਤੁਸ 3:1, 2.

8 ਜਿਹੜੇ ਲੋਕ ਸਾਡੇ ਧਰਮ ਦੇ ਨਹੀਂ ਹਨ, ਉਨ੍ਹਾਂ ਨਾਲ ਮੇਲ ਰੱਖਣ ਦੁਆਰਾ ਅਸੀਂ ਉਨ੍ਹਾਂ ਨੂੰ ਸੱਚਾਈ ਦੀ ਗਵਾਹੀ ਦਿੰਦੇ ਹਾਂ। ਬੇਸ਼ੱਕ ਅਸੀਂ ਉਨ੍ਹਾਂ ਲੋਕਾਂ ਨਾਲ ਦੋਸਤੀ ਨਹੀਂ ਕਰਦੇ ਜਿਹੜੇ ‘ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੇ ਹਨ।’ (1 ਕੁਰਿੰਥੀਆਂ 15:33) ਫਿਰ ਵੀ ਅਸੀਂ ਮਿਲਣਸਾਰ ਹੋ ਸਕਦੇ ਹਾਂ ਅਤੇ ਸਾਨੂੰ ਸਾਰਿਆਂ ਲੋਕਾਂ ਨਾਲ ਇੱਜ਼ਤ ਤੇ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਪਤਰਸ ਨੇ ਲਿਖਿਆ: “ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ ਭਈ ਜਿਸ ਗੱਲ ਵਿੱਚ ਓਹ ਤੁਹਾਨੂੰ ਬੁਰਿਆਰ ਜਾਣ ਕੇ ਤੁਹਾਡੇ ਵਿਰੁੱਧ ਬੋਲਦੇ ਹਨ ਓਹ ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ ਵੇਖਦੇ ਹਨ ਓਸ ਦਿਨ ਜਦ ਉਨ੍ਹਾਂ ਉੱਤੇ ਦਯਾ ਦਰਿਸ਼ਟੀ ਹੋਵੇ ਪਰਮੇਸ਼ੁਰ ਦੀ ਵਡਿਆਈ ਕਰਨ।”​—1 ਪਤਰਸ 2:12.

ਪ੍ਰਚਾਰ ਦੌਰਾਨ ਮੇਲ ਰੱਖਣਾ

9, 10. ਗ਼ੈਰ-ਮਸੀਹੀਆਂ ਨਾਲ ਮੇਲ ਰੱਖਣ ਦੇ ਸੰਬੰਧ ਵਿਚ ਪੌਲੁਸ ਰਸੂਲ ਨੇ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ?

9 ਪਹਿਲੀ ਸਦੀ ਦੇ ਮਸੀਹੀ ਆਪਣੀ ਦਲੇਰੀ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਆਪਣੇ ਸੰਦੇਸ਼ ਦੀ ਗੰਭੀਰਤਾ ਨੂੰ ਘੱਟ ਨਹੀਂ ਕੀਤਾ। ਜਦੋਂ ਉਨ੍ਹਾਂ ਨੇ ਵਿਰੋਧ ਦਾ ਸਾਮ੍ਹਣਾ ਕੀਤਾ ਸੀ, ਤਾਂ ਉਹ ਇਨਸਾਨਾਂ ਦੇ ਹੁਕਮ ਨੂੰ ਮੰਨਣ ਦੀ ਬਜਾਇ ਪਰਮੇਸ਼ੁਰ ਦੇ ਹੁਕਮ ਨੂੰ ਮੰਨਣ ਵਿਚ ਦ੍ਰਿੜ੍ਹ ਰਹੇ। (ਰਸੂਲਾਂ ਦੇ ਕਰਤੱਬ 4:29; 5:29) ਪਰ ਉਨ੍ਹਾਂ ਨੇ ਦਲੇਰੀ ਦਿਖਾਉਂਦੇ ਹੋਏ ਕਿਸੇ ਨਾਲ ਕੋਈ ਗੁਸਤਾਖ਼ੀ ਨਹੀਂ ਕੀਤੀ। ਜ਼ਰਾ ਗੌਰ ਕਰੋ ਕਿ ਪੌਲੁਸ ਨੇ ਕਿਸ ਤਰ੍ਹਾਂ ਰਾਜਾ ਹੇਰੋਦੇਸ ਅਗ੍ਰਿੱਪਾ ਦੂਜੇ ਸਾਮ੍ਹਣੇ ਆਪਣੀ ਨਿਹਚਾ ਦੇ ਪੱਖ ਵਿਚ ਦਲੀਲ ਪੇਸ਼ ਕੀਤੀ ਸੀ। ਹੇਰੋਦੇਸ ਅਗ੍ਰਿੱਪਾ ਦੇ ਆਪਣੀ ਭੈਣ ਬਰਨੀਕੇ ਨਾਲ ਨਾਜਾਇਜ਼ ਸੰਬੰਧ ਸਨ। ਪਰ ਪੌਲੁਸ ਨੇ ਅਗ੍ਰਿੱਪਾ ਨੂੰ ਚਾਲ-ਚਲਣ ਉੱਤੇ ਲੈਕਚਰ ਨਹੀਂ ਝਾੜਿਆ, ਸਗੋਂ ਉਸ ਨੇ ਉਨ੍ਹਾਂ ਗੱਲਾਂ ਤੇ ਜ਼ੋਰ ਦਿੱਤਾ ਜਿਨ੍ਹਾਂ ਤੇ ਉਹ ਦੋਵੇਂ ਸਹਿਮਤ ਸਨ। ਉਸ ਨੇ ਅਗ੍ਰਿੱਪਾ ਦੀ ਇਸ ਗੱਲ ਲਈ ਸ਼ਲਾਘਾ ਵੀ ਕੀਤੀ ਕਿ ਉਹ ਯਹੂਦੀਆਂ ਦੇ ਰਸਮਾਂ-ਰਿਵਾਜਾਂ ਤੋਂ ਚੰਗੀ ਤਰ੍ਹਾਂ ਵਾਕਫ਼ ਸੀ ਤੇ ਨਬੀਆਂ ਵਿਚ ਵਿਸ਼ਵਾਸ ਰੱਖਦਾ ਸੀ।​—ਰਸੂਲਾਂ ਦੇ ਕਰਤੱਬ 26:2, 3, 27.

10 ਕੀ ਪੌਲੁਸ ਉਸ ਆਦਮੀ ਦੀ ਝੂਠੀ ਪ੍ਰਸ਼ੰਸਾ ਕਰ ਰਿਹਾ ਸੀ ਜੋ ਉਸ ਨੂੰ ਰਿਹਾ ਕਰ ਸਕਦਾ ਸੀ? ਨਹੀਂ। ਉਸ ਨੇ ਆਪਣੀ ਸਲਾਹ ਉੱਤੇ ਚੱਲਦੇ ਹੋਏ ਸੱਚੀਆਂ ਗੱਲਾਂ ਕਹੀਆਂ। ਉਸ ਨੇ ਅਗ੍ਰਿੱਪਾ ਨੂੰ ਜੋ ਵੀ ਕਿਹਾ ਸੀ, ਉਹ ਝੂਠ ਨਹੀਂ ਸੀ। (ਅਫ਼ਸੀਆਂ 4:15) ਪਰ ਪੌਲੁਸ ਇਕ ਮੇਲ ਰੱਖਣ ਵਾਲਾ ਵਿਅਕਤੀ ਸੀ ਅਤੇ ਉਹ ਜਾਣਦਾ ਸੀ ਕਿ ‘ਸਭਨਾਂ ਲਈ ਸਭ ਕੁਝ ਕਿੱਦਾਂ ਬਣਨਾ’ ਹੈ। (1 ਕੁਰਿੰਥੀਆਂ 9:22) ਉਸ ਦਾ ਮਕਸਦ ਯਿਸੂ ਬਾਰੇ ਪ੍ਰਚਾਰ ਕਰਨ ਦੇ ਆਪਣੇ ਹੱਕ ਦਾ ਪੱਖ ਪੂਰਨਾ ਸੀ। ਇਕ ਚੰਗਾ ਸਿੱਖਿਅਕ ਹੋਣ ਕਰਕੇ ਉਸ ਨੇ ਅਜਿਹੇ ਵਿਸ਼ੇ ਨਾਲ ਆਪਣੀ ਗੱਲ ਸ਼ੁਰੂ ਕੀਤੀ ਜਿਸ ਤੇ ਉਹ ਅਤੇ ਅਗ੍ਰਿੱਪਾ ਦੋਵੇਂ ਸਹਿਮਤ ਸਨ। ਇਸ ਤਰ੍ਹਾਂ ਪੌਲੁਸ ਨੇ ਮਸੀਹੀਅਤ ਬਾਰੇ ਚੰਗੀ ਰਾਇ ਕਾਇਮ ਕਰਨ ਵਿਚ ਉਸ ਵਿਭਚਾਰੀ ਰਾਜੇ ਦੀ ਮਦਦ ਕੀਤੀ।​—ਰਸੂਲਾਂ ਦੇ ਕਰਤੱਬ 26:28-31.

11. ਅਸੀਂ ਪ੍ਰਚਾਰ ਦੌਰਾਨ ਕਿਵੇਂ ਮੇਲ ਰੱਖ ਸਕਦੇ ਹਾਂ?

11 ਅਸੀਂ ਪ੍ਰਚਾਰ ਦੌਰਾਨ ਕਿਵੇਂ ਮੇਲ ਰੱਖ ਸਕਦੇ ਹਾਂ? ਪੌਲੁਸ ਵਾਂਗ, ਸਾਨੂੰ ਬਹਿਸਬਾਜ਼ੀ ਕਰਨ ਤੋਂ ਬਚਣਾ ਚਾਹੀਦਾ ਹੈ। ਇਹ ਸੱਚ ਹੈ ਕਿ ਕਈ ਵਾਰ ਸਾਨੂੰ ਆਪਣੀ ਨਿਹਚਾ ਦੀ ਪੱਖ-ਪੂਰਤੀ ਲਈ ‘ਨਿਧੜਕ ਹੋ ਕੇ ਬਚਨ ਸੁਣਾਉਣ’ ਦੀ ਲੋੜ ਪੈਂਦੀ ਹੈ। (ਫ਼ਿਲਿੱਪੀਆਂ 1:14) ਪਰ ਜ਼ਿਆਦਾ ਕਰਕੇ ਸਾਡਾ ਮੁੱਖ ਮਕਸਦ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਹੈ। (ਮੱਤੀ 24:14) ਜੇ ਇਕ ਵਿਅਕਤੀ ਪਰਮੇਸ਼ੁਰ ਦੇ ਮਕਸਦਾਂ ਦੀ ਸੱਚਾਈ ਨੂੰ ਜਾਣ ਲੈਂਦਾ ਹੈ, ਤਾਂ ਉਹ ਝੂਠੇ ਧਾਰਮਿਕ ਵਿਚਾਰਾਂ ਤੇ ਬੁਰੇ ਕੰਮਾਂ ਨੂੰ ਤਿਆਗ ਦੇਵੇਗਾ। ਇਸ ਲਈ ਜਿੱਥੋਂ ਤਕ ਹੋ ਸਕੇ, ਉਨ੍ਹਾਂ ਗੱਲਾਂ ਤੇ ਜ਼ੋਰ ਦੇਣਾ ਚੰਗੀ ਗੱਲ ਹੈ ਜਿਹੜੀਆਂ ਸਾਡੀ ਗੱਲ ਸੁਣਨ ਵਾਲਿਆਂ ਨੂੰ ਚੰਗੀਆਂ ਲੱਗਣਗੀਆਂ। ਤੇ ਸਾਨੂੰ ਉਨ੍ਹਾਂ ਵਿਸ਼ਿਆਂ ਤੇ ਗੱਲ ਕਰਨੀ ਚਾਹੀਦੀ ਹੈ ਜਿਨ੍ਹਾਂ ਤੇ ਉਹ ਸਾਡੇ ਨਾਲ ਸਹਿਮਤ ਹੋਣ। ਉਨ੍ਹਾਂ ਨੂੰ ਗੁੱਸਾ ਚੜ੍ਹਾ ਕੇ ਸਾਡਾ ਮਕਸਦ ਪੂਰਾ ਨਹੀਂ ਹੋਵੇਗਾ ਜਦ ਕਿ ਜੇ ਉਨ੍ਹਾਂ ਨਾਲ ਸਮਝਦਾਰੀ ਨਾਲ ਗੱਲ ਕੀਤੀ ਜਾਵੇ, ਤਾਂ ਉਹ ਸਾਡੇ ਸੰਦੇਸ਼ ਵੱਲ ਧਿਆਨ ਦੇ ਸਕਦੇ ਹਨ।​—2 ਕੁਰਿੰਥੀਆਂ 6:3.

ਪਰਿਵਾਰ ਵਿਚ ਮੇਲ ਰੱਖਣਾ

12. ਅਸੀਂ ਪਰਿਵਾਰ ਵਿਚ ਕਿੱਦਾਂ ਮੇਲ ਰੱਖ ਸਕਦੇ ਹਾਂ?

12 ਪੌਲੁਸ ਨੇ ਕਿਹਾ ਸੀ ਕਿ ਜਿਹੜੇ ਵਿਆਹ ਕਰਨਗੇ ਉਹ “ਸਰੀਰ ਵਿੱਚ ਦੁਖ ਭੋਗਣਗੇ।” (1 ਕੁਰਿੰਥੀਆਂ 7:28) ਉਨ੍ਹਾਂ ਨੂੰ ਵੱਖੋ-ਵੱਖਰੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਵੇਗਾ। ਕੁਝ ਪਤੀ-ਪਤਨੀਆਂ ਵਿਚ ਅਣਬਣ ਵੀ ਹੋਵੇਗੀ। ਇਨ੍ਹਾਂ ਨਾਲ ਕਿੱਦਾਂ ਨਜਿੱਠਿਆ ਜਾਣਾ ਚਾਹੀਦਾ ਹੈ? ਮੇਲ ਰੱਖਣ ਦੇ ਮਕਸਦ ਨਾਲ। ਇਕ ਮੇਲ ਰੱਖਣ ਵਾਲਾ ਵਿਅਕਤੀ ਲੜਾਈ ਦੇ ਵਧਣ ਤੋਂ ਪਹਿਲਾਂ ਹੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ। ਕਿੱਦਾਂ? ਪਹਿਲਾਂ, ਉਹ ਆਪਣੀ ਜ਼ਬਾਨ ਨੂੰ ਕਾਬੂ ਵਿਚ ਰੱਖੇਗਾ। ਜਦੋਂ ਜ਼ਬਾਨ ਨੂੰ ਚੋਭਵੀਆਂ ਤੇ ਅਪਮਾਨਜਨਕ ਗੱਲਾਂ ਕਹਿਣ ਲਈ ਵਰਤਿਆ ਜਾਂਦਾ ਹੈ, ਤਾਂ ਇਹ ਛੋਟਾ ਜਿਹਾ ਅੰਗ ਸੱਚ-ਮੁੱਚ ‘ਇੱਕ ਚੰਚਲ ਬਲਾ ਅਤੇ ਨਾਸ ਕਰਨ ਵਾਲੀ ਵਿੱਸ’ ਸਾਬਤ ਹੋ ਸਕਦਾ ਹੈ। (ਯਾਕੂਬ 3:8) ਮੇਲ ਰੱਖਣ ਵਾਲਾ ਵਿਅਕਤੀ ਹੌਸਲਾ ਢਾਉਣ ਦੀ ਬਜਾਇ ਹੌਸਲਾ ਵਧਾਉਣ ਲਈ ਆਪਣੀ ਜ਼ਬਾਨ ਨੂੰ ਇਸਤੇਮਾਲ ਕਰਦਾ ਹੈ।​—ਕਹਾਉਤਾਂ 12:18.

13, 14. ਅਸੀਂ ਉਦੋਂ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਾਂ ਜਦੋਂ ਅਸੀਂ ਕੋਈ ਚੋਭਵੀਂ ਗੱਲ ਕਹਿ ਦਿੰਦੇ ਹਾਂ ਜਾਂ ਗੁੱਸੇ ਵਿਚ ਆ ਜਾਂਦੇ ਹਾਂ?

13 ਨਾਮੁਕੰਮਲ ਹੋਣ ਕਰਕੇ ਅਸੀਂ ਸਾਰੇ ਕਈ ਵਾਰੀ ਅਜਿਹੀਆਂ ਗੱਲਾਂ ਕਹਿ ਜਾਂਦੇ ਹਾਂ, ਜਿਨ੍ਹਾਂ ਤੇ ਸਾਨੂੰ ਬਾਅਦ ਵਿਚ ਪਛਤਾਵਾ ਹੁੰਦਾ ਹੈ। ਜਦੋਂ ਇਸ ਤਰ੍ਹਾਂ ਹੁੰਦਾ ਹੈ, ਤਾਂ ਫਟਾਫਟ ਮਾਮਲੇ ਨੂੰ ਸੁਲਝਾਉਣ ਅਤੇ ਮੇਲ-ਮਿਲਾਪ ਕਰਨ ਦੀ ਕੋਸ਼ਿਸ਼ ਕਰੋ। (ਕਹਾਉਤਾਂ 19:11; ਕੁਲੁੱਸੀਆਂ 3:13) “ਵਿਵਾਦਾਂ” ਤੋਂ ਅਤੇ “ਟੰਟੇ” ਕਰਨ ਤੋਂ ਦੂਰ ਰਹੋ। (1 ਤਿਮੋਥਿਉਸ 6:4, 5) ਇਸ ਦੀ ਬਜਾਇ ਸਮਝਦਾਰੀ ਦਿਖਾਓ ਅਤੇ ਆਪਣੇ ਸਾਥੀ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜੇ ਤੁਹਾਡੇ ਨਾਲ ਕੌੜੇ ਸ਼ਬਦਾਂ ਵਿਚ ਗੱਲ ਕੀਤੀ ਜਾਂਦੀ ਹੈ, ਤਾਂ ਤੁਸੀਂ ਇੱਟ ਦਾ ਜਵਾਬ ਪੱਥਰ ਨਾਲ ਨਾ ਦਿਓ। ਇਹ ਗੱਲ ਯਾਦ ਰੱਖੋ ਕਿ “ਨਰਮ ਜਵਾਬ ਗੁੱਸੇ ਨੂੰ ਠੰਢਾ ਕਰ ਦਿੰਦਾ ਹੈ।”​—ਕਹਾਉਤਾਂ 15:1.

14 ਕਈ ਵਾਰ ਤੁਹਾਨੂੰ ਸ਼ਾਇਦ ਕਹਾਉਤਾਂ 17:14 ਵੱਲ ਧਿਆਨ ਦੇਣ ਦੀ ਲੋੜ ਪਵੇ ਜਿਸ ਵਿਚ ਲਿਖਿਆ ਹੈ: “ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇਹ।” ਸਾਨੂੰ ਝਗੜੇ ਵਾਲੀ ਸਥਿਤੀ ਨੂੰ ਛੱਡ ਦੇਣਾ ਚਾਹੀਦਾ ਹੈ। ਬਾਅਦ ਵਿਚ, ਜਦੋਂ ਗੁੱਸਾ ਠੰਢਾ ਹੋ ਜਾਂਦਾ ਹੈ, ਤਾਂ ਸ਼ਾਇਦ ਤੁਸੀਂ ਸਮੱਸਿਆ ਨੂੰ ਸ਼ਾਂਤੀ ਨਾਲ ਹੱਲ ਕਰ ਸਕੋਗੇ। ਕੁਝ ਮਾਮਲਿਆਂ ਵਿਚ ਸ਼ਾਇਦ ਕਿਸੇ ਮਸੀਹੀ ਨਿਗਾਹਬਾਨ ਦੀ ਮਦਦ ਦੀ ਲੋੜ ਪਵੇ। ਜਦੋਂ ਪਤੀ-ਪਤਨੀ ਦੀ ਆਪਸੀ ਸ਼ਾਂਤੀ ਖ਼ਤਰੇ ਵਿਚ ਹੁੰਦੀ ਹੈ, ਤਾਂ ਅਜਿਹੇ ਤਜਰਬੇਕਾਰ ਅਤੇ ਹਮਦਰਦ ਵਿਅਕਤੀਆਂ ਦੀ ਮਦਦ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ।​—ਯਸਾਯਾਹ 32:1, 2.

ਕਲੀਸਿਯਾ ਵਿਚ ਮੇਲ ਰੱਖਣਾ

15. ਯਾਕੂਬ ਅਨੁਸਾਰ ਕੁਝ ਮਸੀਹੀਆਂ ਵਿਚ ਕਿਹੜਾ ਭੈੜਾ ਰਵੱਈਆ ਪੈਦਾ ਹੋ ਗਿਆ ਸੀ ਅਤੇ ਇਹ ਰਵੱਈਆ ਕਿਉਂ “ਸੰਸਾਰੀ, ਪ੍ਰਾਣਕ” ਅਤੇ “ਸ਼ਤਾਨੀ” ਸੀ?

15 ਇਹ ਬੜੇ ਦੁੱਖ ਦੀ ਗੱਲ ਹੈ ਕਿ ਪਹਿਲੀ ਸਦੀ ਦੇ ਕੁਝ ਮਸੀਹੀ ਈਰਖਾਲੂ ਅਤੇ ਝਗੜਾਲੂ ਸਨ ਜੋ ਕਿ ਸ਼ਾਂਤੀ ਦੇ ਬਿਲਕੁਲ ਉਲਟ ਹੈ। ਯਾਕੂਬ ਨੇ ਕਿਹਾ: “ਇਹ ਤਾਂ ਉਹ ਬੁੱਧ ਨਹੀਂ ਜਿਹੜੀ ਉੱਪਰੋਂ ਉਤਰ ਆਉਂਦੀ ਹੈ ਸਗੋਂ ਸੰਸਾਰੀ, ਪ੍ਰਾਣਕ, ਸ਼ਤਾਨੀ ਹੈ। ਕਿਉਂਕਿ ਜਿੱਥੇ ਈਰਖਾ ਅਤੇ ਧੜੇਬਾਜ਼ੀ ਹੁੰਦੀ ਹੈ ਉੱਥੇ ਘਮਸਾਣ ਅਤੇ ਹਰ ਭਾਂਤ ਦਾ ਮੰਦਾ ਕੰਮ ਹੁੰਦਾ ਹੈ।” (ਯਾਕੂਬ 3:14-16) ਕੁਝ ਲੋਕ ਵਿਸ਼ਵਾਸ ਕਰਦੇ ਹਨ ਕਿ “ਧੜੇਬਾਜ਼ੀ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਅੱਗੇ ਵਧਣ ਦੀ ਸੁਆਰਥੀ ਲਾਲਸਾ ਅਤੇ ਚਲਾਕੀ ਨਾਲ ਕਿਸੇ ਪਦਵੀ ਨੂੰ ਪ੍ਰਾਪਤ ਕਰਨਾ ਹੈ। ਇਸੇ ਕਰਕੇ ਯਾਕੂਬ ਨੇ ਇਸ ਨੂੰ “ਸੰਸਾਰੀ, ਪ੍ਰਾਣਕ [“ਵਹਿਸ਼ੀ,” ਨਿ ਵ], ਸ਼ਤਾਨੀ” ਕਿਹਾ। ਇਤਿਹਾਸ ਵਿਚ ਦੁਨੀਆਂ ਦੇ ਸ਼ਾਸਕ ਹਮੇਸ਼ਾ ਝਗੜਾ ਕਰਦੇ ਰਹੇ ਹਨ ਤੇ ਇਕ ਦੂਸਰੇ ਨਾਲ ਜੰਗਲੀ ਜਾਨਵਰਾਂ ਵਾਂਗ ਲੜਦੇ ਰਹੇ ਹਨ। ਝਗੜਾਲੂਪੁਣਾ ਸੱਚ-ਮੁੱਚ “ਸੰਸਾਰੀ” ਅਤੇ “ਵਹਿਸ਼ੀ” ਗੁਣ ਹੈ। ਇਹ “ਸ਼ਤਾਨੀ” ਵੀ ਹੈ। ਸਭ ਤੋਂ ਪਹਿਲਾਂ ਇਹ ਮਕਾਰੀ ਭਰਿਆ ਗੁਣ ਤਾਕਤ ਦੇ ਭੁੱਖੇ ਦੂਤ ਨੇ ਦਿਖਾਇਆ ਸੀ ਜਿਸ ਨੇ ਆਪਣੇ ਆਪ ਨੂੰ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਖੜ੍ਹਾ ਕਰ ਕੇ ਆਪਣੇ ਆਪ ਨੂੰ ਸ਼ਤਾਨ ਅਤੇ ਦੂਜੇ ਬਾਗ਼ੀ ਦੂਤਾਂ ਦਾ ਸ਼ਾਸਕ ਬਣਾ ਲਿਆ।

16. ਪਹਿਲੀ ਸਦੀ ਦੇ ਕੁਝ ਮਸੀਹੀਆਂ ਨੇ ਸ਼ਤਾਨ ਵਰਗਾ ਰਵੱਈਆ ਕਿਵੇਂ ਦਿਖਾਇਆ ਸੀ?

16 ਯਾਕੂਬ ਨੇ ਮਸੀਹੀਆਂ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਅੰਦਰ ਝਗੜਾਲੂ ਰਵੱਈਏ ਨੂੰ ਪੈਦਾ ਨਾ ਹੋਣ ਦੇਣ ਕਿਉਂਕਿ ਇਹ ਸ਼ਾਂਤੀ ਭੰਗ ਕਰਦਾ ਹੈ। ਉਸ ਨੇ ਲਿਖਿਆ: “ਲੜਾਈਆਂ ਕਿੱਥੋਂ ਅਤੇ ਝਗੜੇ ਕਿੱਥੋਂ ਤੁਹਾਡੇ ਵਿੱਚ ਆਉਂਦੇ ਹਨ? ਕੀ ਐਥੋਂ ਨਹੀਂ ਅਰਥਾਤ ਤੁਹਾਡਿਆਂ ਭੋਗ ਬਿਲਾਸਾਂ ਤੋਂ ਜਿਹੜੇ ਤੁਹਾਡੀਆਂ ਇੰਦਰੀਆਂ ਵਿੱਚ ਜੁੱਧ ਕਰਦੇ ਹਨ?” (ਯਾਕੂਬ 4:1) ਇੱਥੇ “ਭੋਗ ਬਿਲਾਸਾਂ” ਦਾ ਮਤਲਬ ਭੌਤਿਕ ਚੀਜ਼ਾਂ ਦਾ ਲਾਲਚ ਜਾਂ ਮਸ਼ਹੂਰੀ ਤੇ ਤਾਕਤ ਹਾਸਲ ਕਰਨ ਜਾਂ ਦੂਸਰਿਆਂ ਨੂੰ ਆਪਣੇ ਥੱਲੇ ਕਰਨ ਦੀ ਇੱਛਾ ਹੋ ਸਕਦੀ ਹੈ। ਯਿਸੂ ਨੇ ਕਿਹਾ ਸੀ ਕਿ ਉਸ ਦੇ ਸੱਚੇ ਪੈਰੋਕਾਰਾਂ ਨੂੰ ‘ਹੋਰਨਾਂ ਨਾਲੋਂ ਛੋਟੇ’ ਬਣਨਾ ਚਾਹੀਦਾ ਹੈ। (ਲੂਕਾ 9:48) ਪਰ ਯਿਸੂ ਦੀ ਸਿੱਖਿਆ ਤੋਂ ਉਲਟ ਕਲੀਸਿਯਾਵਾਂ ਵਿਚ ਕੁਝ ਮਸੀਹੀ ਸ਼ਤਾਨ ਵਾਂਗ ਵੱਡੇ ਬਣਨਾ ਚਾਹੁੰਦੇ ਸਨ। ਅਜਿਹਾ ਰਵੱਈਆ ਕਲੀਸਿਯਾ ਦੀ ਸ਼ਾਂਤੀ ਨੂੰ ਤਬਾਹ ਕਰ ਸਕਦਾ ਹੈ।

17. ਅੱਜ ਮਸੀਹੀ ਕਿਵੇਂ ਕਲੀਸਿਯਾ ਵਿਚ ਮੇਲ ਰੱਖਣ ਵਾਲੇ ਬਣ ਸਕਦੇ ਹਨ?

17 ਅੱਜ, ਸਾਨੂੰ ਵੀ ਭੌਤਿਕਵਾਦ, ਈਰਖਾ ਜਾਂ ਅੱਗੇ ਵਧਣ ਦੀ ਇੱਛਾ ਤੋਂ ਬਚਣਾ ਚਾਹੀਦਾ ਹੈ। ਜੇ ਅਸੀਂ ਸੱਚ-ਮੁੱਚ ਮੇਲ ਰੱਖਣ ਵਾਲੇ ਵਿਅਕਤੀ ਹਾਂ, ਤਾਂ ਅਸੀਂ ਇਸ ਗੱਲ ਦੀ ਚਿੰਤਾ ਨਹੀਂ ਕਰਾਂਗੇ ਕਿ ਕਲੀਸਿਯਾ ਵਿਚ ਕੋਈ ਦੂਸਰਾ ਭਰਾ ਸਾਡੇ ਤੋਂ ਜ਼ਿਆਦਾ ਮਾਹਰ ਹੈ ਤੇ ਨਾ ਹੀ ਅਸੀਂ ਉਸ ਦੇ ਮਨੋਰਥਾਂ ਬਾਰੇ ਕੋਈ ਸਵਾਲ ਖੜ੍ਹਾ ਕਰ ਕੇ ਦੂਸਰਿਆਂ ਦੀਆਂ ਨਜ਼ਰਾਂ ਵਿਚ ਉਸ ਨੂੰ ਡੇਗਣ ਦੀ ਕੋਸ਼ਿਸ਼ ਕਰਾਂਗੇ। ਜੇ ਸਾਡੇ ਵਿਚ ਕੋਈ ਖ਼ਾਸ ਯੋਗਤਾ ਹੈ, ਤਾਂ ਅਸੀਂ ਆਪਣੇ ਆਪ ਨੂੰ ਦੂਸਰਿਆਂ ਤੋਂ ਉੱਚਾ ਕਰਨ ਲਈ ਇਸ ਨੂੰ ਨਹੀਂ ਵਰਤਾਂਗੇ, ਜਿੱਦਾਂ ਕਿ ਕਲੀਸਿਯਾ ਸਿਰਫ਼ ਸਾਡੀ ਯੋਗਤਾ ਤੇ ਕੁਸ਼ਲਤਾ ਕਰਕੇ ਹੀ ਤਰੱਕੀ ਕਰ ਸਕਦੀ ਹੈ। ਅਜਿਹਾ ਰਵੱਈਆ ਕਲੀਸਿਯਾ ਵਿਚ ਫੁੱਟ ਪਾ ਸਕਦਾ ਹੈ; ਇਸ ਨਾਲ ਕਲੀਸਿਯਾ ਵਿਚ ਸ਼ਾਂਤੀ ਨਹੀਂ ਹੋਵੇਗੀ। ਮੇਲ ਰੱਖਣ ਵਾਲੇ ਲੋਕ ਆਪਣੀਆਂ ਯੋਗਤਾਵਾਂ ਤੇ ਸ਼ੇਖ਼ੀਆਂ ਨਹੀਂ ਮਾਰਨਗੇ, ਪਰ ਨਿਮਰਤਾ ਨਾਲ ਭਰਾਵਾਂ ਦੀ ਸੇਵਾ ਕਰਨ ਅਤੇ ਯਹੋਵਾਹ ਦੀ ਮਹਿਮਾ ਕਰਨ ਲਈ ਇਨ੍ਹਾਂ ਨੂੰ ਇਸਤੇਮਾਲ ਕਰਨਗੇ। ਉਨ੍ਹਾਂ ਨੂੰ ਪਤਾ ਹੈ ਕਿ ਅਸਲ ਵਿਚ ਯੋਗਤਾਵਾਂ ਨਹੀਂ, ਸਗੋਂ ਪਿਆਰ ਹੀ ਸੱਚੇ ਮਸੀਹੀਆਂ ਦੀ ਪਛਾਣ ਹੈ।​—ਯੂਹੰਨਾ 13:35; 1 ਕੁਰਿੰਥੀਆਂ 13:1-3.

‘ਮੈਂ ਤੇਰੇ ਮੁਹੱਸਲਾਂ ਨੂੰ ਸ਼ਾਂਤੀ ਬਣਾਵਾਂਗਾ’

18. ਬਜ਼ੁਰਗ ਆਪਸ ਵਿਚ ਕਿਵੇਂ ਮੇਲ ਰੱਖਦੇ ਹਨ?

18 ਕਲੀਸਿਯਾ ਦੇ ਬਜ਼ੁਰਗ ਮੇਲ ਰੱਖਣ ਵਿਚ ਅਗਵਾਈ ਕਰਦੇ ਹਨ। ਯਹੋਵਾਹ ਨੇ ਆਪਣੇ ਲੋਕਾਂ ਬਾਰੇ ਭਵਿੱਖਬਾਣੀ ਕੀਤੀ ਸੀ: “ਮੈਂ ਤੇਰੇ ਮੁਹੱਸਲਾਂ ਨੂੰ ਸ਼ਾਂਤੀ, ਅਤੇ ਤੇਰੇ ਬੇਗਾਰ ਕਰਾਉਣ ਵਾਲਿਆਂ ਨੂੰ ਧਰਮ ਬਣਾਵਾਂਗਾ।” (ਯਸਾਯਾਹ 60:17) ਇਸ ਭਵਿੱਖਬਾਣੀ ਮੁਤਾਬਕ ਜਿਹੜੇ ਵਿਅਕਤੀ ਮਸੀਹੀ ਚਰਵਾਹਿਆਂ ਵਜੋਂ ਸੇਵਾ ਕਰਦੇ ਹਨ, ਉਹ ਆਪਸ ਵਿਚ ਅਤੇ ਝੁੰਡ ਵਿਚ ਵੀ ਸ਼ਾਂਤੀ ਵਧਾਉਣ ਲਈ ਮਿਹਨਤ ਕਰਦੇ ਹਨ। ਬਜ਼ੁਰਗ ‘ਉੱਪਰਲੀ ਬੁੱਧ’ ਜੋ ਮਿਲਣਸਾਰ ਤੇ ਸ਼ੀਲ ਸੁਭਾਅ ਹੁੰਦੀ ਹੈ, ਦਿਖਾ ਕੇ ਆਪਣੇ ਵਿਚਕਾਰ ਸ਼ਾਂਤੀ ਰੱਖ ਸਕਦੇ ਹਨ। (ਯਾਕੂਬ 3:17) ਵੱਖੋ-ਵੱਖਰੇ ਪਿਛੋਕੜਾਂ ਅਤੇ ਜ਼ਿੰਦਗੀ ਵਿਚ ਅਲੱਗ-ਅਲੱਗ ਤਜਰਬਿਆਂ ਕਰਕੇ ਕਲੀਸਿਯਾ ਦੇ ਬਜ਼ੁਰਗਾਂ ਦੇ ਵਿਚਾਰ ਕਈ ਵਾਰ ਇਕ-ਦੂਜੇ ਤੋਂ ਵੱਖਰੇ ਹੋ ਸਕਦੇ ਹਨ। ਕੀ ਇਸ ਦਾ ਮਤਲਬ ਹੈ ਕਿ ਉਨ੍ਹਾਂ ਵਿਚ ਸ਼ਾਂਤੀ ਨਹੀਂ ਹੈ? ਜੇ ਅਜਿਹੀ ਸਥਿਤੀ ਨੂੰ ਧਿਆਨ ਨਾਲ ਨਜਿੱਠਿਆ ਜਾਵੇ, ਤਾਂ ਸ਼ਾਂਤੀ ਕਾਇਮ ਰਹਿ ਸਕਦੀ ਹੈ। ਮੇਲ ਰੱਖਣ ਵਾਲੇ ਬਜ਼ੁਰਗ ਨਿਮਰਤਾ ਨਾਲ ਆਪਣੇ ਵਿਚਾਰ ਦੱਸਦੇ ਹਨ ਤੇ ਫਿਰ ਆਦਰ ਨਾਲ ਦੂਸਰਿਆਂ ਦੇ ਵਿਚਾਰਾਂ ਨੂੰ ਸੁਣਦੇ ਹਨ। ਆਪਣੀ ਗੱਲ ਤੇ ਅੜੇ ਰਹਿਣ ਦੀ ਬਜਾਇ ਇਕ ਮੇਲ ਰੱਖਣ ਵਾਲਾ ਬਜ਼ੁਰਗ ਪ੍ਰਾਰਥਨਾਪੂਰਵਕ ਆਪਣੇ ਭਰਾ ਦੇ ਨਜ਼ਰੀਏ ਤੇ ਵਿਚਾਰ ਕਰੇਗਾ। ਜੇ ਬਾਈਬਲ ਦੇ ਕਿਸੇ ਅਸੂਲ ਦੀ ਉਲੰਘਣਾ ਨਹੀਂ ਹੁੰਦੀ, ਤਾਂ ਉਹ ਆਮ ਤੌਰ ਤੇ ਦੂਸਰੇ ਬਜ਼ੁਰਗਾਂ ਦੇ ਵਿਚਾਰਾਂ ਉੱਤੇ ਵੀ ਗੌਰ ਕਰੇਗਾ। ਜੇ ਦੂਸਰੇ ਉਸ ਨਾਲ ਅਸਹਿਮਤ ਹੁੰਦੇ ਹਨ, ਤਾਂ ਇਕ ਮੇਲ ਰੱਖਣ ਵਾਲਾ ਭਰਾ ਬਹੁਮਤ ਦੇ ਫ਼ੈਸਲੇ ਨੂੰ ਸਵੀਕਾਰ ਕਰੇਗਾ ਅਤੇ ਇਸ ਵਿਚ ਆਪਣਾ ਪੂਰਾ ਸਹਿਯੋਗ ਦੇਵੇਗਾ। ਇਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਸ਼ੀਲ ਸੁਭਾਅ ਦਾ ਮਾਲਕ ਸਾਬਤ ਕਰੇਗਾ। (1 ਤਿਮੋਥਿਉਸ 3:2, 3) ਤਜਰਬੇਕਾਰ ਨਿਗਾਹਬਾਨ ਜਾਣਦੇ ਹਨ ਕਿ ਆਪਣੀ ਗੱਲ ਮੰਨਵਾਉਣ ਦੀ ਬਜਾਇ ਕਲੀਸਿਯਾ ਦੀ ਸ਼ਾਂਤੀ ਜ਼ਿਆਦਾ ਮਹੱਤਵਪੂਰਣ ਹੈ।

19. ਬਜ਼ੁਰਗ ਕਿਵੇਂ ਕਲੀਸਿਯਾ ਵਿਚ ਮੇਲ ਰੱਖਦੇ ਹਨ?

19 ਬਜ਼ੁਰਗ ਝੁੰਡ ਦੇ ਮੈਂਬਰਾਂ ਦੀ ਮਦਦ ਕਰ ਕੇ ਅਤੇ ਉਨ੍ਹਾਂ ਦੇ ਜਤਨਾਂ ਦੀ ਬਿਨਾਂ ਵਜ੍ਹਾ ਆਲੋਚਨਾ ਨਾ ਕਰ ਕੇ ਉਨ੍ਹਾਂ ਨਾਲ ਮੇਲ ਰੱਖਦੇ ਹਨ। ਇਹ ਸਹੀ ਹੈ ਕਿ ਕਈ ਵਾਰ ਕੁਝ ਭੈਣ-ਭਰਾਵਾਂ ਨੂੰ ਸੁਧਾਰਨ ਲਈ ਤਾੜਨਾ ਦੇਣ ਦੀ ਲੋੜ ਪੈਂਦੀ ਹੈ। (ਗਲਾਤੀਆਂ 6:1) ਪਰ ਮਸੀਹੀ ਨਿਗਾਹਬਾਨਾਂ ਦਾ ਕੰਮ ਮੁੱਖ ਤੌਰ ਤੇ ਅਨੁਸ਼ਾਸਨ ਦੇਣਾ ਨਹੀਂ ਹੈ। ਉਹ ਅਕਸਰ ਦੂਸਰਿਆਂ ਦੀ ਸ਼ਲਾਘਾ ਕਰਦੇ ਹਨ। ਆਪਣੇ ਭੈਣ-ਭਰਾਵਾਂ ਨਾਲ ਪਿਆਰ ਕਰਨ ਵਾਲੇ ਬਜ਼ੁਰਗ ਦੂਸਰਿਆਂ ਦੇ ਚੰਗੇ ਗੁਣਾਂ ਵੱਲ ਧਿਆਨ ਦਿੰਦੇ ਹਨ। ਨਿਗਾਹਬਾਨ ਆਪਣੇ ਸੰਗੀ ਮਸੀਹੀਆਂ ਦੀ ਮਿਹਨਤ ਦੀ ਕਦਰ ਕਰਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੇ ਸੰਗੀ ਵਿਸ਼ਵਾਸੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ।​—2 ਕੁਰਿੰਥੀਆਂ 2:3, 4.

20. ਜੇ ਸਾਰੇ ਜਣੇ ਮੇਲ ਰੱਖਣ ਵਾਲੇ ਬਣਨ, ਤਾਂ ਇਸ ਨਾਲ ਕਲੀਸਿਯਾ ਨੂੰ ਕੀ ਫ਼ਾਇਦਾ ਹੋਵੇਗਾ?

20 ਇਸ ਲਈ ਪਰਿਵਾਰ ਵਿਚ, ਕਲੀਸਿਯਾ ਵਿਚ ਅਤੇ ਉਨ੍ਹਾਂ ਨਾਲ ਪੇਸ਼ ਆਉਂਦੇ ਸਮੇਂ ਜਿਹੜੇ ਸਾਡੇ ਧਰਮ ਦੇ ਨਹੀਂ ਹਨ, ਅਸੀਂ ਮੇਲ ਰੱਖਣ ਯਾਨੀ ਸ਼ਾਂਤੀ ਵਧਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਜੇ ਅਸੀਂ ਆਪਣੀ ਪੂਰੀ ਵਾਹ ਲਾ ਕੇ ਸ਼ਾਂਤੀ ਵਧਾਉਂਦੇ ਹਾਂ, ਤਾਂ ਅਸੀਂ ਕਲੀਸਿਯਾ ਦੀ ਖ਼ੁਸ਼ੀ ਵਿਚ ਵਾਧਾ ਕਰਨ ਵਿਚ ਹਿੱਸਾ ਪਾਵਾਂਗੇ। ਨਾਲ ਹੀ, ਸਾਡੀ ਬਹੁਤ ਸਾਰੇ ਤਰੀਕਿਆਂ ਨਾਲ ਰਾਖੀ ਹੋਵੇਗੀ ਅਤੇ ਸਾਡੀ ਨਿਹਚਾ ਮਜ਼ਬੂਤ ਹੋਵੇਗੀ, ਜਿੱਦਾਂ ਕਿ ਅਸੀਂ ਅਗਲੇ ਲੇਖ ਵਿਚ ਦੇਖਾਂਗੇ।

ਕੀ ਤੁਹਾਨੂੰ ਯਾਦ ਹੈ?

• ਮੇਲ ਕਰਾਉਣ ਦਾ ਕੀ ਮਤਲਬ ਹੈ?

• ਜਿਹੜੇ ਲੋਕ ਗਵਾਹ ਨਹੀਂ ਹਨ, ਅਸੀਂ ਉਨ੍ਹਾਂ ਨਾਲ ਕਿਵੇਂ ਮੇਲ ਰੱਖ ਸਕਦੇ ਹਾਂ?

• ਪਰਿਵਾਰ ਵਿਚ ਕਿਹੜੇ ਕੁਝ ਤਰੀਕਿਆਂ ਨਾਲ ਸ਼ਾਂਤੀ ਕਾਇਮ ਕੀਤੀ ਜਾ ਸਕਦੀ ਹੈ?

• ਬਜ਼ੁਰਗ ਕਲੀਸਿਯਾ ਵਿਚ ਕਿਵੇਂ ਸ਼ਾਂਤੀ ਵਧਾ ਸਕਦੇ ਹਨ?

[ਸਵਾਲ]

[ਸਫ਼ੇ 9 ਉੱਤੇ ਤਸਵੀਰ]

ਮੇਲ ਰੱਖਣ ਵਾਲੇ ਆਪਣੇ ਆਪ ਨੂੰ ਦੂਜਿਆਂ ਤੋਂ ਉ ਚਾ ਨਹੀਂ ਕਰਦੇ

[ਸਫ਼ੇ 10 ਉੱਤੇ ਤਸਵੀਰਾਂ]

ਸੱਚੇ ਮਸੀਹੀ ਪ੍ਰਚਾਰ ਦੌਰਾਨ, ਘਰ ਵਿਚ ਅਤੇ ਕਲੀਸਿਯਾ ਵਿਚ ਮੇਲ ਰੱਖਦੇ ਹਨ