Skip to content

Skip to table of contents

ਯਹੋਵਾਹ ਦੀ ਸੇਵਾ ਵਿਚ ਹੈਰਾਨੀਜਨਕ ਤਜਰਬਿਆਂ ਨਾਲ ਭਰੀ ਜ਼ਿੰਦਗੀ

ਯਹੋਵਾਹ ਦੀ ਸੇਵਾ ਵਿਚ ਹੈਰਾਨੀਜਨਕ ਤਜਰਬਿਆਂ ਨਾਲ ਭਰੀ ਜ਼ਿੰਦਗੀ

ਜੀਵਨੀ

ਯਹੋਵਾਹ ਦੀ ਸੇਵਾ ਵਿਚ ਹੈਰਾਨੀਜਨਕ ਤਜਰਬਿਆਂ ਨਾਲ ਭਰੀ ਜ਼ਿੰਦਗੀ

ਐਰਿਕ ਅਤੇ ਹੇਜ਼ਲ ਬੈਵਰਿਜ ਦੀ ਜ਼ਬਾਨੀ

“ਤੈਨੂੰ ਛੇ ਮਹੀਨੇ ਦੀ ਸਜ਼ਾ ਦਿੱਤੀ ਜਾਂਦੀ ਹੈ।” ਜਦੋਂ ਮੈਨੂੰ ਮੈਨਚੈੱਸਟਰ, ਇੰਗਲੈਂਡ ਦੀ ਸਟ੍ਰੇਂਜਵੇਸ ਜੇਲ੍ਹ ਨੂੰ ਲਿਜਾਇਆ ਗਿਆ, ਤਾਂ ਇਹ ਸ਼ਬਦ ਮੇਰੇ ਕੰਨਾਂ ਵਿਚ ਗੂੰਜ ਰਹੇ ਸਨ। ਇਹ ਦਸੰਬਰ 1950 ਦੀ ਗੱਲ ਹੈ ਜਦੋਂ ਮੈਂ 19 ਸਾਲਾਂ ਦਾ ਸੀ। ਉਦੋਂ ਮੈਂ ਆਪਣੀ ਜਵਾਨੀ ਦੀ ਇਕ ਸਭ ਤੋਂ ਔਖੀ ਅਜ਼ਮਾਇਸ਼ ਦਾ ਸਾਮ੍ਹਣਾ ਕੀਤਾ, ਯਾਨੀ ਮੈਂ ਫ਼ੌਜੀ ਸੇਵਾ ਕਰਨ ਤੋਂ ਇਨਕਾਰ ਕੀਤਾ।​—2 ਕੁਰਿੰਥੀਆਂ 10:3-5.

ਮੈਂਯਹੋਵਾਹ ਦੇ ਗਵਾਹਾਂ ਦਾ ਇਕ ਪਾਇਨੀਅਰ ਸੇਵਕ, ਯਾਨੀ ਪੂਰੇ ਸਮੇਂ ਦਾ ਧਰਮ ਪ੍ਰਚਾਰਕ ਸੀ। ਇਸ ਦਾ ਮਤਲਬ ਸੀ ਕਿ ਮੈਨੂੰ ਫ਼ੌਜੀ ਸੇਵਾ ਤੋਂ ਛੋਟ ਮਿਲਣੀ ਚਾਹੀਦੀ ਸੀ, ਪਰ ਬਰਤਾਨਵੀ ਸਰਕਾਰ ਨੇ ਸਾਨੂੰ ਧਰਮ ਪ੍ਰਚਾਰਕਾਂ ਵਜੋਂ ਮਾਨਤਾ ਨਹੀਂ ਦਿੱਤੀ। ਇਸੇ ਲਈ ਮੈਂ ਜੇਲ੍ਹ ਦੀ ਹਵਾ ਖਾ ਰਿਹਾ ਸੀ। ਉਦੋਂ ਮੈਂ ਆਪਣੇ ਪਿਤਾ ਜੀ ਬਾਰੇ ਸੋਚਿਆ। ਇਕ ਤਰ੍ਹਾਂ ਨਾਲ ਮੈਂ ਉਨ੍ਹਾਂ ਕਰਕੇ ਹੀ ਜੇਲ੍ਹ ਵਿਚ ਸੀ।

ਪਿਤਾ ਜੀ ਉਦੋਂ ਇਕ ਜੇਲ੍ਹ ਦੇ ਅਫ਼ਸਰ ਸਨ। ਇਕ ਯੌਰਕਸ਼ਰ ਵਾਸੀ ਹੋਣ ਕਰਕੇ ਉਹ ਅਸੂਲਾਂ ਦੇ ਬੜੇ ਪੱਕੇ ਅਤੇ ਦ੍ਰਿੜ੍ਹ ਇਰਾਦਿਆਂ ਵਾਲੇ ਵਿਅਕਤੀ ਸਨ। ਫ਼ੌਜ ਅਤੇ ਜੇਲ੍ਹ ਵਿਚ ਉਨ੍ਹਾਂ ਨਾਲ ਹੋਏ ਤਜਰਬਿਆਂ ਕਾਰਨ ਉਹ ਕੈਥੋਲਿਕ ਧਰਮ ਦੇ ਬਹੁਤ ਖ਼ਿਲਾਫ਼ ਸਨ। ਉਹ ਗਵਾਹਾਂ ਨੂੰ ਪਹਿਲੀ ਵਾਰ 1930 ਦੇ ਦਹਾਕੇ ਦੇ ਸ਼ੁਰੂ ਵਿਚ ਮਿਲੇ ਸਨ ਜਦੋਂ ਉਹ ਦਰਵਾਜ਼ੇ ਤੇ ਖੜ੍ਹੇ ਗਵਾਹਾਂ ਨੂੰ ਭਜਾਉਣ ਲਈ ਗਏ, ਪਰ ਉਨ੍ਹਾਂ ਦੀਆਂ ਕੁਝ ਕਿਤਾਬਾਂ ਲੈ ਕੇ ਵਾਪਸ ਆਏ! ਬਾਅਦ ਵਿਚ ਉਨ੍ਹਾਂ ਨੇ ਦਿਲਾਸਾ (ਅੰਗ੍ਰੇਜ਼ੀ) ਨਾਮਕ ਰਸਾਲੇ (ਜੋ ਹੁਣ ਜਾਗਰੂਕ ਬਣੋ! ਕਹਾਉਂਦਾ ਹੈ) ਦੀ ਸਬਸਕ੍ਰਿਪਸ਼ਨ ਭਰ ਦਿੱਤੀ। ਗਵਾਹ ਹਰ ਸਾਲ ਸਾਡੇ ਘਰ ਆ ਕੇ ਉਨ੍ਹਾਂ ਨੂੰ ਆਪਣੀ ਸਬਸਕ੍ਰਿਪਸ਼ਨ ਨਵਿਆਉਣ ਦੀ ਪ੍ਰੇਰਣਾ ਦਿੰਦੇ ਹੁੰਦੇ ਸੀ। ਜਦੋਂ ਮੈਂ 15 ਸਾਲਾਂ ਦਾ ਸੀ, ਤਾਂ ਗਵਾਹ ਮੇਰੇ ਪਿਤਾ ਜੀ ਨਾਲ ਗੱਲਬਾਤ ਕਰਨ ਲਈ ਦੁਬਾਰਾ ਆਏ ਅਤੇ ਉਸ ਚਰਚਾ ਵਿਚ ਮੈਂ ਗਵਾਹਾਂ ਦਾ ਪੱਖ ਲਿਆ। ਉਸ ਸਮੇਂ ਤੋਂ ਹੀ ਮੈਂ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ।

ਮਾਰਚ 1949 ਵਿਚ 17 ਸਾਲ ਦੀ ਉਮਰ ਤੇ ਮੈਂ ਯਹੋਵਾਹ ਨੂੰ ਆਪਣਾ ਸਮਰਪਣ ਕੀਤਾ ਅਤੇ ਬਪਤਿਸਮਾ ਲੈ ਲਿਆ। ਬਾਅਦ ਵਿਚ ਉਸੇ ਸਾਲ ਮੈਂ ਜੌਨ ਅਤੇ ਮਾਈਕਲ ਚਰੁੱਕ ਨੂੰ ਮਿਲਿਆ ਜਿਹੜੇ ਉਸ ਵੇਲੇ ਗਿਲਿਅਡ ਮਿਸ਼ਨਰੀ ਸਕੂਲ ਤੋਂ ਗ੍ਰੈਜੂਏਟ ਹੋ ਕੇ ਨਾਈਜੀਰੀਆ ਜਾ ਰਹੇ ਸਨ। ਮੈਂ ਉਨ੍ਹਾਂ ਦੇ ਜੋਸ਼ ਨੂੰ ਦੇਖ ਕੇ ਬੜਾ ਪ੍ਰਭਾਵਿਤ ਹੋਇਆ। ਉਹ ਸ਼ਾਇਦ ਨਹੀਂ ਜਾਣਦੇ ਕਿ ਉਨ੍ਹਾਂ ਨੇ ਹੀ ਮੇਰੇ ਦਿਲ ਵਿਚ ਮਿਸ਼ਨਰੀ ਬਣਨ ਦੀ ਇੱਛਾ ਪੈਦਾ ਕੀਤੀ ਸੀ।

ਜਦੋਂ ਮੈਂ ਬਾਈਬਲ ਦੀ ਸਟੱਡੀ ਕਰ ਰਿਹਾ ਸੀ, ਤਾਂ ਯੂਨੀਵਰਸਿਟੀ ਵਿਚ ਦਾਖ਼ਲਾ ਲੈਣ ਦੀ ਮੇਰੀ ਇੱਛਾ ਖ਼ਤਮ ਹੋ ਗਈ। ਮੈਂ ਲੰਡਨ ਜਾ ਕੇ ਕਸਟਮ ਤੇ ਐਕਸਾਈਜ਼ ਵਿਭਾਗ ਵਿਚ ਕੰਮ ਕਰਨ ਲੱਗ ਪਿਆ। ਉੱਥੇ ਕੰਮ ਕਰਦਿਆਂ ਮੈਨੂੰ ਇਕ ਸਾਲ ਵੀ ਨਹੀਂ ਹੋਇਆ ਸੀ ਕਿ ਮੈਨੂੰ ਅਹਿਸਾਸ ਹੋਇਆ ਕਿ ਸਰਕਾਰੀ ਨੌਕਰੀ ਕਰਦੇ ਹੋਏ ਮੈਂ ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਨੂੰ ਪੂਰਾ ਨਹੀਂ ਕਰ ਸਕਦਾ ਸੀ। ਜਦੋਂ ਮੈਂ ਇਹ ਨੌਕਰੀ ਛੱਡੀ, ਤਾਂ ਉਸ ਦਫ਼ਤਰ ਵਿਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਇਕ ਸਹਿਕਰਮੀ ਨੇ ਮੈਨੂੰ ਵਧਾਈ ਦਿੱਤੀ ਕਿ ਮੈਂ ਜ਼ਮੀਰ ਦਾ ਕਤਲ ਕਰ ਦੇਣ ਵਾਲੀ ਇਹ ਨੌਕਰੀ ਛੱਡ ਰਿਹਾ ਸੀ।

ਪਰ ਇਸ ਤੋਂ ਪਹਿਲਾਂ ਮੈਨੂੰ ਇਕ ਹੋਰ ਅਜ਼ਮਾਇਸ਼ ਦਾ ਸਾਮ੍ਹਣਾ ਕਰਨਾ ਪਿਆ ਸੀ ਕਿ ਮੈਂ ਆਪਣੇ ਪਿਤਾ ਜੀ ਨੂੰ ਕਿੱਦਾਂ ਦੱਸਾਂ ਕਿ ਮੈਂ ਆਪਣੀ ਚੰਗੀ-ਭਲੀ ਨੌਕਰੀ ਛੱਡ ਕੇ ਪੂਰੇ ਸਮੇਂ ਦਾ ਧਰਮ ਪ੍ਰਚਾਰਕ ਬਣਨਾ ਚਾਹੁੰਦਾ ਸੀ। ਇਕ ਸ਼ਾਮ ਜਦੋਂ ਮੈਂ ਛੁੱਟੀਆਂ ਵਿਚ ਘਰ ਗਿਆ ਹੋਇਆ ਸੀ, ਤਾਂ ਮੈਂ ਪਿਤਾ ਜੀ ਨੂੰ ਆਪਣੀ ਇੱਛਾ ਜ਼ਾਹਰ ਕੀਤੀ। ਮੈਂ ਸੋਚਦਾ ਸੀ ਕਿ ਉਹ ਗੁੱਸੇ ਵਿਚ ਭੜਕ ਉੱਠਣਗੇ। ਪਰ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਉਨ੍ਹਾਂ ਨੇ ਸਿਰਫ਼ ਇਹੋ ਕਿਹਾ: “ਆਪਣੀ ਬੀਜੀ ਆਪੇ ਵੱਢਣੀ। ਪਰ ਬਾਅਦ ਵਿਚ ਰੋਂਦਾ ਹੋਇਆ ਮੇਰੇ ਕੋਲ ਨਾ ਭੱਜਾ ਆਈਂ।” ਉਸ ਦਿਨ 1 ਜਨਵਰੀ 1950 ਨੂੰ ਮੈਂ ਆਪਣੀ ਡਾਇਰੀ ਵਿਚ ਇਹ ਲਿਖਿਆ ਸੀ: “ਪਿਤਾ ਜੀ ਨੂੰ ਪਾਇਨੀਅਰੀ ਕਰਨ ਬਾਰੇ ਦੱਸਿਆ। ਉਨ੍ਹਾਂ ਦੀ ਚੰਗੀ ਪ੍ਰਤਿਕ੍ਰਿਆ ਨੇ ਮੈਨੂੰ ਬੜਾ ਹੈਰਾਨ ਕੀਤਾ। ਮੈਂ ਉਨ੍ਹਾਂ ਦੇ ਚੰਗੇ ਰਵੱਈਏ ਨੂੰ ਦੇਖ ਕੇ ਖ਼ੁਸ਼ੀ ਦੇ ਮਾਰੇ ਰੋ ਪਿਆ।” ਮੈਂ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਇਕ ਪਾਇਨੀਅਰ ਵਜੋਂ ਸੇਵਾ ਕਰਨ ਲੱਗ ਪਿਆ।

ਪਾਇਨੀਅਰੀ ਅਤੇ ਇਕ “ਬੰਗਲੇ” ਦਾ ਸੁਪਨਾ

ਇਸ ਤੋਂ ਬਾਅਦ ਮੈਂ ਪਰਮੇਸ਼ੁਰ ਪ੍ਰਤੀ ਆਪਣੇ ਸਮਰਪਣ ਦੀ ਇਕ ਹੋਰ ਅਜ਼ਮਾਇਸ਼ ਦਾ ਸਾਮ੍ਹਣਾ ਕੀਤਾ। ਮੈਨੂੰ ਲੈਂਕੱਸ਼ਰ ਵਿਚ ਪਾਇਨੀਅਰੀ ਕਰਨ ਲਈ ਭੇਜਿਆ ਗਿਆ। ਉੱਥੇ ਮੈਂ ਵੇਲਜ਼ ਤੋਂ ਆਏ ਇਕ ਸੰਗੀ ਮਸੀਹੀ ਲੋਇਡ ਗ੍ਰਿਫ਼ਿਥਸ ਦੇ ਨਾਲ ਇਕ “ਬੰਗਲੇ” ਵਿਚ ਰਹਿਣਾ ਸੀ। ਉਸ ਬੰਗਲੇ ਦੇ ਸੋਹਣੇ-ਸੋਹਣੇ ਸੁਪਨੇ ਬੁਣਦਾ ਹੋਇਆ ਤੇ ਵੱਡੀਆਂ-ਵੱਡੀਆਂ ਆਸਾਂ ਲਾਈ ਮੈਂ ਮੀਂਹ ਨਾਲ ਭਿੱਜੇ ਉਸ ਉਦਾਸ ਜਿਹੇ ਬੇਕਪ ਨਾਮਕ ਕਸਬੇ ਵਿਚ ਪਹੁੰਚਿਆ। ਉਸ “ਬੰਗਲੇ” ਨੂੰ ਦੇਖ ਕੇ ਮੇਰੇ ਸਾਰੇ ਸੁਪਨੇ ਚੂਰ-ਚੂਰ ਹੋ ਗਏ ਕਿਉਂਕਿ ਉਹ ਬੰਗਲਾ ਨਹੀਂ ਸੀ, ਸਗੋਂ ਇਕ ਤਹਿਖ਼ਾਨਾ ਸੀ! ਰਾਤ ਨੂੰ ਚੂਹੇ ਤੇ ਕਾਕਰੋਚ ਸਾਡਾ ਸਾਥ ਦਿੰਦੇ ਸਨ। ਮੈਂ ਇੰਨਾ ਨਿਰਾਸ਼ ਹੋ ਗਿਆ ਸੀ ਕਿ ਮੈਂ ਬੋਰੀ-ਬਿਸਤਰਾ ਬੰਨ੍ਹ ਕੇ ਵਾਪਸ ਘਰ ਜਾਣ ਦਾ ਮਨ ਬਣਾ ਲਿਆ ਸੀ। ਪਰ ਫਿਰ ਮੈਂ ਮਨ ਹੀ ਮਨ ਵਿਚ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਇਸ ਅਜ਼ਮਾਇਸ਼ ਦਾ ਡਟ ਕੇ ਸਾਮ੍ਹਣਾ ਕਰਨ ਦੀ ਤਾਕਤ ਮੰਗੀ। ਅਚਾਨਕ ਮੈਂ ਆਪਣੇ ਅੰਦਰ ਸ਼ਾਂਤੀ ਮਹਿਸੂਸ ਕੀਤੀ ਅਤੇ ਆਪਣੇ ਹਾਲਾਤਾਂ ਨੂੰ ਨਵੇਂ ਨਜ਼ਰੀਏ ਤੋਂ ਦੇਖਣ ਲੱਗਾ। ਯਹੋਵਾਹ ਦੇ ਸੰਗਠਨ ਨੇ ਮੈਨੂੰ ਇੱਥੇ ਘੱਲਿਆ ਸੀ। ਇਸ ਲਈ ਮੈਂ ਯਹੋਵਾਹ ਉੱਤੇ ਭਰੋਸਾ ਰੱਖਾਂਗਾ ਕਿ ਉਹ ਮੇਰੀ ਮਦਦ ਜ਼ਰੂਰ ਕਰੇਗਾ। ਅੱਜ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਮੈਂ ਉਦੋਂ ਡਟਿਆ ਰਿਹਾ, ਕਿਉਂਕਿ ਜੇ ਮੈਂ ਹਾਰ ਮੰਨ ਲੈਂਦਾ, ਤਾਂ ਅੱਜ ਮੇਰੀ ਜ਼ਿੰਦਗੀ ਕੁਝ ਹੋਰ ਹੀ ਹੋਣੀ ਸੀ!​—ਯਸਾਯਾਹ 26:3, 4.

ਉਸ ਸਮੇਂ ਰੌਸਨਡੇਲ ਘਾਟੀ ਦੇ ਲੋਕ ਆਰਥਿਕ ਸੰਕਟ ਦਾ ਸਾਮ੍ਹਣਾ ਕਰ ਰਹੇ ਸਨ। ਉੱਥੇ ਪ੍ਰਚਾਰ ਕਰਦਿਆਂ ਮੈਨੂੰ ਮਸਾਂ ਨੌਂ ਕੁ ਮਹੀਨੇ ਹੀ ਹੋਏ ਸਨ ਕਿ ਮੈਨੂੰ ਫ਼ੌਜੀ ਸੇਵਾ ਤੋਂ ਇਨਕਾਰ ਕਰਨ ਕਰਕੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਸਟ੍ਰੇਂਜਵੇਸ ਜੇਲ੍ਹ ਵਿਚ ਦੋ ਹਫ਼ਤੇ ਰੱਖਣ ਮਗਰੋਂ ਮੈਨੂੰ ਇੰਗਲੈਂਡ ਦੇ ਦੱਖਣੀ ਤਟ ਤੇ ਸਥਿਤ ਲੂਅਸ ਜੇਲ੍ਹ ਵਿਚ ਲਿਜਾਇਆ ਗਿਆ। ਬਾਅਦ ਵਿਚ ਉੱਥੇ ਚਾਰ ਹੋਰ ਗਵਾਹਾਂ ਨੂੰ ਬੰਦ ਕੀਤਾ ਗਿਆ ਜਿੱਥੇ ਅਸੀਂ ਪੰਜਾਂ ਜਣਿਆਂ ਨੇ ਰਲ ਕੇ ਮਸੀਹ ਦੀ ਮੌਤ ਦਾ ਸਮਾਰਕ ਸਮਾਰੋਹ ਮਨਾਇਆ।

ਪਿਤਾ ਜੀ ਇਕ ਵਾਰੀ ਮੈਨੂੰ ਜੇਲ੍ਹ ਵਿਚ ਮਿਲਣ ਆਏ ਸਨ। ਉਨ੍ਹਾਂ ਦਾ ਸਿਰ ਸ਼ਰਮ ਨਾਲ ਕਿੰਨਾ ਨੀਵਾਂ ਹੋਇਆ ਹੋਣਾ ਕਿ ਜੇਲ੍ਹ ਦੇ ਇਕ ਮੰਨੇ-ਪ੍ਰਮੰਨੇ ਅਫ਼ਸਰ ਦਾ ਮੁੰਡਾ ਜੇਲ੍ਹ ਵਿਚ ਬੰਦ ਸੀ! ਪਰ ਉਨ੍ਹਾਂ ਦੇ ਪਿਆਰ ਦੇ ਇਸ ਇਜ਼ਹਾਰ ਲਈ ਮੈਂ ਹਮੇਸ਼ਾ ਉਨ੍ਹਾਂ ਦਾ ਸ਼ੁਕਰਗੁਜ਼ਾਰ ਰਹਾਂਗਾ। ਆਖ਼ਰ ਮੈਂ ਅਪ੍ਰੈਲ 1951 ਨੂੰ ਜੇਲ੍ਹ ਤੋਂ ਰਿਹਾ ਹੋ ਗਿਆ।

ਲੂਅਸ ਜੇਲ੍ਹ ਤੋਂ ਰਿਹਾ ਹੋ ਕੇ ਮੈਂ ਟ੍ਰੇਨ ਰਾਹੀਂ ਕਾਰਡਿਫ਼, ਵੇਲਜ਼ ਗਿਆ ਜਿੱਥੇ ਮੇਰੇ ਪਿਤਾ ਜੀ ਜੇਲ੍ਹ ਦੇ ਮੁੱਖ ਅਫ਼ਸਰ ਸਨ। ਅਸੀਂ ਚਾਰ ਭੈਣ-ਭਰਾ ਸਾਂ—ਤਿੰਨ ਭਰਾ ਤੇ ਇਕ ਭੈਣ—ਅਤੇ ਮੈਂ ਸਾਰਿਆਂ ਤੋਂ ਵੱਡਾ ਸੀ। ਮੈਨੂੰ ਪਾਰਟ-ਟਾਈਮ ਕੰਮ ਦੀ ਤਲਾਸ਼ ਸੀ ਤਾਂਕਿ ਮੈਂ ਪਾਇਨੀਅਰੀ ਦੇ ਨਾਲ-ਨਾਲ ਆਪਣਾ ਗੁਜ਼ਾਰਾ ਵੀ ਤੋਰ ਸਕਾਂ। ਮੈਂ ਇਕ ਕੱਪੜੇ ਦੀ ਦੁਕਾਨ ਵਿਚ ਕੰਮ ਕਰਨ ਲੱਗ ਪਿਆ, ਪਰ ਮੈਂ ਹਮੇਸ਼ਾ ਮਸੀਹੀ ਸੇਵਕਾਈ ਨੂੰ ਹੀ ਪਹਿਲ ਦਿੱਤੀ। ਲਗਭਗ ਇਸ ਸਮੇਂ ਸਾਡੇ ਮਾਤਾ ਜੀ ਸਾਨੂੰ ਛੱਡ ਕੇ ਚਲੇ ਗਏ। ਉਦੋਂ ਮੈਂ ਤੇ ਮੇਰੇ ਭੈਣ-ਭਰਾ ਸਿਰਫ਼ 8 ਤੋਂ ਲੈ ਕੇ 19 ਸਾਲਾਂ ਦੀ ਉਮਰ ਦੇ ਸਾਂ। ਮਾਤਾ ਜੀ ਦੇ ਘਰ ਛੱਡ ਕੇ ਚਲੇ ਜਾਣ ਨਾਲ ਪਿਤਾ ਜੀ ਨੂੰ ਅਤੇ ਸਾਨੂੰ ਵੱਡਾ ਧੱਕਾ ਲੱਗਾ। ਬਾਅਦ ਵਿਚ ਸਾਡੇ ਮਾਤਾ-ਪਿਤਾ ਦਾ ਤਲਾਕ ਹੋ ਗਿਆ।

ਜਿਹ ਨੂੰ ਚੰਗੀ ਵਹੁਟੀ ਲੱਭਦੀ ਹੈ . . .

ਸਾਡੀ ਕਲੀਸਿਯਾ ਵਿਚ ਕਈ ਪਾਇਨੀਅਰ ਸਨ। ਇਕ ਭੈਣ ਕੋਲੇ ਦੀਆਂ ਖਾਣਾਂ ਵਾਲੀ ਰੌਂਡਾ ਘਾਟੀ ਵਿਚ ਰਹਿੰਦੀ ਸੀ ਅਤੇ ਉਹ ਨੌਕਰੀ ਅਤੇ ਪ੍ਰਚਾਰ ਕੰਮ ਕਰਨ ਲਈ ਹਰ ਰੋਜ਼ ਸ਼ਹਿਰ ਆਉਂਦੀ ਸੀ। ਉਸ ਦਾ ਨਾਂ ਹੇਜ਼ਲ ਗ੍ਰੀਨ ਸੀ ਅਤੇ ਉਹ ਇਕ ਬਹੁਤ ਹੀ ਚੰਗੀ ਪਾਇਨੀਅਰ ਸੀ। ਹੇਜ਼ਲ ਮੇਰੇ ਨਾਲੋਂ ਜ਼ਿਆਦਾ ਸਮੇਂ ਤੋਂ ਸੱਚਾਈ ਵਿਚ ਸੀ। ਉਸ ਦੇ ਮਾਪੇ 1920 ਦੇ ਦਹਾਕੇ ਵਿਚ ਬਾਈਬਲ ਸਟੂਡੈਂਟਸ (ਜੋ ਹੁਣ ਯਹੋਵਾਹ ਦੇ ਗਵਾਹ ਕਹਾਉਂਦੇ ਹਨ) ਦੀਆਂ ਸਭਾਵਾਂ ਵਿਚ ਜਾਂਦੇ ਹੁੰਦੇ ਸੀ। ਪਰ ਹੇਜ਼ਲ ਦੀ ਕਹਾਣੀ ਤੁਸੀਂ ਉਸੇ ਦੀ ਜ਼ਬਾਨੀ ਸੁਣੋ।

“ਪਹਿਲਾਂ ਮੈਂ ਬਾਈਬਲ ਬਾਰੇ ਜ਼ਿਆਦਾ ਸੰਜੀਦਾ ਨਹੀਂ ਸੀ, ਪਰ ਜਦੋਂ ਮੈਂ 1944 ਵਿਚ ਧਰਮ ਵਾਵਰੋਲਾ ਵੱਢਦਾ ਹੈ (ਅੰਗ੍ਰੇਜ਼ੀ) ਪੁਸਤਿਕਾ ਪੜ੍ਹੀ, ਤਾਂ ਮੈਂ ਸੱਚਾਈ ਨੂੰ ਗੰਭੀਰਤਾ ਨਾਲ ਲੈਣ ਲੱਗ ਪਈ। ਮੇਰੇ ਮਾਤਾ ਜੀ ਨੇ ਮੈਨੂੰ ਕਾਰਡਿਫ਼ ਵਿਚ ਹੋਣ ਵਾਲੇ ਸਰਕਟ ਸੰਮੇਲਨ ਵਿਚ ਜਾਣ ਦੀ ਪ੍ਰੇਰਣਾ ਦਿੱਤੀ। ਹਾਲਾਂਕਿ ਮੈਨੂੰ ਉਦੋਂ ਬਾਈਬਲ ਦਾ ਜ਼ਿਆਦਾ ਗਿਆਨ ਨਹੀਂ ਸੀ, ਪਰ ਮੈਂ ਆਪਣੇ ਆਪ ਨੂੰ ਕਾਰਡਿਫ਼ ਦੇ ਮੁੱਖ ਸ਼ਾਪਿੰਗ ਸੈਂਟਰ ਵਿਚ ਖੜ੍ਹੀ ਪਾਇਆ ਜਿੱਥੇ ਮੈਂ ਗਲੇ ਵਿਚ ਤਖ਼ਤਾ ਲਟਕਾ ਕੇ ਪਬਲਿਕ ਭਾਸ਼ਣ ਦੀ ਘੋਸ਼ਣਾ ਕੀਤੀ। ਭਾਵੇਂ ਪਾਦਰੀਆਂ ਤੇ ਹੋਰ ਲੋਕਾਂ ਨੇ ਮੈਨੂੰ ਬੜਾ ਤੰਗ ਕੀਤਾ, ਪਰ ਮੈਂ ਔਖੀ-ਸੌਖੀ ਹੋ ਕੇ ਉਹ ਸਮਾਂ ਕੱਟ ਲਿਆ। ਸਾਲ 1946 ਵਿਚ ਮੈਂ ਬਪਤਿਸਮਾ ਲੈ ਲਿਆ ਅਤੇ ਉਸੇ ਸਾਲ ਦਸੰਬਰ ਵਿਚ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਫਿਰ 1951 ਵਿਚ ਜੇਲ੍ਹ ਤੋਂ ਨਵਾਂ-ਨਵਾਂ ਛੁੱਟਿਆ ਇਕ ਨੌਜਵਾਨ ਪਾਇਨੀਅਰ ਕਾਰਡਿਫ਼ ਵਿਚ ਆਇਆ। ਉਹ ਐਰਿਕ ਸੀ।

“ਅਸੀਂ ਇਕੱਠੇ ਪ੍ਰਚਾਰ ਕਰਨ ਲਈ ਜਾਂਦੇ ਹੁੰਦੇ ਸਾਂ। ਸਾਡੀ ਚੰਗੀ ਨਿਭਦੀ ਸੀ। ਸਾਡੇ ਦੋਹਾਂ ਦੇ ਟੀਚੇ ਵੀ ਇੱਕੋ ਜਿਹੇ ਸਨ, ਯਾਨੀ ਪਰਮੇਸ਼ੁਰ ਦੇ ਰਾਜ ਹਿਤਾਂ ਲਈ ਮਿਹਨਤ ਕਰਨੀ ਹੀ ਸਾਡੀ ਜ਼ਿੰਦਗੀ ਦਾ ਮੁੱਖ ਉਦੇਸ਼ ਸੀ। ਇਸ ਲਈ ਅਸੀਂ ਦਸੰਬਰ 1952 ਵਿਚ ਵਿਆਹ ਕਰਾ ਲਿਆ। ਭਾਵੇਂ ਅਸੀਂ ਦੋਵੇਂ ਪਾਇਨੀਅਰ ਸੇਵਾ ਕਰ ਰਹੇ ਸਾਂ ਅਤੇ ਸਾਡੀ ਆਮਦਨੀ ਵੀ ਬੜੀ ਘੱਟ ਸੀ, ਪਰ ਫਿਰ ਵੀ ਸਾਨੂੰ ਕਦੇ ਕਿਸੇ ਚੀਜ਼ ਦੀ ਘਾਟ ਮਹਿਸੂਸ ਨਹੀਂ ਹੋਈ। ਇਕ ਭੈਣ ਕਦੇ-ਕਦੇ ਸਾਨੂੰ ਐਨ ਵਕਤ ਤੇ ਤੋਹਫ਼ੇ ਵਜੋਂ ਜੈਮ ਜਾਂ ਸਾਬਣ ਦੇ ਦਿੰਦੀ ਸੀ ਅਤੇ ਕਹਿੰਦੀ ਸੀ ਕਿ ਉਸ ਨੇ ਗ਼ਲਤੀ ਨਾਲ ਜ਼ਿਆਦਾ ਖ਼ਰੀਦ ਲਿਆ ਸੀ! ਭੈਣ-ਭਰਾਵਾਂ ਵੱਲੋਂ ਦਿਖਾਏ ਗਏ ਅਜਿਹੇ ਪਿਆਰ ਲਈ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਰਹੇ। ਪਰ ਹੋਰ ਵੀ ਕਈ ਹੈਰਾਨੀਜਨਕ ਤਜਰਬੇ ਸਾਡੀ ਉਡੀਕ ਕਰ ਰਹੇ ਸਨ।”

ਸਾਡੀ ਜ਼ਿੰਦਗੀ ਬਦਲ ਦੇਣ ਵਾਲਾ ਹੈਰਾਨੀਜਨਕ ਸੱਦਾ

ਨਵੰਬਰ 1954 ਵਿਚ, ਹੇਜ਼ਲ ਤੇ ਮੇਰੇ ਨਾਲ ਇਕ ਬੜੀ ਹੀ ਹੈਰਾਨੀਜਨਕ ਗੱਲ ਵਾਪਰੀ—ਲੰਡਨ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ ਨੇ ਮੈਨੂੰ ਸਫ਼ਰੀ ਨਿਗਾਹਬਾਨ ਬਣਨ ਲਈ ਇਕ ਅਰਜ਼ੀ ਭੇਜੀ। ਇਸ ਦਾ ਮਤਲਬ ਸੀ ਕਿ ਮੈਂ ਹਰ ਹਫ਼ਤੇ ਅਲੱਗ-ਅਲੱਗ ਕਲੀਸਿਯਾਵਾਂ ਦਾ ਦੌਰਾ ਕਰਨਾ ਸੀ। ਸਾਨੂੰ ਪੱਕਾ ਵਿਸ਼ਵਾਸ ਸੀ ਕਿ ਇਹ ਅਰਜ਼ੀ ਸਾਨੂੰ ਗ਼ਲਤੀ ਨਾਲ ਭੇਜੀ ਗਈ ਸੀ। ਇਸ ਲਈ ਅਸੀਂ ਕਲੀਸਿਯਾ ਵਿਚ ਕਿਸੇ ਨੂੰ ਇਸ ਬਾਰੇ ਨਹੀਂ ਦੱਸਿਆ। ਪਰ ਫਿਰ ਵੀ ਮੈਂ ਫ਼ਾਰਮ ਭਰ ਕੇ ਵਾਪਸ ਭੇਜ ਦਿੱਤਾ ਅਤੇ ਅਸੀਂ ਬੜੀ ਉਤਸੁਕਤਾ ਨਾਲ ਵਾਪਸੀ ਪੱਤਰ ਦੀ ਉਡੀਕ ਕਰਨ ਲੱਗੇ। ਕੁਝ ਹੀ ਦਿਨਾਂ ਬਾਅਦ ਜਵਾਬ ਆਇਆ: “ਸਿਖਲਾਈ ਲੈਣ ਲਈ ਲੰਡਨ ਆ ਜਾਓ”!

ਲੰਡਨ ਦਫ਼ਤਰ ਵਿਚ ਮੈਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ 23 ਸਾਲ ਦੀ ਉਮਰ ਤੇ ਮੈਂ ਉੱਥੇ ਪਰਾਈਸ ਹਿਊਜ਼, ਐਮਲਿਨ ਵਾਈਨਜ਼, ਅਰਨੀ ਬੀਵਰ, ਅਰਨੀ ਗਾਈਵਰ, ਬੌਬ ਗੌਫ਼, ਗਲਿਨ ਪਾਰ, ਸਟੈਨ ਅਤੇ ਮਾਰਟਿਨ ਵੁੱਡਬਰਨ ਵਰਗੇ ਅਧਿਆਤਮਿਕ ਤੌਰ ਤੇ ਮਜ਼ਬੂਤ ਭਰਾਵਾਂ ਨਾਲ ਕੰਮ ਕਰ ਰਿਹਾ ਸੀ। ਉਨ੍ਹਾਂ ਵਿੱਚੋਂ ਜ਼ਿਆਦਾਤਰ ਭਰਾ ਹੁਣ ਮਰ ਚੁੱਕੇ ਹਨ। ਪਰ 1940 ਤੇ 1950 ਦੇ ਦਹਾਕਿਆਂ ਵਿਚ ਇਨ੍ਹਾਂ ਭਰਾਵਾਂ ਨੇ ਬਰਤਾਨੀਆ ਵਿਚ ਜੋਸ਼ ਅਤੇ ਵਫ਼ਾਦਾਰੀ ਦੀ ਪੱਕੀ ਨੀਂਹ ਧਰੀ ਸੀ।

ਇੰਗਲੈਂਡ ਵਿਚ ਸਰਕਟ ਕੰਮ ਕਦੇ ਵੀ ਅਕਾਊ ਨਹੀਂ ਸੀ

ਅਸੀਂ 1954/55 ਦੀਆਂ ਸਰਦੀਆਂ ਵਿਚ ਆਪਣਾ ਸਫ਼ਰੀ ਕੰਮ ਸ਼ੁਰੂ ਕੀਤਾ। ਹਰ ਪਾਸੇ ਬਰਫ਼ ਹੀ ਬਰਫ਼ ਸੀ। ਸਾਨੂੰ ਇੰਗਲੈਂਡ ਦੇ ਸਮਤਲ ਇਲਾਕੇ, ਪੂਰਬੀ ਐਂਗਲੀਆ ਭੇਜਿਆ ਗਿਆ ਸੀ ਜਿੱਥੇ ਉੱਤਰੀ ਸਾਗਰ ਦੀਆਂ ਠੰਢੀਆਂ-ਠਾਰ ਪੌਣਾਂ ਪੂਰੇ ਜ਼ੋਰਾਂ ਨਾਲ ਵਗਦੀਆਂ ਸਨ। ਉਸ ਸਮੇਂ ਬਰਤਾਨੀਆ ਵਿਚ ਸਿਰਫ਼ 31,000 ਗਵਾਹ ਸਨ। ਉਹ ਪਹਿਲਾ ਸਰਕਟ ਦੌਰਾ ਸਾਡੇ ਲਈ ਬੜਾ ਹੀ ਮੁਸ਼ਕਲ ਸੀ ਅਤੇ ਉਸ ਸਰਕਟ ਦੇ ਭਰਾਵਾਂ ਲਈ ਵੀ ਮੇਰੀਆਂ ਮੁਲਾਕਾਤਾਂ ਕੋਈ ਆਸਾਨ ਗੱਲ ਨਹੀਂ ਸਨ ਕਿਉਂਕਿ ਪਹਿਲੀ ਗੱਲ ਤਾਂ ਮੈਨੂੰ ਜ਼ਿਆਦਾ ਤਜਰਬਾ ਨਹੀਂ ਸੀ ਅਤੇ ਦੂਜੀ ਗੱਲ ਕਿ ਯੌਰਕਸ਼ਰ ਵਾਸੀ ਹੋਣ ਕਰਕੇ ਮੈਂ ਖਰੀਆਂ-ਖਰੀਆਂ ਸੁਣਾਉਣ ਦਾ ਆਦੀ ਸਾਂ ਜਿਸ ਕਰਕੇ ਮੈਂ ਕਈਆਂ ਦਾ ਦਿਲ ਦੁਖਾਇਆ। ਪਰ ਹੌਲੀ-ਹੌਲੀ ਮੈਨੂੰ ਇਹ ਸਬਕ ਸਿੱਖਣਾ ਪਿਆ ਕਿ ਯੋਗਤਾ ਨਾਲੋਂ ਪਿਆਰ ਅਤੇ ਕਾਇਦੇ-ਕਾਨੂੰਨਾਂ ਨਾਲੋਂ ਲੋਕ ਜ਼ਿਆਦਾ ਅਹਿਮੀਅਤ ਰੱਖਦੇ ਹਨ। ਹਾਲਾਂਕਿ ਮੈਂ ਅਜੇ ਵੀ ਦੂਸਰਿਆਂ ਨੂੰ ਤਾਜ਼ਗੀ ਦੇਣ ਵਿਚ ਯਿਸੂ ਦੀ ਰੀਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਫਿਰ ਵੀ ਮੈਂ ਹਮੇਸ਼ਾ ਸਫ਼ਲ ਨਹੀਂ ਹੁੰਦਾ।​—ਮੱਤੀ 11:28-30.

ਪੂਰਬੀ ਐਂਗਲੀਆ ਵਿਚ 18 ਮਹੀਨੇ ਬਿਤਾਉਣ ਮਗਰੋਂ ਸਾਨੂੰ ਇੰਗਲੈਂਡ ਦੇ ਉੱਤਰ-ਪੂਰਬੀ ਇਲਾਕੇ ਨਿਊਕਾਸਲ ਅਪੌਨ ਟਾਈਨ ਅਤੇ ਨੌਰਥੰਬਰਲੈਂਡ ਦੇ ਸਰਕਟ ਵਿਚ ਕੰਮ ਕਰਨ ਲਈ ਕਿਹਾ ਗਿਆ। ਇਹ ਬੜਾ ਹੀ ਸੋਹਣਾ ਇਲਾਕਾ ਹੈ ਅਤੇ ਇੱਥੋਂ ਦੇ ਨਿੱਘੇ

ਦਿਲ ਵਾਲੇ ਲੋਕਾਂ ਨਾਲ ਮੈਨੂੰ ਬਹੁਤ ਹੀ ਪਿਆਰ ਹੋ ਗਿਆ। ਉਸ ਸਮੇਂ, ਸੀਐਟਲ, ਵਾਸ਼ਿੰਗਟਨ, ਯੂ. ਐੱਸ. ਏ. ਤੋਂ ਆਏ ਜ਼ਿਲ੍ਹਾ ਨਿਗਾਹਬਾਨ ਡੌਨ ਵੌਰਡ ਨੇ ਮੇਰੀ ਬਹੁਤ ਮਦਦ ਕੀਤੀ। ਉਹ ਗਿਲਿਅਡ ਸਕੂਲ ਦੀ 20ਵੀਂ ਕਲਾਸ ਦੇ ਗ੍ਰੈਜੂਏਟ ਸਨ। ਮੈਂ ਭਾਸ਼ਣ ਦਿੰਦੇ ਸਮੇਂ ਬਹੁਤ ਹੀ ਤੇਜ਼ੀ ਨਾਲ ਬੋਲਦਾ ਸੀ। ਉਨ੍ਹਾਂ ਨੇ ਮੈਨੂੰ ਹੌਲੀ-ਹੌਲੀ ਬੋਲਣਾ ਅਤੇ ਸਹੀ ਥਾਵਾਂ ਤੇ ਰੁਕਣਾ ਸਿਖਾਇਆ। ਦੂਸਰੇ ਸ਼ਬਦਾਂ ਵਿਚ, ਉਨ੍ਹਾਂ ਨੇ ਮੈਨੂੰ ਸਿੱਖਿਆ ਦੇਣ ਦੀ ਕਲਾ ਸਿਖਾਈ।

ਸਾਡੀ ਜ਼ਿੰਦਗੀ ਬਦਲਣ ਵਾਲਾ ਇਕ ਹੋਰ ਹੈਰਾਨੀਜਨਕ ਸੱਦਾ

ਸਾਲ 1958 ਵਿਚ ਇਕ ਚਿੱਠੀ ਨੇ ਸਾਡੀ ਜ਼ਿੰਦਗੀ ਬਦਲ ਦਿੱਤੀ। ਸਾਨੂੰ ਸਾਉਥ ਲੈਂਸਿੰਗ, ਨਿਊਯਾਰਕ, ਯੂ. ਐੱਸ. ਏ. ਵਿਚ ਗਿਲਿਅਡ ਸਕੂਲ ਲਈ ਬੁਲਾਇਆ ਗਿਆ। ਅਸੀਂ ਆਪਣੀ 1935 ਮਾਡਲ ਦੀ ਔਸਟਿਨ ਸੈਵਨ ਕਾਰ ਵੇਚ ਕੇ ਨਿਊਯਾਰਕ ਜਾਣ ਲਈ ਸਮੁੰਦਰੀ ਜਹਾਜ਼ ਦੀਆਂ ਟਿਕਟਾਂ ਖ਼ਰੀਦੀਆਂ। ਪਹਿਲਾਂ ਅਸੀਂ ਨਿਊਯਾਰਕ ਸਿਟੀ ਵਿਚ ਯਹੋਵਾਹ ਦੇ ਗਵਾਹਾਂ ਦੇ ਅੰਤਰਰਾਸ਼ਟਰੀ ਸੰਮੇਲਨ ਦਾ ਆਨੰਦ ਮਾਣਿਆ, ਫਿਰ ਅਸੀਂ ਪੀਟਰਬਰੋ, ਆਂਟੇਰੀਓ ਵਿਚ ਛੇ ਮਹੀਨੇ ਪਾਇਨੀਅਰੀ ਕੀਤੀ। ਉਸ ਮਗਰੋਂ ਅਸੀਂ ਦੱਖਣ ਵੱਲ ਗਿਲਿਅਡ ਸਕੂਲ ਨੂੰ ਚਲੇ ਗਏ।

ਇਸ ਸਕੂਲ ਦੇ ਇਕ ਸਿੱਖਿਅਕ ਐਲਬਰਟ ਸ਼੍ਰੋਡਰ ਸਨ ਜੋ ਹੁਣ ਪ੍ਰਬੰਧਕ ਸਭਾ ਦੇ ਮੈਂਬਰ ਹਨ। ਉਨ੍ਹਾਂ ਤੋਂ ਇਲਾਵਾ, ਸਿੱਖਿਅਕਾਂ ਵਿਚ ਮੈਕਸਵੈੱਲ ਫਰੈਂਡ ਅਤੇ ਜੈਕ ਰੈੱਡਫ਼ਰਡ ਵੀ ਸ਼ਾਮਲ ਸਨ ਜਿਨ੍ਹਾਂ ਦੀ ਹੁਣ ਮੌਤ ਹੋ ਚੁੱਕੀ ਹੈ। ਚੌਦਾਂ ਦੇਸ਼ਾਂ ਤੋਂ ਆਏ 82 ਵਿਦਿਆਰਥੀਆਂ ਨੂੰ ਇਕ ਦੂਸਰੇ ਦੀ ਸੰਗਤੀ ਤੋਂ ਬੜਾ ਹੌਸਲਾ ਮਿਲਿਆ। ਅਸੀਂ ਇਕ ਦੂਸਰੇ ਦੇ ਸਭਿਆਚਾਰ ਬਾਰੇ ਕਾਫ਼ੀ ਕੁਝ ਸਿੱਖਿਆ। ਕਈ ਵਿਦੇਸ਼ੀ ਵਿਦਿਆਰਥੀਆਂ ਨੂੰ ਅੰਗ੍ਰੇਜ਼ੀ ਬੋਲਣ ਵਿਚ ਬੜੀ ਮੁਸ਼ਕਲ ਹੁੰਦੀ ਸੀ ਅਤੇ ਉਨ੍ਹਾਂ ਨਾਲ ਰਹਿ ਕੇ ਸਾਨੂੰ ਥੋੜ੍ਹਾ-ਬਹੁਤਾ ਅੰਦਾਜ਼ਾ ਹੋਇਆ ਕਿ ਨਵੀਂ ਭਾਸ਼ਾ ਸਿੱਖਣ ਵਿਚ ਸਾਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਵੇਗਾ। ਸਾਡੀ ਸਿਖਲਾਈ ਪੰਜ ਮਹੀਨਿਆਂ ਤਕ ਚਲੀ ਜਿਸ ਮਗਰੋਂ ਵਿਦਿਆਰਥੀਆਂ ਨੂੰ 27 ਦੇਸ਼ਾਂ ਵਿਚ ਮਿਸ਼ਨਰੀਆਂ ਵਜੋਂ ਨਿਯੁਕਤ ਕੀਤਾ ਗਿਆ। ਗ੍ਰੈਜੂਏਸ਼ਨ ਦਿਨ ਦੇ ਕੁਝ ਹੀ ਦਿਨਾਂ ਮਗਰੋਂ ਅਸੀਂ ਨਿਊਯਾਰਕ ਸਿਟੀ ਤੋਂ ਕਵੀਨ ਇਲਿਜ਼ਬਥ ਨਾਮਕ ਜਹਾਜ਼ ਤੇ ਚੜ੍ਹੇ ਅਤੇ ਯੂਰਪ ਨੂੰ ਰਵਾਨਾ ਹੋ ਗਏ।

ਵਿਦੇਸ਼ ਵਿਚ ਸੇਵਾ

ਸਾਨੂੰ ਕਿਹੜੇ ਦੇਸ਼ ਭੇਜਿਆ ਗਿਆ ਸੀ? ਪੁਰਤਗਾਲ! ਅਸੀਂ ਨਵੰਬਰ 1959 ਨੂੰ ਲਿਸਬਨ ਪਹੁੰਚੇ। ਹੁਣ ਸਾਡੀ ਪਰੀਖਿਆ ਦਾ ਸਮਾਂ ਆ ਪਹੁੰਚਿਆ ਸੀ ਕਿ ਅਸੀਂ ਇਕ ਨਵੀਂ ਭਾਸ਼ਾ ਅਤੇ ਨਵੇਂ ਸਭਿਆਚਾਰ ਅਨੁਸਾਰ ਖ਼ੁਦ ਨੂੰ ਢਾਲ਼ ਪਾਉਂਦੇ ਹਾਂ ਜਾਂ ਨਹੀਂ। ਉਦੋਂ 1959 ਵਿਚ ਪੁਰਤਗਾਲ ਦੀ ਆਬਾਦੀ ਲਗਭਗ 90 ਲੱਖ ਸੀ ਅਤੇ ਉੱਥੇ 643 ਸਰਗਰਮ ਗਵਾਹ ਸਨ। ਪਰ ਸਾਡੇ ਪ੍ਰਚਾਰ ਦੇ ਕੰਮ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਨਹੀਂ ਸੀ। ਭਾਵੇਂ ਉੱਥੇ ਕਿੰਗਡਮ ਹਾਲ ਸਨ, ਪਰ ਉਨ੍ਹਾਂ ਦੇ ਬਾਹਰ ਬੋਰਡ ਨਹੀਂ ਲਗਾਏ ਗਏ ਸਨ।

ਐਲਸਾ ਪੀਕੋਨੀ ਨਾਮਕ ਮਿਸ਼ਨਰੀ ਦੀ ਮਦਦ ਨਾਲ ਪੁਰਤਗਾਲੀ ਭਾਸ਼ਾ ਸਿੱਖਣ ਮਗਰੋਂ, ਮੈਂ ਤੇ ਹੇਜ਼ਲ ਨੇ ਲਿਸਬਨ, ਫ਼ਾਰੂ, ਐਵੁਰਾ ਅਤੇ ਬੇਜ਼ਾ ਸ਼ਹਿਰਾਂ ਦੀਆਂ ਕਲੀਸਿਯਾਵਾਂ ਤੇ ਨੇੜੇ-ਤੇੜੇ ਦੇ ਗਰੁੱਪਾਂ ਦਾ ਦੌਰਾ ਕੀਤਾ। ਫਿਰ 1961 ਵਿਚ ਹਾਲਾਤ ਬਦਲਣ ਲੱਗੇ। ਮੈਂ ਜਵਾਉਨ ਗੋਨਸਾਲਵਿਸ਼ ਮਾਟੇਉਸ ਨਾਂ ਦੇ ਇਕ ਨੌਜਵਾਨ ਨਾਲ ਬਾਈਬਲ ਸਟੱਡੀ ਕਰਦਾ ਹੁੰਦਾ ਸੀ। ਉਸ ਨੇ ਫ਼ੌਜੀ ਸੇਵਾ ਦੇ ਮਾਮਲੇ ਵਿਚ ਮਸੀਹੀ ਨਿਰਪੱਖਤਾ ਰੱਖਣ ਦਾ ਫ਼ੈਸਲਾ ਕੀਤਾ। ਉਸ ਤੋਂ ਥੋੜ੍ਹੇ ਸਮੇਂ ਬਾਅਦ ਮੈਨੂੰ ਥਾਣੇ ਵਿਚ ਸੱਦਿਆ ਗਿਆ ਤੇ ਮੇਰੇ ਤੋਂ ਪੁੱਛ-ਗਿੱਛ ਕੀਤੀ ਗਈ। ਸਾਨੂੰ ਬੜੀ ਹੈਰਾਨੀ ਹੋਈ ਜਦੋਂ ਕੁਝ ਹੀ ਦਿਨਾਂ ਮਗਰੋਂ ਸਾਨੂੰ 30 ਦਿਨਾਂ ਦੇ ਅੰਦਰ-ਅੰਦਰ ਪੁਰਤਗਾਲ ਛੱਡਣ ਦਾ ਹੁਕਮ ਦਿੱਤਾ ਗਿਆ! ਸਾਡੇ ਸਾਥੀ ਮਿਸ਼ਨਰੀ ਐਰਿਕ ਤੇ ਕ੍ਰਿਸਟੀਨਾ ਬ੍ਰਿਟਨ ਅਤੇ ਡੌਮਨਿਕ ਤੇ ਐਲਸਾ ਪੀਕੋਨੀ ਨੂੰ ਵੀ ਦੇਸ਼ ਛੱਡ ਕੇ ਜਾਣ ਲਈ ਕਿਹਾ ਗਿਆ ਸੀ।

ਮੈਂ ਸੁਣਵਾਈ ਲਈ ਅਪੀਲ ਕੀਤੀ ਅਤੇ ਸਾਨੂੰ ਖੁਫੀਆ ਪੁਲਸ ਦੇ ਮੁਖੀ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ ਗਈ। ਉਸ ਨੇ ਸਾਨੂੰ ਦੇਸ਼ ਵਿੱਚੋਂ ਕੱਢੇ ਜਾਣ ਦਾ ਕਾਰਨ ਸਾਫ਼-ਸਾਫ਼ ਦੱਸਦੇ ਹੋਏ ਜਵਾਉਨ ਗੋਨਸਾਲਵਿਸ਼ ਮਾਟੇਉਸ ਦਾ ਨਾਂ ਲਿਆ। ਜੀ ਹਾਂ, ਮੇਰਾ ਬਾਈਬਲ ਵਿਦਿਆਰਥੀ! ਪੁਲਸ ਦੇ ਉਸ ਮੁਖੀ ਨੇ ਕਿਹਾ ਕਿ ਪੁਰਤਗਾਲ ਕੋਈ ਬਰਤਾਨੀਆ ਨਹੀਂ ਜਿੱਥੇ ਲੋਕਾਂ ਨੂੰ ਧਾਰਮਿਕ ਕਾਰਨਾਂ ਕਰਕੇ ਫ਼ੌਜੀ ਸੇਵਾ ਤੋਂ ਇਨਕਾਰ ਕਰਨ ਦੀ ਆਜ਼ਾਦੀ ਹੈ। ਇਸ ਲਈ ਸਾਨੂੰ ਪੁਰਤਗਾਲ ਛੱਡਣਾ ਪਿਆ ਅਤੇ ਉਸ ਮਗਰੋਂ ਜਵਾਉਨ ਨਾਲ ਮੇਰਾ ਸੰਪਰਕ ਟੁੱਟ ਗਿਆ। ਫਿਰ 26 ਸਾਲਾਂ ਮਗਰੋਂ ਪੁਰਤਗਾਲ ਵਿਚ ਨਵੇਂ ਬੈਥਲ ਦੇ ਸਮਰਪਣ ਸਮਾਰੋਹ ਵੇਲੇ ਜਦੋਂ ਮੈਂ ਉਸ ਨੂੰ ਉਸ ਦੀ ਪਤਨੀ ਤੇ ਤਿੰਨ ਕੁੜੀਆਂ ਸਮੇਤ ਮਿਲਿਆ, ਤਾਂ ਮੇਰੀ ਖ਼ੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ! ਆਖ਼ਰ ਪੁਰਤਗਾਲ ਵਿਚ ਸਾਡੀ ਸੇਵਕਾਈ ਵਿਅਰਥ ਨਹੀਂ ਗਈ!​—1 ਕੁਰਿੰਥੀਆਂ 3:6-9.

ਪੁਰਤਗਾਲ ਤੋਂ ਬਾਅਦ ਸਾਨੂੰ ਕਿੱਥੇ ਭੇਜਿਆ ਗਿਆ ਸੀ? ਗੁਆਂਢੀ ਦੇਸ਼ ਸਪੇਨ! ਫਰਵਰੀ 1962 ਨੂੰ ਅਸੀਂ ਗਿੱਲੀਆਂ ਅੱਖਾਂ ਨਾਲ ਪੁਰਤਗਾਲ ਦੇ ਭੈਣਾਂ-ਭਰਾਵਾਂ ਨੂੰ ਅਲਵਿਦਾ ਕਹੀ ਅਤੇ ਟ੍ਰੇਨ ਫੜ ਕੇ ਮੈਡਰਿਡ ਪਹੁੰਚੇ।

ਇਕ ਹੋਰ ਸਭਿਆਚਾਰ ਵਿਚ ਢਲ਼ੇ

ਸਪੇਨ ਵਿਚ ਸਾਨੂੰ ਲੁਕ-ਛਿਪ ਕੇ ਪ੍ਰਚਾਰ ਕਰਨ ਅਤੇ ਸਭਾਵਾਂ ਕਰਨ ਦੇ ਆਦੀ ਹੋਣਾ ਪਿਆ। ਪ੍ਰਚਾਰ ਕਰਦੇ ਸਮੇਂ ਅਸੀਂ ਕਦੇ ਵੀ ਦੋ ਗੁਆਂਢੀ ਘਰਾਂ ਵਿਚ ਗੱਲ ਨਹੀਂ ਕਰਦੇ ਸਾਂ। ਇਕ ਘਰ ਵਿਚ ਪ੍ਰਚਾਰ ਕਰਨ ਮਗਰੋਂ ਅਸੀਂ ਕਿਸੇ ਹੋਰ ਗਲੀ ਵਿਚ ਕਿਸੇ ਹੋਰ ਘਰ ਚਲੇ ਜਾਂਦੇ ਸਾਂ। ਇਸ ਤਰ੍ਹਾਂ, ਪੁਲਸ—ਜਾਂ ਪਾਦਰੀ—ਸਾਨੂੰ ਆਸਾਨੀ ਨਾਲ ਨਹੀਂ ਫੜ ਸਕਦੇ ਸਨ। ਇਹ ਸਾਨੂੰ ਇਸ ਲਈ ਕਰਨਾ ਪਿਆ ਕਿਉਂਕਿ ਉਦੋਂ ਸਪੇਨ ਵਿਚ ਫਾਸ਼ੀਵਾਦੀ ਕੈਥੋਲਿਕ ਤਾਨਾਸ਼ਾਹੀ ਰਾਜ ਸੀ ਅਤੇ ਸਾਡੇ ਪ੍ਰਚਾਰ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ। ਵਿਦੇਸ਼ੀ ਹੋਣ ਕਰਕੇ ਅਸੀਂ ਆਪਣੀ ਰਾਖੀ ਲਈ ਸਪੇਨੀ ਨਾਂ ਰੱਖ ਲਏ, ਤਾਂਕਿ ਲੋਕ ਆਸਾਨੀ ਨਾਲ ਸਾਡੀ ਪਛਾਣ ਨਾ ਕਰ ਸਕਣ। ਮੈਂ ਆਪਣਾ ਨਾਂ ਪਾਬਲੋ ਅਤੇ ਹੇਜ਼ਲ ਨੇ ਆਪਣਾ ਨਾਂ ਖ਼ਵਾਨਾ ਰੱਖ ਲਿਆ।

ਮੈਡਰਿਡ ਵਿਚ ਕੁਝ ਹੀ ਮਹੀਨੇ ਬਿਤਾਉਣ ਮਗਰੋਂ ਮੈਨੂੰ ਬਾਰਸਿਲੋਨਾ ਵਿਚ ਸਰਕਟ ਨਿਗਾਹਬਾਨ ਵਜੋਂ ਨਿਯੁਕਤ ਕੀਤਾ ਗਿਆ। ਅਸੀਂ ਉਸ ਸ਼ਹਿਰ ਦੀਆਂ ਵੱਖ-ਵੱਖ ਕਲੀਸਿਯਾਵਾਂ ਦਾ ਦੌਰਾ ਕੀਤਾ। ਅਕਸਰ ਅਸੀਂ ਹਰ ਕਲੀਸਿਯਾ ਵਿਚ ਦੋ ਜਾਂ ਤਿੰਨ ਹਫ਼ਤੇ ਬਿਤਾਉਂਦੇ ਸਾਂ ਕਿਉਂਕਿ ਸਾਨੂੰ ਹਰੇਕ ਬੁੱਕ ਸਟੱਡੀ ਗਰੁੱਪ ਨਾਲ ਉਸੇ ਤਰ੍ਹਾਂ ਮਿਲਣਾ ਪੈਂਦਾ ਸੀ ਜਿਵੇਂ ਅਸੀਂ ਕਲੀਸਿਯਾਵਾਂ ਨਾਲ ਮਿਲਦੇ ਸਾਂ। ਅਸੀਂ ਆਮ ਤੌਰ ਤੇ ਹਫ਼ਤੇ ਵਿਚ ਦੋ ਗਰੁੱਪਾਂ ਨੂੰ ਮਿਲਦੇ ਹੁੰਦੇ ਸੀ।

ਇਕ ਨਵੀਂ ਚੁਣੌਤੀ

ਸਾਲ 1963 ਵਿਚ ਮੈਨੂੰ ਸਪੇਨ ਵਿਚ ਜ਼ਿਲ੍ਹਾ ਨਿਗਾਹਬਾਨ ਦਾ ਕੰਮ ਸੌਂਪਿਆ ਗਿਆ। ਉਦੋਂ ਸਪੇਨ ਵਿਚ ਨੌਂ ਸਰਕਟ ਸਨ ਜਿਨ੍ਹਾਂ ਵਿਚ ਲਗਭਗ 3,000 ਸਰਗਰਮ ਗਵਾਹ ਸਨ ਅਤੇ ਉਨ੍ਹਾਂ ਨੂੰ ਮਿਲਣ ਲਈ ਸਾਨੂੰ ਪੂਰੇ ਦੇਸ਼ ਦਾ ਦੌਰਾ ਕਰਨਾ ਪੈਂਦਾ ਸੀ। ਮੈਨੂੰ ਅਜੇ ਵੀ ਯਾਦ ਹੈ ਕਿ ਕਿੱਦਾਂ ਅਸੀਂ ਲੁਕ-ਛਿਪ ਕੇ ਸਵਿੱਲ ਨਾਮਕ ਸੂਬੇ ਦੇ ਨੇੜੇ ਦੇ ਜੰਗਲਾਂ ਵਿਚ, ਖ਼ੀਖ਼ੋਨ ਨੇੜੇ ਇਕ ਫਾਰਮ ਵਿਚ ਅਤੇ ਮੈਡਰਿਡ, ਬਾਰਸਿਲੋਨਾ ਅਤੇ ਲਗ੍ਰੋਨਯੋ ਸ਼ਹਿਰਾਂ ਦੇ ਨੇੜੇ ਦਰਿਆਵਾਂ ਦੇ ਕੰਢੇ ਸਰਕਟ ਸੰਮੇਲਨ ਕਰਿਆ ਕਰਦੇ ਸੀ।

ਜਦੋਂ ਅਸੀਂ ਪ੍ਰਚਾਰ ਕਰਨ ਜਾਂਦੇ ਸਾਂ, ਤਾਂ ਮੈਂ ਸੁਰੱਖਿਆ ਪੱਖੋਂ ਹਮੇਸ਼ਾ ਨਾਲ ਦੀਆਂ ਸੜਕਾਂ-ਗਲੀਆਂ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਦਾ ਸੀ ਤਾਂਕਿ ਲੋੜ ਪੈਣ ਤੇ ਸਾਨੂੰ ਭੱਜਣ ਦਾ ਰਾਹ ਲੱਭ ਸਕੇ। ਇਕ ਵਾਰ ਮੈਡਰਿਡ ਵਿਚ ਮੈਂ ਤੇ ਇਕ ਹੋਰ ਗਵਾਹ ਉਤਲੀ ਮੰਜ਼ਲ ਤੇ ਪ੍ਰਚਾਰ ਕਰ ਰਹੇ ਸਾਂ ਕਿ ਅਚਾਨਕ ਅਸੀਂ ਹੇਠਾਂ ਉੱਚੀ-ਉੱਚੀ ਰੌਲਾ ਪੈਣ ਦੀ ਆਵਾਜ਼ ਸੁਣੀ। ਜਦੋਂ ਅਸੀਂ ਥੱਲੇ ਆਏ, ਤਾਂ ਉੱਥੇ ਅਸੀਂ ਕੁਝ ਕਿਸ਼ੋਰ ਉਮਰ ਦੀਆਂ ਕੁੜੀਆਂ ਨੂੰ ਦੇਖਿਆ ਜੋ ਕਿ ਈਖ਼ਾਸ ਡੇ ਮਾਰੀਆ (ਮਰਿਯਮ ਦੀਆਂ ਧੀਆਂ) ਨਾਮਕ ਇਕ ਕੈਥੋਲਿਕ ਗਰੁੱਪ ਦੀਆਂ ਮੈਂਬਰ ਸਨ। ਉਹ ਗੁਆਂਢੀਆਂ ਨੂੰ ਸਾਡੇ ਬਾਰੇ ਖ਼ਬਰਦਾਰ ਕਰ ਰਹੀਆਂ ਸਨ। ਉਹ ਸਾਡੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ ਅਤੇ ਮੈਨੂੰ ਪਤਾ ਸੀ ਕਿ ਸਾਨੂੰ ਪੁਲਸ ਦੇ ਆਉਣ ਤੋਂ ਪਹਿਲਾਂ-ਪਹਿਲਾਂ ਉੱਥੋਂ ਚਲੇ ਜਾਣਾ ਚਾਹੀਦਾ ਸੀ। ਇਸ ਲਈ ਅਸੀਂ ਫਟਾਫਟ ਉੱਥੋਂ ਨਿਕਲ ਗਏ!

ਸਪੇਨ ਵਿਚ ਬਿਤਾਏ ਉਹ ਸਾਲ ਬੜੇ ਹੀ ਮਜ਼ੇਦਾਰ ਸਨ। ਅਸੀਂ ਆਪਣੇ ਪਿਆਰੇ ਭੈਣ-ਭਰਾਵਾਂ ਅਤੇ ਖ਼ਾਸਕਰ ਵਿਸ਼ੇਸ਼ ਪਾਇਨੀਅਰ ਸੇਵਕਾਂ ਦਾ ਹੌਸਲਾ ਵਧਾਉਣ ਦੀ ਕੋਸ਼ਿਸ਼ ਕਰਦੇ ਸੀ। ਉਨ੍ਹਾਂ ਨੂੰ ਹਮੇਸ਼ਾ ਫੜੇ ਜਾਣ ਤੇ ਕੈਦ ਕੀਤੇ ਜਾਣ ਦਾ ਖ਼ਤਰਾ ਰਹਿੰਦਾ ਸੀ ਅਤੇ ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਅਤੇ ਕਲੀਸਿਯਾਵਾਂ ਨੂੰ ਸਥਾਪਿਤ ਕਰਨ ਤੇ ਇਨ੍ਹਾਂ ਨੂੰ ਤਕੜੇ ਕਰਨ ਦੀ ਖ਼ਾਤਰ ਅਕਸਰ ਬੜੇ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਦੇ ਸਨ।

ਇਸ ਸਮੇਂ ਦੌਰਾਨ ਸਾਨੂੰ ਇਕ ਬੁਰੀ ਖ਼ਬਰ ਵੀ ਮਿਲੀ। ਹੇਜ਼ਲ ਦੱਸਦੀ ਹੈ: “1964 ਵਿਚ ਮੇਰੇ ਮਾਤਾ ਜੀ, ਜੋ ਇਕ ਵਫ਼ਾਦਾਰ ਗਵਾਹ ਸਨ, ਦਾ ਦੇਹਾਂਤ ਹੋ ਗਿਆ। ਮੈਨੂੰ ਬੜਾ ਦੁੱਖ ਲੱਗਾ ਕਿ ਮੈਂ ਉਨ੍ਹਾਂ ਨੂੰ ਆਖ਼ਰੀ ਵਾਰ ਮਿਲ ਵੀ ਨਾ ਸਕੀ। ਪਰ ਮਿਸ਼ਨਰੀ ਹੋਣ ਦੀ ਇਹ ਕੀਮਤ ਕਈ ਹੋਰਨਾਂ ਨੇ ਵੀ ਚੁਕਾਈ ਹੈ।”

ਆਖ਼ਰਕਾਰ ਆਜ਼ਾਦੀ

ਕਈ ਸਾਲਾਂ ਦੀ ਸਤਾਹਟ ਮਗਰੋਂ, ਸਾਡੇ ਕੰਮ ਨੂੰ ਆਖ਼ਰਕਾਰ ਜੁਲਾਈ 1970 ਵਿਚ ਫ੍ਰਾਂਕੋ ਸਰਕਾਰ ਵੱਲੋਂ ਕਾਨੂੰਨੀ ਮਾਨਤਾ ਦੇ ਦਿੱਤੀ ਗਈ। ਮੈਡਰਿਡ ਵਿਚ ਪਹਿਲੇ ਅਤੇ ਲੈਸੈਪਸ, ਬਾਰਸਿਲੋਨਾ ਵਿਚ ਦੂਸਰੇ ਕਿੰਗਡਮ ਹਾਲ ਨੂੰ ਖੁੱਲ੍ਹਦਿਆਂ ਦੇਖ ਕੇ ਮੈਂ ਤੇ ਹੇਜ਼ਲ ਬਹੁਤ ਹੀ ਖ਼ੁਸ਼ ਹੋਏ। ਹਾਲਾਂ ਦੇ ਬਾਹਰ ਵੱਡੇ-ਵੱਡੇ ਜਗਮਗਾਉਂਦੇ ਬੋਰਡ ਲਾਏ ਗਏ। ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਸਾਂ ਕਿ ਸਾਨੂੰ ਕਾਨੂੰਨੀ ਮਾਨਤਾ ਮਿਲ ਗਈ ਸੀ ਅਤੇ ਹੁਣ ਅਸੀਂ ਇੱਥੇ ਹੀ ਰਹਿਣਾ ਸੀ! ਉਦੋਂ 1972 ਵਿਚ ਸਪੇਨ ਵਿਚ ਤਕਰੀਬਨ 17,000 ਗਵਾਹ ਸਨ।

ਲਗਭਗ ਉਸ ਸਮੇਂ, ਮੈਨੂੰ ਇੰਗਲੈਂਡ ਤੋਂ ਇਕ ਖ਼ੁਸ਼ ਖ਼ਬਰੀ ਮਿਲੀ। ਮੇਰੇ ਪਿਤਾ ਜੀ 1969 ਵਿਚ ਸਾਨੂੰ ਸਪੇਨ ਮਿਲਣ ਆਏ ਸਨ। ਸਪੇਨੀ ਭੈਣ-ਭਰਾ ਉਨ੍ਹਾਂ ਨਾਲ ਇੰਨੇ ਪਿਆਰ ਨਾਲ ਪੇਸ਼ ਆਏ ਕਿ ਉਹ ਬਹੁਤ ਹੀ ਪ੍ਰਭਾਵਿਤ ਹੋਏ ਅਤੇ ਇੰਗਲੈਂਡ ਵਾਪਸ ਜਾ ਕੇ ਉਨ੍ਹਾਂ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਫਿਰ 1971 ਵਿਚ ਮੈਂ ਸੁਣਿਆ ਕਿ ਪਿਤਾ ਜੀ ਨੇ ਬਪਤਿਸਮਾ ਲੈ ਲਿਆ ਸੀ! ਉਹ ਮੌਕਾ ਬੜਾ ਹੀ ਭਾਵੁਕ ਸੀ ਜਦੋਂ ਅਸੀਂ ਕੁਝ ਸਮੇਂ ਲਈ ਘਰ ਗਏ ਹੋਏ ਸਾਂ ਅਤੇ ਪਿਤਾ ਜੀ, ਜੋ ਹੁਣ ਮੇਰੇ ਮਸੀਹੀ ਭਰਾ ਸਨ, ਨੇ ਭੋਜਨ ਉੱਤੇ ਯਹੋਵਾਹ ਦੀ ਅਸੀਸ ਮੰਗੀ। ਮੈਂ 20 ਸਾਲਾਂ ਤੋਂ ਇਸੇ ਦਿਨ ਨੂੰ ਦੇਖਣ ਲਈ ਤਰਸ ਰਿਹਾ ਸੀ। ਮੇਰਾ ਭਰਾ ਬੌਬ ਅਤੇ ਉਸ ਦੀ ਪਤਨੀ ਆਈਰਸ 1958 ਵਿਚ ਹੀ ਗਵਾਹ ਬਣ ਗਏ ਸਨ। ਉਨ੍ਹਾਂ ਦਾ ਪੁੱਤਰ ਫ਼ਿਲਿਪ ਹੁਣ ਆਪਣੀ ਪਤਨੀ ਜੀਨ ਨਾਲ ਸਪੇਨ ਵਿਚ ਸਰਕਟ ਨਿਗਾਹਬਾਨ ਵਜੋਂ ਸੇਵਾ ਕਰ ਰਿਹਾ ਹੈ। ਉਨ੍ਹਾਂ ਨੂੰ ਉਸ ਸੋਹਣੇ ਤੇ ਮਨਮੋਹਕ ਦੇਸ਼ ਵਿਚ ਸੇਵਾ ਕਰਦੇ ਦੇਖ ਕੇ ਸਾਨੂੰ ਬਹੁਤ ਹੀ ਖ਼ੁਸ਼ੀ ਹੁੰਦੀ ਹੈ।

ਹਾਲ ਹੀ ਵਿਚ ਇਕ ਹੋਰ ਹੈਰਾਨੀਜਨਕ ਤਜਰਬਾ

ਫਰਵਰੀ 1980 ਵਿਚ ਪ੍ਰਬੰਧਕ ਸਭਾ ਦਾ ਇਕ ਮੈਂਬਰ, ਜ਼ੋਨ ਨਿਗਾਹਬਾਨ ਵਜੋਂ ਸਪੇਨ ਆਇਆ। ਮੈਨੂੰ ਬੜੀ ਹੈਰਾਨੀ ਹੋਈ ਜਦੋਂ ਉਨ੍ਹਾਂ ਨੇ ਮੇਰੇ ਨਾਲ ਪ੍ਰਚਾਰ ਕੰਮ ਕਰਨ ਦੀ ਫ਼ਰਮਾਇਸ਼ ਕੀਤੀ। ਮੈਨੂੰ ਕੀ ਪਤਾ ਸੀ ਕਿ ਉਹ ਅਸਲ ਵਿਚ ਮੈਨੂੰ ਪਰਖ ਰਹੇ ਸਨ! ਫਿਰ ਸਤੰਬਰ ਵਿਚ ਜਦੋਂ ਸਾਨੂੰ ਬਰੁਕਲਿਨ, ਨਿਊਯਾਰਕ ਦੇ ਵਿਸ਼ਵ ਮੁੱਖ-ਦਫ਼ਤਰ ਵਿਚ ਆ ਕੇ ਕੰਮ ਕਰਨ ਦਾ ਸੱਦਾ ਮਿਲਿਆ, ਤਾਂ ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ! ਅਸੀਂ ਇਹ ਸੱਦਾ ਸਵੀਕਾਰ ਕਰ ਲਿਆ, ਭਾਵੇਂ ਕਿ ਸਾਨੂੰ ਆਪਣੇ ਸਪੇਨੀ ਭੈਣ-ਭਰਾਵਾਂ ਨੂੰ ਛੱਡ ਕੇ ਜਾਣ ਤੇ ਬੜਾ ਦੁੱਖ ਹੋਇਆ। ਉਦੋਂ ਸਪੇਨ ਵਿਚ 48,000 ਗਵਾਹ ਸਨ!

ਜਦੋਂ ਸਾਡਾ ਜਾਣ ਦਾ ਸਮਾਂ ਆਇਆ, ਤਾਂ ਇਕ ਭਰਾ ਨੇ ਮੈਨੂੰ ਤੋਹਫ਼ੇ ਵਜੋਂ ਇਕ ਪਾਕਿਟ ਘੜੀ ਦਿੱਤੀ। ਉਸ ਤੇ ਦੋ ਬਾਈਬਲ ਆਇਤਾਂ ਉੱਕਰੀਆਂ ਹੋਈਆਂ ਸਨ—“ਲੂਕਾਸ 16:10; ਲੂਕਾਸ 17:10.” ਭਰਾ ਨੇ ਮੈਨੂੰ ਕਿਹਾ ਕਿ ਮੈਂ ਇਨ੍ਹਾਂ ਆਇਤਾਂ ਉੱਤੇ ਪੂਰਾ ਉੱਤਰਿਆ ਹਾਂ। ਲੂਕਾ 16:10 ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਸਾਨੂੰ ਛੋਟੀਆਂ ਗੱਲਾਂ ਵਿਚ ਵਫ਼ਾਦਾਰ ਰਹਿਣਾ ਚਾਹੀਦਾ ਹੈ; ਅਤੇ ਲੂਕਾ 17:10 ਕਹਿੰਦਾ ਹੈ ਕਿ ਅਸੀਂ “ਨਿਕੰਮੇ ਬੰਦੇ” ਹਾਂ, ਇਸ ਲਈ ਸਾਨੂੰ ਆਪਣੇ ਤੇ ਘਮੰਡ ਨਹੀਂ ਕਰਨਾ ਚਾਹੀਦਾ। ਮੈਂ ਇਹ ਗੱਲ ਕਦੇ ਨਹੀਂ ਭੁੱਲਦਾ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਜੋ ਕੁਝ ਵੀ ਕਰਦੇ ਹਾਂ, ਉਹ ਸਮਰਪਿਤ ਮਸੀਹੀ ਹੋਣ ਦੇ ਨਾਤੇ ਸਾਡਾ ਫ਼ਰਜ਼ ਬਣਦਾ ਹੈ।

ਮੇਰੀ ਸਿਹਤ ਨੇ ਮੈਨੂੰ ਹੈਰਾਨ ਕੀਤਾ

ਸਾਲ 1990 ਵਿਚ ਮੈਨੂੰ ਦਿਲ ਦੀ ਸਮੱਸਿਆ ਰਹਿਣ ਲੱਗੀ। ਆਖ਼ਰ ਮੇਰੀ ਇਕ ਬੰਦ ਹੋਈ ਲਹੂ-ਨਾੜੀ ਖੋਲ੍ਹਣ ਲਈ ਉਸ ਵਿਚ ਇਕ ਸਟੈਂਟ ਨਲੀ ਪਾਈ ਗਈ। ਉਸ ਸਮੇਂ ਮੈਂ ਬਹੁਤ ਹੀ ਕਮਜ਼ੋਰ ਹੋ ਗਿਆ ਸੀ, ਪਰ ਹੇਜ਼ਲ ਨੇ ਮੇਰੀ ਪੂਰੀ ਮਦਦ ਕੀਤੀ। ਉਹ ਮੇਰਾ ਬੈਗ ਤੇ ਸੂਟਕੇਸ ਵੀ ਚੁੱਕਦੀ ਹੁੰਦੀ ਸੀ। ਫਿਰ ਮਈ 2000 ਨੂੰ ਮੈਂ ਆਪਣੀ ਛਾਤੀ ਵਿਚ ਪੇਸ-ਮੇਕਰ ਯੰਤਰ ਪੁਆਇਆ। ਇਸ ਨਾਲ ਮੈਂ ਹੁਣ ਕਾਫ਼ੀ ਹੱਦ ਤਕ ਆਮ ਵਰਗੀ ਜ਼ਿੰਦਗੀ ਜੀ ਸਕਦਾ ਹਾਂ!

ਪਿਛਲੇ 50 ਸਾਲਾਂ ਦੌਰਾਨ ਮੇਰਾ ਤੇ ਹੇਜ਼ਲ ਦਾ ਇਹ ਤਜਰਬਾ ਰਿਹਾ ਹੈ ਕਿ ਯਹੋਵਾਹ ਹਰ ਵੇਲੇ ਮਦਦ ਕਰਨ ਲਈ ਤਿਆਰ ਰਹਿੰਦਾ ਹੈ ਅਤੇ ਉਹ ਆਪਣਾ ਮਕਸਦ ਸਾਡੇ ਸਮੇਂ ਮੁਤਾਬਕ ਨਹੀਂ, ਸਗੋਂ ਆਪਣੇ ਸਮੇਂ ਤੇ ਪੂਰਾ ਕਰਦਾ ਹੈ। (ਯਸਾਯਾਹ 59:1; ਹਬੱਕੂਕ 2:3) ਜ਼ਿੰਦਗੀ ਵਿਚ ਸਾਨੂੰ ਕਈ ਹੈਰਾਨੀਜਨਕ ਤਜਰਬੇ ਹੋਏ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਖ਼ੁਸ਼ੀ ਭਰੇ ਸਨ ਪਰ ਕੁਝ ਦੁੱਖ ਭਰੇ ਵੀ ਸਨ। ਪਰ ਯਹੋਵਾਹ ਨੇ ਹਮੇਸ਼ਾ ਸਾਨੂੰ ਸੰਭਾਲੀ ਰੱਖਿਆ ਹੈ। ਇੱਥੇ ਯਹੋਵਾਹ ਦੇ ਲੋਕਾਂ ਦੇ ਵਿਸ਼ਵ ਮੁੱਖ-ਦਫ਼ਤਰ ਵਿਚ ਸਾਨੂੰ ਹਰ ਰੋਜ਼ ਪ੍ਰਬੰਧਕ ਸਭਾ ਦੇ ਮੈਂਬਰਾਂ ਨਾਲ ਮਿਲਣ-ਗਿਲਣ ਦਾ ਮਾਣ ਪ੍ਰਾਪਤ ਹੁੰਦਾ ਹੈ। ਕਦੇ-ਕਦਾਈਂ ਤਾਂ ਮੈਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਅਸੀਂ ਸੱਚ-ਮੁੱਚ ਇੱਥੇ ਹਾਂ। ਇਹ ਯਹੋਵਾਹ ਦੀ ਕਿਰਪਾ ਹੈ ਕਿ ਉਸ ਨੇ ਸਾਨੂੰ ਇੱਥੇ ਕੰਮ ਕਰਨ ਦਾ ਮੌਕਾ ਦਿੱਤਾ ਹੈ। (2 ਕੁਰਿੰਥੀਆਂ 12:9) ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਸ਼ਤਾਨ ਦੀਆਂ ਚਾਲਬਾਜ਼ੀਆਂ ਤੋਂ ਸਾਡੀ ਰਾਖੀ ਕਰਦਾ ਰਹੇਗਾ ਅਤੇ ਸਾਨੂੰ ਸੰਭਾਲੀ ਰੱਖੇਗਾ, ਤਾਂਕਿ ਅਸੀਂ ਉਸ ਦਿਨ ਨੂੰ ਦੇਖ ਸਕੀਏ ਜਦੋਂ ਉਸ ਦੀ ਧਰਮੀ ਸਰਕਾਰ ਪੂਰੀ ਧਰਤੀ ਤੇ ਰਾਜ ਕਰੇਗੀ।​—ਅਫ਼ਸੀਆਂ 6:11-18; ਪਰਕਾਸ਼ ਦੀ ਪੋਥੀ 21:1-4.

[ਸਫ਼ੇ 26 ਉੱਤੇ ਤਸਵੀਰ]

ਸਟ੍ਰੇਂਜਵੇਸ ਜੇਲ੍ਹ, ਮੈਨਚੈ ਸਟਰ, ਜਿੱਥੇ ਮੈਨੂੰ ਪਹਿਲੀ ਵਾਰ ਬੰਦ ਕੀਤਾ ਗਿਆ ਸੀ

[ਸਫ਼ੇ 27 ਉੱਤੇ ਤਸਵੀਰ]

ਇੰਗਲੈਂਡ ਵਿਚ ਸਰਕਟ ਕੰਮ ਦੌਰਾਨ ਆਪਣੀ ਔਸਟਿਨ ਸੈਵਨ ਕਾਰ ਨਾਲ

[ਸਫ਼ੇ 28 ਉੱਤੇ ਤਸਵੀਰ]

1962 ਵਿਚ ਥਰਸੇਡੀਲਯਾ, ਮੈਡਰਿਡ, ਸਪੇਨ ਵਿਚ ਗੁਪਤ ਸੰਮੇਲਨ

[ਸਫ਼ੇ 29 ਉੱਤੇ ਤਸਵੀਰ]

ਬਰੁਕਲਿਨ ਵਿਚ ਮੇਜ਼ ਉ ਤੇ ਸਾਹਿੱਤ ਪ੍ਰਦਰਸ਼ਿਤ ਕਰਦੇ ਹੋਏ