Skip to content

Skip to table of contents

ਕਿਹੜਾ ਧਰਮ ਲੋਕਾਂ ਨੂੰ ਏਕਤਾ ਵਿਚ ਲਿਆ ਸਕਦਾ ਹੈ?

ਕਿਹੜਾ ਧਰਮ ਲੋਕਾਂ ਨੂੰ ਏਕਤਾ ਵਿਚ ਲਿਆ ਸਕਦਾ ਹੈ?

ਕਿਹੜਾ ਧਰਮ ਲੋਕਾਂ ਨੂੰ ਏਕਤਾ ਵਿਚ ਲਿਆ ਸਕਦਾ ਹੈ?

ਤੁਹਾਡੇ ਵਿਸ਼ਵਾਸ ਅਤੇ ਖ਼ਿਆਲ ਚਾਹੇ ਜੋ ਮਰਜ਼ੀ ਹੋਣ ਤੁਸੀਂ ਇਸ ਗੱਲ ਨਾਲ ਸ਼ਾਇਦ ਸਹਿਮਤ ਹੋਵੋਗੇ ਕਿ ਹਰੇਕ ਧਰਮ ਵਿਚ ਸੱਚੇ ਦਿਲੋਂ ਭਗਤੀ ਕਰਨ ਵਾਲੇ ਲੋਕ ਹਨ। ਹਿੰਦੂ, ਕੈਥੋਲਿਕ, ਯਹੂਦੀ, ਜਾਂ ਹੋਰ ਧਰਮਾਂ ਵਿਚ ਅਜਿਹੇ ਲੋਕ ਹਨ ਜੋ ਸੱਚਾਈ ਦੀ ਭਾਲ ਦਿਲੋਂ ਕਰਦੇ ਹਨ। ਪਰ ਇਸ ਦੇ ਬਾਵਜੂਦ, ਧਰਮ ਲੋਕਾਂ ਵਿਚ ਏਕਤਾ ਨਹੀਂ ਲਿਆ ਰਿਹਾ। ਕਈ ਤਾਂ ਧਰਮ ਦੇ ਨਾਂ ਵਿਚ ਬਹੁਤ ਬੁਰੇ ਕੰਮ ਕਰਦੇ ਹਨ। ਪਰ ਕੀ ਸਾਰੇ ਧਰਮਾਂ ਦੇ ਸੱਚੇ ਭਗਤ ਕਦੇ ਵੀ ਇਕੱਠੇ ਹੋ ਸਕਦੇ ਹਨ? ਕੀ ਉਹ ਕਦੇ ਇਕੱਠੇ ਕੰਮ ਕਰ ਸਕਦੇ ਹਨ?

ਧਰਮ ਲੋਕਾਂ ਨੂੰ ਇਕੱਠੇ ਕਰਨ ਦੀ ਬਜਾਇ ਉਨ੍ਹਾਂ ਵਿਚ ਫੁੱਟਾਂ ਪਾ ਰਿਹਾ ਹੈ। ਇਹ ਕਿੰਨੇ ਅਫ਼ਸੋਸ ਦੀ ਗੱਲ ਹੈ! ਪਰ ਕਿਸ ਤਰ੍ਹਾਂ ਦੀਆਂ ਫੁੱਟਾਂ? ਸ੍ਰੀ ਲੰਕਾ ਵਿਚ ਹਿੰਦੂ ਅਤੇ ਬੋਧੀ ਆਪਸ ਵਿਚ ਲੜ ਰਹੇ ਹਨ। ਕਈਆਂ ਵੱਖਰੀਆਂ-ਵੱਖਰੀਆਂ ਲੜਾਈਆਂ ਵਿਚ ਪ੍ਰੋਟੈਸਟੈਂਟਾਂ, ਕੈਥੋਲਿਕਾਂ, ਅਤੇ ਯਹੂਦੀਆਂ ਨੇ ਬਹੁਤ ਖ਼ੂਨ-ਖ਼ਰਾਬਾ ਕੀਤਾ ਹੈ। ਬੋਜ਼ਨੀਆ, ਚੈਚਨੀਆ, ਇੰਡੋਨੇਸ਼ੀਆ, ਅਤੇ ਕੌਸਵੋ ਵਿਚ ਮੁਸਲਮਾਨ ਅਤੇ ਇਸਾਈ ਆਪਸ ਵਿਚ ਲੜ ਰਹੇ ਹਨ। ਅਤੇ ਪਿਛਲੇ ਸਾਲ ਦੇ ਮਾਰਚ ਦੇ ਮਹੀਨੇ ਵਿਚ ਦੋ ਦਿਨਾਂ ਦੇ ਲੜਾਈ-ਝਗੜਿਆਂ ਵਿਚ 300 ਨਾਈਜੀਰੀ ਲੋਕ ਮਾਰੇ ਗਏ। ਇਸ ਲੜਾਈ ਵਿਚ ਵੀ ਧਰਮ ਦਾ ਹੱਥ ਸੀ। ਹਾਂ ਮਜ਼੍ਹਬੀ ਨਫ਼ਰਤ ਨੇ ਇਨ੍ਹਾਂ ਲੜਾਈ-ਝਗੜਿਆਂ ਨੂੰ ਭੜਕਾਇਆ ਹੈ।

ਧਰਮ ਦੇ ਨਾਂ ਵਿਚ ਕੀਤੇ ਗਏ ਇੰਨੇ ਬੁਰੇ ਕੰਮਾਂ ਨੂੰ ਦੇਖ ਕੇ ਸੱਚੇ ਭਗਤ ਅਕਸਰ ਨਿਰਾਸ਼ ਹੁੰਦੇ ਹਨ। ਉਦਾਹਰਣ ਲਈ, ਚਰਚ ਨੂੰ ਜਾਣ ਵਾਲੇ ਬਹੁਤ ਸਾਰੇ ਲੋਕ ਹੈਰਾਨ ਹੋਏ ਹਨ ਕਿ ਬੱਚਿਆਂ ਨਾਲ ਗੰਦੇ ਕੰਮ ਕਰਨ ਵਾਲਿਆਂ ਪਾਦਰੀਆਂ ਨੂੰ ਚਰਚਾਂ ਵਿੱਚੋਂ ਕੱਢਿਆ ਨਹੀਂ ਗਿਆ। ਹੋਰਨਾਂ ਨੂੰ ਆਪਣੇ ਆਪ ਨੂੰ ਮਸੀਹੀ ਕਹਿਲਾਉਣ ਤੋਂ ਸ਼ਰਮ ਆਉਂਦੀ ਹੈ ਕਿਉਂਕਿ ਚਰਚ ਜਾਣ ਵਾਲੇ ਲੋਕਾਂ ਵਿਚ ਗਰਭਪਾਤ ਅਤੇ ਮੁੰਡੇਬਾਜ਼ੀ ਵਰਗੀਆਂ ਗੱਲਾਂ ਬਾਰੇ ਫੁੱਟਾਂ ਪਈਆਂ ਹੋਈਆਂ ਹਨ। ਹਾਂ ਇਹ ਗੱਲ ਸਾਫ਼ ਹੈ ਕਿ ਧਰਮ ਨੇ ਲੋਕਾਂ ਵਿਚ ਏਕਤਾ ਨਹੀਂ ਲਿਆਂਦੀ ਹੈ। ਪਰ ਵੱਖਰੇ-ਵੱਖਰੇ ਧਰਮਾਂ ਵਿਚ ਸੱਚਾਈ ਨੂੰ ਪਿਆਰ ਕਰਨ ਵਾਲੇ ਲੋਕ ਪਾਏ ਜਾਂਦੇ ਹਨ ਅਤੇ ਇਹ ਗੱਲ ਅਗਲੀਆਂ ਉਦਾਹਰਣਾਂ ਤੋਂ ਦੇਖੀ ਜਾ ਸਕਦੀ ਹੈ।

ਸੱਚਾਈ ਦੀ ਪਿਆਸ

ਫੀਡਿਲੀਆ ਨਾਂ ਦੀ ਔਰਤ ਬੋਲੀਵੀਆ ਦੇ ਲਾ ਪਾਜ਼ ਇਲਾਕੇ ਵਿਚ ਕੈਥੋਲਿਕ ਚਰਚ ਨੂੰ ਜਾਂਦੀ ਸੀ ਜਿਸ ਦਾ ਨਾਂ ਚਰਚ ਆਫ਼ ਸਾਨ ਫ਼ਰਾਂਸਿਸਕੋ ਸੀ। ਉਹ ਸੱਚੇ ਦਿਲੋਂ ਭਗਤੀ ਕਰਦੀ ਹੁੰਦੀ ਸੀ। ਉਹ ਮਰਿਯਮ ਦੀ ਮੂਰਤ ਅੱਗੇ ਮੱਥਾ ਟੇਕਦੀ ਹੁੰਦੀ ਸੀ ਅਤੇ ਯਿਸੂ ਦੇ ਬੁੱਤ ਅੱਗੇ ਮਹਿੰਗੀਆਂ ਤੋਂ ਮਹਿੰਗੀਆਂ ਮੋਮਬੱਤੀਆਂ ਜਗਾਉਂਦੀ ਹੁੰਦੀ ਸੀ। ਹਰ ਹਫ਼ਤੇ ਉਹ ਗ਼ਰੀਬਾਂ ਵਿਚ ਵੰਡਣ ਲਈ ਬਹੁਤ ਸਾਰਾ ਖਾਣਾ ਚਰਚ ਦੇ ਪਾਦਰੀ ਨੂੰ ਦਾਨ ਕਰਦੀ ਹੁੰਦੀ ਸੀ। ਲੇਕਿਨ ਫੀਡਿਲੀਆ ਦੇ ਪੰਜ ਛੋਟੇ ਬੱਚੇ ਬਪਤਿਸਮਾ ਲੈਣ ਤੋਂ ਪਹਿਲਾਂ ਹੀ ਮਰ ਗਏ। ਜਦੋਂ ਪਾਦਰੀ ਨੇ ਉਸ ਨੂੰ ਦੱਸਿਆ ਕਿ ਉਸ ਦੇ ਸਾਰੇ ਬੱਚੇ ਨਰਕ ਜਿਹੀ ਹਨੇਰੀ ਜਗ੍ਹਾ ਵਿਚ ਦੁੱਖ ਭੋਗ ਰਹੇ ਸਨ ਤਾਂ ਫੀਡਿਲੀਆ ਸੋਚਣ ਲੱਗੀ ਕਿ ‘ਜੇਕਰ ਰੱਬ ਪ੍ਰੇਮ ਕਰਨ ਵਾਲਾ ਹੈ, ਤਾਂ ਇਹ ਕਿੱਦਾਂ ਹੋ ਸਕਦਾ ਹੈ?’

ਤਾਰਾ ਇਕ ਡਾਕਟਰਨੀ ਹੈ ਜੋ ਨੇਪਾਲ ਦੇ ਕਠਮੰਡੂ ਸ਼ਹਿਰ ਵਿਚ ਜੰਮੀ-ਪਲੀ ਸੀ। ਹਿੰਦੂਆਂ ਦੇ ਸਦੀਆਂ ਪੁਰਾਣੇ ਰਿਵਾਜ ਅਨੁਸਾਰ ਤਾਰਾ ਮੰਦਰਾਂ ਵਿਚ ਜਾ ਕੇ ਅਤੇ ਆਪਣੇ ਘਰ ਵਿਚ ਦੇਵੀ-ਦੇਵਤਿਆਂ ਅੱਗੇ ਪੂਜਾ ਕਰਦੀ ਹੁੰਦੀ ਸੀ। ਪਰ ਫਿਰ ਵੀ ਤਾਰਾ ਦੇ ਮਨ ਵਿਚ ਬਹੁਤ ਸਾਰੇ ਸਵਾਲ ਸਨ ਜਿਵੇਂ ਕਿ ਦੁਨੀਆਂ ਵਿਚ ਇੰਨਾ ਦੁਖ ਕਿਉਂ ਹੈ? ਮੌਤ ਕਿਉਂ ਹੁੰਦੀ ਹੈ? ਉਸ ਨੂੰ ਆਪਣੇ ਧਰਮ ਵਿਚ ਅਜਿਹੇ ਸਵਾਲਾਂ ਦੇ ਜਵਾਬ ਨਹੀਂ ਮਿਲੇ।

ਥਾਈਲੈਂਡ ਦੇ ਬੈਂਕਾਕ ਸ਼ਹਿਰ ਵਿਚ ਪਾਨਿਆ ਨਾਂ ਦਾ ਬੰਦਾ ਰਹਿੰਦਾ ਹੈ। ਉਸ ਦਾ ਘਰ ਨਹਿਰ ਦੇ ਨਾਲ ਲੱਗਦਾ ਸੀ। ਇਕ ਬੋਧੀ ਵਜੋਂ ਉਹ ਮੰਨਦਾ ਸੀ ਕਿ ਅਸੀਂ ਪਿਛਲੀ ਜੂਨ ਦੇ ਬੁਰੇ ਕਰਮਾਂ ਕਰਕੇ ਦੁੱਖ ਭੋਗਦੇ ਹਾਂ, ਅਤੇ ਮੁਕਤੀ ਪਾਉਣ ਲਈ ਸਾਨੂੰ ਸਭ ਕੁਝ ਛੱਡਣਾ ਪੈਣਾ ਹੈ। ਉਹ ਸਾਧੂ-ਸੰਤਾਂ ਦਾ ਬਹੁਤ ਆਦਰ-ਮਾਣ ਕਰਦਾ ਹੁੰਦਾ ਸੀ, ਜਿਹੜੇ ਸੂਰਜ ਚੜ੍ਹਦਿਆਂ ਘਰ-ਘਰ ਆ ਕੇ ਭਿੱਖ ਮੰਗਦੇ ਸਨ। ਪਾਨਿਆ ਸਮਾਧੀ ਲਾਉਂਦਾ ਹੁੰਦਾ ਸੀ ਅਤੇ ਸੁਰੱਖਿਆ ਪਾਉਣ ਲਈ ਬੁੱਧ ਦੀਆਂ ਮੂਰਤਾਂ ਇਕੱਠੀਆਂ ਕਰਦਾ ਹੁੰਦਾ ਸੀ। ਇਕ ਦਿਨ ਹਾਦਸੇ ਵਿਚ ਪਾਨਿਆ ਦੀਆਂ ਲੱਤਾਂ ਜਾਂਦੀਆਂ ਰਹੀਆਂ। ਠੀਕ ਹੋਣ ਦੀ ਉਮੀਦ ਵਿਚ ਉਹ ਵੱਖੋ-ਵੱਖਰੇ ਮੰਦਰਾਂ ਵਿਚ ਗਿਆ ਪਰ ਨਾ ਹੀ ਉਹ ਠੀਕ ਹੋਇਆ ਅਤੇ ਨਾ ਹੀ ਉਸ ਨੂੰ ਬੁੱਧ ਮਿਲੀ। ਇਸ ਤੋਂ ਇਲਾਵਾ ਉਹ ਜਾਦੂ-ਟੂਣੇ ਵਿਚ ਫੱਸ ਗਿਆ।

ਵਰਜਿਲ ਦਾ ਜਨਮ ਅਮਰੀਕਾ ਵਿਚ ਹੋਇਆ ਸੀ ਅਤੇ ਕਾਲਜ ਦੇ ਦਿਨਾਂ ਵਿਚ ਉਹ ਕਾਲ਼ੇ ਮੁਸਲਮਾਨਾਂ ਨਾਲ ਰਲ ਗਿਆ। ਉਹ ਬੜੇ ਜੋਸ਼ ਨਾਲ ਉਨ੍ਹਾਂ ਦਾ ਉਹ ਸਾਹਿਤ ਵੰਡਦਾ ਹੁੰਦਾ ਸੀ ਜਿਸ ਵਿਚ ਗੋਰੇ ਲੋਕਾਂ ਨੂੰ ਸ਼ਤਾਨ ਸੱਦਿਆ ਜਾਂਦਾ ਸੀ। ਉਨ੍ਹਾਂ ਅਨੁਸਾਰ ਇਸੇ ਕਰਕੇ ਗੋਰੇ ਲੋਕ ਕਾਲ਼ਿਆਂ ਉੱਤੇ ਇੰਨਾ ਜ਼ੁਲਮ ਕਰਦੇ ਹਨ। ਭਾਵੇਂ ਕਿ ਵਰਜਿਲ ਇਹ ਗੱਲਾਂ ਦਿਲੋਂ ਮੰਨਦਾ ਸੀ, ਉਸ ਦੇ ਮਨ ਵਿਚ ਕਈ ਸਵਾਲ ਉੱਠਦੇ ਰਹਿੰਦੇ ਸਨ, ਜਿਵੇਂ ਕਿ ਕੀ ਸਾਰੇ ਗੋਰੇ ਲੋਕ ਬੁਰੇ ਹਨ? ਅਤੇ ਧਰਮ ਦੇ ਭਾਸ਼ਣਾਂ ਵਿਚ ਪੈਸੇ-ਧੰਦੇ ਬਾਰੇ ਇੰਨੀ ਗੱਲ ਕਿਉਂ ਕੀਤੀ ਜਾਂਦੀ ਹੈ?

ਚਾਰੌ ਨਾਂ ਦੀ ਔਰਤ ਦੱਖਣੀ ਅਮਰੀਕਾ ਦੇ ਉਸ ਇਲਾਕੇ ਵਿਚ ਰਹਿੰਦੀ ਸੀ ਜਿੱਥੇ ਆਮ ਤੌਰ ਤੇ ਕੈਥੋਲਿਕ ਲੋਕ ਸਨ, ਪਰ ਉਹ ਆਪ ਪ੍ਰੋਟੈਸਟੈਂਟ ਸੀ। ਉਹ ਮੂਰਤੀਆਂ ਦੀ ਪੂਜਾ ਨਹੀਂ ਕਰਦੀ ਸੀ। ਪਰ ਹਰ ਐਤਵਾਰ ਉਹ ਚਰਚ ਜਾ ਕੇ ਜੋਸ਼ ਭਰੇ ਭਾਸ਼ਣ ਸੁਣਦੀ ਸੀ ਜਿਨ੍ਹਾਂ ਦੌਰਾਨ ਉਹ ਬਾਕੀ ਲੋਕਾਂ ਨਾਲ “ਹਲਲੂਯਾਹ, ਹਲਲੂਯਾਹ” ਚਿਲਾਉਂਦੀ ਹੁੰਦੀ ਸੀ। ਭਾਸ਼ਣ ਤੋਂ ਬਾਅਦ ਚਾਰੌ ਨੱਚਣ ਅਤੇ ਗਾਉਣ ਵਿਚ ਵੀ ਹਿੱਸਾ ਲੈਂਦੀ ਹੁੰਦੀ ਸੀ। ਉਹ ਦਿੱਲੋਂ ਵਿਸ਼ਵਾਸ ਕਰਦੀ ਸੀ ਕਿ ਉਸ ਨੇ ਮੁਕਤੀ ਪ੍ਰਾਪਤ ਕੀਤੀ ਸੀ। ਉਹ ਆਪਣੀ ਕਮਾਈ ਦਾ ਦਸਵਾਂ ਹਿੱਸਾ ਚਰਚ ਨੂੰ ਦਿੰਦੀ ਸੀ, ਅਤੇ ਜਦ ਟੀ. ਵੀ. ਤੇ ਪਾਦਰੀ ਅਫ਼ਰੀਕੀ ਬੱਚਿਆਂ ਲਈ ਪੈਸਾ ਇਕੱਠਾ ਕਰਦੇ ਸਨ ਤਾਂ ਚਾਰੌ ਪੈਸੇ ਭੇਜਦੀ ਹੁੰਦੀ ਸੀ। ਇਕ ਦਿਨ ਚਾਰੌ ਨੇ ਪਾਦਰੀ ਨੂੰ ਪੁੱਛਿਆ ਕਿ ਜੇਕਰ ਰੱਬ ਪ੍ਰੇਮ ਕਰਦਾ ਹੈ ਤਾਂ ਉਹ ਲੋਕਾਂ ਨੂੰ ਨਰਕ ਵਿਚ ਕਿਉਂ ਤੜਫਾਉਂਦਾ ਹੈ? ਪਾਦਰੀ ਇਸ ਸਵਾਲ ਦਾ ਕੋਈ ਜਵਾਬ ਨਹੀਂ ਦੇ ਸਕਿਆ। ਬਾਅਦ ਵਿਚ ਉਸ ਨੂੰ ਇਹ ਵੀ ਪਤਾ ਲੱਗਾ ਕਿ ਅਫ਼ਰੀਕੀ ਬੱਚਿਆਂ ਲਈ ਇਕੱਠੇ ਕੀਤੇ ਗਏ ਪੈਸੇ ਉਨ੍ਹਾਂ ਦੀ ਮਦਦ ਕਰਨ ਲਈ ਨਹੀਂ ਵਰਤੇ ਗਏ ਸਨ।

ਇਨ੍ਹਾਂ ਪੰਜਾਂ ਲੋਕਾਂ ਦਾ ਪਿਛੋਕੜ ਵੱਖੋ-ਵੱਖਰਾ ਹੋਣ ਦੇ ਬਾਵਜੂਦ ਵੀ ਇਹ ਸਾਰੇ ਸੱਚਾਈ ਦੇ ਪਿਆਸੇ ਸਨ। ਪਰ ਕੀ ਇਹ ਸਾਰੇ ਕਦੇ ਵੀ ਸੱਚੀ ਭਗਤੀ ਵਿਚ ਇਕੱਠੇ ਹੋ ਸਕਦੇ ਹਨ? ਅਗਲਾ ਲੇਖ ਇਸ ਸਵਾਲ ਦਾ ਜਵਾਬ ਦੇਵੇਗਾ।

[ਸਫ਼ੇ 4 ਉੱਤੇ ਤਸਵੀਰ]

ਕੀ ਵੱਖੋ-ਵੱਖਰੇ ਪਿਛੋਕੜਾਂ ਦੇ ਲੋਕਾਂ ਵਿਚ ਕਦੇ ਵੀ ਏਕਤਾ ਲਿਆਈ ਜਾ ਸਕਦੀ ਹੈ?

[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

G.P.O., Jerusalem.