Skip to content

Skip to table of contents

ਆਪਣੇ ਬੱਚਿਆਂ ਨੂੰ ਸਿਖਲਾਈ ਦੇਣ ਵਿਚ ਯਹੋਵਾਹ ਦੀ ਨਕਲ ਕਰੋ

ਆਪਣੇ ਬੱਚਿਆਂ ਨੂੰ ਸਿਖਲਾਈ ਦੇਣ ਵਿਚ ਯਹੋਵਾਹ ਦੀ ਨਕਲ ਕਰੋ

ਆਪਣੇ ਬੱਚਿਆਂ ਨੂੰ ਸਿਖਲਾਈ ਦੇਣ ਵਿਚ ਯਹੋਵਾਹ ਦੀ ਨਕਲ ਕਰੋ

“ਉਹ ਕਿਹੜਾ ਪੁੱਤ੍ਰ ਹੈ ਜਿਹ ਨੂੰ ਪਿਉ ਨਹੀਂ ਤਾੜਦਾ?”​—ਇਬਰਾਨੀਆਂ 12:7.

1, 2. ਅੱਜ-ਕੱਲ੍ਹ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪਾਲਣਾ ਕਰਨ ਵਿਚ ਕਿਉਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ?

ਕੁਝ ਸਾਲ ਪਹਿਲਾਂ ਜਪਾਨ ਵਿਚ ਇਕ ਸਰਵੇਖਣ ਕੀਤਾ ਗਿਆ ਸੀ ਜਿਸ ਵਿਚ ਤਕਰੀਬਨ ਅੱਧੇ ਲੋਕਾਂ ਨੇ ਮੰਨਿਆ ਕਿ ਮਾਪੇ ਆਪਣੇ ਬੱਚਿਆਂ ਨਾਲ ਘੱਟ-ਵੱਧ ਹੀ ਗੱਲ ਕਰਦੇ ਸਨ ਅਤੇ ਕਿ ਮਾਪੇ ਆਪਣੇ ਬੱਚਿਆਂ ਦੀ ਹਰ ਮੰਗ ਪੂਰੀ ਕਰਦੇ ਸਨ। ਜਪਾਨ ਵਿਚ ਕੀਤੇ ਗਏ ਇਕ ਹੋਰ ਸਰਵੇਖਣ ਵਿਚ ਤਕਰੀਬਨ ਇਕ ਚੌਥਾਈ ਲੋਕਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਆਪਣੇ ਬੱਚਿਆਂ ਨਾਲ ਕਿੱਦਾਂ ਗੱਲਬਾਤ ਕਰਨ। ਇਹ ਸਮੱਸਿਆ ਸਿਰਫ਼ ਪੂਰਬੀ ਦੇਸ਼ਾਂ ਵਿਚ ਹੀ ਨਹੀਂ ਹੈ। “ਬਹੁਤ ਸਾਰੇ ਕੈਨੇਡੀਆਈ ਮਾਤਾ-ਪਿਤਾ ਮੰਨਦੇ ਹਨ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਚੰਗੇ ਮਾਪੇ ਕਿਵੇਂ ਬਣਨ,” ਦ ਟੋਰੌਂਟੋ ਸਟਾਰ ਅਖ਼ਬਾਰ ਨੇ ਰਿਪੋਰਟ ਕੀਤਾ। ਹਰ ਜਗ੍ਹਾ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪਾਲਣਾ ਕਰਨ ਵਿਚ ਮੁਸ਼ਕਲ ਪੇਸ਼ ਆ ਰਹੀ ਹੈ।

2 ਮਾਪਿਆਂ ਲਈ ਆਪਣੇ ਬੱਚਿਆਂ ਦੀ ਪਾਲਣਾ ਕਰਨੀ ਐਨੀ ਮੁਸ਼ਕਲ ਕਿਉਂ ਹੈ? ਇਕ ਵੱਡਾ ਕਾਰਨ ਹੈ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ ਅਤੇ ਇਹ ਬਹੁਤ “ਭੈੜੇ ਸਮੇਂ” ਹਨ। (2 ਤਿਮੋਥਿਉਸ 3:1) ਇਸ ਤੋਂ ਇਲਾਵਾ, ਬਾਈਬਲ ਦੱਸਦੀ ਹੈ ਕਿ “ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ ਹੈ।” (ਉਤਪਤ 8:21) ਅਤੇ ਖ਼ਾਸ ਕਰਕੇ ਨੌਜਵਾਨ ਸ਼ਤਾਨ ਦੇ ਹਮਲਿਆਂ ਦਾ ਨਿਸ਼ਾਨਾ ਬਣਦੇ ਹਨ ਜਿਹੜਾ “ਬੁਕਦੇ ਸ਼ੀਂਹ ਵਾਂਙੁ” ਅਨਾੜੀ ਲੋਕਾਂ ਦਾ ਸ਼ਿਕਾਰ ਕਰਦਾ ਹੈ। (1 ਪਤਰਸ 5:8) ਮਸੀਹੀ ਮਾਪਿਆਂ ਨੂੰ ਹੋਰ ਵੀ ਜ਼ਿਆਦਾ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਹੜੇ ਆਪਣੇ ਬੱਚਿਆਂ ਦੀ ‘ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਪਾਲਨਾ ਕਰਨੀ’ ਚਾਹੁੰਦੇ ਹਨ। (ਅਫ਼ਸੀਆਂ 6:4) ਮਾਪੇ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹਨ ਕਿ ਉਹ ਯਹੋਵਾਹ ਦੇ ਪਰਿਪੱਕ ਉਪਾਸਕ ਬਣਨ ਅਤੇ “ਭਲੇ ਬੁਰੇ ਦੀ ਜਾਚ” ਕਰ ਸਕਣ।​—ਇਬਰਾਨੀਆਂ 5:14.

3. ਬੱਚਿਆਂ ਦੀ ਸਹੀ ਤਰੀਕੇ ਨਾਲ ਪਾਲਣਾ ਕਰਨ ਲਈ ਉਨ੍ਹਾਂ ਨੂੰ ਸਿਖਲਾਈ ਅਤੇ ਅਗਵਾਈ ਦੇਣੀ ਕਿਉਂ ਜ਼ਰੂਰੀ ਹੈ?

3 ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ: “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ।” (ਕਹਾਉਤਾਂ 13:1; 22:15) ਨੌਜਵਾਨਾਂ ਦੇ ਦਿਲਾਂ ਵਿੱਚੋਂ ਮੂਰਖਤਾਈ ਨੂੰ ਕੱਢਣ ਲਈ ਉਨ੍ਹਾਂ ਨੂੰ ਆਪਣੇ ਮਾਪਿਆਂ ਦੀ ਪਿਆਰ ਭਰੀ ਤਾੜਨਾ ਦੀ ਲੋੜ ਹੈ। ਪਰ ਨੌਜਵਾਨਾਂ ਨੂੰ ਕਈ ਵਾਰ ਤਾੜਨਾ ਚੰਗੀ ਨਹੀਂ ਲੱਗਦੀ। ਅਸਲ ਵਿਚ, ਤਾੜਨਾ ਦੇਣ ਵਾਲਾ ਭਾਵੇਂ ਜਿਹੜਾ ਮਰਜ਼ੀ ਹੋਵੇ, ਨੌਜਵਾਨ ਅਕਸਰ ਇਸ ਦਾ ਬੁਰਾ ਮਨਾਉਂਦੇ ਹਨ। ਇਸ ਲਈ ਮਾਪਿਆਂ ਨੂੰ ਸਿੱਖਣਾ ਚਾਹੀਦਾ ਹੈ ਕਿ ਉਹ “ਬਾਲਕ ਨੂੰ ਉਹ ਦਾ ਠੀਕ ਰਾਹ” ਕਿੱਦਾਂ ਸਿਖਾ ਸਕਦੇ ਹਨ। (ਕਹਾਉਤਾਂ 22:6) ਮਾਪਿਆਂ ਦੀ ਸਿੱਖਿਆ ਉੱਤੇ ਚੱਲਣ ਨਾਲ ਉਨ੍ਹਾਂ ਨੂੰ ਜ਼ਿੰਦਗੀ ਮਿਲ ਸਕਦੀ ਹੈ। (ਕਹਾਉਤਾਂ 4:13) ਇਸ ਲਈ, ਮਾਪਿਆਂ ਲਈ ਇਹ ਜਾਣਨਾ ਕਿੰਨਾ ਜ਼ਰੂਰੀ ਹੈ ਕਿ ਬੱਚਿਆਂ ਨੂੰ ਸਿਖਲਾਈ ਦੇਣ ਵਿਚ ਕੀ-ਕੀ ਸ਼ਾਮਲ ਹੈ!

ਤਾੜਨਾ—ਇਸ ਦਾ ਕੀ ਮਤਲਬ ਹੈ

4. ਬਾਈਬਲ ਵਿਚ ਇਸਤੇਮਾਲ ਕੀਤੇ ਗਏ ਸ਼ਬਦ “ਤਾੜਨਾ” ਦਾ ਮੁੱਖ ਤੌਰ ਤੇ ਕੀ ਮਤਲਬ ਹੈ?

4 ਕੁਝ ਮਾਪੇ ਇਸ ਕਰਕੇ ਆਪਣੇ ਬੱਚਿਆਂ ਨੂੰ ਤਾੜਨਾ ਦੇਣ ਤੋਂ ਝਕਦੇ ਹਨ ਕਿਉਂਕਿ ਉਹ ਡਰਦੇ ਹਨ ਕਿ ਲੋਕ ਉਨ੍ਹਾਂ ਉੱਤੇ ਦੋਸ਼ ਲਾਉਣਗੇ ਕਿ ਉਹ ਆਪਣੇ ਬੱਚਿਆਂ ਨਾਲ ਸਰੀਰਕ, ਜ਼ਬਾਨੀ ਜਾਂ ਭਾਵਨਾਤਮਕ ਤੌਰ ਤੇ ਬਦਸਲੂਕੀ ਕਰਦੇ ਹਨ। ਪਰ ਸਾਨੂੰ ਆਪਣੇ ਦਿਲਾਂ ਵਿਚ ਇੱਦਾਂ ਦਾ ਡਰ ਰੱਖਣ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਜਿਸ ਤਰੀਕੇ ਨਾਲ ਬਾਈਬਲ ਵਿਚ ਸ਼ਬਦ “ਤਾੜਨਾ” ਇਸਤੇਮਾਲ ਕੀਤਾ ਗਿਆ, ਇਸ ਦਾ ਮਤਲਬ ਕਿਸੇ ਕਿਸਮ ਦੀ ਬਦਸਲੂਕੀ ਜਾਂ ਬੇਰਹਿਮੀ ਕਰਨੀ ਨਹੀਂ ਹੈ। “ਤਾੜਨਾ” ਲਈ ਯੂਨਾਨੀ ਸ਼ਬਦ ਦਾ ਮੁੱਖ ਤੌਰ ਤੇ ਮਤਲਬ ਹੈ ਉਪਦੇਸ਼ ਜਾਂ ਸਿੱਖਿਆ ਦੇਣੀ, ਸੁਧਾਰਨਾ ਅਤੇ ਕਈ ਵਾਰ ਦ੍ਰਿੜ੍ਹਤਾ ਨਾਲ ਪਰ ਪਿਆਰ ਨਾਲ ਸਜ਼ਾ ਦੇਣੀ।

5. ਯਹੋਵਾਹ ਦੁਆਰਾ ਆਪਣੇ ਲੋਕਾਂ ਨੂੰ ਸਿਖਾਉਣ ਦੇ ਤਰੀਕੇ ਉੱਤੇ ਵਿਚਾਰ ਕਰਨਾ ਕਿਉਂ ਫ਼ਾਇਦੇਮੰਦ ਹੈ?

5 ਯਹੋਵਾਹ ਨੇ ਅਜਿਹੀ ਤਾੜਨਾ ਦੇਣ ਦੇ ਮਾਮਲੇ ਵਿਚ ਬਿਹਤਰੀਨ ਮਿਸਾਲ ਕਾਇਮ ਕੀਤੀ ਹੈ। ਯਹੋਵਾਹ ਦੀ ਤੁਲਨਾ ਇਨਸਾਨੀ ਪਿਤਾ ਨਾਲ ਕਰਦੇ ਹੋਏ ਪੌਲੁਸ ਰਸੂਲ ਨੇ ਲਿਖਿਆ: “ਉਹ ਕਿਹੜਾ ਪੁੱਤ੍ਰ ਹੈ ਜਿਹ ਨੂੰ ਪਿਉ ਨਹੀਂ ਤਾੜਦਾ? . . . ਸਾਡੇ ਸਰੀਰਕ ਪਿਉ . . . ਤਾਂ ਥੋੜੇ ਦਿਨਾਂ ਦੇ ਲਈ ਆਪਣੀ ਸਮਝ ਦੇ ਅਨੁਸਾਰ ਤਾੜਨਾ ਕਰਦੇ ਸਨ ਪਰ [ਪਰਮੇਸ਼ੁਰ] ਇਹ ਲਾਭ ਦੇ ਲਈ ਕਰਦਾ ਹੈ ਭਈ ਅਸੀਂ ਉਹ ਦੀ ਪਵਿੱਤਰਤਾਈ ਵਿੱਚ ਸਾਂਝੀ ਹੋਈਏ।” (ਇਬਰਾਨੀਆਂ 12:7-10) ਜੀ ਹਾਂ, ਯਹੋਵਾਹ ਆਪਣੇ ਲੋਕਾਂ ਨੂੰ ਇਸੇ ਲਈ ਤਾੜਨਾ ਦਿੰਦਾ ਹੈ ਤਾਂਕਿ ਉਹ ਪਵਿੱਤਰ ਜਾਂ ਸ਼ੁੱਧ ਹੋਣ। ਯਕੀਨਨ ਅਸੀਂ ਯਹੋਵਾਹ ਦੇ ਆਪਣੇ ਲੋਕਾਂ ਨੂੰ ਸਿਖਾਉਣ ਦੇ ਤਰੀਕੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਕਿ ਸਾਨੂੰ ਆਪਣੇ ਬੱਚਿਆਂ ਨੂੰ ਕਿਵੇਂ ਤਾੜਨਾ ਦੇਣੀ ਚਾਹੀਦੀ ਹੈ।​—ਬਿਵਸਥਾ ਸਾਰ 32:4; ਮੱਤੀ 7:11; ਅਫ਼ਸੀਆਂ 5:1.

ਪਿਆਰ—ਇਕ ਪ੍ਰੇਰਣਾ-ਸ਼ਕਤੀ

6. ਯਹੋਵਾਹ ਦੇ ਪਿਆਰ ਦੀ ਨਕਲ ਕਰਨੀ ਮਾਪਿਆਂ ਲਈ ਮੁਸ਼ਕਲ ਕਿਉਂ ਹੋ ਸਕਦੀ ਹੈ?

6 ਯੂਹੰਨਾ ਰਸੂਲ ਦੱਸਦਾ ਹੈ: “ਪਰਮੇਸ਼ੁਰ ਪ੍ਰੇਮ ਹੈ।” ਇਸ ਲਈ ਯਹੋਵਾਹ ਜੋ ਸਿਖਲਾਈ ਦਿੰਦਾ ਹੈ, ਉਸ ਦੇ ਪਿੱਛੇ ਪ੍ਰੇਰਣਾ-ਸ਼ਕਤੀ ਹਮੇਸ਼ਾ ਹੀ ਪਿਆਰ ਹੁੰਦੀ ਹੈ। (1 ਯੂਹੰਨਾ 4:8; ਕਹਾਉਤਾਂ 3:11, 12) ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਮਾਪਿਆਂ ਦਾ ਆਪਣੇ ਬੱਚਿਆਂ ਨਾਲ ਮੋਹ ਹੈ, ਉਨ੍ਹਾਂ ਲਈ ਇਸ ਮਾਮਲੇ ਵਿਚ ਯਹੋਵਾਹ ਦੀ ਨਕਲ ਕਰਨੀ ਆਸਾਨ ਹੋਵੇਗੀ? ਜ਼ਰੂਰੀ ਨਹੀਂ। ਪਰਮੇਸ਼ੁਰ ਦਾ ਪਿਆਰ ਸਿਧਾਂਤਾਂ ਉੱਤੇ ਆਧਾਰਿਤ ਪਿਆਰ ਹੈ। ਅਤੇ ਯੂਨਾਨੀ ਸ਼ਾਸਤਰ ਦਾ ਇਕ ਵਿਦਵਾਨ ਕਹਿੰਦਾ ਹੈ ਕਿ ਕਿਸੇ ਵਿਅਕਤੀ ਲਈ ਸਿਧਾਂਤਾਂ ਉੱਤੇ ਆਧਾਰਿਤ ਪਿਆਰ ਦਿਖਾਉਣ ਲਈ “ਹਮੇਸ਼ਾ ਉਸ ਨਾਲ ਕੁਦਰਤੀ ਪਿਆਰ ਹੋਣਾ ਜ਼ਰੂਰੀ ਨਹੀਂ।” ਪਰਮੇਸ਼ੁਰ ਕਦੀ ਵੀ ਜਜ਼ਬਾਤਾਂ ਵਿਚ ਵਹਿ ਕੇ ਕੋਈ ਕੰਮ ਨਹੀਂ ਕਰਦਾ। ਉਹ ਹਮੇਸ਼ਾ ਆਪਣੇ ਲੋਕਾਂ ਦਾ ਭਲਾ ਸੋਚਦਾ ਹੈ।​—ਯਸਾਯਾਹ 30:20; 48:17.

7, 8. (ੳ) ਯਹੋਵਾਹ ਨੇ ਆਪਣੇ ਲੋਕਾਂ ਪ੍ਰਤੀ ਸਿਧਾਂਤਾਂ ਉੱਤੇ ਆਧਾਰਿਤ ਪਿਆਰ ਦਿਖਾਉਣ ਵਿਚ ਕਿਹੜੀ ਮਿਸਾਲ ਕਾਇਮ ਕੀਤੀ? (ਅ) ਆਪਣੇ ਬੱਚਿਆਂ ਨੂੰ ਬਾਈਬਲ ਦੇ ਸਿਧਾਂਤਾਂ ਉੱਤੇ ਚੱਲਣ ਦੀ ਸਿਖਲਾਈ ਦੇਣ ਵਿਚ ਮਾਪੇ ਯਹੋਵਾਹ ਦੀ ਮਿਸਾਲ ਦੀ ਕਿਵੇਂ ਨਕਲ ਕਰ ਸਕਦੇ ਹਨ?

7 ਧਿਆਨ ਦਿਓ ਕਿ ਯਹੋਵਾਹ ਕਿਵੇਂ ਇਸਰਾਏਲੀਆਂ ਨਾਲ ਪਿਆਰ ਨਾਲ ਪੇਸ਼ ਆਇਆ ਸੀ। ਨਵੀਂ ਇਸਰਾਏਲ ਕੌਮ ਲਈ ਯਹੋਵਾਹ ਦੇ ਪਿਆਰ ਦਾ ਵਰਣਨ ਕਰਨ ਲਈ ਮੂਸਾ ਨੇ ਬਹੁਤ ਵਧੀਆ ਉਦਾਹਰਣ ਇਸਤੇਮਾਲ ਕੀਤੀ। ਅਸੀਂ ਪੜ੍ਹਦੇ ਹਾਂ: “ਜਿਵੇਂ ਉਕਾਬ ਆਪਣੇ ਆਹਲਣੇ ਨੂੰ ਹਿਲਾਉਂਦਾ, ਆਪਣੇ ਬੱਚਿਆਂ ਉੱਤੇ ਫੜ ਫੜਾਉਂਦਾ ਹੈ, ਆਪਣੇ ਪਰ ਫੈਲਾ ਕੇ ਉਨ੍ਹਾਂ ਨੂੰ ਲੈਂਦਾ ਹੈ, ਆਪਣੇ ਖੰਭਾਂ ਉੱਤੇ ਉਨ੍ਹਾਂ ਨੂੰ ਚੁੱਕਦਾ ਹੈ, ਤਿਵੇਂ ਯਹੋਵਾਹ ਹੀ ਨੇ [ਯਾਕੂਬ] ਦੀ ਅਗਵਾਈ ਕੀਤੀ।” (ਬਿਵਸਥਾ ਸਾਰ 32:9, 11, 12) ਜਦੋਂ ਮਾਦਾ ਉਕਾਬ ਆਪਣੇ ਬੱਚੇ ਨੂੰ ਉੱਡਣਾ ਸਿਖਾਉਂਦੀ ਹੈ, ਤਾਂ ਉਦੋਂ ਉਹ ‘ਆਪਣੇ ਆਹਲਣੇ ਨੂੰ ਹਿਲਾਉਂਦੀ ਹੈ’ ਤੇ ਆਪਣੇ ਬੱਚੇ ਨੂੰ ਉੱਡਣ ਦੀ ਹੱਲਾਸ਼ੇਰੀ ਦੇਣ ਲਈ ਆਪਣੇ ਖੰਭਾਂ ਨੂੰ ਫੜਫੜਾਉਂਦੀ ਹੈ। ਫਿਰ ਜਦੋਂ ਬੱਚਾ ਆਲ੍ਹਣੇ ਵਿੱਚੋਂ ਛਲਾਂਗ ਮਾਰਦਾ ਹੈ, ਜੋ ਕਿ ਅਕਸਰ ਕਿਸੇ ਉੱਚੀ ਚਟਾਨ ਉੱਤੇ ਬਣਿਆ ਹੁੰਦਾ ਹੈ, ਤਾਂ ਉਸ ਦੀ ਮਾਂ ਆਪਣੇ ਬੱਚੇ ਉੱਤੇ ‘ਫੜ ਫੜਾਉਂਦੀ’ ਹੈ। ਜੇ ਮਾਂ ਨੂੰ ਲੱਗਦਾ ਹੈ ਕਿ ਉਸ ਦਾ ਬੱਚਾ ਜ਼ਮੀਨ ਤੇ ਡਿੱਗ ਪਵੇਗਾ, ਤਾਂ ਉਹ ਥੱਲਿਓਂ ਦੀ ਆ ਕੇ ‘ਆਪਣੇ ਖੰਭਾਂ ਉੱਤੇ ਉਸ ਨੂੰ ਚੁੱਕ ਲੈਂਦੀ ਹੈ।’ ਇਸੇ ਤਰ੍ਹਾਂ ਯਹੋਵਾਹ ਨੇ ਆਪਣੀ ਨਵੀਂ ਬਣੀ ਕੌਮ ਦੀ ਪਿਆਰ ਨਾਲ ਦੇਖ-ਭਾਲ ਕੀਤੀ। ਉਸ ਨੇ ਲੋਕਾਂ ਨੂੰ ਮੂਸਾ ਦੀ ਬਿਵਸਥਾ ਦਿੱਤੀ। (ਜ਼ਬੂਰ 78:5-7) ਫਿਰ ਯਹੋਵਾਹ ਨੇ ਇਸਰਾਏਲ ਕੌਮ ਦੀ ਰੱਖਿਆ ਕੀਤੀ ਅਤੇ ਉਹ ਮੁਸੀਬਤ ਵੇਲੇ ਆਪਣੇ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਿਹਾ।

8 ਮਸੀਹੀ ਮਾਪੇ ਯਹੋਵਾਹ ਦੇ ਪਿਆਰ ਦੀ ਨਕਲ ਕਿਵੇਂ ਕਰ ਸਕਦੇ ਹਨ? ਪਹਿਲਾਂ, ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਬਚਨ ਵਿਚ ਦਿੱਤੇ ਸਿਧਾਂਤ ਅਤੇ ਮਿਆਰ ਸਿਖਾਉਣੇ ਚਾਹੀਦੇ ਹਨ। (ਬਿਵਸਥਾ ਸਾਰ 6:4-9) ਬੱਚਿਆਂ ਨੂੰ ਇਸ ਤਰੀਕੇ ਨਾਲ ਸਿੱਖਿਆ ਦੇਣੀ ਚਾਹੀਦੀ ਹੈ ਕਿ ਉਹ ਬਾਈਬਲ ਦੇ ਸਿਧਾਂਤਾਂ ਦੇ ਮੁਤਾਬਕ ਫ਼ੈਸਲਾ ਕਰਨਾ ਸਿੱਖ ਸਕਣ। ਇਸ ਤਰ੍ਹਾਂ ਕਰਨ ਲਈ ਪਿਆਰ ਕਰਨ ਵਾਲੇ ਮਾਪੇ ਆਪਣੇ ਬੱਚਿਆਂ ਦੀ ਨਿਗਰਾਨੀ ਕਰਦੇ ਹਨ, ਮਾਨੋ ਉਹ ਉਕਾਬ ਵਾਂਗ ਉਨ੍ਹਾਂ ਦੇ ਉੱਪਰ ਫੜ ਫੜਾਉਂਦੇ ਹਨ, ਇਹ ਦੇਖਣ ਲਈ ਕਿ ਉਨ੍ਹਾਂ ਦੇ ਬੱਚੇ ਬਾਈਬਲ ਦੇ ਸਿਧਾਂਤਾਂ ਨੂੰ ਕਿਵੇਂ ਲਾਗੂ ਕਰਦੇ ਹਨ। ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਹੌਲੀ-ਹੌਲੀ ਜ਼ਿਆਦਾ ਖੁੱਲ੍ਹ ਦਿੱਤੀ ਜਾਂਦੀ ਹੈ, ਤਾਂ ਪਰਵਾਹ ਕਰਨ ਵਾਲੇ ਮਾਪੇ ‘ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਉੱਤੇ ਚੁੱਕਣ’ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਜਦੋਂ ਉਨ੍ਹਾਂ ਦੇ ਬੱਚੇ ਖ਼ਤਰੇ ਵਿਚ ਹੁੰਦੇ ਹਨ। ਕਿਸ ਤਰ੍ਹਾਂ ਦੇ ਖ਼ਤਰੇ ਵਿਚ?

9. ਪਿਆਰ ਕਰਨ ਵਾਲੇ ਮਾਪਿਆਂ ਨੂੰ ਕਿਹੜੇ ਇਕ ਖ਼ਾਸ ਖ਼ਤਰੇ ਪ੍ਰਤੀ ਸਚੇਤ ਰਹਿਣਾ ਚਾਹੀਦਾ ਹੈ? ਉਦਾਹਰਣ ਦੇ ਕੇ ਸਮਝਾਓ।

9 ਯਹੋਵਾਹ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਗ਼ਲਤ ਲੋਕਾਂ ਨਾਲ ਮਿਲਣ-ਗਿਲਣ ਦੇ ਨਤੀਜਿਆਂ ਬਾਰੇ ਚੇਤਾਵਨੀ ਦਿੱਤੀ ਸੀ। (ਗਿਣਤੀ 25:1-18; ਅਜ਼ਰਾ 10:10-14) ਅੱਜ ਵੀ ਗ਼ਲਤ ਲੋਕਾਂ ਨਾਲ ਸੰਗਤੀ ਕਰਨੀ ਇਕ ਆਮ ਖ਼ਤਰਾ ਹੈ। (1 ਕੁਰਿੰਥੀਆਂ 15:33) ਮਸੀਹੀ ਮਾਪਿਆਂ ਨੂੰ ਇਸ ਮਾਮਲੇ ਵਿਚ ਯਹੋਵਾਹ ਦੀ ਨਕਲ ਕਰਨੀ ਚਾਹੀਦੀ ਹੈ। ਪੰਦਰਾਂ ਸਾਲਾਂ ਦੀ ਲਿਜ਼ਾ ਇਕ ਮੁੰਡੇ ਵਿਚ ਦਿਲਚਸਪੀ ਲੈਣ ਲੱਗ ਪਈ ਜਿਹੜਾ ਉਸ ਦੇ ਪਰਿਵਾਰ ਦੀਆਂ ਨੈਤਿਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਉੱਤੇ ਨਹੀਂ ਚੱਲਦਾ ਸੀ। ਲਿਜ਼ਾ ਦੱਸਦੀ ਹੈ: “ਮੇਰੇ ਮਾਪਿਆਂ ਨੇ ਇਕਦਮ ਮੇਰੇ ਰਵੱਈਏ ਵਿਚ ਆਈ ਤਬਦੀਲੀ ਨੂੰ ਦੇਖ ਕੇ ਚਿੰਤਾ ਜ਼ਾਹਰ ਕੀਤੀ। ਕਈ ਵਾਰੀ ਉਨ੍ਹਾਂ ਨੇ ਮੈਨੂੰ ਝਿੜਕਿਆ ਤੇ ਕਈ ਵਾਰੀ ਪਿਆਰ ਨਾਲ ਮੈਨੂੰ ਸਮਝਾਇਆ।” ਉਨ੍ਹਾਂ ਨੇ ਲਿਜ਼ਾ ਨਾਲ ਬੈਠ ਕੇ ਧੀਰਜ ਨਾਲ ਉਸ ਦੀ ਗੱਲ ਸੁਣੀ ਤੇ ਅਸਲੀ ਸਮੱਸਿਆ ਨੂੰ ਤਾੜ ਲਿਆ ਅਤੇ ਇਸ ਨੂੰ ਹੱਲ ਕਰਨ ਵਿਚ ਉਸ ਦੀ ਮਦਦ ਕੀਤੀ। ਲਿਜ਼ਾ ਦੀ ਸਮੱਸਿਆ ਇਹ ਸੀ ਕਿ ਉਹ ਚਾਹੁੰਦੀ ਸੀ ਕਿ ਬਾਕੀ ਮੁੰਡੇ-ਕੁੜੀਆਂ ਉਸ ਨੂੰ ਆਪਣਾ ਦੋਸਤ ਮੰਨਣ। *

ਗੱਲਬਾਤ ਦਾ ਸਿਲਸਿਲਾ ਜਾਰੀ ਰੱਖੋ

10. ਇਸਰਾਏਲੀਆਂ ਨਾਲ ਗੱਲਬਾਤ ਕਰਨ ਦੇ ਸੰਬੰਧ ਵਿਚ ਯਹੋਵਾਹ ਨੇ ਕਿਨ੍ਹਾਂ ਤਰੀਕਿਆਂ ਨਾਲ ਵਧੀਆ ਮਿਸਾਲ ਕਾਇਮ ਕੀਤੀ?

10 ਆਪਣੇ ਬੱਚਿਆਂ ਨੂੰ ਸਿਖਲਾਈ ਦੇਣ ਵਿਚ ਕਾਮਯਾਬ ਹੋਣ ਲਈ ਮਾਪਿਆਂ ਨੂੰ ਉਨ੍ਹਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਣਾ ਚਾਹੀਦਾ ਹੈ। ਭਾਵੇਂ ਕਿ ਯਹੋਵਾਹ ਜਾਣਦਾ ਹੈ ਕਿ ਸਾਡੇ ਦਿਲਾਂ ਵਿਚ ਕੀ ਹੈ, ਫਿਰ ਵੀ ਉਹ ਸਾਨੂੰ ਪ੍ਰੇਰਣਾ ਦਿੰਦਾ ਹੈ ਕਿ ਅਸੀਂ ਉਸ ਨਾਲ ਗੱਲ ਕਰੀਏ। (1 ਇਤਹਾਸ 28:9) ਇਸਰਾਏਲੀਆਂ ਨੂੰ ਬਿਵਸਥਾ ਦੇਣ ਤੋਂ ਬਾਅਦ, ਯਹੋਵਾਹ ਨੇ ਲੇਵੀਆਂ ਦੇ ਜ਼ਿੰਮੇ ਇਹ ਕੰਮ ਲਾਇਆ ਸੀ ਕਿ ਉਹ ਇਸਰਾਏਲੀਆਂ ਨੂੰ ਸਿਖਾਉਣ ਅਤੇ ਉਸ ਨੇ ਨਬੀਆਂ ਨੂੰ ਵੀ ਘੱਲਿਆ ਤਾਂਕਿ ਉਹ ਲੋਕਾਂ ਨਾਲ ਤਰਕ ਕਰਨ ਅਤੇ ਉਨ੍ਹਾਂ ਨੂੰ ਤਾੜਨਾ ਦੇਣ। ਯਹੋਵਾਹ ਹਮੇਸ਼ਾ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਨ ਲਈ ਤਿਆਰ ਰਹਿੰਦਾ ਸੀ।—2 ਇਤਹਾਸ 17:7-9; ਜ਼ਬੂਰ 65:2; ਯਸਾਯਾਹ 1:1-3, 18-20; ਯਿਰਮਿਯਾਹ 25:4; ਗਲਾਤੀਆਂ 3:22-24.

11. (ੳ) ਮਾਪੇ ਆਪਣੇ ਬੱਚਿਆਂ ਨਾਲ ਗੱਲਬਾਤ ਕਰਨ ਦੇ ਸਿਲਸਿਲੇ ਨੂੰ ਕਿਵੇਂ ਵਧਾ ਸਕਦੇ ਹਨ? (ਅ) ਆਪਣੇ ਬੱਚਿਆਂ ਨਾਲ ਗੱਲ ਕਰਦੇ ਸਮੇਂ ਮਾਪਿਆਂ ਨੂੰ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨ ਦੀ ਕਿਉਂ ਲੋੜ ਹੈ?

11 ਮਾਪੇ ਆਪਣੇ ਬੱਚਿਆਂ ਨਾਲ ਗੱਲਬਾਤ ਕਰਨ ਦੇ ਮਾਮਲੇ ਵਿਚ ਕਿਵੇਂ ਯਹੋਵਾਹ ਦੀ ਨਕਲ ਕਰ ਸਕਦੇ ਹਨ? ਸਭ ਤੋਂ ਪਹਿਲਾਂ, ਉਨ੍ਹਾਂ ਨੂੰ ਬੱਚਿਆਂ ਨਾਲ ਗੱਲ ਕਰਨ ਲਈ ਸਮਾਂ ਕੱਢਣਾ ਚਾਹੀਦਾ ਹੈ। ਮਾਪਿਆਂ ਨੂੰ ਬੇਇੱਜ਼ਤੀ ਕਰਨ ਵਾਲੀਆਂ ਗੱਲਾਂ ਕਹਿਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਜਿਵੇਂ ਕਿ “ਬਸ ਇੰਨੀ ਗੱਲ ਸੀ? ਮੈਂ ਤਾਂ ਸੋਚਿਆ ਤੂੰ ਬੜੀ ਜ਼ਰੂਰੀ ਗੱਲ ਕਰਨੀ ਸੀ”; “ਤੈਨੂੰ ਅਕਲ ਪਤਾ ਨਹੀਂ ਕਦੋਂ ਆਉਣੀ?”; “ਤੇਰੇ ਵਰਗੇ ਬੇਵਕੂਫਾਂ ਨਾਲ ਹੋਰ ਕੀ ਹੋਣਾ?” (ਕਹਾਉਤਾਂ 12:18) ਸਮਝਦਾਰ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਆਪਣੇ ਦਿਲ ਦੀ ਗੱਲ ਦੱਸਣ, ਇਸ ਲਈ ਉਹ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣਨ ਦੀ ਆਦਤ ਪਾਉਂਦੇ ਹਨ। ਜੇ ਮਾਪੇ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕਰਦੇ ਹਨ, ਤਾਂ ਸ਼ਾਇਦ ਹੋ ਸਕਦਾ ਹੈ ਕਿ ਬੱਚੇ ਵੱਡੇ ਹੋ ਕੇ ਉਨ੍ਹਾਂ ਦੀ ਪਰਵਾਹ ਨਾ ਕਰਨ। ਯਹੋਵਾਹ ਹਮੇਸ਼ਾ ਆਪਣੇ ਲੋਕਾਂ ਦੀ ਗੱਲ ਸੁਣਨ ਲਈ ਤਿਆਰ ਰਿਹਾ ਹੈ। ਜਦੋਂ ਕੋਈ ਨਿਮਰਤਾ ਨਾਲ ਉਸ ਨੂੰ ਪ੍ਰਾਰਥਨਾ ਕਰਦਾ ਹੈ, ਤਾਂ ਉਹ ਉਸ ਦੀ ਪ੍ਰਾਰਥਨਾ ਨੂੰ ਸੁਣਦਾ ਹੈ।​—ਜ਼ਬੂਰ 91:15; ਯਿਰਮਿਯਾਹ 29:12; ਲੂਕਾ 11:9-13.

12. ਮਾਪਿਆਂ ਦੇ ਕਿਹੜੇ ਗੁਣਾਂ ਕਰਕੇ ਬੱਚਿਆਂ ਲਈ ਉਨ੍ਹਾਂ ਨਾਲ ਗੱਲ ਕਰਨੀ ਆਸਾਨ ਹੋ ਸਕਦੀ ਹੈ?

12 ਧਿਆਨ ਦਿਓ ਕਿ ਪਰਮੇਸ਼ੁਰ ਦੀ ਸ਼ਖ਼ਸੀਅਤ ਦੇ ਕਿਹੜੇ ਕੁਝ ਪਹਿਲੂਆਂ ਕਰਕੇ ਉਸ ਦੇ ਲੋਕਾਂ ਲਈ ਉਸ ਨਾਲ ਖੁੱਲ੍ਹ ਕੇ ਗੱਲ ਕਰਨੀ ਆਸਾਨ ਸੀ। ਉਦਾਹਰਣ ਲਈ, ਇਸਰਾਏਲ ਦੇ ਰਾਜੇ ਦਾਊਦ ਨੇ ਬਥਸ਼ਬਾ ਨਾਲ ਵਿਭਚਾਰ ਕਰ ਕੇ ਗੰਭੀਰ ਪਾਪ ਕੀਤਾ ਸੀ। ਨਾਮੁਕੰਮਲ ਇਨਸਾਨ ਹੋਣ ਕਰਕੇ ਦਾਊਦ ਨੇ ਆਪਣੀ ਜ਼ਿੰਦਗੀ ਵਿਚ ਹੋਰ ਵੀ ਕਈ ਗੰਭੀਰ ਪਾਪ ਕੀਤੇ ਸਨ। ਪਰ ਉਹ ਕਦੀ ਵੀ ਯਹੋਵਾਹ ਨਾਲ ਗੱਲ ਕਰਨ, ਮਾਫ਼ੀ ਮੰਗਣ ਅਤੇ ਉਸ ਦੀ ਡਾਂਟ-ਫਿਟਕਾਰ ਸਵੀਕਾਰ ਕਰਨ ਤੋਂ ਨਹੀਂ ਝੱਕਿਆ। ਬਿਨਾਂ ਸ਼ੱਕ, ਪਰਮੇਸ਼ੁਰ ਦੀ ਦਿਆਲਤਾ ਤੇ ਰਹਿਮਦਿਲੀ ਕਰਕੇ ਦਾਊਦ ਲਈ ਯਹੋਵਾਹ ਵੱਲ ਵਾਪਸ ਮੁੜਨਾ ਆਸਾਨ ਸੀ। (ਜ਼ਬੂਰ 103:8) ਜਦੋਂ ਮਾਪੇ ਪਰਮੇਸ਼ੁਰ ਵਾਂਗ ਦਇਆ ਅਤੇ ਰਹਿਮਦਿਲੀ ਵਰਗੇ ਗੁਣ ਦਿਖਾਉਂਦੇ ਹਨ, ਤਾਂ ਉਨ੍ਹਾਂ ਦੇ ਬੱਚੇ ਉਦੋਂ ਵੀ ਉਨ੍ਹਾਂ ਨਾਲ ਗੱਲ ਕਰਨ ਤੋਂ ਨਹੀਂ ਝਕਣਗੇ ਜਦੋਂ ਉਹ ਕੋਈ ਗ਼ਲਤੀ ਕਰ ਬੈਠਦੇ ਹਨ।​—ਜ਼ਬੂਰ 103:13; ਮਲਾਕੀ 3:17.

ਕੱਟੜ ਨਾ ਬਣੋ

13. ਖਿਮਾਸ਼ੀਲ ਹੋਣ ਵਿਚ ਕੀ ਸ਼ਾਮਲ ਹੈ?

13 ਜਦੋਂ ਮਾਤਾ-ਪਿਤਾ ਆਪਣੇ ਬੱਚਿਆਂ ਦੀ ਗੱਲ ਸੁਣਦੇ ਹਨ, ਤਾਂ ਉਨ੍ਹਾਂ ਨੂੰ ਕੱਟੜਪੁਣੇ ਤੋਂ ਬਚਣਾ ਚਾਹੀਦਾ ਹੈ ਅਤੇ ‘ਉੱਪਰਲੀ ਬੁੱਧ’ ਦਿਖਾਉਣੀ ਚਾਹੀਦੀ ਹੈ। (ਯਾਕੂਬ 3:17) ਪੌਲੁਸ ਰਸੂਲ ਨੇ ਲਿਖਿਆ: “ਤੁਹਾਡੀ ਖਿਮਾ ਸਭਨਾਂ ਮਨੁੱਖਾਂ ਉੱਤੇ ਪਰਗਟ ਹੋਵੇ।” (ਫ਼ਿਲਿੱਪੀਆਂ 4:5) ਖਿਮਾਸ਼ੀਲ ਹੋਣ ਦਾ ਕੀ ਮਤਲਬ ਹੈ? “ਖਿਮਾਸ਼ੀਲ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੈ “ਲਕੀਰ ਦਾ ਫ਼ਕੀਰ ਨਾ ਬਣਨਾ।” ਪੱਕੇ ਨੈਤਿਕ ਅਤੇ ਅਧਿਆਤਮਿਕ ਮਿਆਰਾਂ ਉੱਤੇ ਦ੍ਰਿੜ੍ਹ ਰਹਿਣ ਦੇ ਨਾਲ-ਨਾਲ ਮਾਪੇ ਕੱਟੜਪੁਣੇ ਤੋਂ ਕਿਵੇਂ ਬਚ ਸਕਦੇ ਹਨ?

14. ਯਹੋਵਾਹ ਲੂਤ ਦੇ ਮਾਮਲੇ ਵਿਚ ਕਿਵੇਂ ਕੱਟੜ ਨਹੀਂ ਬਣਿਆ ਸੀ?

14 ਯਹੋਵਾਹ ਨੇ ਕੱਟੜ ਨਾ ਹੋਣ ਵਿਚ ਉੱਤਮ ਮਿਸਾਲ ਕਾਇਮ ਕੀਤੀ ਹੈ। (ਜ਼ਬੂਰ 10:17) ਜਦੋਂ ਉਸ ਨੇ ਲੂਤ ਅਤੇ ਉਸ ਦੇ ਪਰਿਵਾਰ ਨੂੰ ਨਾਸ਼ ਹੋਣ ਵਾਲੇ ਸ਼ਹਿਰ ਸਦੂਮ ਵਿੱਚੋਂ ਨਿਕਲ ਜਾਣ ਲਈ ਕਿਹਾ, ਤਾਂ ਲੂਤ “ਢਿੱਲ ਕਰ ਰਿਹਾ ਸੀ।” ਬਾਅਦ ਵਿਚ ਜਦੋਂ ਯਹੋਵਾਹ ਦੇ ਦੂਤ ਨੇ ਉਸ ਨੂੰ ਪਹਾੜਾਂ ਉੱਤੇ ਭੱਜ ਜਾਣ ਦਾ ਹੁਕਮ ਦਿੱਤਾ, ਤਾਂ ਲੂਤ ਨੇ ਕਿਹਾ: “ਮੈਂ ਪਹਾੜ ਤੀਕ ਨਹੀਂ ਭੱਜ ਸਕਦਾ . . . ਵੇਖੋ ਨਾ, ਇਹ ਨਗਰ [ਸੋਆਰ] ਭੱਜਣ ਲਈ ਨੇੜੇ ਹੈ ਅਰ ਇਹ ਨਿੱਕਾ ਜਿਹਾ ਵੀ ਹੈ। ਮੈਨੂੰ ਉੱਥੇ ਭੱਜ ਜਾਣ ਦਿਓ। ਕੀ ਉਹ ਨਿੱਕਾ ਨਹੀਂ ਹੈ?” ਯਹੋਵਾਹ ਨੇ ਉਸ ਦੀ ਬੇਨਤੀ ਦਾ ਕੀ ਜਵਾਬ ਦਿੱਤਾ? ਉਸ ਨੇ ਕਿਹਾ: “ਵੇਖ ਮੈਂ ਤੈਨੂੰ ਏਸ ਗੱਲ ਵਿੱਚ ਵੀ ਮੰਨ ਲਿਆ ਹੈ। ਮੈਂ ਏਸ ਨਗਰ ਨੂੰ ਜਿਹਦੇ ਲਈ ਤੈਂ ਗੱਲ ਕੀਤੀ ਨਹੀਂ ਢਾਵਾਂਗਾ।” (ਉਤਪਤ 19:16-21, 30) ਯਹੋਵਾਹ ਨੇ ਲੂਤ ਦੀ ਬੇਨਤੀ ਸਵੀਕਾਰ ਕਰ ਲਈ। ਜੀ ਹਾਂ, ਇਹ ਸੱਚ ਹੈ ਕਿ ਮਾਪਿਆਂ ਨੂੰ ਯਹੋਵਾਹ ਦੇ ਬਚਨ ਬਾਈਬਲ ਵਿਚ ਦਿੱਤੇ ਗਏ ਮਿਆਰਾਂ ਉੱਤੇ ਪੱਕੇ ਰਹਿਣ ਦੀ ਲੋੜ ਹੈ। ਪਰ ਫਿਰ ਵੀ ਜੇ ਬਾਈਬਲ ਦੇ ਸਿਧਾਂਤਾਂ ਦੀ ਉਲੰਘਣਾ ਨਹੀਂ ਹੁੰਦੀ, ਤਾਂ ਬੱਚਿਆਂ ਦੀਆਂ ਇੱਛਾਵਾਂ ਵੱਲ ਧਿਆਨ ਦਿੱਤਾ ਜਾ ਸਕਦਾ ਹੈ।

15, 16. ਯਸਾਯਾਹ 28:24, 25 ਵਿਚ ਦਿੱਤੇ ਗਏ ਦ੍ਰਿਸ਼ਟਾਂਤ ਤੋਂ ਮਾਪੇ ਕੀ ਸਿੱਖ ਸਕਦੇ ਹਨ?

15 ਕੱਟੜਵਾਦੀ ਨਾ ਹੋਣ ਦਾ ਇਹ ਵੀ ਮਤਲਬ ਹੈ ਕਿ ਮਾਪੇ ਆਪਣੇ ਬੱਚਿਆਂ ਦੇ ਦਿਲਾਂ ਨੂੰ ਤਿਆਰ ਕਰਨ ਤਾਂਕਿ ਉਹ ਤਾੜਨਾ ਨੂੰ ਸਵੀਕਾਰ ਕਰ ਸਕਣ। ਇਸ ਬਾਰੇ ਇਕ ਦ੍ਰਿਸ਼ਟਾਂਤ ਦਿੰਦੇ ਹੋਏ ਯਸਾਯਾਹ ਨੇ ਯਹੋਵਾਹ ਦੀ ਤੁਲਨਾ ਇਕ ਕਿਸਾਨ ਨਾਲ ਕੀਤੀ ਤੇ ਕਿਹਾ: “ਕੀ ਹਾਲੀ ਬੀਜਣ ਲਈ ਸਾਰਾ ਦਿਨ ਵਾਹੀ ਕਰਦਾ ਹੈ? ਕੀ ਉਹ ਆਪਣੀ ਜਮੀਨ ਨੂੰ ਖੋਲ੍ਹਦਾ, ਅਤੇ ਸੁਹਾਗਾ ਫੇਰਦਾ ਰਹਿੰਦਾ ਹੈ? ਜਦ ਉਹ ਨੂੰ ਪੱਧਰਾ ਕਰ ਲਿਆ, ਕੀ ਉਹ ਸੌਂਫ ਨੂੰ ਨਹੀਂ ਖਿਲਾਰਦਾ, ਅਤੇ ਜੀਰੇ ਦਾ ਖੁਲ੍ਹਾ ਛੱਟਾ ਨਹੀਂ ਦਿੰਦਾ? ਅਤੇ ਕਣਕ ਨੂੰ ਸਿਆੜਾਂ ਵਿੱਚ ਅਤੇ ਜੌਵਾਂ ਨੂੰ ਓਹਨਾਂ ਦੇ ਥਾਂ, ਅਤੇ ਮਸਰਾਂ ਨੂੰ ਉਹ ਦੇ ਬੰਨਿਆਂ ਉੱਤੇ ਨਹੀਂ ਪਾਉਂਦਾ?”​—ਯਸਾਯਾਹ 28:24, 25.

16 ਯਹੋਵਾਹ ‘ਬੀਜਣ ਲਈ ਵਾਹੀ ਕਰਦਾ ਹੈ’ ਅਤੇ “ਆਪਣੀ ਜਮੀਨ ਨੂੰ ਖੋਲ੍ਹਦਾ, ਅਤੇ ਸੁਹਾਗਾ ਫੇਰਦਾ ਰਹਿੰਦਾ ਹੈ।” ਇਸ ਤਰ੍ਹਾਂ ਯਹੋਵਾਹ ਆਪਣੇ ਲੋਕਾਂ ਨੂੰ ਤਾੜਨਾ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਦਿਲਾਂ ਨੂੰ ਤਿਆਰ ਕਰਦਾ ਹੈ। ਆਪਣੇ ਬੱਚਿਆਂ ਨੂੰ ਤਾੜਨਾ ਦੇਣ ਵੇਲੇ ਮਾਪੇ ਉਨ੍ਹਾਂ ਦੇ ਦਿਲਾਂ ਦੀ ਕਿਵੇਂ “ਵਾਹੀ” ਕਰ ਸਕਦੇ ਹਨ? ਇਕ ਪਿਤਾ ਨੇ ਆਪਣੇ ਚਾਰ ਸਾਲਾਂ ਦੇ ਪੁੱਤਰ ਨੂੰ ਤਾੜਨਾ ਦੇਣ ਲਈ ਯਹੋਵਾਹ ਦੀ ਨਕਲ ਕੀਤੀ। ਜਦੋਂ ਉਸ ਦੇ ਪੁੱਤਰ ਨੇ ਗੁਆਂਢੀਆਂ ਦੇ ਇਕ ਮੁੰਡੇ ਨੂੰ ਕੁੱਟਿਆ, ਤਾਂ ਉਸ ਦੇ ਪਿਤਾ ਨੇ ਪਹਿਲਾਂ ਧੀਰਜ ਨਾਲ ਆਪਣੇ ਪੁੱਤਰ ਦੀ ਗੱਲ ਸੁਣੀ। ਫਿਰ ਉਸ ਨੇ ਆਪਣੇ ਪੁੱਤਰ ਦੇ ਦਿਲ ਦੀ “ਵਾਹੀ” ਕਰਨ ਲਈ ਇਕ ਛੋਟੇ ਮੁੰਡੇ ਦੀ ਕਹਾਣੀ ਸੁਣਾਈ ਜਿਸ ਨੂੰ ਇਕ ਲੜਾਕਾ ਮੁੰਡਾ ਕੁੱਟਦਾ ਹੁੰਦਾ ਸੀ ਜਿਸ ਕਰਕੇ ਉਸ ਛੋਟੇ ਮੁੰਡੇ ਨੂੰ ਬਹੁਤ ਦੁੱਖ ਸਹਿਣਾ ਪੈਂਦਾ ਸੀ। ਕਹਾਣੀ ਸੁਣਨ ਤੋਂ ਬਾਅਦ ਉਸ ਦੇ ਪੁੱਤਰ ਨੇ ਕਿਹਾ ਕਿ ਉਸ ਲੜਾਕੇ ਮੁੰਡੇ ਨੂੰ ਸਜ਼ਾ ਮਿਲਣੀ ਚਾਹੀਦੀ ਸੀ। ਇਸ ਤਰ੍ਹਾਂ “ਵਾਹੀ” ਕਰਨ ਨਾਲ ਮੁੰਡੇ ਦਾ ਦਿਲ ਤਿਆਰ ਹੋ ਗਿਆ ਅਤੇ ਉਸ ਨੂੰ ਇਹ ਸਮਝਣ ਵਿਚ ਆਸਾਨੀ ਹੋ ਗਈ ਕਿ ਗੁਆਂਢੀਆਂ ਦੇ ਮੁੰਡੇ ਨੂੰ ਕੁੱਟਣਾ ਵੀ ਗ਼ਲਤ ਸੀ।​—2 ਸਮੂਏਲ 12:1-14.

17. ਯਸਾਯਾਹ 28:26-29 ਵਿਚ ਮਾਪਿਆਂ ਵੱਲੋਂ ਤਾੜਨਾ ਦੇਣ ਸੰਬੰਧੀ ਕਿਹੜਾ ਤਰੀਕਾ ਦੱਸਿਆ ਗਿਆ ਹੈ?

17 ਯਸਾਯਾਹ ਨੇ ਫਿਰ ਯਹੋਵਾਹ ਦੀ ਤਾੜਨਾ ਦੀ ਤੁਲਨਾ ਖੇਤੀ ਦੇ ਇਕ ਹੋਰ ਕੰਮ ਯਾਨੀ ਗਹਾਈ ਕਰਨ ਨਾਲ ਕੀਤੀ। ਕਿਸਾਨ ਫ਼ਸਲ ਦੀ ਕਿਸਮ ਦੇ ਅਨੁਸਾਰ ਗਹਾਈ ਕਰਨ ਵਾਲੇ ਸੰਦ ਚੁਣਦਾ ਹੈ। ਨਰਮ ਸੌਂਫ ਲਈ ਸੋਟਾ ਅਤੇ ਜੀਰੇ ਲਈ ਡੰਡਾ ਵਰਤਿਆ ਜਾਂਦਾ ਹੈ, ਪਰ ਸਖ਼ਤ ਫ਼ਸਲ ਦੀ ਗਹਾਈ ਲਈ ਲੱਕੜੀ ਦਾ ਵੱਡਾ ਸਾਰਾ ਫੱਟਾ ਜਾਂ ਗੱਡੇ ਦਾ ਚੱਕਾ ਵਰਤਿਆ ਜਾਂਦਾ ਹੈ। ਪਰ ਕਿਸਾਨ ਇਸ ਹੱਦ ਤਕ ਸਖ਼ਤ ਫ਼ਸਲ ਦੀ ਗਹਾਈ ਨਹੀਂ ਕਰੇਗਾ ਕਿ ਦਾਣੇ ਦਰੜੇ ਜਾਣ। ਇਸੇ ਤਰ੍ਹਾਂ, ਜਦੋਂ ਯਹੋਵਾਹ ਆਪਣੇ ਲੋਕਾਂ ਵਿੱਚੋਂ ਕੋਈ ਭੈੜਾ ਗੁਣ ਕੱਢਣਾ ਚਾਹੁੰਦਾ ਹੈ, ਤਾਂ ਉਹ ਲੋੜ ਅਤੇ ਹਾਲਾਤਾਂ ਦੇ ਮੁਤਾਬਕ ਉਨ੍ਹਾਂ ਨਾਲ ਪੇਸ਼ ਆਉਂਦਾ ਹੈ। ਉਹ ਤਾਨਾਸ਼ਾਹ ਜਾਂ ਅਤਿਆਚਾਰੀ ਨਹੀਂ ਹੈ। (ਯਸਾਯਾਹ 28:26-29) ਕਈ ਬੱਚਿਆਂ ਲਈ ਮਾਪਿਆਂ ਦੀ ਇਕ ਘੂਰੀ ਹੀ ਕਾਫ਼ੀ ਹੁੰਦੀ ਹੈ। ਕਈਆਂ ਨੂੰ ਵਾਰ-ਵਾਰ ਯਾਦ ਕਰਾਉਣ ਦੀ ਲੋੜ ਪੈਂਦੀ ਹੈ, ਪਰ ਕਈਆਂ ਨਾਲ ਥੋੜ੍ਹੀ ਸਖ਼ਤੀ ਵਰਤਣ ਦੀ ਲੋੜ ਪੈਂਦੀ ਹੈ। ਸਮਝਦਾਰ ਮਾਪੇ ਹਰ ਬੱਚੇ ਦੀਆਂ ਲੋੜਾਂ ਮੁਤਾਬਕ ਤਾੜਨਾ ਦੇਣਗੇ।

ਪਰਿਵਾਰਕ ਅਧਿਐਨ ਨੂੰ ਦਿਲਚਸਪ ਬਣਾਓ

18. ਮਾਪੇ ਨਿਯਮਿਤ ਪਰਿਵਾਰਕ ਬਾਈਬਲ ਅਧਿਐਨ ਕਰਨ ਲਈ ਸਮਾਂ ਕਿਵੇਂ ਕੱਢ ਸਕਦੇ ਹਨ?

18 ਬੱਚਿਆਂ ਨੂੰ ਸਿੱਖਿਆ ਦੇਣ ਦਾ ਇਕ ਸਭ ਤੋਂ ਵਧੀਆ ਤਰੀਕਾ ਹੈ ਨਿਯਮਿਤ ਪਰਿਵਾਰਕ ਅਧਿਐਨ ਅਤੇ ਰੋਜ਼ਾਨਾ ਬਾਈਬਲ ਦੀ ਚਰਚਾ। ਜਦੋਂ ਪਰਿਵਾਰਕ ਅਧਿਐਨ ਨਿਯਮਿਤ ਤੌਰ ਤੇ ਕੀਤਾ ਜਾਂਦਾ ਹੈ, ਤਾਂ ਇਸ ਦਾ ਜ਼ਿਆਦਾ ਫ਼ਾਇਦਾ ਹੁੰਦਾ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਜਦੋਂ ਸਮਾਂ ਮਿਲ ਗਿਆ ਜਾਂ ਜਦੋਂ ਮਨ ਵਿਚ ਆਇਆ, ਤਾਂ ਉਦੋਂ ਅਧਿਐਨ ਕਰ ਲਿਆ। ਇਸ ਲਈ, ਮਾਪਿਆਂ ਨੂੰ ਅਧਿਐਨ ਕਰਨ ਲਈ “ਸਮੇਂ ਨੂੰ ਲਾਭਦਾਇਕ” ਬਣਾਉਣਾ ਚਾਹੀਦਾ ਹੈ। (ਅਫ਼ਸੀਆਂ 5:15-17) ਪਰ ਅਜਿਹਾ ਇਕ ਪੱਕਾ ਸਮਾਂ ਨਿਯਤ ਕਰਨਾ ਮੁਸ਼ਕਲ ਹੋ ਸਕਦਾ ਜਿਸ ਵੇਲੇ ਸਾਰੇ ਮੈਂਬਰ ਘਰ ਮੌਜੂਦ ਹੋਣ। ਇਕ ਪਿਤਾ ਨੇ ਦੇਖਿਆ ਕਿ ਉਸ ਦੇ ਬੱਚੇ ਵੱਡੇ ਹੋ ਰਹੇ ਸਨ, ਇਸ ਲਈ ਉਨ੍ਹਾਂ ਦੇ ਘਰ ਹੋਣ ਦਾ ਸਮਾਂ ਵੱਖਰਾ-ਵੱਖਰਾ ਹੋਣ ਕਰਕੇ ਪੂਰੇ ਪਰਿਵਾਰ ਲਈ ਇੱਕੋ ਸਮੇਂ ਤੇ ਇਕੱਠੇ ਹੋਣਾ ਮੁਸ਼ਕਲ ਸੀ। ਫਿਰ ਵੀ ਕਲੀਸਿਯਾ ਸਭਾਵਾਂ ਤੋਂ ਬਾਅਦ ਰਾਤ ਨੂੰ ਸਾਰੇ ਮੈਂਬਰ ਘਰ ਹੁੰਦੇ ਸਨ। ਇਸ ਲਈ ਪਿਤਾ ਨੇ ਉਸ ਵੇਲੇ ਪਰਿਵਾਰਕ ਅਧਿਐਨ ਕਰਨ ਦਾ ਪ੍ਰਬੰਧ ਕੀਤਾ। ਇਹ ਪ੍ਰਬੰਧ ਫ਼ਾਇਦੇਮੰਦ ਸਾਬਤ ਹੋਇਆ। ਉਸ ਦੇ ਤਿੰਨੋਂ ਬੱਚੇ ਹੁਣ ਯਹੋਵਾਹ ਦੇ ਬਪਤਿਸਮਾ-ਪ੍ਰਾਪਤ ਸੇਵਕ ਹਨ।

19. ਪਰਿਵਾਰਕ ਅਧਿਐਨ ਕਰਾਉਣ ਵਿਚ ਮਾਪੇ ਯਹੋਵਾਹ ਦੀ ਨਕਲ ਕਿਵੇਂ ਕਰ ਸਕਦੇ ਹਨ?

19 ਪਰ ਅਧਿਐਨ ਵਿਚ ਕੁਝ ਸਾਮੱਗਰੀ ਨੂੰ ਪੜ੍ਹਨਾ ਹੀ ਕਾਫ਼ੀ ਨਹੀਂ ਹੈ। ਯਹੋਵਾਹ ਨੇ ਮੁੜ ਵਸਾਏ ਇਸਰਾਏਲੀਆਂ ਨੂੰ ਜਾਜਕਾਂ ਰਾਹੀਂ ਸਿਖਾਇਆ ਜਿਨ੍ਹਾਂ ਨੇ ਬਿਵਸਥਾ ਦੇ ‘ਅਰਥ ਕੀਤੇ ਅਤੇ ਪਾਠ ਨੂੰ ਸਮਝਾ ਦਿੱਤਾ।’ (ਨਹਮਯਾਹ 8:8) ਇਕ ਪਿਤਾ ਨੇ ਆਪਣੇ ਸੱਤ ਬੱਚਿਆਂ ਦੀ ਯਹੋਵਾਹ ਨੂੰ ਪਿਆਰ ਕਰਨ ਵਿਚ ਮਦਦ ਕੀਤੀ। ਉਹ ਹਮੇਸ਼ਾ ਪਰਿਵਾਰਕ ਅਧਿਐਨ ਤੋਂ ਪਹਿਲਾਂ ਤਿਆਰੀ ਕਰਨ ਲਈ ਆਪਣੇ ਕਮਰੇ ਵਿਚ ਚਲਾ ਜਾਂਦਾ ਸੀ ਤੇ ਸਾਮੱਗਰੀ ਨੂੰ ਹਰ ਬੱਚੇ ਦੀਆਂ ਲੋੜਾਂ ਮੁਤਾਬਕ ਢਾਲ਼ਦਾ ਸੀ। ਉਹ ਬੱਚਿਆਂ ਲਈ ਅਧਿਐਨ ਨੂੰ ਦਿਲਚਸਪ ਬਣਾਉਂਦਾ ਸੀ। ਉਸ ਦਾ ਇਕ ਵੱਡਾ ਹੋ ਚੁੱਕਾ ਮੁੰਡਾ ਯਾਦ ਕਰਦਾ ਹੈ: “ਅਧਿਐਨ ਤੋਂ ਸਾਨੂੰ ਹਮੇਸ਼ਾ ਮਜ਼ਾ ਆਉਂਦਾ ਸੀ। ਜੇ ਅਸੀਂ ਬਾਹਰ ਗੇਂਦ ਨਾਲ ਖੇਡ ਰਹੇ ਹੁੰਦੇ ਸੀ ਅਤੇ ਸਾਨੂੰ ਪਰਿਵਾਰਕ ਅਧਿਐਨ ਲਈ ਬੁਲਾਇਆ ਜਾਂਦਾ ਸੀ, ਤਾਂ ਅਸੀਂ ਉਸੇ ਵੇਲੇ ਗੇਂਦ ਛੱਡ ਕੇ ਅਧਿਐਨ ਕਰਨ ਲਈ ਭੱਜੇ ਆਉਂਦੇ ਸੀ। ਅਧਿਐਨ ਦੀ ਸ਼ਾਮ ਹਫ਼ਤੇ ਦੀ ਇਕ ਸਭ ਤੋਂ ਜ਼ਿਆਦਾ ਆਨੰਦਦਾਇਕ ਸ਼ਾਮ ਹੁੰਦੀ ਸੀ।”

20. ਬੱਚਿਆਂ ਦੀ ਪਾਲਣਾ ਕਰਨ ਵਿਚ ਆਉਣ ਵਾਲੀ ਕਿਹੜੀ ਇਕ ਸੰਭਾਵੀ ਸਮੱਸਿਆ ਉੱਤੇ ਚਰਚਾ ਕਰਨੀ ਬਾਕੀ ਹੈ?

20 ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਵੇਖੋ, ਬੱਚੇ ਯਹੋਵਾਹ ਵੱਲੋਂ ਮਿਰਾਸ ਹਨ, ਢਿੱਡ ਦਾ ਫਲ ਇੱਕ ਇਨਾਮ ਹੈ।” (ਜ਼ਬੂਰ 127:3) ਆਪਣੇ ਬੱਚਿਆਂ ਨੂੰ ਸਿਖਾਉਣ ਲਈ ਸਮਾਂ ਕੱਢਣ ਅਤੇ ਮਿਹਨਤ ਕਰਨ ਦੀ ਲੋੜ ਹੈ। ਪਰ ਬੱਚਿਆਂ ਨੂੰ ਸਹੀ ਤਰੀਕੇ ਨਾਲ ਸਿਖਾਉਣ ਨਾਲ ਉਨ੍ਹਾਂ ਨੂੰ ਅਨੰਤ ਜ਼ਿੰਦਗੀ ਮਿਲ ਸਕਦੀ ਹੈ। ਇਹ ਕਿੰਨਾ ਵਧੀਆ ਇਨਾਮ ਹੋਵੇਗਾ! ਇਸ ਲਈ ਆਓ ਆਪਾਂ ਆਪਣੇ ਬੱਚਿਆਂ ਨੂੰ ਸਿਖਾਉਣ ਲਈ ਯਹੋਵਾਹ ਦੀ ਨਕਲ ਕਰਦੇ ਰਹੀਏ। ਪਰ ਭਾਵੇਂ ਮਾਪਿਆਂ ਨੂੰ ‘ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਬੱਚਿਆਂ ਦੀ ਪਾਲਨਾ ਕਰਨ’ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਫਿਰ ਵੀ ਹੋ ਸਕਦਾ ਹੈ ਕਿ ਉਹ ਇਸ ਵਿਚ ਕਾਮਯਾਬ ਨਾ ਹੋਣ। (ਅਫ਼ਸੀਆਂ 6:4) ਬਹੁਤ ਮਿਹਨਤ ਨਾਲ ਸਿਖਾਉਣ ਦੇ ਬਾਵਜੂਦ ਵੀ ਕੋਈ ਵੀ ਬੱਚਾ ਬਾਗ਼ੀ ਹੋ ਕੇ ਯਹੋਵਾਹ ਦੀ ਸੇਵਾ ਕਰਨੀ ਛੱਡ ਸਕਦਾ ਹੈ। ਜੇ ਇਸ ਤਰ੍ਹਾਂ ਹੁੰਦਾ ਹੈ, ਤਾਂ ਕੀ ਕਰਨਾ ਚਾਹੀਦਾ ਹੈ? ਇਸ ਬਾਰੇ ਅਗਲੇ ਲੇਖ ਵਿਚ ਦੱਸਿਆ ਜਾਵੇਗਾ।

[ਫੁਟਨੋਟ]

^ ਪੈਰਾ 9 ਇਸ ਲੇਖ ਵਿਚ ਅਤੇ ਅਗਲੇ ਲੇਖ ਵਿਚ ਦੱਸੇ ਗਏ ਤਜਰਬੇ ਸ਼ਾਇਦ ਉਨ੍ਹਾਂ ਦੇਸ਼ਾਂ ਦੇ ਹੋਣ ਜਿਨ੍ਹਾਂ ਦਾ ਸਭਿਆਚਾਰ ਤੁਹਾਡੇ ਦੇਸ਼ ਦੇ ਸਭਿਆਚਾਰ ਨਾਲੋਂ ਅਲੱਗ ਹੋਵੇ। ਇਨ੍ਹਾਂ ਦੇ ਪਿੱਛੇ ਸਿਧਾਂਤਾਂ ਨੂੰ ਸਮਝਣ ਅਤੇ ਆਪਣੇ ਹਾਲਾਤਾਂ ਮੁਤਾਬਕ ਉਨ੍ਹਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੋ।

ਤੁਸੀਂ ਕੀ ਜਵਾਬ ਦਿਓਗੇ?

• ਮਾਪੇ ਬਿਵਸਥਾ ਸਾਰ 32:11, 12 ਵਿਚ ਦੱਸੇ ਗਏ ਯਹੋਵਾਹ ਦੇ ਪਿਆਰ ਦੀ ਨਕਲ ਕਿਵੇਂ ਕਰ ਸਕਦੇ ਹਨ?

• ਯਹੋਵਾਹ ਨੇ ਜਿਸ ਤਰੀਕੇ ਨਾਲ ਇਸਰਾਏਲੀਆਂ ਨਾਲ ਗੱਲਬਾਤ ਕੀਤੀ ਸੀ, ਉਸ ਤੋਂ ਤੁਸੀਂ ਕੀ ਸਿੱਖ ਸਕਦੇ ਹੋ?

• ਯਹੋਵਾਹ ਦੁਆਰਾ ਲੂਤ ਦੀ ਬੇਨਤੀ ਨੂੰ ਸੁਣਨ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

• ਆਪਣੇ ਬੱਚਿਆਂ ਨੂੰ ਤਾੜਨਾ ਦੇਣ ਬਾਰੇ ਤੁਸੀਂ ਯਸਾਯਾਹ 28:24-29 ਤੋਂ ਕੀ ਸਿੱਖਿਆ ਹੈ?

[ਸਵਾਲ]

[ਸਫ਼ੇ 9 ਉੱਤੇ ਤਸਵੀਰ]

ਮੂਸਾ ਨੇ ਉਕਾਬ ਦੀ ਉਦਾਹਰਣ ਦੇ ਕੇ ਸਮਝਾਇਆ ਕਿ ਯਹੋਵਾਹ ਆਪਣੇ ਲੋਕਾਂ ਨੂੰ ਕਿਵੇਂ ਸਿਖਾਉਂਦਾ ਹੈ

[ਸਫ਼ੇ 10 ਉੱਤੇ ਤਸਵੀਰਾਂ]

ਮਾਪਿਆਂ ਨੂੰ ਆਪਣੇ ਬੱਚਿਆਂ ਲਈ ਸਮਾਂ ਕੱਢਣਾ ਚਾਹੀਦਾ ਹੈ

[ਸਫ਼ੇ 12 ਉੱਤੇ ਤਸਵੀਰ]

“ਅਧਿਐਨ ਦੀ ਸ਼ਾਮ ਹਫ਼ਤੇ ਦੀ ਇਕ ਸਭ ਤੋਂ ਜ਼ਿਆਦਾ ਆਨੰਦਦਾਇਕ ਸ਼ਾਮ ਹੁੰਦੀ ਸੀ”