Skip to content

Skip to table of contents

ਅਸੀਂ ਮਿਸ਼ਨਰੀ ਸੇਵਾ ਵਿਚ ਪੂਰੀ ਮਿਹਨਤ ਕਰਦੇ ਹਾਂ!

ਅਸੀਂ ਮਿਸ਼ਨਰੀ ਸੇਵਾ ਵਿਚ ਪੂਰੀ ਮਿਹਨਤ ਕਰਦੇ ਹਾਂ!

ਅਸੀਂ ਮਿਸ਼ਨਰੀ ਸੇਵਾ ਵਿਚ ਪੂਰੀ ਮਿਹਨਤ ਕਰਦੇ ਹਾਂ!

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਇਕ ਮੈਂਬਰ ਨੇ ਇਕ ਭਰਾ ਨੂੰ ਇਹ ਸਲਾਹ ਦਿੱਤੀ ਕਿ ਤੂੰ ਆਪਣੀ ‘ਮਿਸ਼ਨਰੀ ਸੇਵਾ ਵਿਚ ਪੂਰੀ ਮਿਹਨਤ ਕਰੀਂ।’ ਪਰ ਸੋਚਿਆ ਜਾਵੇ ਤਾਂ ਕੀ ਇਕ ਤਜਰਬੇਕਾਰ ਸੇਵਕ ਨੂੰ ਐਸੀ ਸਾਧਾਰਣ ਸਲਾਹ ਦੀ ਲੋੜ ਸੀ? ਕੀ ਮਿਸ਼ਨਰੀ ਭੈਣ-ਭਰਾ ਐਸੀਆਂ ਮੁਸ਼ਕਲਾਂ ਦਾ ਰੋਜ਼ ਦੀ ਰੋਜ਼ ਸਾਮ੍ਹਣਾ ਨਹੀਂ ਕਰਦੇ ਹਨ ਜਿਵੇਂ ਕਿ ਕੀੜੇ-ਮਕੌੜੇ, ਸੱਪ, ਗਰਮੀਆਂ, ਅਤੇ ਬੀਮਾਰੀਆਂ?

ਅਸਲ ਵਿਚ ਯਹੋਵਾਹ ਦੇ ਗਵਾਹਾਂ ਦੇ ਮਿਸ਼ਨਰੀ ਭੈਣ-ਭਰਾ ਆਮ ਲੋਕ ਹਨ। ਉਹ ਮਸੀਹੀ ਹਨ ਜੋ ਵਿਦੇਸ਼ਾਂ ਵਿਚ ਸੇਵਾ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਯਹੋਵਾਹ ਅਤੇ ਆਪਣੇ ਸੰਗੀ ਮਨੁੱਖਾਂ ਨਾਲ ਬਹੁਤ ਪਿਆਰ ਹੈ। ਉਹ ਮਿਸ਼ਨਰੀ ਸੇਵਾ ਵਿਚ ਪੂਰੀ ਮਿਹਨਤ ਕਰਦੇ ਹਨ, ਅਤੇ ਯਹੋਵਾਹ ਦੀ ਸ਼ਕਤੀ ਨਾਲ ਹੀ ਸੇਵਾ ਕਰਦੇ ਹਨ।​—ਅਫ਼ਸੀਆਂ 6:10.

ਮਿਸ਼ਨਰੀ ਸੇਵਾ ਬਾਰੇ ਹੋਰ ਜਾਣਕਾਰੀ ਲਈ, ਆਓ ਆਪਾਂ ਕਲਪਨਾ ਕਰੀਏ ਕਿ ਆਪਾਂ ਪੱਛਮੀ ਅਫ਼ਰੀਕਾ ਵਿਚ ਇਕ ਮਿਸ਼ਨਰੀ ਘਰ ਵਿਚ ਇਕ ਦਿਨ ਬਤੀਤ ਕਰ ਰਹੇ ਹਾਂ।

ਮਿਸ਼ਨਰੀ ਸੇਵਾ ਵਿਚ ਇਕ ਦਿਨ ਦਾ ਤਜਰਬਾ

ਸਵੇਰ ਦੇ ਤਕਰੀਬਨ 7 ਵਜੇ ਹਨ। ਅਸੀਂ ਮਿਸ਼ਨਰੀ ਘਰ ਵਿਚ ਸਮੇਂ ਸਿਰ ਪਹੁੰਚ ਗਏ ਹਾਂ ਅਤੇ ਹੁਣ ਬਾਈਬਲ ਵਿੱਚੋਂ ਅੱਜ ਦੇ ਹਵਾਲੇ ਦੀ ਚਰਚਾ ਸ਼ੁਰੂ ਹੋਣ ਵਾਲੀ ਹੈ। ਦਸ ਮਿਸ਼ਨਰੀ ਸਾਡਾ ਨਿੱਘਾ ਸਵਾਗਤ ਕਰਦੇ ਹਨ ਅਤੇ ਸਾਡੇ ਲਈ ਮੇਜ਼ ਦੁਆਲੇ ਕੁਰਸੀਆਂ ਰੱਖਦੇ ਹਨ। ਅਸੀਂ ਇਕ ਦੂਜੇ ਦੇ ਹਾਲ-ਚਾਲ ਬਾਰੇ ਪੁੱਛਦੇ ਹਾਂ। ਇਕ ਮਿਸ਼ਨਰੀ ਭੈਣ ਸਾਨੂੰ ਪ੍ਰਚਾਰ ਦੇ ਕੰਮ ਵਿਚ ਆਪਣਾ ਇਕ ਹਾਸੇ ਵਾਲਾ ਤਜਰਬਾ ਦੱਸਣਾ ਸ਼ੁਰੂ ਕਰਦੀ ਹੈ। ਉਸ ਨੂੰ ਇੱਥੇ ਰਹਿੰਦੀ ਨੂੰ ਬਹੁਤ ਸਾਲ ਹੋ ਚੁੱਕੇ ਹਨ। ਪਰ ਸਾਡੀਆਂ ਗੱਲਾਂ ਵਿੱਚੇ ਹੀ ਰੁਕ ਜਾਂਦੀਆਂ ਹਨ ਜਦੋਂ ਉਸ ਦਿਨ ਦੀ ਚਰਚਾ ਦੇ ਚੇਅਰਮੈਨ ਸਾਨੂੰ ਯਾਦ ਕਰਾਉਂਦੇ ਹਨ ਕਿ ਹੁਣ ਰੋਜ਼ ਦਾ ਹਵਾਲਾ ਪੜ੍ਹਨ ਦਾ ਸਮਾਂ ਹੋ ਗਿਆ ਹੈ। ਇਹ ਚਰਚਾ ਫਰਾਂਸੀਸੀ ਬੋਲੀ ਵਿਚ ਹੋਵੇਗੀ। ਭਾਵੇਂ ਕਿ ਅਸੀਂ ਇਹ ਬੋਲੀ ਨਹੀਂ ਜਾਣਦੇ, ਅਸੀਂ ਦੇਖ ਸਕਦੇ ਹਾਂ ਕਿ ਦੂਜਿਆਂ ਦੇਸ਼ਾਂ ਦੇ ਇਹ ਸਾਰੇ ਜੰਮ-ਪਲ ਮਿਸ਼ਨਰੀ ਕਿੰਨੀ ਅੱਛੀ ਤਰ੍ਹਾਂ ਇਹ ਬੋਲੀ ਬੋਲ ਰਹੇ ਹਨ।

ਬਾਈਬਲ ਦੀ ਚਰਚਾ ਤੋਂ ਬਾਅਦ ਦਿੱਲੋਂ ਇਕ ਪ੍ਰਾਰਥਨਾ ਕੀਤੀ ਜਾਂਦੀ ਹੈ। ਫਿਰ ਨਾਸ਼ਤੇ ਦਾ ਸਮਾਂ ਹੁੰਦਾ ਹੈ। ਸਾਡੇ ਨਾਲ ਬੈਠਾ ਇਕ ਮਿਸ਼ਨਰੀ ਸਾਨੂੰ ਸਲਾਹ ਦਿੰਦਾ ਹੈ ਕਿ ਕਿਉਂ ਨਾ ਆਪਣੇ ਸੀਰੀਅਲ ਨਾਲ ਕੇਲੇ ਦੀਆਂ ਕਤਲੀਆਂ ਕੱਟ-ਕੱਟ ਕੇ ਖਾਓ। ਅਸੀਂ ਉਸ ਨੂੰ ਦੱਸਿਆ ਕਿ ਸਾਨੂੰ ਕੇਲੇ ਨਹੀਂ ਪਸੰਦ। ਪਰ ਉਸ ਨੇ ਸਾਡੇ ਉੱਤੇ ਜ਼ੋਰ ਪਾਇਆ ਕਿ ਇੱਥੇ ਦੇ ਕੇਲੇ ਇੰਨੇ ਵਧੀਆ ਹਨ ਕਿ ਅਸੀਂ ਆਪਣੀ ਰਾਇ ਬਦਲ ਲਵਾਂਗੇ। ਇਸ ਲਈ ਅਸੀਂ ਆਪਣੇ ਸੀਰੀਅਲ ਨਾਲ ਕੁਝ ਕਤਲੀਆਂ ਲੈ ਲਈਆਂ। ਉਹ ਬਿਲਕੁਲ ਸਹੀ ਸੀ! ਇਹ ਕੇਲੇ ਤਾਂ ਗੁੜ੍ਹ ਜਿੰਨੇ ਮਿੱਠੇ ਸਨ! ਇਸ ਤੋਂ ਬਾਅਦ ਅਸੀਂ ਫਰਾਂਸੀਸੀ ਸਟਾਈਲ ਡਬਲਰੋਟੀ ਖਾਧੀ ਜੋ ਮਿਸ਼ਨਰੀ ਘਰ ਦੇ ਸਾਮ੍ਹਣੇ ਵਾਲੀ ਛੋਟੀ ਜਿਹੀ ਦੁਕਾਨ ਵਿਚ ਅੱਜ ਸਵੇਰੇ ਹੀ ਪਕਾਈ ਗਈ ਸੀ।

ਨਾਸ਼ਤੇ ਤੋਂ ਬਾਅਦ ਅਸੀਂ ਇਕ ਮਿਸ਼ਨਰੀ ਪਤੀ-ਪਤਨੀ ਨਾਲ ਦਿਨ ਗੁਜ਼ਾਰਾਂਗੇ ਜਿਨ੍ਹਾਂ ਦੇ ਨਾਂ ਹਨ ਬੈਨ ਅਤੇ ਕੈਰਨ। ਅਸੀਂ ਸੁਣਿਆ ਹੈ ਕਿ ਇਸ ਪੱਛਮੀ-ਅਫ਼ਰੀਕੀ ਦੇਸ਼ ਵਿਚ ਲੋਕ ਖ਼ੁਸ਼ ਖ਼ਬਰੀ ਵਿਚ ਬਹੁਤ ਦਿਲਚਸਪੀ ਲੈਂਦੇ ਹਨ, ਅਤੇ ਅਸੀਂ ਇਹ ਦੇਖਣ ਲਈ ਉਤਾਵਲੇ ਹਾਂ।

ਜਦੋਂ ਅਸੀਂ ਬੱਸ ਅੱਡੇ ਤੇ ਪਹੁੰਚਦੇ ਹਾਂ, ਉੱਥੇ ਦਸ-ਬਾਰਾਂ ਬੰਦੇ ਬੱਸ ਦੀ ਉਡੀਕ ਕਰ ਰਹੇ ਹੁੰਦੇ ਹਨ। ਝੱਟ ਹੀ ਸਾਡੇ ਮਿਸ਼ਨਰੀ ਸਾਥੀ ਇਕ ਔਰਤ ਅਤੇ ਉਸ ਦੇ ਪੁੱਤਰ ਨਾਲ ਬਾਈਬਲ ਵਿੱਚੋਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਫਰਾਂਸੀਸੀ ਭਾਸ਼ਾ ਨਾ ਜਾਣਦੇ ਹੋਏ, ਅਸੀਂ ਮੁਸਕੁਰਾਉਣ ਤੋਂ ਸਿਵਾਇ ਉੱਥੇ ਖੜ੍ਹੇ ਹੋਰ ਕੁਝ ਕੀ ਕਰ ਸਕਦੇ! ਉਹ ਔਰਤ ਹਾਲੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਲੈ ਹੀ ਰਹੀ ਹੁੰਦੀ ਹੈ ਜਦੋਂ ਬੱਸ ਆ ਜਾਂਦੀ ਹੈ। ਫਿਰ ਦੇਖੋ ਤਮਾਸ਼ਾ ਜਦੋਂ ਸਾਰੇ ਜਣੇ ਬੱਸ ਵਿਚ ਇਕੱਠੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹਨ! ਜਦੋਂ ਅਸੀਂ ਚੜ੍ਹਨ ਲੱਗਦੇ ਹਾਂ ਸਾਨੂੰ ਭੀੜ ਪਿੱਛਿਓਂ ਧੱਕੇ ਮਾਰਦੀ ਹੈ। ਇਸ ਧੱਕਮ-ਧੱਕੇ ਵਿਚ ਸਾਨੂੰ ਬੱਸ ਦੇ ਪਿੱਛੇ ਤਕ ਪਹੁੰਚਣਾ ਬੜਾ ਮੁਸ਼ਕਲ ਲੱਗਦਾ ਹੈ। ਜਦੋਂ ਬੱਸ ਚਲਣ ਲੱਗ ਪੈਂਦੀ ਹੈ ਅਸੀਂ ਜੋ ਹੱਥ ਆਵੇ ਉਹ ਨੂੰ ਫੜ੍ਹਦੇ ਹਾਂ ਤਾਂਕਿ ਡਿੱਗ ਨਾ ਜਾਈਏ। ਸਮੇਂ-ਸਮੇਂ ਤੇ ਬੱਸ ਮਸੀਂ ਰੁਕਦੀ ਹੈ ਅਤੇ ਹੋਰ ਲੋਕ ਉੱਤੇ ਚੜ੍ਹ ਆਉਂਦੇ ਹਨ। ਅਸੀਂ ਆਪਣੇ ਨਾਲ ਦੀਆਂ ਸਵਾਰੀਆਂ ਨਾਲ ਮੁਸਕਰਾਉਂਦੇ ਹਾਂ ਅਤੇ ਉਹ ਵੀ ਸਾਡੀ ਵੱਲ ਮੁਸਕਰਾਉਂਦੇ ਹਨ। ਕਾਸ਼ ਕਿ ਅਸੀਂ ਉਨ੍ਹਾਂ ਨਾਲ ਗੱਲਾਂ ਕਰ ਸਕੀਏ!

ਬੱਸ ਦੀਆਂ ਬਾਰੀਆਂ ਵਿੱਚੋਂ ਅਸੀਂ ਦੇਖ ਸਕਦੇ ਹਾਂ ਕਿ ਸੜਕਾਂ ਉੱਤੇ ਸਜਾਏ ਗਏ ਬਾਜ਼ਾਰਾਂ ਵਿਚ ਕਿਹੜੇ ਕਾਰੋਬਾਰ ਚੱਲ ਰਹੇ ਹਨ। ਦੋ ਔਰਤਾਂ ਨਾਲੋਂ-ਨਾਲ ਤੁਰ ਰਹੀਆਂ ਹਨ ਜਿਨ੍ਹਾਂ ਦੇ ਸਿਰਾਂ ਤੇ ਭਾਰ ਲੱਦੇ ਹੋਏ ਹਨ। ਇਕ ਦੇ ਸਿਰ ਤੇ ਪਾਣੀ ਦਾ ਵੱਡਾ ਡੱਬਾ ਰੱਖਿਆ ਹੋਇਆ ਹੈ। ਇਕ ਆਦਮੀ ਨੇ ਫੁਟਪਾਥ ਉੱਤੇ ਇਕ ਛੋਟਾ ਕੰਬਲ ਵਿਛਾਇਆ ਹੋਇਆ ਹੈ। ਉਸ ਨੇ ਵੇਚਣ ਲਈ ਨਿੱਕੀਆਂ-ਮੋਟੀਆਂ ਚੀਜ਼ਾਂ ਉਸ ਉੱਤੇ ਸਜਾਈਆਂ ਹੋਈਆਂ ਹਨ। ਹਰ ਪਾਸੇ ਲੋਕ ਹਰ ਤਰ੍ਹਾਂ ਦੀਆਂ ਚੀਜ਼ਾਂ ਖ਼ਰੀਦੇ ਜਾਂ ਵੇਚਦੇ ਹਨ।

ਅਚਾਨਕ ਮੇਰੇ ਕੋਲ ਖੜ੍ਹੇ ਬੈਨ ਦੀ ਲੱਤ ਨੂੰ ਕੋਈ ਚੀਜ਼ ਠੂੰਗਾ ਮਾਰਨ ਲੱਗ ਪਈ। ਇਹ ਕੀ ਹੋ ਸਕਦਾ ਹੈ? ਬੱਸ ਤਾਂ ਭਰੀ ਹੋਈ ਹੈ, ਪਰ ਫਿਰ ਵੀ ਕਿਤਿਓਂ ਠੂੰਗੇ ਪਈ ਜਾਂਦੇ ਹਨ। ਉਹ ਹੇਠਾਂ ਦੇਖਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੇ ਪੈਰਾਂ ਦੇ ਕੋਲ ਪਏ ਥੈਲੇ ਵਿੱਚੋਂ ਇਕ ਬਤੱਖ ਆਪਣਾ ਮੂੰਹ ਬਾਹਰ ਕੱਢ ਕੇ ਉਸ ਨੂੰ ਠੂੰਗੇ ਮਾਰ ਰਹੀ ਹੈ! ਬੈਨ ਮੈਨੂੰ ਦੱਸਦਾ ਹੈ ਕਿ ਬਤੱਖ ਦਾ ਮਾਲਕ ਸ਼ਾਇਦ ਉਸ ਨੂੰ ਬਾਜ਼ਾਰ ਵਿਚ ਵੇਚਣ ਲਈ ਲਿਜਾ ਰਿਹਾ ਹੋਵੇ।

ਜਦੋਂ ਅਸੀਂ ਆਪਣੇ ਅੱਡੇ ਤੇ ਪਹੁੰਚਦੇ ਹਾਂ ਤਾਂ ਅਸੀਂ ਇਹ ਜਾਣ ਕੇ ਖ਼ੁਸ਼ ਹੁੰਦੇ ਹਾਂ ਕਿ ਅਸੀਂ ਇਕ ਆਮ ਅਫ਼ਰੀਕੀ ਗੁਆਂਢ ਵਿਚ ਪ੍ਰਚਾਰ ਕਰਨਾ ਹੈ। ਪਹਿਲੇ ਘਰ ਤੇ ਪਹੁੰਚਦਿਆਂ ਬੈਨ ਜ਼ੋਰ ਨਾਲ ਤਾੜੀ ਵਜਾਉਂਦਾ ਹੈ ਤਾਂਕਿ ਘਰ ਵਾਲਿਆਂ ਨੂੰ ਪਤਾ ਲੱਗੇ ਕਿ ਅਸੀਂ ਆਏ ਹਾਂ। ਇੱਥੇ ਲੋਕ “ਦਰਵਾਜ਼ਾ ਇਵੇਂ ਖੜਕਾਉਂਦੇ ਹਨ।” ਇਕ ਨੌਜਵਾਨ ਦਰ ਤੇ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਉਹ ਅਜੇ ਕੁਝ ਕਰ ਰਿਹਾ ਹੈ ਪਰ ਅਸੀਂ ਉਸੇ ਸਵੇਰ ਥੋੜ੍ਹੇ ਚਿਰ ਬਾਅਦ ਆ ਸਕਦੇ ਹਾਂ।

ਅਗਲੇ ਘਰ ਇਕ ਹੋਰ ਹੀ ਬੋਲੀ ਵਾਲੀ ਔਰਤ ਮਿਲਦੀ ਹੈ ਜੋ ਬੈਨ ਨਹੀਂ ਸਮਝਦਾ। ਉਹ ਆਪਣੇ ਪੁੱਤਰ ਨੂੰ ਬੁਲਾ ਕੇ ਬੈਨ ਦੀਆਂ ਗੱਲਾਂ ਤਰਜਮਾ ਕਰਨ ਲਈ ਆਖਦੀ ਹੈ। ਬੈਨ ਦੀਆਂ ਗੱਲਾਂ ਸੁਣਨ ਤੋਂ ਬਾਅਦ ਔਰਤ ਇਕ ਬ੍ਰੋਸ਼ਰ ਲੈ ਲੈਂਦੀ ਹੈ ਅਤੇ ਉਹ ਦਾ ਪੁੱਤਰ ਕਹਿੰਦਾ ਹੈ ਕਿ ਉਹ ਆਪਣੀ ਮਾਂ ਨੂੰ ਉਸ ਵਿੱਚੋਂ ਗੱਲਾਂ ਜ਼ਰੂਰ ਸਮਝਾਵੇਗਾ। ਤੀਜੇ ਘਰ ਦੇ ਵੇਹੜੇ ਵਿਚ ਕਾਫ਼ੀ ਨੌਜਵਾਨ ਬੈਠੇ ਹਨ। ਉਨ੍ਹਾਂ ਵਿੱਚੋਂ ਦੋ ਜਲਦੀ ਨਾਲ ਆਪਣੀਆਂ ਕੁਰਸੀਆਂ ਤੋਂ ਉੱਠ ਜਾਂਦੇ ਹਨ ਤਾਂਕਿ ਅਸੀਂ ਬੈਠ ਸਕੀਏ। ਭਗਤੀ ਕਰਨ ਵਿਚ ਕ੍ਰਾਸ ਦੀ ਵਰਤੋ ਬਾਰੇ ਜ਼ੋਰ-ਸ਼ੋਰ ਚਰਚਾ ਸ਼ੁਰੂ ਹੁੰਦੀ ਹੈ। ਅਗਲੇ ਹਫ਼ਤੇ ਹੋਰ ਗੱਲਾਂ ਕਰਨ ਲਈ ਇਕ ਸਮਾਂ ਠਹਿਰਾਇਆ ਜਾਂਦਾ ਹੈ। ਹੁਣ ਉਸ ਪਹਿਲੇ ਘਰ ਵਾਪਸ ਜਾਣ ਦਾ ਸਮਾਂ ਹੋ ਜਾਂਦਾ ਹੈ। ਪਹਿਲਾਂ ਹੀ ਕਿਸੇ ਨੇ ਉਸ ਬੰਦੇ ਨੂੰ ਦੱਸ ਦਿੱਤਾ ਹੈ ਕਿ ਅਸੀਂ ਦੋ ਘਰ ਛੱਡ ਕੇ ਨੌਜਵਾਨਾਂ ਨਾਲ ਗੱਲਾਂ ਕਰਦੇ ਆਏ ਹਾਂ। ਉਹ ਬਾਈਬਲ ਬਾਰੇ ਕਈ ਸਵਾਲ ਪੁੱਛਦਾ ਹੈ ਅਤੇ ਫਿਰ ਕਹਿੰਦਾ ਹੈ ਕਿ ਉਹ ਬਾਈਬਲ ਸਟੱਡੀ ਕਰਨੀ ਚਾਹੁੰਦਾ ਹੈ। ਬੈਨ ਆਪਣੀ ਡਾਇਰੀ ਵਿਚ ਦੇਖ ਕੇ ਉਸ ਆਦਮੀ ਨੂੰ ਅਗਲੇ ਹਫ਼ਤੇ ਇਸੇ ਸਮੇਂ ਮਿਲਣ ਦਾ ਵਾਅਦਾ ਕਰਦਾ ਹੈ। ਦੁਪਹਿਰ ਦੇ ਖਾਣੇ ਲਈ ਮਿਸ਼ਨਰੀ ਘਰ ਨੂੰ ਵਾਪਸ ਮੁੜਦਿਆਂ, ਬੈਨ ਅਤੇ ਕੈਰਨ ਸਾਨੂੰ ਦੱਸਦੇ ਹਨ ਕਿ ਉਨ੍ਹਾਂ ਨੂੰ ਨਵੀਆਂ ਬਾਈਬਲ ਸਟੱਡੀਆਂ ਸ਼ੁਰੂ ਕਰਨ ਬਾਰੇ ਬਹੁਤ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਉਹ ਸਾਰੀਆਂ ਦੀ ਦੇਖ-ਭਾਲ ਨਹੀਂ ਕਰ ਸਕਦੇ।

ਅਸੀਂ ਉਨ੍ਹਾਂ ਨੂੰ ਸ਼ਾਬਾਸ਼ ਦਿੰਦੇ ਹਾਂ ਕਿ ਉਹ ਫਰਾਂਸੀਸੀ ਬੋਲੀ ਕਿੰਨੀ ਚੰਗੀ ਤਰ੍ਹਾਂ ਬੋਲ ਲੈਂਦੇ ਹਨ। ਬੈਨ ਸਾਨੂੰ ਦੱਸਦਾ ਹੈ ਕਿ ਉਹ ਦੋਨੋਂ ਮਿਸ਼ਨਰੀ ਸੇਵਾ ਵਿਚ ਛੇ ਸਾਲ ਤੋਂ ਲੱਗੇ ਹੋਏ ਹਨ, ਅਤੇ ਉਨ੍ਹਾਂ ਨੂੰ ਇੰਨੀ ਦੇਰ ਬਾਅਦ ਹੁਣ ਫਰਾਂਸੀਸੀ ਬੋਲੀ ਸੌਖੀ ਲੱਗਦੀ ਹੈ। ਇਕ ਨਵੀਂ ਭਾਸ਼ਾ ਸਿੱਖਣੀ ਸੌਖੀ ਗੱਲ ਨਹੀਂ ਹੈ, ਪਰ ਉਹ ਸਾਨੂੰ ਯਕੀਨ ਦਿਲਾਉਂਦੇ ਹਨ ਕਿ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ।

ਸਾਰੇ ਮਿਸ਼ਨਰੀ ਸਾਢੇ ਬਾਰਾਂ ਵਜੇ ਰੋਟੀ ਇਕੱਠੇ ਖਾਂਦੇ ਹਨ। ਸਾਨੂੰ ਦੱਸਿਆ ਗਿਆ ਕਿ ਹਰੇਕ ਮਿਸ਼ਨਰੀ ਦੀ ਸਵੇਰ-ਦੁਪਹਿਰ ਦੀ ਰੋਟੀ ਬਣਾਉਣ ਅਤੇ ਬਾਅਦ ਵਿਚ ਭਾਂਡੇ ਸਾਫ਼ ਕਰਨ ਦੀ ਆਪੋ-ਆਪਣੀ ਡਿਊਟੀ ਹੁੰਦੀ ਹੈ। ਅੱਜ ਇਕ ਮਿਸ਼ਨਰੀ ਭੈਣ ਨੇ ਤਲ਼ਿਆ ਹੋਇਆ ਚਿਕਨ ਨਾਲੇ ਚਿਪਸ ਬਣਾਏ ਹਨ। ਸਾਡੀਆਂ ਲਾੜਾਂ ਚੋਣ ਲੱਗ ਪੈਂਦੀਆਂ ਹਨ! ਉਸ ਨੇ ਟਮਾਟਰਾਂ ਦਾ ਸਲਾਦ ਵੀ ਤਿਆਰ ਕੀਤਾ ਹੈ ਜਿਸ ਲਈ ਉਸ ਦੇ ਗੀਤ ਗਏ ਜਾਂਦੇ ਹਨ!

ਬੈਨ ਅਤੇ ਕੈਰਨ ਅੱਜ ਦੁਪਹਿਰ ਨੂੰ ਕੀ ਕਰਨਗੇ? ਉਨ੍ਹਾਂ ਨੇ ਦੱਸਿਆ ਕਿ 1 ਤੋਂ 3 ਵਜੇ ਤਕ ਸਾਰੇ ਜਣੇ ਦੁਪਹਿਰ ਦੀ ਧੁੱਪ ਤੋਂ ਬਚ ਕੇ ਅੰਦਰ ਹੀ ਰਹਿੰਦੇ ਹਨ। ਤੇ ਆਮ ਤੌਰ ਤੇ ਮਿਸ਼ਨਰੀ ਨਿੱਜੀ ਸਟੱਡੀ ਕਰਦੇ ਹਨ ਜਾਂ ਆਰਾਮ ਕਰਦੇ ਹਨ। ਅਸੀਂ ਇਹ ਸਮਝ ਸਕਦੇ ਹਾਂ ਕਿ ਨਵੇਂ ਮਿਸ਼ਨਰੀ ਜਲਦੀ ਹੀ ਇਹ ਆਦਤ ਕਿਉਂ ਅਪਣਾ ਲੈਂਦੇ ਹਨ!

ਆਰਾਮ ਕਰਨ ਤੋਂ ਬਾਅਦ ਅਸੀਂ ਫਿਰ ਪ੍ਰਚਾਰ ਦੇ ਕੰਮ ਵਿਚ ਜਾਂਦੇ ਹਾਂ। ਇਕ ਘਰ ਦੇ ਬਾਹਰ ਬੈਨ ਨੇ ਫਿਰ ਤਾੜੀ ਵਜਾਈ ਜਿੱਥੇ ਬਾਈਬਲ ਵਿਚ ਦਿਲਚਸਪੀ ਲੈਣ ਵਾਲਾ ਇਕ ਆਦਮੀ ਰਹਿੰਦਾ ਹੈ। ਉਹ ਉਸ ਨੂੰ ਪਹਿਲਾਂ ਵੀ ਕਈ ਵਾਰ ਮਿਲਣ ਦੀ ਕੋਸ਼ਿਸ਼ ਕਰ ਚੁੱਕਾ ਹੈ, ਪਰ ਉਹ ਸਾਨੂੰ ਇਸ ਵਾਰ ਵੀ ਨਹੀਂ ਮਿਲਦਾ। ਉਸ ਦੀ ਥਾਂ ਉੱਥੇ ਦੋ ਹੋਰ ਨੌਜਵਾਨ ਹੁੰਦੇ ਹਨ ਜੋ ਸਾਨੂੰ ਦੱਸਦੇ ਹਨ ਕਿ ਘਰ ਵਾਲੇ ਨੇ ਬੈਨ ਦੀਆਂ ਮੁਲਾਕਾਤਾਂ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਸੀ ਅਤੇ ਉਸ ਨੇ ਉਨ੍ਹਾਂ ਨੂੰ ਅਰਜ਼ ਕੀਤਾ ਸੀ ਕਿ ਉਹ ਸਾਡੇ ਤੋਂ ਬਾਈਬਲ ਬਾਰੇ ਇਕ ਸਟੱਡੀ ਪੁਸਤਕ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਮੰਗਣ। ਅਸੀਂ ਇਹ ਉਨ੍ਹਾਂ ਨੂੰ ਦੇ ਕੇ ਖ਼ੁਸ਼ ਹੁੰਦੇ ਹਾਂ। ਇਸ ਤੋਂ ਬਾਅਦ ਅਸੀਂ ਇਕ ਬੱਸ ਫੜਦੇ ਹਾਂ ਜੋ ਸਾਨੂੰ ਉਸ ਇਲਾਕੇ ਵਿਚ ਲੈ ਜਾਂਦੀ ਹੈ ਜਿੱਥੇ ਕੈਰਨ ਦਿਲਚਸਪੀ ਲੈਣ ਵਾਲੀ ਇਕ ਔਰਤ ਨਾਲ ਬਾਈਬਲ ਦੀ ਸਟੱਡੀ ਕਰ ਰਹੀ ਹੈ।

ਬੱਸ ਵਿਚ ਵਾਪਸ ਮੁੜਦਿਆਂ ਅਸੀਂ ਦੇਖਦੇ ਹਾਂ ਕਿ ਸੜਕਾਂ ਵਿਚ ਕਾਫ਼ੀ ਭੀੜ-ਭੜਕਾ ਹੈ। ਕੈਰਨ ਸਾਨੂੰ ਦੱਸਦੀ ਹੈ ਕਿ ਇਕ ਦਿਨ ਉਹ ਅਤੇ ਇਹੀ ਔਰਤ ਇਕ ਟੈਕਸੀ ਵਿਚ ਦੋਵੇਂ ਸਵਾਰੀਆਂ ਸਨ ਜਦੋਂ ਉਸ ਨੇ ਉਹ ਦੇ ਨਾਲ ਬਾਈਬਲ ਬਾਰੇ ਗੱਲ ਕੀਤੀ ਸੀ। ਇਸ ਟੈਕਸੀ ਵਿਚ ਹੋਰ ਵੀ ਲੋਕ ਸਨ। ਸਫ਼ਰ ਕਰਦਿਆਂ ਕੈਰਨ ਨੇ ਉਹ ਨੂੰ ਪੜ੍ਹਨ ਲਈ ਇਕ ਟ੍ਰੈਕਟ ਦਿੱਤਾ। ਉਸ ਔਰਤ ਨੇ ਇਹ ਪੜ੍ਹ ਕੇ ਕੋਈ ਹੋਰ ਟ੍ਰੈਕਟ ਮੰਗਿਆ। ਉਹ ਨੂੰ ਦੂਜਾ ਟ੍ਰੈਕਟ ਪਹਿਲੇ ਟ੍ਰੈਕਟ ਨਾਲੋਂ ਵੀ ਜ਼ਿਆਦਾ ਪਸੰਦ ਆਇਆ। ਕੈਰਨ ਨੇ ਟੈਕਸੀ ਤੋਂ ਉਤਰਨ ਤੋਂ ਪਹਿਲਾਂ ਉਸ ਔਰਤ ਨਾਲ ਇੰਤਜ਼ਾਮ ਕੀਤਾ ਕਿ ਉਹ ਉਸ ਦੇ ਘਰ ਜਾ ਕੇ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਨਾਂ ਦੇ ਇਕ ਬ੍ਰੋਸ਼ਰ ਤੋਂ ਬਾਈਬਲ ਸਟੱਡੀ ਕਰੇਗੀ। ਅੱਜ ਕੈਰਨ ਉਸ ਦੇ ਨਾਲ ਇਸ ਬ੍ਰੋਸ਼ਰ ਦਾ ਪੰਜਵਾਂ ਪਾਠ ਸਟੱਡੀ ਕਰ ਰਹੀ ਹੈ।

ਸਾਨੂੰ ਪ੍ਰਚਾਰ ਦੇ ਕੰਮ ਵਿਚ ਬਹੁਤ ਹੀ ਮਜ਼ਾ ਆਇਆ, ਪਰ ਮਿਸ਼ਨਰੀ ਸੇਵਾ ਬਾਰੇ ਸਾਡੇ ਕੋਲ ਹਾਲੇ ਕੁਝ ਸਵਾਲ ਹਨ। ਸਾਡੇ ਮਿੱਤਰ ਸਾਨੂੰ ਭਰੋਸਾ ਦਿਲਾਉਂਦੇ ਹਨ ਕਿ ਉਹ ਘਰ ਜਾ ਕੇ ਸਾਡੇ ਲਈ ਕੁਝ ਖਾਣ ਲਈ ਤਿਆਰ ਕਰਨ ਤੋਂ ਬਾਅਦ ਬੈਠ ਕੇ ਸਾਡੇ ਸਵਾਲਾਂ ਦੇ ਜਵਾਬ ਦੇਣਗੇ।

ਇਸ ਸੇਵਾ ਵਿਚ ਉਹ ਕਿਵੇਂ ਲੱਗੇ ਰਹਿੰਦੇ ਹਨ

ਉਨ੍ਹਾਂ ਨੇ ਸਾਡੇ ਲਈ ਫਰਾਂਸੀਸੀ ਸਟਾਈਲ ਡਬਲਰੋਟੀ, ਚੀਜ਼ ਅਤੇ ਤਲ਼ੇ ਹੋਏ ਆਂਡੇ ਤਿਆਰ ਕੀਤੇ ਅਤੇ ਅਸੀਂ ਬੈਠ ਕੇ ਮਿਸ਼ਨਰੀ ਜੀਵਨ ਬਾਰੇ ਹੋਰ ਕਈ ਗੱਲਾਂ ਸਿੱਖੀਆਂ। ਆਮ ਤੌਰ ਤੇ ਮਿਸ਼ਨਰੀਆਂ ਲਈ ਸੋਮਵਾਰ ਦਾ ਦਿਨ ਆਰਾਮ ਕਰਨ ਜਾਂ ਆਪੋ-ਆਪਣੇ ਕੰਮ ਕਰਨ ਲਈ ਹੁੰਦਾ ਹੈ। ਇਸ ਦਿਨ ਉਨ੍ਹਾਂ ਵਿੱਚੋਂ ਕਈ ਜਣੇ ਆਪਣੇ ਪਰਿਵਾਰਾਂ ਅਤੇ ਮਿੱਤਰਾਂ ਨੂੰ ਚਿੱਠੀਆਂ ਲਿਖਦੇ ਹਨ। ਮਿਸ਼ਨਰੀ ਬਹੁਤ ਖ਼ੁਸ਼ ਹੁੰਦੇ ਹਨ ਜਦੋਂ ਉਨ੍ਹਾਂ ਨੂੰ ਘਰੋਂ ਚਿੱਠੀਆਂ ਆਉਂਦੀਆਂ ਹਨ। ਉਹ ਆਪਣੇ ਹਾਲ-ਚਾਲ ਬਾਰੇ ਵੀ ਦੂਜਿਆਂ ਨੂੰ ਲਿਖਣਾ ਪਸੰਦ ਕਰਦੇ ਹਨ।

ਕਿਉਂਕਿ ਮਿਸ਼ਨਰੀ ਇੱਕੋ ਥਾਂ ਇਕੱਠੇ ਰਹਿੰਦੇ ਹਨ ਇਹ ਜ਼ਰੂਰੀ ਹੈ ਕਿ ਉਹ ਇਕ ਦੂਜੇ ਪ੍ਰਤੀ ਚੰਗਾ ਰਵੱਈਆ ਰੱਖਣ। ਉਹ ਇਕੱਠੇ ਬੈਠ ਕੇ ਚਾਹ-ਪਾਣੀ ਪੀ ਕੇ ਇਕ ਦੂਜੇ ਨਾਲ ਬਾਈਬਲ ਦੀਆਂ ਗੱਲਾਂ ਕਰ ਕੇ ਚੰਗਾ ਮਾਹੌਲ ਪੈਦਾ ਕਰਦੇ ਹਨ। ਖ਼ੁਦ ਬਾਈਬਲ ਦੀ ਸਟੱਡੀ ਕਰਨ ਤੋਂ ਇਲਾਵਾ, ਮਿਸ਼ਨਰੀ ਹਰ ਸੋਮਵਾਰ ਸ਼ਾਮ ਨੂੰ ਇਕੱਠੇ ਹੋ ਕੇ ਪਹਿਰਾਬੁਰਜ ਵਰਤ ਕੇ ਬਾਈਬਲ ਦੀ ਸਟੱਡੀ ਕਰਦੇ ਹਨ। ਬੈਨ ਨੇ ਸਮਝਾਇਆ ਕਿ ਜਦੋਂ ਵੱਖੋ-ਵੱਖਰੇ ਪਿਛੋਕੜਾਂ ਤੋਂ ਆਏ ਮਿਸ਼ਨਰੀ ਇਕੱਠੇ ਰਹਿੰਦੇ ਹਨ, ਥੋੜ੍ਹੀ-ਬਹੁਤੀ ਅਣਬਣ ਤਾਂ ਜ਼ਰੂਰ ਹੁੰਦੀ ਹੈ। ਪਰ ਇਸ ਤਰ੍ਹਾਂ ਦੀ ਪਰਿਵਾਰਕ ਸਟੱਡੀ ਉਨ੍ਹਾਂ ਨੂੰ ਸ਼ਾਂਤੀ ਨਾਲ ਇਕੱਠੇ ਰਹਿਣ ਦੀ ਬਹੁਤ ਮਦਦ ਕਰਦੀ ਹੈ। ਉਸ ਨੇ ਇਹ ਵੀ ਕਿਹਾ ਕਿ ਹਰੇਕ ਗੱਲ ਨੂੰ ਵਧਾਉਣ-ਚੜ੍ਹਾਉਣ ਵਿਚ ਕਿਸੇ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ।

ਨਿਮਰਤਾ ਵੀ ਜ਼ਰੂਰੀ ਹੈ। ਮਿਸ਼ਨਰੀਆਂ ਨੂੰ ਆਪਣੀ ਸੇਵਾ ਕਰਾਉਣ ਲਈ ਨਹੀਂ, ਪਰ ਦੂਜਿਆਂ ਦੀ ਸੇਵਾ ਕਰਨ ਲਈ ਭੇਜਿਆ ਜਾਂਦਾ ਹੈ। ਸਾਡੇ ਇਹ ਮਿੱਤਰ ਨੋਟ ਕਰਦੇ ਹਨ ਕਿ ਭਾਸ਼ਾ ਜਿਹੜੀ ਮਰਜ਼ੀ ਹੋਵੇ, ਸਭ ਤੋਂ ਮੁਸ਼ਕਲ ਲਫ਼ਜ਼ ਕਹਿਣੇ ਇਹ ਹੁੰਦੇ ਹਨ ਕਿ “ਮੈਨੂੰ ਮਾਫ਼ ਕਰਨਾ,” ਖ਼ਾਸ ਕਰਕੇ ਜਦੋਂ ਇਕ ਇਨਸਾਨ ਬਿਨਾਂ ਸੋਚਿਆ ਕੁਝ ਕਹਿ ਕੇ ਜਾਂ ਕਰ ਕੇ ਮਾਫ਼ੀ ਮੰਗਦਾ ਹੋਵੇ। ਬੈਨ ਸਾਨੂੰ ਬਾਈਬਲ ਵਿੱਚੋਂ ਅਬੀਗੈਲ ਦੀ ਮਿਸਾਲ ਯਾਦ ਕਰਾਉਂਦਾ ਹੈ, ਜਿਸ ਔਰਤ ਨੇ ਆਪਣੇ ਪਤੀ ਦੇ ਮੂਰਖ ਚਾਲ-ਚਲਣ ਕਰਕੇ ਇਕ ਵਕਤ ਸੰਭਾਲ ਲਿਆ ਸੀ, ਵਰਨਾ ਬਹੁਤ ਨੁਕਸਾਨ ਹੋ ਸਕਦਾ ਸੀ। (1 ਸਮੂਏਲ 25:23-28) ਅੱਛੇ ਮਿਸ਼ਨਰੀਆਂ ਵਜੋਂ, ਇਕ ਦੂਜੇ ਨਾਲ ‘ਮਿਲ ਕੇ ਰਹਿਣ’ ਦਾ ਗੁਣ ਬਹੁਤ ਜ਼ਰੂਰੀ ਹੈ।​—2 ਕੁਰਿੰਥੀਆਂ 13:11.

ਮਿਸ਼ਨਰੀ ਹਰ ਮਹੀਨੇ ਇਕ ਮੀਟਿੰਗ ਵਿਚ ਮਿਸ਼ਨਰੀ ਘਰ ਬਾਰੇ ਅਤੇ ਉਨ੍ਹਾਂ ਦੇ ਆਪਸ ਵਿਚ ਸੰਬੰਧਿਤ ਗੱਲਾਂ ਬਾਰੇ ਚਰਚਾ ਕਰਦੇ ਹਨ। ਬਾਅਦ ਵਿਚ ਸਾਰੇ ਜਣੇ ਇਕੱਠੇ ਕੇਕ ਜਾਂ ਮਿਠਾਈ ਵਰਗੀ ਕੋਈ ਖ਼ਾਸ ਚੀਜ਼ ਖਾਂਦੇ ਹਨ। ਇਹ ਇਕ ਮਜ਼ੇਦਾਰ ਮੌਕਾ ਹੁੰਦਾ ਹੈ।

ਸ਼ਾਮ ਦੀ ਰੋਟੀ ਤੋਂ ਬਾਅਦ ਸਾਨੂੰ ਮਿਸ਼ਨਰੀ ਘਰ ਦਿਖਾਇਆ ਜਾਂਦਾ ਹੈ। ਅਸੀਂ ਦੇਖਦੇ ਹਾਂ ਕਿ ਭਾਵੇਂ ਇਹ ਘਰ ਸਾਦਾ ਜਿਹਾ ਹੈ, ਮਿਸ਼ਨਰੀ ਇਸ ਨੂੰ ਬੜੀ ਮਿਹਨਤ ਨਾਲ ਸਾਫ਼-ਸੁਥਰਾ ਰੱਖਦੇ ਹਨ। ਉੱਥੇ ਇਕ ਫਰਿੱਜ, ਕੱਪੜੇ ਧੋਣ ਵਾਲੀ ਮਸ਼ੀਨ, ਅਤੇ ਇਕ ਚੁੱਲ੍ਹਾ ਵੀ ਹੈ। ਕੈਰਨ ਸਾਨੂੰ ਦੱਸਦੀ ਹੈ ਕਿ ਪੱਛਮੀ ਅਫ਼ਰੀਕਾ ਦੇ ਦੇਸ਼ਾਂ ਵਾਂਗ ਹੋਰਨਾਂ ਗਰਮ ਦੇਸ਼ਾਂ ਵਿਚ ਏਅਰ-ਕੰਡੀਸ਼ਨਿੰਗ ਵੀ ਲਗਵਾਈ ਜਾ ਸਕਦੀ ਹੈ। ਮਿਸ਼ਨਰੀਆਂ ਲਈ ਸਿਹਤਮੰਦ ਅਤੇ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਵਾਸਤੇ ਚੰਗੀ ਰਿਹਾਇਸ਼ ਅਤੇ ਚੰਗਾ ਖਾਣਾ-ਪੀਣਾ ਜ਼ਰੂਰੀ ਹੈ।

ਚੰਗੀਆਂ ਗੱਲਾਂ ਵੱਲ ਧਿਆਨ ਦਿਓ

ਸਾਡੇ ਉੱਤੇ ਉਨ੍ਹਾਂ ਸਾਰੀਆਂ ਚੀਜ਼ਾਂ ਦਾ ਕਾਫ਼ੀ ਅਸਰ ਪਿਆ ਜੋ ਅਸੀਂ ਦੇਖੀਆਂ। ਕੀ ਅਸੀਂ ਵੀ ਮਿਸ਼ਨਰੀ ਸੇਵਾ ਵਿਚ ਲੱਗ ਸਕਦੇ ਹਾਂ? ਸਾਨੂੰ ਕਿੱਦਾਂ ਪਤਾ ਲੱਗ ਸਕਦਾ ਹੈ? ਸਾਡੇ ਮਿੱਤਰ ਸਾਨੂੰ ਇਕ-ਦੋ ਗੱਲਾਂ ਉੱਤੇ ਵਿਚਾਰ ਕਰਨ ਲਈ ਕਹਿੰਦੇ ਹਨ।

ਉਹ ਸਾਨੂੰ ਦੱਸਦੇ ਹਨ ਕਿ ਪਹਿਲੀ ਗੱਲ ਇਹ ਹੈ ਕਿ ਮਸੀਹੀ ਮਿਸ਼ਨਰੀ ਸੈਰ-ਸਪਾਟਿਆਂ ਲਈ ਨਹੀਂ ਭੇਜੇ ਜਾਂਦੇ। ਉਹ ਉਨ੍ਹਾਂ ਈਮਾਨਦਾਰ ਬੰਦਿਆਂ ਨੂੰ ਲੱਭਣ ਜਾਂਦੇ ਹਨ ਜੋ ਰੱਬ ਦੇ ਵਾਅਦਿਆਂ ਬਾਰੇ ਸਿੱਖਿਆ ਲੈਣੀ ਚਾਹੁੰਦੇ ਹਨ। ਮਿਸ਼ਨਰੀ ਪ੍ਰਚਾਰ ਦੇ ਕੰਮ ਵਿਚ ਘੱਟ ਤੋਂ ਘੱਟ 140 ਘੰਟੇ ਲਾਉਂਦੇ ਹਨ, ਅਤੇ ਇਸ ਕੰਮ ਲਈ ਲਗਨ ਜ਼ਰੂਰੀ ਹੋਣੀ ਚਾਹੀਦੀ ਹੈ।

‘ਪਰ,’ ਅਸੀਂ ਫ਼ਿਕਰ ਕਰਦੇ ਹਾਂ ਕਿ ‘ਸੱਪਾਂ, ਕਿਰਲੀਆਂ, ਅਤੇ ਹੋਰਨਾਂ ਕੀੜੇ-ਮਕੌੜਿਆਂ ਦੇ ਨਾਲ-ਨਾਲ ਅਸੀਂ ਕਿੱਦਾਂ ਜੀ ਸਕਾਂਗੇ?’ ਭਾਵੇਂ ਕਿ ਇਹ ਉਨ੍ਹਾਂ ਕਈਆਂ ਦੇਸ਼ਾਂ ਵਿਚ ਪਾਏ ਜਾਂਦੇ ਹਨ ਜਿੱਥੇ ਮਿਸ਼ਨਰੀਆਂ ਨੂੰ ਭੇਜਿਆ ਜਾਂਦਾ ਹੈ, ਬੈਨ ਸਾਨੂੰ ਦੱਸਦਾ ਹੈ ਕਿ ਸਮਾਂ ਬੀਤਣ ਨਾਲ ਮਿਸ਼ਨਰੀ ਇਨ੍ਹਾਂ ਬਾਰੇ ਸੋਚਦੇ ਵੀ ਨਹੀਂ। ਉਹ ਸਾਨੂੰ ਇਹ ਵੀ ਦੱਸਦਾ ਹੈ ਕਿ ਹਰੇਕ ਮਿਸ਼ਨਰੀ ਸੇਵਾ ਦੀ ਆਪਣੀ ਖੂਬੀ ਹੁੰਦੀ ਹੈ ਅਤੇ ਸਮਾਂ ਲੰਘਣ ਤੇ ਮਿਸ਼ਨਰੀ ਇਨ੍ਹਾਂ ਖੂਬੀਆਂ ਵੱਲ ਹੀ ਧਿਆਨ ਦਿੰਦੇ ਹਨ। ਉਹ ਹਾਲਾਤ ਜੋ ਪਹਿਲਾਂ “ਅਨੋਖੇ” ਲੱਗਦੇ ਹਨ, ਜਲਦੀ ਹੀ ਸਾਧਾਰਣ ਲੱਗਣ ਲੱਗ ਪੈਂਦੇ ਹਨ ਅਤੇ ਕਦੇ-ਕਦੇ ਮਜ਼ੇਦਾਰ ਵੀ ਲੱਗਦੇ ਹਨ। ਇਕ ਮਿਸ਼ਨਰੀ ਭੈਣ ਨੂੰ ਨਿੱਜੀ ਕਾਰਨਾਂ ਕਰਕੇ ਪੱਛਮੀ ਅਫ਼ਰੀਕਾ ਵਿਚ ਕਈ ਸਾਲ ਸੇਵਾ ਕਰਨ ਤੋਂ ਬਾਅਦ ਆਪਣੇ ਦੇਸ਼ ਵਾਪਸ ਮੁੜਨਾ ਪਿਆ। ਉਸ ਦਾ ਕਹਿਣਾ ਹੈ ਕਿ ਉਹ ਦੇ ਲਈ ਮਿਸ਼ਨਰੀ ਸੇਵਾ ਛੱਡਣੀ ਕਈ ਸਾਲ ਪਹਿਲਾਂ ਆਪਣਾ ਦੇਸ਼ ਛੱਡਣ ਨਾਲੋਂ ਜ਼ਿਆਦਾ ਮੁਸ਼ਕਲ ਸੀ। ਉਸ ਦੀ ਮਿਸ਼ਨਰੀ ਸੇਵਾ ਵਾਲਾ ਦੇਸ਼ ਉਸ ਦਾ ਘਰ ਬਣ ਚੁੱਕਾ ਸੀ।

ਕੀ ਤੁਸੀਂ ਤਿਆਰ ਹੋ?

ਬੈਨ ਅਤੇ ਕੈਰਨ ਨੂੰ ਮਿਲ ਕੇ ਅਸੀਂ ਬਹੁਤ ਹੀ ਸੋਚ-ਵਿਚਾਰ ਕਰਨ ਲੱਗ ਪਏ। ਤੁਹਾਡੇ ਬਾਰੇ ਕੀ? ਕੀ ਤੁਸੀਂ ਵੀ ਕਿਸੇ ਵਿਦੇਸ਼ ਵਿਚ ਮਿਸ਼ਨਰੀ ਸੇਵਾ ਬਾਰੇ ਕਦੇ ਸੋਚਿਆ ਹੈ? ਜੇ ਸੋਚਿਆ ਹੈ ਤਾਂ ਤੁਹਾਡੇ ਲਈ ਇਹ ਸੇਵਾ ਸ਼ਾਇਦ ਇੰਨੀ ਔਖੀ ਨਾ ਹੋਵੇ ਜਿੰਨੀ ਤੁਸੀਂ ਸੋਚਦੇ ਹੋ। ਮੁੱਖ ਗੱਲ ਇਹ ਹੈ ਕਿ ਤੁਹਾਨੂੰ ਪ੍ਰਚਾਰ ਦੇ ਕੰਮ ਵਿਚ ਪੂਰਾ ਸਮਾਂ ਲਾਉਣ, ਨਾਲੇ ਦੂਜਿਆਂ ਲੋਕਾਂ ਦੀ ਮਦਦ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ। ਯਾਦ ਰੱਖੋ ਕਿ ਮਿਸ਼ਨਰੀ ਭੈਣ-ਭਰਾ ਅਕਾਸ਼ੋਂ ਉਤਰੇ ਫ਼ਰਿਸ਼ਤੇ ਨਹੀਂ ਹਨ, ਪਰ ਸਾਡੇ ਵਰਗੇ ਸਾਧਾਰਣ ਇਨਸਾਨ ਹਨ। ਉਹ ਇਕ ਬਹੁਤ ਜ਼ਰੂਰੀ ਕੰਮ ਵਿਚ ਆਪਣੀ ਪੂਰੀ ਮਿਹਨਤ ਕਰ ਰਹੇ ਹਨ।

[ਸਫ਼ੇ 27 ਉੱਤੇ ਤਸਵੀਰਾਂ]

ਕੰਮ-ਕਾਰ ਸ਼ੁਰੂ ਕਰਨ ਤੋਂ ਪਹਿਲਾਂ ਬਾਈਬਲ ਵਿੱਚੋਂ ਹਰ ਰੋਜ਼ ਇਕ ਹਵਾਲਾ ਪੜ੍ਹਿਆ ਜਾਂਦਾ ਹੈ

[ਸਫ਼ੇ 28, 29 ਉੱਤੇ ਤਸਵੀਰਾਂ]

ਅਫ਼ਰੀਕਾ ਦੇ ਨਜ਼ਾਰੇ

[ਸਫ਼ੇ 29 ਉੱਤੇ ਤਸਵੀਰ]

ਇਕ ਮਿਸ਼ਨਰੀ ਵਜੋਂ ਜ਼ਿੰਦਗੀ ਬਹੁਤ ਹੀ ਸੰਤੁਸ਼ਟ ਹੋ ਸਕਦੀ ਹੈ