Skip to content

Skip to table of contents

ਆਪਣੇ ਦਿਲ ਦੀ ਰਾਖੀ ਕਰੋ

ਆਪਣੇ ਦਿਲ ਦੀ ਰਾਖੀ ਕਰੋ

ਆਪਣੇ ਦਿਲ ਦੀ ਰਾਖੀ ਕਰੋ

“ਆਪਣੇ ਮਨ [ਜਾਂ ਦਿਲ] ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ!”​—ਕਹਾਉਤਾਂ 4:23.

1, 2. ਸਾਨੂੰ ਆਪਣੇ ਦਿਲ ਦੀ ਰਾਖੀ ਕਿਉਂ ਕਰਨੀ ਚਾਹੀਦੀ ਹੈ?

ਕੈਰੀਬੀਅਨ ਟਾਪੂ ਤੇ ਇਕ ਤੂਫ਼ਾਨ ਤੋਂ ਬਾਅਦ ਇਕ ਸਿਆਣਾ ਆਦਮੀ ਇਕ ਸੁਰੱਖਿਅਤ ਜਗ੍ਹਾ ਤੋਂ ਨਿਕਲ ਕੇ ਬਾਹਰ ਆਇਆ। ਜਦੋਂ ਉਸ ਨੇ ਆਪਣੇ ਆਲੇ-ਦੁਆਲੇ ਹੋਏ ਨੁਕਸਾਨ ਵੱਲ ਨਜ਼ਰ ਮਾਰੀ, ਉਸ ਨੇ ਦੇਖਿਆ ਕਿ ਜਿਹੜਾ ਵੱਡਾ ਦਰਖ਼ਤ ਉਸ ਦੇ ਘਰ ਦੇ ਮੁਹਰਲੇ ਫਾਟਕ ਕੋਲ ਕਈਆਂ ਦਹਾਕਿਆਂ ਤੋਂ ਖੜ੍ਹਾ ਰਿਹਾ ਸੀ ਹੁਣ ਡਿੱਗ ਪਿਆ ਸੀ। ਉਸ ਨੇ ਸੋਚਿਆ ਕਿ ‘ਇਹ ਕਿਵੇਂ ਹੋ ਸਕਦਾ ਹੈ ਜਦ ਕਿ ਆਲੇ-ਦੁਆਲੇ ਦੇ ਛੋਟੇ-ਛੋਟੇ ਦਰਖ਼ਤ ਬੱਚ ਗਏ ਹਨ?’ ਡਿੱਗੇ ਹੋਏ ਦਰਖ਼ਤ ਦੇ ਟੁੰਡ ਵੱਲ ਦੇਖ ਕੇ ਉਸ ਨੂੰ ਆਪਣੇ ਸਵਾਲ ਦਾ ਜਵਾਬ ਮਿਲਿਆ। ਇਹ ਦਰਖ਼ਤ ਜੋ ਦੇਖਣ ਨੂੰ ਪੱਕਾ ਅਤੇ ਮਜ਼ਬੂਤ ਲੱਗਦਾ ਸੀ ਅੰਦਰੋਂ ਗਲ ਚੁੱਕਾ ਸੀ ਅਤੇ ਤੂਫ਼ਾਨ ਦੌਰਾਨ ਉਸ ਦੀ ਅਸਲੀ ਹਾਲਤ ਪ੍ਰਗਟ ਹੋਈ।

2 ਇਹ ਕਿੰਨੀ ਦੁੱਖ ਦੀ ਗੱਲ ਹੁੰਦੀ ਹੈ ਜਦੋਂ ਸੱਚੇ ਮਸੀਹੀ, ਜੋ ਯਹੋਵਾਹ ਦੇ ਰਾਹ ਉੱਤੇ ਚੱਲਣ ਵਿਚ ਪੱਕੇ ਅਤੇ ਮਜ਼ਬੂਤ ਲੱਗਦੇ ਹਨ, ਆਪਣੀ ਨਿਹਚਾ ਉੱਤੇ ਆਈਆਂ ਪਰੀਖਿਆਵਾਂ ਅੱਗੇ ਹਾਰ ਮੰਨ ਲੈਂਦੇ ਹਨ। ਬਾਈਬਲ ਠੀਕ ਕਹਿੰਦੀ ਹੈ ਕਿ “ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ ਹੈ।” (ਉਤਪਤ 8:21) ਇਸ ਦਾ ਮਤਲਬ ਹੈ ਕਿ ਜੇ ਇਨਸਾਨ ਹਰ ਵੇਲੇ ਚੌਕਸ ਨਾ ਰਹੇ, ਤਾਂ ਚੰਗੇ ਦਿਲ ਵਾਲਾ ਵਿਅਕਤੀ ਵੀ ਬੁਰੇ ਕੰਮ ਕਰਨ ਲਈ ਭਰਮਾਇਆ ਜਾ ਸਕਦਾ ਹੈ। ਕਿਸੇ ਵੀ ਅਪੂਰਣ ਇਨਸਾਨ ਦਾ ਦਿਲ ਭ੍ਰਿਸ਼ਟ ਹੋ ਸਕਦਾ ਹੈ, ਇਸ ਲਈ ਸਾਨੂੰ ਇਹ ਸਲਾਹ ਦਿਲ ਨੂੰ ਲਾਉਣੀ ਚਾਹੀਦੀ ਹੈ ਕਿ “ਆਪਣੇ ਮਨ ਦੀ ਵੱਡੀ ਚੌਕਸੀ ਕਰ।” (ਕਹਾਉਤਾਂ 4:23) ਤਾਂ ਫਿਰ ਅਸੀਂ ਆਪਣੇ ਦਿਲ ਦੀ ਚੌਕਸੀ ਜਾਂ ਰਾਖੀ ਕਿਵੇਂ ਕਰ ਸਕਦੇ ਹਾਂ?

ਲਗਾਤਾਰ ਜਾਂਚ ਕਰਨੀ ਜ਼ਰੂਰੀ ਹੈ

3, 4. (ੳ) ਅਸੀਂ ਸਰੀਰਕ ਦਿਲ ਬਾਰੇ ਕਿਹੜੇ ਸਵਾਲ ਪੁੱਛ ਸਕਦੇ ਹਾਂ? (ਅ) ਆਪਣੇ ਦਿਲ ਦੀ ਜਾਂਚ ਕਰਨ ਵਿਚ ਸਾਡੀ ਮਦਦ ਕਿਵੇਂ ਹੋ ਸਕਦੀ ਹੈ?

3 ਜੇਕਰ ਤੁਸੀਂ ਡਾਕਟਰ ਕੋਲ ਚੈੱਕਅਪ ਕਰਵਾਉਣ ਜਾਓਗੇ ਤਾਂ ਸੰਭਵ ਹੈ ਕਿ ਉਹ ਤੁਹਾਡੇ ਦਿਲ ਦੀ ਜਾਂਚ ਕਰੇਗਾ। ਕੀ ਤੁਹਾਡੀ ਸਿਹਤ, ਜਿਸ ਵਿਚ ਦਿਲ ਵੀ ਸ਼ਾਮਲ ਹੈ, ਇਹ ਦਿਖਾਉਂਦੀ ਹੈ ਕਿ ਤੁਸੀਂ ਆਪਣੇ ਸਰੀਰ ਦੀ ਚੰਗੀ ਦੇਖ-ਭਾਲ ਕਰਦੇ ਹੋ? ਕੀ ਤੁਹਾਡਾ ਬਲੱਡ-ਪ੍ਰੈਸ਼ਰ ਠੀਕ ਹੈ? ਕੀ ਤੁਹਾਡੇ ਦਿਲ ਦੀ ਧੜਕਣ ਸਹੀ ਰਫ਼ਤਾਰ ਤੇ ਚੱਲ ਰਹੀ ਹੈ? ਕੀ ਤੁਸੀਂ ਲੋੜੀਂਦੀ ਕਸਰਤ ਕਰਦੇ ਹੋ? ਕੀ ਤੁਹਾਡੇ ਦਿਲ ਉੱਤੇ ਜ਼ਿਆਦਾ ਬੋਝ ਤਾਂ ਨਹੀਂ?

4 ਜੇਕਰ ਤੁਹਾਡੇ ਸਰੀਰ ਵਿਚ ਧੜਕਦੇ ਦਿਲ ਦੀ ਲਗਾਤਾਰ ਜਾਂਚ ਕਰਨੀ ਜ਼ਰੂਰੀ ਹੈ ਤਾਂ ਕੀ ਤੁਹਾਨੂੰ ਆਪਣੇ ਲਾਖਣਿਕ ਦਿਲ ਦੀ ਜਾਂਚ ਨਹੀਂ ਕਰਨੀ ਚਾਹੀਦੀ? ਯਹੋਵਾਹ ਦਿਲਾਂ ਦੀ ਪਰੀਖਿਆ ਕਰਦਾ ਹੈ ਅਤੇ ਸਾਨੂੰ ਵੀ ਆਪਣੇ ਦਿਲ ਨੂੰ ਪਰਖਣਾ ਚਾਹੀਦਾ ਹੈ। (1 ਇਤਹਾਸ 29:17) ਪਰ ਕਿਵੇਂ? ਅਸੀਂ ਆਪਣੇ ਆਪ ਤੋਂ ਅਜਿਹੇ ਸਵਾਲ ਪੁੱਛ ਸਕਦੇ ਹਾਂ: ਕੀ ਮੈਂ ਨਿਯਮਿਤ ਅਧਿਐਨ ਕਰਨ ਰਾਹੀਂ ਅਤੇ ਮੀਟਿੰਗਾਂ ਵਿਚ ਜਾਣ ਰਾਹੀਂ ਆਪਣੇ ਦਿਲ ਨੂੰ ਜ਼ਰੂਰੀ ਰੂਹਾਨੀ ਖ਼ੁਰਾਕ ਦਿੰਦਾ ਹਾਂ? (ਜ਼ਬੂਰ 1:1, 2; ਇਬਰਾਨੀਆਂ 10:24, 25) ਕੀ ਯਹੋਵਾਹ ਦਾ ਸੰਦੇਸ਼ ਮੇਰੇ ਦਿਲ ਵਿਚ ‘ਇਕ ਬਲਦੀ ਅੱਗ ਵਾਂਙੁ ਹੈ, ਜਿਹੜੀ ਮੇਰੀਆਂ ਹੱਡੀਆਂ ਵਿੱਚ ਲੁਕੀ ਹੋਈ ਹੈ,’ ਜਿਸ ਕਾਰਨ ਮੈਂ ਰਾਜ ਦੇ ਪ੍ਰਚਾਰ ਦੇ ਕੰਮ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਹੁੰਦਾ ਹਾਂ? (ਯਿਰਮਿਯਾਹ 20:9; ਮੱਤੀ 28:19, 20; ਰੋਮੀਆਂ 1:15, 16) ਜਦੋਂ ਵੀ ਮੁਮਕਿਨ ਹੋਵੇ ਕੀ ਮੈਂ ਪੂਰਣ-ਕਾਲੀ ਸੇਵਾ ਦੇ ਕਿਸੇ ਪਹਿਲੂ ਵਿਚ ਹਿੱਸਾ ਲੈਣ ਦਾ ਵੱਡਾ ਜਤਨ ਕਰਦਾ ਹਾਂ? (ਲੂਕਾ 13:24) ਮੈਂ ਕਿਹੋ ਜਿਹੇ ਮਾਹੌਲ ਵਿਚ ਸਮਾਂ ਗੁਜ਼ਾਰਦਾ ਹਾਂ? ਕੀ ਮੈਂ ਉਨ੍ਹਾਂ ਲੋਕਾਂ ਨਾਲ ਸੰਗਤ ਕਰਦਾ ਹਾਂ ਜਿਨ੍ਹਾਂ ਦੇ ਦਿਲ ਸੱਚੀ ਭਗਤੀ ਵਿਚ ਰੁੱਝੇ ਹੋਏ ਹਨ? (ਕਹਾਉਤਾਂ 13:20; 1 ਕੁਰਿੰਥੀਆਂ 15:33) ਆਓ ਆਪਾਂ ਆਪਣੀਆਂ ਕਮੀਆਂ ਪਛਾਣ ਕੇ ਉਨ੍ਹਾਂ ਨੂੰ ਸੁਧਾਰਨ ਲਈ ਜਲਦੀ ਕਦਮ ਚੁੱਕੀਏ।

5. ਨਿਹਚਾ ਦੀਆਂ ਪਰੀਖਿਆਵਾਂ ਲਾਭਦਾਇਕ ਕਿਵੇਂ ਸਾਬਤ ਹੋ ਸਕਦੀਆਂ ਹਨ?

5 ਅਸੀਂ ਅਕਸਰ ਨਿਹਚਾ ਦੀਆਂ ਪਰੀਖਿਆਵਾਂ ਦਾ ਸਾਮ੍ਹਣਾ ਕਰਦੇ ਹਾਂ। ਇਹ ਸਾਨੂੰ ਆਪਣੇ ਦਿਲ ਦਾ ਹਾਲ ਜਾਣਨ ਦਾ ਮੌਕਾ ਦੇ ਸਕਦੀਆਂ ਹਨ। ਮੂਸਾ ਨੇ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਣ ਵਾਲੇ ਇਸਰਾਏਲੀਆਂ ਨੂੰ ਕਿਹਾ ਸੀ: “ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਚਾਲੀ ਵਰਹੇ ਉਜਾੜ ਵਿੱਚ ਲਈ ਫਿਰਦਾ ਰਿਹਾ ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਤੁਹਾਨੂੰ ਪਰਖੇ ਅਤੇ ਜਾਣੇ ਭਈ ਤੁਹਾਡੇ ਮਨ ਵਿੱਚ ਕੀ ਹੈ ਅਰਥਾਤ ਕੀ ਤੁਸੀਂ ਉਸ ਦੇ ਹੁਕਮਾਂ ਉੱਤੇ ਚੱਲੋਗੇ ਵੀ ਕਿ ਨਹੀਂ?” (ਬਿਵਸਥਾ ਸਾਰ 8:2) ਅਚਾਨਕ ਹੀ ਕਿਸੇ ਗੱਲ ਜਾਂ ਪਰੀਖਿਆ ਦਾ ਸਾਮ੍ਹਣਾ ਕਰਨ ਵੇਲੇ ਕੀ ਅਸੀਂ ਆਪਣੇ ਆਪ ਵਿਚ ਉੱਠੇ ਜਜ਼ਬਾਤਾਂ, ਇੱਛਾਵਾਂ, ਜਾਂ ਆਪਣਿਆਂ ਕੰਮਾਂ ਤੋਂ ਅਕਸਰ ਹੈਰਾਨ ਨਹੀਂ ਹੁੰਦੇ? ਯਹੋਵਾਹ ਜਿਨ੍ਹਾਂ ਪਰੀਖਿਆਵਾਂ ਨੂੰ ਸਾਡੇ ਉੱਤੇ ਆਉਣ ਦਿੰਦਾ ਹੈ ਉਹ ਸਾਨੂੰ ਆਪਣੀਆਂ ਕਮਜ਼ੋਰੀਆਂ ਬਾਰੇ ਸਾਵਧਾਨ ਕਰ ਸਕਦੀਆਂ ਹਨ ਅਤੇ ਸਾਨੂੰ ਸੁਧਾਰ ਕਰਨ ਦਾ ਮੌਕਾ ਦੇ ਸਕਦੀਆਂ ਹਨ। (ਯਾਕੂਬ 1:2-4) ਸਾਨੂੰ ਕਦੀ ਵੀ ਪਰੀਖਿਆਵਾਂ ਪ੍ਰਤੀ ਆਪਣੇ ਰਵੱਈਏ ਦੀ ਜਾਂਚ ਕਰਨੀ ਅਤੇ ਉਸ ਬਾਰੇ ਪ੍ਰਾਰਥਨਾ ਕਰਨੀ ਨਹੀਂ ਭੁੱਲਣੀ ਚਾਹੀਦੀ!

ਸਾਡੀਆਂ ਗੱਲਾਂ-ਬਾਤਾਂ ਤੋਂ ਕੀ ਪਤਾ ਲੱਗਦਾ ਹੈ?

6. ਜਿਨ੍ਹਾਂ ਚੀਜ਼ਾਂ ਬਾਰੇ ਅਸੀਂ ਗੱਲਾਂ ਕਰਨੀਆਂ ਪਸੰਦ ਕਰਦੇ ਹਾਂ, ਉਹ ਸਾਡੇ ਦਿਲ ਬਾਰੇ ਕੀ ਪ੍ਰਗਟ ਕਰ ਸਕਦੀਆਂ ਹਨ?

6 ਸਾਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ? ਯਿਸੂ ਨੇ ਕਿਹਾ ਸੀ: “ਚੰਗਾ ਆਦਮੀ ਆਪਣੇ ਮਨ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀ ਗੱਲ ਕੱਢਦਾ ਹੈ ਅਤੇ ਬੁਰਾ ਆਦਮੀ ਬੁਰੇ ਖ਼ਜ਼ਾਨੇ ਵਿੱਚੋਂ ਬੁਰੀ ਗੱਲ ਕੱਢਦਾ ਹੈ ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹ ਦੇ ਮੂੰਹ ਉੱਤੇ ਉਹੋ ਆਉਂਦਾ ਹੈ।” (ਲੂਕਾ 6:45) ਸਾਡੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਕਿਨ੍ਹਾਂ ਚੀਜ਼ਾਂ ਉੱਤੇ ਆਪਣਾ ਦਿਲ ਲਾਇਆ ਹੋਇਆ ਹੈ। ਕੀ ਅਸੀਂ ਹਮੇਸ਼ਾ ਧੰਨ-ਦੌਲਤ ਅਤੇ ਦੁਨਿਆਵੀ ਸਫ਼ਲਤਾ ਪ੍ਰਾਪਤ ਕਰਨ ਬਾਰੇ ਗੱਲਾਂ ਕਰਦੇ ਹਾਂ? ਜਾਂ ਕੀ ਸਾਡੀ ਗੱਲਬਾਤ ਅਕਸਰ ਰੂਹਾਨੀ ਚੀਜ਼ਾਂ ਅਤੇ ਪਰਮੇਸ਼ੁਰ ਦੀ ਸੇਵਾ ਵਿਚ ਆਪਣੇ ਟੀਚਿਆਂ ਬਾਰੇ ਹੁੰਦੀ ਹੈ? ਦੂਸਰਿਆਂ ਦੀਆਂ ਗ਼ਲਤੀਆਂ ਬਾਰੇ ਚੁਗ਼ਲੀਆਂ ਕਰਨ ਦੀ ਬਜਾਇ ਕੀ ਅਸੀਂ ਪ੍ਰੇਮ ਨਾਲ ਉਨ੍ਹਾਂ ਨੂੰ ਢੱਕ ਲੈਂਦੇ ਹਾਂ? (ਕਹਾਉਤਾਂ 10:11, 12) ਕੀ ਅਸੀਂ ਦੂਸਰਿਆਂ ਬਾਰੇ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਹੋ ਰਹੀਆਂ ਗੱਲਾਂ ਬਾਰੇ ਹੀ ਗੱਪਾਂ ਮਾਰਦੇ ਰਹਿੰਦੇ ਹਾਂ, ਅਤੇ ਰੂਹਾਨੀ ਤੇ ਨੈਤਿਕ ਸਿਧਾਂਤਾਂ ਬਾਰੇ ਬਹੁਤ ਦੀ ਘੱਟ ਗੱਲਾਂ ਕਰਦੇ ਹਾਂ? ਕੀ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਅਸੀਂ ਦੂਸਰਿਆਂ ਦਿਆਂ ਮਾਮਲਿਆਂ ਵਿਚ ਜ਼ਰੂਰਤ ਤੋਂ ਜ਼ਿਆਦਾ ਦਖ਼ਲ ਦਿੰਦੇ ਹਾਂ?​—1 ਪਤਰਸ 4:15.

7. ਅਸੀਂ ਯੂਸੁਫ਼ ਦੇ ਦਸ ਭਰਾਵਾਂ ਦੇ ਬਿਰਤਾਂਤ ਤੋਂ ਆਪਣੇ ਦਿਲ ਦੀ ਰਾਖੀ ਕਰਨ ਵਿਚ ਕਿਹੜਾ ਸਬਕ ਸਿੱਖ ਸਕਦੇ ਹਾਂ?

7 ਜ਼ਰਾ ਇਸ ਵੱਲ ਧਿਆਨ ਦਿਓ ਕਿ ਇਕ ਵੱਡੇ ਪਰਿਵਾਰ ਨਾਲ ਕੀ ਬੀਤਿਆ ਸੀ। ਯਾਕੂਬ ਦੇ ਦਸ ਪੁੱਤਰ ਆਪਣੇ ਛੋਟੇ ਭਰਾ ਯੂਸੁਫ਼ ਨਾਲ “ਸ਼ਾਂਤੀ ਨਾਲ ਨਹੀਂ ਬੋਲ ਸੱਕਦੇ ਸਨ।” ਪਰ ਕਿਉਂ? ਉਹ ਉਸ ਤੋਂ ਜਲਦੇ ਸਨ ਕਿਉਂਕਿ ਉਹ ਉਨ੍ਹਾਂ ਦੇ ਪਿਤਾ ਦਾ ਲਾਡਲਾ ਸੀ। ਬਾਅਦ ਵਿਚ ਜਦੋਂ ਯੂਸੁਫ਼ ਨੇ ਪਰਮੇਸ਼ੁਰ ਵੱਲੋਂ ਇਕ ਸੁਫ਼ਨਾ ਦੇਖਿਆ, ਜਿਸ ਵਿਚ ਇਹ ਜ਼ਾਹਰ ਹੋਇਆ ਕਿ ਯਹੋਵਾਹ ਦੀ ਬਰਕਤ ਉਸ ਉੱਤੇ ਸੀ, ਤਾਂ ਉਹ ਦੇ ਭਰਾ “ਉਹ ਦੇ ਨਾਲ ਹੋਰ ਵੈਰ ਰੱਖਣ ਲੱਗੇ।” (ਉਤਪਤ 37:4, 5, 11) ਬੇਰਹਿਮੀ ਨਾਲ ਉਨ੍ਹਾਂ ਨੇ ਉਸ ਨੂੰ ਇਕ ਗ਼ੁਲਾਮ ਵਜੋਂ ਵੇਚ ਦਿੱਤਾ। ਫਿਰ ਆਪਣੇ ਭੈੜੇ ਕੰਮ ਉੱਤੇ ਪੜਦਾ ਪਾਉਣ ਲਈ ਉਨ੍ਹਾਂ ਨੇ ਆਪਣੇ ਪਿਤਾ ਨੂੰ ਧੋਖਾ ਦੇ ਕੇ ਇਹ ਦੱਸਿਆ ਕਿ ਯੂਸੁਫ਼ ਕਿਸੇ ਜੰਗਲੀ ਜਾਨਵਰ ਦਾ ਸ਼ਿਕਾਰ ਹੋ ਗਿਆ ਸੀ। ਇਸ ਸਮੇਂ ਤੇ ਯੂਸੁਫ਼ ਦੇ ਦਸ ਭਰਾ ਆਪਣੇ ਦਿਲ ਦੀ ਰਾਖੀ ਕਰਨ ਵਿਚ ਅਸਫ਼ਲ ਹੋਏ ਸਨ। ਜੇਕਰ ਅਸੀਂ ਝਟਪਟ ਦੂਸਰਿਆਂ ਵਿਚ ਨੁਕਸ ਕੱਢਦੇ ਰਹਿੰਦੇ ਹਾਂ, ਤਾਂ ਕੀ ਇਹ ਨਹੀਂ ਦਿਖਾਉਂਦਾ ਕਿ ਸਾਡੇ ਦਿਲ ਵਿਚ ਈਰਖਾ ਜਾਂ ਜਲਣ ਹੈ? ਸਾਨੂੰ ਸਾਵਧਾਨੀ ਨਾਲ ਉਨ੍ਹਾਂ ਗੱਲਾਂ ਦੀ ਜਾਂਚ ਕਰਨੀ ਚਾਹੀਦੀ ਹੈ ਜੋ ਸਾਡੇ ਮੂੰਹ ਵਿੱਚੋਂ ਨਿਕਲਦੀਆਂ ਹਨ ਅਤੇ ਆਪਣੀ ਕਿਸੇ ਵੀ ਕਮਜ਼ੋਰੀ ਨੂੰ ਸੁਧਾਰ ਲੈਣਾ ਚਾਹੀਦਾ ਹੈ।

8. ਜੇ ਅਸੀਂ ਕੋਈ ਝੂਠ ਬੋਲ ਦੇਈਏ ਤਾਂ ਅਸੀਂ ਆਪਣੇ ਦਿਲ ਦੀ ਜਾਂਚ ਕਿਸ ਤਰ੍ਹਾਂ ਕਰ ਸਕਦੇ ਹਾਂ?

8 ਭਾਵੇਂ ਕਿ “ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ,” ਇਨਸਾਨਾਂ ਲਈ ਝੂਠ ਬੋਲਣਾ ਇਕ ਆਮ ਗੱਲ ਹੈ। (ਇਬਰਾਨੀਆਂ 6:18) ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਹਰੇਕ ਆਦਮੀ ਝੂਠਾ ਹੈ।” (ਜ਼ਬੂਰ 116:11) ਰਸੂਲ ਪਤਰਸ ਨੇ ਵੀ ਤਿੰਨ ਵਾਰ ਯਿਸੂ ਨੂੰ ਜਾਣਨ ਤੋਂ ਇਨਕਾਰ ਕੀਤਾ ਸੀ। (ਮੱਤੀ 26:69-75) ਤਾਂ ਫਿਰ ਇਹ ਗੱਲ ਸਾਫ਼ ਹੈ ਕਿ ਸਾਨੂੰ ਝੂਠ ਬੋਲਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਯਹੋਵਾਹ “ਝੂਠੀ ਜੀਭ” ਨਾਲ ਵੈਰ ਰੱਖਦਾ ਹੈ। (ਕਹਾਉਤਾਂ 6:16-19) ਜੇਕਰ ਅਸੀਂ ਕਦੀ ਕੋਈ ਝੂਠ ਬੋਲ ਦੇਈਏ ਤਾਂ ਸਾਨੂੰ ਇਸ ਦੇ ਕਾਰਨ ਬਾਰੇ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਹੈ। ਕੀ ਇਹ ਮਨੁੱਖਾਂ ਦੇ ਡਰ ਕਾਰਨ ਬੋਲਿਆ ਗਿਆ ਸੀ? ਕੀ ਇਹ ਸਜ਼ਾ ਮਿਲਣ ਦੇ ਡਰ ਕਾਰਨ ਸੀ? ਸ਼ਾਇਦ ਅਸੀਂ ਦੂਸਰਿਆਂ ਸਾਮ੍ਹਣੇ ਸ਼ਰਮਿੰਦਾ ਨਹੀਂ ਹੋਣਾ ਚਾਹੁੰਦੇ ਸਨ ਜਾਂ ਸ਼ਾਇਦ ਇਹ ਖ਼ੁਦਗਰਜ਼ੀ ਦੇ ਕਾਰਨ ਸੀ? ਕਾਰਨ ਜੋ ਮਰਜ਼ੀ ਹੋਵੇ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਇਸ ਮਾਮਲੇ ਬਾਰੇ ਸੋਚੀਏ, ਨਿਮਰਤਾ ਨਾਲ ਆਪਣੀ ਗ਼ਲਤੀ ਕਬੂਲ ਕਰੀਏ, ਅਤੇ ਯਹੋਵਾਹ ਤੋਂ ਮਾਫ਼ੀ ਮੰਗਦੇ ਹੋਏ ਇਸ ਕਮਜ਼ੋਰੀ ਉੱਤੇ ਕਾਬੂ ਪਾਉਣ ਲਈ ਉਸ ਤੋਂ ਮਦਦ ਮੰਗੀਏ! ‘ਕਲੀਸਿਯਾ ਦੇ ਬਜ਼ੁਰਗ’ ਸਾਨੂੰ ਇਸ ਵਿਚ ਬਹੁਤ ਸਾਰੀ ਮਦਦ ਦੇ ਸਕਦੇ ਹਨ।​—ਯਾਕੂਬ 5:14.

9. ਸਾਡੀਆਂ ਪ੍ਰਾਰਥਨਾਵਾਂ ਸਾਡੇ ਦਿਲ ਬਾਰੇ ਕੀ ਪ੍ਰਗਟ ਕਰ ਸਕਦੀਆਂ ਹਨ?

9 ਜਦੋਂ ਰਾਜਾ ਸੁਲੇਮਾਨ ਨੇ ਯਹੋਵਾਹ ਤੋਂ ਬੁੱਧ ਅਤੇ ਗਿਆਨ ਮੰਗਿਆ ਸੀ ਤਾਂ ਯਹੋਵਾਹ ਨੇ ਕਿਹਾ ਕਿ ‘ਇਸ ਲਈ ਜੋ ਤੇਰੇ ਮਨ ਵਿੱਚ ਇਹ ਗੱਲ ਸੀ ਅਰ ਤੂੰ ਨਾ ਤਾਂ ਧਨ ਦੌਲਤ ਨਾ ਪਤ ਮੰਗੀ, ਬੁੱਧ ਤੇ ਗਿਆਨ ਤੈਨੂੰ ਦਿੱਤਾ ਜਾਂਦਾ ਹੈ ਤੇ ਨਾਲੇ ਮੈਂ ਤੈਨੂੰ ਧਨ ਦੌਲਤ ਤੇ ਪਤ ਦਿਆਂਗਾ।’ (2 ਇਤਹਾਸ 1:11, 12) ਸੁਲੇਮਾਨ ਦੀ ਮੰਗ ਤੋਂ ਯਹੋਵਾਹ ਉਸ ਦੇ ਦਿਲ ਦੀ ਗੱਲ ਜਾਣ ਸਕਿਆ। ਪਰਮੇਸ਼ੁਰ ਨਾਲ ਸਾਡੀ ਗੱਲਬਾਤ ਸਾਡੇ ਦਿਲ ਬਾਰੇ ਕੀ ਪ੍ਰਗਟ ਕਰਦੀ ਹੈ? ਕੀ ਸਾਡੀਆਂ ਪ੍ਰਾਰਥਨਾਵਾਂ ਜ਼ਾਹਰ ਕਰਦੀਆਂ ਹਨ ਕਿ ਅਸੀਂ ਗਿਆਨ, ਬੁੱਧ, ਅਤੇ ਸਮਝ ਪ੍ਰਾਪਤ ਕਰਨੀ ਚਾਹੁੰਦੇ ਹਾਂ? (ਕਹਾਉਤਾਂ 2:1-6; ਮੱਤੀ 5:3) ਕੀ ਅਸੀਂ ਰਾਜ ਦੇ ਕੰਮਾਂ ਵਿਚ ਵੱਡੀ ਚਾਹ ਨਾਲ ਦਿਲਚਸਪੀ ਲੈਂਦੇ ਹਾਂ? (ਮੱਤੀ 6:9, 10) ਜੇਕਰ ਅਸੀਂ ਆਪਣੀਆਂ ਪ੍ਰਾਰਥਨਾਵਾਂ ਸੋਚਣ ਤੋਂ ਬਗੈਰ ਕਰਦੇ ਹਾਂ, ਤਾਂ ਹੋ ਸਕਦਾ ਹੈ ਕਿ ਸਾਨੂੰ ਸਮਾਂ ਕੱਢ ਕੇ ਯਹੋਵਾਹ ਦੇ ਕੰਮਾਂ ਉੱਤੇ ਮਨਨ ਕਰਨ ਦੀ ਜ਼ਰੂਰਤ ਹੋਵੇ। (ਜ਼ਬੂਰ 103:2) ਸਾਰਿਆਂ ਮਸੀਹੀਆਂ ਨੂੰ ਚੌਕਸੀ ਨਾਲ ਪਛਾਣਨਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਕੀ ਪ੍ਰਗਟ ਕਰਦੀਆਂ ਹਨ।

ਸਾਡੇ ਚਾਲ-ਚਲਣ ਤੋਂ ਕੀ ਪੱਤਾ ਲੱਗਦਾ ਹੈ?

10, 11. (ੳ) ਵਿਭਚਾਰ ਜਾਂ ਜ਼ਨਾਹ ਕਿੱਥੋਂ ਪੈਦਾ ਹੁੰਦੇ ਹਨ? (ਅ) ਸਾਨੂੰ ‘ਆਪਣੇ ਮਨ ਵਿਚ ਜ਼ਨਾਹ ਕਰਨ’ ਤੋਂ ਕਿਹੜੀ ਚੀਜ਼ ਰੋਕੇਗੀ?

10 ਇਹ ਕਿਹਾ ਗਿਆ ਹੈ ਕਿ ਗੱਲਾਂ ਨਾਲੋਂ ਸਾਡਿਆਂ ਕੰਮਾਂ ਤੋਂ ਸਾਡੇ ਬਾਰੇ ਜ਼ਿਆਦਾ ਕੁਝ ਪ੍ਰਗਟ ਹੁੰਦਾ ਹੈ। ਸਾਡਾ ਚਾਲ-ਚਲਣ ਸਾਡੇ ਦਿਲ ਦੀ ਗੱਲ ਬਾਰੇ ਕਾਫ਼ੀ ਕੁਝ ਪ੍ਰਗਟ ਕਰ ਸਕਦਾ ਹੈ। ਮਿਸਾਲ ਲਈ, ਨੈਤਿਕਤਾ ਦੇ ਮਾਮਲਿਆਂ ਵਿਚ ਦਿਲ ਦੀ ਰਾਖੀ ਕਰਨ ਦਾ ਮਤਲਬ ਸਿਰਫ਼ ਇਹ ਨਹੀਂ ਹੈ ਕਿ ਅਸੀਂ ਵਿਭਚਾਰ ਜਾਂ ਜ਼ਨਾਹ ਕਰਨ ਤੋਂ ਬਚੀਏ। ਪਹਾੜੀ ਉਪਦੇਸ਼ ਵਿਚ ਯਿਸੂ ਨੇ ਕਿਹਾ ਸੀ ਕਿ ‘ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਾ ਹੈ।’ (ਮੱਤੀ 5:28) ਤਾਂ ਫਿਰ ਅਸੀਂ ਆਪਣੇ ਦਿਲ ਜਾਂ ਮਨ ਵਿਚ ਜ਼ਨਾਹ ਕਰਨ ਤੋਂ ਕਿਵੇਂ ਪਰਹੇਜ਼ ਕਰ ਸਕਦੇ ਹਾਂ?

11 ਵਫ਼ਾਦਾਰ ਅੱਯੂਬ ਨੇ ਵਿਆਹੇ ਹੋਏ ਮਸੀਹੀਆਂ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਯੂਬ ਨੂੰ ਜਵਾਨ ਤੀਵੀਆਂ ਨਾਲ ਆਮ ਤੌਰ ਤੇ ਮਿਲਣਾ-ਜੁਲਣਾ ਪੈਂਦਾ ਸੀ ਅਤੇ ਕਦੀ-ਕਦੀ ਉਹ ਦਿਆਲਗੀ ਨਾਲ ਉਨ੍ਹਾਂ ਦੀ ਮਦਦ ਵੀ ਕਰਦਾ ਹੁੰਦਾ ਸੀ। ਪਰ ਉਨ੍ਹਾਂ ਵੱਲ ਬੁਰੀ ਨਜ਼ਰ ਨਾਲ ਦੇਖਣਾ ਜਾਂ ਉਨ੍ਹਾਂ ਵਿਚ ਦਿਲਚਸਪੀ ਲੈਣ ਦੀ ਗੱਲ ਇਸ ਨੇਕ ਆਦਮੀ ਦੇ ਮਨ ਵਿਚ ਕਦੀ ਵੀ ਨਹੀਂ ਆਈ। ਕਿਉਂ? ਕਿਉਂਕਿ ਉਸ ਨੇ ਪੱਕਾ ਇਰਾਦਾ ਕੀਤਾ ਸੀ ਕਿ ਉਹ ਕਿਸੇ ਵੀ ਤੀਵੀਂ ਵੱਲ ਲਾਲਚੀ ਨਜ਼ਰਾਂ ਨਾਲ ਨਹੀਂ ਦੇਖੇਗਾ। ਉਸ ਨੇ ਕਿਹਾ ਕਿ “ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ, ਤਾਂ ਮੈਂ ਕੁਆਰੀ ਉੱਤੇ ਕਿਸ ਤਰਾਂ ਅੱਖ ਮਟਕਾਵਾਂ?” (ਅੱਯੂਬ 31:1) ਆਓ ਆਪਾਂ ਵੀ ਆਪਣੀਆਂ ਅੱਖਾਂ ਨਾਲ ਅਜਿਹਾ ਨੇਮ ਬੰਨ੍ਹੀਏ ਅਤੇ ਆਪਣੇ ਦਿਲ ਦੀ ਰਾਖੀ ਕਰੀਏ।

12. ਦਿਲ ਦੀ ਰਾਖੀ ਕਰਨ ਵਿਚ ਤੁਸੀਂ ਲੂਕਾ 16:10 ਦੀ ਸਲਾਹ ਨੂੰ ਕਿਵੇਂ ਲਾਗੂ ਕਰੋਗੇ?

12 ਪਰਮੇਸ਼ੁਰ ਦੇ ਪੁੱਤਰ ਨੇ ਕਿਹਾ ਸੀ ਕਿ “ਜੋ ਛੋਟੀਆਂ ਛੋਟੀਆਂ ਗੱਲਾਂ ਵਿਚ ਈਮਾਨਦਾਰ ਹੈ, ਉਹ ਵੱਡੀਆਂ ਵੱਡੀਆਂ ਗੱਲਾਂ ਵਿਚ ਵੀ ਈਮਾਨਦਾਰ ਹੈ, ਪਰ ਜੋ ਛੋਟੀਆਂ ਛੋਟੀਆਂ ਗੱਲਾਂ ਵਿਚ ਬੇਈਮਾਨ ਹੈ, ਉਹ ਵੱਡੀਆਂ ਵੱਡੀਆਂ ਗੱਲਾਂ ਵਿਚ ਵੀ ਬੇਈਮਾਨ ਹੈ।” (ਲੂਕਾ 16:10, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੀ ਹਾਂ, ਸਾਨੂੰ ਰੋਜ਼ ਦੀਆਂ ਛੋਟੀਆਂ-ਛੋਟੀਆਂ ਗੱਲਾਂ ਵਿਚ ਆਪਣੇ ਚਾਲ-ਚਲਣ ਦੀ ਜਾਂਚ ਕਰਨੀ ਚਾਹੀਦੀ ਹੈ, ਉਨ੍ਹਾਂ ਗੱਲਾਂ ਵਿਚ ਵੀ ਜੋ ਸਾਡੇ ਆਪਣੇ ਘਰਾਂ ਵਿਚ ਹੁੰਦੀਆਂ ਹਨ। (ਜ਼ਬੂਰ 101:2) ਆਪਣੇ ਘਰ ਬੈਠੇ ਹੋਏ, ਟੈਲੀਵਿਯਨ ਦੇਖਦੇ ਹੋਏ, ਅਤੇ ਇੰਟਰਨੈੱਟ ਨੂੰ ਵਰਤਦੇ ਹੋਏ, ਕੀ ਅਸੀਂ ਬਾਈਬਲ ਦੀ ਇਸ ਸਲਾਹ ਉੱਤੇ ਪੂਰੀ ਤਰ੍ਹਾਂ ਚੱਲਦੇ ਹਾਂ ਕਿ “ਹਰਾਮਕਾਰੀ ਅਤੇ ਹਰ ਭਾਂਤ ਦੇ ਗੰਦ ਮੰਦ ਅਥਵਾ ਲੋਭ ਦਾ ਤੁਹਾਡੇ ਵਿੱਚ ਨਾਉਂ ਵੀ ਨਾ ਹੋਵੇ ਜਿਵੇਂ ਸੰਤਾਂ ਨੂੰ ਜੋਗ ਹੈ। ਅਤੇ ਨਾ ਬੇਸ਼ਰਮੀ, ਨਾ ਮੂੜ੍ਹ ਬਚਨ ਅਥਵਾ ਠੱਠੇ ਬਾਜ਼ੀ ਜੋ ਅਜੋਗ ਹਨ”? (ਅਫ਼ਸੀਆਂ 5:3, 4) ਟੈਲੀਵਿਯਨ ਉੱਤੇ ਜਾਂ ਵਿਡਿਓ ਗੇਮਾਂ ਵਿਚ ਦਿਖਾਈ ਗਈ ਹਿੰਸਾ ਬਾਰੇ ਕੀ? ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ ਕਿ ਯਹੋਵਾਹ ਧਰਮੀ ਅਤੇ ਦੁਸ਼ਟਾਂ ਦੋਹਾਂ ਦੀ ਜਾਂਚ ਕਰਦਾ ਹੈ, ਪਰ ਦੁਸ਼ਟ ਅਤੇ ਅਨ੍ਹੇਰੇ ਦੇ ਪ੍ਰੇਮੀ ਤੋਂ ਉਹ ਘਿਣ ਕਰਦਾ ਹੈ।​—ਜ਼ਬੂਰ 11:5.

13. ਜਦੋਂ ਅਸੀਂ ਆਪਣੇ ਦਿਲ ਦੀ ਜਾਂਚ ਕਰਦੇ ਹਾਂ, ਤਾਂ ਸਾਨੂੰ ਕਿਸ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਹੈ?

13 ਯਿਰਮਿਯਾਹ ਨੇ ਚੇਤਾਵਨੀ ਦਿੱਤੀ ਕਿ “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ।” (ਯਿਰਮਿਯਾਹ 17:9) ਦਿਲ ਦੀ ਧੋਖੇਬਾਜ਼ੀ ਸ਼ਾਇਦ ਉਦੋਂ ਪ੍ਰਗਟ ਹੋਵੇ ਜਦੋਂ ਅਸੀਂ ਆਪਣੀਆਂ ਗ਼ਲਤੀਆਂ ਲਈ ਸਫ਼ਾਈ ਪੇਸ਼ ਕਰਨ ਲੱਗੀਏ, ਆਪਣੀਆਂ ਕਮਜ਼ੋਰੀਆਂ ਅਤੇ ਆਪਣੇ ਸੁਭਾਅ ਵਿਚ ਭੈੜੇ ਰਵੱਈਏ ਨੂੰ ਠੀਕ ਸਮਝਣ ਲੱਗੀਏ, ਜਾਂ ਆਪਣੀਆਂ ਯੋਗਤਾਵਾਂ ਨੂੰ ਵਧਾ-ਚੜ੍ਹਾ ਕੇ ਦੱਸਣ ਲੱਗੀਏ। ਇਕ ਖ਼ਰਾਬ ਦਿਲ ਦੂਸਰਿਆਂ ਨੂੰ ਧੋਖਾ ਵੀ ਦੇ ਸਕਦਾ ਹੈ, ਯਾਨੀ ਉਹ ਕਹਿੰਦਾ ਕੁਝ ਹੈ ਅਤੇ ਕਰਦਾ ਕੁਝ ਹੋਰ ਹੈ। (ਜ਼ਬੂਰ 12:2; ਕਹਾਉਤਾਂ 23:7) ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਈਮਾਨਦਾਰੀ ਨਾਲ ਆਪਣੇ ਦਿਲ ਦੀ ਜਾਂਚ ਕਰੀਏ ਕਿ ਉਸ ਵਿੱਚੋਂ ਕੀ ਨਿਕਲਦਾ ਹੈ!

ਕੀ ਸਾਡੀ ਅੱਖ ਨਿਰਮਲ ਹੈ?

14, 15. (ੳ) ਇਕ “ਨਿਰਮਲ” ਅੱਖ ਕੀ ਹੈ? (ਅ) ਆਪਣੀ ਅੱਖ ਨੂੰ ਨਿਰਮਲ ਰੱਖਣ ਨਾਲ ਸਾਡੇ ਦਿਲ ਦੀ ਰਾਖੀ ਕਿਵੇਂ ਹੁੰਦੀ ਹੈ?

14 ਯਿਸੂ ਨੇ ਕਿਹਾ ਸੀ ਕਿ “ਸਰੀਰ ਦਾ ਦੀਵਾ ਅੱਖ ਹੈ।” ਫਿਰ ਅੱਗੇ ਉਸ ਨੇ ਕਿਹਾ: “ਇਸ ਲਈ ਜੇ ਤੇਰੀ ਅੱਖ ਨਿਰਮਲ ਹੋਵੇ ਤਾਂ ਤੇਰਾ ਸਾਰਾ ਸਰੀਰ ਚਾਨਣਾ ਹੋਵੇਗਾ।” (ਮੱਤੀ 6:22) ਇਕ ਨਿਰਮਲ ਅੱਖ ਆਪਣੇ ਨਿਸ਼ਾਨੇ ਜਾਂ ਮਕਸਦ ਉੱਤੇ ਟਿਕੀ ਰਹਿੰਦੀ ਹੈ ਅਤੇ ਉਸ ਦਾ ਧਿਆਨ ਉਸ ਮਕਸਦ ਤੋਂ ਹਟਾਇਆ ਨਹੀਂ ਜਾ ਸਕਦਾ। ਜੀ ਹਾਂ, ਸਾਡੀ ਅੱਖ ‘ਰਾਜ ਅਤੇ ਪਰਮੇਸ਼ੁਰ ਦੇ ਧਰਮ ਨੂੰ ਭਾਲਣ’ ਉੱਤੇ ਟਿਕੀ ਹੋਣੀ ਚਾਹੀਦੀ ਹੈ। (ਮੱਤੀ 6:33) ਜੇ ਅਸੀਂ ਆਪਣੀ ਅੱਖ ਨੂੰ ਨਿਰਮਲ ਨਹੀਂ ਰੱਖਦੇ ਤਾਂ ਸਾਡੇ ਦਿਲ ਨੂੰ ਕੀ ਹੋ ਸਕਦਾ ਹੈ?

15 ਰੋਜ਼ੀ-ਰੋਟੀ ਕਮਾਉਣ ਦੇ ਮਾਮਲੇ ਬਾਰੇ ਜ਼ਰਾ ਸੋਚੋ। ਮਸੀਹੀਆਂ ਨੂੰ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। (1 ਤਿਮੋਥਿਉਸ 5:8) ਪਰ ਉਦੋਂ ਕੀ ਜਦੋਂ ਅਸੀਂ ਸਭ ਤੋਂ ਨਵੀਆਂ ਅਤੇ ਚੰਗੀਆਂ ਚੀਜ਼ਾਂ ਲੈਣ ਦੀ ਇੱਛਾ ਕਰਨ ਲੱਗ ਪੈਂਦੇ ਹਾਂ, ਜਿਵੇਂ ਕਿ ਭਾਂਤ-ਭਾਂਤ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ, ਵਧੀਆ ਤੋਂ ਵਧੀਆ ਕੱਪੜੇ ਅਤੇ ਸ਼ਾਨਦਾਰ ਮਕਾਨ? ਇਸ ਤਰ੍ਹਾਂ ਦੀ ਇੱਛਾ ਸਾਡੇ ਦਿਲ ਅਤੇ ਮਨ ਨੂੰ ਆਪਣੇ ਵੱਸ ਵਿਚ ਕਰ ਲਵੇਗੀ ਅਤੇ ਅਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਉਪਾਸਨਾ ਨਹੀਂ ਕਰ ਸਕਾਂਗੇ। (ਜ਼ਬੂਰ 119:113; ਰੋਮੀਆਂ 16:18) ਸਾਨੂੰ ਆਪਣੀਆਂ ਸਰੀਰਕ ਲੋੜਾਂ ਪੂਰੀਆਂ ਕਰਨ ਵਿਚ ਇੰਨੇ ਰੁੱਝੇ ਨਹੀਂ ਰਹਿਣਾ ਚਾਹੀਦਾ ਜਿਵੇਂ ਕਿ ਸਾਡੀ ਜ਼ਿੰਦਗੀ ਵਿਚ ਆਪਣੇ ਪਰਿਵਾਰ, ਕੰਮ-ਕਾਰ, ਅਤੇ ਧੰਨ-ਦੌਲਤ ਤੋਂ ਇਲਾਵਾ ਹੋਰ ਕੁਝ ਹੈ ਹੀ ਨਹੀਂ। ਬਾਈਬਲ ਦੀ ਸਲਾਹ ਨੂੰ ਯਾਦ ਰੱਖੋ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ! ਕਿਉਂ ਜੋ ਉਹ ਸਾਰੀ ਧਰਤੀ ਦਿਆਂ ਸਭਨਾਂ ਰਹਿਣ ਵਾਲਿਆਂ ਉੱਤੇ ਆਵੇਗਾ।”​—ਲੂਕਾ 21:34, 35.

16. ਯਿਸੂ ਨੇ ਅੱਖ ਦੇ ਸੰਬੰਧ ਵਿਚ ਕਿਹੜੀ ਸਲਾਹ ਦਿੱਤੀ ਸੀ, ਅਤੇ ਕਿਉਂ?

16 ਅੱਖ ਇਕ ਮਹੱਤਵਪੂਰਣ ਤਰੀਕੇ ਵਿਚ ਦਿਲ ਅਤੇ ਮਨ ਉੱਤੇ ਪ੍ਰਭਾਵ ਪਾਉਂਦੀ ਹੈ। ਹਾਂ, ਜਿਨ੍ਹਾਂ ਚੀਜ਼ਾਂ ਉੱਤੇ ਇਹ ਧਿਆਨ ਲਗਾਉਂਦੀ ਹੈ ਉਹ ਚੀਜ਼ਾਂ ਸਾਡੇ ਖ਼ਿਆਲਾਂ, ਜਜ਼ਬਾਤਾਂ, ਅਤੇ ਕੰਮਾਂ ਉੱਤੇ ਗਹਿਰਾ ਪ੍ਰਭਾਵ ਪਾਉਂਦੀਆਂ ਹਨ। ਯਿਸੂ ਨੇ ਦ੍ਰਿਸ਼ਟਾਂਤ ਵਰਤ ਕੇ ਸੰਕੇਤ ਕੀਤਾ ਕਿ ਸਾਡੀ ਨਜ਼ਰ ਸਾਨੂੰ ਭਰਮਾ ਸਕਦੀ ਹੈ। ਉਸ ਨੇ ਕਿਹਾ: “ਜੇ ਤੇਰੀ ਸੱਜੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਕੱਢ ਕੇ ਆਪਣੇ ਕੋਲੋਂ ਸੁੱਟ ਦਿਹ ਕਿਉਂ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਸੁੱਟਿਆ ਨਾ ਜਾਵੇ।” (ਮੱਤੀ 5:29) ਅੱਖ ਨੂੰ ਗ਼ਲਤ ਚੀਜ਼ਾਂ ਵੱਲ ਦੇਖਦੇ ਰਹਿਣ ਤੋਂ ਰੋਕਣਾ ਚਾਹੀਦਾ ਹੈ। ਮਿਸਾਲ ਲਈ, ਉਸ ਨੂੰ ਉਹ ਚੀਜ਼ਾਂ ਨਹੀਂ ਦੇਖਣੀਆਂ ਚਾਹੀਦੀਆਂ ਜੋ ਗ਼ਲਤ ਭਾਵਨਾਵਾਂ ਜਾਂ ਇੱਛਾਵਾਂ ਉਕਸਾਉਂਦੀਆਂ ਹਨ।

17. ਕੁਲੁੱਸੀਆਂ 3:5 ਨੂੰ ਲਾਗੂ ਕਰਨ ਤੋਂ ਸਾਨੂੰ ਆਪਣੇ ਦਿਲ ਦੀ ਰਾਖੀ ਕਰਨ ਵਿਚ ਕਿਵੇਂ ਮਦਦ ਮਿਲਦੀ ਹੈ?

17 ਲੇਕਿਨ ਅਸੀਂ ਸਿਰਫ਼ ਆਪਣੀਆਂ ਨਜ਼ਰਾਂ ਰਾਹੀਂ ਦੁਨੀਆਂ ਨਾਲ ਮੇਲ-ਜੋਲ ਨਹੀਂ ਰੱਖਦੇ। ਦੂਸਰੀਆਂ ਗਿਆਨ-ਇੰਦਰੀਆਂ, ਜਿਵੇਂ ਕਿ ਛੋਹਣਾ ਅਤੇ ਸੁਣਨਾ ਵੀ ਇਸ ਵਿਚ ਸ਼ਾਮਲ ਹਨ, ਅਤੇ ਸਾਨੂੰ ਇਨ੍ਹਾਂ ਦੇ ਸੰਬੰਧ ਵਿਚ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ ਸੀ ਕਿ “ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ ਅਰਥਾਤ ਹਰਾਮਕਾਰੀ, ਗੰਦ ਮੰਦ, ਕਾਮਨਾ, ਬੁਰੀ ਇੱਛਿਆ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ।”​—ਕੁਲੁੱਸੀਆਂ 3:5.

18. ਗ਼ਲਤ ਖ਼ਿਆਲਾਂ ਦੇ ਸੰਬੰਧ ਵਿਚ ਸਾਨੂੰ ਕੀ ਕਰਨਾ ਚਾਹੀਦਾ ਹੈ?

18 ਗ਼ਲਤ ਇੱਛਾ ਸਾਡੇ ਮਨ ਦੇ ਕਿਸੇ ਕੋਣੇ ਵਿਚ ਪੈਦਾ ਹੋ ਸਕਦੀ ਹੈ। ਜੇ ਅਸੀਂ ਇਸ ਗ਼ਲਤ ਇੱਛਾ ਨੂੰ ਮਨ ਵਿੱਚੋਂ ਨਾ ਕੱਢੀਏ ਤਾਂ ਇਹ ਅਕਸਰ ਵੱਧ ਜਾਂਦੀ ਹੈ ਅਤੇ ਸਾਡੇ ਦਿਲ ਉੱਤੇ ਪ੍ਰਭਾਵ ਪਾਉਂਦੀ ਹੈ। ‘ਤਦ ਕਾਮਨਾ ਜਾਂ ਗਰਭਣੀ ਹੁੰਦੀ ਹੈ ਤਾਂ ਪਾਪ ਨੂੰ ਜਣਦੀ ਹੈ।’ (ਯਾਕੂਬ 1:14, 15) ਕਈ ਲੋਕ ਸਵੀਕਾਰ ਕਰਦੇ ਹਨ ਕਿ ਅਕਸਰ ਇਸ ਤਰ੍ਹਾਂ ਲਿੰਗੀ ਇੱਛਾਵਾਂ ਪੈਦਾ ਹੁੰਦੀਆਂ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਉਹ ਆਪਣੇ ਹੀ ਗੁਪਤ-ਅੰਗਾਂ ਦੀ ਦੁਰਵਰਤੋ ਕਰਦੇ ਹਨ। ਇਸ ਲਈ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੇ ਮਨਾਂ ਨੂੰ ਰੂਹਾਨੀ ਗੱਲਾਂ ਨਾਲ ਭਰੀਏ! (ਫ਼ਿਲਿੱਪੀਆਂ 4:8) ਅਤੇ ਜੇ ਕੋਈ ਗ਼ਲਤ ਖ਼ਿਆਲ ਸਾਡੇ ਮਨ ਵਿਚ ਆ ਜਾਵੇ ਤਾਂ ਸਾਨੂੰ ਇਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਪੂਰੇ ਦਿਲ ਨਾਲ ਪਰਮੇਸ਼ੁਰ ਦੀ ਸੇਵਾ ਕਰੋ

19, 20. ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਅਸੀਂ ਕਿਵੇਂ ਸਫ਼ਲ ਹੋ ਸਕਦੇ ਹਾਂ?

19 ਜਦੋਂ ਰਾਜਾ ਦਾਊਦ ਸਿਆਣਾ ਹੋ ਗਿਆ ਸੀ ਤਾਂ ਉਸ ਨੇ ਆਪਣੇ ਪੁੱਤਰ ਨੂੰ ਕਿਹਾ: “ਹੇ ਮੇਰੇ ਪੁੱਤ੍ਰ ਸੁਲੇਮਾਨ, ਤੂੰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ ਅਰ ਪੱਕੇ ਮਨ ਨਾਲ, ਅਰ ਚਿੱਤ ਦੇ ਪ੍ਰੇਮ ਨਾਲ ਉਸ ਦੀ ਟਹਿਲ ਸੇਵਾ ਕਰ, ਕਿਉਂ ਜੋ ਯਹੋਵਾਹ ਸਾਰਿਆਂ ਮਨਾਂ ਦੀ ਪਰੀਛਾ ਕਰਦਾ ਹੈ ਅਰ ਧਿਆਨ ਦੇ ਸਾਰੇ ਫੁਰਨਿਆਂ ਦਾ ਗਿਆਤਾ ਹੈ।” (1 ਇਤਹਾਸ 28:9) ਸੁਲੇਮਾਨ ਨੇ ਖ਼ੁਦ ਇਕ ਆਗਿਆਕਾਰ ਦਿਲ ਲਈ ਪ੍ਰਾਰਥਨਾ ਕੀਤੀ ਸੀ। (1 ਰਾਜਿਆਂ 3:9) ਫਿਰ ਵੀ ਉਸ ਨੇ ਆਪਣੀ ਜ਼ਿੰਦਗੀ ਦੌਰਾਨ ਆਪਣੇ ਦਿਲ ਦੀ ਰਾਖੀ ਕਰਨ ਦੀ ਚੁਣੌਤੀ ਦਾ ਸਾਮ੍ਹਣਾ ਕੀਤਾ ਸੀ।

20 ਜੇ ਅਸੀਂ ਸਫ਼ਲ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਯਹੋਵਾਹ ਨੂੰ ਮਨਭਾਉਂਦਾ ਦਿਲ ਪ੍ਰਾਪਤ ਕਰਨ ਦੇ ਨਾਲ-ਨਾਲ ਉਸ ਦੀ ਰਾਖੀ ਵੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਲਈ ਸਾਨੂੰ ਪਰਮੇਸ਼ੁਰ ਦੇ ਬਚਨ ਦੀਆਂ ਯਾਦ-ਦਹਾਨੀਆਂ ਆਪਣੇ ਦਿਲ ਵਿਚ ਬਿਠਾਉਣੀਆਂ ਚਾਹੀਦੀਆਂ ਹਨ, ਯਾਨੀ ਦਿਲ ਵਿਚ ‘ਸਾਂਭ ਕੇ ਰੱਖਣੀਆਂ’ ਚਾਹੀਦੀਆਂ ਹਨ। (ਕਹਾਉਤਾਂ 4:20-22) ਸਾਨੂੰ ਆਪਣੇ ਦਿਲ ਦੀ ਜਾਂਚ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ, ਅਤੇ ਪ੍ਰਾਰਥਨਾ ਕਰਦੇ ਹੋਏ ਆਪਣੀਆਂ ਗੱਲਾਂ ਅਤੇ ਆਪਣੇ ਕੰਮਾਂ ਬਾਰੇ ਸੋਚਣਾ ਚਾਹੀਦਾ ਹੈ। ਇਨ੍ਹਾਂ ਗੱਲਾਂ ਉੱਤੇ ਵਿਚਾਰ ਕਰਨ ਦਾ ਫ਼ਾਇਦਾ ਸਿਰਫ਼ ਉਦੋਂ ਹੁੰਦਾ ਹੈ ਜਦੋਂ ਅਸੀਂ ਯਹੋਵਾਹ ਦੀ ਮਦਦ ਮੰਗ ਕੇ ਆਪਣੀਆਂ ਕਮਜ਼ੋਰੀਆਂ ਨੂੰ ਸੁਧਾਰਦੇ ਹਾਂ। ਅਤੇ ਕਿੰਨਾ ਜ਼ਰੂਰੀ ਹੈ ਕਿ ਅਸੀਂ ਸਾਵਧਾਨ ਰਹੀਏ ਕਿ ਅਸੀਂ ਆਪਣੀਆਂ ਗਿਆਨ-ਇੰਦਰੀਆਂ ਦੁਆਰਾ ਬੁਰੀਆਂ ਚੀਜ਼ਾਂ ਵੱਲ ਧਿਆਨ ਨਾ ਦੇਈਏ! ਇਸ ਤਰ੍ਹਾਂ ਕਰ ਕੇ ਸਾਨੂੰ ਇਹ ਤਸੱਲੀ ਹੋਵੇਗੀ ਕਿ ‘ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਸਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।’ (ਫ਼ਿਲਿੱਪੀਆਂ 4:6, 7) ਆਓ ਆਪਾਂ ਹੋਰ ਕਿਸੇ ਵੀ ਚੀਜ਼ ਨਾਲੋਂ ਆਪਣੇ ਦਿਲ ਦੀ ਰਾਖੀ ਕਰਨ ਦਾ ਪੱਕਾ ਇਰਾਦਾ ਕਰੀਏ ਅਤੇ ਪੂਰੇ ਦਿਲ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਰਹੀਏ।

ਕੀ ਤੁਹਾਨੂੰ ਯਾਦ ਹੈ?

• ਆਪਣੇ ਦਿਲ ਦੀ ਰਾਖੀ ਕਰਨੀ ਕਿਉਂ ਮਹੱਤਵਪੂਰਣ ਹੈ?

• ਆਪਣੀਆਂ ਗੱਲਾਂ ਵੱਲ ਧਿਆਨ ਦੇਣ ਦੁਆਰਾ ਸਾਨੂੰ ਆਪਣੇ ਦਿਲ ਦੀ ਰਾਖੀ ਕਰਨ ਵਿਚ ਕਿਵੇਂ ਮਦਦ ਮਿਲਦੀ ਹੈ?

• ਸਾਨੂੰ ਆਪਣੀ ਅੱਖ “ਨਿਰਮਲ” ਕਿਉਂ ਰੱਖਣੀ ਚਾਹੀਦੀ ਹੈ?

[ਸਵਾਲ]

[ਸਫ਼ੇ 23 ਉੱਤੇ ਤਸਵੀਰਾਂ]

ਅਸੀਂ ਪ੍ਰਚਾਰ ਸੇਵਾ ਵਿਚ, ਮੀਟਿੰਗਾਂ ਤੇ, ਅਤੇ ਆਪਣੇ ਘਰ ਵਿਚ ਕਿਨ੍ਹਾਂ ਚੀਜ਼ਾਂ ਬਾਰੇ ਗੱਲਾਂ ਕਰਦੇ ਹਾਂ?

[ਸਫ਼ੇ 25 ਉੱਤੇ ਤਸਵੀਰਾਂ]

ਜਿਹੜੀ ਅੱਖ ਨਿਰਮਲ ਹੈ ਉਹ ਆਪਣੇ ਨਿਸ਼ਾਨੇ ਤੇ ਟਿਕੀ ਰਹਿੰਦੀ ਹੈ