Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਇਬਰਾਨੀਆਂ 4:9-11 ਵਿਚ ਕਿਹੜੇ “ਅਰਾਮ” ਦੀ ਗੱਲ ਕੀਤੀ ਗਈ ਹੈ ਅਤੇ ਇਕ ਵਿਅਕਤੀ ਕਿਵੇਂ ਉਸ “ਅਰਾਮ ਵਿੱਚ ਵੜ” ਸਕਦਾ ਹੈ?

ਪੌਲੁਸ ਰਸੂਲ ਨੇ ਪਹਿਲੀ ਸਦੀ ਦੇ ਇਬਰਾਨੀ ਮਸੀਹੀਆਂ ਨੂੰ ਲਿਖਿਆ: “ਪਰਮੇਸ਼ੁਰ ਦੀ ਪਰਜਾ ਲਈ ਸਬਤ ਦਾ ਅਰਾਮ ਅਜੇ ਬਾਕੀ ਰਹਿੰਦਾ ਹੈ। ਕਿਉਂਕਿ ਜਿਹੜਾ ਉਹ ਦੇ ਅਰਾਮ ਵਿੱਚ ਵੜ ਗਿਆ ਉਹ ਨੇ ਵੀ ਆਪ ਆਪਣਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਅਰਾਮ ਕੀਤਾ ਜਿਵੇਂ ਪਰਮੇਸ਼ੁਰ ਨੇ ਆਪਣਿਆਂ ਕੰਮਾਂ ਤੋਂ। ਸੋ ਆਓ, ਅਸੀਂ ਓਸ ਅਰਾਮ ਵਿੱਚ ਵੜਨ ਦਾ ਜਤਨ ਕਰੀਏ।”​—ਇਬਰਾਨੀਆਂ 4:9-11.

ਜਦੋਂ ਪੌਲੁਸ ਨੇ ਕਿਹਾ ਸੀ ਕਿ ਪਰਮੇਸ਼ੁਰ ਨੇ ਆਪਣੇ ਕੰਮਾਂ ਤੋਂ ਵਿਹਲਾ ਹੋ ਕੇ ਆਰਾਮ ਕੀਤਾ, ਤਾਂ ਸਪੱਸ਼ਟ ਹੈ ਕਿ ਉਹ ਉਤਪਤ 2:2 ਦਾ ਹਵਾਲਾ ਦੇ ਰਿਹਾ ਸੀ ਜਿੱਥੇ ਅਸੀਂ ਪੜ੍ਹਦੇ ਹਾਂ: “ਪਰਮੇਸ਼ੁਰ ਨੇ ਸੱਤਵੇਂ ਦਿਨ ਆਪਣੇ ਕਾਰਜ ਨੂੰ ਜਿਹੜਾ ਉਸ ਨੇ ਬਣਾਇਆ ਸੀ ਸੰਪੂਰਨ ਕੀਤਾ ਅਤੇ ਸੱਤਵੇਂ ਦਿਨ ਆਪਣੇ ਸਾਰੇ ਕਾਰਜ ਤੋਂ ਜਿਹੜਾ ਉਸ ਨੇ ਬਣਾਇਆ ਸੀ ਵੇਹਲਾ ਹੋ ਗਿਆ।” ਯਹੋਵਾਹ ਨੇ ‘ਸੱਤਵੇਂ ਦਿਨ ਵੇਹਲਾ’ ਹੋ ਕੇ ਕਿਉਂ ਆਰਾਮ ਕੀਤਾ ਸੀ? ਇਸ ਦਾ ਮਤਲਬ ਇਹ ਨਹੀਂ ਕਿ ਉਹ “ਆਪਣੇ ਸਾਰੇ ਕਾਰਜ ਤੋਂ ਜਿਹੜਾ ਉਸ ਨੇ ਬਣਾਇਆ ਸੀ” ਇੰਨਾ ਥੱਕ ਗਿਆ ਸੀ ਕਿ ਉਸ ਨੂੰ ਆਰਾਮ ਕਰਨ ਦੀ ਲੋੜ ਪਈ। ਇਸ ਨੂੰ ਸਮਝਣ ਲਈ ਜ਼ਰਾ ਅਗਲੀ ਆਇਤ ਉੱਤੇ ਗੌਰ ਕਰੋ: “ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਹ ਨੂੰ ਏਸ ਲਈ ਪਵਿੱਤ੍ਰ ਠਹਿਰਾਇਆ ਜੋ ਉਸੇ ਦਿਨ ਆਪਣੇ ਕਾਰਜ ਤੋਂ ਜਿਹੜਾ ਪਰਮੇਸ਼ੁਰ ਨੇ ਉਤਪਤ ਕਰਕੇ ਬਣਾਇਆ ਸੀ ਉਹ ਵੇਹਲਾ ਹੋ ਗਿਆ।”​—ਉਤਪਤ 2:3; ਯਸਾਯਾਹ 40:26, 28.

‘ਸੱਤਵਾਂ ਦਿਨ’ ਪਹਿਲੇ ਛੇ ਦਿਨਾਂ ਨਾਲੋਂ ਬਿਲਕੁਲ ਵੱਖਰਾ ਸੀ, ਕਿਉਂਕਿ ਇਸ ਦਿਨ ਨੂੰ ਪਰਮੇਸ਼ੁਰ ਨੇ ਅਸੀਸ ਦਿੱਤੀ ਸੀ ਅਤੇ ਪਵਿੱਤਰ ਠਹਿਰਾਇਆ ਸੀ, ਯਾਨੀ ਇਹ ਦਿਨ ਕਿਸੇ ਖ਼ਾਸ ਮਕਸਦ ਲਈ ਅਲੱਗ ਰੱਖਿਆ ਜਾਂ ਸਮਰਪਿਤ ਕੀਤਾ ਗਿਆ ਸੀ। ਕਿਸ ਮਕਸਦ ਲਈ? ਸ਼ੁਰੂ ਵਿਚ ਪਰਮੇਸ਼ੁਰ ਨੇ ਮਨੁੱਖਜਾਤੀ ਅਤੇ ਧਰਤੀ ਲਈ ਆਪਣਾ ਮਕਸਦ ਦੱਸਿਆ ਸੀ। ਪਹਿਲੇ ਆਦਮੀ ਅਤੇ ਉਸ ਦੀ ਪਤਨੀ ਨੂੰ ਪਰਮੇਸ਼ੁਰ ਨੇ ਕਿਹਾ ਸੀ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।” (ਉਤਪਤ 1:28) ਹਾਲਾਂਕਿ ਪਰਮੇਸ਼ੁਰ ਨੇ ਮਨੁੱਖਜਾਤੀ ਅਤੇ ਧਰਤੀ ਦੀ ਬਿਲਕੁਲ ਮੁਕੰਮਲ ਸ਼ੁਰੂਆਤ ਕੀਤੀ ਸੀ, ਪਰ ਪਰਮੇਸ਼ੁਰ ਦੇ ਮਕਸਦ ਮੁਤਾਬਕ ਮਨੁੱਖ ਨੂੰ ਸਾਰੀ ਧਰਤੀ ਨੂੰ ਆਪਣੇ ਵੱਸ ਵਿਚ ਕਰਨ ਅਤੇ ਇਸ ਨੂੰ ਫਿਰਦੌਸ ਬਣਾਉਣ ਅਤੇ ਇਸ ਨੂੰ ਮੁਕੰਮਲ ਇਨਸਾਨਾਂ ਨਾਲ ਭਰਨ ਲਈ ਸਮਾਂ ਲੱਗਣਾ ਸੀ। ਇਸ ਤਰ੍ਹਾਂ ਪਰਮੇਸ਼ੁਰ ਨੇ ‘ਸੱਤਵੇਂ ਦਿਨ’ ਧਰਤੀ ਉੱਤੇ ਹੋਰ ਚੀਜ਼ਾਂ ਬਣਾਉਣ ਤੋਂ ਆਰਾਮ ਕੀਤਾ ਜਾਂ ਰੁਕ ਗਿਆ, ਤਾਂਕਿ ਜੋ ਕੁਝ ਵੀ ਪਹਿਲਾਂ ਉਸ ਨੇ ਸਿਰਜਿਆ ਸੀ, ਉਹ ਉਸ ਦੀ ਇੱਛਾ ਮੁਤਾਬਕ ਪੂਰੀ ਤਰ੍ਹਾਂ ਵੱਧ-ਫੁੱਲ ਸਕੇ। ਉਸ “ਦਿਨ” ਦੇ ਅਖ਼ੀਰ ਵਿਚ ਉਹ ਸਭ ਕੁਝ ਹਕੀਕਤ ਵਿਚ ਬਦਲ ਜਾਵੇਗਾ ਜੋ ਪਰਮੇਸ਼ੁਰ ਦਾ ਮਕਸਦ ਸੀ। ਉਹ ਆਰਾਮ ਕਿੰਨਾ ਕੁ ਲੰਬਾ ਹੋਵੇਗਾ?

ਇਬਰਾਨੀਆਂ ਵਿਚ ਪੌਲੁਸ ਦੀ ਗੱਲ ਉੱਤੇ ਮੁੜ ਧਿਆਨ ਦੇਣ ਨਾਲ ਅਸੀਂ ਦੇਖਦੇ ਹਾਂ ਕਿ ਉਸ ਨੇ ਕਿਹਾ ਕਿ “ਪਰਮੇਸ਼ੁਰ ਦੀ ਪਰਜਾ ਲਈ ਸਬਤ ਦਾ ਅਰਾਮ ਅਜੇ ਬਾਕੀ ਰਹਿੰਦਾ ਹੈ” ਤੇ ਉਸ ਨੇ ਆਪਣੇ ਸੰਗੀ ਮਸੀਹੀਆਂ ਨੂੰ “ਓਸ ਅਰਾਮ ਵਿਚ ਵੜਨ” ਲਈ ਸਖ਼ਤ ਜਤਨ ਕਰਨ ਦੀ ਤਾਕੀਦ ਕੀਤੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਪੌਲੁਸ ਨੇ ਇਹ ਸ਼ਬਦ ਲਿਖੇ ਸਨ, ਤਾਂ ਪਰਮੇਸ਼ੁਰ ਦੇ ਆਰਾਮ ਦਾ ‘ਸੱਤਵਾਂ ਦਿਨ’ ਚੱਲ ਰਿਹਾ ਸੀ ਜੋ ਕਿ ਕੁਝ 4,000 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਇਹ ਉਦੋਂ ਤਕ ਖ਼ਤਮ ਨਹੀਂ ਹੋਵੇਗਾ ਜਦੋਂ ਤਕ ਮਨੁੱਖਜਾਤੀ ਅਤੇ ਧਰਤੀ ਸੰਬੰਧੀ ਪਰਮੇਸ਼ੁਰ ਦਾ ਮਕਸਦ ਮੁਕੰਮਲ ਤੌਰ ਤੇ ਪੂਰਾ ਨਹੀਂ ਹੋ ਜਾਂਦਾ। ਇਹ ਦਿਨ ‘ਸਬਤ ਦੇ ਮਾਲਕ’ ਯਿਸੂ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਤੋਂ ਬਾਅਦ ਹੀ ਖ਼ਤਮ ਹੋਵੇਗਾ।​—ਮੱਤੀ 12:8; ਪਰਕਾਸ਼ ਦੀ ਪੋਥੀ 20:1-6; 21:1-4.

ਉਸ ਸ਼ਾਨਦਾਰ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਪੌਲੁਸ ਨੇ ਦੱਸਿਆ ਕਿ ਕਿੱਦਾਂ ਇਕ ਵਿਅਕਤੀ ਪਰਮੇਸ਼ੁਰ ਦੇ ਆਰਾਮ ਵਿਚ ਵੜ ਸਕਦਾ ਹੈ। ਉਸ ਨੇ ਲਿਖਿਆ: “ਜਿਹੜਾ ਉਹ ਦੇ ਅਰਾਮ ਵਿੱਚ ਵੜ ਗਿਆ ਉਹ ਨੇ ਵੀ ਆਪ ਆਪਣਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਅਰਾਮ ਕੀਤਾ।” ਇਸ ਤੋਂ ਪਤਾ ਲੱਗਦਾ ਹੈ ਕਿ ਚੰਗੀ ਸ਼ੁਰੂਆਤ ਹੋਣ ਤੇ ਵੀ ਸਾਰੀ ਮਨੁੱਖਜਾਤੀ ਪਰਮੇਸ਼ੁਰ ਦੇ ਆਰਾਮ ਵਿਚ ਨਹੀਂ ਵੜੀ, ਕਿਉਂਕਿ ਆਦਮ ਤੇ ਹੱਵਾਹ ਨੇ ਜਲਦੀ ਹੀ ਪਰਮੇਸ਼ੁਰ ਵੱਲੋਂ ਕੀਤੇ ਪ੍ਰਬੰਧ ਨੂੰ ਠੁਕਰਾ ਕੇ ‘ਸੱਤਵੇਂ ਦਿਨ’ ਤੇ ਪਰਮੇਸ਼ੁਰ ਦੇ ਆਰਾਮ ਵਿਚ ਵੜਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਬਗਾਵਤ ਕੀਤੀ ਅਤੇ ਪਰਮੇਸ਼ੁਰ ਤੋਂ ਆਜ਼ਾਦ ਹੋਣਾ ਚਾਹਿਆ। ਦਰਅਸਲ, ਉਹ ਪਰਮੇਸ਼ੁਰ ਦੇ ਪ੍ਰੇਮਮਈ ਨਿਰਦੇਸ਼ਨ ਵਿਚ ਚੱਲਣ ਦੀ ਬਜਾਇ ਸ਼ਤਾਨ ਦੀਆਂ ਸਕੀਮਾਂ ਮੁਤਾਬਕ ਚੱਲੇ। (ਉਤਪਤ 2:15-17) ਨਤੀਜੇ ਵਜੋਂ, ਉਨ੍ਹਾਂ ਨੇ ਫਿਰਦੌਸ ਵਰਗੀ ਧਰਤੀ ਉੱਤੇ ਹਮੇਸ਼ਾ ਜੀਉਂਦੇ ਰਹਿਣ ਦੇ ਮੌਕੇ ਨੂੰ ਗੁਆ ਦਿੱਤਾ। ਉਦੋਂ ਤੋਂ ਹੀ ਸਾਰੀ ਮਨੁੱਖਜਾਤੀ ਪਾਪ ਤੇ ਮੌਤ ਦੀ ਗ਼ੁਲਾਮ ਬਣੀ ਹੋਈ ਹੈ।​—ਰੋਮੀਆਂ 5:12, 14.

ਫਿਰ ਵੀ ਮਨੁੱਖਜਾਤੀ ਦੀ ਬਗਾਵਤ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਹੋਣ ਤੋਂ ਨਹੀਂ ਰੋਕ ਸਕਦੀ। ਉਸ ਦੇ ਆਰਾਮ ਦਾ ਦਿਨ ਅਜੇ ਤਕ ਚੱਲ ਰਿਹਾ ਹੈ। ਪਰ ਯਹੋਵਾਹ ਨੇ ਆਪਣੇ ਪੁੱਤਰ, ਯਿਸੂ ਮਸੀਹ ਰਾਹੀਂ ਰਿਹਾਈ-ਕੀਮਤ ਦਾ ਇੰਤਜ਼ਾਮ ਕੀਤਾ ਹੈ ਤਾਂਕਿ ਉਨ੍ਹਾਂ ਸਾਰਿਆਂ ਨੂੰ ਜਿਹੜੇ ਨਿਹਚਾ ਰੱਖ ਕੇ ਇਸ ਇੰਤਜ਼ਾਮ ਨੂੰ ਸਵੀਕਾਰ ਕਰਦੇ ਹਨ, ਪਾਪ ਤੇ ਮੌਤ ਦੇ ਬੋਝ ਤੋਂ ਆਜ਼ਾਦ ਹੋਣ ਅਤੇ ਉਨ੍ਹਾਂ ਨੂੰ ਆਰਾਮ ਪਾਉਣ ਦਾ ਮੌਕਾ ਮਿਲ ਸਕੇ। (ਰੋਮੀਆਂ 6:23) ਇਸੇ ਕਰਕੇ ਪੌਲੁਸ ਨੇ ਆਪਣੇ ਸੰਗੀ ਮਸੀਹੀਆਂ ਨੂੰ ‘ਆਪਣਿਆਂ ਕੰਮਾਂ ਤੋਂ ਵਿਹਲੇ ਹੋਣ’ ਦੀ ਤਾਕੀਦ ਕੀਤੀ। ਮੁਕਤੀ ਪਾਉਣ ਲਈ ਉਨ੍ਹਾਂ ਨੂੰ ਆਦਮ ਤੇ ਹੱਵਾਹ ਵਾਂਗ ਆਪਣੇ ਹੀ ਤਰੀਕੇ ਮੁਤਾਬਕ ਆਪਣਾ ਭਵਿੱਖ ਬਣਾਉਣ ਦੀ ਬਜਾਇ, ਪਰਮੇਸ਼ੁਰ ਦੇ ਇੰਤਜ਼ਾਮ ਨੂੰ ਸਵੀਕਾਰ ਕਰਨ ਦੀ ਲੋੜ ਸੀ। ਉਨ੍ਹਾਂ ਨੂੰ ਅਜਿਹੇ ਕੰਮਾਂ ਤੋਂ ਵੀ ਬਚਣਾ ਚਾਹੀਦਾ ਸੀ ਜੋ ਆਪਣੇ ਆਪ ਨੂੰ ਧਰਮੀ ਠਹਿਰਾਉਣ ਲਈ ਕੀਤੇ ਜਾਂਦੇ ਹਨ।

ਆਪਣੇ ਸੁਆਰਥੀ ਜਾਂ ਦੁਨਿਆਵੀ ਕੰਮਾਂ ਨੂੰ ਇਕ ਪਾਸੇ ਰੱਖ ਕੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਨਾਲ ਸੱਚ-ਮੁੱਚ ਤਾਜ਼ਗੀ ਤੇ ਆਰਾਮ ਮਿਲਦਾ ਹੈ। ਯਿਸੂ ਨੇ ਇਹ ਸੱਦਾ ਦਿੱਤਾ ਸੀ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ। ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।”​—ਮੱਤੀ 11:28-30.

ਪਰਮੇਸ਼ੁਰ ਦੇ ਆਰਾਮ ਬਾਰੇ ਅਤੇ ਉਸ ਆਰਾਮ ਵਿਚ ਵੜਨ ਬਾਰੇ ਪੌਲੁਸ ਦੀ ਚਰਚਾ ਯਕੀਨਨ ਹੀ ਯਰੂਸ਼ਲਮ ਦੇ ਉਨ੍ਹਾਂ ਇਬਰਾਨੀ ਮਸੀਹੀਆਂ ਲਈ ਹੌਸਲੇ ਦੀ ਗੱਲ ਸੀ ਜਿਨ੍ਹਾਂ ਨੇ ਆਪਣੀ ਨਿਹਚਾ ਦੀ ਖ਼ਾਤਰ ਕਾਫ਼ੀ ਸਤਾਹਟ ਤੇ ਮਖੌਲ ਨੂੰ ਸਹਿਆ ਸੀ। (ਰਸੂਲਾਂ ਦੇ ਕਰਤੱਬ 8:1; 12:1-5) ਉਸੇ ਤਰ੍ਹਾਂ, ਅੱਜ ਵੀ ਮਸੀਹੀਆਂ ਨੂੰ ਪੌਲੁਸ ਦੇ ਸ਼ਬਦਾਂ ਤੋਂ ਹੌਸਲਾ ਮਿਲ ਸਕਦਾ ਹੈ। ਇਹ ਜਾਣਦੇ ਹੋਏ ਕਿ ਪਰਮੇਸ਼ੁਰ ਦੇ ਧਰਮੀ ਰਾਜ ਵਿਚ ਧਰਤੀ ਨੂੰ ਇਕ ਫਿਰਦੌਸ ਬਣਾਉਣ ਦਾ ਉਸ ਦਾ ਵਾਅਦਾ ਜਲਦੀ ਹੀ ਪੂਰਾ ਹੋਣ ਵਾਲਾ ਹੈ, ਸਾਨੂੰ ਵੀ ਆਪਣੇ ਕੰਮਾਂ ਤੋਂ ਆਰਾਮ ਕਰਨਾ ਚਾਹੀਦਾ ਹੈ ਅਤੇ ਉਸ ਆਰਾਮ ਵਿਚ ਵੜਨ ਲਈ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।​—ਮੱਤੀ 6:10, 33; 2 ਪਤਰਸ 3:13.

[ਸਫ਼ੇ 31 ਉੱਤੇ ਤਸਵੀਰਾਂ]

ਪਰਮੇਸ਼ੁਰ ਦਾ ਆਰਾਮ ਦਾ ਦਿਨ ਖ਼ਤਮ ਹੋਣ ਤੇ ਫਿਰਦੌਸ ਵਰਗੀ ਧਰਤੀ ਬਾਰੇ ਪਰਮੇਸ਼ੁਰ ਦਾ ਵਾਅਦਾ ਪੂਰਾ ਹੋਵੇਗਾ