Skip to content

Skip to table of contents

ਯਹੋਵਾਹ ਦੀਆਂ ਬਰਕਤਾਂ ਸਾਨੂੰ ਧਨੀ ਬਣਾਉਂਦੀਆਂ ਹਨ

ਯਹੋਵਾਹ ਦੀਆਂ ਬਰਕਤਾਂ ਸਾਨੂੰ ਧਨੀ ਬਣਾਉਂਦੀਆਂ ਹਨ

ਯਹੋਵਾਹ ਦੀਆਂ ਬਰਕਤਾਂ ਸਾਨੂੰ ਧਨੀ ਬਣਾਉਂਦੀਆਂ ਹਨ

“ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।”​—ਕਹਾਉਤਾਂ 10:22.

1, 2. ਧਨ-ਦੌਲਤ ਖ਼ੁਸ਼ੀ ਕਿਉਂ ਨਹੀਂ ਲਿਆ ਸਕਦਾ?

ਲੱਖਾਂ ਹੀ ਲੋਕ ਅੱਜ-ਕੱਲ੍ਹ ਧਨ-ਦੌਲਤ ਦੇ ਪਿੱਛੇ ਪਏ ਹੋਏ ਹਨ। ਪਰ ਕੀ ਧਨ-ਦੌਲਤ ਹਾਸਲ ਕਰ ਕੇ ਉਹ ਸੱਚ-ਮੁੱਚ ਖ਼ੁਸ਼ ਹੁੰਦੇ ਹਨ? ਦ ਆਸਟ੍ਰੇਲੀਅਨ ਵਿਮਿਨਜ਼ ਵੀਕਲੀ ਰਸਾਲਾ ਕਹਿੰਦਾ ਹੈ ਕਿ “ਅੱਜ-ਕੱਲ੍ਹ ਲੋਕ ਆਪਣੀ ਜ਼ਿੰਦਗੀ ਤੋਂ ਪਹਿਲਾਂ ਨਾਲੋਂ ਬਹੁਤ ਹੀ ਨਿਰਾਸ਼ ਲੱਗਦੇ ਹਨ।” ਰਸਾਲਾ ਅੱਗੇ ਦੱਸਦਾ ਹੈ ਕਿ “ਇਹ ਗੱਲ ਬਹੁਤ ਹੀ ਅਜੀਬ ਲੱਗਦੀ ਹੈ। ਸਾਨੂੰ ਦੱਸਿਆ ਜਾਂਦਾ ਹੈ ਕਿ ਆਸਟ੍ਰੇਲੀਆ ਦੀ ਮਾਲੀ ਸਥਿਤੀ ਬਹੁਤ ਹੀ ਚੰਗੀ ਹੈ, ਅਤੇ ਕਿ ਜ਼ਿੰਦਗੀ ਹੁਣ ਅੱਗੇ ਨਾਲੋਂ ਕਿਤੇ ਬਿਹਤਰ ਹੈ। . . . ਫਿਰ ਵੀ, ਦੇਸ਼ ਵਿਚ ਨਿਰਾਸ਼ਾ ਫੈਲੀ ਹੋਈ ਹੈ। ਕਈ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਜੀਵਨ ਵਿਚ ਕਿਸੇ ਚੀਜ਼ ਦੀ ਕਮੀ ਹੈ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਚੀਜ਼ ਕੀ ਹੈ।” ਬਾਈਬਲ ਦੀ ਗੱਲ ਕਿੰਨੀ ਸੱਚੀ ਹੈ ਕਿ ਧਨ-ਦੌਲਤ ਤੋਂ ਨਾ ਖ਼ੁਸ਼ੀ ਅਤੇ ਨਾ ਹੀ ਜੀਵਨ ਮਿਲਦਾ ਹੈ।​—ਉਪਦੇਸ਼ਕ ਦੀ ਪੋਥੀ 5:10; ਲੂਕਾ 12:15.

2 ਬਾਈਬਲ ਸਿਖਾਉਂਦੀ ਹੈ ਕਿ ਸਭ ਤੋਂ ਵੱਡੀ ਖ਼ੁਸ਼ੀ ਪਰਮੇਸ਼ੁਰ ਦੀ ਅਸੀਸ ਜਾਂ ਬਰਕਤ ਤੋਂ ਮਿਲਦੀ ਹੈ। ਇਸ ਦੇ ਸੰਬੰਧ ਵਿਚ ਕਹਾਉਤਾਂ 10:22 ਵਿਚ ਲਿਖਿਆ ਹੈ ਕਿ “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।” ਪਰ ਲਾਲਚ ਵਿਚ ਧਨ-ਦੌਲਤ ਇਕੱਠਾ ਕਰਨਾ ਅਕਸਰ ਸੋਗ ਜਾਂ ਦੁੱਖ ਲਿਆਉਂਦਾ ਹੈ। ਇਸ ਲਈ ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ ਕਿ “ਓਹ ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ। ਕਿਉਂ ਜੋ ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਨਿਹਚਾ ਦੇ ਰਾਹੋਂ ਘੁੱਥ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।”​—1 ਤਿਮੋਥਿਉਸ 6:9, 10.

3. ਪਰਮੇਸ਼ੁਰ ਦੇ ਸੇਵਕ ਪਰੀਖਿਆਵਾਂ ਕਿਉਂ ਅਨੁਭਵ ਕਰਦੇ ਹਨ?

3 ਪਰ, ‘ਯਹੋਵਾਹ ਪਰਮੇਸ਼ੁਰ ਦੀ ਅਵਾਜ਼ ਸੁਣਦੇ ਰਹਿਣ’ ਵਾਲਿਆਂ ਨੂੰ ਦੁੱਖ ਦੀ ਬਜਾਇ ਭਰਪੂਰ ਬਰਕਤਾਂ ਮਿਲਣਗੀਆਂ। (ਬਿਵਸਥਾ ਸਾਰ 28:2) ਲੇਕਿਨ, ਕੁਝ ਲੋਕ ਸ਼ਾਇਦ ਇਹ ਪੁੱਛਣ ਕਿ ‘ਜੇ ਯਹੋਵਾਹ ਦੀਆਂ ਬਰਕਤਾਂ ਵਿਚ ਦੁੱਖ ਨਹੀਂ ਮਿਲਾਇਆ ਜਾਂਦਾ ਤਾਂ ਪਰਮੇਸ਼ੁਰ ਦੇ ਕਈ ਸੇਵਕ ਦੁੱਖ ਕਿਉਂ ਸਹਿੰਦੇ ਹਨ?’ ਬਾਈਬਲ ਇਹ ਜ਼ਰੂਰ ਦੱਸਦੀ ਹੈ ਕਿ ਪਰਮੇਸ਼ੁਰ ਪਰੀਖਿਆਵਾਂ ਦੀ ਇਜਾਜ਼ਤ ਦਿੰਦਾ ਹੈ, ਪਰ ਇਹ ਸ਼ਤਾਨ ਅਤੇ ਉਸ ਦੀ ਦੁਸ਼ਟ ਦੁਨੀਆਂ, ਅਤੇ ਸਾਡੀ ਆਪਣੀ ਅਪੂਰਣਤਾ ਕਾਰਨ ਸਾਡੇ ਉੱਤੇ ਆਉਂਦੀਆਂ ਹਨ। (ਉਤਪਤ 6:5; ਬਿਵਸਥਾ ਸਾਰ 32:4, 5; ਯੂਹੰਨਾ 15:19; ਯਾਕੂਬ 1:14, 15) “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ” ਯਹੋਵਾਹ ਤੋਂ ਆਉਂਦੀ ਹੈ। (ਯਾਕੂਬ 1:17) ਇਸ ਲਈ ਉਸ ਦੀ ਬਰਕਤ ਕਦੀ ਵੀ ਦੁੱਖ ਨਹੀਂ ਲਿਆਉਂਦੀ। ਤਾਂ ਫਿਰ ਆਓ ਆਪਾਂ ਪਰਮੇਸ਼ੁਰ ਵੱਲੋਂ ਕੁਝ ਪੂਰਣ ਦਾਤਾਂ ਜਾਂ ਬਰਕਤਾਂ ਵੱਲ ਧਿਆਨ ਦੇਈਏ।

ਪਰਮੇਸ਼ੁਰ ਦਾ ਬਚਨ ਇਕ ਅਨਮੋਲ ਦਾਤ ਹੈ

4. ਯਹੋਵਾਹ ਦੇ ਲੋਕ ਇਸ “ਓੜਕ ਦੇ ਸਮੇਂ” ਵਿਚ ਕਿਸ ਬਰਕਤ ਅਤੇ ਅਨਮੋਲ ਦਾਤ ਦਾ ਆਨੰਦ ਮਾਣਦੇ ਹਨ?

4 “ਓੜਕ ਦੇ ਸਮੇਂ” ਬਾਰੇ ਗੱਲ ਕਰਦੇ ਹੋਏ ਦਾਨੀਏਲ ਦੀ ਭਵਿੱਖਬਾਣੀ ਨੇ ਕਿਹਾ ਕਿ ਉਸ ਸਮੇਂ ਸੱਚੀ “ਵਿੱਦਿਆ ਵਧੇਗੀ।” ਲੇਕਿਨ, ਇਸ ਗੱਲ ਨੂੰ ਸਪੱਸ਼ਟ ਕਰਨ ਲਈ ਅੱਗੇ ਕਿਹਾ ਗਿਆ ਹੈ: “ਦੁਸ਼ਟ ਬੁਰਿਆਈ ਕਰਦੇ ਰਹਿਣਗੇ ਅਤੇ ਦੁਸ਼ਟਾਂ ਵਿੱਚੋਂ ਕੋਈ ਨਾ ਸਮਝੇਗਾ ਪਰ ਬੁੱਧਵਾਨ ਸਮਝਣਗੇ।” (ਦਾਨੀਏਲ 12:4, 10) ਜ਼ਰਾ ਇਸ ਦੀ ਕਲਪਨਾ ਕਰੋ! ਪਰਮੇਸ਼ੁਰ ਦੇ ਬਚਨ ਵਿਚ ਗੱਲਾਂ, ਖ਼ਾਸ ਕਰਕੇ ਭਵਿੱਖਬਾਣੀਆਂ, ਈਸ਼ਵਰੀ ਬੁੱਧ ਨਾਲ ਲਿਖੀਆਂ ਗਈਆਂ ਹਨ। ਇਸ ਲਈ ਦੁਸ਼ਟ ਲੋਕ ਇਨ੍ਹਾਂ ਦਾ ਅਸਲੀ ਅਰਥ ਨਹੀਂ ਸਮਝ ਸਕਦੇ, ਜਦ ਕਿ ਯਹੋਵਾਹ ਦੇ ਲੋਕ ਇਹ ਗੱਲਾਂ ਸਮਝਦੇ ਹਨ। ਪਰਮੇਸ਼ੁਰ ਦੇ ਪੁੱਤਰ ਨੇ ਪ੍ਰਾਰਥਨਾ ਕੀਤੀ ਕਿ “ਹੇ ਪਿਤਾ, ਅਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰਾ ਧੰਨਵਾਦ ਕਰਦਾ ਹਾਂ ਜੋ ਤੈਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਲੁਕਾਇਆ ਅਰ ਉਨ੍ਹਾਂ ਨੂੰ ਇਆਣਿਆਂ ਉੱਤੇ ਪਰਗਟ ਕੀਤਾ।” (ਲੂਕਾ 10:21) ਇਹ ਕਿੱਡੀ ਵੱਡੀ ਬਰਕਤ ਹੈ ਕਿ ਸਾਡੇ ਕੋਲ ਪਰਮੇਸ਼ੁਰ ਵੱਲੋਂ ਅਨਮੋਲ ਦਾਤ, ਯਾਨੀ ਉਸ ਦਾ ਬਚਨ ਹੈ, ਅਤੇ ਅਸੀਂ ਉਨ੍ਹਾਂ ਵਿਚਕਾਰ ਹਾਂ ਜਿਨ੍ਹਾਂ ਨੂੰ ਯਹੋਵਾਹ ਨੇ ਰੂਹਾਨੀ ਸਮਝ ਦਿੱਤੀ ਹੈ।​—1 ਕੁਰਿੰਥੀਆਂ 1:21, 27, 28; 2:14, 15.

5. ਬੁੱਧ ਕੀ ਹੈ, ਅਤੇ ਅਸੀਂ ਇਸ ਨੂੰ ਕਿਵੇਂ ਹਾਸਲ ਕਰ ਸਕਦੇ ਹਾਂ?

5 ਸਾਨੂੰ ਰੂਹਾਨੀ ਚੀਜ਼ਾਂ ਦੀ ਕੋਈ ਸਮਝ ਨਹੀਂ ਹੋਣੀ ਸੀ ਜੇ ਸਾਨੂੰ ‘ਉੱਪਰੋਂ ਬੁੱਧ’ ਨਾ ਮਿਲੀ ਹੁੰਦੀ। (ਯਾਕੂਬ 3:17) ਬੁੱਧ ਕੀ ਹੈ? ਇਹ ਗਿਆਨ ਅਤੇ ਸਮਝ ਨੂੰ ਵਰਤਣ ਦੀ ਯੋਗਤਾ ਹੈ, ਜਿਸ ਨੂੰ ਅਸੀਂ ਸਮੱਸਿਆਵਾਂ ਸੁਲਝਾਉਣ ਲਈ, ਖ਼ਤਰਿਆਂ ਤੋਂ ਬਚਣ ਲਈ, ਟੀਚੇ ਹਾਸਲ ਕਰਨ ਲਈ, ਜਾਂ ਚੰਗੀ ਸਲਾਹ ਦੇਣ ਲਈ ਵਰਤ ਸਕਦੇ ਹਾਂ। ਅਸੀਂ ਪਰਮੇਸ਼ੁਰ ਵੱਲੋਂ ਇਹ ਬੁੱਧ ਕਿਵੇਂ ਹਾਸਲ ਕਰ ਸਕਦੇ ਹਾਂ? ਕਹਾਉਤਾਂ 2:6 ਵਿਚ ਲਿਖਿਆ ਹੈ ਕਿ “ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ।” ਜੀ ਹਾਂ, ਜੇ ਅਸੀਂ ਪ੍ਰਾਰਥਨਾ ਰਾਹੀਂ ਯਹੋਵਾਹ ਤੋਂ ਬੁੱਧ ਮੰਗਦੇ ਰਹੀਏ ਤਾਂ ਉਹ ਸਾਨੂੰ ਬਰਕਤ ਜ਼ਰੂਰ ਦੇਵੇਗਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਸ ਨੇ ਰਾਜਾ ਸੁਲੇਮਾਨ ਨੂੰ “ਇੱਕ ਬੁੱਧਵਾਨ ਅਤੇ ਸਮਝ ਵਾਲਾ ਮਨ” ਦਿੱਤਾ ਸੀ। (1 ਰਾਜਿਆਂ 3:11, 12; ਯਾਕੂਬ 1:5-8) ਬੁੱਧ ਹਾਸਲ ਕਰਨ ਲਈ ਸਾਨੂੰ ਨਿਯਮਿਤ ਤੌਰ ਤੇ ਬਾਈਬਲ ਦਾ ਅਧਿਐਨ ਕਰਨ ਅਤੇ ਉਸ ਵਿਚ ਲਿਖੀਆਂ ਗੱਲਾਂ ਲਾਗੂ ਕਰਨ ਦੁਆਰਾ ਯਹੋਵਾਹ ਦੀ ਆਵਾਜ਼ ਸੁਣਦੇ ਰਹਿਣਾ ਚਾਹੀਦਾ ਹੈ।

6. ਸਾਨੂੰ ਪਰਮੇਸ਼ੁਰ ਦੇ ਨਿਯਮ ਅਤੇ ਸਿਧਾਂਤ ਕਿਉਂ ਲਾਗੂ ਕਰਨੇ ਚਾਹੀਦੇ ਹਨ?

6 ਬਾਈਬਲ ਦੇ ਨਿਯਮਾਂ ਅਤੇ ਸਿਧਾਂਤਾਂ ਵਿਚ ਈਸ਼ਵਰੀ ਬੁੱਧ ਦੇ ਵਧੀਆ ਉਦਾਹਰਣ ਪਾਏ ਜਾਂਦੇ ਹਨ। ਇਨ੍ਹਾਂ ਨਿਯਮਾਂ ਅਤੇ ਸਿਧਾਂਤਾਂ ਤੋਂ ਸਾਨੂੰ ਸਰੀਰਕ, ਮਾਨਸਿਕ, ਜਜ਼ਬਾਤੀ, ਅਤੇ ਰੂਹਾਨੀ ਤੌਰ ਤੇ ਲਾਭ ਮਿਲਦਾ ਹੈ। ਇਸੇ ਕਰਕੇ ਜ਼ਬੂਰਾਂ ਦੇ ਇਕ ਲਿਖਾਰੀ ਨੇ ਗਾਇਆ ਕਿ “ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ, ਉਹ ਜਾਨ ਨੂੰ ਬਹਾਲ ਕਰਦੀ ਹੈ, ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ। ਯਹੋਵਾਹ ਦੇ ਫ਼ਰਮਾਨ ਸਿੱਧੇ ਹਨ, ਓਹ ਦਿਲ ਨੂੰ ਅਨੰਦ ਕਰਦੇ ਹਨ, ਯਹੋਵਾਹ ਦਾ ਹੁਕਮ ਨਿਰਮਲ ਹੈ, ਉਹ ਅੱਖੀਆਂ ਨੂੰ ਚਾਨਣ ਦਿੰਦਾ ਹੈ। ਯਹੋਵਾਹ ਦਾ ਭੈ ਸ਼ੁੱਧ ਹੈ, ਉਹ ਸਦਾ ਤੀਕੁਰ ਕਾਇਮ ਰਹਿੰਦਾ ਹੈ, ਯਹੋਵਾਹ ਦੇ ਨਿਆਉਂ ਸਤ ਹਨ, ਓਹ ਨਿਰੇ ਪੁਰੇ ਧਰਮ ਹਨ। ਓਹ ਸੋਨੇ ਨਾਲੋਂ ਸਗੋਂ ਬਹੁਤ ਕੁੰਦਨ ਸੋਨੇ ਨਾਲੋਂ ਮਨ ਭਾਉਂਦੇ ਹਨ।”​—ਜ਼ਬੂਰ 19:7-10; 119:72.

7. ਪਰਮੇਸ਼ੁਰ ਦੇ ਧਰਮੀ ਮਿਆਰਾਂ ਦੀ ਉਲੰਘਣਾ ਕਰਨ ਦੇ ਕੀ ਨਤੀਜੇ ਹਨ?

7 ਜਿਹੜੇ ਲੋਕ ਪਰਮੇਸ਼ੁਰ ਦੇ ਧਰਮੀ ਮਿਆਰਾਂ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਨੂੰ ਉਹ ਖ਼ੁਸ਼ੀ ਅਤੇ ਆਜ਼ਾਦੀ ਨਹੀਂ ਮਿਲਦੀ ਜਿਸ ਨੂੰ ਉਹ ਭਾਲਦੇ ਹਨ। ਸਮੇਂ ਦੇ ਬੀਤਣ ਨਾਲ ਉਨ੍ਹਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਹ ਪਰਮੇਸ਼ੁਰ ਨੂੰ ਮੂਰਖ ਨਹੀਂ ਬਣਾ ਸਕਦੇ ਕਿਉਂਕਿ ਜੋ ਕੁਝ ਮਨੁੱਖ ਬੀਜਦਾ ਹੈ ਉਹੀ ਵੱਢਦਾ ਹੈ। (ਗਲਾਤੀਆਂ 6:7) ਲੱਖਾਂ ਹੀ ਲੋਕ ਬਾਈਬਲ ਦਿਆਂ ਸਿਧਾਂਤਾਂ ਦੀ ਉਲੰਘਣਾ ਕਰ ਕੇ ਆਪਣੇ ਕੰਮਾਂ ਦੇ ਦੁਖਦਾਈ ਫਲ ਭੁਗਤ ਰਹੇ ਹਨ ਜਿਵੇਂ ਕਿ ਅਣਚਾਹੇ ਗਰਭ, ਭੈੜੀਆਂ ਬੀਮਾਰੀਆਂ, ਜਾਂ ਨਸ਼ਿਆਂ ਦੀਆਂ ਖ਼ਤਰਨਾਕ ਆਦਤਾਂ। ਜੇ ਉਹ ਤੋਬਾ ਕਰ ਕੇ ਆਪਣੇ ਪਾਪੀ ਕੰਮਾਂ ਤੋਂ ਨਹੀਂ ਮੁੜਨਗੇ, ਜਾਂ ਤਾਂ ਉਹ ਇਨ੍ਹਾਂ ਕੰਮਾਂ ਕਰਕੇ ਖ਼ਤਮ ਹੋ ਜਾਣਗੇ, ਜਾਂ ਉਹ ਪਰਮੇਸ਼ੁਰ ਦੇ ਹੱਥੀ ਨਾਸ਼ ਕੀਤੇ ਜਾਣਗੇ।​—ਮੱਤੀ 7:13, 14.

8. ਪਰਮੇਸ਼ੁਰ ਦੇ ਬਚਨ ਦੇ ਪ੍ਰੇਮੀ ਖ਼ੁਸ਼ ਕਿਉਂ ਹਨ?

8 ਜਿਹੜੇ ਲੋਕ ਪਰਮੇਸ਼ੁਰ ਦੇ ਬਚਨ ਨਾਲ ਪਿਆਰ ਕਰਦੇ ਹਨ ਅਤੇ ਉਸ ਨੂੰ ਲਾਗੂ ਕਰਦੇ ਹਨ ਉਨ੍ਹਾਂ ਨੂੰ ਹੁਣ ਅਤੇ ਭਵਿੱਖ ਵਿਚ ਵੀ ਬਰਕਤਾਂ ਮਿਲਣਗੀਆਂ। ਉਹ ਪਰਮੇਸ਼ੁਰ ਦੇ ਨਿਯਮ ਕਾਰਨ ਆਜ਼ਾਦ ਹਨ, ਸੱਚੀ ਖ਼ੁਸ਼ੀ ਪਾਉਂਦੇ ਹਨ, ਅਤੇ ਉਸ ਸਮੇਂ ਦੀ ਉਡੀਕ ਕਰਦੇ ਹਨ ਜਦੋਂ ਉਹ ਪਾਪ ਅਤੇ ਮੌਤ ਤੋਂ ਮੁਕਤ ਕੀਤੇ ਜਾਣਗੇ। (ਰੋਮੀਆਂ 8:20, 21; ਯਾਕੂਬ 1:25) ਇਹ ਉਮੀਦ ਪੱਕੀ ਹੈ ਕਿਉਂਕਿ ਇਹ ਪਰਮੇਸ਼ੁਰ ਵੱਲੋਂ ਇਨਸਾਨਾਂ ਨੂੰ ਦਿੱਤੀ ਗਈ ਸਭ ਤੋਂ ਪ੍ਰੇਮਪੂਰਣ ਦਾਤ, ਯਾਨੀ ਉਸ ਦੇ ਇਕਲੌਤੇ ਪੁੱਤਰ ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਉੱਤੇ ਆਧਾਰਿਤ ਹੈ। (ਮੱਤੀ 20:28; ਯੂਹੰਨਾ 3:16; ਰੋਮੀਆਂ 6:23) ਅਜਿਹੀ ਉੱਤਮ ਦਾਤ ਮਨੁੱਖਜਾਤੀ ਲਈ ਪਰਮੇਸ਼ੁਰ ਦੇ ਪ੍ਰੇਮ ਦੀ ਗਹਿਰਾਈ ਪ੍ਰਗਟ ਕਰਦੀ ਹੈ ਅਤੇ ਹਮੇਸ਼ਾ ਯਹੋਵਾਹ ਦੀ ਆਵਾਜ਼ ਸੁਣਨ ਵਾਲਿਆਂ ਲਈ ਬੇਅੰਤ ਬਰਕਤਾਂ ਦੀ ਗਾਰੰਟੀ ਦਿੰਦੀ ਹੈ।​—ਰੋਮੀਆਂ 8:32.

ਅਸੀਂ ਪਵਿੱਤਰ ਆਤਮਾ ਦੀ ਦਾਤ ਲਈ ਸ਼ੁਕਰਗੁਜ਼ਾਰ ਹਾਂ

9, 10. ਪਵਿੱਤਰ ਆਤਮਾ ਦੀ ਦਾਤ ਤੋਂ ਅਸੀਂ ਕਿਵੇਂ ਲਾਭ ਉਠਾਉਂਦੇ ਹਾਂ? ਮਿਸਾਲ ਦਿਓ।

9 ਪਵਿੱਤਰ ਆਤਮਾ ਪਰਮੇਸ਼ੁਰ ਵੱਲੋਂ ਇਕ ਹੋਰ ਦਾਤ ਹੈ ਜਿਸ ਲਈ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਸਾਲ 33 ਸਾ.ਯੁ. ਵਿਚ ਪੰਤੇਕੁਸਤ ਦੇ ਦਿਨ ਤੇ ਪਤਰਸ ਰਸੂਲ ਨੇ ਯਰੂਸ਼ਲਮ ਵਿਚ ਇਕੱਠੀ ਹੋਈ ਭੀੜ ਨੂੰ ਕਿਹਾ: “ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਾਂ ਪਵਿੱਤ੍ਰ ਆਤਮਾ ਦਾ ਦਾਨ ਪਾਓਗੇ।” (ਰਸੂਲਾਂ ਦੇ ਕਰਤੱਬ 2:38) ਅੱਜ, ਯਹੋਵਾਹ ਆਪਣੇ ਉਨ੍ਹਾਂ ਸਮਰਪਿਤ ਸੇਵਕਾਂ ਨੂੰ ਪਵਿੱਤਰ ਆਤਮਾ ਦਿੰਦਾ ਹੈ ਜੋ ਪ੍ਰਾਰਥਨਾ ਰਾਹੀਂ ਇਸ ਦੀ ਮੰਗ ਕਰਦੇ ਹਨ ਅਤੇ ਜੋ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਚਾਹੁੰਦੇ ਹਨ। (ਲੂਕਾ 11:9-13) ਵਿਸ਼ਵ ਵਿਚ ਸਭ ਤੋਂ ਵਿਸ਼ਾਲ ਸ਼ਕਤੀ ਪਰਮੇਸ਼ੁਰ ਦੀ ਪਵਿੱਤਰ ਆਤਮਾ ਹੈ। ਇਸ ਸ਼ਕਤੀ ਨੇ ਪੁਰਾਣਿਆਂ ਸਮਿਆਂ ਵਿਚ ਪਰਮੇਸ਼ੁਰ ਦੇ ਸੇਵਕਾਂ ਨੂੰ ਅਤੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਵੀ ਤਕੜਾ ਕੀਤਾ ਸੀ। (ਜ਼ਕਰਯਾਹ 4:6; ਰਸੂਲਾਂ ਦੇ ਕਰਤੱਬ 4:31) ਇਹ ਆਤਮਾ ਸਾਨੂੰ ਵੀ ਤਕੜਾ ਕਰ ਸਕਦੀ ਹੈ, ਉਦੋਂ ਵੀ ਜਦੋਂ ਅਸੀਂ ਯਹੋਵਾਹ ਦੇ ਲੋਕਾਂ ਵਜੋਂ ਵੱਡੀਆਂ ਰੁਕਾਵਟਾਂ ਅਤੇ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਾਂ।​—ਯੋਏਲ 2:28, 29.

10 ਲਾਰਲ ਨਾਂ ਦੀ ਭੈਣ ਦੀ ਮਿਸਾਲ ਵੱਲ ਜ਼ਰਾ ਧਿਆਨ ਦਿਓ ਜਿਸ ਨੂੰ ਪੋਲੀਓ ਦੇ ਰੋਗ ਕਾਰਨ 37 ਸਾਲਾਂ ਲਈ ਇਕ ਲੋਹੇ ਦੇ ਯੰਤਰ ਨਾਲ ਸਾਹ ਲੈਣਾ ਪਿਆ ਸੀ। * ਬਹੁਤ ਹੀ ਅਜ਼ਮਾਇਸ਼ੀ ਹਾਲਾਤਾਂ ਦੇ ਬਾਵਜੂਦ ਉਸ ਨੇ ਮੌਤ ਤਕ ਪਰਮੇਸ਼ੁਰ ਦੀ ਜੋਸ਼ ਨਾਲ ਸੇਵਾ ਕੀਤੀ। ਸਾਲਾਂ ਦੌਰਾਨ ਲਾਰਲ ਨੂੰ ਯਹੋਵਾਹ ਵੱਲੋਂ ਬਹੁਤ ਸਾਰੀਆਂ ਬਰਕਤਾਂ ਮਿਲੀਆਂ। ਮਿਸਾਲ ਲਈ, ਉਸ ਨੇ ਤਕਰੀਬਨ 17 ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦੇ ਕੇ ਉਨ੍ਹਾਂ ਨੂੰ ਸੱਚਾਈ ਵਿਚ ਲਿਆਂਦਾ, ਭਾਵੇਂ ਕਿ ਉਹ ਸਾਹ ਲੈਣ ਦੀ ਮਸ਼ੀਨ ਕਰਕੇ ਮੰਜੇ ਤੋਂ ਹਿਲ ਨਹੀਂ ਸਕਦੀ ਸੀ! ਉਸ ਦੀ ਹਾਲਤ ਬਾਰੇ ਸੋਚ ਕੇ ਪੌਲੁਸ ਰਸੂਲ ਦੇ ਸ਼ਬਦ ਯਾਦ ਆਉਂਦੇ ਹਨ ਕਿ “ਜਦੋਂ ਮੈਂ ਕਮਜ਼ੋਰ ਹੁੰਦਾ ਹਾਂ, ਉਦੋਂ ਹੀ ਮੈਂ ਤਕੜਾ ਹੁੰਦਾ ਹਾਂ।” (2 ਕੁਰਿੰਥੁਸ 12:10, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੀ ਹਾਂ, ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਅਸੀਂ ਜਿਹੜੀ ਵੀ ਸਫ਼ਲਤਾ ਪ੍ਰਾਪਤ ਕਰਦੇ ਹਾਂ ਉਹ ਸਾਡੀ ਯੋਗਤਾ ਅਤੇ ਤਾਕਤ ਕਾਰਨ ਨਹੀਂ, ਪਰ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਕਾਰਨ ਮਿਲਦੀ ਹੈ। ਜੀ ਹਾਂ, ਯਹੋਵਾਹ ਉਨ੍ਹਾਂ ਨੂੰ ਆਪਣੀ ਆਤਮਾ ਦਿੰਦਾ ਹੈ ਜੋ ਉਸ ਦੀ ਆਵਾਜ਼ ਸੁਣਦੇ ਰਹਿੰਦੇ ਹਨ।​—ਯਸਾਯਾਹ 40:29-31.

11. ਪਰਮੇਸ਼ੁਰ ਦੀ ਆਤਮਾ ਉਨ੍ਹਾਂ ਲੋਕਾਂ ਵਿਚ ਕਿਹੜੇ ਗੁਣ ਪੈਦਾ ਕਰਦੀ ਹੈ ਜੋ “ਨਵੀਂ ਇਨਸਾਨੀਅਤ” ਨੂੰ ਪਹਿਨਦੇ ਹਨ?

11 ਜੇਕਰ ਅਸੀਂ ਆਗਿਆਕਾਰੀ ਨਾਲ ਪਰਮੇਸ਼ੁਰ ਦੀ ਗੱਲ ਸੁਣਦੇ ਹਾਂ ਤਾਂ ਉਸ ਦੀ ਆਤਮਾ ਸਾਡੇ ਵਿਚ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਅਤੇ ਸੰਜਮ ਵਰਗੇ ਫਲ ਪੈਦਾ ਕਰੇਗੀ। (ਗਲਾਤੀਆਂ 5:22, 23) ਇਹ “ਆਤਮਾ ਦਾ ਫਲ” ਉਸ “ਨਵੀਂ ਇਨਸਾਨੀਅਤ” ਦਾ ਹਿੱਸਾ ਹੈ ਜੋ ਮਸੀਹੀ ਆਪਣੇ ਪਹਿਲੇ ਲਾਲਚੀ ਅਤੇ ਭੈੜਿਆਂ ਗੁਣਾਂ ਦੇ ਬਦਲੇ ਅਪਣਾਉਂਦੇ ਹਨ। (ਅਫ਼ਸੀਆਂ 4:20-24; ਯਸਾਯਾਹ 11:6-9) ਇਸ ਫਲ ਵਿੱਚੋਂ ਸਭ ਤੋਂ ਮਹੱਤਵਪੂਰਣ ਗੁਣ ਪ੍ਰੇਮ ਹੈ ਜੋ ਕਿ “ਸੰਪੂਰਨਤਾਈ ਦਾ ਬੰਧ ਹੈ।”​—ਕੁਲੁੱਸੀਆਂ 3:14.

ਮਸੀਹੀ ਪ੍ਰੇਮ ਇਕ ਕੀਮਤੀ ਦਾਤ ਹੈ

12. ਤਬਿਥਾ ਅਤੇ ਪਹਿਲੀ ਸਦੀ ਦੇ ਹੋਰ ਮਸੀਹੀਆਂ ਨੇ ਪ੍ਰੇਮ ਕਿਵੇਂ ਕੀਤਾ ਸੀ?

12 ਮਸੀਹੀ ਪ੍ਰੇਮ ਯਹੋਵਾਹ ਵੱਲੋਂ ਇਕ ਹੋਰ ਦਾਤ ਹੈ ਅਤੇ ਅਸੀਂ ਇਸ ਦੀ ਬਹੁਤ ਕਦਰ ਕਰਦੇ ਹਾਂ। ਭਾਵੇਂ ਕਿ ਇਹ ਪ੍ਰੇਮ ਯਹੋਵਾਹ ਦੇ ਸਿਧਾਂਤਾਂ ਉੱਤੇ ਆਧਾਰਿਤ ਹੈ, ਫਿਰ ਵੀ ਇਸ ਪ੍ਰੇਮ ਕਰਕੇ ਪਰਮੇਸ਼ੁਰ ਦੇ ਸੇਵਕਾਂ ਵਿਚਕਾਰ ਰਿਸ਼ਤਾ, ਖ਼ੂਨ ਦੇ ਰਿਸ਼ਤਿਆਂ ਨਾਲੋਂ ਵੀ ਗਹਿਰਾ ਹੁੰਦਾ ਹੈ। (ਯੂਹੰਨਾ 15:12, 13; 1 ਪਤਰਸ 1:22) ਮਿਸਾਲ ਲਈ ਜ਼ਰਾ ਤਬਿਥਾ ਵੱਲ ਧਿਆਨ ਦਿਓ ਜੋ ਪਹਿਲੀ ਸਦੀ ਦੀ ਇਕ ਚੰਗੀ ਮਸੀਹੀ ਭੈਣ ਸੀ। ਉਹ “ਸ਼ੁਭ ਕਰਮਾਂ ਅਤੇ ਪੁੰਨ ਦਾਨ ਕਰਨ ਵਿੱਚ ਰੁੱਝੀ ਰਹਿੰਦੀ ਸੀ,” ਖ਼ਾਸ ਕਰਕੇ ਆਪਣੀ ਕਲੀਸਿਯਾ ਦੀਆਂ ਵਿਧਵਾਵਾਂ ਦੀ ਖ਼ਾਤਰ। (ਰਸੂਲਾਂ ਦੇ ਕਰਤੱਬ 9:36) ਹੋ ਸਕਦਾ ਹੈ ਕਿ ਇਨ੍ਹਾਂ ਵਿਧਵਾਵਾਂ ਦੇ ਰਿਸ਼ਤੇਦਾਰ ਸਨ ਜੋ ਉਨ੍ਹਾਂ ਦੀ ਦੇਖ-ਭਾਲ ਕਰਦੇ ਸਨ, ਪਰ ਤਬਿਥਾ ਉਨ੍ਹਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਹੌਸਲਾ ਦੇਣ ਵਿਚ ਜੋ ਵੀ ਕਰ ਸਕਦੀ ਸੀ ਕਰਨਾ ਚਾਹੁੰਦੀ ਸੀ। (1 ਯੂਹੰਨਾ 3:18) ਤਬਿਥਾ ਨੇ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ! ਮਸੀਹੀ ਪ੍ਰੇਮ ਕਾਰਨ ਪਰਿਸਕਾ ਅਤੇ ਅਕੂਲਾ ਨੇ ਪੌਲੁਸ ਦੀ ਖ਼ਾਤਰ “ਆਪਣੀ ਜਾਨ ਨੂੰ ਖ਼ਤਰੇ ਵਿਚ ਪਾਇਆ ਸੀ।” ਅਤੇ ਜਦੋਂ ਪੌਲੁਸ ਰੋਮ ਵਿਚ ਕੈਦ ਸੀ ਤਾਂ ਪ੍ਰੇਮ ਨੇ ਇਪਫ਼ਰਾਸ, ਲੂਕਾ, ਉਨੇਸਿਫ਼ੁਰੁਸ, ਅਤੇ ਹੋਰਨਾਂ ਨੂੰ ਵੀ ਉਸ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ ਸੀ। (ਰੋਮ 16:3, 4, ਨਵਾਂ ਅਨੁਵਾਦ; 2 ਤਿਮੋਥਿਉਸ 1:16; 4:11; ਫਿਲੇਮੋਨ 23, 24) ਜੀ ਹਾਂ, ਅੱਜ ਵੀ ਮਸੀਹੀ ‘ਆਪੋ ਵਿੱਚ ਪ੍ਰੇਮ ਰੱਖਦੇ ਹਨ,’ ਜੋ ਕਿ ਪਰਮੇਸ਼ੁਰ ਵੱਲੋਂ ਇਕ ਦਾਤ ਹੈ ਅਤੇ ਜੋ ਮਸੀਹ ਦੇ ਸੱਚੇ ਚੇਲਿਆਂ ਵਜੋਂ ਉਨ੍ਹਾਂ ਦੀ ਪਛਾਣ ਕਰਵਾਉਂਦੀ ਹੈ।​—ਯੂਹੰਨਾ 13:34, 35.

13. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਮਸੀਹੀ ਭਾਈਚਾਰੇ ਦੀ ਗਹਿਰੀ ਕਦਰ ਕਰਦੇ ਹਾਂ?

13 ਕੀ ਤੁਸੀਂ ਉਸ ਪ੍ਰੇਮ ਦੀ ਕਦਰ ਕਰਦੇ ਹੋ ਜੋ ਮਸੀਹੀ ਕਲੀਸਿਯਾ ਵਿਚ ਕੀਤਾ ਜਾਂਦਾ ਹੈ? ਕੀ ਤੁਸੀਂ ਸਾਰੀ ਦੁਨੀਆਂ ਵਿਚ ਫੈਲੇ ਹੋਏ ਆਪਣੇ ਮਸੀਹੀ ਭਾਈਚਾਰੇ ਲਈ ਸ਼ੁਕਰ ਕਰਦੇ ਹੋ? ਇਹ ਵੀ ਉੱਪਰੋਂ ਆਈਆਂ ਦਾਤਾਂ ਹਨ ਜੋ ਸਾਨੂੰ ਖ਼ੁਸ਼ ਕਰਦੀਆਂ ਅਤੇ ਧਨੀ ਬਣਾਉਂਦੀਆਂ ਹਨ। ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਇਨ੍ਹਾਂ ਦਾਤਾਂ ਦੀ ਕਦਰ ਕਰਦੇ ਹਾਂ? ਪਰਮੇਸ਼ੁਰ ਦੀ ਪਵਿੱਤਰ ਸੇਵਾ ਕਰਨ ਦੁਆਰਾ, ਮਸੀਹੀ ਸਭਾਵਾਂ ਵਿਚ ਹਿੱਸਾ ਲੈਣ ਦੁਆਰਾ, ਅਤੇ ਪ੍ਰੇਮ ਅਤੇ ਪਰਮੇਸ਼ੁਰ ਦੀ ਆਤਮਾ ਦੇ ਦੂਸਰੇ ਗੁਣ ਪ੍ਰਗਟ ਕਰਨ ਦੁਆਰਾ।​—ਫ਼ਿਲਿੱਪੀਆਂ 1:9; ਇਬਰਾਨੀਆਂ 10:24, 25.

ਬਜ਼ੁਰਗ ਪਰਮੇਸ਼ੁਰ ਵੱਲੋਂ ਦਾਤ ਹਨ

14. ਜੇ ਮਸੀਹੀ ਭਰਾ ਇਕ ਬਜ਼ੁਰਗ ਜਾਂ ਸਹਾਇਕ ਸੇਵਕ ਵਜੋਂ ਸੇਵਾ ਕਰਨੀ ਚਾਹੁੰਦਾ ਹੈ ਤਾਂ ਉਸ ਤੋਂ ਕਿਹੜੀਆਂ ਮੰਗਾਂ ਕੀਤੀਆਂ ਜਾਂਦੀਆਂ ਹਨ?

14 ਜੇ ਮਸੀਹੀ ਭਰਾ, ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਵਜੋਂ ਆਪਣੇ ਭੈਣਾਂ-ਭਰਾਵਾਂ ਦੀ ਸੇਵਾ ਕਰਨੀ ਚਾਹੁੰਦੇ ਹਨ, ਤਾਂ ਇਹ ਬਹੁਤ ਚੰਗੀ ਗੱਲ ਹੈ। (1 ਤਿਮੋਥਿਉਸ 3:1, 8) ਸੇਵਾ ਦੇ ਇਨ੍ਹਾਂ ਸਨਮਾਨਾਂ ਦੇ ਯੋਗ ਬਣਨ ਲਈ, ਭਰਾਵਾਂ ਨੂੰ ਰੂਹਾਨੀ ਗੱਲਾਂ ਦੀ ਕਦਰ ਕਰਨੀ ਚਾਹੀਦੀ ਹੈ, ਬਾਈਬਲ ਨੂੰ ਚੰਗੀ ਤਰ੍ਹਾਂ ਜਾਣਨਾ ਚਾਹੀਦਾ ਹੈ, ਅਤੇ ਪ੍ਰਚਾਰ ਦੇ ਕੰਮ ਵਿਚ ਜੋਸ਼ੀਲੇ ਹੋਣਾ ਚਾਹੀਦਾ ਹੈ। (ਰਸੂਲਾਂ ਦੇ ਕਰਤੱਬ 18:24; 1 ਤਿਮੋਥਿਉਸ 4:15; 2 ਤਿਮੋਥਿਉਸ 4:5) ਉਨ੍ਹਾਂ ਵਿਚ ਨਿਮਰਤਾ ਅਤੇ ਧੀਰਜ ਵਰਗੇ ਗੁਣ ਹੋਣੇ ਚਾਹੀਦੇ ਹਨ ਕਿਉਂ ਜੋ ਢੀਠ, ਘਮੰਡੀ, ਅਤੇ ਅਭਿਲਾਸ਼ੀ ਲੋਕਾਂ ਨੂੰ ਪਰਮੇਸ਼ੁਰ ਦੀਆਂ ਬਰਕਤਾਂ ਨਹੀਂ ਮਿਲਦੀਆਂ। (ਕਹਾਉਤਾਂ 11:2; ਇਬਰਾਨੀਆਂ 6:15; 3 ਯੂਹੰਨਾ 9, 10) ਜੇ ਉਹ ਵਿਆਹੇ ਹੋਏ ਹੋਣ ਤਾਂ ਉਨ੍ਹਾਂ ਨੂੰ ਪ੍ਰੇਮ ਨਾਲ ਆਪਣੇ ਪਰਿਵਾਰ ਦੀ ਸਰਦਾਰੀ ਕਰਨੀ ਚਾਹੀਦੀ ਹੈ ਅਤੇ ਆਪਣੇ ਘਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਦੇ ਕਾਬਲ ਹੋਣਾ ਚਾਹੀਦਾ ਹੈ। (1 ਤਿਮੋਥਿਉਸ 3:4, 5, 12) ਅਜਿਹੇ ਆਦਮੀ ਰੂਹਾਨੀ ਧਨ ਦੀ ਕਦਰ ਕਰਨ ਕਰਕੇ ਯਹੋਵਾਹ ਦੀ ਬਰਕਤ ਪਾਉਂਦੇ ਹਨ।​—ਮੱਤੀ 6:19-21.

15, 16. ਮਨੁੱਖਾਂ ਵਜੋਂ ਦਾਨ ਕੌਣ ਹਨ? ਮਿਸਾਲ ਦਿਓ।

15 ਜਦੋਂ ਕਲੀਸਿਯਾ ਦੇ ਬਜ਼ੁਰਗ ਪ੍ਰਚਾਰਕਾਂ, ਚਰਵਾਹਿਆਂ, ਅਤੇ ਉਸਤਾਦਾਂ ਵਜੋਂ ਕੰਮ ਕਰਨ ਦਾ ਪੂਰਾ ਜਤਨ ਕਰਦੇ ਹਨ ਤਾਂ ਸਾਨੂੰ ਅਜਿਹੇ ਮਨੁੱਖਾਂ ਦੀ ਗਹਿਰੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਉਹ ਵੀ ਪਰਮੇਸ਼ੁਰ ਵੱਲੋਂ ਦਾਨ ਹਨ। (ਅਫ਼ਸੀਆਂ 4:8, 11) ਇਨ੍ਹਾਂ ਭਰਾਵਾਂ ਦੀ ਪ੍ਰੇਮਪੂਰਣ ਦੇਖ-ਰੇਖ ਤੋਂ ਕਈ ਭੈਣ-ਭਰਾ ਲਾਭ ਉਠਾਉਂਦੇ ਹਨ। ਭਾਵੇਂ ਕਿ ਕਲੀਸਿਯਾ ਦੇ ਮੈਂਬਰ ਸ਼ਾਇਦ ਬਜ਼ੁਰਗਾਂ ਨੂੰ ਦੱਸਣਾ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਕਿੰਨੀ ਕਦਰ ਕੀਤੀ ਜਾਂਦੀ ਹੈ, ਯਹੋਵਾਹ ਇਨ੍ਹਾਂ ਵਫ਼ਾਦਾਰ ਆਦਮੀਆਂ ਦੇ ਸਾਰੇ ਕੰਮ ਦੇਖਦਾ ਹੈ। ਯਹੋਵਾਹ ਉਸ ਪ੍ਰੇਮ ਨੂੰ ਨਹੀਂ ਭੁੱਲੇਗਾ ਜੋ ਬਜ਼ੁਰਗ ਉਸ ਦੇ ਲੋਕਾਂ ਦੀ ਸਹਾਇਤਾ ਕਰਨ ਵਿਚ ਉਸ ਦੇ ਨਾਂ ਲਈ ਦਿਖਾਉਂਦੇ ਹਨ।​—1 ਤਿਮੋਥਿਉਸ 5:17; ਇਬਰਾਨੀਆਂ 6:10.

16 ਜ਼ਰਾ ਇਕ ਮਿਹਨਤੀ ਬਜ਼ੁਰਗ ਦੀ ਮਿਸਾਲ ਵੱਲ ਧਿਆਨ ਦਿਓ ਜੋ ਇਕ ਮਸੀਹੀ ਕੁੜੀ ਨੂੰ ਮਿਲਣ ਗਿਆ ਸੀ ਜਿਸ ਦੇ ਦਿਮਾਗ਼ ਦਾ ਓਪਰੇਸ਼ਨ ਹੋਣ ਵਾਲਾ ਸੀ। ਪਰਿਵਾਰ ਦੀ ਇਕ ਸਹੇਲੀ ਨੇ ਲਿਖਿਆ: “ਉਸ ਨੇ ਇੰਨੀ ਮਦਦ ਕੀਤੀ, ਇੰਨੀ ਪਰਵਾਹ ਕੀਤੀ, ਅਤੇ ਇੰਨਾ ਸਹਾਰਾ ਦਿੱਤਾ। ਉਸ ਨੇ ਸਾਡੇ ਨਾਲ ਯਹੋਵਾਹ ਨੂੰ ਪ੍ਰਾਰਥਨਾ ਕਰਨ ਦੀ ਇਜਾਜ਼ਤ ਮੰਗੀ। ਜਦੋਂ ਉਸ ਨੇ ਪ੍ਰਾਰਥਨਾ ਕੀਤੀ, ਤਾਂ ਕੁੜੀ ਦਾ ਪਿਤਾ [ਜੋ ਸੱਚਾਈ ਵਿਚ ਨਹੀਂ ਸੀ] ਬਹੁਤ ਹੀ ਰੋਇਆ ਅਤੇ ਬਾਕੀ ਸਾਰਿਆਂ ਦੀਆਂ ਅੱਖਾਂ ਵੀ ਹੰਝੂਆਂ ਨਾਲ ਭਰ ਗਈਆਂ। ਉਸ ਬਜ਼ੁਰਗ ਦੀ ਪ੍ਰਾਰਥਨਾ ਕਿੰਨੀ ਪਿਆਰ-ਭਰੀ ਸੀ ਅਤੇ ਅਜਿਹੇ ਸਮੇਂ ਤੇ ਉਸ ਨੂੰ ਭੇਜ ਕੇ ਯਹੋਵਾਹ ਨੇ ਕਿੰਨਾ ਪਿਆਰ ਦਿਖਾਇਆ!” ਜਦੋਂ ਬਜ਼ੁਰਗ ਇਕ ਹੋਰ ਮਸੀਹੀ ਮਰੀਜ਼ ਨੂੰ ਮਿਲਣ ਆਏ ਤਾਂ ਉਸ ਨੇ ਉਨ੍ਹਾਂ ਬਾਰੇ ਇਹ ਕਿਹਾ: “ਜਦੋਂ ਉਹ ਇਨਟੈਨਸਿਵ ਕੇਅਰ ਯੂਨਿਟ ਵਿਚ ਮੇਰੇ ਮੰਜੇ ਵੱਲ ਆਏ ਤਾਂ ਮੈਨੂੰ ਅਹਿਸਾਸ ਹੋਇਆ ਕਿ ਜੋ ਮਰਜ਼ੀ ਹੋਵੇ ਮੈਂ ਉਸ ਨੂੰ ਸਹਾਰ ਸਕਦੀ ਹਾਂ। ਉਨ੍ਹਾਂ ਨੂੰ ਦੇਖ ਕੇ ਮੈਨੂੰ ਤਾਕਤ ਅਤੇ ਸ਼ਾਂਤੀ ਮਿਲੀ।” ਕੀ ਕੋਈ ਵੀ ਅਜਿਹੇ ਪਿਆਰ ਨੂੰ ਖ਼ਰੀਦ ਸਕਦਾ ਹੈ? ਕਦੀ ਵੀ ਨਹੀਂ! ਇਹ ਪਰਮੇਸ਼ੁਰ ਵੱਲੋਂ ਦਾਤ ਹੈ ਜੋ ਉਸ ਦੀ ਮਸੀਹੀ ਕਲੀਸਿਯਾ ਰਾਹੀਂ ਮਿਲਦੀ ਹੈ।​—ਯਸਾਯਾਹ 32:1, 2.

ਪ੍ਰਚਾਰ ਸੇਵਕਾਈ ਦੀ ਦਾਤ

17, 18. (ੳ) ਯਹੋਵਾਹ ਨੇ ਆਪਣੇ ਲੋਕਾਂ ਨੂੰ ਸੇਵਾ ਦੀ ਕਿਹੜੀ ਦਾਤ ਦਿੱਤੀ ਹੈ? (ਅ) ਪਰਮੇਸ਼ੁਰ ਨੇ ਸਾਨੂੰ ਕਿਹੜੀ ਚੀਜ਼ ਦਿੱਤੀ ਹੈ ਜਿਸ ਦੀ ਮਦਦ ਨਾਲ ਅਸੀਂ ਆਪਣੀ ਸੇਵਕਾਈ ਪੂਰੀ ਕਰ ਸਕਦੇ ਹਾਂ?

17 ਅੱਤ ਮਹਾਨ, ਯਹੋਵਾਹ ਦੀ ਸੇਵਾ ਕਰਨ ਦੇ ਸਨਮਾਨ ਨਾਲੋਂ ਇਨਸਾਨ ਲਈ ਹੋਰ ਕੋਈ ਵੀ ਵੱਡਾ ਸਨਮਾਨ ਨਹੀਂ ਹੋ ਸਕਦਾ। (ਯਸਾਯਾਹ 43:10; 2 ਕੁਰਿੰਥੀਆਂ 4:7; 1 ਪਤਰਸ 2:9) ਫਿਰ ਵੀ, ਉਨ੍ਹਾਂ ਸਾਰਿਆਂ ਨੂੰ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਦਾ ਸਨਮਾਨ ਦਿੱਤਾ ਗਿਆ ਹੈ ਜੋ ਪਰਮੇਸ਼ੁਰ ਦੀ ਸੇਵਾ ਦਿਲੋਂ ਕਰਨੀ ਚਾਹੁੰਦੇ ਹਨ ਚਾਹੇ ਉਹ ਜਵਾਨ ਹੋਣ ਜਾਂ ਸਿਆਣੇ, ਆਦਮੀ ਹੋਣ ਜਾਂ ਔਰਤਾਂ। ਕੀ ਤੁਸੀਂ ਇਸ ਕੀਮਤੀ ਦਾਤ ਵਿਚ ਹਿੱਸਾ ਲੈਂਦੇ ਹੋ? ਕੁਝ ਲੋਕ ਇਸ ਕੰਮ ਵਿਚ ਹਿੱਸਾ ਲੈਣ ਤੋਂ ਜਕਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਉਨ੍ਹਾਂ ਤੋਂ ਇਹ ਕੰਮ ਨਹੀਂ ਹੋਵੇਗਾ। ਲੇਕਿਨ, ਯਾਦ ਰੱਖੋ ਕਿ ਯਹੋਵਾਹ ਉਸ ਦੀ ਸੇਵਾ ਕਰਨ ਵਾਲਿਆਂ ਨੂੰ ਪਵਿੱਤਰ ਆਤਮਾ ਦਿੰਦਾ ਹੈ ਅਤੇ ਉਨ੍ਹਾਂ ਕਮੀਆਂ ਨੂੰ ਪੂਰਾ ਕਰਦਾ ਹੈ ਜੋ ਸ਼ਾਇਦ ਸਾਡੇ ਵਿਚ ਹੋਣ।​—ਯਿਰਮਿਯਾਹ 1:6-8; 20:11.

18 ਯਹੋਵਾਹ ਨੇ ਰਾਜ ਦੇ ਪ੍ਰਚਾਰ ਦਾ ਕੰਮ ਉਨ੍ਹਾਂ ਨੂੰ ਨਹੀਂ ਸੌਂਪਿਆ ਜੋ ਘਮੰਡੀ ਹੋਣ ਕਾਰਨ ਆਪਣੀਆਂ ਯੋਗਤਾਵਾਂ ਉੱਤੇ ਇਤਬਾਰ ਕਰਦੇ ਹਨ ਸਗੋਂ ਆਪਣੇ ਨਿਮਰ ਸੇਵਕਾਂ ਨੂੰ ਸੌਂਪਿਆ ਹੈ। (1 ਕੁਰਿੰਥੀਆਂ 1:20, 26-29) ਨਿਮਰ ਅਤੇ ਅਧੀਨ ਲੋਕ ਸਮਝਦੇ ਹਨ ਕੇ ਪ੍ਰਚਾਰ ਦੇ ਕੰਮ ਵਿਚ ਉਹ ਪਰਮੇਸ਼ੁਰ ਦੀ ਮਦਦ ਤੋਂ ਬਗੈਰ ਕੁਝ ਵੀ ਨਹੀਂ ਕਰ ਸਕਦੇ। ਇਸ ਦੇ ਨਾਲ-ਨਾਲ, ਉਹ ‘ਮਾਤਬਰ ਮੁਖ਼ਤਿਆਰ’ ਦੁਆਰਾ ਦਿੱਤੀ ਗਈ ਰੂਹਾਨੀ ਮਦਦ ਦੀ ਵੀ ਕਦਰ ਕਰਦੇ ਹਨ।​—ਲੂਕਾ 12:42-44; ਕਹਾਉਤਾਂ 22:4.

ਸੁਖੀ ਪਰਿਵਾਰਕ ਜ਼ਿੰਦਗੀ ਦੀ ਵਧੀਆ ਦਾਤ

19. ਸਫ਼ਲਤਾ ਨਾਲ ਬੱਚਿਆਂ ਦੀ ਪਰਵਰਿਸ਼ ਕਿਸ ਤਰ੍ਹਾਂ ਕੀਤੀ ਜਾਂਦੀ ਹੈ?

19 ਵਿਆਹ ਦਾ ਬੰਧਨ ਅਤੇ ਸੁਖੀ ਪਰਿਵਾਰਕ ਜ਼ਿੰਦਗੀ ਪਰਮੇਸ਼ੁਰ ਵੱਲੋਂ ਦਾਤਾਂ ਹਨ। (ਰੂਥ 1:9; ਅਫ਼ਸੀਆਂ 3:14, 15) ਬੱਚੇ ਵੀ “ਯਹੋਵਾਹ ਵੱਲੋਂ ਮਿਰਾਸ ਹਨ।” ਉਨ੍ਹਾਂ ਮਾਪਿਆਂ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ ਜੋ ਆਪਣੇ ਬੱਚਿਆਂ ਦੇ ਦਿਲਾਂ ਵਿਚ ਸਫ਼ਲਤਾ ਨਾਲ ਪਰਮੇਸ਼ੁਰੀ ਗੁਣ ਬਿਠਾਉਂਦੇ ਹਨ। (ਜ਼ਬੂਰ 127:3) ਮਾਪਿਆਂ ਵਜੋਂ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਬਚਨ ਅਨੁਸਾਰ ਸਿਖਲਾਉਣ ਦੁਆਰਾ ਯਹੋਵਾਹ ਦੀ ਆਵਾਜ਼ ਸੁਣਦੇ ਰਹੋ। ਜੋ ਇਸ ਤਰ੍ਹਾਂ ਕਰਦੇ ਹਨ ਉਹ ਜ਼ਰੂਰ ਯਹੋਵਾਹ ਦਾ ਸਹਾਰਾ ਅਤੇ ਉਸ ਤੋਂ ਭਰਪੂਰ ਬਰਕਤਾਂ ਪਾਉਣਗੇ।​—ਕਹਾਉਤਾਂ 3:5, 6; 22:6; ਅਫ਼ਸੀਆਂ 6:1-4.

20. ਕਿਹੜੀ ਚੀਜ਼ ਉਨ੍ਹਾਂ ਮਾਪਿਆਂ ਦੀ ਮਦਦ ਕਰ ਸਕਦੀ ਹੈ ਜਿਨ੍ਹਾਂ ਦੇ ਬੱਚੇ ਸੱਚਾਈ ਨੂੰ ਛੱਡ ਦਿੰਦੇ ਹਨ?

20 ਪਰਮੇਸ਼ੁਰ ਦਾ ਭੈ ਰੱਖਣ ਵਾਲੇ ਮਾਪਿਆਂ ਦੇ ਸਖ਼ਤ ਜਤਨਾਂ ਦੇ ਬਾਵਜੂਦ ਕੁਝ ਬੱਚੇ ਵੱਡੇ ਹੋ ਕੇ ਸੱਚਾਈ ਨੂੰ ਛੱਡ ਦਿੰਦੇ ਹਨ। (ਉਤਪਤ 26:34, 35) ਇਸ ਕਾਰਨ ਮਾਪਿਆਂ ਨੂੰ ਜਜ਼ਬਾਤੀ ਤੌਰ ਤੇ ਵੱਡੀ ਠੇਸ ਪਹੁੰਚ ਸਕਦੀ ਹੈ। (ਕਹਾਉਤਾਂ 17:21, 25) ਪਰ, ਬਿਲਕੁਲ ਹਾਰ ਮੰਨਣ ਦੀ ਬਜਾਇ ਉਨ੍ਹਾਂ ਨੂੰ ਉਜਾੜੂ ਪੁੱਤਰ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਨੂੰ ਯਾਦ ਕਰਨ ਤੋਂ ਮਦਦ ਮਿਲ ਸਕਦੀ ਹੈ। ਭਾਵੇਂ ਕਿ ਉਜਾੜੂ ਪੁੱਤਰ ਘਰ ਛੱਡ ਕੇ ਭੈੜਿਆਂ ਕੰਮਾਂ ਵਿਚ ਫੱਸ ਗਿਆ ਸੀ, ਬਾਅਦ ਵਿਚ ਉਹ ਆਪਣੇ ਪਿਤਾ ਦੇ ਘਰ ਵਾਪਸ ਆ ਗਿਆ ਅਤੇ ਉਸ ਦੇ ਪਿਤਾ ਨੇ ਖ਼ੁਸ਼ੀ ਨਾਲ ਬਾਹਾਂ ਖੋਲ੍ਹ ਕੇ ਉਸ ਨੂੰ ਕਬੂਲ ਕੀਤਾ। (ਲੂਕਾ 15:11-32) ਜੋ ਮਰਜ਼ੀ ਹੋਵੇ ਵਫ਼ਾਦਾਰ ਮਸੀਹੀ ਮਾਪੇ ਯਹੋਵਾਹ ਦੀ ਹਮਦਰਦੀ, ਪਿਆਰ, ਅਤੇ ਉਸ ਦੇ ਲਗਾਤਾਰ ਸਹਾਰੇ ਉੱਤੇ ਪੱਕਾ ਭਰੋਸਾ ਰੱਖ ਸਕਦੇ ਹਨ।​—ਜ਼ਬੂਰ 145:14.

21. ਸਾਨੂੰ ਕਿਸ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਕਿਉਂ?

21 ਤਾਂ ਫਿਰ ਆਓ ਆਪਾਂ ਸਾਰੇ ਜਣੇ ਇਹ ਨਿਸ਼ਚਿਤ ਕਰੀਏ ਕਿ ਸਾਡੀ ਜ਼ਿੰਦਗੀ ਵਿਚ ਕੀ ਮਹੱਤਵਪੂਰਣ ਹੈ। ਕੀ ਅਸੀਂ ਲਾਲਚੀ ਹੋ ਕੇ ਧਨ-ਦੌਲਤ ਦੇ ਪਿੱਛੇ ਲੱਗੇ ਹੋਏ ਹਾਂ ਜੋ ਕਿ ਸਾਡੇ ਅਤੇ ਸਾਡੇ ਪਰਿਵਾਰ ਉੱਤੇ ਦੁੱਖ ਲਿਆ ਸਕਦਾ ਹੈ? ਜਾਂ ਕੀ ਅਸੀਂ “ਜੋਤਾ ਦੇ ਪਿਤਾ” ਤੋਂ ਆਉਣ ਵਾਲੇ ਹਰੇਕ ‘ਚੰਗੇ ਦਾਨ ਅਤੇ ਹਰੇਕ ਪੂਰਨ ਦਾਤ’ ਨੂੰ ਭਾਲਦੇ ਹਾਂ? (ਯਾਕੂਬ 1:17) “ਝੂਠ ਦਾ ਪਤੰਦਰ” ਸ਼ਤਾਨ ਚਾਹੁੰਦਾ ਹੈ ਕਿ ਅਸੀਂ ਧਨ-ਦੌਲਤ ਦੇ ਪਿੱਛੇ ਪੈ ਜਾਈਏ ਤਾਂਕਿ ਅਸੀਂ ਖ਼ੁਸ਼ੀ ਅਤੇ ਜ਼ਿੰਦਗੀ ਗੁਆ ਬੈਠੀਏ। (ਯੂਹੰਨਾ 8:44; ਲੂਕਾ 12:15) ਪਰ, ਯਹੋਵਾਹ ਦਿਲੋਂ ਸਾਡਾ ਭਲਾ ਚਾਹੁੰਦਾ ਹੈ। (ਯਸਾਯਾਹ 48:17, 18) ਤਾਂ ਫਿਰ ਆਓ ਆਪਾਂ ਆਪਣੇ ਸਵਰਗੀ ਪਿਤਾ ਦੀ ਆਵਾਜ਼ ਸੁਣਦੇ ਰਹੀਏ ਅਤੇ ਉਸ ਦੀ ਸੰਗਤ ਵਿਚ ਹਮੇਸ਼ਾ ਆਨੰਦ ਮਾਣੀਏ। (ਜ਼ਬੂਰ 37:4) ਜੇਕਰ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਯਹੋਵਾਹ ਦੀਆਂ ਅਨਮੋਲ ਦਾਤਾਂ ਅਤੇ ਭਰਪੂਰ ਬਰਕਤਾਂ ਸਾਨੂੰ ਧਨੀ ਬਣਾਉਣਗੀਆਂ ਅਤੇ ਉਨ੍ਹਾਂ ਨਾਲ ਕੋਈ ਵੀ ਦੁੱਖ ਨਹੀਂ ਹੋਵੇਗਾ।

[ਫੁਟਨੋਟ]

^ ਪੈਰਾ 10 ਅੰਗ੍ਰੇਜ਼ੀ ਜਾਗਰੂਕ ਬਣੋ! ਦੇ 22 ਜਨਵਰੀ 1993 ਦੇ ਸਫ਼ੇ 18-21 ਦੇਖੋ।

ਕੀ ਤੁਹਾਨੂੰ ਯਾਦ ਹੈ?

• ਸਭ ਤੋਂ ਵੱਡੀ ਖ਼ੁਸ਼ੀ ਕਿੱਥੋਂ ਪਾਈ ਜਾ ਸਕਦੀ ਹੈ?

• ਯਹੋਵਾਹ ਆਪਣੇ ਲੋਕਾਂ ਨੂੰ ਕਿਹੜੀਆਂ ਕੁਝ ਦਾਤਾਂ ਦਿੰਦਾ ਹੈ?

• ਪ੍ਰਚਾਰ ਸੇਵਕਾਈ ਇਕ ਦਾਤ ਕਿਉਂ ਹੈ?

• ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਪਰਮੇਸ਼ੁਰ ਦੀ ਬਰਕਤ ਪਾਉਣ ਲਈ ਮਾਪੇ ਕੀ ਕਰ ਸਕਦੇ ਹਨ?

[ਸਵਾਲ]

[ਸਫ਼ੇ 16 ਉੱਤੇ ਤਸਵੀਰ]

ਕੀ ਤੁਸੀਂ ਪਰਮੇਸ਼ੁਰ ਦੇ ਬਚਨ ਦੀ ਦਾਤ ਦੀ ਕਦਰ ਕਰਦੇ ਹੋ?

[ਸਫ਼ੇ 17 ਉੱਤੇ ਤਸਵੀਰ]

ਔਖਿਆਂ ਹਾਲਾਤਾਂ ਦੇ ਬਾਵਜੂਦ ਲਾਰਲ ਨਿਜ਼ਬੱਟ ਨੇ ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕੀਤੀ

[ਸਫ਼ੇ 18 ਉੱਤੇ ਤਸਵੀਰਾਂ]

ਤਬਿਥਾ ਵਾਂਗ ਅੱਜ ਵੀ ਮਸੀਹੀ ਪਿਆਰ-ਭਰੇ ਕੰਮਾਂ ਲਈ ਜਾਣੇ ਜਾਂਦੇ ਹਨ

[ਸਫ਼ੇ 19 ਉੱਤੇ ਤਸਵੀਰ]

ਮਸੀਹੀ ਬਜ਼ੁਰਗ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਕਰਦੇ ਹਨ