Skip to content

Skip to table of contents

ਸਹੀ ਫ਼ੈਸਲੇ ਕਿਵੇਂ ਕਰੀਏ

ਸਹੀ ਫ਼ੈਸਲੇ ਕਿਵੇਂ ਕਰੀਏ

ਸਹੀ ਫ਼ੈਸਲੇ ਕਿਵੇਂ ਕਰੀਏ

ਪਰਮੇਸ਼ੁਰ ਨੇ ਇਨਸਾਨ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਤੋਹਫ਼ੇ ਵਿਚ ਦਿੱਤੀ ਹੈ। ਇਸ ਤੋਂ ਬਿਨਾਂ ਅਸੀਂ ਰੋਬੋਟ ਵਰਗੇ ਹੁੰਦੇ ਤੇ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦੇ। ਪਰ ਇਹ ਆਜ਼ਾਦੀ ਹੋਣ ਕਰਕੇ ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਹੈ ਕਿਉਂਕਿ ਸਾਨੂੰ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੇ ਫ਼ੈਸਲੇ ਕਰਨੇ ਪੈਂਦੇ ਹਨ।

ਖ਼ੈਰ, ਬਹੁਤ ਸਾਰੇ ਫ਼ੈਸਲੇ ਮਾਮੂਲੀ ਜਿਹੇ ਹੁੰਦੇ ਹਨ। ਪਰ ਕਈ ਫ਼ੈਸਲਿਆਂ ਦਾ ਸਾਡੇ ਭਵਿੱਖ ਉੱਤੇ ਅਸਰ ਪੈਂਦਾ ਹੈ ਜਿਵੇਂ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਕੀ ਕਰਾਂਗੇ ਜਾਂ ਅਸੀਂ ਵਿਆਹ ਕਰੀਏ ਜਾਂ ਨਾ। ਕਈ ਫ਼ੈਸਲਿਆਂ ਦਾ ਦੂਸਰਿਆਂ ਉੱਤੇ ਵੀ ਅਸਰ ਪੈਂਦਾ ਹੈ। ਮਾਪੇ ਕਈ ਫ਼ੈਸਲੇ ਕਰਦੇ ਹਨ ਜਿਨ੍ਹਾਂ ਦਾ ਉਨ੍ਹਾਂ ਦੇ ਬੱਚਿਆਂ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਸਾਨੂੰ ਆਪਣੇ ਬਹੁਤ ਸਾਰੇ ਫ਼ੈਸਲਿਆਂ ਲਈ ਪਰਮੇਸ਼ੁਰ ਨੂੰ ਲੇਖਾ ਦੇਣਾ ਪੈਣਾ ਹੈ।​—ਰੋਮੀਆਂ 14:12.

ਮਦਦ ਦੀ ਲੋੜ

ਜਦੋਂ ਫ਼ੈਸਲੇ ਕਰਨ ਦੀ ਗੱਲ ਆਉਂਦੀ ਹੈ, ਤਾਂ ਇਨਸਾਨ ਦਾ ਇਸ ਮਾਮਲੇ ਵਿਚ ਚੰਗਾ ਰਿਕਾਰਡ ਨਹੀਂ ਰਿਹਾ ਹੈ। ਮਨੁੱਖੀ ਇਤਿਹਾਸ ਵਿਚ ਇਨਸਾਨ ਵੱਲੋਂ ਕੀਤੇ ਗਏ ਸਭ ਤੋਂ ਪਹਿਲੇ ਫ਼ੈਸਲੇ ਦਾ ਨਤੀਜਾ ਬਹੁਤ ਹੀ ਤਬਾਹਕੁਨ ਨਿਕਲਿਆ। ਹੱਵਾਹ ਨੇ ਉਹ ਫਲ ਖਾਣ ਦਾ ਫ਼ੈਸਲਾ ਕੀਤਾ ਜੋ ਪਰਮੇਸ਼ੁਰ ਨੇ ਉਸ ਨੂੰ ਖਾਣ ਤੋਂ ਸਾਫ਼-ਸਾਫ਼ ਮਨ੍ਹਾ ਕੀਤਾ ਸੀ। ਉਸ ਦਾ ਇਹ ਫ਼ੈਸਲਾ ਸੁਆਰਥ ਉੱਤੇ ਆਧਾਰਿਤ ਸੀ ਤੇ ਇਸ ਕਰਕੇ ਉਸ ਦੇ ਪਤੀ ਨੇ ਵੀ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ। ਇਸ ਦੇ ਨਤੀਜੇ ਵਜੋਂ ਇਨਸਾਨਜਾਤੀ ਨੂੰ ਬਹੁਤ ਹੀ ਦੁੱਖ ਝੱਲਣੇ ਪਏ। ਬਹੁਤ ਸਾਰੇ ਮਾਮਲਿਆਂ ਵਿਚ ਇਨਸਾਨ ਅਜੇ ਵੀ ਸਹੀ ਸਿਧਾਂਤਾਂ ਦੇ ਆਧਾਰ ਤੇ ਫ਼ੈਸਲੇ ਕਰਨ ਦੀ ਬਜਾਇ ਆਪਣੇ ਸੁਆਰਥ ਨੂੰ ਸਾਮ੍ਹਣੇ ਰੱਖ ਕੇ ਫ਼ੈਸਲੇ ਕਰਦਾ ਹੈ। (ਉਤਪਤ 3:6-19; ਯਿਰਮਿਯਾਹ 17:9) ਅਤੇ ਜਦੋਂ ਅਸੀਂ ਗੰਭੀਰ ਫ਼ੈਸਲੇ ਕਰਨੇ ਹੁੰਦੇ ਹਨ, ਤਾਂ ਸਾਨੂੰ ਅਕਸਰ ਆਪਣੀਆਂ ਕਮੀਆਂ-ਕਮਜ਼ੋਰੀਆਂ ਦਾ ਅਹਿਸਾਸ ਹੁੰਦਾ ਹੈ।

ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜਦੋਂ ਕੋਈ ਵੱਡਾ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਲੋਕ ਇਨਸਾਨਾਂ ਤੋਂ ਉੱਚੇ ਕਿਸੇ ਸੋਮੇ ਦੀ ਮਦਦ ਲੈਂਦੇ ਹਨ। ਬਾਈਬਲ ਵਿਚ ਦੱਸਿਆ ਹੈ ਕਿ ਇਕ ਵਾਰ ਜਦੋਂ ਨਬੂਕਦਨੱਸਰ ਲੜਾਈ ਤੇ ਗਿਆ ਹੋਇਆ ਸੀ, ਤਾਂ ਉਸ ਵੇਲੇ ਉਸ ਨੇ ਇਕ ਫ਼ੈਸਲਾ ਕਰਨਾ ਸੀ। ਭਾਵੇਂ ਉਹ ਇਕ ਰਾਜਾ ਸੀ, ਪਰ ਉਸ ਨੇ “ਫਾਲ ਪੁੱਛਣ” ਜਾਂ ਆਤਮਾਵਾਂ ਤੋਂ ਸਲਾਹ ਲੈਣ ਦੀ ਲੋੜ ਮਹਿਸੂਸ ਕੀਤੀ। ਇਸ ਬਾਰੇ ਬਾਈਬਲ ਦੱਸਦੀ ਹੈ: “[ਉਹ] ਤੀਰਾਂ ਨੂੰ ਹਿਲਾ ਕੇ ਤਰਾਫੀਮ ਤੋਂ ਪੁੱਛਦਾ ਅਤੇ ਕਾਲਜੇ ਨੂੰ ਵੇਖਦਾ ਹੈ।” (ਹਿਜ਼ਕੀਏਲ 21:21) ਇਸੇ ਤਰ੍ਹਾਂ ਅੱਜ ਵੀ ਬਹੁਤ ਸਾਰੇ ਲੋਕ ਜੋਤਸ਼ੀਆਂ ਵਗੈਰਾ ਕੋਲ ਜਾਂਦੇ ਹਨ ਅਤੇ ਹੋਰ ਤਰੀਕਿਆਂ ਨਾਲ ਭੂਤਾਂ-ਪ੍ਰੇਤਾਂ ਤੋਂ ਮਦਦ ਲੈਂਦੇ ਹਨ। ਪਰ ਇਹ ਸਭ ਇਨਸਾਨ ਨੂੰ ਭਰਮਾਉਂਦੇ ਹਨ ਤੇ ਧੋਖਾ ਦਿੰਦੇ ਹਨ।​—ਲੇਵੀਆਂ 19:31.

ਪਰ ਇਕ ਐਸੀ ਹਸਤੀ ਹੈ ਜਿਸ ਤੇ ਪੂਰਾ ਭਰੋਸਾ ਕੀਤਾ ਜਾ ਸਕਦਾ ਹੈ ਅਤੇ ਜਿਸ ਨੇ ਹਮੇਸ਼ਾ ਇਨਸਾਨ ਦੀ ਸਹੀ ਫ਼ੈਸਲੇ ਕਰਨ ਵਿਚ ਮਦਦ ਕੀਤੀ ਹੈ। ਇਹ ਯਹੋਵਾਹ ਪਰਮੇਸ਼ੁਰ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਉਦਾਹਰਣ ਲਈ ਪੁਰਾਣੇ ਸਮਿਆਂ ਵਿਚ ਪਰਮੇਸ਼ੁਰ ਨੇ ਆਪਣੀ ਇਸਰਾਏਲ ਕੌਮ ਨੂੰ ਊਰੀਮ ਤੇ ਤੁੰਮੀਮ ਦਿੱਤੇ ਸਨ। ਊਰੀਮ ਤੇ ਤੁੰਮੀਮ ਸ਼ਾਇਦ ਪਵਿੱਤਰ ਗੀਟੇ ਸਨ ਜਿਨ੍ਹਾਂ ਨਾਲ ਇਸਰਾਏਲ ਕੌਮ ਗੰਭੀਰ ਫ਼ੈਸਲੇ ਲੈਣ ਵੇਲੇ ਗੁਣੇ ਪਾਉਂਦੀ ਸੀ। ਊਰੀਮ ਤੇ ਤੁੰਮੀਮ ਰਾਹੀਂ ਯਹੋਵਾਹ ਉਨ੍ਹਾਂ ਦੇ ਸਵਾਲਾਂ ਦਾ ਸਪੱਸ਼ਟ ਜਵਾਬ ਦਿੰਦਾ ਸੀ ਤੇ ਇਸਰਾਏਲ ਦੇ ਬਜ਼ੁਰਗਾਂ ਦੀ ਇਹ ਯਕੀਨੀ ਹੋਣ ਵਿਚ ਮਦਦ ਕਰਦਾ ਸੀ ਕਿ ਉਨ੍ਹਾਂ ਦੇ ਫ਼ੈਸਲੇ ਪਰਮੇਸ਼ੁਰ ਦੀ ਇੱਛਾ ਅਨੁਸਾਰ ਹੋਣ।​—ਕੂਚ 28:30; ਲੇਵੀਆਂ 8:8; ਗਿਣਤੀ 27:21.

ਇਕ ਹੋਰ ਉਦਾਹਰਣ ਤੇ ਗੌਰ ਕਰੋ। ਜਦੋਂ ਮਿਦਯਾਨੀਆਂ ਨਾਲ ਲੜਾਈ ਵਿਚ ਗਿਦਾਊਨ ਨੂੰ ਇਸਰਾਏਲ ਦੀਆਂ ਫ਼ੌਜਾਂ ਦੀ ਅਗਵਾਈ ਕਰਨ ਵਾਸਤੇ ਕਿਹਾ ਗਿਆ, ਤਾਂ ਉਸ ਨੇ ਫ਼ੈਸਲਾ ਕਰਨਾ ਸੀ ਕਿ ਉਹ ਇੰਨੇ ਵੱਡੇ ਸਨਮਾਨ ਨੂੰ ਸਵੀਕਾਰ ਕਰੇ ਜਾਂ ਨਾ। ਗਿਦਾਊਨ ਇਹ ਪੱਕਾ ਕਰਨਾ ਚਾਹੁੰਦਾ ਸੀ ਕਿ ਯਹੋਵਾਹ ਉਸ ਦੀ ਮਦਦ ਕਰੇਗਾ, ਇਸ ਲਈ ਉਸ ਨੇ ਯਹੋਵਾਹ ਤੋਂ ਚਮਤਕਾਰੀ ਨਿਸ਼ਾਨੀ ਮੰਗੀ। ਉਸ ਨੇ ਪ੍ਰਾਰਥਨਾ ਕੀਤੀ ਕਿ ਪੂਰੀ ਰਾਤ ਬਾਹਰ ਰੱਖਿਆ ਉੱਨ ਦਾ ਫੰਬਾ ਹੀ ਤ੍ਰੇਲ ਨਾਲ ਗਿੱਲਾ ਹੋਵੇ, ਪਰ ਉਸ ਦੇ ਆਲੇ-ਦੁਆਲੇ ਦੀ ਜ਼ਮੀਨ ਸੁੱਕੀ ਰਹੇ। ਅਗਲੀ ਰਾਤ, ਉਸ ਨੇ ਕਿਹਾ ਕਿ ਉੱਨ ਦਾ ਫੰਬਾ ਸੁੱਕਾ ਰਹੇ, ਪਰ ਇਸ ਦੇ ਆਲੇ-ਦੁਆਲੇ ਦੀ ਜ਼ਮੀਨ ਤ੍ਰੇਲ ਨਾਲ ਗਿੱਲੀ ਹੋ ਜਾਵੇ। ਯਹੋਵਾਹ ਨੇ ਦਇਆ ਦਿਖਾਉਂਦੇ ਹੋਏ ਗਿਦਾਊਨ ਵੱਲੋਂ ਮੰਗੀਆਂ ਨਿਸ਼ਾਨੀਆਂ ਦਿੱਤੀਆਂ। ਸਿੱਟੇ ਵਜੋਂ, ਗਿਦਾਊਨ ਨੇ ਸਹੀ ਫ਼ੈਸਲਾ ਕੀਤਾ ਅਤੇ ਪਰਮੇਸ਼ੁਰ ਦੀ ਸਹਾਇਤਾ ਨਾਲ ਇਸਰਾਏਲ ਦੇ ਵੈਰੀਆਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ।​—ਨਿਆਈਆਂ 6:33-40; 7:21, 22.

ਅੱਜ ਦੇ ਬਾਰੇ ਕੀ?

ਅੱਜ ਵੀ ਯਹੋਵਾਹ ਆਪਣੇ ਸੇਵਕਾਂ ਦੀ ਅਹਿਮ ਫ਼ੈਸਲੇ ਕਰਨ ਵਿਚ ਮਦਦ ਕਰਦਾ ਹੈ। ਕਿੱਦਾਂ? ਕੀ ਸਾਨੂੰ ਵੀ ਗਿਦਾਊਨ ਵਾਂਗ ਇਹ ਜਾਣਨ ਲਈ ਯਹੋਵਾਹ ਤੋਂ ਚਮਤਕਾਰੀ ਨਿਸ਼ਾਨੀਆਂ ਮੰਗਣੀਆਂ ਚਾਹੀਦੀਆਂ ਹਨ ਕਿ ਅਸੀਂ ਕੀ ਫ਼ੈਸਲਾ ਕਰੀਏ? ਮਿਸਾਲ ਲਈ, ਇਕ ਜੋੜਾ ਇਹ ਫ਼ੈਸਲਾ ਨਹੀਂ ਕਰ ਪਾ ਰਿਹਾ ਸੀ ਕਿ ਉਨ੍ਹਾਂ ਨੂੰ ਉਸ ਜਗ੍ਹਾ ਜਾ ਕੇ ਵੱਸਣਾ ਚਾਹੀਦਾ ਹੈ ਜਾਂ ਨਹੀਂ ਜਿੱਥੇ ਰਾਜ ਦੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਇਸ ਬਾਰੇ ਫ਼ੈਸਲਾ ਕਰਨ ਲਈ ਉਨ੍ਹਾਂ ਨੇ ਇਕ ਪਰੀਖਿਆ ਰੱਖੀ। ਉਨ੍ਹਾਂ ਨੇ ਇਕ ਖ਼ਾਸ ਕੀਮਤ ਤੇ ਆਪਣਾ ਘਰ ਵਿੱਕਣਾ ਲਾ ਦਿੱਤਾ। ਜੇ ਘਰ ਇਕ ਖ਼ਾਸ ਤਾਰੀਖ਼ ਤਕ ਉਸ ਖ਼ਾਸ ਕੀਮਤ ਤੇ ਜਾਂ ਉਸ ਨਾਲੋਂ ਜ਼ਿਆਦਾ ਕੀਮਤ ਤੇ ਵਿੱਕ ਗਿਆ, ਤਾਂ ਉਹ ਇਸ ਨੂੰ ਯਹੋਵਾਹ ਵੱਲੋਂ ਇਕ ਨਿਸ਼ਾਨੀ ਸਮਝ ਕੇ ਉਸ ਜਗ੍ਹਾ ਚਲੇ ਜਾਣਗੇ। ਅਤੇ ਜੇ ਘਰ ਨਹੀਂ ਵਿੱਕਿਆ, ਤਾਂ ਉਹ ਸਮਝਣਗੇ ਕਿ ਯਹੋਵਾਹ ਨਹੀਂ ਚਾਹੁੰਦਾ ਸੀ ਕਿ ਉਹ ਉੱਥੇ ਜਾਣ।

ਉਨ੍ਹਾਂ ਦਾ ਘਰ ਨਹੀਂ ਵਿੱਕਿਆ। ਤਾਂ ਕੀ ਇਸ ਦਾ ਇਹ ਮਤਲਬ ਸੀ ਕਿ ਯਹੋਵਾਹ ਨਹੀਂ ਚਾਹੁੰਦਾ ਸੀ ਕਿ ਇਹ ਜੋੜਾ ਉਸ ਜਗ੍ਹਾ ਜਾ ਕੇ ਸੇਵਾ ਕਰੇ ਜਿੱਥੇ ਜ਼ਿਆਦਾ ਲੋੜ ਸੀ? ਯਕੀਨ ਨਾਲ ਇਹ ਕਹਿਣਾ ਗੁਸਤਾਖ਼ੀ ਹੋਵੇਗੀ ਕਿ ਯਹੋਵਾਹ ਆਪਣੇ ਸੇਵਕਾਂ ਲਈ ਕੀ ਕਰਦਾ ਹੈ ਤੇ ਕੀ ਨਹੀਂ ਕਰਦਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਯਹੋਵਾਹ ਅੱਜ ਸਾਡੇ ਨਿੱਜੀ ਫ਼ੈਸਲਿਆਂ ਵਿਚ ਕਦੀ ਵੀ ਸਾਡੀ ਮਦਦ ਨਹੀਂ ਕਰਦਾ। (ਯਸਾਯਾਹ 59:1) ਪਰ ਸਾਡੇ ਕੋਲ ਇਹ ਆਸ ਕਰਨ ਦਾ ਕੋਈ ਹੱਕ ਨਹੀਂ ਹੈ ਕਿ ਪਰਮੇਸ਼ੁਰ ਸਾਡੇ ਵੱਡੇ ਫ਼ੈਸਲਿਆਂ ਸੰਬੰਧੀ ਆਪਣੀ ਇੱਛਾ ਪ੍ਰਗਟ ਕਰਨ ਲਈ ਕੋਈ-ਨ-ਕੋਈ ਨਿਸ਼ਾਨੀ ਦੇਵੇਗਾ ਜਾਂ ਦੂਸਰੇ ਸ਼ਬਦਾਂ ਵਿਚ, ਉਹ ਸਾਡੇ ਲਈ ਫ਼ੈਸਲਾ ਕਰੇਗਾ। ਆਖ਼ਰ ਗਿਦਾਊਨ ਨੂੰ ਵੀ ਤਾਂ ਆਪਣੀ ਜ਼ਿੰਦਗੀ ਦੇ ਜ਼ਿਆਦਾਤਰ ਫ਼ੈਸਲੇ ਯਹੋਵਾਹ ਤੋਂ ਚਮਤਕਾਰੀ ਨਿਸ਼ਾਨੀਆਂ ਮੰਗੇ ਬਿਨਾਂ ਹੀ ਕਰਨੇ ਪਏ ਸਨ।

ਪਰ ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਅੱਜ ਵੀ ਸਾਡੀ ਮਦਦ ਕਰਦਾ ਹੈ। ਇਸ ਵਿਚ ਸਾਡੇ ਸਮੇਂ ਬਾਰੇ ਭਵਿੱਖਬਾਣੀ ਕੀਤੀ ਗਈ ਸੀ: “ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ, ਜਦ ਤੁਸੀਂ ਸੱਜੇ ਨੂੰ ਮੁੜੋ ਅਤੇ ਜਦ ਤੁਸੀਂ ਖੱਬੇ ਨੂੰ ਮੁੜੋ।” (ਯਸਾਯਾਹ 30:21) ਜਦੋਂ ਅਸੀਂ ਅਹਿਮ ਫ਼ੈਸਲੇ ਕਰਦੇ ਹਾਂ, ਤਾਂ ਇਹ ਦੇਖਣਾ ਬਿਲਕੁਲ ਸਹੀ ਹੈ ਕਿ ਸਾਡੇ ਫ਼ੈਸਲੇ ਪਰਮੇਸ਼ੁਰ ਦੀ ਇੱਛਾ ਅਤੇ ਉੱਤਮ ਬੁੱਧ ਦੇ ਅਨੁਸਾਰ ਹੋਣ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਉਸ ਦੇ ਬਚਨ ਵਿੱਚੋਂ ਸਲਾਹ ਲੈ ਕੇ ਅਤੇ ਉਸ ਨੂੰ ‘ਆਪਣੇ ਪੈਰਾਂ ਲਈ ਦੀਪਕ, ਅਤੇ ਆਪਣੇ ਰਾਹ ਦਾ ਚਾਨਣ’ ਬਣਾ ਕੇ। (ਜ਼ਬੂਰ 119:105; ਕਹਾਉਤਾਂ 2:1-6) ਇਹ ਕਰਨ ਲਈ ਸਾਨੂੰ ਬਾਈਬਲ ਵਿੱਚੋਂ ਸਹੀ ਗਿਆਨ ਲੈਂਦੇ ਰਹਿਣ ਦੀ ਆਦਤ ਪਾਉਣੀ ਚਾਹੀਦੀ ਹੈ। (ਕੁਲੁੱਸੀਆਂ 1:9, 10) ਅਤੇ ਜਦੋਂ ਸਾਨੂੰ ਕੋਈ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਸਾਨੂੰ ਇਸ ਨਾਲ ਸੰਬੰਧਿਤ ਸਾਰੇ ਬਾਈਬਲੀ ਸਿਧਾਂਤਾਂ ਦੀ ਧਿਆਨ ਨਾਲ ਰਿਸਰਚ ਕਰਨੀ ਚਾਹੀਦੀ ਹੈ। ਰਿਸਰਚ ਕਰਨ ਨਾਲ ਅਸੀਂ “ਚੰਗ ਚੰਗੇਰੀਆਂ ਗੱਲਾਂ” ਜਾਂ ਜ਼ਿਆਦਾ ਮਹੱਤਵਪੂਰਣ ਗੱਲਾਂ ਬਾਰੇ ਯਕੀਨੀ ਹੋ ਸਕਾਂਗੇ।​—ਫ਼ਿਲਿੱਪੀਆਂ 1:9, 10.

ਸਾਨੂੰ ਪ੍ਰਾਰਥਨਾ ਵਿਚ ਯਹੋਵਾਹ ਨਾਲ ਗੱਲ ਵੀ ਕਰਨੀ ਚਾਹੀਦੀ ਹੈ, ਇਸ ਭਰੋਸੇ ਨਾਲ ਕਿ ਉਹ ਸਾਡੀ ਪ੍ਰਾਰਥਨਾ ਜ਼ਰੂਰ ਸੁਣੇਗਾ। ਉਦੋਂ ਕਿੰਨੀ ਤਸੱਲੀ ਮਿਲਦੀ ਹੈ ਜਦੋਂ ਅਸੀਂ ਆਪਣੇ ਪਿਆਰ ਕਰਨ ਵਾਲੇ ਪਿਤਾ ਨੂੰ ਦੱਸਦੇ ਹਾਂ ਕਿ ਅਸੀਂ ਕਿਹੜਾ ਫ਼ੈਸਲਾ ਕਰਨਾ ਹੈ ਤੇ ਸਾਡੇ ਕੋਲ ਕੋਈ ਹੋਰ ਰਾਹ ਹੈ ਜਾਂ ਨਹੀਂ! ਤੇ ਫਿਰ ਅਸੀਂ ਪੂਰੇ ਭਰੋਸਾ ਨਾਲ ਯਹੋਵਾਹ ਤੋਂ ਸਹੀ ਫ਼ੈਸਲਾ ਕਰਨ ਵਿਚ ਮਦਦ ਮੰਗ ਸਕਦੇ ਹਾਂ। ਅਕਸਰ ਪਵਿੱਤਰ ਆਤਮਾ ਸਾਨੂੰ ਇਸ ਨਾਲ ਸੰਬੰਧਿਤ ਬਾਈਬਲੀ ਸਿਧਾਂਤ ਯਾਦ ਕਰਵਾਏਗੀ ਜਾਂ ਇਹ ਸਾਡੀ ਕਿਸੇ ਇਕ ਖ਼ਾਸ ਆਇਤ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿਚ ਮਦਦ ਕਰੇਗੀ ਜੋ ਸਾਡੇ ਹਾਲਾਤ ਨਾਲ ਸੰਬੰਧਿਤ ਹੈ।​—ਯਾਕੂਬ 1:5, 6.

ਯਹੋਵਾਹ ਨੇ ਕਲੀਸਿਯਾ ਵਿਚ ਪਰਿਪੱਕ ਵਿਅਕਤੀਆਂ ਦਾ ਵੀ ਪ੍ਰਬੰਧ ਕੀਤਾ ਹੈ ਜਿਨ੍ਹਾਂ ਨਾਲ ਅਸੀਂ ਆਪਣੇ ਫ਼ੈਸਲਿਆਂ ਬਾਰੇ ਗੱਲ ਕਰ ਸਕਦੇ ਹਾਂ। (ਅਫ਼ਸੀਆਂ 4:11, 12) ਪਰ ਦੂਸਰਿਆਂ ਨਾਲ ਸਲਾਹ-ਮਸ਼ਵਰਾ ਕਰਦੇ ਸਮੇਂ ਸਾਨੂੰ ਉਨ੍ਹਾਂ ਲੋਕਾਂ ਵਰਗੇ ਨਹੀਂ ਬਣਨਾ ਚਾਹੀਦਾ ਜਿਹੜੇ ਤਦ ਤਕ ਇਕ ਤੋਂ ਬਾਅਦ ਇਕ ਬੰਦੇ ਕੋਲੋਂ ਸਲਾਹ ਪੁੱਛਦੇ ਰਹਿੰਦੇ ਹਨ ਜਦ ਤਕ ਕੋਈ ਉਨ੍ਹਾਂ ਨੂੰ ਉਨ੍ਹਾਂ ਦੀ ਮਨਚਾਹੀ ਸਲਾਹ ਨਹੀਂ ਦਿੰਦਾ। ਤੇ ਫਿਰ ਉਹ ਉਸ ਦੀ ਸਲਾਹ ਮੰਨ ਲੈਂਦੇ ਹਨ। ਸਾਨੂੰ ਰਹਬੁਆਮ ਦੀ ਚੇਤਾਵਨੀ-ਭਰੀ ਉਦਾਹਰਣ ਵੀ ਯਾਦ ਰੱਖਣੀ ਚਾਹੀਦੀ ਹੈ। ਜਦੋਂ ਉਸ ਨੇ ਇਕ ਗੰਭੀਰ ਫ਼ੈਸਲਾ ਕਰਨਾ ਸੀ, ਤਾਂ ਉਸ ਨੂੰ ਉਨ੍ਹਾਂ ਬਜ਼ੁਰਗਾਂ ਨੇ ਬਹੁਤ ਹੀ ਅਕਲਮੰਦੀ ਵਾਲੀ ਸਲਾਹ ਦਿੱਤੀ ਜਿਨ੍ਹਾਂ ਨੇ ਉਸ ਦੇ ਪਿਤਾ ਦੇ ਰਾਜ ਦੌਰਾਨ ਸਲਾਹਕਾਰਾਂ ਵਜੋਂ ਸੇਵਾ ਕੀਤੀ ਸੀ। ਪਰ ਉਨ੍ਹਾਂ ਦੀ ਸਲਾਹ ਮੰਨਣ ਦੀ ਬਜਾਇ ਉਸ ਨੇ ਆਪਣੀ ਉਮਰ ਦੇ ਆਦਮੀਆਂ ਕੋਲੋਂ ਸਲਾਹ ਪੁੱਛੀ। ਉਨ੍ਹਾਂ ਆਦਮੀਆਂ ਦੀ ਸਲਾਹ ਉੱਤੇ ਚੱਲਦੇ ਹੋਏ ਉਸ ਨੇ ਬਹੁਤ ਹੀ ਮੂਰਖਤਾ-ਭਰਿਆ ਫ਼ੈਸਲਾ ਕੀਤਾ ਜਿਸ ਕਰਕੇ ਉਸ ਨੂੰ ਆਪਣੇ ਰਾਜ ਦੇ ਵੱਡੇ ਹਿੱਸੇ ਤੋਂ ਹੱਥ ਧੋਣੇ ਪਏ।​—1 ਰਾਜਿਆਂ 12:1-17.

ਜੇ ਤੁਸੀਂ ਕਿਸੇ ਤੋਂ ਸਲਾਹ ਲੈਣੀ ਹੈ, ਤਾਂ ਉਨ੍ਹਾਂ ਕੋਲੋਂ ਲਓ ਜਿਨ੍ਹਾਂ ਨੂੰ ਜ਼ਿੰਦਗੀ ਦਾ ਤਜਰਬਾ ਹੈ ਅਤੇ ਬਾਈਬਲ ਦਾ ਚੰਗਾ ਗਿਆਨ ਹੈ ਅਤੇ ਜਿਹੜੇ ਸਹੀ ਸਿਧਾਂਤਾਂ ਨਾਲ ਪਿਆਰ ਕਰਦੇ ਹਨ। (ਕਹਾਉਤਾਂ 1:5; 11:14; 13:20) ਜਿੱਥੋਂ ਤਕ ਸੰਭਵ ਹੋ ਸਕੇ, ਮਾਮਲੇ ਨਾਲ ਸੰਬੰਧਿਤ ਸਿਧਾਂਤਾਂ ਉੱਤੇ ਅਤੇ ਜੋ ਜਾਣਕਾਰੀ ਤੁਸੀਂ ਇਕੱਠੀ ਕੀਤੀ ਹੈ, ਉਸ ਉੱਤੇ ਮਨਨ ਕਰਨ ਲਈ ਸਮਾਂ ਕੱਢੋ। ਜਦੋਂ ਤੁਸੀਂ ਯਹੋਵਾਹ ਦੇ ਬਚਨ ਦੇ ਚਾਨਣ ਵਿਚ ਮਾਮਲੇ ਨੂੰ ਦੇਖੋਗੇ, ਤਾਂ ਤੁਹਾਡੇ ਲਈ ਸਹੀ ਫ਼ੈਸਲਾ ਕਰਨਾ ਆਸਾਨ ਹੋ ਜਾਵੇਗਾ।​—ਫ਼ਿਲਿੱਪੀਆਂ 4:6, 7.

ਅਸੀਂ ਜਿਹੜੇ ਫ਼ੈਸਲੇ ਕਰਦੇ ਹਾਂ

ਕੁਝ ਫ਼ੈਸਲੇ ਕਰਨੇ ਆਸਾਨ ਹੁੰਦੇ ਹਨ। ਜਦੋਂ ਰਸੂਲਾਂ ਨੂੰ ਗਵਾਹੀ ਦੇਣ ਦਾ ਕੰਮ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਸੀ, ਤਾਂ ਉਹ ਜਾਣਦੇ ਸਨ ਕਿ ਉਨ੍ਹਾਂ ਨੇ ਯਿਸੂ ਦਾ ਪ੍ਰਚਾਰ ਕਰਦੇ ਰਹਿਣਾ ਸੀ। ਉਨ੍ਹਾਂ ਨੇ ਯਹੂਦੀ ਮਹਾਸਭਾ ਨੂੰ ਫ਼ੌਰਨ ਆਪਣੇ ਫ਼ੈਸਲੇ ਤੋਂ ਜਾਣੂ ਕਰਵਾ ਦਿੱਤਾ ਕਿ ਉਹ ਇਨਸਾਨਾਂ ਦੀ ਗੱਲ ਮੰਨਣ ਦੀ ਬਜਾਇ ਪਰਮੇਸ਼ੁਰ ਦੀ ਗੱਲ ਮੰਨਣਗੇ। (ਰਸੂਲਾਂ ਦੇ ਕਰਤੱਬ 5:28, 29) ਪਰ ਕਈ ਫ਼ੈਸਲਿਆਂ ਤੇ ਜ਼ਿਆਦਾ ਸੋਚ-ਵਿਚਾਰ ਕਰਨ ਦੀ ਲੋੜ ਹੁੰਦੀ ਹੈ ਕਿਉਂਕਿ ਇਨ੍ਹਾਂ ਦੇ ਸੰਬੰਧ ਵਿਚ ਬਾਈਬਲ ਵਿਚ ਸਿੱਧੇ ਤੌਰ ਤੇ ਕੁਝ ਨਹੀਂ ਦੱਸਿਆ ਹੁੰਦਾ। ਫਿਰ ਵੀ ਬਾਈਬਲ ਦੇ ਸਿਧਾਂਤ ਅਕਸਰ ਸਹੀ ਫ਼ੈਸਲੇ ਕਰਨ ਵਿਚ ਮਦਦ ਕਰਦੇ ਹਨ। ਉਦਾਹਰਣ ਲਈ, ਭਾਵੇਂ ਅੱਜ ਇਸ ਤਰ੍ਹਾਂ ਦੇ ਕਈ ਮਨੋਰੰਜਨ ਹਨ ਜਿਹੜੇ ਯਿਸੂ ਦੇ ਦਿਨਾਂ ਵਿਚ ਨਹੀਂ ਸਨ, ਪਰ ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਕਿਹੜੀ ਚੀਜ਼ ਯਹੋਵਾਹ ਨੂੰ ਖ਼ੁਸ਼ ਕਰਦੀ ਹੈ ਤੇ ਕਿਹੜੀ ਚੀਜ਼ ਤੋਂ ਉਸ ਨੂੰ ਨਫ਼ਰਤ ਹੈ। ਇਸ ਲਈ ਜਿਹੜਾ ਵੀ ਮਸੀਹੀ ਅਜਿਹਾ ਮਨੋਰੰਜਨ ਕਰਦਾ ਹੈ ਜਿਸ ਵਿਚ ਹਿੰਸਾ, ਅਨੈਤਿਕਤਾ ਜਾਂ ਬਾਗ਼ੀਪੁਣੇ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ, ਤਾਂ ਇਹ ਦਿਖਾਉਂਦਾ ਹੈ ਕਿ ਉਸ ਨੇ ਗ਼ਲਤ ਫ਼ੈਸਲਾ ਕੀਤਾ ਹੈ।​—ਜ਼ਬੂਰ 97:10; ਯੂਹੰਨਾ 3:19-21; ਗਲਾਤੀਆਂ 5:19-23; ਅਫ਼ਸੀਆਂ 5:3-5.

ਕਈ ਵਾਰ ਕਿਸੇ ਮਾਮਲੇ ਵਿਚ ਦੋ ਫ਼ੈਸਲੇ ਸਹੀ ਹੋ ਸਕਦੇ ਹਨ। ਉੱਥੇ ਜਾ ਕੇ ਸੇਵਾ ਕਰਨੀ ਇਕ ਵਿਸ਼ੇਸ਼-ਸਨਮਾਨ ਹੈ ਜਿੱਥੇ ਜ਼ਿਆਦਾ ਲੋੜ ਹੈ ਤੇ ਇਸ ਨਾਲ ਬਹੁਤ ਸਾਰੀਆਂ ਬਰਕਤਾਂ ਮਿਲ ਸਕਦੀਆਂ ਹਨ। ਪਰ ਜੇ ਕੋਈ ਵਿਅਕਤੀ ਕਿਸੇ ਕਾਰਨ ਅਜਿਹਾ ਨਾ ਕਰਨ ਦਾ ਫ਼ੈਸਲਾ ਕਰਦਾ ਹੈ, ਤਾਂ ਉਹ ਆਪਣੀ ਕਲੀਸਿਯਾ ਵਿਚ ਰਹਿ ਕੇ ਵੀ ਸੇਵਾ ਕਰ ਸਕਦਾ ਹੈ। ਕਈ ਵਾਰ ਸਾਨੂੰ ਅਜਿਹਾ ਫ਼ੈਸਲਾ ਕਰਨਾ ਹੁੰਦਾ ਹੈ ਜਿਸ ਦੁਆਰਾ ਸਾਨੂੰ ਇਹ ਦਿਖਾਉਣ ਦਾ ਮੌਕਾ ਮਿਲਦਾ ਹੈ ਕਿ ਯਹੋਵਾਹ ਪ੍ਰਤੀ ਸਾਡੀ ਸ਼ਰਧਾ ਕਿੰਨੀ ਗਹਿਰੀ ਹੈ ਅਤੇ ਅਸੀਂ ਆਪਣੀ ਜ਼ਿੰਦਗੀ ਵਿਚ ਕਿਸ ਚੀਜ਼ ਨੂੰ ਪਹਿਲ ਦਿੰਦੇ ਹਾਂ। ਇਸ ਤਰ੍ਹਾਂ ਯਹੋਵਾਹ ਸਾਨੂੰ ਇਹ ਦਿਖਾਉਣ ਦੀ ਆਜ਼ਾਦੀ ਦਿੰਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ।

ਅਕਸਰ ਸਾਡੇ ਫ਼ੈਸਲਿਆਂ ਦਾ ਦੂਸਰਿਆਂ ਉੱਤੇ ਅਸਰ ਪੈਂਦਾ ਹੈ। ਉਦਾਹਰਣ ਲਈ ਪਹਿਲੀ ਸਦੀ ਦੇ ਮਸੀਹੀ ਖ਼ੁਸ਼ ਸਨ ਕਿ ਉਹ ਬਿਵਸਥਾ ਦੀਆਂ ਬੰਦਸ਼ਾਂ ਤੋਂ ਆਜ਼ਾਦ ਹੋ ਗਏ ਸਨ। ਮਿਸਾਲ ਲਈ, ਹੁਣ ਜੇ ਉਹ ਚਾਹੁਣ ਤਾਂ ਉਹ ਬਿਵਸਥਾ ਅਨੁਸਾਰ ਅਸ਼ੁੱਧ ਭੋਜਨ ਨੂੰ ਖਾਣ ਦਾ ਫ਼ੈਸਲਾ ਕਰ ਸਕਦੇ ਸਨ। ਫਿਰ ਵੀ, ਇਹ ਫ਼ੈਸਲਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਦੂਸਰਿਆਂ ਦੇ ਅੰਤਹਕਰਣ ਨੂੰ ਧਿਆਨ ਵਿਚ ਰੱਖਣ ਲਈ ਉਤਸ਼ਾਹਿਤ ਕੀਤਾ ਗਿਆ ਸੀ। ਇਸ ਮਾਮਲੇ ਵਿਚ ਪੌਲੁਸ ਦੇ ਇਨ੍ਹਾਂ ਸ਼ਬਦਾਂ ਨੂੰ ਅਸੀਂ ਆਪਣੇ ਬਹੁਤ ਸਾਰੇ ਫ਼ੈਸਲਿਆਂ ਉੱਤੇ ਲਾਗੂ ਕਰ ਸਕਦੇ ਹਾਂ: ‘ਤੁਸੀਂ ਠੋਕਰ ਦੇ ਕਾਰਨ ਨਾ ਬਣੋ।’ (1 ਕੁਰਿੰਥੀਆਂ 10:32) ਦੂਸਰਿਆਂ ਨੂੰ ਠੋਕਰ ਨਾ ਖੁਆਉਣ ਦੀ ਇੱਛਾ ਸਾਡੀ ਕਈ ਫ਼ੈਸਲੇ ਕਰਨ ਵਿਚ ਮਦਦ ਕਰ ਸਕਦੀ ਹੈ। ਆਖ਼ਰ ਗੁਆਂਢੀ ਨਾਲ ਪ੍ਰੇਮ ਕਰਨਾ ਹੀ ਦੂਜਾ ਸਭ ਤੋਂ ਵੱਡਾ ਹੁਕਮ ਹੈ।​—ਮੱਤੀ 22:36, 39.

ਸਾਡੇ ਫ਼ੈਸਲਿਆਂ ਦਾ ਨਤੀਜਾ

ਸ਼ੁੱਧ ਅੰਤਹਕਰਣ ਨਾਲ ਅਤੇ ਬਾਈਬਲ ਦੇ ਸਿਧਾਂਤਾਂ ਦੇ ਆਧਾਰ ਤੇ ਕੀਤੇ ਫ਼ੈਸਲਿਆਂ ਦਾ ਅੰਤ ਵਿਚ ਹਮੇਸ਼ਾ ਚੰਗਾ ਨਤੀਜਾ ਨਿਕਲਦਾ ਹੈ। ਬੇਸ਼ੱਕ ਪਹਿਲਾਂ-ਪਹਿਲ ਇਸ ਕਰਕੇ ਸਾਨੂੰ ਕੁਝ ਦੁੱਖ ਸਹਿਣੇ ਪੈਣ। ਜਦੋਂ ਰਸੂਲਾਂ ਨੇ ਯਹੂਦੀ ਮਹਾਸਭਾ ਨੂੰ ਯਿਸੂ ਦਾ ਪ੍ਰਚਾਰ ਕਰਦੇ ਰਹਿਣ ਦੇ ਆਪਣੇ ਫ਼ੈਸਲੇ ਤੋਂ ਜਾਣੂ ਕਰਵਾਇਆ, ਤਾਂ ਉਨ੍ਹਾਂ ਨੂੰ ਛੱਡਣ ਤੋਂ ਪਹਿਲਾਂ ਕੁੱਟਿਆ ਗਿਆ ਸੀ। (ਰਸੂਲਾਂ ਦੇ ਕਰਤੱਬ 5:40) ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨਾਮਕ ਤਿੰਨ ਇਬਰਾਨੀਆਂ ਨੇ ਨਬੂਕਦਨੱਸਰ ਦੁਆਰਾ ਬਣਾਈ ਸੋਨੇ ਦੀ ਮੂਰਤ ਨੂੰ ਮੱਥਾ ਨਾ ਟੇਕਣ ਦਾ ਫ਼ੈਸਲਾ ਕਰ ਕੇ ਆਪਣੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿਚ ਪਾ ਲਿਆ ਸੀ। ਉਹ ਆਪਣੇ ਫ਼ੈਸਲੇ ਦੇ ਕਿਸੇ ਵੀ ਨਤੀਜੇ ਨੂੰ ਭੁਗਤਣ ਲਈ ਤਿਆਰ ਸਨ, ਚਾਹੇ ਉਨ੍ਹਾਂ ਨੂੰ ਇਸ ਲਈ ਮਰਨਾ ਹੀ ਕਿਉਂ ਨਾ ਪੈਂਦਾ। ਪਰ ਉਹ ਜਾਣਦੇ ਸਨ ਕਿ ਪਰਮੇਸ਼ੁਰ ਉਨ੍ਹਾਂ ਤੋਂ ਖ਼ੁਸ਼ ਸੀ ਤੇ ਉਹ ਉਨ੍ਹਾਂ ਨੂੰ ਬਰਕਤ ਦੇਵੇਗਾ।​—ਦਾਨੀਏਲ 3:16-19.

ਜੇ ਅਸੀਂ ਬਾਈਬਲੀ ਸਿਧਾਂਤਾਂ ਦੇ ਆਧਾਰ ਤੇ ਕੀਤੇ ਫ਼ੈਸਲੇ ਤੋਂ ਬਾਅਦ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਅਸੀਂ ਗ਼ਲਤ ਫ਼ੈਸਲਾ ਕੀਤਾ ਸੀ। “ਸਮਾਂ ਅਤੇ ਅਣਚਿਤਵੀ ਘਟਨਾ” ਕਰਕੇ ਚੰਗੇ ਤੋਂ ਚੰਗੇ ਫ਼ੈਸਲਿਆਂ ਦਾ ਵੀ ਮਾੜਾ ਨਤੀਜਾ ਨਿਕਲ ਸਕਦਾ ਹੈ। (ਉਪਦੇਸ਼ਕ ਦੀ ਪੋਥੀ 9:11, ਨਿ ਵ) ਇਸ ਤੋਂ ਇਲਾਵਾ ਯਹੋਵਾਹ ਇਹ ਪਰਖਣ ਲਈ ਕਈ ਵਾਰ ਮੁਸੀਬਤ ਆਉਣ ਦਿੰਦਾ ਹੈ ਕਿ ਅਸੀਂ ਆਪਣੇ ਫ਼ੈਸਲੇ ਉੱਤੇ ਕਿੰਨੇ ਦ੍ਰਿੜ੍ਹ ਹਾਂ। ਯਾਕੂਬ ਨੂੰ ਬਰਕਤ ਪ੍ਰਾਪਤ ਕਰਨ ਲਈ ਇਕ ਦੂਤ ਨਾਲ ਸਾਰੀ ਰਾਤ ਘੋਲ ਕਰਨਾ ਪਿਆ ਸੀ। (ਉਤਪਤ 32:24-26) ਸਾਨੂੰ ਵੀ ਸ਼ਾਇਦ ਕਿਸੇ ਮੁਸੀਬਤ ਨਾਲ ਘੋਲ ਕਰਨਾ ਪਵੇ, ਸ਼ਾਇਦ ਉਦੋਂ ਵੀ ਜਦੋਂ ਅਸੀਂ ਸਹੀ ਕੰਮ ਕਰ ਰਹੇ ਹੁੰਦੇ ਹਾਂ। ਪਰ ਫਿਰ ਵੀ ਜਦੋਂ ਅਸੀਂ ਯਹੋਵਾਹ ਦੀ ਇੱਛਾ ਨੂੰ ਧਿਆਨ ਵਿਚ ਰੱਖਦੇ ਹੋਏ ਫ਼ੈਸਲੇ ਕਰਦੇ ਹਾਂ, ਤਾਂ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰੇਗਾ ਅਤੇ ਅੰਤ ਵਿਚ ਸਾਨੂੰ ਬਰਕਤਾਂ ਦੇਵੇਗਾ।​—2 ਕੁਰਿੰਥੀਆਂ 4:7.

ਇਸ ਲਈ ਜਦੋਂ ਤੁਹਾਨੂੰ ਕੋਈ ਮਹੱਤਵਪੂਰਣ ਫ਼ੈਸਲਾ ਕਰਨਾ ਪੈਂਦਾ ਹੈ, ਤਾਂ ਆਪਣੀ ਹੀ ਸਮਝ ਦਾ ਸਹਾਰਾ ਨਾ ਲਓ। ਬਾਈਬਲ ਵਿੱਚੋਂ ਮਾਮਲੇ ਨਾਲ ਸੰਬੰਧਿਤ ਸਿਧਾਂਤਾਂ ਨੂੰ ਲੱਭੋ। ਇਸ ਬਾਰੇ ਯਹੋਵਾਹ ਨਾਲ ਗੱਲ ਕਰੋ। ਜੇ ਹੋ ਸਕੇ, ਤਾਂ ਪਰਿਪੱਕ ਮਸੀਹੀਆਂ ਨਾਲ ਸਲਾਹ-ਮਸ਼ਵਰਾ ਕਰੋ। ਦਲੇਰ ਬਣੋ। ਆਪਣਾ ਫ਼ੈਸਲਾ ਆਪ ਕਰਨ ਦੀ ਪਰਮੇਸ਼ੁਰ ਵੱਲੋਂ ਮਿਲੀ ਆਜ਼ਾਦੀ ਨੂੰ ਸਮਝਦਾਰੀ ਨਾਲ ਵਰਤੋ। ਚੰਗੇ ਫ਼ੈਸਲੇ ਕਰੋ ਅਤੇ ਯਹੋਵਾਹ ਨੂੰ ਦਿਖਾਓ ਕਿ ਉਸ ਦੇ ਸਾਮ੍ਹਣੇ ਤੁਹਾਡਾ ਦਿਲ ਖਰਾ ਹੈ।

[ਸਫ਼ੇ 28 ਉੱਤੇ ਤਸਵੀਰ]

ਅਹਿਮ ਫ਼ੈਸਲੇ ਕਰਨ ਤੋਂ ਪਹਿਲਾਂ ਪਰਮੇਸ਼ੁਰ ਦੇ ਬਚਨ ਵਿੱਚੋਂ ਸਲਾਹ ਲਓ

[ਸਫ਼ੇ 28, 29 ਉੱਤੇ ਤਸਵੀਰਾਂ]

ਯਹੋਵਾਹ ਨੂੰ ਦੱਸੋ ਕਿ ਤੁਸੀਂ ਕਿਹੜੇ ਫ਼ੈਸਲੇ ਕਰਨੇ ਹਨ

[ਸਫ਼ੇ 30 ਉੱਤੇ ਤਸਵੀਰ]

ਤੁਸੀਂ ਪਰਿਪੱਕ ਮਸੀਹੀਆਂ ਨਾਲ ਆਪਣੇ ਵੱਡੇ ਫ਼ੈਸਲਿਆਂ ਬਾਰੇ ਸਲਾਹ-ਮਸ਼ਵਰਾ ਕਰ ਸਕਦੇ ਹੋ