ਸਭ ਤੋਂ ਜ਼ਰੂਰੀ ਅਤੇ ਕੀਮਤੀ ਚੀਜ਼ ਕੀ ਹੈ?
ਸਭ ਤੋਂ ਜ਼ਰੂਰੀ ਅਤੇ ਕੀਮਤੀ ਚੀਜ਼ ਕੀ ਹੈ?
ਕਿਸੇ ਜ਼ਰੂਰੀ ਅਤੇ ਕੀਮਤੀ ਚੀਜ਼ ਨੂੰ ਹਾਸਲ ਕਰਨਾ ਬਹੁਤ ਹੀ ਮਜ਼ੇਦਾਰ ਹੋ ਸਕਦਾ ਹੈ। ਪਰ ਸਭ ਤੋਂ ਜ਼ਰੂਰੀ ਅਤੇ ਕੀਮਤੀ ਚੀਜ਼ ਕੀ ਹੈ? ਬਹੁਤ ਸਾਰੇ ਪੈਸੇ? ਮਹਿੰਗੇ ਅਤੇ ਨਿਰਾਲੇ ਗਹਿਣੇ? ਮਸ਼ਹੂਰੀ, ਜਾਂ ਸ਼ਾਨ-ਸ਼ੌਕਤ? ਕਈਆਂ ਲੋਕਾਂ ਦੇ ਮਨਾਂ ਵਿਚ ਇਹ ਚੀਜ਼ਾਂ ਬਹੁਤ ਹੀ ਜ਼ਰੂਰੀ ਅਤੇ ਕੀਮਤੀ ਹਨ। ਇਨ੍ਹਾਂ ਦੇ ਨਾਲ ਚੰਗਾ ਗੁਜ਼ਾਰਾ ਹੋ ਜਾਂਦਾ ਹੈ, ਜ਼ਿੰਦਗੀ ਚੰਗੀ ਤਰ੍ਹਾਂ ਬਤੀਤ ਹੁੰਦੀ ਹੈ, ਜਾਂ ਦੁਨੀਆਂ ਵਿਚ ਕੁਝ ਬਣਨ ਦੀ ਜਾਂ ਗਿਣੇ ਜਾਣ ਦੀ ਸਾਡੀ ਇੱਛਾ ਪੂਰੀ ਹੁੰਦੀ ਹੈ। ਕੀ ਅਸੀਂ ਇਨ੍ਹਾਂ ਚੀਜ਼ਾਂ ਹਾਸਲ ਕਰਨ ਦੇ ਪਿੱਛੇ ਲੱਗੇ ਹੋਏ ਹਾਂ? ਕੀ ਸਾਡੀ ਇਹ ਉਮੀਦ ਹੈ ਕਿ ਇਨ੍ਹਾਂ ਦੇ ਨਾਲ ਸਾਡਾ ਭਵਿੱਖ ਸੁਨਹਿਰਾ ਹੋ ਜਾਵੇਗਾ?
ਆਮ ਤੌਰ ਤੇ ਲੋਕ ਉਨ੍ਹਾਂ ਚੀਜ਼ਾਂ ਨੂੰ ਜ਼ਰੂਰੀ ਅਤੇ ਕੀਮਤੀ ਸਮਝਦੇ ਹਨ ਜੋ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਪੂਰੀਆਂ ਕਰਦੀਆਂ ਹਨ। ਸਾਨੂੰ ਉਹ ਚੀਜ਼ਾਂ ਪਿਆਰੀਆਂ ਹੁੰਦੀਆਂ ਹਨ ਜੋ ਸਾਨੂੰ ਤੰਦਰੁਸਤ ਬਣਾਉਂਦੀਆਂ ਹਨ ਅਤੇ ਸਾਡੇ ਭਵਿੱਖ ਨੂੰ ਸੁਖੀ ਬਣਾ ਸਕਦੀਆਂ ਹਨ। ਜਿਹੜੀਆਂ ਚੀਜ਼ਾਂ ਤੋਂ ਸਾਨੂੰ ਆਰਾਮ, ਚੈਨ, ਜਾਂ ਮਾਨਤਾ ਮਿਲਦੀ ਹੈ, ਅਸੀਂ ਉਨ੍ਹਾਂ ਨੂੰ ਸਾਂਭ ਕੇ ਰੱਖਦੇ ਹਾਂ। ਪਰ ਜੇ ਅਸੀਂ ਕਿਸੇ ਚੀਜ਼ ਨੂੰ ਸਿਰਫ਼ ਇਸ ਲਈ ਜ਼ਰੂਰੀ ਜਾਂ ਕੀਮਤੀ ਸਮਝੀਏ ਕਿ ਉਹ ਸਾਡੀ ਇੱਛਾ ਨੂੰ ਪੂਰਾ ਕਰ ਦੇਵੇਗੀ ਤਾਂ ਸਾਨੂੰ ਭੁਲੇਖਾ ਹੈ। ਦਰਅਸਲ ਸਭ ਤੋਂ ਕੀਮਤੀ ਚੀਜ਼ ਉਹ ਹੁੰਦੀ ਹੈ ਜਿਸ ਦੀ ਸਾਨੂੰ ਸਭ ਤੋਂ ਵੱਡੀ ਜ਼ਰੂਰਤ ਹੈ।
ਤਾਂ ਫਿਰ ਸਾਡੀ ਸਭ ਤੋਂ ਵੱਡੀ ਜ਼ਰੂਰਤ ਕੀ ਹੈ? ਜਾਨ। ਕਿਉਂਕਿ ਕਿਸੇ ਵੀ ਚੀਜ਼ ਦਾ ਕੋਈ ਫ਼ਾਇਦਾ ਨਹੀਂ ਜੇ ਅਸੀਂ ਜ਼ਿੰਦੇ ਨਹੀਂ ਹਾਂ। ਜਾਨ ਤੋਂ ਬਗੈਰ ਨਾ ਅਸੀਂ ਹਾਂ ਅਤੇ ਨਾ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ। ਪ੍ਰਾਚੀਨ ਇਸਰਾਏਲ ਦੇ ਪਾਤਸ਼ਾਹ ਸੁਲੇਮਾਨ ਨੇ ਲਿਖਿਆ: “ਮੋਏ ਕੁਝ ਵੀ ਨਹੀਂ ਜਾਣਦੇ . . . ਪਤਾਲ ਵਿੱਚ ਜਿੱਥੇ ਤੂੰ ਜਾਂਦਾ ਹੈਂ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।” (ਉਪਦੇਸ਼ਕ ਦੀ ਪੋਥੀ 9:5, 10) ਸਾਡੀ ਮੌਤ ਦੇ ਵੇਲੇ ਸਾਨੂੰ ਆਪਣਾ ਸਾਰਾ ਕੁਝ ਛੱਡਣਾ ਪੈਂਦਾ ਹੈ। ਇਸ ਕਰਕੇ ਸਾਡੀ ਸਭ ਤੋਂ ਵੱਡੀ ਜ਼ਰੂਰਤ ਉਹ ਚੀਜ਼ ਹੈ ਜੋ ਸਾਨੂੰ ਜੀਉਂਦਾ ਰੱਖੇਗੀ। ਉਹ ਕੀ ਹੈ?
ਕਿਹੜੀ ਚੀਜ਼ ਸਾਨੂੰ ਜ਼ਿੰਦਾ ਰੱਖ ਸਕਦੀ ਹੈ?
ਸੁਲੇਮਾਨ ਪਾਤਸ਼ਾਹ ਨੇ ਲਿਖਿਆ: ‘ਧਨ ਸੁਰੱਖਿਆ ਦਿੰਦਾ ਹੈ।” (ਉਪਦੇਸ਼ਕ 7:12, ਪਵਿੱਤਰ ਬਾਈਬਲ ਨਵਾਂ ਅਨੁਵਾਦ) ਚੋਖੇ ਪੈਸੇ ਦੇ ਨਾਲ ਅਸੀਂ ਰੋਟੀ-ਪਾਣੀ ਅਤੇ ਮਕਾਨ ਖ਼ਰੀਦ ਸਕਦੇ ਹਾਂ। ਪੈਸਿਆਂ ਦੇ ਨਾਲ ਅਸੀਂ ਬਾਹਰਲਿਆਂ ਮੁਲਕਾਂ ਦੀ ਸੈਰ ਕਰ ਸਕਦੇ ਹਾਂ। ਬੁਢਾਪੇ ਜਾਂ ਬੀਮਾਰੀ ਕਰਕੇ ਜਦੋਂ ਅਸੀਂ ਕੰਮ ਨਹੀਂ ਕਰ ਸਕਦੇ ਤਾਂ ਪੈਸਿਆਂ ਦੇ ਨਾਲ ਸਾਡੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਹਨ। ਹਾਂ, ਪੈਸੇ ਦੇ ਕਈ ਫ਼ਾਇਦੇ ਹਨ। ਪਰ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਪੈਸੇ ਦੇ ਨਾਲ ਜਾਨ ਨਹੀਂ ਖ਼ਰੀਦੀ ਜਾ ਸਕਦੀ। ਤਿਮੋਥਿਉਸ ਨੂੰ ਪੌਲੁਸ ਰਸੂਲ ਨੇ ਕਿਹਾ: “ਜਿਹੜੇ ਇਸ ਜੁੱਗ ਵਿੱਚ ਧਨਵਾਨ ਹਨ ਓਹਨਾਂ ਨੂੰ ਉਪਦੇਸ਼ ਕਰ ਭਈ ਗਰਬ ਨਾ ਕਰਨ ਅਤੇ ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖਣ।” (1 ਤਿਮੋਥਿਉਸ 6:17) ਸਾਰੀ ਦੁਨੀਆਂ ਦਾ ਧਨ ਇਕੱਠਾ ਕਰ ਕੇ ਵੀ ਅਸੀਂ ਆਪਣੇ ਆਪ ਲਈ ਜੀਵਨ ਨਹੀਂ ਖ਼ਰੀਦ ਸਕਦੇ।
ਹੀਟੋਸ਼ੀ ਨਾਂ ਦੇ ਇਕ ਆਦਮੀ ਦੀ ਜ਼ਿੰਦਗੀ ਉੱਤੇ ਗੌਰ ਕਰੋ। ਉਹ ਗ਼ਰੀਬੀ ਵਿਚ ਜੰਮਿਆ-ਪਲਿਆ ਸੀ, ਜਿਸ ਕਰਕੇ ਉਹ ਅਮੀਰ ਬਣਨਾ ਚਾਹੁੰਦਾ ਸੀ। ਉਸ ਨੂੰ ਧਨ ਦੀ ਤਾਕਤ ਵਿਚ ਇੰਨਾ ਵਿਸ਼ਵਾਸ ਸੀ ਕਿ ਉਸ ਅਨੁਸਾਰ ਪੈਸੇ ਨਾਲ ਇਨਸਾਨ ਦੀ ਵਫ਼ਾਦਾਰੀ ਵੀ ਖ਼ਰੀਦੀ ਜਾ ਸਕਦੀ ਸੀ। ਫਿਰ ਇਕ ਦਿਨ ਹੀਟੋਸ਼ੀ ਦੇ ਘਰ ਇਕ ਬੰਦਾ ਆਇਆ ਜਿਸ ਨੇ ਉਸ ਨੂੰ ਦੱਸਿਆ ਕਿ ਯਿਸੂ ਮਸੀਹ ਉਸ ਦੇ ਵਾਸਤੇ ਮਰਿਆ ਸੀ। ਇਸ ਗੱਲ ਕਰਕੇ ਹੀਟੋਸ਼ੀ ਸੋਚਣ ਲੱਗਾ ਕਿਉਂਕਿ ਉਹ ਨਹੀਂ ਮੰਨਦਾ ਸੀ ਕਿ ਉਸ ਵਰਗੇ ਇਨਸਾਨ ਲਈ ਕੋਈ ਵੀ ਮਰਨ ਲਈ ਤਿਆਰ ਹੋਵੇਗਾ। ਉਹ ਕਿੰਗਡਮ ਹਾਲ ਵਿਚ ਪਬਲਿਕ ਭਾਸ਼ਣ ਸੁਣਨ ਗਿਆ। ਭਾਸ਼ਣ ਦਾ ਵਿਸ਼ਾ ਸੀ ‘ਨੇਤਰ ਨਿਰਮਲ ਰੱਖੋ।’ ਭਾਸ਼ਣ ਸੁਣ ਕੇ ਹੀਟੋਸ਼ੀ ਬਹੁਤ ਹੀ ਹੈਰਾਨ ਹੋਇਆ। ਭਾਸ਼ਣ ਦੇਣ ਵਾਲੇ ਨੇ ਸਮਝਾਇਆ ਕਿ ਜੋ ਅੱਖ “ਨਿਰਮਲ” ਹੈ ਉਹ ਭਵਿੱਖ ਅਤੇ ਰੂਹਾਨੀ ਗੱਲਾਂ ਉੱਤੇ ਟਿਕੀ ਹੁੰਦੀ ਹੈ। (ਲੂਕਾ 11:34) ਇਸ ਤੋਂ ਬਾਅਦ ਹੀਟੋਸ਼ੀ ਨੇ ਪੈਸੇ ਦੇ ਮਗਰ ਦੌੜਨ ਦੀ ਬਜਾਇ ਆਪਣੀ ਜ਼ਿੰਦਗੀ ਵਿਚ ਰੂਹਾਨੀ ਚੀਜ਼ਾਂ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ।
ਪੈਸੇ ਅਤੇ ਚੀਜ਼ਾਂ ਦੇ ਨਾਲ ਸਾਨੂੰ ਥੋੜ੍ਹਾ-ਬਹੁਤਾ ਸੁਖ-ਸੰਤੋਖ ਮਿਲ ਸਕਦਾ ਹੈ। ਥੋੜ੍ਹੇ ਜ਼ਿਆਦਾ ਪੈਸਿਆਂ ਨਾਲ ਸਾਡਾ ਗੁਜ਼ਾਰਾ ਸੋਹਣਾ ਹੋ ਜਾਂਦਾ ਹੈ ਅਤੇ ਸਾਨੂੰ ਰੋਜ਼-ਰੋਜ਼ ਦੀ ਚਿੰਤਾ ਨਹੀਂ ਹੁੰਦੀ। ਕਿਸੇ ਚੰਗੇ ਜਿਹੇ ਇਲਾਕੇ ਵਿਚ ਇਕ ਵੱਡਾ-ਸੋਹਣਾ ਘਰ ਬਣਵਾਉਣ ਨਾਲ ਅਸੀਂ ਕਾਮਯਾਬ ਮਹਿਸੂਸ ਕਰਦੇ ਹਾਂ। ਨਵੇਂ-ਨਵੇਂ ਕੱਪੜੇ ਅਤੇ ਚੰਗੀ ਜਿਹੀ ਗੱਡੀ ਨਾਲ ਦੂਸਰਿਆਂ ਸਾਮ੍ਹਣੇ ਸਾਡਾ ਮਾਣ ਵਧਦਾ ਹੈ।
‘ਆਪੋ ਆਪਣੇ ਧੰਦੇ ਦਾ ਲਾਭ ਭੋਗਣਾ’ ਬੜੀ ਚੰਗੀ ਗੱਲ ਹੈ। (ਉਪਦੇਸ਼ਕ ਦੀ ਪੋਥੀ 3:13) ਜੇਕਰ ਸਾਡੇ ਕੋਲ ਲੋੜ ਨਾਲੋਂ ਜ਼ਿਆਦਾ ਹੈ ਤਾਂ ਅਸੀਂ ਆਪਣੇ ਪਰਿਵਾਰ ਨਾਲ ‘ਸੁਖੀ ਰਹਿ ਸਕਦੇ ਹਾਂ, ਖਾਹ ਪੀ ਅਤੇ ਮੌਜ ਮਾਨ’ ਸਕਦੇ ਹਾਂ। ਪਰ ਚੀਜ਼ਾਂ ਦਾ ਫ਼ਾਇਦਾ ਥੋੜ੍ਹੇ ਚਿਰ ਲਈ ਹੀ ਹੁੰਦਾ ਹੈ। ਲੋਭ ਬਾਰੇ ਚੇਤਾਵਨੀ ਦਿੰਦੇ ਹੋਏ ਯਿਸੂ ਮਸੀਹ ਨੇ ਕਿਹਾ: “ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।” (ਲੂਕਾ 12:15-21) ਚੀਜ਼ਾਂ ਭਾਵੇਂ ਜਿੰਨੀਆਂ ਮਰਜ਼ੀ ਮਹਿੰਗੀਆਂ ਕਿਉਂ ਨਾ ਹੋਣ ਉਹ ਸਾਨੂੰ ਜ਼ਿੰਦਗੀ ਨਹੀਂ ਦੇ ਸਕਦੀਆਂ।
ਲਿਜ਼ ਨਾਂ ਦੀ ਔਰਤ ਦੀ ਉਦਾਹਰਣ ਲੈ ਲਓ। ਉਸ ਦਾ ਪਤੀ ਚੰਗੇ-ਸੋਹਣੇ ਪੈਸੇ ਕਮਾਉਂਦਾ ਸੀ। ਉਹ ਦੱਸਦੀ ਹੈ: “ਸਾਡਾ ਵੱਡਾ ਸਾਰਾ ਸੋਹਣਾ ਘਰ ਸੀ ਅਤੇ ਦੋ ਗੱਡੀਆਂ ਸਨ। ਸਾਨੂੰ ਪੈਸੇ ਦੀ ਕੋਈ ਪਰਵਾਹ ਨਹੀਂ ਸੀ ਅਤੇ ਅਸੀਂ ਦੁਨੀਆਂ ਦੀ ਹਰ ਚੀਜ਼ ਦਾ ਜੀ ਚਾਹੇ ਮਜ਼ਾ ਲੈ ਸਕਦੇ ਸਨ। . . . ਪਰ ਅਜੀਬ ਗੱਲ ਇਹ ਹੈ ਕਿ ਮੈਂ ਫਿਰ ਵੀ ਪੈਸਿਆਂ ਬਾਰੇ ਚਿੰਤਾ ਕਰਦੀ ਹੁੰਦੀ ਸੀ।” ਉਹ ਦੱਸਦੀ ਹੈ ਕਿ ਉਹ ਇਸ ਤਰ੍ਹਾਂ ਫ਼ਿਕਰ ਕਿਉਂ ਕਰਦੀ ਸੀ: “ਜੇ ਕੁਝ ਹੋ ਜਾਂਦਾ ਤਾਂ ਸਾਨੂੰ ਬਹੁਤ ਘਾਟਾ ਪੈਣਾ ਸੀ। ਤੁਹਾਡੇ ਕੋਲ ਜਿੰਨਾ ਜ਼ਿਆਦਾ ਹੁੰਦਾ ਹੈ ਤੁਹਾਨੂੰ ਉੱਨੀ ਹੀ ਜ਼ਿਆਦਾ ਘਾਟੇ ਦੀ ਚਿੰਤਾ ਹੁੰਦੀ ਹੈ।”
ਮਸ਼ਹੂਰੀ, ਅਤੇ ਸ਼ਾਨ-ਸ਼ੌਕਤ ਨੂੰ ਉੱਚਾ ਦਰਜਾ ਦਿੱਤਾ ਜਾਂਦਾ ਹੈ ਕਿਉਂਕਿ ਇਨ੍ਹਾਂ ਨਾਲ ਬੰਦੇ ਦੀ ਵਡਿਆਈ ਹੁੰਦੀ ਹੈ। ਦੁਨੀਆਂ ਵਿਚ ਚੰਗੀ ਨੌਕਰੀ ਨੂੰ ਕਾਮਯਾਬੀ ਸਮਝਿਆ ਜਾਂਦਾ ਹੈ ਅਤੇ ਦੂਸਰੇ ਇਸ ਕਰਕੇ ਜਲ਼ਦੇ ਹਨ। ਆਪਣੇ ਹੁਨਰ ਅਤੇ ਕੰਮਾਂ ਵਿਚ ਕਾਮਯਾਬੀ ਹਾਸਲ ਕਰ ਕੇ ਅਸੀਂ ਆਪਣੇ ਆਪ ਲਈ ਚੰਗਾ-ਖ਼ਾਸਾ ਨਾਂ ਬਣਾ ਸਕਦੇ ਹਾਂ ਜਿਸ ਕਰਕੇ ਦੂਸਰੇ ਸ਼ਾਇਦ ਸਾਡੀ ਵਡਿਆਈ ਕਰਨ, ਸਾਡੀ ਰਾਇ ਪੁੱਛਣ, ਅਤੇ ਸਾਨੂੰ ਖ਼ੁਸ਼ ਕਰਨ ਲਈ ਤਿਆਰ ਰਹਿਣ। ਇਹ ਸਾਰੀਆਂ ਚੀਜ਼ਾਂ ਮਜ਼ੇਦਾਰ ਤਾਂ ਹੁੰਦੀਆਂ ਹਨ ਪਰ ਅਖ਼ੀਰ ਵਿਚ ਸਾਰਾ ਰੰਗ ਫਿੱਕਾ ਪੈ ਜਾਂਦਾ ਹੈ। ਸੁਲੇਮਾਨ ਕੋਲ ਸਭ ਕੁਝ ਸੀ, ਸ਼ਾਨ, ਜਲਾਲ, ਤਾਕਤ, ਪਰ ਉਸ ਨੇ ਕਿਹਾ: “ਨਾ ਤਾਂ ਬੁੱਧਵਾਨ ਦਾ ਅਤੇ ਨਾ ਮੂਰਖ ਦਾ ਚੇਤਾ ਸਦਾ ਤਾਈਂ ਰਹੇਗਾ . . . ਸੱਭੋ ਕੁਝ ਵਿੱਸਰ ਜਾਵੇਗਾ।” (ਉਪਦੇਸ਼ਕ ਦੀ ਪੋਥੀ 2:16) ਮਸ਼ਹੂਰੀ, ਅਤੇ ਸ਼ਾਨ-ਸ਼ੌਕਤ ਤੋਂ ਜਾਨ ਨਹੀਂ ਮਿਲਦੀ।
ਚਿਲੋ ਨਾਂ ਦਾ ਆਦਮੀ ਬੁੱਤਕਾਰੀ ਦੀ ਕਲਾ ਜਾਣਦਾ ਸੀ। ਪਰ ਉਸ ਨੇ ਮਸ਼ਹੂਰੀ ਨਾਲੋਂ ਜ਼ਿਆਦਾ ਕੀਮਤੀ ਚੀਜ਼ ਜਾਣੀ। ਸ਼ੁਰੂ ਤੋਂ ਹੀ ਉਹ ਬੜਾ ਹੁਸ਼ਿਆਰ ਸੀ ਅਤੇ ਆਪਣੇ ਹੁਨਰ ਨੂੰ ਅੱਗੇ ਵਧਾਉਣ ਵਾਸਤੇ ਉਸ ਨੇ ਖ਼ਾਸ ਸਕੂਲਾਂ ਵਿਚ ਪੜ੍ਹਾਈ ਕੀਤੀ। ਬੜੀ ਜਲਦੀ ਉਸ ਦੀ ਬੁੱਤਕਾਰੀ ਦੇ ਗੀਤ ਅਖ਼ਬਾਰਾਂ ਅਤੇ ਟੈਲੀਵਿਯਨ ਵਿਚ ਗਾਏ ਜਾਣ ਲੱਗੇ। ਕਲਾ ਦੇ ਪ੍ਰੇਮੀ ਉਸ ਦੀ ਵਡਿਆਈ ਕਰਨ ਲੱਗ ਪਏ। ਯੂਰਪ ਦਿਆਂ ਕਈਆਂ ਸ਼ਹਿਰਾਂ ਵਿਚ ਉਸ ਦੇ ਕਈ ਬੁੱਤ ਦਿਖਾਏ ਗਏ। ਉਸ ਸਮੇਂ ਬਾਰੇ ਚਿਲੋ ਦੱਸਦਾ ਹੈ: “ਮੇਰੀ ਜ਼ਿੰਦਗੀ ਵਿਚ ਉਦੋਂ ਕਲਾ ਤੋਂ ਸਿਵਾਇ ਕੁਝ ਨਹੀਂ ਸੀ। ਪਰ ਸਮੇਂ ਦੇ ਬੀਤਣ ਨਾਲ ਮੈਂ ਜਾਣਿਆ ਕਿ ਜੇ ਮੈਂ ਆਪਣੇ ਪੇਸ਼ੇ ਵਿਚ ਲੱਗਾ ਰਿਹਾ ਤਾਂ ਮੈਂ ਦੋ ਮਾਲਕਾਂ ਦੀ ਸੇਵਾ ਕਰਦਾ ਹੋਵਾਂਗਾ। (ਮੱਤੀ 6:24) ਮੈਨੂੰ ਪੂਰਾ ਯਕੀਨ ਸੀ ਕਿ ਸਭ ਤੋਂ ਜ਼ਰੂਰੀ ਕੰਮ ਜੋ ਮੈਂ ਕਰ ਸਕਦਾ ਸੀ ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸੀ। ਇਸ ਲਈ ਮੈਂ ਨਿੱਜੀ ਫ਼ੈਸਲਾ ਕੀਤਾ ਕਿ ਮੈਂ ਬੁੱਤਕਾਰੀ ਦਾ ਕੰਮ ਛੱਡ ਦਿਆਂਗਾ।”
ਸਭ ਤੋਂ ਜ਼ਰੂਰੀ ਚੀਜ਼ ਕੀ ਹੈ?
ਜਾਨ ਤੋਂ ਬਗੈਰ ਨਾ ਕਿਸੇ ਚੀਜ਼ ਦੀ ਕੀਮਤ ਹੈ ਅਤੇ ਨਾ ਉਸ ਦੀ ਜ਼ਰੂਰਤ ਹੈ। ਇਸ ਲਈ ਸਾਨੂੰ ਜ਼ਿੰਦਾ ਰਹਿਣ ਲਈ ਕੀ ਕਰਨਾ ਚਾਹੀਦਾ ਹੈ? ਜੀਵਨ ਯਹੋਵਾਹ ਪਰਮੇਸ਼ੁਰ ਤੋਂ ਸ਼ੁਰੂ ਹੋਇਆ ਸੀ। (ਜ਼ਬੂਰ 36:9) “ਓਸੇ ਵਿੱਚ ਅਸੀਂ ਜੀਉਂਦੇ ਅਰ ਤੁਰਦੇ ਫਿਰਦੇ ਅਤੇ ਮਜੂਦ ਹਾਂ।” (ਰਸੂਲਾਂ ਦੇ ਕਰਤੱਬ 17:28) ਜਿਨ੍ਹਾਂ ਨਾਲ ਉਹ ਪਿਆਰ ਕਰਦਾ ਹੈ ਉਨ੍ਹਾਂ ਨੂੰ ਉਹ ਹਮੇਸ਼ਾ ਜ਼ਿੰਦਾ ਰਹਿਣ ਦੀ ਬਖ਼ਸ਼ੀਸ਼ ਦਿੰਦਾ ਹੈ। (ਰੋਮੀਆਂ 6:23) ਇਸ ਬਖ਼ਸ਼ੀਸ਼ ਨੂੰ ਹਾਸਲ ਕਰਨ ਵਾਸਤੇ ਸਾਨੂੰ ਕੀ ਕਰਨ ਦੀ ਲੋੜ ਹੈ?
ਪਹਿਲਾਂ ਸਾਨੂੰ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਬਾਰੇ ਸੋਚਣ ਦੀ ਲੋੜ ਹੈ। ਉਸ ਨੂੰ ਖ਼ੁਸ਼ ਕਰਨਾ ਅਤੇ ਉਸ ਦੀ ਮਿਹਰ ਪ੍ਰਾਪਤ ਕਰਨੀ ਸਾਡੇ ਲਈ ਸਭ ਤੋਂ ਜ਼ਰੂਰੀ ਗੱਲ ਹੈ। ਜੇ ਸਾਡੇ ਨਾਲ ਉਹ ਖ਼ੁਸ਼ ਹੈ ਤਾਂ ਅਸੀਂ ਸੁਖੀ ਭਵਿੱਖ ਦੀ ਆਸ ਰੱਖ ਸਕਦੇ ਹਾਂ। ਪਰ ਉਸ ਦੀ ਮਿਹਰ ਤੋਂ ਬਗੈਰ ਸਾਡਾ ਭਵਿੱਖ ਖ਼ੁਸ਼ਹਾਲ ਨਹੀਂ ਹੋਵੇਗਾ। ਫਿਰ ਇਹ ਗੱਲ ਸਪੱਸ਼ਟ ਹੈ ਕਿ ਯਹੋਵਾਹ ਨਾਲ ਚੰਗਾ ਰਿਸ਼ਤਾ ਸਥਾਪਿਤ ਕਰਨ ਲਈ ਜਿਹੜੀ ਵੀ ਚੀਜ਼ ਸਾਡੀ ਮਦਦ ਕਰ ਸਕਦੀ ਹੈ ਉਹ ਬੜੀ ਕੀਮਤੀ ਹੈ।
ਸਾਨੂੰ ਕੀ ਕਰਨ ਦੀ ਲੋੜ ਹੈ
ਗਿਆਨ ਹਾਸਲ ਕਰ ਕੇ ਕਾਮਯਾਬੀ ਹਾਸਲ ਹੋ ਸਕਦੀ ਹੈ। ਸੱਚਾ ਗਿਆਨ ਯਹੋਵਾਹ ਦੇ ਬਚਨ, ਬਾਈਬਲ, ਤੋਂ ਮਿਲਦਾ ਹੈ। ਸਿਰਫ਼ ਉਸ ਤੋਂ ਅਸੀਂ ਜਾਣ ਸਕਦੇ ਹਾਂ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ। ਇਸ ਕਰਕੇ ਸਾਡੇ ਲਈ ਬਹੁਤੀ ਜ਼ਰੂਰੀ ਹੈ ਕਿ ਅਸੀਂ ਬਾਈਬਲ ਦੀ ਸਟੱਡੀ ਕਰੀਏ। ਮਿਹਨਤ ਨਾਲ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਬਾਰੇ ਗਿਆਨ ਲੈ ਕੇ ਅਸੀਂ ਸਦੀਪਕ ਜੀਉਣ ਹਾਸਲ ਕਰ ਸਕਦੇ ਹਾਂ। (ਯੂਹੰਨਾ 17:3) ਅਜਿਹੇ ਗਿਆਨ ਦੀ ਸਾਨੂੰ ਕਿੰਨੀ ਕਦਰ ਕਰਨੀ ਚਾਹੀਦੀ ਹੈ!—ਕਹਾਉਤਾਂ 2:1-5.
ਪਰਮੇਸ਼ੁਰ ਦੇ ਬਚਨ ਵਿੱਚੋਂ ਗਿਆਨ ਹਾਸਲ ਕਰਨ ਤੋਂ ਬਾਅਦ ਅਸੀਂ ਦੂਸਰਾ ਕਦਮ ਚੁੱਕ ਸਕਦੇ ਹਾਂ, ਯਾਨੀ ਯਿਸੂ ਮਸੀਹ ਵਿਚ ਵਿਸ਼ਵਾਸ ਕਰਨਾ। ਯਹੋਵਾਹ ਦਾ ਹੁਕਮ ਹੈ ਕਿ ਹਰ ਕੋਈ ਜੋ ਉਸ ਕੋਲ ਆਉਣਾ ਚਾਹੁੰਦਾ ਹੈ ਯਿਸੂ ਦੇ ਰਾਹੀਂ ਆਵੇ। (ਯੂਹੰਨਾ 14:6) ਯਿਸੂ ਰਾਹੀਂ ਕਿਉਂ? ਕਿਉਂਕਿ “ਕਿਸੇ ਦੂਏ ਤੋਂ ਮੁਕਤੀ ਨਹੀਂ।” (ਰਸੂਲਾਂ ਦੇ ਕਰਤੱਬ 4:12) ਸਾਨੂੰ ‘ਚਾਂਦੀ ਸੋਨੇ ਨਾਲ ਨਹੀਂ ਸਗੋਂ ਮਸੀਹ ਦੇ ਅਮੋਲਕ ਲਹੂ’ ਦੇ ਆਧਾਰ ਤੇ ਹੀ ਜ਼ਿੰਦਗੀ ਮਿਲ ਸਕਦੀ ਹੈ। (1 ਪਤਰਸ 1:18, 19) ਸਾਨੂੰ ਯਿਸੂ ਦੀ ਸਿੱਖਿਆ ਵਿਚ ਵਿਸ਼ਵਾਸ ਕਰ ਕੇ ਅਤੇ ਉਸ ਦੀ ਰੀਸ ਕਰ ਕੇ ਆਪਣੀ ਨਿਹਚਾ ਦਾ ਸਬੂਤ ਦੇਣਾ ਚਾਹੀਦਾ ਹੈ। (ਇਬਰਾਨੀਆਂ 12:1-3; 1 ਪਤਰਸ 2:21) ਅਤੇ ਉਸ ਦੇ ਬਲੀਦਾਨ ਦੀ ਕਿੰਨੀ ਕੀਮਤ ਹੈ? ਸਾਰੀ ਮਨੁੱਖਜਾਤੀ ਦਾ ਭਵਿੱਖ ਉਸ ਬਲੀਦਾਨ ਉੱਤੇ ਟਿਕਿਆ ਹੋਇਆ ਹੈ। ਜਦੋਂ ਉਹ ਸਾਡੇ ਉੱਤੇ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ, ਤਾਂ ਸਾਨੂੰ ਹਮੇਸ਼ਾ ਜ਼ਿੰਦਾ ਰਹਿਣ ਦੀ ਬਖ਼ਸ਼ੀਸ਼ ਦਿੱਤੀ ਜਾਵੇਗੀ।—ਯੂਹੰਨਾ 3:16.
ਯਿਸੂ ਨੇ ਕਿਹਾ ਸੀ ਕਿ “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।” (ਮੱਤੀ 22:37) ਯਹੋਵਾਹ ਨਾਲ ਪ੍ਰੇਮ ਕਰਨ ਦਾ ਮਤਲਬ ਹੈ ਕਿ “ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ।” (1 ਯੂਹੰਨਾ 5:3) ਉਸ ਦੇ ਹੁਕਮਾਂ ਅਨੁਸਾਰ ਸਾਨੂੰ ਜਗਤ ਤੋਂ ਅਲਹਿਦਾ ਰਹਿਣਾ ਚਾਹੀਦਾ ਹੈ, ਨੇਕ ਚਾਲ-ਚਲਣ ਰੱਖਣਾ ਚਾਹੀਦਾ ਹੈ, ਅਤੇ ਈਮਾਨਦਾਰੀ ਨਾਲ ਉਸ ਦੇ ਰਾਜ ਦਾ ਪੱਖ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਮੌਤ ਦੀ ਬਜਾਇ ‘ਜੀਵਨ ਨੂੰ ਚੁਣਦੇ ਹਾਂ।’ (ਬਿਵਸਥਾ ਸਾਰ 30:19) ਜੇ ਅਸੀਂ ‘ਪਰਮੇਸ਼ੁਰ ਦੇ ਨੇੜੇ ਜਾਵਾਂਗੇ ਤਾਂ ਉਹ ਸਾਡੇ ਨੇੜੇ ਆਵੇਗਾ।’—ਯਾਕੂਬ 4:8.
ਪਰਮੇਸ਼ੁਰ ਦੀ ਮਿਹਰ ਦੀ ਤੁਲਨਾ ਵਿਚ ਦੁਨੀਆਂ ਦੇ ਸਾਰੇ ਖ਼ਜ਼ਾਨੇ ਕੁਝ ਨਹੀਂ ਹਨ। ਜਿਨ੍ਹਾਂ ਕੋਲ ਪਰਮੇਸ਼ੁਰ ਦੀ ਮਿਹਰ ਹੈ ਉਨ੍ਹਾਂ ਜਿਨ੍ਹਾਂ ਅਮੀਰ ਧਰਤੀ ਤੇ ਕੋਈ ਨਹੀਂ! ਤਾਂ ਫਿਰ ਆਓ ਆਪਾਂ ਯਹੋਵਾਹ ਦੀ ਮਨਜ਼ੂਰੀ ਭਾਲੀਏ ਜੋ ਕਿ ਸਭ ਤੋਂ ਜ਼ਰੂਰੀ ਅਤੇ ਕੀਮਤੀ ਚੀਜ਼ ਹੈ। ਆਪਾਂ ਪੌਲੁਸ ਰਸੂਲ ਦੀ ਗੱਲ ਨੂੰ ਵੀ ਦਿਲ ਤੇ ਰੱਖ ਸਕਦੇ ਹਾਂ: ‘ਧਰਮ, ਭਗਤੀ, ਨਿਹਚਾ, ਪ੍ਰੇਮ, ਧੀਰਜ, ਨਰਮਾਈ ਦੇ ਮਗਰ ਲੱਗੇ ਰਹੋ। ਨਿਹਚਾ ਦੀ ਚੰਗੀ ਲੜਾਈ ਲੜੋ, ਸਦੀਪਕ ਜੀਵਨ ਨੂੰ ਫੜੋ।’—1 ਤਿਮੋਥਿਉਸ 6:11, 12.
[ਸਫ਼ੇ 21 ਉੱਤੇ ਤਸਵੀਰਾਂ]
ਤੁਹਾਡੇ ਲਈ ਕੀ ਕੀਮਤੀ ਅਤੇ ਜ਼ਰੂਰੀ ਹੈ? ਪੈਸਾ, ਚੀਜ਼ਾਂ, ਮਸ਼ਹੂਰੀ, ਜਾਂ ਕੋਈ ਹੋਰ ਚੀਜ਼?
[ਸਫ਼ੇ 23 ਉੱਤੇ ਤਸਵੀਰ]
ਸਾਨੂੰ ਮਿਹਨਤ ਨਾਲ ਬਾਈਬਲ ਦੀ ਸਟੱਡੀ ਕਰਨੀ ਚਾਹੀਦੀ ਹੈ