Skip to content

Skip to table of contents

ਸ਼ਤਾਨ ਸਿਰਫ਼ ਅੰਧਵਿਸ਼ਵਾਸ ਨਹੀਂ ਹੈ

ਸ਼ਤਾਨ ਸਿਰਫ਼ ਅੰਧਵਿਸ਼ਵਾਸ ਨਹੀਂ ਹੈ

ਸ਼ਤਾਨ ਸਿਰਫ਼ ਅੰਧਵਿਸ਼ਵਾਸ ਨਹੀਂ ਹੈ

“ਪੂਰੇ ਨਵੇਂ ਨੇਮ ਵਿਚ ਹਰ ਥਾਂ ਪਰਮੇਸ਼ੁਰ ਅਤੇ ਨੇਕੀ ਦੀਆਂ ਤਾਕਤਾਂ ਅਤੇ ਦੂਜੇ ਪਾਸੇ ਸ਼ਤਾਨ ਦੀਆਂ ਬੁਰੀਆਂ ਤਾਕਤਾਂ ਇਕ-ਦੂਜੇ ਨਾਲ ਟਕਰਾਉਂਦੀਆਂ ਦਿਖਾਈ ਦਿੰਦੀਆਂ ਹਨ। ਇਹ ਧਾਰਣਾ ਬਾਈਬਲ ਦੇ ਇਕ ਜਾਂ ਦੋ ਲੇਖਕਾਂ ਦੀ ਨਹੀਂ, ਸਗੋਂ ਸਾਰੇ ਲੇਖਕਾਂ ਦੀ ਹੈ। . . . ਇਸ ਤਰ੍ਹਾਂ ਇਹ ਗੱਲ ਨਵੇਂ ਨੇਮ ਵਿਚ ਸਾਫ਼ ਜ਼ਾਹਰ ਹੈ। ਸ਼ਤਾਨ ਇਕ ਘਾਤਕ ਹਕੀਕਤ ਹੈ ਜੋ ਹਮੇਸ਼ਾ ਪਰਮੇਸ਼ੁਰ ਅਤੇ ਪਰਮੇਸ਼ੁਰ ਦੇ ਲੋਕਾਂ ਦਾ ਵਿਰੋਧ ਕਰਦਾ ਹੈ।”​—“ਦ ਨਿਊ ਬਾਈਬਲ ਡਿਕਸ਼ਨਰੀ।”

ਤਾਂ ਫਿਰ ਮਸੀਹੀ ਹੋਣ ਅਤੇ ਬਾਈਬਲ ਵਿਚ ਵਿਸ਼ਵਾਸ ਕਰਨ ਦਾ ਦਾਅਵਾ ਕਰਨ ਵਾਲੇ ਕਈ ਲੋਕ ਕਿਉਂ ਇਸ ਵਿਚਾਰ ਨੂੰ ਠੁਕਰਾਉਂਦੇ ਹਨ ਕਿ ਸ਼ਤਾਨ ਸੱਚ-ਮੁੱਚ ਹੈ? ਕਿਉਂਕਿ ਅਸਲ ਵਿਚ ਉਹ ਬਾਈਬਲ ਨੂੰ ਪਰਮੇਸ਼ੁਰ ਦਾ ਬਚਨ ਨਹੀਂ ਮੰਨਦੇ। (ਯਿਰਮਿਯਾਹ 8:9) ਉਹ ਕਹਿੰਦੇ ਹਨ ਕਿ ਬਾਈਬਲ ਦੇ ਲਿਖਾਰੀਆਂ ਉੱਤੇ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਕੌਮਾਂ ਦੇ ਫ਼ਲਸਫ਼ਿਆਂ ਦਾ ਪ੍ਰਭਾਵ ਸੀ ਅਤੇ ਉਨ੍ਹਾਂ ਨੇ ਉਸ ਸੱਚਾਈ ਨੂੰ ਸਹੀ-ਸਹੀ ਬਿਆਨ ਨਹੀਂ ਕੀਤਾ ਜੋ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਮਿਲੀ ਸੀ। ਉਦਾਹਰਣ ਲਈ, ਕੈਥੋਲਿਕ ਧਰਮ-ਸ਼ਾਸਤਰੀ ਹਾਂਸ ਕੁੰਗ ਲਿਖਦਾ ਹੈ: ‘ਪ੍ਰਾਚੀਨ ਯਹੂਦੀਵਾਦ ਵਿਚ ਇਹ ਮਿਥਿਹਾਸਕ ਵਿਚਾਰ ਕਿ ਸ਼ਤਾਨ ਨਾਲ ਭੂਤ-ਪਰੇਤਾਂ ਦੇ ਦਲ ਹਨ ਬਾਬਲੀ ਮਿਥਿਹਾਸ ਤੋਂ ਦਾਖ਼ਲ ਹੋਏ ਸਨ ਅਤੇ ਫਿਰ ਉੱਥੋਂ ਨਵੇਂ ਨੇਮ ਵਿਚ ਦਾਖ਼ਲ ਹੋ ਗਏ।’​—ਔਨ ਬੀਇੰਗ ਅ ਕ੍ਰਿਸ਼ਚਨ।

ਪਰ ਬਾਈਬਲ ਮਨੁੱਖਾਂ ਦਾ ਬਚਨ ਨਹੀਂ ਹੈ; ਇਹ ਸੱਚ-ਮੁੱਚ ਪਰਮੇਸ਼ੁਰ ਦਾ ਪ੍ਰੇਰਿਤ ਬਚਨ ਹੈ। ਇਸ ਲਈ, ਬਾਈਬਲ ਸ਼ਤਾਨ ਬਾਰੇ ਜੋ ਕਹਿੰਦੀ ਹੈ, ਉਸ ਨੂੰ ਗੰਭੀਰਤਾ ਨਾਲ ਲੈ ਕੇ ਅਸੀਂ ਅਕਲਮੰਦੀ ਦਿਖਾਵਾਂਗੇ।​—2 ਤਿਮੋਥਿਉਸ 3:14-17; 2 ਪਤਰਸ 1:20, 21.

ਯਿਸੂ ਕੀ ਵਿਸ਼ਵਾਸ ਕਰਦਾ ਸੀ?

ਯਿਸੂ ਮਸੀਹ ਵਿਸ਼ਵਾਸ ਕਰਦਾ ਸੀ ਕਿ ਸ਼ਤਾਨ ਅਸਲੀ ਵਿਅਕਤੀ ਹੈ। ਯਿਸੂ ਆਪਣੀ ਅੰਦਰਲੀ ਕਿਸੇ ਬੁਰਾਈ ਨਾਲ ਨਹੀਂ ਪਰਤਾਇਆ ਗਿਆ ਸੀ। ਉਸ ਨੂੰ ਇਕ ਅਸਲੀ ਵਿਅਕਤੀ ਨੇ ਪਰਤਾਇਆ ਸੀ ਜਿਸ ਨੂੰ ਉਸ ਨੇ ਬਾਅਦ ਵਿਚ “ਜਗਤ ਦਾ ਸਰਦਾਰ” ਕਿਹਾ ਸੀ। (ਯੂਹੰਨਾ 14:30; ਮੱਤੀ 4:1-11) ਉਹ ਇਹ ਵੀ ਵਿਸ਼ਵਾਸ ਕਰਦਾ ਸੀ ਕਿ ਦੂਸਰੇ ਆਤਮਿਕ ਪ੍ਰਾਣੀ ਸ਼ਤਾਨ ਦੀਆਂ ਬੁਰੀਆਂ ਸਕੀਮਾਂ ਵਿਚ ਉਸ ਦਾ ਸਾਥ ਦਿੰਦੇ ਹਨ। ਉਸ ਨੇ ਉਨ੍ਹਾਂ ਲੋਕਾਂ ਨੂੰ ਠੀਕ ਕੀਤਾ ਸੀ ਜਿਨ੍ਹਾਂ ਨੂੰ ‘ਭੂਤ ਚਿੰਬੜੇ’ ਹੋਏ ਸਨ। (ਮੱਤੀ 12:22-28) ਇਕ ਨਾਸਤਿਕਵਾਦੀ ਪ੍ਰਕਾਸ਼ਨ ਅ ਰੇਸ਼ਨਾਲਿਸਟ ਐਨਸਾਈਕਲੋਪੀਡੀਆ ਵੀ ਇਸ ਗੱਲ ਦੀ ਮਹੱਤਤਾ ਉੱਤੇ ਟਿੱਪਣੀ ਕਰਦਾ ਹੈ ਕਿ “ਇਹ ਹਮੇਸ਼ਾ ਧਰਮ-ਸ਼ਾਸਤਰੀਆਂ ਲਈ ਇਕ ਠੋਕਰ ਦਾ ਕਾਰਨ ਰਿਹਾ ਹੈ ਕਿ ਇੰਜੀਲਾਂ ਵਿਚ ਯਿਸੂ ਨੇ ਕਿੱਦਾਂ ਦੁਸ਼ਟ ਆਤਮਾਵਾਂ ਵਿਚ ਵਿਸ਼ਵਾਸ ਕਰ ਲਿਆ।” ਜਦੋਂ ਯਿਸੂ ਸ਼ਤਾਨ ਅਤੇ ਦੁਸ਼ਟ ਆਤਮਾਵਾਂ ਬਾਰੇ ਦੱਸਦਾ ਸੀ, ਤਾਂ ਉਹ ਸਿਰਫ਼ ਬਾਬਲੀ ਮਿਥਿਹਾਸ ਤੋਂ ਆਏ ਅੰਧਵਿਸ਼ਵਾਸਾਂ ਨੂੰ ਨਹੀਂ ਦੁਹਰਾ ਰਿਹਾ ਸੀ। ਉਹ ਜਾਣਦਾ ਸੀ ਕਿ ਸ਼ਤਾਨ ਤੇ ਉਸ ਦੇ ਪਿਸ਼ਾਚ ਸੱਚ-ਮੁੱਚ ਹਨ।

ਯਿਸੂ ਦੇ ਸਮੇਂ ਦੇ ਧਾਰਮਿਕ ਆਗੂਆਂ ਨੂੰ ਕਹੇ ਯਿਸੂ ਦੇ ਸ਼ਬਦਾਂ ਤੋਂ ਅਸੀਂ ਸ਼ਤਾਨ ਬਾਰੇ ਕਾਫ਼ੀ ਕੁਝ ਸਿੱਖਦੇ ਹਾਂ: “ਤੁਸੀਂ ਆਪਣੇ ਪਿਉ ਸ਼ਤਾਨ ਤੋਂ ਹੋ ਅਤੇ ਆਪਣੇ ਪਿਉ ਦੀਆਂ ਕਾਮਨਾਂ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ ਅਤੇ ਸਚਿਆਈ ਉੱਤੇ ਟਿਕਿਆ ਨਾ ਰਿਹਾ ਕਿਉਂਕਿ ਉਸ ਵਿੱਚ ਸਚਿਆਈ ਹੈ ਨਹੀਂ। ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ।”​—ਯੂਹੰਨਾ 8:44.

ਇਸ ਆਇਤ ਦੇ ਮੁਤਾਬਕ ਸ਼ਤਾਨ, ਯਾਨੀ ਇਬਲੀਸ “ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ।” ਇਬਲੀਸ ਨਾਂ ਦਾ ਅਰਥ ਹੈ “ਤੁਹਮਤੀ।” ਉਹ ਪਰਮੇਸ਼ੁਰ ਬਾਰੇ ਝੂਠ ਬੋਲਣ ਵਾਲਾ ਪਹਿਲਾ ਪ੍ਰਾਣੀ ਸੀ ਅਤੇ ਇਹ ਝੂਠ ਉਸ ਨੇ ਅਦਨ ਦੇ ਬਾਗ਼ ਵਿਚ ਬੋਲਿਆ ਸੀ। ਯਹੋਵਾਹ ਨੇ ਸਾਡੇ ਪਹਿਲੇ ਮਾਤਾ-ਪਿਤਾ ਨੂੰ ਕਿਹਾ ਸੀ ਕਿ ਜੇ ਉਨ੍ਹਾਂ ਨੇ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਖਾਧਾ, ਤਾਂ ਉਹ ‘ਜ਼ਰੂਰ ਮਰਨਗੇ।’ ਇਕ ਸੱਪ ਨੂੰ ਇਸਤੇਮਾਲ ਕਰਦੇ ਹੋਏ ਸ਼ਤਾਨ ਨੇ ਕਿਹਾ ਕਿ ਪਰਮੇਸ਼ੁਰ ਨੇ ਉਨ੍ਹਾਂ ਨਾਲ ਝੂਠ ਬੋਲਿਆ ਸੀ। (ਉਤਪਤ 2:17; 3:4) ਇਸ ਕਰਕੇ ਉਸ ਨੂੰ “ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ” ਕਿਹਾ ਜਾਂਦਾ ਹੈ।​—ਪਰਕਾਸ਼ ਦੀ ਪੋਥੀ 12:9.

ਸ਼ਤਾਨ ਨੇ ਭਲੇ ਬੁਰੇ ਦੀ ਸਿਆਣ ਦੇ ਬਿਰਛ ਬਾਰੇ ਝੂਠ ਬੋਲਿਆ ਸੀ। ਉਸ ਨੇ ਦਲੀਲ ਦਿੱਤੀ ਕਿ ਉਸ ਬਿਰਛ ਤੋਂ ਖਾਣ ਦੀ ਮਨਾਹੀ ਜਾਇਜ਼ ਨਹੀਂ ਸੀ, ਸਗੋਂ ਪਰਮੇਸ਼ੁਰ ਆਪਣੀ ਤਾਕਤ ਦਾ ਗ਼ਲਤ ਇਸਤੇਮਾਲ ਕਰ ਰਿਹਾ ਸੀ। ਉਸ ਨੇ ਕਿਹਾ ਕਿ ਆਦਮ ਤੇ ਹੱਵਾਹ “ਪਰਮੇਸ਼ੁਰ ਵਾਂਙੁ” ਬਣ ਜਾਣਗੇ ਯਾਨੀ ਉਹ ਆਪਣੇ ਫ਼ੈਸਲੇ ਆਪ ਕਰ ਸਕਣਗੇ ਕਿ ਉਨ੍ਹਾਂ ਲਈ ਕੀ ਭਲਾ ਹੈ ਤੇ ਕੀ ਬੁਰਾ। ਦੂਜੇ ਸ਼ਬਦਾਂ ਵਿਚ ਸ਼ਤਾਨ ਕਹਿ ਰਿਹਾ ਸੀ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਹੋਈ ਹੈ ਤੇ ਉਨ੍ਹਾਂ ਨੂੰ ਹਰ ਮਾਮਲੇ ਵਿਚ ਆਪਣੇ ਫ਼ੈਸਲੇ ਆਪ ਕਰਨੇ ਚਾਹੀਦੇ ਹਨ। (ਉਤਪਤ 3:1-5) ਪਰਮੇਸ਼ੁਰ ਦੇ ਸ਼ਾਸਨ ਕਰਨ ਦੇ ਤਰੀਕੇ ਉੱਤੇ ਹੋਏ ਇਸ ਹਮਲੇ ਕਾਰਨ ਕਈ ਮਹੱਤਵਪੂਰਣ ਵਾਦ-ਵਿਸ਼ੇ ਖੜ੍ਹੇ ਹੋਏ। ਇਸ ਲਈ ਯਹੋਵਾਹ ਨੇ ਇਨ੍ਹਾਂ ਵਾਦ-ਵਿਸ਼ਿਆਂ ਨੂੰ ਨਿਪਟਾਉਣ ਲਈ ਸਮਾਂ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਸ਼ਤਾਨ ਨੂੰ ਥੋੜ੍ਹੀ ਦੇਰ ਲਈ ਜੀਉਂਦਾ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ। ਸ਼ਤਾਨ ਨੂੰ ਦਿੱਤਾ ਗਿਆ ਸੀਮਿਤ ਸਮਾਂ ਹੁਣ ਤੇਜ਼ੀ ਨਾਲ ਖ਼ਤਮ ਹੁੰਦਾ ਜਾ ਰਿਹਾ ਹੈ। (ਪਰਕਾਸ਼ ਦੀ ਪੋਥੀ 12:12) ਪਰ ਫਿਰ ਵੀ ਉਹ ਝੂਠ ਅਤੇ ਧੋਖੇ ਨਾਲ ਮਨੁੱਖਜਾਤੀ ਨੂੰ ਪਰਮੇਸ਼ੁਰ ਤੋਂ ਦੂਰ ਕਰ ਰਿਹਾ ਹੈ ਅਤੇ ਆਪਣੀਆਂ ਸਿੱਖਿਆਵਾਂ ਫੈਲਾਉਣ ਲਈ ਯਿਸੂ ਦੇ ਸਮੇਂ ਦੇ ਸਦੂਕੀਆਂ ਅਤੇ ਫ਼ਰੀਸੀਆਂ ਵਰਗੇ ਲੋਕਾਂ ਨੂੰ ਇਸਤੇਮਾਲ ਕਰਦਾ ਹੈ।​—ਮੱਤੀ 23:13, 15.

ਯਿਸੂ ਨੇ ਇਹ ਵੀ ਕਿਹਾ ਕਿ ਸ਼ਤਾਨ “ਮੁੱਢੋਂ ਮਨੁੱਖ ਘਾਤਕ ਸੀ” ਅਤੇ “ਸਚਿਆਈ ਉੱਤੇ ਟਿਕਿਆ ਨਾ ਰਿਹਾ।” ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਨੇ ਸ਼ਤਾਨ ਨੂੰ “ਮਨੁੱਖ ਘਾਤਕ” ਵਜੋਂ ਉਤਪਤ ਕੀਤਾ ਸੀ। ਉਸ ਨੂੰ ਅੱਗ ਅਤੇ ਤਸੀਹਿਆਂ ਵਾਲੀ ਜਗ੍ਹਾ ਦੀ ਨਿਗਰਾਨੀ ਕਰਨ ਲਈ ਕਿਸੇ ਪ੍ਰਕਾਰ ਦਾ ਭਿਆਨਕ ਜੀਵ ਨਹੀਂ ਬਣਾਇਆ ਗਿਆ ਸੀ ਜੋ ਪਰਮੇਸ਼ੁਰ ਦਾ ਵਿਰੋਧ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸਜ਼ਾ ਦਿੰਦਾ। ਬਾਈਬਲ ਵਿਚ ਵਰਤਿਆ ਗਿਆ ਸ਼ਬਦ “ਪਤਾਲ” ਸ਼ਤਾਨ ਦੇ ਰਹਿਣ ਦੀ ਜਗ੍ਹਾ ਨੂੰ ਸੂਚਿਤ ਨਹੀਂ ਕਰਦਾ ਹੈ। ਇਹ ਸਿਰਫ਼ ਮਨੁੱਖਜਾਤੀ ਦੀ ਆਮ ਕਬਰ ਹੈ।​—ਰਸੂਲਾਂ ਦੇ ਕਰਤੱਬ 2:25-27; ਪਰਕਾਸ਼ ਦੀ ਪੋਥੀ 20:13, 14.

ਸ਼ੁਰੂ-ਸ਼ੁਰੂ ਵਿਚ ਸ਼ਤਾਨ “ਸਚਿਆਈ” ਵਿਚ ਸੀ। ਇਕ ਸਮਾਂ ਸੀ ਜਦੋਂ ਉਹ ਪਰਮੇਸ਼ੁਰ ਦੇ ਮੁਕੰਮਲ ਆਤਮਿਕ ਪੁੱਤਰ ਵਜੋਂ ਯਹੋਵਾਹ ਦੇ ਸਵਰਗੀ ਪਰਿਵਾਰ ਦਾ ਇਕ ਮੈਂਬਰ ਸੀ। ਪਰ ਉਹ “ਸਚਿਆਈ ਉੱਤੇ ਟਿਕਿਆ ਨਾ ਰਿਹਾ।” ਉਹ ਆਪਣੇ ਹੀ ਤੌਰ-ਤਰੀਕਿਆਂ ਅਤੇ ਆਪਣੇ ਹੀ ਝੂਠੇ ਸਿਧਾਂਤਾਂ ਉੱਤੇ ਚੱਲਿਆ। ਉਹ ਪਰਮੇਸ਼ੁਰ ਦੇ ਸਵਰਗੀ ਪੁੱਤਰ ਦੇ ਰੂਪ ਵਿਚ ਉਤਪਤ ਹੋਣ ਦੇ “ਮੁੱਢੋਂ” ਨਹੀਂ, ਸਗੋਂ ਯਹੋਵਾਹ ਵਿਰੁੱਧ ਬਗਾਵਤ ਕਰਨ ਅਤੇ ਆਦਮ ਤੇ ਹੱਵਾਹ ਨਾਲ ਝੂਠ ਬੋਲਣ ਦੇ ਮੁੱਢੋਂ ਮਨੁੱਖ ਘਾਤਕ ਬਣਿਆ ਸੀ। ਸ਼ਤਾਨ ਉਨ੍ਹਾਂ ਲੋਕਾਂ ਵਰਗਾ ਹੈ ਜਿਨ੍ਹਾਂ ਨੇ ਮੂਸਾ ਦੇ ਸਮੇਂ ਵਿਚ ਯਹੋਵਾਹ ਵਿਰੁੱਧ ਬਗਾਵਤ ਕੀਤੀ ਸੀ। ਉਨ੍ਹਾਂ ਬਾਰੇ ਅਸੀਂ ਪੜ੍ਹਦੇ ਹਾਂ: “ਓਹ ਵਿਗੜ ਗਏ ਹਨ, ਓਹ ਉਸ ਦੇ ਪੁੱਤ੍ਰ ਨਹੀਂ ਸਗੋਂ ਕਲੰਕੀ ਹਨ।” (ਬਿਵਸਥਾ ਸਾਰ 32:5) ਇਹੀ ਗੱਲ ਸ਼ਤਾਨ ਬਾਰੇ ਕਹੀ ਜਾ ਸਕਦੀ ਹੈ। ਉਹ “ਮਨੁੱਖ ਘਾਤਕ” ਉਦੋਂ ਬਣਿਆ ਜਦੋਂ ਉਸ ਨੇ ਬਗਾਵਤ ਕੀਤੀ ਅਤੇ ਆਦਮ ਤੇ ਹੱਵਾਹ, ਨਾਲੇ ਸਾਰੀ ਮਨੁੱਖਜਾਤੀ ਦੀ ਮੌਤ ਦਾ ਜ਼ਿੰਮੇਵਾਰ ਬਣਿਆ।​—ਰੋਮੀਆਂ 5:12.

ਅਣਆਗਿਆਕਾਰ ਦੂਤ

ਕਈ ਦੂਤ ਸ਼ਤਾਨ ਨਾਲ ਉਸ ਦੀ ਬਗਾਵਤ ਵਿਚ ਸ਼ਾਮਲ ਹੋ ਗਏ। (ਲੂਕਾ 11:14, 15) ਇਨ੍ਹਾਂ ਦੂਤਾਂ ਨੇ “ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ” ਅਤੇ ਨੂਹ ਦੇ ਦਿਨਾਂ ਵਿਚ ਇਨ੍ਹਾਂ ਨੇ “ਆਦਮੀ ਦੀਆਂ ਧੀਆਂ” ਨਾਲ ਲਿੰਗੀ ਸੰਬੰਧਾਂ ਦਾ ਆਨੰਦ ਮਾਣਨ ਲਈ ਮਨੁੱਖੀ ਸਰੀਰ ਧਾਰ ਲਏ। (ਯਹੂਦਾਹ 6; ਉਤਪਤ 6:1-4; 1 ਪਤਰਸ 3:19, 20) “ਤਾਰਿਆਂ ਦੀ ਇਕ ਤਿਹਾਈ” ਜਾਂ ਕੁਝ ਆਤਮਿਕ ਪ੍ਰਾਣੀਆਂ ਨੇ ਇਸ ਤਰ੍ਹਾਂ ਕੀਤਾ ਸੀ।​—ਪਰਕਾਸ਼ ਦੀ ਪੋਥੀ 12:4.

ਜ਼ਿਆਦਾਤਰ ਲਾਖਣਿਕ ਭਾਸ਼ਾ ਵਿਚ ਲਿਖੀ ਗਈ ਕਿਤਾਬ ਪਰਕਾਸ਼ ਦੀ ਪੋਥੀ ਸ਼ਤਾਨ ਨੂੰ “ਇੱਕ ਵੱਡਾ ਭਾਰਾ ਲਾਲ ਅਜਗਰ” ਸੱਦਦੀ ਹੈ। (ਪਰਕਾਸ਼ ਦੀ ਪੋਥੀ 12:3) ਕਿਉਂ? ਇਸ ਲਈ ਨਹੀਂ ਕਿ ਉਸ ਦਾ ਸਰੀਰ ਦੇਖਣ ਨੂੰ ਭਿਆਨਕ ਜਾਂ ਭੈੜਾ ਲੱਗਦਾ ਹੈ। ਅਸਲ ਵਿਚ ਅਸੀਂ ਨਹੀਂ ਜਾਣਦੇ ਕਿ ਆਤਮਿਕ ਪ੍ਰਾਣੀਆਂ ਦਾ ਸਰੀਰ ਕਿਸ ਪ੍ਰਕਾਰ ਦਾ ਹੈ, ਪਰ ਇਹ ਮੰਨਣਾ ਜਾਇਜ਼ ਹੋਵੇਗਾ ਕਿ ਸ਼ਤਾਨ ਵੀ ਦੂਜੇ ਆਤਮਿਕ ਪ੍ਰਾਣੀਆਂ ਯਾਨੀ ਦੂਤਾਂ ਵਰਗਾ ਹੀ ਹੋਵੇਗਾ। ਪਰ ਸ਼ਤਾਨ ਦੇ ਭੁੱਖੜ, ਡਰਾਉਣੇ, ਸ਼ਕਤੀਸ਼ਾਲੀ ਅਤੇ ਤਬਾਹਕੁਨ ਸੁਭਾਅ ਕਰਕੇ ਉਸ ਨੂੰ “ਇੱਕ ਵੱਡਾ ਭਾਰਾ ਲਾਲ ਅਜਗਰ” ਕਹਿਣਾ ਬਿਲਕੁਲ ਢੁਕਵਾਂ ਹੈ।

ਸ਼ਤਾਨ ਅਤੇ ਪਿਸ਼ਾਚਾਂ ਉੱਤੇ ਹੁਣ ਕਾਫ਼ੀ ਹੱਦ ਤਕ ਪਾਬੰਦੀ ਲੱਗੀ ਹੋਈ ਹੈ। ਹੁਣ ਉਹ ਪਹਿਲਾਂ ਵਾਂਗ ਮਨੁੱਖੀ ਸਰੀਰ ਨਹੀਂ ਧਾਰ ਸਕਦੇ। ਸਾਲ 1914 ਵਿਚ ਮਸੀਹ ਦੁਆਰਾ ਪਰਮੇਸ਼ੁਰ ਦਾ ਰਾਜ ਸਥਾਪਿਤ ਹੋਣ ਤੋਂ ਕੁਝ ਸਮੇਂ ਦੇਰ ਬਾਅਦ, ਸ਼ਤਾਨ ਤੇ ਉਸ ਦੇ ਪਿਸ਼ਾਚਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ ਗਿਆ ਸੀ।​—ਪਰਕਾਸ਼ ਦੀ ਪੋਥੀ 12:7-9.

ਸ਼ਤਾਨ ਇਕ ਖ਼ੌਫ਼ਨਾਕ ਦੁਸ਼ਮਣ ਹੈ

ਪਾਬੰਦੀ ਲਾਏ ਜਾਣ ਦੇ ਬਾਵਜੂਦ ਵੀ ਸ਼ਤਾਨ ਇਕ ਕਾਫ਼ੀ ਤਾਕਤਵਰ ਦੁਸ਼ਮਣ ਹੈ। ਉਹ ‘ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵੇ!’ (1 ਪਤਰਸ 5:8) ਉਹ ਸਾਡੇ ਨਾਮੁਕੰਮਲ ਸਰੀਰ ਵਿਚ ਬੁਰਾਈ ਦਾ ਗੁਣ ਨਹੀਂ ਹੈ ਜਿਸ ਬਾਰੇ ਸਾਨੂੰ ਪੂਰੀ ਸਮਝ ਪ੍ਰਾਪਤ ਨਹੀਂ ਹੈ। ਇਹ ਸੱਚ ਹੈ ਕਿ ਸਾਨੂੰ ਹਰ ਰੋਜ਼ ਆਪਣੇ ਖ਼ੁਦ ਦੇ ਪਾਪੀ ਝੁਕਾਵਾਂ ਨਾਲ ਲੜਨਾ ਪੈਂਦਾ ਹੈ। (ਰੋਮੀਆਂ 7:18-20) ਪਰ ਸਾਡੀ ਅਸਲੀ ਲੜਾਈ “ਇਸ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ।”​—ਅਫ਼ਸੀਆਂ 6:12.

ਸ਼ਤਾਨ ਦਾ ਪ੍ਰਭਾਵ ਕਿੰਨਾ ਕੁ ਫੈਲਿਆ ਹੋਇਆ ਹੈ? ਯੂਹੰਨਾ ਰਸੂਲ ਕਹਿੰਦਾ ਹੈ ਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਬੇਸ਼ੱਕ ਸਾਨੂੰ ਹਰ ਵੇਲੇ ਸ਼ਤਾਨ ਬਾਰੇ ਸੋਚ-ਸੋਚ ਕੇ ਉਸ ਤੋਂ ਖ਼ੌਫ਼ ਨਹੀਂ ਖਾਣਾ ਚਾਹੀਦਾ। ਪਰ ਨਾਲ ਹੀ ਸਾਨੂੰ ਉਸ ਦੇ ਜਤਨਾਂ ਪ੍ਰਤੀ ਸਚੇਤ ਰਹਿਣਾ ਚਾਹੀਦਾ ਹੈ ਤਾਂਕਿ ਉਹ ਸਾਨੂੰ ਸੱਚਾਈ ਤੋਂ ਦੂਰ ਨਾ ਲੈ ਜਾਵੇ ਅਤੇ ਪਰਮੇਸ਼ੁਰ ਪ੍ਰਤੀ ਸਾਡੀ ਖਰਿਆਈ ਨੂੰ ਨਾ ਤੋੜ ਦੇਵੇ।​—ਅੱਯੂਬ 2:3-5; 2 ਕੁਰਿੰਥੀਆਂ 4:3, 4.

ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਾਲਿਆਂ ਉੱਤੇ ਸ਼ਤਾਨ ਹਮੇਸ਼ਾ ਨਿਰਦਈ ਤਰੀਕਿਆਂ ਨਾਲ ਹਮਲਾ ਨਹੀਂ ਕਰਦਾ। ਕਦੀ-ਕਦੀ ਉਹ ਆਪਣੇ ਆਪ ਨੂੰ “ਚਾਨਣ ਦੇ ਦੂਤ” ਦੇ ਰੂਪ ਵਿਚ ਪ੍ਰਗਟ ਕਰਦਾ ਹੈ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਇਸ ਖ਼ਤਰੇ ਦੀ ਚੇਤਾਵਨੀ ਦਿੱਤੀ ਜਦੋਂ ਉਸ ਨੇ ਲਿਖਿਆ: “ਮੈਂ ਡਰਦਾ ਹਾਂ ਭਈ ਕਿਤੇ ਐਉਂ ਨਾ ਹੋਵੇ ਕਿ ਜਿਵੇਂ ਸੱਪ ਨੇ ਆਪਣੀ ਖਚਰ ਵਿੱਦਿਆ ਨਾਲ ਹੱਵਾਹ ਨੂੰ ਭਰਮਾਇਆ ਤੁਹਾਡੇ ਮਨ ਵੀ ਉਸ ਸਾਦਗੀ ਅਤੇ ਪਵਿੱਤਰਤਾਈ ਤੋਂ ਜੋ ਮਸੀਹ ਦੀ ਵੱਲ ਹੈ ਵਿਗੜ ਜਾਣ।”​—2 ਕੁਰਿੰਥੀਆਂ 11:3, 14.

ਇਸ ਲਈ ਸਾਨੂੰ ‘ਸੁਚੇਤ ਹੋਣ, ਜਾਗਦੇ ਰਹਿਣ, ਅਤੇ ਨਿਹਚਾ ਵਿਚ ਤਕੜੇ ਹੋ ਕੇ ਉਹ ਦਾ ਸਾਹਮਣਾ ਕਰਨ’ ਦੀ ਲੋੜ ਹੈ। (1 ਪਤਰਸ 5:8, 9; 2 ਕੁਰਿੰਥੀਆਂ 2:11) ਜਾਦੂ-ਟੂਣਿਆਂ ਨਾਲ ਸੰਬੰਧਿਤ ਕਿਸੇ ਵੀ ਕੰਮ ਵਿਚ ਹਿੱਸਾ ਨਾ ਲਓ। ਇਸ ਤਰ੍ਹਾਂ ਕਰ ਕੇ ਅਸੀਂ ਸ਼ਤਾਨ ਦੇ ਫੰਧਿਆਂ ਵਿਚ ਫਸਣ ਤੋਂ ਬਚੇ ਰਹਾਂਗੇ। (ਬਿਵਸਥਾ ਸਾਰ 18:10-12) ਪਰਮੇਸ਼ੁਰ ਦੇ ਬਚਨ ਨੂੰ ਲਗਨ ਨਾਲ ਪੜ੍ਹੋ, ਇਹ ਚੇਤੇ ਰੱਖਦੇ ਹੋਏ ਕਿ ਜਦੋਂ ਸ਼ਤਾਨ ਨੇ ਯਿਸੂ ਨੂੰ ਭਰਮਾਇਆ ਸੀ, ਤਾਂ ਯਿਸੂ ਨੇ ਵਾਰ-ਵਾਰ ਪਰਮੇਸ਼ੁਰ ਦੇ ਬਚਨ ਵਿੱਚੋਂ ਹਵਾਲੇ ਦਿੱਤੇ ਸਨ। (ਮੱਤੀ 4:4, 7, 10) ਪਰਮੇਸ਼ੁਰ ਦੀ ਆਤਮਾ ਲਈ ਪ੍ਰਾਰਥਨਾ ਕਰੋ। ਆਤਮਾ ਦੇ ਫਲ ਦੀ ਮਦਦ ਨਾਲ ਤੁਸੀਂ ਸਰੀਰ ਦੇ ਉਨ੍ਹਾਂ ਕੰਮਾਂ ਤੋਂ ਬਚ ਸਕਦੇ ਹੋ ਜਿਨ੍ਹਾਂ ਕੰਮਾਂ ਨੂੰ ਸ਼ਤਾਨ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਹੱਲਾਸ਼ੇਰੀ ਦੇ ਰਿਹਾ ਹੈ। (ਗਲਾਤੀਆਂ 5:16-24) ਇਸ ਤੋਂ ਇਲਾਵਾ, ਜਦੋਂ ਤੁਸੀਂ ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਦਬਾਅ ਮਹਿਸੂਸ ਕਰਦੇ ਹੋ, ਤਾਂ ਪੂਰੇ ਦਿਲ ਨਾਲ ਯਹੋਵਾਹ ਨੂੰ ਪ੍ਰਾਰਥਨਾ ਕਰੋ।​—ਫ਼ਿਲਿੱਪੀਆਂ 4:6, 7.

ਸ਼ਤਾਨ ਤੋਂ ਖ਼ੌਫ਼ ਖਾਣ ਦੀ ਕੋਈ ਲੋੜ ਨਹੀਂ ਹੈ। ਸ਼ਤਾਨ ਚਾਹੇ ਜੋ ਮਰਜ਼ੀ ਕਰ ਲਵੇ, ਯਹੋਵਾਹ ਸਾਨੂੰ ਅਸਲੀ ਸੁਰੱਖਿਆ ਦੇਣ ਦਾ ਵਾਅਦਾ ਕਰਦਾ ਹੈ। (ਜ਼ਬੂਰ 91:1-4; ਕਹਾਉਤਾਂ 18:10; ਯਾਕੂਬ 4:7, 8) ਪੌਲੁਸ ਰਸੂਲ ਕਹਿੰਦਾ ਹੈ ਕਿ “ਪ੍ਰਭੁ ਵਿੱਚ ਅਤੇ ਉਹ ਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ!” ਫਿਰ ਤੁਸੀਂ “ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ” ਸਕੋਗੇ।​—ਅਫ਼ਸੀਆਂ 6:10, 11.

[ਸਫ਼ੇ 5 ਉੱਤੇ ਤਸਵੀਰ]

ਯਿਸੂ ਜਾਣਦਾ ਸੀ ਕਿ ਸ਼ਤਾਨ ਇਕ ਅਸਲੀ ਵਿਅਕਤੀ ਹੈ

[ਸਫ਼ੇ 6 ਉੱਤੇ ਤਸਵੀਰ]

“ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ”

[ਕ੍ਰੈਡਿਟ ਲਾਈਨ]

NASA photo

[ਸਫ਼ੇ 7 ਉੱਤੇ ਤਸਵੀਰ]

ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਅਤੇ ਬਾਕਾਇਦਾ ਪ੍ਰਾਰਥਨਾ ਕਰਨ ਦੁਆਰਾ ਸ਼ਤਾਨ ਦਾ ਵਿਰੋਧ ਕਰੋ