Skip to content

Skip to table of contents

ਵਫ਼ਾਦਾਰੀ ਕਰਨ ਦਾ ਕੀ ਮਤਲਬ ਹੈ?

ਵਫ਼ਾਦਾਰੀ ਕਰਨ ਦਾ ਕੀ ਮਤਲਬ ਹੈ?

ਵਫ਼ਾਦਾਰੀ ਕਰਨ ਦਾ ਕੀ ਮਤਲਬ ਹੈ?

ਦੂਜੀ ਸਦੀ ਸਾ.ਯੁ.ਪੂ. ਵਿਚ ਯਹੂਦੀ ਹਸਿਦਿਮ ਆਪਣੇ ਆਪ ਨੂੰ ਸੱਚੇ ਵਫ਼ਾਦਾਰ ਸਮਝਦੇ ਸਨ। ਉਨ੍ਹਾਂ ਦਾ ਨਾਂ “ਵਫ਼ਾਦਾਰ” ਲਈ ਮੂਲ ਇਬਰਾਨੀ ਸ਼ਬਦ ਖ਼ਾਸੀਦ ਤੋਂ ਆਇਆ ਹੈ। ਇਹ ਇਬਰਾਨੀ ਨਾਂਵ ਖ਼ੇਸੱਦ ਤੋਂ ਬਣਿਆ ਹੈ ਜਿਸ ਨੂੰ ਅਕਸਰ “ਦਇਆ,” “ਕਿਰਪਾ,” “ਭਲਿਆਈ,” “ਨੇਕੀ” ਅਤੇ “ਰਹਿਮ” ਅਨੁਵਾਦ ਕੀਤਾ ਜਾਂਦਾ ਹੈ। ਥੀਓਲਾਜੀਕਲ ਡਿਕਸ਼ਨਰੀ ਆਫ਼ ਦੀ ਓਲਡ ਟੈਸਟਾਮੈਂਟ ਦੇ ਅਨੁਸਾਰ ਖ਼ੇਸੱਦ “ਸਰਗਰਮ, ਮਿਲਣਸਾਰ ਤੇ ਜ਼ਿਆਦਾ ਸਮੇਂ ਤਕ ਰਹਿਣ ਵਾਲਾ ਗੁਣ ਹੈ [ਅਤੇ] ਇਹ ਇਕ ਮਨੁੱਖੀ ਰਵੱਈਆ ਹੀ ਨਹੀਂ, ਸਗੋਂ ਇਸ ਰਵੱਈਏ ਤੋਂ ਪ੍ਰੇਰਿਤ ਹੋ ਕੇ ਕੀਤਾ ਗਿਆ ਕੰਮ ਵੀ ਹੈ। ਇਹ ਅਜਿਹਾ ਕੰਮ ਹੈ ਜੋ ਜ਼ਿੰਦਗੀ ਨੂੰ ਬਚਾਉਂਦਾ ਜਾਂ ਸੁਧਾਰਦਾ ਹੈ। ਇਹ ਦੁਖੀ ਜਾਂ ਮੁਸੀਬਤ ਵਿਚ ਫਸੇ ਵਿਅਕਤੀ ਦੀ ਮਦਦ ਕਰਦਾ ਹੈ। ਇਹ ਦੋਸਤੀ ਦਾ ਇਜ਼ਹਾਰ ਹੈ।”

ਸਪੱਸ਼ਟ ਤੌਰ ਤੇ, ਬਹੁਤ ਸਾਰੀਆਂ ਭਾਸ਼ਾਵਾਂ ਵਿਚ ਕੋਈ ਇਕ ਸ਼ਬਦ ਬਾਈਬਲ ਵਿਚ ਵਰਤੇ ਗਏ ਇਸ ਇਬਰਾਨੀ ਸ਼ਬਦ ਦਾ ਪੂਰਾ ਅਰਥ ਨਹੀਂ ਦੇ ਸਕਦਾ। ਬਾਈਬਲ ਵਿਚ ਜਿਸ ਤਰੀਕੇ ਨਾਲ ਵਫ਼ਾਦਾਰੀ ਸ਼ਬਦ ਵਰਤਿਆ ਗਿਆ ਹੈ, ਉਸ ਦਾ ਮਤਲਬ ਸਿਰਫ਼ ਆਪਣੇ ਵਾਅਦਿਆਂ ਨੂੰ ਪੂਰਾ ਕਰਨਾ ਹੀ ਨਹੀਂ ਹੈ। ਇਸ ਵਿਚ ਕਿਸੇ ਨਾਲ ਲਗਾਅ ਹੋਣਾ ਅਤੇ ਉਸ ਦਾ ਭਲਾ ਕਰਨ ਲਈ ਕੁਝ ਕਰਨਾ ਵੀ ਸ਼ਾਮਲ ਹੈ। ਸੱਚੀ ਵਫ਼ਾਦਾਰੀ ਦਾ ਮਤਲਬ ਸਮਝਣ ਲਈ ਆਓ ਆਪਾਂ ਇਸ ਗੱਲ ਤੇ ਵਿਚਾਰ ਕਰੀਏ ਕਿ ਯਹੋਵਾਹ ਨੇ ਅਬਰਾਹਾਮ, ਮੂਸਾ, ਦਾਊਦ, ਇਸਰਾਏਲ ਕੌਮ ਅਤੇ ਆਮ ਇਨਸਾਨਜਾਤੀ ਨਾਲ ਕਿਵੇਂ ਵਫ਼ਾਦਾਰੀ ਕੀਤੀ ਹੈ।

ਯਹੋਵਾਹ ਨੇ ਵਫ਼ਾਦਾਰੀ ਕੀਤੀ

ਯਹੋਵਾਹ ਨੇ ਆਪਣੇ ਦੋਸਤ ਅਬਰਾਹਾਮ ਨੂੰ ਦੱਸਿਆ: “ਮੈਂ ਤੇਰੇ ਲਈ ਢਾਲ ਹਾਂ।” (ਉਤਪਤ 15:1; ਯਸਾਯਾਹ 41:8) ਯਹੋਵਾਹ ਨੇ ਸਿਰਫ਼ ਇਹ ਕਿਹਾ ਹੀ ਨਹੀਂ, ਸਗੋਂ ਉਸ ਨੇ ਅਬਰਾਹਾਮ ਅਤੇ ਉਸ ਦੇ ਪਰਿਵਾਰ ਦੀ ਰੱਖਿਆ ਕੀਤੀ ਤੇ ਉਨ੍ਹਾਂ ਨੂੰ ਫ਼ਿਰਊਨ ਅਤੇ ਅਬੀਮਲਕ ਤੋਂ ਛੁਡਾਇਆ ਸੀ। ਉਸ ਨੇ ਚਾਰ ਰਾਜਿਆਂ ਦੇ ਹੱਥੋਂ ਲੂਤ ਨੂੰ ਬਚਾਉਣ ਵਿਚ ਅਬਰਾਹਾਮ ਦੀ ਮਦਦ ਕੀਤੀ ਸੀ। ਯਹੋਵਾਹ ਨੇ 100 ਸਾਲ ਦੇ ਅਬਰਾਹਾਮ ਅਤੇ 90 ਸਾਲਾਂ ਦੀ ਸਾਰਾਹ ਨੂੰ ਬੱਚੇ ਪੈਦਾ ਕਰਨ ਦੀ ਦੁਬਾਰਾ ਸ਼ਕਤੀ ਦਿੱਤੀ ਤਾਂਕਿ ਉਨ੍ਹਾਂ ਦੇ ਰਾਹੀਂ ਵਾਅਦਾ ਕੀਤੀ ਹੋਈ ਸੰਤਾਨ ਆਵੇ। ਯਹੋਵਾਹ ਦਰਸ਼ਣਾਂ, ਸੁਪਨਿਆਂ ਅਤੇ ਦੂਤਾਂ ਰਾਹੀਂ ਅਬਰਾਹਾਮ ਨਾਲ ਬਾਕਾਇਦਾ ਗੱਲ ਕਰਦਾ ਹੁੰਦਾ ਸੀ। ਅਸਲ ਵਿਚ ਯਹੋਵਾਹ ਨੇ ਅਬਰਾਹਾਮ ਨਾਲ ਜੀਉਂਦੇ-ਜੀ ਵਫ਼ਾਦਾਰੀ ਕੀਤੀ ਅਤੇ ਉਹ ਉਸ ਦੇ ਮਰਨ ਤੋਂ ਬਾਅਦ ਵੀ ਲੰਬੇ ਸਮੇਂ ਤਕ ਵਫ਼ਾਦਾਰੀ ਕਰਦਾ ਰਿਹਾ। ਸਦੀਆਂ ਤਕ ਯਹੋਵਾਹ ਨੇ ਅਬਰਾਹਾਮ ਨਾਲ ਕੀਤੇ ਆਪਣੇ ਵਾਅਦਿਆਂ ਖ਼ਾਤਰ ਉਸ ਦੀ ਸੰਤਾਨ, ਇਸਰਾਏਲ ਕੌਮ ਨਾਲ ਵਫ਼ਾਦਾਰੀ ਕੀਤੀ, ਭਾਵੇਂ ਕਿ ਉਹ ਢੀਠ ਤੇ ਅਣਆਗਿਆਕਾਰ ਸਨ। ਯਹੋਵਾਹ ਦਾ ਅਬਰਾਹਾਮ ਨਾਲ ਰਿਸ਼ਤਾ ਸੱਚੀ ਵਫ਼ਾਦਾਰੀ, ਯਾਨੀ ਕੰਮਾਂ ਦੁਆਰਾ ਪਿਆਰ ਦਾ ਪ੍ਰਗਟਾਵਾ ਸੀ।​—ਉਤਪਤ ਅਧਿਆਇ 12 ਤੋਂ 25.

ਇਹ ਕਿਹਾ ਜਾਂਦਾ ਸੀ ਕਿ “ਯਹੋਵਾਹ ਮੂਸਾ ਨਾਲ ਆਹਮੋ ਸਾਹਮਣੇ ਗੱਲਾਂ ਕਰਦਾ ਸੀ ਜਿਵੇਂ ਕੋਈ ਮਨੁੱਖ ਆਪਣੇ ਸਜਣ ਨਾਲ ਬੋਲਦਾ ਹੈ।” (ਟੇਢੇ ਟਾਈਪ ਸਾਡੇ।) (ਕੂਚ 33:11) ਜੀ ਹਾਂ, ਯਿਸੂ ਮਸੀਹ ਤੋਂ ਪਹਿਲਾਂ ਮੂਸਾ ਦਾ ਯਹੋਵਾਹ ਨਾਲ ਹੋਰ ਕਿਸੇ ਵੀ ਨਬੀ ਨਾਲੋਂ ਨਜ਼ਦੀਕੀ ਰਿਸ਼ਤਾ ਸੀ। ਯਹੋਵਾਹ ਨੇ ਮੂਸਾ ਨਾਲ ਕਿਵੇਂ ਵਫ਼ਾਦਾਰੀ ਕੀਤੀ ਸੀ?

ਚਾਲੀ ਸਾਲਾਂ ਦੇ ਤਾਕਤਵਰ ਤੇ ਸਮਰਥੀ ਮੂਸਾ ਨੇ ਪਰਮੇਸ਼ੁਰ ਦੇ ਸਮੇਂ ਤੋਂ ਪਹਿਲਾਂ ਹੀ ਆਪਣੇ ਲੋਕਾਂ ਨੂੰ ਆਜ਼ਾਦ ਕਰਾਉਣ ਦੀ ਕੋਸ਼ਿਸ਼ ਕੀਤੀ। ਪਰ ਖ਼ੁਦ ਮੂਸਾ ਨੂੰ ਆਪਣੀ ਜਾਨ ਬਚਾਉਣ ਲਈ ਮਿਸਰ ਤੋਂ ਭੱਜਣਾ ਪਿਆ ਸੀ। ਚਾਲੀ ਸਾਲਾਂ ਤਕ ਉਸ ਨੇ ਮਿਦਯਾਨ ਵਿਚ ਭੇਡਾਂ ਚਾਰੀਆਂ। (ਰਸੂਲਾਂ ਦੇ ਕਰਤੱਬ 7:23-30) ਪਰ ਯਹੋਵਾਹ ਨੇ ਉਸ ਨੂੰ ਤਿਆਗਿਆ ਨਹੀਂ। ਜਦੋਂ ਸਮਾਂ ਆਇਆ, ਤਾਂ ਯਹੋਵਾਹ ਨੇ ਇਸਰਾਏਲੀਆਂ ਨੂੰ ਆਜ਼ਾਦ ਕਰਾਉਣ ਲਈ ਮੂਸਾ ਨੂੰ ਵਾਪਸ ਮਿਸਰ ਵਿਚ ਭੇਜਿਆ।

ਇਸੇ ਤਰ੍ਹਾਂ, ਯਹੋਵਾਹ ਨੇ ਇਸਰਾਏਲ ਦੇ ਪ੍ਰਸਿੱਧ ਦੂਜੇ ਰਾਜੇ ਦਾਊਦ ਨਾਲ ਵੀ ਵਫ਼ਾਦਾਰੀ ਕੀਤੀ। ਜਦੋਂ ਦਾਊਦ ਉਮਰ ਵਿਚ ਅਜੇ ਛੋਟਾ ਹੀ ਸੀ, ਤਾਂ ਯਹੋਵਾਹ ਨੇ ਸਮੂਏਲ ਨਬੀ ਨੂੰ ਕਿਹਾ: “ਉੱਠ ਅਤੇ ਇਹ ਨੂੰ ਮਸਹ ਕਰ ਕਿਉਂ ਜੋ ਇਹੋ ਹੀ ਹੈ।” ਉਸ ਤੋਂ ਬਾਅਦ ਯਹੋਵਾਹ ਨੇ ਵਫ਼ਾਦਾਰੀ ਨਾਲ ਦਾਊਦ ਦੀ ਰੱਖਿਆ ਕੀਤੀ ਅਤੇ ਉਸ ਦੀ ਅਗਵਾਈ ਕੀਤੀ ਜਿਉਂ-ਜਿਉਂ ਉਹ ਸਿਆਣਾ ਹੋਇਆ ਅਤੇ ਆਖ਼ਰ ਪੂਰੇ ਇਸਰਾਏਲ ਦਾ ਭਾਵੀ ਰਾਜਾ ਬਣਿਆ। ਯਹੋਵਾਹ ਨੇ ਉਸ ਨੂੰ “ਸ਼ੇਰ ਦੇ ਪੰਜੇ ਅਤੇ ਰਿੱਛ ਦੇ ਪੰਜੇ ਤੋਂ” ਅਤੇ ਫਲਿਸਤੀ ਦੈਂਤ ਗੋਲਿਅਥ ਦੇ ਹੱਥੋਂ ਬਚਾਇਆ। ਉਸ ਨੇ ਇਸਰਾਏਲ ਦੇ ਸਾਰੇ ਵੈਰੀਆਂ ਨੂੰ ਜਿੱਤਣ ਵਿਚ ਦਾਊਦ ਦੀ ਮਦਦ ਕੀਤੀ ਅਤੇ ਉਸ ਨੂੰ ਈਰਖਾਲੂ ਤੇ ਨਫ਼ਰਤ ਨਾਲ ਭਰੇ ਸ਼ਾਊਲ ਦੇ ਬਰਛੇ ਤੋਂ ਵੀ ਬਚਾਇਆ।​—1 ਸਮੂਏਲ 16:12; 17:37; 18:11; 19:10.

ਬੇਸ਼ੱਕ, ਦਾਊਦ ਕੋਈ ਮੁਕੰਮਲ ਇਨਸਾਨ ਨਹੀਂ ਸੀ। ਅਸਲ ਵਿਚ ਉਸ ਨੇ ਕਈ ਗੰਭੀਰ ਪਾਪ ਕੀਤੇ ਸਨ। ਪਰ ਯਹੋਵਾਹ ਨੇ ਦਾਊਦ ਨੂੰ ਛੱਡ ਦੇਣ ਦੀ ਬਜਾਇ ਦਾਊਦ ਦੇ ਦਿਲੋਂ ਤੋਬਾ ਕਰਨ ਤੇ ਉਸ ਨਾਲ ਪਿਆਰ ਤੇ ਵਫ਼ਾਦਾਰੀ ਦਿਖਾਈ। ਦਾਊਦ ਦੀ ਪੂਰੀ ਜ਼ਿੰਦਗੀ ਦੌਰਾਨ ਯਹੋਵਾਹ ਨੇ ਕਈ ਵਾਰ ਉਸ ਦੀ ਜ਼ਿੰਦਗੀ ਬਚਾਉਣ ਅਤੇ ਉਸ ਨੂੰ ਸੁਧਾਰਨ ਲਈ ਕਦਮ ਚੁੱਕੇ। ਉਸ ਨੇ ਮੁਸੀਬਤ ਵਿਚ ਫਸੇ ਦਾਊਦ ਦੀ ਮਦਦ ਕੀਤੀ। ਕਿੰਨੀ ਵੱਡੀ ਦਇਆ!​—2 ਸਮੂਏਲ 11:1-12:25; 24:1-17.

ਜਦੋਂ ਇਸਰਾਏਲ ਕੌਮ ਨੇ ਸੀਨਈ ਪਹਾੜ ਨੇੜੇ ਮੂਸਾ ਦੀ ਬਿਵਸਥਾ ਵਿਚ ਲਿਖੀਆਂ ਸ਼ਰਤਾਂ ਮੰਨਣ ਦੀ ਹਾਮੀ ਭਰੀ, ਤਾਂ ਉਨ੍ਹਾਂ ਨੇ ਯਹੋਵਾਹ ਨਾਲ ਇਕ ਖ਼ਾਸ ਸਮਰਪਿਤ ਰਿਸ਼ਤਾ ਕਾਇਮ ਕੀਤਾ। (ਕੂਚ 19:3-8) ਇਸ ਲਈ ਇਸਰਾਏਲ ਨੂੰ ਯਹੋਵਾਹ ਦੀ ਪਤਨੀ ਕਿਹਾ ਗਿਆ ਹੈ। ਇਸਰਾਏਲ ਬਾਰੇ ਇਹ ਕਿਹਾ ਗਿਆ ਸੀ: ‘ਯਹੋਵਾਹ ਨੇ ਤਾਂ ਤੈਨੂੰ ਪਤਨੀ ਵਾਂਙੁ ਬੁਲਾਇਆ।’ ਅਤੇ ਯਹੋਵਾਹ ਨੇ ਉਸ ਨੂੰ ਕਿਹਾ: “ਸਦੀਪਕ ਦਯਾ ਨਾਲ ਮੈਂ ਤੇਰੇ ਉੱਤੇ ਰਹਮ ਕਰਾਂਗਾ।” (ਯਸਾਯਾਹ 54:6, 8) ਯਹੋਵਾਹ ਨੇ ਇਸ ਖ਼ਾਸ ਰਿਸ਼ਤੇ ਨਾਲ ਕਿਵੇਂ ਵਫ਼ਾਦਾਰੀ ਕੀਤੀ ਸੀ?

ਯਹੋਵਾਹ ਨੇ ਇਸਰਾਏਲੀਆਂ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਉਨ੍ਹਾਂ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿਚ ਪਹਿਲ ਕੀਤੀ। ਉਸ ਨੇ ਉਨ੍ਹਾਂ ਨੂੰ ਮਿਸਰ ਦੇ ਚੁੰਗਲ ਵਿੱਚੋਂ ਛੁਡਾਇਆ, ਇਕ ਕੌਮ ਵਜੋਂ ਸੰਗਠਿਤ ਕੀਤਾ ਅਤੇ ਉਨ੍ਹਾਂ ਨੂੰ ਉਸ “ਧਰਤੀ ਵਿੱਚ ਜਿੱਥੇ ਦੁੱਧ ਅਰ ਸ਼ਹਿਤ ਵੱਗਦਾ ਹੈ” ਲੈ ਕੇ ਆਇਆ। (ਕੂਚ 3:8) ਉਸ ਨੇ ਉਨ੍ਹਾਂ ਨੂੰ ਜਾਜਕਾਂ, ਲੇਵੀਆਂ ਅਤੇ ਕਈ ਨਬੀਆਂ ਤੇ ਸੰਦੇਸ਼ਵਾਹਕਾਂ ਦੁਆਰਾ ਨਿਯਮਿਤ ਤੌਰ ਤੇ ਅਧਿਆਤਮਿਕ ਸਿੱਖਿਆ ਦਿੱਤੀ। (2 ਇਤਹਾਸ 17:7-9; ਨਹਮਯਾਹ 8:7-9; ਯਿਰਮਿਯਾਹ 7:25) ਜਦੋਂ ਕੌਮ ਨੇ ਦੂਸਰੇ ਦੇਵੀ-ਦੇਵਤਿਆਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਤਾੜਨਾ ਦਿੱਤੀ। ਜਦੋਂ ਉਨ੍ਹਾਂ ਨੇ ਤੋਬਾ ਕੀਤੀ, ਤਾਂ ਉਸ ਨੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ। ਪਰ ਇਸਰਾਏਲ ਕੌਮ ਇਕ ਬਹੁਤ ਹੀ ਬੇਵਫ਼ਾ “ਪਤਨੀ” ਸਾਬਤ ਹੋਈ। ਫਿਰ ਵੀ ਯਹੋਵਾਹ ਨੇ ਉਸ ਨੂੰ ਤੁਰੰਤ ਤਿਆਗ ਨਹੀਂ ਦਿੱਤਾ। ਅਬਰਾਹਾਮ ਨਾਲ ਕੀਤੇ ਆਪਣੇ ਵਾਅਦਿਆਂ ਕਰਕੇ, ਯਹੋਵਾਹ ਤਦ ਤਕ ਇਸਰਾਏਲੀਆਂ ਨਾਲ ਵਫ਼ਾਦਾਰੀ ਕਰਦਾ ਰਿਹਾ ਜਦ ਤਕ ਉਸ ਦਾ ਉਨ੍ਹਾਂ ਸੰਬੰਧੀ ਮਕਸਦ ਪੂਰਾ ਨਹੀਂ ਹੋ ਗਿਆ। (ਬਿਵਸਥਾ ਸਾਰ 7:7-9) ਅੱਜ ਵਿਆਹੇ ਹੋਏ ਲੋਕਾਂ ਲਈ ਇਹ ਕਿੰਨੀ ਵਧੀਆ ਉਦਾਹਰਣ ਹੈ!

ਯਹੋਵਾਹ ਸਾਰੇ ਧਰਮੀ ਤੇ ਅਧਰਮੀ ਲੋਕਾਂ ਦੀ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਦਾ ਹੈ, ਇਸ ਤਰ੍ਹਾਂ ਉਹ ਆਮ ਇਨਸਾਨਜਾਤੀ ਨਾਲ ਵੀ ਵਫ਼ਾਦਾਰੀ ਕਰਦਾ ਹੈ। (ਮੱਤੀ 5:45; ਰਸੂਲਾਂ ਦੇ ਕਰਤੱਬ 17:25) ਇਸ ਤੋਂ ਵੀ ਜ਼ਿਆਦਾ ਉਸ ਨੇ ਆਪਣੇ ਪੁੱਤਰ ਦੀ ਕੁਰਬਾਨੀ ਦੇ ਕੇ ਰਿਹਾਈ-ਕੀਮਤ ਦਾ ਪ੍ਰਬੰਧ ਕੀਤਾ ਤਾਂਕਿ ਸਾਰੇ ਲੋਕਾਂ ਨੂੰ ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਆਜ਼ਾਦ ਹੋਣ ਅਤੇ ਫਿਰਦੌਸ ਵਿਚ ਮੁਕੰਮਲ ਤੇ ਅਨੰਤ ਜ਼ਿੰਦਗੀ ਦਾ ਮੌਕਾ ਮਿਲੇ। (ਮੱਤੀ 20:28; ਯੂਹੰਨਾ 3:16) ਰਿਹਾਈ-ਕੀਮਤ ਦਾ ਪ੍ਰਬੰਧ ਕਰ ਕੇ ਯਹੋਵਾਹ ਨੇ ਜ਼ਿੰਦਗੀ ਬਚਾਉਣ ਅਤੇ ਸੁਧਾਰਨ ਦਾ ਆਖ਼ਰੀ ਕੰਮ ਕੀਤਾ। ਇਹ ਸੱਚ-ਮੁੱਚ “ਦੁਖੀ ਜਾਂ ਮੁਸੀਬਤ ਵਿਚ ਫਸੇ ਵਿਅਕਤੀ ਦੀ ਮਦਦ” ਕਰਨੀ ਸੀ।

ਕੰਮਾਂ ਦੁਆਰਾ ਆਪਣੀ ਵਫ਼ਾਦਾਰੀ ਸਾਬਤ ਕਰੋ

ਯੂਨਾਨੀ ਸ਼ਬਦ ਦੇ ਅਰਥ ਅਨੁਸਾਰ ਦਇਆ ਤੇ ਵਫ਼ਾਦਾਰੀ ਦੋਵਾਂ ਦਾ ਇੱਕੋ ਮਤਲਬ ਹੈ, ਇਸ ਲਈ ਅਕਸਰ ਵਫ਼ਾਦਾਰੀ ਦੇ ਬਦਲੇ ਵਫ਼ਾਦਾਰੀ ਦਿਖਾਉਣ ਦੀ ਆਸ ਰੱਖੀ ਜਾਂਦੀ ਹੈ। ਇਸੇ ਤਰ੍ਹਾਂ, ਜੇ ਕੋਈ ਤੁਹਾਡੇ ਤੇ ਦਇਆ ਕਰਦਾ ਹੈ, ਤਾਂ ਤੁਹਾਡੇ ਤੋਂ ਵੀ ਦਇਆ ਕਰਨ ਦੀ ਆਸ ਰੱਖੀ ਜਾਂਦੀ ਹੈ। ਦਾਊਦ ਖ਼ੇਸੱਦ ਦਾ ਮਤਲਬ ਚੰਗੀ ਤਰ੍ਹਾਂ ਸਮਝਦਾ ਸੀ ਅਤੇ ਇਹ ਉਸ ਦੇ ਇਨ੍ਹਾਂ ਸ਼ਬਦਾਂ ਤੋਂ ਪਤਾ ਚੱਲਦਾ ਹੈ: “ਮੈਂ ਤੇਰੀ ਪਵਿੱਤਰ ਹੈਕਲ ਵੱਲ ਮੱਥਾ ਟੇਕਾਂਗਾ ਅਤੇ ਮੈਂ ਤੇਰੀ ਦਯਾ ਦੇ ਕਾਰਨ ਤੇ ਤੇਰੀ ਵਫ਼ਾਦਾਰੀ ਦੇ ਕਾਰਨ ਤੇਰੇ ਨਾਮ ਦਾ ਧੰਨਵਾਦ ਕਰਾਂਗਾ।” (ਟੇਢੇ ਟਾਈਪ ਸਾਡੇ।) (ਜ਼ਬੂਰ 138:2) ਕਿਉਂਕਿ ਯਹੋਵਾਹ ਨੇ ਦਾਊਦ ਉੱਤੇ ਦਇਆ ਕੀਤੀ ਸੀ, ਇਸ ਲਈ ਉਹ ਉਸ ਦੀ ਭਗਤੀ ਅਤੇ ਮਹਿਮਾ ਕਰਨ ਲਈ ਪ੍ਰੇਰਿਤ ਹੋਇਆ। ਇਸ ਲਈ ਜਦੋਂ ਅਸੀਂ ਵਿਚਾਰ ਕਰਦੇ ਹਾਂ ਕਿ ਯਹੋਵਾਹ ਨੇ ਸਾਡੇ ਤੇ ਕਿਵੇਂ ਦਇਆ ਕੀਤੀ ਹੈ, ਤਾਂ ਕੀ ਅਸੀਂ ਯਹੋਵਾਹ ਦੇ ਨਾਲ ਵਫ਼ਾਦਾਰੀ ਕਰਨ ਲਈ ਪ੍ਰੇਰਿਤ ਹੁੰਦੇ ਹਾਂ? ਉਦਾਹਰਣ ਲਈ, ਜੇ ਯਹੋਵਾਹ ਦੇ ਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ, ਤਾਂ ਕੀ ਤੁਸੀਂ ਉਸ ਦੀ ਨੇਕਨਾਮੀ ਦੀ ਖ਼ਾਤਰ ਉਸ ਦੇ ਪੱਖ ਵਿਚ ਬੋਲਣ ਲਈ ਪ੍ਰੇਰਿਤ ਹੁੰਦੇ ਹੋ?

ਨਵੇਂ-ਨਵੇਂ ਬਣੇ ਇਕ ਮਸੀਹੀ ਪਤੀ-ਪਤਨੀ ਨਾਲ ਇਸੇ ਤਰ੍ਹਾਂ ਹੋਇਆ ਜਦੋਂ ਉਹ ਆਪਣੇ ਇਕ ਰਿਸ਼ਤੇਦਾਰ ਦੇ ਸੰਸਕਾਰ ਤੇ ਗਏ ਜਿਹੜਾ ਮੋਟਰ-ਸਾਈਕਲ ਹਾਦਸੇ ਵਿਚ ਮਾਰਿਆ ਗਿਆ ਸੀ। ਇਹ ਕੋਈ ਧਾਰਮਿਕ ਸਮਾਰੋਹ ਨਹੀਂ ਸੀ ਅਤੇ ਉੱਥੇ ਹਾਜ਼ਰ ਲੋਕਾਂ ਨੂੰ ਮਰੇ ਵਿਅਕਤੀ ਦੇ ਬਾਰੇ ਕੁਝ ਕਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਇਕ ਆਦਮੀ ਨੇ ਉਸ ਨੌਜਵਾਨ ਦੀ ਬੇਵਕਤੀ ਮੌਤ ਦਾ ਜ਼ਿੰਮੇਵਾਰ ਪਰਮੇਸ਼ੁਰ ਨੂੰ ਠਹਿਰਾਉਂਦੇ ਹੋਏ ਕਿਹਾ ਕਿ ‘ਪਰਮੇਸ਼ੁਰ ਉਸ ਨੂੰ ਸਵਰਗ ਵਿਚ ਚਾਹੁੰਦਾ ਸੀ ਇਸ ਲਈ ਉਹ ਉਸ ਨੂੰ ਉੱਥੇ ਲੈ ਗਿਆ ਹੈ।’ ਸਾਡੇ ਮਸੀਹੀ ਭਰਾ ਲਈ ਚੁੱਪ ਰਹਿਣਾ ਮੁਸ਼ਕਲ ਹੋ ਗਿਆ। ਉਹ ਪੋਡੀਅਮ ਤੇ ਚੜ੍ਹ ਗਿਆ, ਭਾਵੇਂ ਕਿ ਉਸ ਕੋਲ ਨਾ ਤਾਂ ਬਾਈਬਲ ਸੀ ਤੇ ਨਾ ਹੀ ਕੋਈ ਨੋਟਸ। ਉਸ ਨੇ ਪੁੱਛਿਆ: “ਕੀ ਤੁਸੀਂ ਸੋਚਦੇ ਹੋ ਕਿ ਇਕ ਤਰਸਵਾਨ, ਦਿਆਲੂ ਤੇ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਇੱਦਾਂ ਕਰਨਾ ਚੰਗਾ ਲੱਗਦਾ ਹੈ?” ਫਿਰ ਉਸ ਨੇ ਬਿਨਾਂ ਕਿਸੇ ਅਗਾਊਂ ਤਿਆਰੀ ਦੇ 10 ਮਿੰਟਾਂ ਤਕ ਭਾਸ਼ਣ ਦਿੱਤਾ ਤੇ ਬਾਈਬਲ ਦੇ ਹਵਾਲੇ ਦਿੰਦੇ ਹੋਏ ਸਮਝਾਇਆ ਕਿ ਅਸੀਂ ਕਿਉਂ ਮਰਦੇ ਹਾਂ, ਪਰਮੇਸ਼ੁਰ ਨੇ ਇਨਸਾਨਜਾਤੀ ਨੂੰ ਮੌਤ ਤੋਂ ਬਚਾਉਣ ਲਈ ਕੀ ਕੀਤਾ ਹੈ ਅਤੇ ਕਿਵੇਂ ਭਵਿੱਖ ਵਿਚ ਮਰੇ ਲੋਕਾਂ ਨੂੰ ਮੁੜ ਜੀਉਂਦਾ ਕਰ ਕੇ ਫਿਰਦੌਸ ਵਿਚ ਅਨੰਤ ਜ਼ਿੰਦਗੀ ਦਿੱਤੀ ਜਾਵੇਗੀ। ਉੱਥੇ ਹਾਜ਼ਰ 100 ਤੋਂ ਜ਼ਿਆਦਾ ਲੋਕਾਂ ਨੇ ਜ਼ੋਰਦਾਰ ਤਾੜੀਆਂ ਨਾਲ ਉਸ ਦੇ ਭਾਸ਼ਣ ਦੀ ਸ਼ਲਾਘਾ ਕੀਤੀ। ਭਰਾ ਨੇ ਬਾਅਦ ਵਿਚ ਉਸ ਮੌਕੇ ਬਾਰੇ ਯਾਦ ਕਰਦੇ ਹੋਏ ਕਿਹਾ: “ਮੈਂ ਉਸ ਵੇਲੇ ਆਪਣੇ ਅੰਦਰ ਇੰਨੀ ਖ਼ੁਸ਼ੀ ਮਹਿਸੂਸ ਕੀਤੀ ਜਿੰਨੀ ਮੈਂ ਪਹਿਲਾਂ ਕਦੇ ਮਹਿਸੂਸ ਨਹੀਂ ਕੀਤੀ। ਮੈਂ ਯਹੋਵਾਹ ਦਾ ਧੰਨਵਾਦ ਕੀਤਾ ਕਿ ਉਸ ਨੇ ਮੈਨੂੰ ਆਪਣੀ ਬੁੱਧ ਦਿੱਤੀ ਤੇ ਉਸ ਦੇ ਪਵਿੱਤਰ ਨਾਂ ਦੇ ਪੱਖ ਵਿਚ ਬੋਲਣ ਦਾ ਮੌਕਾ ਦਿੱਤਾ।”

ਯਹੋਵਾਹ ਨਾਲ ਵਫ਼ਾਦਾਰੀ ਕਰਨ ਵਿਚ ਉਸ ਦੇ ਬਚਨ ਬਾਈਬਲ ਪ੍ਰਤੀ ਵਫ਼ਾਦਾਰ ਰਹਿਣਾ ਵੀ ਸ਼ਾਮਲ ਹੈ। ਕਿਉਂ? ਕਿਉਂਕਿ ਬਾਈਬਲ ਦੇ ਰਾਹੀਂ ਯਹੋਵਾਹ ਸਾਨੂੰ ਜੀਉਣਾ ਸਿਖਾਉਂਦਾ ਹੈ। ਇਸ ਵਿਚ ਦਰਜ ਕੀਤੇ ਗਏ ਨਿਯਮ ਅਤੇ ਸਿਧਾਂਤ ਸੱਚ-ਮੁੱਚ ਬਿਹਤਰੀਨ ਹਨ ਅਤੇ ਜ਼ਿੰਦਗੀ ਲਈ ਬਹੁਤ ਲਾਭਦਾਇਕ ਹਨ। (ਯਸਾਯਾਹ 48:17) ਦੂਸਰੇ ਦੇ ਦਬਾਅ ਥੱਲੇ ਆ ਕੇ ਜਾਂ ਆਪਣੀਆਂ ਕਮਜ਼ੋਰੀਆਂ ਕਰਕੇ ਯਹੋਵਾਹ ਦੇ ਨਿਯਮਾਂ ਉੱਤੇ ਚੱਲਣਾ ਨਾ ਛੱਡੋ। ਪਰਮੇਸ਼ੁਰ ਦੇ ਬਚਨ ਦੇ ਪ੍ਰਤੀ ਵਫ਼ਾਦਾਰ ਰਹੋ!

ਪਰਮੇਸ਼ੁਰ ਦੇ ਨਾਲ ਵਫ਼ਾਦਾਰੀ ਕਰਨ ਵਿਚ ਉਸ ਦੇ ਸੰਗਠਨ ਨਾਲ ਵਫ਼ਾਦਾਰੀ ਕਰਨੀ ਵੀ ਸ਼ਾਮਲ ਹੈ। ਸਾਲਾਂ ਦੌਰਾਨ ਕੁਝ ਆਇਤਾਂ ਦੀ ਸਮਝ ਵਿਚ ਸਾਨੂੰ ਕੁਝ ਜ਼ਰੂਰੀ ਤਬਦੀਲੀਆਂ ਤੇ ਸੁਧਾਰ ਕਰਨੇ ਪਏ ਹਨ। ਇਹ ਬਿਲਕੁਲ ਸੱਚ ਹੈ ਕਿ ਜਿੰਨਾ ਸਾਨੂੰ ਅਧਿਆਤਮਿਕ ਭੋਜਨ ਮਿਲ ਰਿਹਾ ਹੈ, ਉੱਨਾ ਕਿਸੇ ਨੂੰ ਵੀ ਨਹੀਂ ਮਿਲ ਰਿਹਾ। (ਮੱਤੀ 24:45-47) ਬਿਨਾਂ ਸ਼ੱਕ ਯਹੋਵਾਹ ਆਪਣੇ ਆਧੁਨਿਕ ਦਿਨ ਦੇ ਸੰਗਠਨ ਪ੍ਰਤੀ ਵਫ਼ਾਦਾਰ ਰਿਹਾ ਹੈ। ਤਾਂ ਕੀ ਸਾਨੂੰ ਵੀ ਵਫ਼ਾਦਾਰ ਨਹੀਂ ਰਹਿਣਾ ਚਾਹੀਦਾ? ਏ. ਐੱਚ. ਮਕਮਿਲਨ ਨੇ ਵਫ਼ਾਦਾਰੀ ਕੀਤੀ ਸੀ। ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ: “ਜਦੋਂ ਮੈਂ ਸਤੰਬਰ 1900 ਵਿਚ 23 ਸਾਲ ਦੀ ਉਮਰ ਤੇ ਪਰਮੇਸ਼ੁਰ ਨੂੰ ਆਪਣਾ ਸਮਰਪਣ ਕੀਤਾ ਸੀ, ਤਾਂ ਉਸ ਵੇਲੇ ਯਹੋਵਾਹ ਦਾ ਸੰਗਠਨ ਬਹੁਤ ਛੋਟਾ ਸੀ, ਪਰ ਮੈਂ ਸੰਗਠਨ ਨੂੰ ਵੱਡਾ ਹੁੰਦੇ ਦੇਖਿਆ ਹੈ ਅਤੇ ਅੱਜ ਇਸ ਵਿਚ ਪੂਰੀ ਦੁਨੀਆਂ ਦੇ ਖ਼ੁਸ਼ ਲੋਕ ਹਨ ਜਿਹੜੇ ਉਸ ਦੀਆਂ ਸੱਚਾਈਆਂ ਦਾ ਜੋਸ਼ ਨਾਲ ਪ੍ਰਚਾਰ ਕਰ ਰਹੇ ਹਨ। . . . ਜਿਉਂ-ਜਿਉਂ ਧਰਤੀ ਉੱਤੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਮੇਰਾ ਸਮਾਂ ਪੂਰਾ ਹੁੰਦਾ ਜਾ ਰਿਹਾ ਹੈ, ਮੈਨੂੰ ਪਹਿਲਾਂ ਨਾਲੋਂ ਜ਼ਿਆਦਾ ਯਕੀਨ ਹੋ ਗਿਆ ਹੈ ਕਿ ਯਹੋਵਾਹ ਨੇ ਆਪਣੇ ਲੋਕਾਂ ਦੀ ਅਗਵਾਈ ਕੀਤੀ ਹੈ ਅਤੇ ਉਨ੍ਹਾਂ ਨੂੰ ਸਹੀ ਸਮੇਂ ਤੇ ਜੋ ਚਾਹੀਦਾ ਹੈ, ਉਹ ਦਿੱਤਾ ਹੈ।” ਭਰਾ ਮਕਮਿਲਨ ਨੇ 26 ਅਗਸਤ 1966 ਵਿਚ ਆਪਣੀ ਮੌਤ ਤਕ ਤਕਰੀਬਨ 66 ਸਾਲਾਂ ਤਕ ਵਫ਼ਾਦਾਰੀ ਨਾਲ ਸੇਵਾ ਕੀਤੀ। ਉਹ ਪਰਮੇਸ਼ੁਰ ਦੇ ਜ਼ਮੀਨੀ ਸੰਗਠਨ ਪ੍ਰਤੀ ਵਫ਼ਾਦਾਰੀ ਦੀ ਇਕ ਬਿਹਤਰੀਨ ਮਿਸਾਲ ਸਨ।

ਸੰਗਠਨ ਪ੍ਰਤੀ ਵਫ਼ਾਦਾਰ ਰਹਿਣ ਤੋਂ ਇਲਾਵਾ, ਕੀ ਅਸੀਂ ਇਕ ਦੂਸਰੇ ਨਾਲ ਵੀ ਵਫ਼ਾਦਾਰ ਰਹਾਂਗੇ? ਜਦੋਂ ਸਾਨੂੰ ਘੋਰ ਅਤਿਆਚਾਰ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਤਾਂ ਕੀ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਵਫ਼ਾਦਾਰੀ ਕਰਾਂਗੇ? ਦੂਸਰੇ ਵਿਸ਼ਵ ਯੁੱਧ ਦੌਰਾਨ ਨੀਦਰਲੈਂਡਜ਼ ਵਿਚ ਸਾਡੇ ਭਰਾਵਾਂ ਨੇ ਵਫ਼ਾਦਾਰੀ ਦੀ ਉੱਤਮ ਉਦਾਹਰਣ ਕਾਇਮ ਕੀਤੀ। ਗਰੋਨਿੰਗਨ ਕਲੀਸਿਯਾ ਦੇ ਇਕ ਬਜ਼ੁਰਗ ਕਲਾਸ ਡ ਵਰੀਸ ਤੋਂ ਨਾਜ਼ੀ ਗਸਤਾਪੋ ਨੇ ਬਹੁਤ ਬੇਰਹਿਮੀ ਨਾਲ ਪੁੱਛ-ਗਿੱਛ ਕੀਤੀ। ਉਸ ਨੂੰ 12 ਦਿਨਾਂ ਤਕ ਕਾਲ-ਕੋਠੜੀ ਵਿਚ ਬੰਦ ਰੱਖਿਆ ਗਿਆ ਤੇ ਸਿਰਫ਼ ਬਰੈੱਡ ਤੇ ਪਾਣੀ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਫਿਰ ਉਸ ਤੋਂ ਪੁੱਛ-ਗਿੱਛ ਕੀਤੀ ਗਈ। ਉਸ ਦੀ ਕੰਨਪੱਟੀ ਤੇ ਰਿਵਾਲਵਰ ਰੱਖ ਕੇ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਉਸ ਨੂੰ ਦੋ ਮਿੰਟਾਂ ਦੇ ਅੰਦਰ-ਅੰਦਰ ਜ਼ਿੰਮੇਵਾਰ ਭਰਾਵਾਂ ਦਾ ਅਤਾ-ਪਤਾ ਦੱਸਣ ਤੇ ਹੋਰ ਜ਼ਰੂਰੀ ਜਾਣਕਾਰੀ ਦੇਣ ਲਈ ਕਿਹਾ। ਕਲਾਸ ਨੇ ਸਿਰਫ਼ ਇੰਨਾ ਹੀ ਕਿਹਾ: “ਤੁਸੀਂ ਮੇਰੇ ਤੋਂ ਕੁਝ ਵੀ ਉਗਲਵਾ ਨਹੀਂ ਸਕਦੇ। . . . ਮੈਂ ਆਪਣੇ ਭਰਾਵਾਂ ਨਾਲ ਕਦੀ ਗਦਾਰੀ ਨਹੀਂ ਕਰਾਂਗਾ।” ਤਿੰਨ ਵਾਰ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਅਖ਼ੀਰ ਗਸਤਾਪੋ ਨੇ ਹਾਰ ਮੰਨ ਲਈ ਤੇ ਕਲਾਸ ਨੂੰ ਦੂਸਰੀ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਉਸ ਨੇ ਕਦੀ ਆਪਣੇ ਭਰਾਵਾਂ ਨਾਲ ਗਦਾਰੀ ਨਹੀਂ ਕੀਤੀ।

ਕੀ ਤੁਸੀਂ ਆਪਣੇ ਸਭ ਤੋਂ ਨੇੜੇ ਦੇ ਰਿਸ਼ਤੇ, ਆਪਣੇ ਵਿਆਹੁਤਾ ਸਾਥੀ ਨਾਲ ਵਫ਼ਾਦਾਰੀ ਕਰੋਗੇ? ਠੀਕ ਜਿਵੇਂ ਯਹੋਵਾਹ ਨੇ ਇਸਰਾਏਲ ਕੌਮ ਨਾਲ ਆਪਣੇ ਨੇਮਬੱਧ ਰਿਸ਼ਤੇ ਦਾ ਸਨਮਾਨ ਕੀਤਾ ਸੀ, ਉਸੇ ਤਰ੍ਹਾਂ ਕੀ ਅਸੀਂ ਵੀ ਆਪਣੇ ਵਿਆਹ ਦੇ ਪ੍ਰਣ ਨੂੰ ਵਫ਼ਾਦਾਰੀ ਨਾਲ ਨਿਭਾ ਰਹੇ ਹਾਂ? ਆਪਣੇ ਜੀਵਨ-ਸਾਥੀ ਪ੍ਰਤੀ ਵਫ਼ਾਦਾਰ ਰਹਿਣਾ ਹੀ ਕਾਫ਼ੀ ਨਹੀਂ ਹੈ, ਸਗੋਂ ਉਸ ਨਾਲ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰੋ। ਆਪਣੀ ਵਿਆਹੁਤਾ ਜ਼ਿੰਦਗੀ ਦੀ ਰਾਖੀ ਕਰਨ ਲਈ ਮਿਹਨਤ ਕਰੋ। ਇਕ-ਦੂਜੇ ਲਈ ਸਮਾਂ ਕੱਢੋ, ਖੁੱਲ੍ਹ ਕੇ ਗੱਲ ਕਰੋ ਤੇ ਆਪਣੇ ਦਿਲ ਦੀ ਗੱਲ ਦੱਸੋ, ਇਕ-ਦੂਜੇ ਦੀ ਮਦਦ ਕਰੋ ਤੇ ਹੌਸਲਾ ਵਧਾਓ, ਇਕ-ਦੂਜੇ ਦੀ ਗੱਲ ਸੁਣੋ, ਇਕੱਠੇ ਹੱਸੋ, ਇਕੱਠੇ ਰੋਵੋ, ਇਕੱਠੇ ਖੇਡੋ, ਸਾਂਝੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇਕੱਠੇ ਮਿਹਨਤ ਕਰੋ, ਇਕ ਦੂਜੇ ਨੂੰ ਖ਼ੁਸ਼ ਰੱਖੋ, ਦੋਸਤ ਬਣੋ। ਦੂਸਰੇ ਲੋਕਾਂ ਪ੍ਰਤੀ ਰੋਮਾਂਟਿਕ ਭਾਵਨਾਵਾਂ ਪੈਦਾ ਕਰਨ ਤੋਂ ਖ਼ਾਸ ਤੌਰ ਤੇ ਖ਼ਬਰਦਾਰ ਰਹੋ। ਦੂਸਰਿਆਂ ਨਾਲ ਜਾਣ-ਪਛਾਣ ਕਰਨੀ ਤੇ ਦੋਸਤੀ ਕਰਨੀ ਚੰਗੀ ਗੱਲ ਹੈ, ਪਰ ਤੁਹਾਡਾ ਰੁਮਾਂਸ ਤੁਹਾਡੇ ਜੀਵਨ-ਸਾਥੀ ਨਾਲ ਹੀ ਹੋਣਾ ਚਾਹੀਦਾ ਹੈ। ਆਪਣੇ ਦੋਵਾਂ ਦੇ ਵਿਚਕਾਰ ਕਦੀ ਤੀਜੇ ਜਣੇ ਨੂੰ ਨਾ ਆਉਣ ਦਿਓ।​—ਕਹਾਉਤਾਂ 5:15-20.

ਸਾਥੀ ਗਵਾਹਾਂ ਅਤੇ ਪਰਿਵਾਰ ਦੇ ਮੈਂਬਰਾਂ ਪ੍ਰਤੀ ਵਫ਼ਾਦਾਰ ਰਹੋ। ਸਮੇਂ ਦੇ ਗੁਜਰਨ ਨਾਲ ਉਨ੍ਹਾਂ ਨੂੰ ਭੁੱਲ ਨਾ ਜਾਓ। ਉਨ੍ਹਾਂ ਨਾਲ ਸੰਪਰਕ ਰੱਖੋ, ਚਿੱਠੀ ਲਿਖੋ, ਟੈਲੀਫ਼ੋਨ ਕਰੋ ਤੇ ਉਨ੍ਹਾਂ ਨੂੰ ਜਾ ਕੇ ਮਿਲੋ। ਜ਼ਿੰਦਗੀ ਦਾ ਰਾਹ ਚਾਹੇ ਤੁਹਾਨੂੰ ਜਿੱਥੇ ਮਰਜ਼ੀ ਲੈ ਜਾਵੇ, ਪਰ ਉਨ੍ਹਾਂ ਨੂੰ ਨਿਰਾਸ਼ ਨਾ ਕਰੋ। ਉਨ੍ਹਾਂ ਨਾਲ ਇਕ ਅਜਿਹਾ ਚੰਗਾ ਰਿਸ਼ਤਾ ਬਣਾਈ ਰੱਖੋ ਕਿ ਉਹ ਇਹ ਕਹਿ ਕੇ ਖ਼ੁਸ਼ ਹੋ ਸਕਣ ਕਿ ਉਹ ਤੁਹਾਨੂੰ ਜਾਣਦੇ ਹਨ ਜਾਂ ਉਹ ਤੁਹਾਡੇ ਰਿਸ਼ਤੇਦਾਰ ਹਨ। ਉਨ੍ਹਾਂ ਪ੍ਰਤੀ ਵਫ਼ਾਦਾਰ ਰਹਿਣ ਦੀ ਇੱਛਾ ਤੁਹਾਨੂੰ ਸਹੀ ਕੰਮ ਕਰਨ ਦੇ ਆਪਣੇ ਇਰਾਦੇ ਤੇ ਪੱਕਾ ਰਹਿਣ ਦਾ ਹੌਸਲਾ ਦੇਵੇਗੀ।​—ਅਸਤਰ 4:6-16.

ਜੀ ਹਾਂ, ਸੱਚੀ ਵਫ਼ਾਦਾਰੀ ਵਿਚ ਕੀਮਤੀ ਰਿਸ਼ਤਿਆਂ ਨੂੰ ਬਰਕਰਾਰ ਰੱਖਣ ਲਈ ਮਿਹਨਤ ਕਰਨੀ ਵੀ ਸ਼ਾਮਲ ਹੈ। ਤੁਸੀਂ ਯਹੋਵਾਹ ਦੀ ਦਇਆ ਦਾ ਬਦਲਾ ਚੁਕਾਉਣ ਲਈ ਜੋ ਕੁਝ ਕਰ ਸਕਦੇ ਹੋ ਕਰੋ। ਯਹੋਵਾਹ ਵਾਂਗ, ਤੁਸੀਂ ਵੀ ਮਸੀਹੀ ਕਲੀਸਿਯਾ, ਆਪਣੇ ਵਿਆਹੁਤਾ ਸਾਥੀ, ਪਰਿਵਾਰ ਅਤੇ ਦੋਸਤਾਂ ਨਾਲ ਵਫ਼ਾਦਾਰੀ ਕਰੋ। ਵਫ਼ਾਦਾਰੀ ਨਾਲ ਯਹੋਵਾਹ ਦੇ ਗੁਣਾਂ ਬਾਰੇ ਆਪਣੇ ਗੁਆਂਢੀਆਂ ਨੂੰ ਦੱਸੋ। ਜ਼ਬੂਰਾਂ ਦੇ ਲਿਖਾਰੀ ਦਾ ਇਹ ਕਹਿਣਾ ਬਿਲਕੁਲ ਯੋਗ ਸੀ: “ਯਹੋਵਾਹ ਦੀਆਂ ਮਿਹਰਬਾਨੀਆਂ ਦੇ ਗੀਤ ਮੈਂ ਸਦਾ ਗਾਵਾਂਗਾ, ਮੈਂ ਤੇਰੀ ਵਫ਼ਾਦਾਰੀ ਸਾਰੀਆਂ ਪੀੜ੍ਹੀਆਂ ਨੂੰ ਆਪਣੇ ਮੂੰਹੋਂ ਸਮਝਾਵਾਂਗਾ।” (ਜ਼ਬੂਰ 89:1) ਕੀ ਅਸੀਂ ਅਜਿਹੇ ਪਰਮੇਸ਼ੁਰ ਵੱਲ ਖਿੱਚੇ ਨਹੀਂ ਜਾਂਦੇ? ਜੀ ਹਾਂ, “ਉਹ ਦੀ ਦਯਾ ਸਦੀਪਕ ਹੈ।”​—ਜ਼ਬੂਰ 100:5.

[ਸਫ਼ੇ 23 ਉੱਤੇ ਤਸਵੀਰ]

ਏ. ਐ ਚ. ਮਕਮਿਲਨ