Skip to content

Skip to table of contents

ਤੁਸੀਂ ਪੱਕੀ ਨਿਹਚਾ ਰੱਖ ਸਕਦੇ ਹੋ

ਤੁਸੀਂ ਪੱਕੀ ਨਿਹਚਾ ਰੱਖ ਸਕਦੇ ਹੋ

ਤੁਸੀਂ ਪੱਕੀ ਨਿਹਚਾ ਰੱਖ ਸਕਦੇ ਹੋ

ਸੇਰਾਹ ਜੇਨ 19 ਸਾਲਾਂ ਦੀ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਅੰਡਕੋਸ਼ ਵਿਚ ਕੈਂਸਰ ਸੀ। ਓਪਰੇਸ਼ਨ ਤੋਂ ਬਾਅਦ, ਉਸ ਨੇ ਆਪਣੇ ਆਪ ਨੂੰ ਕਾਫ਼ੀ ਤੰਦਰੁਸਤ ਮਹਿਸੂਸ ਕੀਤਾ ਅਤੇ ਉਸ ਨੇ ਆਪਣੇ ਭਵਿੱਖ ਬਾਰੇ ਇੰਨੀਆਂ ਆਸਾਂ-ਉਮੀਦਾਂ ਲਾ ਲਈਆਂ ਕਿ 20 ਸਾਲ ਦੀ ਹੋਣ ਤੇ ਉਸ ਨੇ ਮੰਗਣੀ ਕਰਾ ਲਈ ਅਤੇ ਉਹ ਆਪਣੇ ਵਿਆਹ ਦੀਆਂ ਯੋਜਨਾਵਾਂ ਬਣਾਉਣ ਲੱਗੀ। ਪਰ, ਉਸੇ ਸਾਲ ਉਸ ਨੂੰ ਫਿਰ ਕੈਂਸਰ ਹੋ ਗਿਆ ਤੇ ਉਸ ਨੂੰ ਪਤਾ ਲੱਗਾ ਕਿ ਉਹ ਹੁਣ ਕੁਝ ਹਫ਼ਤਿਆਂ ਦੀ ਮਹਿਮਾਨ ਸੀ। ਆਪਣੇ 21ਵੇਂ ਸਾਲ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਜੂਨ 2000 ਨੂੰ ਸੇਰਾਹ ਜੇਨ ਦੀ ਮੌਤ ਹੋ ਗਈ।

ਹਸਪਤਾਲ ਵਿਚ ਸੇਰਾਹ ਜੇਨ ਨੂੰ ਮਿਲਣ ਆਏ ਲੋਕ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹੋਏ ਕਿ ਸੇਰਾਹ ਪਰਮੇਸ਼ੁਰ ਅਤੇ ਉਸ ਦੇ ਬਚਨ ਬਾਈਬਲ ਵਿਚ ਡੂੰਘੀ ਨਿਹਚਾ ਰੱਖਣ ਦੇ ਨਾਲ-ਨਾਲ ਚੰਗੇ ਭਵਿੱਖ ਦੀ ਵੀ ਪੱਕੀ ਉਮੀਦ ਰੱਖਦੀ ਸੀ। ਇਸ ਭਿਆਨਕ ਦੁਖਾਂਤ ਦਾ ਸਾਮ੍ਹਣਾ ਕਰਨ ਦੇ ਬਾਵਜੂਦ, ਉਸ ਨੂੰ ਇਸ ਆਸ਼ਾ ਵਿਚ ਪੱਕਾ ਯਕੀਨ ਸੀ ਕਿ ਉਹ ਦੁਬਾਰਾ ਜੀ ਉੱਠ ਕੇ ਆਪਣੇ ਸਾਰੇ ਦੋਸਤਾਂ ਨੂੰ ਫਿਰ ਤੋਂ ਮਿਲ ਸਕੇਗੀ। (ਯੂਹੰਨਾ 5:28, 29) “ਮੈਂ ਤੁਹਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਮਿਲਾਂਗੀ,” ਉਸ ਨੇ ਕਿਹਾ।

ਕੁਝ ਲੋਕ ਇਸ ਤਰ੍ਹਾਂ ਦੀ ਨਿਹਚਾ ਨੂੰ ਭਰਮ ਸਮਝਦੇ ਹਨ। ਲੂਡੋਵਿਕ ਕੈਨੇਡੀ ਪੁੱਛਦਾ ਹੈ: “ਅਗਲਾ ਜੀਵਨ ਕੀ ਹੈ? ਕੀ ਇਹ ਸਿਰਫ਼ ਆਪਣੇ ਭਵਿੱਖ ਬਾਰੇ ਅਨਿਸ਼ਚਿਤ ਲੋਕਾਂ ਦਾ ਹੀ ਵਿਸ਼ਵਾਸ ਨਹੀਂ ਕਿ ਆਖ਼ਰੀ ਤੁਰ੍ਹੀ ਵਜਾਏ ਜਾਣ ਤੇ ਉਨ੍ਹਾਂ ਲਈ ਸੁਆਦੀ ਭੋਜਨ, ਸ਼ਰਾਬ ਤੇ ਸੰਗੀਤ ਹੋਵੇਗਾ ਅਤੇ ਕਿ ਉਹ ਕਿਸੇ ਹਰੇ-ਭਰੇ ਅਦਨ ਦੇ ਬਾਗ਼ ਵਿਚ ਉਨ੍ਹਾਂ ਲੋਕਾਂ ਨਾਲ ਖ਼ੁਸ਼ੀ ਮਨਾਉਣਗੇ ਜੋ ਉਨ੍ਹਾਂ ਤੋਂ ਪਹਿਲਾਂ ਮਰ ਚੁੱਕੇ ਹਨ ਤੇ ਜੋ ਉਨ੍ਹਾਂ ਤੋਂ ਬਾਅਦ ਮਰ ਕੇ ਉਨ੍ਹਾਂ ਨਾਲ ਮਿਲ ਜਾਣਗੇ?” ਕੈਨੇਡੀ ਦੇ ਇਸ ਸਵਾਲ ਦੇ ਜਵਾਬ ਵਿਚ ਸਾਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ: ਇਨ੍ਹਾਂ ਦੋ ਗੱਲਾਂ ਵਿੱਚੋਂ ਕਿਹੜੀ ਗੱਲ ਮੰਨਣੀ ਜ਼ਿਆਦਾ ਉਚਿਤ ਹੈ—ਕੈਨੇਡੀ ਵਾਂਗ ਇਹ ਵਿਸ਼ਵਾਸ ਕਰਨਾ ਕਿ “ਇਹ ਮੌਜੂਦਾ ਜ਼ਿੰਦਗੀ ਹੀ ਸਭ ਕੁਝ ਹੈ, ਇਸ ਲਈ ਸਾਨੂੰ ਇਸ ਦਾ ਪੂਰਾ ਫ਼ਾਇਦਾ ਉਠਾਉਣਾ ਚਾਹੀਦਾ ਹੈ,” ਜਾਂ ਪਰਮੇਸ਼ੁਰ ਵਿਚ ਅਤੇ ਪੁਨਰ-ਉਥਾਨ ਦੇ ਉਸ ਦੇ ਵਾਅਦੇ ਵਿਚ ਵਿਸ਼ਵਾਸ ਕਰਨਾ? ਸੇਰਾਹ ਜੇਨ ਨੇ ਦੂਜੀ ਗੱਲ ਨੂੰ ਚੁਣਿਆ। ਉਸ ਨੇ ਅਜਿਹੀ ਨਿਹਚਾ ਕਿੱਦਾਂ ਪੈਦਾ ਕੀਤੀ ਸੀ?

‘ਪਰਮੇਸ਼ੁਰ ਨੂੰ ਭਾਲਣਾ ਤੇ ਲੱਭ ਲੈਣਾ’

ਕਿਸੇ ਵਿਅਕਤੀ ਵਿਚ ਨਿਹਚਾ ਕਰਨ ਤੇ ਭਰੋਸਾ ਰੱਖਣ ਲਈ ਪਹਿਲਾਂ ਤੁਹਾਨੂੰ ਉਸ ਬਾਰੇ ਜਾਣਨ ਅਤੇ ਉਸ ਦੇ ਸੋਚਣ ਤੇ ਕੰਮ ਕਰਨ ਦੇ ਤੌਰ-ਤਰੀਕਿਆਂ ਬਾਰੇ ਪਤਾ ਕਰਨ ਦੀ ਲੋੜ ਹੈ। ਇਸ ਤਰ੍ਹਾਂ ਦੀ ਨਿਹਚਾ ਪੈਦਾ ਕਰਨ ਲਈ ਦਿਲ ਤੇ ਦਿਮਾਗ਼ ਦੋਹਾਂ ਦੀ ਜ਼ਰੂਰਤ ਪੈਂਦੀ ਹੈ। ਇਹੀ ਗੱਲ ਪਰਮੇਸ਼ੁਰ ਵਿਚ ਪੱਕੀ ਨਿਹਚਾ ਪੈਦਾ ਕਰਨ ਵਿਚ ਵੀ ਲਾਗੂ ਹੁੰਦੀ ਹੈ। ਤੁਹਾਨੂੰ ਉਸ ਨੂੰ ਜਾਣਨ, ਉਸ ਦੇ ਗੁਣਾਂ ਅਤੇ ਉਸ ਦੀ ਸ਼ਖ਼ਸੀਅਤ ਬਾਰੇ ਸਿੱਖਣ ਤੇ ਇਹ ਪਤਾ ਕਰਨ ਦੀ ਲੋੜ ਹੈ ਕਿ ਉਹ ਆਪਣੀ ਸਾਰੀ ਕਰਨੀ ਤੇ ਕਥਨੀ ਵਿਚ ਕਿੰਨਾ ਭਰੋਸੇਯੋਗ ਤੇ ਵਫ਼ਾਦਾਰ ਸਾਬਤ ਹੋਇਆ ਹੈ।​—ਜ਼ਬੂਰ 9:10; 145:1-21.

ਕੁਝ ਲੋਕ ਮੰਨਦੇ ਹਨ ਕਿ ਇਸ ਤਰ੍ਹਾਂ ਕਰਨਾ ਨਾਮੁਮਕਿਨ ਹੈ। ਉਹ ਕਹਿੰਦੇ ਹਨ ਕਿ ਜੇ ਪਰਮੇਸ਼ੁਰ ਸੱਚ-ਮੁੱਚ ਹੈ, ਤਾਂ ਉਹ ਸਾਡੇ ਤੋਂ ਬਹੁਤ ਦੂਰ ਹੈ ਤੇ ਉਸ ਦਾ ਭੇਦ ਕੋਈ ਨਹੀਂ ਪਾ ਸਕਦਾ। ਨਾਸਤਿਕਵਾਦੀ ਪੁੱਛਦੇ ਹਨ: “ਜੇ ਪਰਮੇਸ਼ੁਰ ਸੱਚ-ਮੁੱਚ ਹੈ ਜਿੱਦਾਂ ਕਿ ਸੇਰਾਹ ਜੇਨ ਵਰਗੇ ਮਸੀਹੀ ਮੰਨਦੇ ਹਨ, ਤਾਂ ਉਹ ਸਾਡੇ ਤੋਂ ਦੂਰ ਕਿਉਂ ਹੈ?” ਪਰ ਕੀ ਪਰਮੇਸ਼ੁਰ ਸੱਚ-ਮੁੱਚ ਐਨਾ ਦੂਰ ਹੈ ਕਿ ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ? ਐਥਿਨਜ਼ ਵਿਚ ਫ਼ਿਲਾਸਫ਼ਰਾਂ ਅਤੇ ਬੁੱਧੀਜੀਵੀਆਂ ਨੂੰ ਦਿੱਤੇ ਭਾਸ਼ਣ ਵਿਚ ਪੌਲੁਸ ਰਸੂਲ ਨੇ ਕਿਹਾ ਕਿ “ਉਹ ਪਰਮੇਸ਼ੁਰ ਜਿਹ ਨੇ ਸੰਸਾਰ ਅਤੇ ਜੋ ਕੁਝ ਉਹ ਦੇ ਵਿੱਚ ਹੈ ਰਚਿਆ,” ਉਸ ਨੇ ਉਹ ਸਭ ਕੁਝ ਦਿੱਤਾ ਹੈ ਜੋ ‘ਪਰਮੇਸ਼ੁਰ ਨੂੰ ਭਾਲਣ ਤੇ ਲੱਭ ਲੈਣ’ ਲਈ ਜ਼ਰੂਰੀ ਹੈ। ਅਸਲ ਵਿਚ ਪੌਲੁਸ ਨੇ ਕਿਹਾ: “ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।”​—ਰਸੂਲਾਂ ਦੇ ਕਰਤੱਬ 17:24-27.

ਤਾਂ ਫਿਰ ਤੁਸੀਂ ਕਿੱਦਾਂ ‘ਪਰਮੇਸ਼ੁਰ ਨੂੰ ਭਾਲ ਅਤੇ ਲੱਭ’ ਸਕਦੇ ਹੋ? ਕੁਝ ਲੋਕਾਂ ਨੇ ਸਿਰਫ਼ ਆਪਣੇ ਆਲੇ-ਦੁਆਲੇ ਦੀ ਸ੍ਰਿਸ਼ਟੀ ਦੀ ਧਿਆਨ ਨਾਲ ਜਾਂਚ ਕਰ ਕੇ ਇਸ ਤਰ੍ਹਾਂ ਕੀਤਾ ਹੈ। ਕਈ ਲੋਕਾਂ ਲਈ ਸ੍ਰਿਸ਼ਟੀ ਆਪਣੇ ਆਪ ਵਿਚ ਹੀ ਇਕ ਸਬੂਤ ਹੈ ਕਿ ਇਸ ਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਰਚਣ ਵਾਲਾ ਹੈ। * (ਜ਼ਬੂਰ 19:1; ਯਸਾਯਾਹ 40:26; ਰਸੂਲਾਂ ਦੇ ਕਰਤੱਬ 14:16, 17) ਉਹ ਪੌਲੁਸ ਰਸੂਲ ਦੀ ਤਰ੍ਹਾਂ ਮਹਿਸੂਸ ਕਰਦੇ ਹਨ ਕਿ “ਜਗਤ ਦੇ ਉਤਪਤ ਹੋਣ ਤੋਂ [ਪਰਮੇਸ਼ੁਰ] ਦਾ ਅਣਡਿੱਠ ਸੁਭਾਉ ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿੱਸ ਪੈਂਦੀ ਹੈ।”​—ਰੋਮੀਆਂ 1:20; ਜ਼ਬੂਰ 104:24.

ਤੁਹਾਨੂੰ ਬਾਈਬਲ ਦੀ ਲੋੜ ਹੈ

ਸਿਰਜਣਹਾਰ ਵਿਚ ਪੱਕੀ ਨਿਹਚਾ ਪੈਦਾ ਕਰਨ ਲਈ ਤੁਹਾਨੂੰ ਉਸ ਦੁਆਰਾ ਦਿੱਤੀ ਇਕ ਹੋਰ ਚੀਜ਼ ਦੀ ਵੀ ਲੋੜ ਹੈ। ਉਹ ਕਿਹੜੀ ਚੀਜ਼ ਹੈ? ਉਹ ਹੈ ਬਾਈਬਲ—ਪਰਮੇਸ਼ੁਰ ਦਾ ਪ੍ਰੇਰਿਤ ਬਚਨ ਜਿਸ ਵਿਚ ਉਸ ਨੇ ਆਪਣੀ ਇੱਛਾ ਅਤੇ ਮਕਸਦ ਦੱਸਿਆ ਹੈ। (2 ਤਿਮੋਥਿਉਸ 3:16, 17) “ਪਰ ਜ਼ਰਾ ਰੁਕੋ,” ਕੁਝ ਲੋਕ ਕਹਿਣਗੇ, “ਤੁਸੀਂ ਬਾਈਬਲ ਦੀ ਕਿਸੇ ਵੀ ਗੱਲ ਵਿਚ ਕਿੱਦਾਂ ਵਿਸ਼ਵਾਸ ਕਰ ਸਕਦੇ ਹੋ ਜਦ ਕਿ ਬਾਈਬਲ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ ਲੋਕ ਇੰਨੇ ਭੈੜੇ ਕੰਮ ਕਰਦੇ ਹਨ?” ਇਹ ਗੱਲ ਸੱਚ ਹੈ ਕਿ ਈਸਾਈ-ਜਗਤ ਨੇ ਆਪਣੇ ਪਖੰਡ, ਵਹਿਸ਼ੀਪੁਣੇ ਅਤੇ ਅਨੈਤਿਕਤਾ ਦਾ ਭੈੜਾ ਰਿਕਾਰਡ ਕਾਇਮ ਕੀਤਾ ਹੈ। ਪਰ ਕੋਈ ਵੀ ਸਮਝਦਾਰ ਵਿਅਕਤੀ ਦੇਖ ਸਕਦਾ ਹੈ ਕਿ ਈਸਾਈ-ਜਗਤ ਬਾਈਬਲ ਦੇ ਅਸੂਲਾਂ ਉੱਤੇ ਚੱਲਣ ਦਾ ਸਿਰਫ਼ ਢੌਂਗ ਕਰਦਾ ਹੈ।​—ਮੱਤੀ 15:8.

ਬਾਈਬਲ ਨੇ ਖ਼ੁਦ ਹੀ ਚੇਤਾਵਨੀ ਦਿੱਤੀ ਸੀ ਕਿ ਕਈ ਲੋਕ ਪਰਮੇਸ਼ੁਰ ਦੀ ਭਗਤੀ ਕਰਨ ਦਾ ਦਾਅਵਾ ਤਾਂ ਕਰਨਗੇ ਪਰ ਅਸਲ ਵਿਚ ਉਹ “ਓਸ ਸੁਆਮੀ ਦਾ ਜਿਹ ਨੇ ਉਨ੍ਹਾਂ ਨੂੰ ਮੁੱਲ ਲਿਆ ਸੀ ਇਨਕਾਰ” ਕਰਨਗੇ। “ਉਨ੍ਹਾਂ ਦੇ ਕਾਰਨ,” ਪਤਰਸ ਰਸੂਲ ਨੇ ਕਿਹਾ, “ਸਚਿਆਈ ਦੇ ਮਾਰਗ ਦੀ ਬਦਨਾਮੀ ਕੀਤੀ ਜਾਵੇਗੀ।” (2 ਪਤਰਸ 2:1, 2) ਯਿਸੂ ਮਸੀਹ ਨੇ ਕਿਹਾ ਸੀ ਕਿ ਇਹ ਲੋਕ ‘ਬੁਰਿਆਰ’ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਬੁਰੇ ਕੰਮਾਂ ਤੋਂ ਸਾਫ਼ ਪਛਾਣ ਲਿਆ ਜਾਵੇਗਾ। (ਮੱਤੀ 7:15-23) ਈਸਾਈ-ਜਗਤ ਦੇ ਰਿਕਾਰਡ ਦੇ ਆਧਾਰ ਤੇ ਪਰਮੇਸ਼ੁਰ ਦੇ ਬਚਨ ਨੂੰ ਠੁਕਰਾਉਣਾ ਇਸ ਤਰ੍ਹਾਂ ਹੋਵੇਗਾ ਜਿਵੇਂ ਇਕ ਭਰੋਸੇਮੰਦ ਦੋਸਤ ਦੀ ਆਈ ਚਿੱਠੀ ਨੂੰ ਸੁੱਟਣਾ, ਸਿਰਫ਼ ਇਸ ਲਈ ਕਿਉਂਕਿ ਚਿੱਠੀ ਪਹੁੰਚਾਉਣ ਵਾਲਾ ਵਿਅਕਤੀ ਬਦਨਾਮ ਹੈ।

ਪਰਮੇਸ਼ੁਰ ਦੇ ਬਚਨ ਤੋਂ ਬਿਨਾਂ ਪੱਕੀ ਨਿਹਚਾ ਪੈਦਾ ਕਰਨੀ ਨਾਮੁਮਕਿਨ ਹੈ। ਸਿਰਫ਼ ਬਾਈਬਲ ਦੇ ਸਫ਼ਿਆਂ ਵਿਚ ਯਹੋਵਾਹ ਨੇ ਆਪਣਾ ਪੱਖ ਪੇਸ਼ ਕੀਤਾ ਹੈ। ਉਹ ਸਦੀਆਂ ਤੋਂ ਪੁੱਛੇ ਜਾਂਦੇ ਸਵਾਲਾਂ ਤੇ ਚਾਨਣਾ ਪਾਉਂਦਾ ਹੈ ਜਿਵੇਂ ਕਿ ਉਸ ਨੇ ਦੁੱਖਾਂ-ਤਕਲੀਫ਼ਾਂ ਨੂੰ ਰਹਿਣ ਦੀ ਇਜਾਜ਼ਤ ਕਿਉਂ ਦਿੱਤੀ ਹੈ ਅਤੇ ਉਹ ਹਾਲਾਤ ਨੂੰ ਸੁਧਾਰਨ ਲਈ ਕੀ ਕਰੇਗਾ। (ਜ਼ਬੂਰ 119:105; ਰੋਮੀਆਂ 15:4) ਸੇਰਾਹ ਜੇਨ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਬਾਈਬਲ ਪਰਮੇਸ਼ੁਰ ਦਾ ਪ੍ਰੇਰਿਤ ਬਚਨ ਹੈ। (1 ਥੱਸਲੁਨੀਕੀਆਂ 2:13; 2 ਪਤਰਸ 1:19-21) ਕਿੱਦਾਂ? ਸਿਰਫ਼ ਇਸ ਲਈ ਨਹੀਂ ਕਿ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਵਿਸ਼ਵਾਸ ਕਰਨ ਲਈ ਕਿਹਾ ਸੀ, ਪਰ ਇਸ ਲਈ ਕਿਉਂਕਿ ਉਸ ਨੇ ਉਨ੍ਹਾਂ ਸਾਰੇ ਸਬੂਤਾਂ ਦੀ ਨਿਰਪੱਖਤਾ ਨਾਲ ਜਾਂਚ ਕਰਨ ਲਈ ਸਮਾਂ ਕੱਢਿਆ ਜੋ ਦਿਖਾਉਂਦੇ ਹਨ ਕਿ ਬਾਈਬਲ ਸੱਚ-ਮੁੱਚ ਪਰਮੇਸ਼ੁਰ ਵੱਲੋਂ ਲਿਖਵਾਈ ਗਈ ਕਿਤਾਬ ਹੈ। (ਰੋਮੀਆਂ 12:2) ਮਿਸਾਲ ਵਜੋਂ, ਸੇਰਾਹ ਨੇ ਬਾਈਬਲ ਦੇ ਅਸੂਲਾਂ ਉੱਤੇ ਚੱਲਣ ਵਾਲੇ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਇਸ ਦੇ ਪ੍ਰਭਾਵਸ਼ਾਲੀ ਅਸਰ ਤੇ ਗੌਰ ਕੀਤਾ। ਅਜਿਹੇ ਪ੍ਰਕਾਸ਼ਨ ਜਿਵੇਂ ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? * (ਅੰਗ੍ਰੇਜ਼ੀ) ਕਿਤਾਬ ਦੀ ਮਦਦ ਨਾਲ ਉਸ ਨੇ ਬਾਈਬਲ ਦੇ ਅੰਦਰ ਢੇਰ ਸਾਰੇ ਸਬੂਤਾਂ ਦੀ ਵੀ ਜਾਂਚ ਕੀਤੀ ਜੋ ਸਾਬਤ ਕਰਦੇ ਹਨ ਕਿ ਬਾਈਬਲ ਪਰਮੇਸ਼ੁਰ ਦਾ ਪ੍ਰੇਰਿਤ ਬਚਨ ਹੈ।

“ਪਰਤੀਤ ਸੁਣਨ ਨਾਲ” ਹੁੰਦੀ ਹੈ

ਪਰ ਸਿਰਫ਼ ਬਾਈਬਲ ਹੋਣੀ ਜਾਂ ਇਸ ਨੂੰ ਪਰਮੇਸ਼ੁਰ ਦਾ ਬਚਨ ਮੰਨਣਾ ਹੀ ਕਾਫ਼ੀ ਨਹੀਂ ਹੈ। ਪੌਲੁਸ ਰਸੂਲ ਲਿਖਦਾ ਹੈ ਕਿ “ਪਰਤੀਤ ਸੁਣਨ ਨਾਲ” ਹੁੰਦੀ ਹੈ। (ਰੋਮੀਆਂ 10:17) ਆਪਣੇ ਕੋਲ ਬਾਈਬਲ ਰੱਖਣ ਨਾਲ ਨਿਹਚਾ ਪੈਦਾ ਨਹੀਂ ਹੁੰਦੀ ਸਗੋਂ ਬਾਈਬਲ ਨੂੰ ਸੁਣਨ ਨਾਲ ਨਿਹਚਾ ਪੈਦਾ ਹੁੰਦੀ ਹੈ। ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਅਤੇ ਅਧਿਐਨ ਕਰਨ ਦੁਆਰਾ ‘ਸੁਣਦੇ’ ਹੋ ਕਿ ਪਰਮੇਸ਼ੁਰ ਕੀ ਕਹਿੰਦਾ ਹੈ। ਛੋਟੇ ਬੱਚੇ ਵੀ ਇਸ ਤਰ੍ਹਾਂ ਕਰ ਸਕਦੇ ਹਨ। ਪੌਲੁਸ ਕਹਿੰਦਾ ਹੈ ਕਿ ਤਿਮੋਥਿਉਸ ਨੂੰ “ਬਾਲ ਅਵਸਥਾ” ਤੋਂ ਹੀ ਉਸ ਦੀ ਮਾਂ ਤੇ ਨਾਨੀ ਨੇ “ਪਵਿੱਤਰ ਲਿਖਤਾਂ” ਦੀ ਸਿੱਖਿਆ ਦਿੱਤੀ ਸੀ। ਕੀ ਇਸ ਦਾ ਮਤਲਬ ਇਹ ਹੈ ਕਿ ਉਸ ਨੂੰ ਜ਼ਬਰਦਸਤੀ ਇਹ ਗੱਲਾਂ ਸਿਖਾਈਆਂ ਗਈਆਂ ਸਨ? ਨਹੀਂ! ਤਿਮੋਥਿਉਸ ਨੂੰ ਕਿਸੇ ਵੀ ਤਰ੍ਹਾਂ ਭਰਮਾਇਆ ਜਾਂ ਭੁਚਲਾਇਆ ਨਹੀਂ ਗਿਆ ਸੀ। ਉਸ ਨੇ ਜੋ ਗੱਲਾਂ ਸੁਣੀਆਂ ਤੇ ਪੜ੍ਹੀਆਂ ਸਨ, ਉਹ ਉਨ੍ਹਾਂ ਨੂੰ ‘ਸਤ ਮੰਨਣ’ ਲਈ ਕਾਇਲ ਹੋਇਆ ਸੀ।—2 ਤਿਮੋਥਿਉਸ 1:5; 3:14, 15.

ਇਸੇ ਤਰ੍ਹਾਂ ਸੇਰਾਹ ਜੇਨ ਵੀ ਕਾਇਲ ਹੋਈ ਸੀ। ਪਹਿਲੀ ਸਦੀ ਦੇ ਬਰਿਯਾ ਦੇ ਲੋਕਾਂ ਵਾਂਗ ਉਸ ਨੇ “ਵੱਡੀ ਚਾਹ ਨਾਲ [ਆਪਣੇ ਮਾਤਾ-ਪਿਤਾ ਅਤੇ ਦੂਜੇ ਭੈਣ-ਭਰਾਵਾਂ ਵੱਲੋਂ ਸਿਖਾਏ ਗਏ] ਬਚਨ ਨੂੰ ਮੰਨ ਲਿਆ।” ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਨੇ ਛੋਟੇ ਹੁੰਦਿਆਂ ਆਪਣੇ ਮਾਪਿਆਂ ਦੁਆਰਾ ਦੱਸੀਆਂ ਗੱਲਾਂ ਵਿਚ ਭਰੋਸਾ ਕੀਤਾ ਸੀ। ਪਰ ਬਾਅਦ ਵਿਚ ਵੱਡੀ ਹੋਣ ਤੇ ਉਸ ਨੇ ਹਰ ਸਿਖਾਈ ਗਈ ਗੱਲ ਵਿਚ ਅੱਖਾਂ ਮੀਟ ਕੇ ਜਾਂ ਬਿਨਾਂ ਸੋਚੇ-ਸਮਝੇ ਹੀ ਵਿਸ਼ਵਾਸ ਨਹੀਂ ਕਰ ਲਿਆ ਸੀ। ਉਹ ‘ਰੋਜ ਲਿਖਤਾਂ ਵਿਚ ਭਾਲ ਕਰਦੀ ਸੀ ਭਈ ਏਹ ਗੱਲਾਂ ਇਸੇ ਤਰ੍ਹਾਂ ਹਨ ਕਿ ਨਹੀਂ।’​—ਰਸੂਲਾਂ ਦੇ ਕਰਤੱਬ 17:11.

ਤੁਸੀਂ ਪੱਕੀ ਨਿਹਚਾ ਪੈਦਾ ਕਰ ਸਕਦੇ ਹੋ

ਤੁਸੀਂ ਵੀ ਪੱਕੀ ਨਿਹਚਾ ਪੈਦਾ ਕਰ ਸਕਦੇ ਹੋ—ਉੱਦਾਂ ਦੀ ਨਿਹਚਾ ਜਿਸ ਬਾਰੇ ਪੌਲੁਸ ਰਸੂਲ ਨੇ ਇਬਰਾਨੀ ਮਸੀਹੀਆਂ ਨੂੰ ਆਪਣੀ ਚਿੱਠੀ ਵਿਚ ਦੱਸਿਆ ਸੀ। ਉਸ ਨੇ ਕਿਹਾ ਕਿ ਅਜਿਹੀ ਨਿਹਚਾ “ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ।” (ਟੇਢੇ ਟਾਈਪ ਸਾਡੇ।) (ਇਬਰਾਨੀਆਂ 11:1) ਅਜਿਹੀ ਨਿਹਚਾ ਹੋਣ ਨਾਲ ਤੁਹਾਨੂੰ ਪੱਕਾ ਭਰੋਸਾ ਹੋ ਜਾਵੇਗਾ ਕਿ ਪੁਨਰ-ਉਥਾਨ ਦਾ ਪਰਮੇਸ਼ੁਰ ਦਾ ਵਾਅਦਾ ਅਤੇ ਤੁਹਾਡੀਆਂ ਸਾਰੀਆਂ ਆਸਾਂ ਅਤੇ ਉਮੀਦਾਂ ਜ਼ਰੂਰ ਪੂਰੀਆਂ ਹੋਣਗੀਆਂ। ਤੁਸੀਂ ਮੰਨੋਗੇ ਕਿ ਅਜਿਹੀਆਂ ਆਸਾਂ ਦਾ ਪੱਕਾ ਆਧਾਰ ਹੈ ਤੇ ਇਹ ਕੋਈ ਕਾਲਪਨਿਕ ਗੱਲਾਂ ਨਹੀਂ ਹਨ। ਤੁਸੀਂ ਜਾਣੋਗੇ ਕਿ ਯਹੋਵਾਹ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦਾ ਹੈ। (ਯਹੋਸ਼ੁਆ 21:45; 23:14; ਯਸਾਯਾਹ 55:10, 11; ਇਬਰਾਨੀਆਂ 6:18) ਤੁਹਾਨੂੰ ਪਰਮੇਸ਼ੁਰ ਦੀ ਵਾਅਦਾ ਕੀਤੀ ਹੋਈ ਨਵੀਂ ਦੁਨੀਆਂ ਵਿਚ ਇੰਨਾ ਭਰੋਸਾ ਹੋ ਜਾਵੇਗਾ ਮਾਨੋ ਤੁਸੀਂ ਉਸ ਵਿਚ ਰਹਿ ਰਹੇ ਹੋ। (2 ਪਤਰਸ 3:13) ਅਤੇ ਨਿਹਚਾ ਦੀਆਂ ਅੱਖਾਂ ਨਾਲ ਤੁਸੀਂ ਸਾਫ਼-ਸਾਫ਼ ਦੇਖ ਸਕੋਗੇ ਕਿ ਯਹੋਵਾਹ ਪਰਮੇਸ਼ੁਰ, ਯਿਸੂ ਮਸੀਹ ਅਤੇ ਪਰਮੇਸ਼ੁਰ ਦਾ ਰਾਜ ਹਕੀਕਤ ਹਨ ਕੋਈ ਭਰਮ ਨਹੀਂ।

ਪੱਕੀ ਨਿਹਚਾ ਪੈਦਾ ਕਰਨ ਲਈ ਤੁਸੀਂ ਇਕੱਲੇ ਨਹੀਂ ਹੋ। ਯਹੋਵਾਹ ਨੇ ਹਰ ਕਿਸੇ ਨੂੰ ਆਪਣਾ ਬਚਨ ਦੇਣ ਦੇ ਨਾਲ-ਨਾਲ ਵਿਸ਼ਵ-ਵਿਆਪੀ ਮਸੀਹੀ ਕਲੀਸਿਯਾ ਵੀ ਸਥਾਪਿਤ ਕੀਤੀ ਹੈ ਜੋ ਪਰਮੇਸ਼ੁਰ ਵਿਚ ਨਿਹਚਾ ਪੈਦਾ ਕਰਨ ਲਈ ਨੇਕਦਿਲ ਲੋਕਾਂ ਦੀ ਮਦਦ ਕਰਦੀ ਹੈ। (ਯੂਹੰਨਾ 17:20; ਰੋਮੀਆਂ 10:14, 15) ਉਸ ਸੰਗਠਨ ਰਾਹੀਂ ਯਹੋਵਾਹ ਦੁਆਰਾ ਦਿੱਤੀ ਜਾਂਦੀ ਹਰ ਤਰ੍ਹਾਂ ਦੀ ਮਦਦ ਨੂੰ ਸਵੀਕਾਰ ਕਰੋ। (ਰਸੂਲਾਂ ਦੇ ਕਰਤੱਬ 8:30, 31) ਅਤੇ ਕਿਉਂਕਿ ਨਿਹਚਾ ਪਰਮੇਸ਼ੁਰ ਦੀ ਪਵਿੱਤਰ ਆਤਮਾ ਦਾ ਫਲ ਹੈ, ਇਸ ਲਈ ਉਸ ਆਤਮਾ ਲਈ ਬਾਕਾਇਦਾ ਪ੍ਰਾਰਥਨਾ ਕਰੋ ਤਾਂਕਿ ਉਹ ਪੱਕੀ ਨਿਹਚਾ ਪੈਦਾ ਕਰਨ ਵਿਚ ਤੁਹਾਡੀ ਮਦਦ ਕਰੇ।​—ਗਲਾਤੀਆਂ 5:22, ਨਿ ਵ.

ਨਾਸਤਿਕਵਾਦੀਆਂ ਦੀਆਂ ਗੱਲਾਂ ਸੁਣ ਕੇ ਨਿਰਾਸ਼ ਨਾ ਹੋਵੋ ਜੋ ਪਰਮੇਸ਼ੁਰ ਅਤੇ ਉਸ ਦੇ ਬਚਨ ਵਿਚ ਨਿਹਚਾ ਕਰਨ ਵਾਲਿਆਂ ਦਾ ਮਜ਼ਾਕ ਉਡਾਉਂਦੇ ਹਨ। (1 ਕੁਰਿੰਥੀਆਂ 1:18-21; 2 ਪਤਰਸ 3:3, 4) ਅਸਲ ਵਿਚ, ਪੱਕੀ ਨਿਹਚਾ ਅਜਿਹੇ ਹਮਲਿਆਂ ਖ਼ਿਲਾਫ਼ ਡਟੇ ਰਹਿਣ ਵਿਚ ਤੁਹਾਡੀ ਬਹੁਤ ਮਦਦ ਕਰੇਗੀ। (ਅਫ਼ਸੀਆਂ 6:16) ਸੇਰਾਹ ਜੇਨ ਨੇ ਇਸ ਗੱਲ ਨੂੰ ਸੱਚ ਪਾਇਆ ਅਤੇ ਉਹ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਆਪਣੀ ਨਿਹਚਾ ਮਜ਼ਬੂਤ ਕਰਨ ਲਈ ਉਤਸ਼ਾਹਿਤ ਕਰਦੀ ਸੀ ਜੋ ਹਸਪਤਾਲ ਵਿਚ ਉਸ ਨੂੰ ਮਿਲਣ ਆਉਂਦੇ ਸਨ। ਉਹ ਕਹਿੰਦੀ ਹੁੰਦੀ ਸੀ, “ਸੱਚਾਈ ਨੂੰ ਆਪਣਾ ਬਣਾਓ।” “ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰੋ। ਪਰਮੇਸ਼ੁਰ ਦੇ ਸੰਗਠਨ ਦੇ ਨੇੜੇ ਰਹੋ। ਲਗਾਤਾਰ ਪ੍ਰਾਰਥਨਾ ਕਰੋ। ਜੋਸ਼ ਨਾਲ ਯਹੋਵਾਹ ਦੀ ਸੇਵਾ ਕਰੋ।”​—ਯਾਕੂਬ 2:17, 26.

ਪਰਮੇਸ਼ੁਰ ਵਿਚ ਅਤੇ ਪੁਨਰ-ਉਥਾਨ ਵਿਚ ਉਸ ਦੀ ਨਿਹਚਾ ਨੂੰ ਦੇਖ ਕੇ ਇਕ ਨਰਸ ਨੇ ਕਿਹਾ: “ਸੱਚ-ਮੁੱਚ ਤੇਰੀ ਨਿਹਚਾ ਤਾਂ ਬਹੁਤ ਪੱਕੀ ਹੈ!” ਜਦੋਂ ਉਸ ਕੋਲੋਂ ਪੁੱਛਿਆ ਗਿਆ ਕਿ ਉਸ ਦੇ ਦੁੱਖਾਂ ਦੇ ਬਾਵਜੂਦ ਵੀ ਉਹ ਆਸ਼ਾਵਾਦੀ ਨਜ਼ਰੀਆ ਕਿੱਦਾਂ ਰੱਖ ਸਕੀ ਹੈ, ਤਾਂ ਉਸ ਨੇ ਜਵਾਬ ਦਿੱਤਾ: “ਯਹੋਵਾਹ ਵਿਚ ਨਿਹਚਾ ਰੱਖਣ ਕਰ ਕੇ। ਉਹ ਮੇਰਾ ਸੱਚਾ ਦੋਸਤ ਹੈ ਅਤੇ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ।”

[ਫੁਟਨੋਟ]

^ ਪੈਰਾ 8 ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਕਿਤਾਬ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਦੇਖੋ।

^ ਪੈਰਾ 12 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ੇ 6 ਉੱਤੇ ਤਸਵੀਰ]

ਤਿਮੋਥਿਉਸ ਨੂੰ “ਬਾਲ ਅਵਸਥਾ” ਤੋਂ ਹੀ ਉਸ ਦੀ ਮਾਂ ਤੇ ਨਾਨੀ ਨੇ “ਪਵਿੱਤਰ ਲਿਖਤਾਂ” ਦੀ ਸਿੱਖਿਆ ਦਿੱਤੀ ਸੀ

[ਸਫ਼ੇ 6 ਉੱਤੇ ਤਸਵੀਰ]

ਬਰਿਯਾ ਦੇ ਲੋਕਾਂ ਨੂੰ ਹਰ ਰੋਜ਼ ਪਵਿੱਤਰ ਲਿਖਤਾਂ ਦੀ ਜਾਂਚ ਕਰਨ ਲਈ ਸਲਾਹਿਆ ਗਿਆ ਸੀ

[ਕ੍ਰੈਡਿਟ ਲਾਈਨ]

From “Photo-Drama of Creation,” 1914

[ਸਫ਼ੇ 7 ਉੱਤੇ ਤਸਵੀਰ]

ਆਪਣੇ ਕੋਲ ਬਾਈਬਲ ਰੱਖਣ ਨਾਲ ਨਿਹਚਾ ਪੈਦਾ ਨਹੀਂ ਹੁੰਦੀ ਸਗੋਂ ਬਾਈਬਲ ਦੀਆਂ ਗੱਲਾਂ ਨੂੰ ਸੁਣਨ ਅਤੇ ਉਨ੍ਹਾਂ ਉ ਤੇ ਚੱਲਣ ਨਾਲ ਨਿਹਚਾ ਪੈਦਾ ਹੁੰਦੀ ਹੈ

[ਸਫ਼ੇ 7 ਉੱਤੇ ਤਸਵੀਰ]

“ਮੈਂ ਤੁਹਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਮਿਲਾਂਗੀ”