Skip to content

Skip to table of contents

ਮੱਧ ਪੂਰਬ ਵਿਚ ਅਧਿਆਤਮਿਕ ਚਾਨਣ ਚਮਕਦਾ ਹੈ

ਮੱਧ ਪੂਰਬ ਵਿਚ ਅਧਿਆਤਮਿਕ ਚਾਨਣ ਚਮਕਦਾ ਹੈ

ਜੀਵਨੀ

ਮੱਧ ਪੂਰਬ ਵਿਚ ਅਧਿਆਤਮਿਕ ਚਾਨਣ ਚਮਕਦਾ ਹੈ

ਨੇਗੀਬ ਸਾਲੇਮ ਦੀ ਜ਼ਬਾਨੀ

ਪਹਿਲੀ ਸਦੀ ਸਾ.ਯੁ. ਵਿਚ ਪਰਮੇਸ਼ੁਰ ਦੇ ਬਚਨ ਦਾ ਚਾਨਣ ਮੱਧ ਪੂਰਬ ਤੋਂ ਚਮਕਦੇ ਹੋਏ ਧਰਤੀ ਦੇ ਕੋਨੇ-ਕੋਨੇ ਤਕ ਫੈਲ ਗਿਆ ਸੀ। ਫਿਰ 20ਵੀਂ ਸਦੀ ਦੌਰਾਨ, ਉਹੀ ਚਾਨਣ ਦੁਨੀਆਂ ਦੇ ਉਸ ਹਿੱਸੇ ਨੂੰ ਚਮਕਾਉਣ ਲਈ ਇਕ ਵਾਰ ਫਿਰ ਉੱਥੇ ਵਾਪਸ ਪਰਤਿਆ। ਆਓ ਮੈਂ ਤੁਹਾਨੂੰ ਦੱਸਾਂ ਕਿ ਇਹ ਕਿੱਦਾਂ ਹੋਇਆ।

ਮੇਰਾ ਜਨਮ 1913 ਨੂੰ ਉੱਤਰੀ ਲੇਬਨਾਨ ਵਿਚ ਅਮਿਊਨ ਦੇ ਕਸਬੇ ਵਿਚ ਹੋਇਆ ਸੀ। ਉਹ ਆਖ਼ਰੀ ਸਾਲ ਸੀ ਜਦੋਂ ਦੁਨੀਆਂ ਵਿਚ ਕੁਝ ਹੱਦ ਤਕ ਸ਼ਾਂਤੀ ਸੀ ਕਿਉਂਕਿ ਉਸ ਤੋਂ ਅਗਲੇ ਸਾਲ ਹੀ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਸੀ। ਲੇਬਨਾਨ ਉਦੋਂ ਮੱਧ ਪੂਰਬ ਦੇ ਹੀਰੇ ਵਜੋਂ ਜਾਣਿਆ ਜਾਂਦਾ ਸੀ, ਪਰ ਜਦੋਂ 1918 ਵਿਚ ਯੁੱਧ ਖ਼ਤਮ ਹੋਇਆ, ਤਾਂ ਇਹ ਦੇਸ਼ ਆਰਥਿਕ ਅਤੇ ਰਾਜਨੀਤਿਕ ਤੌਰ ਤੇ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਸੀ।

ਸੰਨ 1920 ਵਿਚ ਜਦੋਂ ਡਾਕ ਸੇਵਾਵਾਂ ਮੁੜ ਸ਼ੁਰੂ ਹੋਈਆਂ, ਤਾਂ ਵਿਦੇਸ਼ਾਂ ਵਿਚ ਰਹਿੰਦੇ ਲੇਬਨਾਨੀ ਲੋਕਾਂ ਦੀਆਂ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਵਿਚ ਮੇਰੇ ਮਾਮੇ ਅਬਦੁੱਲਾ ਅਤੇ ਜੌਰਜ ਗੌਨਟੂਸ ਸਨ। ਉਨ੍ਹਾਂ ਨੇ ਆਪਣੇ ਪਿਤਾ ਹਾਬੀਬ ਗੌਨਟੂਸ, ਯਾਨੀ ਮੇਰੇ ਨਾਨਾ ਜੀ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਲਿਖਿਆ। (ਮੱਤੀ 24:14) ਮੇਰੇ ਨਾਨਾ ਜੀ ਨੇ ਆਪਣੇ ਪੁੱਤਰਾਂ ਦੀਆਂ ਚਿੱਠੀਆਂ ਵਿਚ ਲਿਖੀਆਂ ਗੱਲਾਂ ਜਦੋਂ ਆਪਣੇ ਕਸਬੇ ਦੇ ਲੋਕਾਂ ਨੂੰ ਦੱਸੀਆਂ, ਤਾਂ ਉਨ੍ਹਾਂ ਨੇ ਨਾਨਾ ਜੀ ਦਾ ਮਖੌਲ ਉਡਾਇਆ। ਲੋਕਾਂ ਨੇ ਇਹ ਗੱਲਾਂ ਫੈਲਾ ਦਿੱਤੀਆਂ ਕਿ ਹਾਬੀਬ ਦੇ ਮੁੰਡੇ ਆਪਣੇ ਪਿਤਾ ਨੂੰ ਜ਼ਮੀਨ-ਜਾਇਦਾਦ ਵੇਚ ਕੇ ਇਕ ਖੋਤਾ ਖ਼ਰੀਦਣ ਤੇ ਪ੍ਰਚਾਰ ਕਰਨ ਲਈ ਉਤਸ਼ਾਹਿਤ ਕਰ ਰਹੇ ਸਨ।

ਚਾਨਣ ਫੈਲਦਾ ਹੈ

ਅਗਲੇ ਸਾਲ 1921 ਨੂੰ ਮਿਸ਼ੈਲ ਅਬੂਦ, ਜੋ ਬਰੁਕਲਿਨ, ਨਿਊਯਾਰਕ, ਅਮਰੀਕਾ ਵਿਚ ਰਹਿੰਦਾ ਸੀ, ਲੇਬਨਾਨ ਦੇ ਸ਼ਹਿਰ ਟ੍ਰਿਪੋਲੀ ਵਾਪਸ ਆਇਆ। ਉਹ ਇਕ ਬਾਈਬਲ ਸਟੂਡੈਂਟ ਬਣ ਗਿਆ ਸੀ ਜਿਨ੍ਹਾਂ ਨੂੰ ਅੱਜ ਯਹੋਵਾਹ ਦੇ ਗਵਾਹ ਕਿਹਾ ਜਾਂਦਾ ਹੈ। ਹਾਲਾਂਕਿ ਭਰਾ ਅਬੂਦ ਦੇ ਜ਼ਿਆਦਾਤਰ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਬਾਈਬਲ ਸੰਦੇਸ਼ ਨੂੰ ਨਹੀਂ ਮੰਨਿਆ, ਪਰ ਦੋ ਮੰਨੇ-ਪ੍ਰਮੰਨੇ ਵਿਅਕਤੀਆਂ, ਪ੍ਰੋਫ਼ੈਸਰ ਇਬਰਾਹੀਮ ਔਤਿਆ ਅਤੇ ਦੰਦਾਂ ਦੇ ਡਾਕਟਰ ਹਾਨਾ ਸ਼ੰਮਾਸ ਨੇ ਜ਼ਰੂਰ ਮੰਨਿਆ। ਬਾਅਦ ਵਿਚ, ਮਸੀਹੀ ਸਭਾਵਾਂ ਡਾਕਟਰ ਸ਼ੰਮਾਸ ਦੇ ਘਰ ਅਤੇ ਕਲਿਨਿਕ ਵਿਚ ਹੀ ਕੀਤੀਆਂ ਜਾਣ ਲੱਗੀਆਂ।

ਮੈਂ ਅਜੇ ਛੋਟਾ ਹੀ ਸੀ ਜਦੋਂ ਭਰਾ ਅਬੂਦ ਅਤੇ ਭਰਾ ਸ਼ੰਮਾਸ ਐਮਿਊਨ ਆਏ ਜਿੱਥੇ ਮੈਂ ਰਹਿੰਦਾ ਸੀ। ਉਨ੍ਹਾਂ ਦਾ ਮੇਰੇ ਉੱਤੇ ਡੂੰਘਾ ਪ੍ਰਭਾਵ ਪਿਆ ਅਤੇ ਮੈਂ ਭਰਾ ਅਬੂਦ ਨਾਲ ਪ੍ਰਚਾਰ ਤੇ ਜਾਣਾ ਸ਼ੁਰੂ ਕਰ ਦਿੱਤਾ। ਸਾਲ 1963 ਨੂੰ ਭਰਾ ਅਬੂਦ ਦੀ ਮੌਤ ਤਕ ਅਸੀਂ ਦੋਵੇਂ 40 ਸਾਲਾਂ ਤਕ ਇਕੱਠੇ ਪ੍ਰਚਾਰ ਕਰਦੇ ਰਹੇ।

ਸਾਲ 1922 ਅਤੇ 1925 ਵਿਚਕਾਰ ਬਾਈਬਲ ਸੱਚਾਈ ਦਾ ਚਾਨਣ ਉੱਤਰੀ ਲੇਬਨਾਨ ਦੇ ਬਹੁਤ ਸਾਰੇ ਪਿੰਡਾਂ ਵਿਚ ਦੂਰ-ਦੂਰ ਤਕ ਫੈਲ ਗਿਆ ਸੀ। ਕੁਝ 20 ਤੋਂ 30 ਵਿਅਕਤੀ ਘਰਾਂ ਵਿਚ ਮਿਲ ਕੇ ਬਾਈਬਲ ਦੀ ਚਰਚਾ ਕਰਦੇ ਸਨ ਜਿਸ ਤਰ੍ਹਾਂ ਅਸੀਂ ਐਮਿਊਨ ਵਿਚ ਆਪਣੇ ਘਰ ਵਿਚ ਕਰਦੇ ਸਾਂ। ਪਾਦਰੀ ਸਾਡੀਆਂ ਸਭਾਵਾਂ ਵਿਚ ਵਿਘਨ ਪਾਉਣ ਲਈ ਬੱਚਿਆਂ ਨੂੰ ਪੀਪੇ ਖੜਕਾਉਣ ਅਤੇ ਚੀਕ-ਚਿਹਾੜਾ ਪਾਉਣ ਲਈ ਭੇਜਦੇ ਹੁੰਦੇ ਸਨ, ਇਸ ਲਈ ਅਸੀਂ ਕਦੀ-ਕਦੀ ਦਿਆਰ ਦੇ ਦਰਖ਼ਤਾਂ ਦੇ ਜੰਗਲ ਵਿਚ ਸਭਾਵਾਂ ਕਰਦੇ ਹੁੰਦੇ ਸਾਂ।

ਜਦੋਂ ਮੈਂ ਛੋਟਾ ਸੀ, ਤਾਂ ਪ੍ਰਚਾਰ ਕਰਨ ਲਈ ਅਤੇ ਹਰ ਮਸੀਹੀ ਸਭਾ ਵਿਚ ਜਾਣ ਲਈ ਮੇਰੇ ਜੋਸ਼ ਨੂੰ ਦੇਖ ਕੇ ਸਾਰੇ ਮੈਨੂੰ ਤਿਮੋਥਿਉਸ ਕਹਿ ਕੇ ਬੁਲਾਉਂਦੇ ਸਨ। ਸਕੂਲ ਦੇ ਪ੍ਰਿੰਸੀਪਲ ਨੇ ਮੈਨੂੰ ਹੁਕਮ ਦਿੱਤਾ ਕਿ ਮੈਂ ਸਭਾਵਾਂ ਵਿਚ ਜਾਣਾ ਬੰਦ ਕਰ ਦਿਆਂ। ਪਰ ਜਦੋਂ ਮੈਂ ਉਸ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ, ਤਾਂ ਮੈਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ।

ਬਾਈਬਲ ਦੇਸ਼ਾਂ ਵਿਚ ਪ੍ਰਚਾਰ ਕਰਨਾ

ਸੰਨ 1933 ਵਿਚ ਆਪਣੇ ਬਪਤਿਸਮੇ ਤੋਂ ਬਾਅਦ ਜਲਦੀ ਹੀ ਮੈਂ ਪੂਰੇ ਸਮੇਂ ਦੀ ਸੇਵਕਾਈ ਸ਼ੁਰੂ ਕਰ ਦਿੱਤੀ, ਜਿਸ ਨੂੰ ਯਹੋਵਾਹ ਦੇ ਗਵਾਹ ਪਾਇਨੀਅਰ ਸੇਵਾ ਕਹਿੰਦੇ ਹਨ। ਭਾਵੇਂ ਕਿ ਉਦੋਂ ਸਾਡੀ ਗਿਣਤੀ ਬਹੁਤ ਘੱਟ ਸੀ, ਫਿਰ ਵੀ ਅਸੀਂ ਨਾ ਸਿਰਫ਼ ਲੇਬਨਾਨ ਦੇ ਉੱਤਰੀ ਹਿੱਸੇ ਦੇ ਜ਼ਿਆਦਾਤਰ ਪਿੰਡਾਂ ਵਿਚ ਪ੍ਰਚਾਰ ਕੀਤਾ, ਸਗੋਂ ਅਸੀਂ ਬੈਰੂਤ ਅਤੇ ਇਸ ਦੇ ਉਪਨਗਰਾਂ ਵਿਚ ਅਤੇ ਦੱਖਣੀ ਲੇਬਨਾਨ ਵਿਚ ਵੀ ਪ੍ਰਚਾਰ ਕੀਤਾ। ਉਨ੍ਹਾਂ ਸਾਲਾਂ ਵਿਚ ਅਸੀਂ ਅਕਸਰ ਯਿਸੂ ਮਸੀਹ ਅਤੇ ਉਸ ਦੇ ਪਹਿਲੀ ਸਦੀ ਦੇ ਚੇਲਿਆਂ ਵਾਂਗ ਪੈਦਲ ਜਾਂ ਗਧੇ ਉੱਤੇ ਸਫ਼ਰ ਕਰਦੇ ਸਾਂ।

ਅਮਰੀਕਾ ਵਿਚ ਕਈ ਸਾਲਾਂ ਤੋਂ ਰਹਿੰਦਾ ਇਕ ਲੇਬਨਾਨੀ ਗਵਾਹ ਯੂਸਫ਼ ਰਾਖ਼ਾਲ 1936 ਵਿਚ ਛੁੱਟੀਆਂ ਮਨਾਉਣ ਲੇਬਨਾਨ ਆਇਆ। ਉਹ ਆਪਣੇ ਨਾਲ ਲਾਊਡ ਸਪੀਕਰ ਅਤੇ ਦੋ ਫੋਨੋਗ੍ਰਾਫ ਲੈ ਕੇ ਆਇਆ। ਅਸੀਂ ਲਾਊਡ ਸਪੀਕਰ ਨੂੰ 1931 ਦੇ ਮਾਡਲ ਦੀ ਫੋਰਡ ਮੋਟਰਕਾਰ ਉੱਤੇ ਲਗਾਇਆ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਰਾਜ ਸੰਦੇਸ਼ ਪਹੁੰਚਾਉਣ ਲਈ ਅਸੀਂ ਪੂਰੇ ਲੇਬਨਾਨ ਅਤੇ ਸੀਰੀਆ ਦਾ ਸਫ਼ਰ ਕੀਤਾ। ਲਾਊਡ ਸਪੀਕਰ ਦੀ ਆਵਾਜ਼ 10 ਕਿਲੋਮੀਟਰ ਦੀ ਦੂਰੀ ਤਕ ਸੁਣੀ ਜਾ ਸਕਦੀ ਸੀ। ਲੋਕਾਂ ਨੇ ਸੋਚਿਆ ਕਿ ਇਹ ਆਵਾਜ਼ਾਂ ਸਵਰਗ ਤੋਂ ਆ ਰਹੀਆਂ ਸਨ ਜਿਨ੍ਹਾਂ ਨੂੰ ਸੁਣਨ ਵਾਸਤੇ ਉਹ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਚੜ੍ਹ ਗਏ। ਜੋ ਲੋਕ ਖੇਤਾਂ ਵਿਚ ਕੰਮ ਕਰ ਰਹੇ ਸਨ, ਉਹ ਆਪਣਾ ਕੰਮ ਛੱਡ ਕੇ ਸੁਣਨ ਲਈ ਹੋਰ ਨੇੜੇ ਆ ਗਏ।

ਸੰਨ 1937 ਦੀਆਂ ਸਰਦੀਆਂ ਵਿਚ ਯੂਸਫ਼ ਰਾਖ਼ਾਲ ਨਾਲ ਆਪਣੇ ਆਖ਼ਰੀ ਸਫ਼ਰ ਦੌਰਾਨ ਅਸੀਂ ਸੀਰੀਆ ਦੇ ਅਲੈਪੋ ਸ਼ਹਿਰ ਵਿਚ ਗਏ ਸੀ। ਉਸ ਦੇ ਸੰਯੁਕਤ ਰਾਜ ਅਮਰੀਕਾ ਵਾਪਸ ਮੁੜਨ ਤੋਂ ਪਹਿਲਾਂ, ਅਸੀਂ ਫਲਸਤੀਨ ਵਿਚ ਵੀ ਗਏ ਸਾਂ। ਉੱਥੇ ਅਸੀਂ ਹੈਫਾ ਅਤੇ ਯਰੂਸ਼ਲਮ ਸ਼ਹਿਰ ਅਤੇ ਕਈ ਪਿੰਡਾਂ ਵਿਚ ਵੀ ਪ੍ਰਚਾਰ ਕਰਨ ਗਏ। ਉੱਥੇ ਅਸੀਂ ਇਕ ਇਬਰਾਹੀਮ ਸ਼ੀਹਾਦੀ ਨਾਮਕ ਆਦਮੀ ਨੂੰ ਮਿਲੇ ਜਿਸ ਨਾਲ ਮੇਰੀ ਚਿੱਠੀਆਂ ਦੁਆਰਾ ਜਾਣ-ਪਛਾਣ ਹੋਈ ਸੀ। ਇਬਰਾਹੀਮ ਨੇ ਇਸ ਹੱਦ ਤਕ ਬਾਈਬਲ ਗਿਆਨ ਵਿਚ ਤਰੱਕੀ ਕਰ ਲਈ ਸੀ ਕਿ ਉਸ ਨੇ ਸਾਡੇ ਦੌਰੇ ਦੌਰਾਨ ਘਰ-ਘਰ ਪ੍ਰਚਾਰ ਕਰਨ ਵਿਚ ਸਾਡੇ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।​—ਰਸੂਲਾਂ ਦੇ ਕਰਤੱਬ 20:20.

ਮੈਂ ਉੱਥੇ ਪ੍ਰੋਫ਼ੈਸਰ ਖ਼ਾਲੀਲ ਕੋਬਰੋਸੀ ਨੂੰ ਮਿਲਣ ਲਈ ਵੀ ਬੜਾ ਉਤਾਵਲਾ ਸੀ ਜੋ ਕਿ ਇਕ ਪੱਕਾ ਕੈਥੋਲਿਕ ਸੀ ਤੇ ਚਿੱਠੀਆਂ ਰਾਹੀਂ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰ ਰਿਹਾ ਸੀ। ਲੇਬਨਾਨ ਦੇ ਗਵਾਹਾਂ ਦਾ ਪਤਾ ਉਸ ਨੂੰ ਕਿੱਥੋਂ ਮਿਲਿਆ ਸੀ? ਹੈਫਾ ਦੀ ਇਕ ਦੁਕਾਨ ਤੋਂ। ਦੁਕਾਨਦਾਰ ਨੇ ਖ਼ਾਲੀਲ ਦਾ ਸਾਮਾਨ ਵਲੇਟਣ ਲਈ ਯਹੋਵਾਹ ਦੇ ਗਵਾਹਾਂ ਦੇ ਇਕ ਪ੍ਰਕਾਸ਼ਨ ਤੋਂ ਕਾਗਜ਼ ਪਾੜਿਆ ਸੀ। ਉਸ ਕਾਗਜ਼ ਉੱਤੇ ਸੋਸਾਇਟੀ ਦਾ ਪਤਾ ਸੀ। ਉਸ ਨਾਲ ਮੇਰੀ ਚੰਗੀ ਗੱਲਬਾਤ ਹੋਈ ਅਤੇ ਬਾਅਦ ਵਿਚ 1939 ਵਿਚ ਬਪਤਿਸਮਾ ਲੈਣ ਲਈ ਉਹ ਟ੍ਰਿਪੋਲੀ ਆਇਆ।

ਸਾਲ 1937 ਵਿਚ ਪੈੱਟਰੋਸ ਲਾਗਾਕੋਸ ਅਤੇ ਉਸ ਦੀ ਪਤਨੀ ਟ੍ਰਿਪੋਲੀ ਆਏ। ਅਗਲੇ ਕੁਝ ਸਾਲਾਂ ਦੌਰਾਨ, ਅਸੀਂ ਤਿੰਨਾਂ ਨੇ ਲਗਭਗ ਸਾਰੇ ਲੇਬਨਾਨ ਅਤੇ ਸੀਰੀਆ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਰਾਜ ਸੰਦੇਸ਼ ਦਿੱਤਾ। ਜਦੋਂ 1943 ਵਿਚ ਭਰਾ ਲਾਗਾਕੋਸ ਦੀ ਮੌਤ ਹੋਈ, ਉਦੋਂ ਤਕ ਗਵਾਹ ਲੇਬਨਾਨ, ਸੀਰੀਆ, ਅਤੇ ਫਲਸਤੀਨ ਦੇ ਲਗਭਗ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿਚ ਅਧਿਆਤਮਿਕ ਚਾਨਣ ਚਮਕਾ ਚੁੱਕੇ ਸਨ। ਕਦੀ-ਕਦੀ ਅਸੀਂ ਲਗਭਗ 30 ਜਣੇ ਕਾਰ ਜਾਂ ਬੱਸ ਰਾਹੀਂ ਦੂਰ-ਦੂਰ ਦੇ ਇਲਾਕਿਆਂ ਵਿਚ ਪਹੁੰਚਣ ਲਈ ਸਵੇਰੇ 3 ਵਜੇ ਹੀ ਨਿਕਲ ਪੈਂਦੇ ਸਾਂ।

ਸਾਲ 1940 ਦੇ ਦਹਾਕੇ ਵਿਚ ਇਬਰਾਹੀਮ ਔਤਿਆ ਨੇ ਅਰਬੀ ਭਾਸ਼ਾ ਵਿਚ ਪਹਿਰਾਬੁਰਜ ਦਾ ਤਰਜਮਾ ਕੀਤਾ। ਫਿਰ ਮੈਂ ਉਸ ਰਸਾਲੇ ਦੀ ਨਕਲ ਕਰਦੇ ਹੋਏ ਚਾਰ ਕਾਪੀਆਂ ਤਿਆਰ ਕਰ ਕੇ ਫਲਸਤੀਨ, ਸੀਰੀਆ ਅਤੇ ਮਿਸਰ ਦੇ ਗਵਾਹਾਂ ਨੂੰ ਭੇਜਦਾ ਹੁੰਦਾ ਸੀ। ਉਨ੍ਹਾਂ ਦਿਨਾਂ ਵਿਚ ਦੂਜੇ ਵਿਸ਼ਵ ਯੁੱਧ ਦੌਰਾਨ ਸਾਡੇ ਪ੍ਰਚਾਰ ਦਾ ਬਹੁਤ ਵਿਰੋਧ ਕੀਤਾ ਜਾਂਦਾ ਸੀ, ਪਰ ਅਸੀਂ ਮੱਧ ਪੂਰਬ ਵਿਚ ਬਾਈਬਲ ਸੱਚਾਈ ਦੇ ਸਾਰੇ ਪ੍ਰੇਮੀਆਂ ਨਾਲ ਸੰਪਰਕ ਬਣਾਈ ਰੱਖਿਆ। ਮੈਂ ਸ਼ਹਿਰਾਂ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਨਕਸ਼ੇ ਬਣਾਏ ਅਤੇ ਅਸੀਂ ਉਨ੍ਹਾਂ ਵਿਚ ਖ਼ੁਸ਼ ਖ਼ਬਰੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ।

ਸਾਲ 1944 ਵਿਚ ਜਦੋਂ ਅਜੇ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ, ਮੈਂ ਆਪਣੇ ਪਾਇਨੀਅਰ ਸਾਥੀ ਮਿਸ਼ੈਲ ਅਬੂਦ ਦੀ ਕੁੜੀ ਈਵਲੀਨ ਨਾਲ ਵਿਆਹ ਕਰਾ ਲਿਆ। ਸਾਡੇ ਤਿੰਨ ਬੱਚੇ ਹੋਏ, ਇਕ ਕੁੜੀ ਤੇ ਦੋ ਮੁੰਡੇ।

ਮਿਸ਼ਨਰੀਆਂ ਨਾਲ ਕੰਮ ਕਰਨਾ

ਯੁੱਧ ਖ਼ਤਮ ਹੋਣ ਤੋਂ ਜਲਦੀ ਬਾਅਦ, ਗਿਲੀਅਡ ਸਕੂਲ ਤੋਂ ਗ੍ਰੈਜੂਏਟ ਹੋਏ ਪਹਿਲੇ ਮਿਸ਼ਨਰੀ ਲੇਬਨਾਨ ਪਹੁੰਚੇ। ਨਤੀਜੇ ਵਜੋਂ, ਲੇਬਨਾਨ ਵਿਚ ਪਹਿਲੀ ਕਲੀਸਿਯਾ ਸਥਾਪਿਤ ਕੀਤੀ ਗਈ ਅਤੇ ਮੈਨੂੰ ਕੰਪਨੀ ਸਰਵੈਂਟ ਨਿਯੁਕਤ ਕੀਤਾ ਗਿਆ। ਫਿਰ 1947 ਵਿਚ ਨੇਥਨ ਐੱਚ. ਨੌਰ ਅਤੇ ਉਸ ਦਾ ਸੈਕਟਰੀ ਮਿਲਟਨ ਜੀ. ਹੈੱਨਸ਼ਲ ਲੇਬਨਾਨ ਆਏ ਅਤੇ ਉਨ੍ਹਾਂ ਨੇ ਭਰਾਵਾਂ ਨੂੰ ਕਾਫ਼ੀ ਹੱਲਾਸ਼ੇਰੀ ਦਿੱਤੀ। ਜਲਦੀ ਹੀ ਹੋਰ ਮਿਸ਼ਨਰੀ ਆ ਗਏ ਅਤੇ ਉਨ੍ਹਾਂ ਨੇ ਵਿਵਸਥਿਤ ਢੰਗ ਨਾਲ ਪ੍ਰਚਾਰ ਕਰਨ ਅਤੇ ਕਲੀਸਿਯਾ ਸਭਾਵਾਂ ਚਲਾਉਣ ਵਿਚ ਸਾਡੀ ਬੜੀ ਮਦਦ ਕੀਤੀ।

ਇਕ ਵਾਰ ਜਦੋਂ ਅਸੀਂ ਸੀਰੀਆ ਦੇ ਇਕ ਦੂਰ-ਦੁਰਾਡੇ ਦੇ ਇਲਾਕੇ ਵਿਚ ਗਏ, ਤਾਂ ਸਾਨੂੰ ਉੱਥੋਂ ਦੇ ਬਿਸ਼ਪ ਦੇ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ। ਉਸ ਨੇ ਸਾਡੇ ਉੱਤੇ ਦੋਸ਼ ਲਾਇਆ ਕਿ ਅਸੀਂ ਯਹੂਦੀਵਾਦੀ ਪ੍ਰਕਾਸ਼ਨ ਵੰਡਦੇ ਸਾਂ। ਹੈਰਾਨੀ ਦੀ ਗੱਲ ਹੈ ਕਿ 1948 ਤੋਂ ਪਹਿਲਾਂ ਪਾਦਰੀ ਅਕਸਰ ਸਾਨੂੰ “ਕਮਿਊਨਿਸਟ” ਕਹਿੰਦੇ ਸਨ। ਉਸ ਵੇਲੇ ਸਾਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਦੋ ਘੰਟੇ ਤਕ ਸਾਡੇ ਕੋਲੋਂ ਪੁੱਛ-ਗਿੱਛ ਕੀਤੀ ਗਈ ਤੇ ਇਸ ਸਮੇਂ ਦੌਰਾਨ ਸਾਨੂੰ ਗਵਾਹੀ ਦੇਣ ਦਾ ਵਧੀਆ ਮੌਕਾ ਮਿਲਿਆ।

ਅਖ਼ੀਰ ਵਿਚ, ਸਾਡੇ ਕੇਸ ਦੀ ਸੁਣਵਾਈ ਕਰਨ ਵਾਲੇ ਜੱਜ ਨੇ ਕਿਹਾ: “ਭਾਵੇਂ ਕਿ ਮੈਂ ਉਸ ਦਾੜ੍ਹੀ ਵਾਲੇ ਨੂੰ [ਮਤਲਬ ਕਿ ਬਿਸ਼ਪ ਨੂੰ] ਕੋਸਦਾ ਹਾਂ ਜਿਸ ਨੇ ਤੁਹਾਡੇ ਖ਼ਿਲਾਫ਼ ਦੋਸ਼ ਲਾਏ ਹਨ, ਪਰ ਮੈਨੂੰ ਉਸ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ ਕਿ ਉਸ ਨੇ ਮੈਨੂੰ ਤੁਹਾਡੇ ਨਾਲ ਮਿਲਣ ਅਤੇ ਤੁਹਾਡੀਆਂ ਸਿੱਖਿਆਵਾਂ ਬਾਰੇ ਜਾਣਨ ਦਾ ਮੌਕਾ ਦਿੱਤਾ।” ਫਿਰ ਉਸ ਨੇ ਸਾਨੂੰ ਹੋਈ ਪਰੇਸ਼ਾਨੀ ਕਾਰਨ ਸਾਡੇ ਕੋਲੋਂ ਮਾਫ਼ੀ ਮੰਗੀ।

ਇਸ ਤੋਂ ਦਸ ਸਾਲ ਬਾਅਦ ਦੀ ਗੱਲ ਹੈ ਕਿ ਇਕ ਦਿਨ ਬੱਸ ਵਿਚ ਬੈਰੂਤ ਨੂੰ ਜਾਂਦੇ ਸਮੇਂ ਰਸਤੇ ਵਿਚ ਮੈਂ ਆਪਣੇ ਨਾਲ ਦੀ ਸੀਟ ਉੱਤੇ ਬੈਠੇ ਇਕ ਆਦਮੀ ਨਾਲ ਗੱਲ ਕਰਨੀ ਸ਼ੁਰੂ ਕੀਤੀ ਜੋ ਇਕ ਖੇਤੀਬਾੜੀ ਇੰਜੀਨੀਅਰ ਸੀ। ਸਾਡੇ ਵਿਸ਼ਵਾਸਾਂ ਬਾਰੇ ਕੁਝ ਮਿੰਟ ਸੁਣਨ ਤੋਂ ਬਾਅਦ ਉਸ ਨੇ ਕਿਹਾ ਕਿ ਇਹੀ ਗੱਲ ਉਸ ਨੇ ਸੀਰੀਆ ਵਿਚ ਰਹਿੰਦੇ ਆਪਣੇ ਦੋਸਤ ਤੋਂ ਸੁਣੀ ਸੀ। ਉਹ ਦੋਸਤ ਕੌਣ ਸੀ? ਉਹੀ ਜੱਜ ਜਿਸ ਨੇ ਦਸ ਸਾਲ ਪਹਿਲਾਂ ਸਾਡੇ ਕੇਸ ਦੀ ਸੁਣਵਾਈ ਕੀਤੀ ਸੀ!

ਸਾਲ 1950 ਦੇ ਦਹਾਕੇ ਦੌਰਾਨ, ਮੈਂ ਇਰਾਕ ਦੇ ਗਵਾਹਾਂ ਨੂੰ ਮਿਲਿਆ ਅਤੇ ਉਨ੍ਹਾਂ ਨਾਲ ਘਰ-ਘਰ ਜਾ ਕੇ ਪ੍ਰਚਾਰ ਕੀਤਾ। ਮੈਂ ਕਈ ਵਾਰ ਜਾਰਡਨ ਅਤੇ ਵੈਸਟ ਬੈਂਕ ਵੀ ਗਿਆ। ਸਾਲ 1951 ਵਿਚ ਮੈਂ ਉਨ੍ਹਾਂ ਚਾਰ ਗਵਾਹਾਂ ਦੇ ਗਰੁੱਪ ਵਿੱਚੋਂ ਇਕ ਸੀ ਜੋ ਬੈਤਲਹਮ ਗਏ ਸਨ। ਅਸੀਂ ਉੱਥੇ ਪ੍ਰਭੂ ਦੇ ਸੰਧਿਆ ਭੋਜਨ ਦੀ ਯਾਦਗਾਰੀ ਮਨਾਈ। ਜਿਹੜੇ ਲੋਕ ਇਸ ਮੌਕੇ ਤੇ ਹਾਜ਼ਰ ਹੋਏ ਸਨ, ਉਹ ਸਾਰੇ ਉਸ ਦਿਨ ਬੱਸ ਰਾਹੀਂ ਜਾਰਡਨ ਨਦੀ ਤੇ ਗਏ ਜਿੱਥੇ 22 ਜਣਿਆਂ ਨੇ ਯਹੋਵਾਹ ਨੂੰ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਬਪਤਿਸਮਾ ਲਿਆ ਸੀ। ਉਸ ਇਲਾਕੇ ਵਿਚ ਜਦੋਂ ਵੀ ਅਸੀਂ ਵਿਰੋਧ ਦਾ ਸਾਮ੍ਹਣਾ ਕਰਦੇ ਸੀ, ਤਾਂ ਅਸੀਂ ਕਹਿੰਦੇ ਸੀ: “ਅਸੀਂ ਤਾਂ ਤੁਹਾਨੂੰ ਇਹ ਦੱਸਣ ਆਏ ਹਾਂ ਕਿ ਤੁਹਾਡੇ ਪੁੱਤਰਾਂ ਵਿੱਚੋਂ ਇਕ ਜਣਾ ਪੂਰੀ ਧਰਤੀ ਦਾ ਰਾਜਾ ਬਣੇਗਾ! ਤੁਸੀਂ ਗੁੱਸੇ ਕਿਉਂ ਹੁੰਦੇ ਹੋ? ਤੁਹਾਨੂੰ ਤਾਂ ਖ਼ੁਸ਼ ਹੋਣਾ ਚਾਹੀਦਾ ਹੈ!”

ਮੁਸ਼ਕਲਾਂ ਦੇ ਦੌਰਾਨ ਪ੍ਰਚਾਰ

ਮੱਧ ਪੂਰਬ ਦੇ ਲੋਕ ਆਮ ਕਰਕੇ ਨੇਕਦਿਲ, ਨਿਮਰ, ਅਤੇ ਪਰਾਹੁਣਚਾਰੀ ਕਰਨ ਵਾਲੇ ਲੋਕ ਹਨ। ਕਈ ਲੋਕ ਦਿਲਚਸਪੀ ਨਾਲ ਪਰਮੇਸ਼ੁਰ ਦੇ ਰਾਜ ਦੇ ਸੰਦੇਸ਼ ਨੂੰ ਸੁਣਦੇ ਹਨ। ਜਲਦੀ ਹੀ ਬਾਈਬਲ ਦਾ ਇਹ ਵਾਅਦਾ ਪੂਰਾ ਹੋਵੇਗਾ: ‘ਪਰਮੇਸ਼ੁਰ ਆਪਣੀ ਪਰਜਾ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।’ ਸੱਚ-ਮੁੱਚ, ਇਸ ਵਾਅਦੇ ਨੂੰ ਜਾਣਨ ਨਾਲੋਂ ਜ਼ਿਆਦਾ ਹੌਸਲੇ ਵਾਲੀ ਹੋਰ ਕੋਈ ਵੀ ਗੱਲ ਨਹੀਂ ਹੋ ਸਕਦੀ।​—ਪਰਕਾਸ਼ ਦੀ ਪੋਥੀ 21:3, 4.

ਮੈਂ ਦੇਖਿਆ ਹੈ ਕਿ ਸਾਡੇ ਕੰਮਾਂ ਦਾ ਵਿਰੋਧ ਕਰਨ ਵਾਲੇ ਜ਼ਿਆਦਾਤਰ ਲੋਕ ਅਸਲ ਵਿਚ ਸਾਡੇ ਕੰਮ ਅਤੇ ਸਾਡੇ ਸੰਦੇਸ਼ ਬਾਰੇ ਕੁਝ ਵੀ ਨਹੀਂ ਜਾਣਦੇ। ਗਿਰਜੇ ਦੇ ਪਾਦਰੀਆਂ ਨੇ ਸਾਡੇ ਬਾਰੇ ਕਾਫ਼ੀ ਗ਼ਲਤ ਜਾਣਕਾਰੀ ਫੈਲਾਈ ਹੈ! ਇਸ ਲਈ ਲੇਬਨਾਨ ਵਿਚ 1975 ਤੋਂ ਸ਼ੁਰੂ ਹੋਏ ਘਰੇਲੂ ਯੁੱਧ ਦੌਰਾਨ ਗਵਾਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਇਹ ਯੁੱਧ 15 ਸਾਲਾਂ ਤੋਂ ਜ਼ਿਆਦਾ ਸਮੇਂ ਤਕ ਚੱਲਦਾ ਰਿਹਾ।

ਇਕ ਵਾਰ, ਮੈਂ ਇਕ ਪਰਿਵਾਰ ਨੂੰ ਬਾਈਬਲ ਸਟੱਡੀ ਕਰਵਾ ਰਿਹਾ ਸੀ ਜੋ ਗਿਰਜੇ ਦੇ ਸਰਗਰਮ ਮੈਂਬਰ ਸਨ। ਬਾਈਬਲ ਸੱਚਾਈਆਂ ਸਿੱਖਣ ਵਿਚ ਉਨ੍ਹਾਂ ਦੀ ਚੰਗੀ ਤਰੱਕੀ ਨੂੰ ਦੇਖ ਕੇ ਪਾਦਰੀ ਜਲਣ ਲੱਗ ਪਏ। ਨਤੀਜੇ ਵਜੋਂ, ਇਕ ਰਾਤ ਨੂੰ ਸਾਡੇ ਹੀ ਸ਼ਹਿਰ ਦੇ ਇਕ ਧਾਰਮਿਕ ਗਰੁੱਪ ਨੇ ਆਪਣੇ ਮੈਂਬਰਾਂ ਨੂੰ ਉਸ ਪਰਿਵਾਰ ਦੀ ਦੁਕਾਨ ਉੱਤੇ ਹਮਲਾ ਕਰਨ ਲਈ ਉਕਸਾਇਆ ਅਤੇ ਉਨ੍ਹਾਂ ਨੇ ਲਗਭਗ 4,50,000 ਰੁਪਏ ਦਾ ਸਾਮਾਨ ਜਲਾ ਦਿੱਤਾ। ਉਸੇ ਰਾਤ ਉਨ੍ਹਾਂ ਨੇ ਆ ਕੇ ਮੈਨੂੰ ਅਗਵਾ ਕਰ ਲਿਆ। ਫਿਰ ਵੀ ਮੈਂ ਉਨ੍ਹਾਂ ਦੇ ਆਗੂ ਨਾਲ ਇਹ ਕਹਿੰਦੇ ਹੋਏ ਤਰਕ ਕੀਤਾ ਕਿ ਜੇ ਉਹ ਸੱਚ-ਮੁੱਚ ਮਸੀਹੀ ਸਨ, ਤਾਂ ਉਹ ਇੱਦਾਂ ਦਾ ਵਹਿਸ਼ੀਆਨਾ ਵਰਤਾਉ ਨਹੀਂ ਕਰਨਗੇ। ਇੱਦਾਂ ਕਹਿਣ ਤੇ ਉਸ ਨੇ ਕਾਰ ਰੋਕਣ ਦਾ ਹੁਕਮ ਦਿੱਤਾ ਅਤੇ ਮੈਨੂੰ ਕਾਰ ਵਿੱਚੋਂ ਨਿਕਲ ਜਾਣ ਵਾਸਤੇ ਕਿਹਾ।

ਇਕ ਹੋਰ ਮੌਕੇ ਤੇ ਮੈਨੂੰ ਮਿਲਿਸ਼ੀਆ ਦੇ ਚਾਰ ਮੈਂਬਰਾਂ ਨੇ ਅਗਵਾ ਕਰ ਲਿਆ। ਕਈ ਧਮਕੀਆਂ ਦੇਣ ਤੋਂ ਬਾਅਦ, ਉਨ੍ਹਾਂ ਦੇ ਆਗੂ ਨੇ ਕਿਹਾ ਕਿ ਉਹ ਮੈਨੂੰ ਗੋਲੀ ਮਾਰਨ ਲੱਗਾ ਹੈ, ਪਰ ਅਚਾਨਕ ਉਸ ਨੇ ਆਪਣਾ ਮਨ ਬਦਲ ਲਿਆ ਤੇ ਮੈਨੂੰ ਛੱਡ ਦਿੱਤਾ। ਇਨ੍ਹਾਂ ਵਿੱਚੋਂ ਦੋ ਆਦਮੀ ਹੁਣ ਕਤਲ ਅਤੇ ਡਕੈਤੀ ਦੇ ਜੁਰਮ ਵਿਚ ਜੇਲ੍ਹ ਵਿਚ ਹਨ ਅਤੇ ਦੂਜੇ ਦੋਹਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ ਹੈ।

ਗਵਾਹੀ ਦੇਣ ਦੇ ਹੋਰ ਮੌਕੇ

ਮੈਨੂੰ ਇਕ ਦੇਸ਼ ਤੋਂ ਦੂਜੇ ਦੇਸ਼ ਜਾਣ ਦਾ ਅਕਸਰ ਮੌਕਾ ਮਿਲਦਾ ਰਹਿੰਦਾ ਸੀ। ਇਕ ਵਾਰ ਬੈਰੂਤ ਤੋਂ ਅਮਰੀਕਾ ਜਾਣ ਵੇਲੇ ਮੈਂ ਜਹਾਜ਼ ਵਿਚ ਲੇਬਨਾਨ ਦੇ ਸਾਬਕਾ ਵਿਦੇਸ਼ ਮੰਤਰੀ ਚਾਰਲਸ ਮਲੇਕ ਦੇ ਨਾਲ ਦੀ ਸੀਟ ਤੇ ਬੈਠਾ ਸੀ। ਉਸ ਨੇ ਮੇਰੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਮੈਂ ਬਾਈਬਲ ਵਿੱਚੋਂ ਜਿਹੜੀ ਵੀ ਆਇਤ ਉਸ ਨੂੰ ਪੜ੍ਹ ਕੇ ਸੁਣਾਈ, ਉਹ ਉਸ ਨੂੰ ਬਹੁਤ ਚੰਗੀ ਲੱਗੀ। ਅਖ਼ੀਰ ਉਸ ਨੇ ਕਿਹਾ ਕਿ ਉਹ ਟ੍ਰਿਪੋਲੀ ਦੇ ਸਕੂਲ ਵਿਚ ਪੜ੍ਹਿਆ ਸੀ ਜਿੱਥੇ ਉਸ ਦਾ ਅਧਿਆਪਕ ਇਬਰਾਹੀਮ ਔਤਿਆ ਸੀ। ਇਹ ਉਹੀ ਇਬਰਾਹੀਮ ਸੀ ਜਿਸ ਨੂੰ ਮੇਰੇ ਸਹੁਰੇ ਅਬੂਦ ਨੇ ਬਾਈਬਲ ਸੱਚਾਈ ਤੋਂ ਜਾਣੂ ਕਰਾਇਆ ਸੀ! ਸ਼੍ਰੀਮਾਨ ਮਾਲੇਕ ਨੇ ਕਿਹਾ ਕਿ ਇਬਰਾਹੀਮ ਨੇ ਉਸ ਨੂੰ ਬਾਈਬਲ ਦਾ ਆਦਰ ਕਰਨਾ ਸਿਖਾਇਆ ਸੀ।

ਇਕ ਹੋਰ ਸਫ਼ਰ ਦੌਰਾਨ, ਮੈਂ ਜਹਾਜ਼ ਵਿਚ ਸੰਯੁਕਤ ਰਾਸ਼ਟਰ ਸੰਘ ਦੇ ਫਲਸਤੀਨੀ ਨੁਮਾਇੰਦੇ ਦੇ ਨਾਲ ਦੀ ਸੀਟ ਉੱਤੇ ਬੈਠਾ ਸੀ। ਮੈਂ ਉਸ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੱਸਣ ਦੇ ਮੌਕੇ ਦਾ ਫ਼ਾਇਦਾ ਉਠਾਇਆ। ਬਾਅਦ ਵਿਚ ਉਸ ਨੇ ਨਿਊਯਾਰਕ ਰਹਿੰਦੇ ਆਪਣੇ ਭਰਾ ਦੇ ਪਰਿਵਾਰ ਨਾਲ ਮੇਰੀ ਜਾਣ-ਪਛਾਣ ਕਰਾਈ ਅਤੇ ਮੈਂ ਅਕਸਰ ਉਨ੍ਹਾਂ ਨੂੰ ਮਿਲਣ ਜਾਂਦਾ ਹੁੰਦਾ ਸੀ। ਮੇਰਾ ਵੀ ਇਕ ਰਿਸ਼ਤੇਦਾਰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਸੰਘ ਦੇ ਮੁੱਖ ਦਫ਼ਤਰ ਵਿਚ ਕੰਮ ਕਰਦਾ ਸੀ। ਇਕ ਦਿਨ ਮੈਂ ਉਸ ਦੇ ਦਫ਼ਤਰ ਵਿਚ ਗਿਆ ਤੇ ਤਿੰਨ ਘੰਟਿਆਂ ਤਕ ਅਸੀਂ ਗੱਲਾਂ ਕਰਦੇ ਰਹੇ ਜਿਸ ਦੌਰਾਨ ਮੈਂ ਉਸ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਗਵਾਹੀ ਦਿੱਤੀ।

ਮੈਂ ਹੁਣ 88 ਸਾਲਾਂ ਦਾ ਹਾਂ ਅਤੇ ਅਜੇ ਵੀ ਮੈਂ ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਵਿਚ ਸਰਗਰਮੀ ਨਾਲ ਹਿੱਸਾ ਲੈਂਦਾ ਹਾਂ। ਮੇਰੀ ਪਤਨੀ ਈਵਲੀਨ ਅਜੇ ਵੀ ਮੇਰੇ ਨਾਲ ਯਹੋਵਾਹ ਦੀ ਸੇਵਾ ਕਰ ਰਹੀ ਹੈ। ਮੇਰੀ ਕੁੜੀ ਦਾ ਵਿਆਹ ਯਹੋਵਾਹ ਦੇ ਗਵਾਹਾਂ ਦੇ ਇਕ ਸਫ਼ਰੀ ਨਿਗਾਹਬਾਨ ਨਾਲ ਹੋਇਆ ਜੋ ਹੁਣ ਬੈਰੂਤ ਦੀ ਇਕ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕਰਦਾ ਹੈ। ਉਨ੍ਹਾਂ ਦੀ ਕੁੜੀ ਵੀ ਇਕ ਗਵਾਹ ਹੈ। ਸਾਡਾ ਛੋਟਾ ਪੁੱਤਰ ਅਤੇ ਉਸ ਦੀ ਪਤਨੀ ਵੀ ਗਵਾਹ ਹਨ ਅਤੇ ਉਨ੍ਹਾਂ ਦੀ ਕੁੜੀ ਵੀ ਸੱਚਾਈ ਵਿਚ ਹੈ। ਜਿੱਥੋਂ ਤਕ ਸਾਡੇ ਵੱਡੇ ਪੁੱਤਰ ਦਾ ਸਵਾਲ ਹੈ, ਉਸ ਦੇ ਦਿਲ ਵਿਚ ਵੀ ਮਸੀਹੀ ਨਿਹਚਾ ਬਿਠਾਈ ਗਈ ਸੀ ਅਤੇ ਮੈਨੂੰ ਉਮੀਦ ਹੈ ਕਿ ਇਕ ਦਿਨ ਉਹ ਵੀ ਸੱਚਾਈ ਨੂੰ ਅਪਣਾ ਲਵੇਗਾ।

ਸਾਲ 1933 ਵਿਚ ਮੈਨੂੰ ਪਾਇਨੀਅਰ ਵਜੋਂ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਸੀ ਤੇ ਮੱਧ ਪੂਰਬ ਵਿਚ ਮੈਂ ਪਹਿਲਾ ਪਾਇਨੀਅਰ ਸੀ। ਮੈਨੂੰ ਯਕੀਨ ਹੈ ਕਿ ਮੈਂ ਪਿਛਲੇ 68 ਸਾਲਾਂ ਤੋਂ ਇਕ ਪਾਇਨੀਅਰ ਵਜੋਂ ਯਹੋਵਾਹ ਦੀ ਸੇਵਾ ਕਰਨ ਵਿਚ ਆਪਣੀ ਜ਼ਿੰਦਗੀ ਬਿਤਾਉਣ ਨਾਲੋਂ ਹੋਰ ਕੋਈ ਬਿਹਤਰ ਕੰਮ ਨਹੀਂ ਕਰ ਸਕਦਾ ਸੀ। ਅਤੇ ਮੈਂ ਅੱਗੇ ਵੀ ਯਹੋਵਾਹ ਦੇ ਅਧਿਆਤਮਿਕ ਚਾਨਣ ਵਿਚ ਚੱਲਦੇ ਰਹਿਣ ਦਾ ਦ੍ਰਿੜ੍ਹ ਇਰਾਦਾ ਰੱਖਦਾ ਹਾਂ।

[ਸਫ਼ੇ 23 ਉੱਤੇ ਤਸਵੀਰ]

ਸਾਲ 1935 ਵਿਚ ਨੇਗੀਬ

[ਸਫ਼ੇ 24 ਉੱਤੇ ਤਸਵੀਰ]

ਸਾਲ 1940 ਵਿਚ ਲੇਬਨਾਨ ਪਹਾੜਾਂ ਵਿਚ ਲਾਊਡ ਸਪੀਕਰ ਲੱਗੀ ਕਾਰ ਦੇ ਨਾਲ

[ਸਫ਼ੇ 25 ਉੱਤੇ ਤਸਵੀਰਾਂ]

 ਪਰ ਖੱਬਿਓਂ ਸੱਜੇ: 1952 ਵਿਚ ਨੇਗੀਬ, ਈਵਲੀਨ, ਉਨ੍ਹਾਂ ਦੀ ਕੁੜੀ, ਭਰਾ ਅਬੂਦ ਅਤੇ ਨੇਗੀਬ ਦਾ ਵੱਡਾ ਪੁੱਤਰ

ਥੱਲੇ (ਅਗਲੀ ਲਾਈਨ): 1952 ਨੂੰ ਟ੍ਰਿਪੋਲੀ ਵਿਚ ਨੇਗੀਬ ਦੇ ਘਰ ਭਰਾ ਸ਼ੰਮਾਸ, ਨੌਰ, ਅਬੂਦ ਅਤੇ ਹੈ ਨਸ਼ਲ

[ਸਫ਼ੇ 26 ਉੱਤੇ ਤਸਵੀਰ]

ਨੇਗੀਬ ਆਪਣੀ ਪਤਨੀ ਈਵਲੀਨ ਨਾਲ