Skip to content

Skip to table of contents

ਪੱਕੀ ਨਿਹਚਾ—ਕੀ ਇਹ ਅਜੇ ਵੀ ਸੰਭਵ ਹੈ?

ਪੱਕੀ ਨਿਹਚਾ—ਕੀ ਇਹ ਅਜੇ ਵੀ ਸੰਭਵ ਹੈ?

ਪੱਕੀ ਨਿਹਚਾ—ਕੀ ਇਹ ਅਜੇ ਵੀ ਸੰਭਵ ਹੈ?

“ਨਿਹਚਾ, ਪਰਮੇਸ਼ੁਰ ਦੀ ਮਿਹਰ ਵਿਚ ਜੀਉਂਦਾ ਤੇ ਪੱਕਾ ਭਰੋਸਾ ਹੈ, ਐਨਾ ਪੱਕਾ ਤੇ ਨਿਸ਼ਚਿਤ ਕਿ ਨਿਹਚਾਵਾਨ ਇਸ ਦੀ ਖ਼ਾਤਰ ਹਜ਼ਾਰ ਵਾਰ ਆਪਣੀ ਜਾਨ ਦਾਅ ਤੇ ਲਾਉਣ ਲਈ ਤਿਆਰ ਹੋ ਜਾਂਦਾ ਹੈ।”​—ਮਾਰਟਿਨ ਲੂਥਰ, 1522.

“ਅਸਲ ਵਿਚ ਸਾਡਾ ਸਮਾਜ ਤਾਂ ਪਹਿਲਾਂ ਹੀ ਨਾਸਤਿਕ ਹੋ ਚੁੱਕਾ ਹੈ ਜਿਸ ਵਿਚ ਮਸੀਹੀ ਨਿਹਚਾ ਅਤੇ ਰੀਤੀ-ਰਿਵਾਜ ਲਗਭਗ ਖ਼ਤਮ ਹੋ ਚੁੱਕੇ ਹਨ।”​—ਲੂਡੋਵਿਕ ਕੈਨੇਡੀ, 1999.

ਨਿਹਚਾ ਬਾਰੇ ਲੋਕਾਂ ਦੇ ਵਿਚਾਰ ਕਾਫ਼ੀ ਅਲੱਗ-ਅਲੱਗ ਹਨ। ਪੁਰਾਣੇ ਜ਼ਮਾਨੇ ਵਿਚ ਲੋਕ ਆਮ ਹੀ ਪਰਮੇਸ਼ੁਰ ਵਿਚ ਨਿਹਚਾ ਕਰਦੇ ਸਨ। ਅੱਜ-ਕੱਲ੍ਹ ਇਸ ਨਾਸਤਿਕਵਾਦੀ ਅਤੇ ਦੁੱਖਾਂ-ਭਰੇ ਸੰਸਾਰ ਵਿਚ, ਪਰਮੇਸ਼ੁਰ ਅਤੇ ਬਾਈਬਲ ਵਿਚ ਨਿਹਚਾ ਤੇਜ਼ੀ ਨਾਲ ਖ਼ਤਮ ਹੁੰਦੀ ਜਾ ਰਹੀ ਹੈ।

ਸੱਚੀ ਨਿਹਚਾ

ਕਈਆਂ ਲਈ “ਨਿਹਚਾ” ਦਾ ਮਤਲਬ ਹੈ ਸਿਰਫ਼ ਕਿਸੇ ਧਰਮ ਨੂੰ ਮੰਨਣਾ ਜਾਂ ਕਿਸੇ ਧਾਰਮਿਕ ਸਿਧਾਂਤ ਨੂੰ ਅਪਣਾਉਣਾ। ਪਰ ਬਾਈਬਲ ਅਨੁਸਾਰ, “ਨਿਹਚਾ” ਦਾ ਮੂਲ ਅਰਥ ਹੈ ਪੂਰਾ ਭਰੋਸਾ​—ਪਰਮੇਸ਼ੁਰ ਅਤੇ ਉਸ ਦੇ ਵਾਅਦਿਆਂ ਵਿਚ ਮੁਕੰਮਲ ਅਤੇ ਅਡੋਲ ਵਿਸ਼ਵਾਸ। ਇਹ ਯਿਸੂ ਮਸੀਹ ਦੇ ਚੇਲਿਆਂ ਦੀ ਪਛਾਣ ਕਰਾਉਣ ਵਾਲੀ ਇਕ ਖ਼ਾਸੀਅਤ ਹੈ।

ਇਕ ਮੌਕੇ ਤੇ ਯਿਸੂ ਮਸੀਹ ਨੇ ਪ੍ਰਾਰਥਨਾ ਕਰਨ ਅਤੇ ‘ਨਿਰਾਸ਼ ਨਾ ਹੋਣ’ ਦੀ ਲੋੜ ਬਾਰੇ ਗੱਲ ਕੀਤੀ ਸੀ। ਇਸ ਦੌਰਾਨ ਉਸ ਨੇ ਸਵਾਲ ਉਠਾਇਆ ਕਿ ਸਾਡੇ ਜ਼ਮਾਨੇ ਵਿਚ ਸੱਚੀ ਨਿਹਚਾ ਰਹੇਗੀ ਕਿ ਨਹੀਂ। ਉਸ ਨੇ ਪੁੱਛਿਆ: “ਕੀ ਮਨੁੱਖ ਦਾ ਪੁੱਤਰ ਜਦੋਂ ਆਵੇਗਾ, ਉਹ ਧਰਤੀ ਉੱਤੇ ਇਹੋ ਜਿਹਾ ਵਿਸ਼ਵਾਸ ਦੇਖੇਗਾ?” ਉਸ ਨੇ ਅਜਿਹਾ ਸਵਾਲ ਕਿਉਂ ਪੁੱਛਿਆ?​—ਲੂਕਾ 18:1, 8, ਪੰਜਾਬੀ ਬਾਈਬਲ ਨਵਾਂ ਅਨੁਵਾਦ।

ਨਿਹਚਾ ਦੀ ਘਾਟ

ਜੇ ਲੋਕਾਂ ਵਿਚ ਥੋੜ੍ਹੀ-ਬਹੁਤੀ ਨਿਹਚਾ ਹੈ ਵੀ, ਤਾਂ ਉਹ ਕਈ ਗੱਲਾਂ ਕਰਕੇ ਮਰ ਸਕਦੀ ਹੈ। ਇਨ੍ਹਾਂ ਗੱਲਾਂ ਵਿਚ ਸਦਮੇ ਅਤੇ ਰੋਜ਼-ਮੱਰਾ ਦੀਆਂ ਮੁਸ਼ਕਲਾਂ ਸ਼ਾਮਲ ਹਨ। ਮਿਸਾਲ ਵਜੋਂ, ਮਿਊਨਿਕ ਵਿਚ ਜਦੋਂ 1958 ਵਿਚ ਹੋਏ ਹਵਾਈ ਹਾਦਸੇ ਵਿਚ ਮੈਨਚੈੱਸਟਰ ਯੂਨਾਈਟਿਡ ਫੁੱਟਬਾਲ ਟੀਮ ਦੇ ਕਈ ਮੈਂਬਰ ਮਾਰੇ ਗਏ ਸਨ, ਉਸ ਸਮੇਂ ਪ੍ਰੋਫ਼ੈਸਰ ਮਾਈਕਲ ਗੋਲਡਰ ਇੰਗਲੈਂਡ ਦੇ ਮੈਨਚੈੱਸਟਰ ਸ਼ਹਿਰ ਵਿਚ ਇਕ ਪਾਦਰੀ ਸੀ। ਬੀ.ਬੀ.ਸੀ. ਟੈਲੀਵਿਯਨ ਦੇ ਇਕ ਪ੍ਰੋਗ੍ਰਾਮ ਵਿਚ ਅਨਾਉਂਸਰ ਜੋਨ ਬੇਕਵੈੱਲ ਨੇ ਕਿਹਾ ਕਿ ਗੋਲਡਰ ਨੇ “ਲੋਕਾਂ ਦੇ ਗਹਿਰੇ ਦੁੱਖ ਅੱਗੇ ਆਪਣੇ ਆਪ ਨੂੰ ਬੇਬੱਸ ਮਹਿਸੂਸ ਕੀਤਾ।” ਇਸ ਦਾ ਇਕ ਨਤੀਜਾ ਇਹ ਨਿਕਲਿਆ ਕਿ ਉਸ ਦਾ “ਪਰਮੇਸ਼ੁਰ ਉੱਤੋਂ ਇਸ ਕਰਕੇ ਭਰੋਸਾ ਉੱਠ ਗਿਆ ਕਿਉਂਕਿ ਉਹ ਇਨਸਾਨਾਂ ਦੀ ਮਦਦ ਨਹੀਂ ਕਰਦਾ।” ਗੋਲਡਰ ਨੇ ਆਪਣੇ ਵਿਸ਼ਵਾਸ ਬਾਰੇ ਦੱਸਦੇ ਹੋਏ ਕਿਹਾ ਕਿ ‘ਬਾਈਬਲ ਪਰਮੇਸ਼ੁਰ ਦਾ ਅਟੱਲ ਬਚਨ ਨਹੀਂ ਹੈ,’ ਸਗੋਂ “ਭੁੱਲਣਹਾਰ ਮਨੁੱਖ ਦਾ ਬਚਨ ਹੈ ਜਿਸ ਵਿਚ ਸ਼ਾਇਦ ਕੋਈ-ਕੋਈ ਆਇਤ ਹੀ ਪਰਮੇਸ਼ੁਰ ਦੀ ਪ੍ਰੇਰਣਾ ਦੁਆਰਾ ਲਿਖੀ ਗਈ ਹੈ।”

ਕਈ ਵਾਰੀ ਨਿਹਚਾ ਖ਼ੁਦ-ਬ-ਖ਼ੁਦ ਹੀ ਘੱਟਦੀ ਜਾਂਦੀ ਹੈ। ਇਹੀ ਗੱਲ ਲੇਖਕ ਅਤੇ ਪ੍ਰਸਾਰਕ ਲੂਡੋਵਿਕ ਕੈਨੇਡੀ ਨਾਲ ਹੋਈ। ਉਹ ਕਹਿੰਦਾ ਹੈ ਕਿ ਬਚਪਨ ਤੋਂ ਹੀ “[ਪਰਮੇਸ਼ੁਰ ਬਾਰੇ] ਹੌਲੀ-ਹੌਲੀ ਉਸ ਦੇ ਅੰਦਰ ਸ਼ੱਕ ਅਤੇ ਭਰਮ ਪੈਦਾ ਹੋਣ ਲੱਗ ਪਏ ਅਤੇ [ਉਸ ਦਾ] ਵਿਸ਼ਵਾਸ ਘੱਟਦਾ ਗਿਆ।” ਲੱਗਦਾ ਹੈ ਕਿ ਕੋਈ ਵੀ ਉਸ ਦੇ ਸਵਾਲਾਂ ਦੇ ਸੰਤੋਖਜਨਕ ਜਵਾਬ ਨਹੀਂ ਦੇ ਸਕਿਆ। ਸਮੁੰਦਰੀ ਸਫ਼ਰ ਦੌਰਾਨ ਉਸ ਦੇ ਪਿਤਾ ਦੀ ਅਚਾਨਕ ਮੌਤ ਹੋਣ ਕਾਰਨ ਉਸ ਨੂੰ ਗਹਿਰਾ ਸਦਮਾ ਲੱਗਾ ਜਿਸ ਨਾਲ ਉਸ ਦੀ ਥੋੜ੍ਹੀ-ਬਹੁਤੀ ਬਚੀ ਨਿਹਚਾ ਵੀ ਮਰ ਗਈ। ਜਲ ਸੈਨਾ ਵਾਸਤੇ ਰੱਬ ਨੂੰ ਕੀਤੀਆਂ ਪ੍ਰਾਰਥਨਾਵਾਂ ਕਿ “ਸਮੁੰਦਰ ਦੇ ਖ਼ਤਰਿਆਂ ਅਤੇ ਦੁਸ਼ਮਣ ਦੀ ਹਿੰਸਾ ਤੋਂ ਸਾਨੂੰ ਬਚਾ” ਵਿਅਰਥ ਗਈਆਂ ਕਿਉਂਕਿ ਦੂਜੇ ਵਿਸ਼ਵ ਯੁੱਧ ਦੌਰਾਨ ਜਿਸ ਮੁਸਾਫ਼ਰੀ ਸਮੁੰਦਰੀ ਜਹਾਜ਼ ਵਿਚ ਉਸ ਦੇ ਪਿਤਾ ਜੀ ਸਨ, ਉਸ ਉੱਤੇ ਜਰਮਨੀ ਦੇ ਜੰਗੀ ਜਹਾਜ਼ਾਂ ਨੇ ਹਮਲਾ ਕਰ ਕੇ ਤਬਾਹ ਕਰ ਦਿੱਤਾ ਸੀ।​—ਇਹ ਸਿਰਫ਼ ਕਲਪਨਾ ਹੈ​—ਪਰਮੇਸ਼ੁਰ ਨੂੰ ਅਲਵਿਦਾ (ਅੰਗ੍ਰੇਜ਼ੀ)।

ਅਜਿਹੇ ਤਜਰਬੇ ਆਮ ਹੁੰਦੇ ਹਨ। ਪੌਲੁਸ ਰਸੂਲ ਕਹਿੰਦਾ ਹੈ ਕਿ “ਸਭਨਾਂ ਨੂੰ ਨਿਹਚਾ ਨਹੀਂ ਹੈ।” (2 ਥੱਸਲੁਨੀਕੀਆਂ 3:2) ਤੁਹਾਡਾ ਕੀ ਖ਼ਿਆਲ ਹੈ? ਕੀ ਇਸ ਨਾਸਤਿਕਵਾਦੀ ਬਣਦੀ ਜਾ ਰਹੀ ਦੁਨੀਆਂ ਵਿਚ ਅਜੇ ਵੀ ਪਰਮੇਸ਼ੁਰ ਅਤੇ ਉਸ ਦੇ ਬਚਨ ਵਿਚ ਪੱਕੀ ਨਿਹਚਾ ਰੱਖੀ ਜਾ ਸਕਦੀ ਹੈ? ਧਿਆਨ ਦਿਓ ਕਿ ਅਗਲਾ ਲੇਖ ਇਸ ਵਿਸ਼ੇ ਬਾਰੇ ਕੀ ਕਹਿੰਦਾ ਹੈ।